15 September 2025

ਤਿੰਨ ਕਵਿਤਾਵਾਂ:  ਪ੍ਰਾਣੀ ‘ਤੇ ਪਾਣੀ/ਅਣਮਨੁੱਖਿ ਕਾਰੇ/ ਇੱਕ ਤਿਣਕਾ  — ਰਵਿੰਦਰ ਸਿੰਘ ਕੁੰਦਰਾ, ਕੌਵੈਂਟਰੀ ਯੂ ਕੇ

ਵਰ ਤੇ ਸਰਾਪ, ਹੋ ਨਿੱਬੜੇ ਨੇ ਪਾਣੀ, ਕਿੰਨੀ ਅਨੋਖੀ ਹੈ, ਇਹ ਵੀ ਕਹਾਣੀ। ਬਬੀਹੇ ਦੀ ਤਰ੍ਹਾਂ, ਹਰ ਬੂੰਦ ਨੂੰ ਤਰਸਦੇ, ਕਦੀ ਕਦੀ ਨੇ, ਹਰ ਪੌਦੇ ‘ਤੇ ਪ੍ਰਾਣੀ। ਤੇ ਕਦੀ ਕੁੱਝ ਕਹਿਰ ਵੀ, ਐਸੇ ਨੇ ਟੁੱਟਦੇ, ਜਿਸ ਦੀ ਕਹਾਣੀ, ਦੱਸੀ ਵੀ ਨਾ ਜਾਣੀ।
ਪ੍ਰਾਣੀ ‘ਤੇ ਪਾਣੀ

ਵਰ ਤੇ ਸਰਾਪ, ਹੋ ਨਿੱਬੜੇ ਨੇ ਪਾਣੀ,
ਕਿੰਨੀ ਅਨੋਖੀ ਹੈ, ਇਹ ਵੀ ਕਹਾਣੀ।

ਬਬੀਹੇ ਦੀ ਤਰ੍ਹਾਂ, ਹਰ ਬੂੰਦ ਨੂੰ ਤਰਸਦੇ,
ਕਦੀ ਕਦੀ ਨੇ, ਹਰ ਪੌਦੇ ‘ਤੇ ਪ੍ਰਾਣੀ।

ਤੇ ਕਦੀ ਕੁੱਝ ਕਹਿਰ ਵੀ, ਐਸੇ ਨੇ ਟੁੱਟਦੇ,
ਜਿਸ ਦੀ ਕਹਾਣੀ, ਦੱਸੀ ਵੀ ਨਾ ਜਾਣੀ।

ਹੈ ਹੋਇਆ ਕਰੋਪ, ਇਹ ਜੀਵਨ ਦਾ ਦਾਨੀ,
ਮੰਗ ਰਿਹੈ ਜ਼ਿੰਦਗੀ ਦੀ, ਭਾਰੀ ਕੁਰਬਾਨੀ।

ਥਲ ਵੀ ਜਲ ਬਣਿਆ, ‘ਤੇ ਜਲ ਤਾਂ ਹੈ ਜਲ ਹੀ,
ਇਹ ਆਈ ਹੈ ਆਫ਼ਤ, ਜਨ ਜੀਵਨ ਖਾਣੀ।

ਪਰਵਾਹ ਨਹੀਂ ਕੀਤੀ, ਕੀਤੇ ਪਰਵਾਹਾਂ ਦੀ,
ਖਵਾਜਾ ਡਕਾਰ ਗਿਆ, ਹਰ ਦਿੱਤੀ ਨਿਸ਼ਾਨੀ।

ਰੁੱਸ ਗਈ ਹੈ ਕੁਦਰਤ, ਆਪਣੀ ਹੀ ਦੁਨੀਆ ਤੋਂ,
ਮਿਟਾ ਰਹੀ ਐ ਆਪਣੀ, ਹਰ ਅਦਭੁੱਤ ਨਿਸ਼ਾਨੀ।

ਕੀ ਹੈ ਇਹ ਕ੍ਰਿਸ਼ਮਾ ਜਾਂ, ਹੈ ਇਹ ਕਰੋਪੀ?
ਕਿਉਂ ਕਰਦੀ ਹੈ ਕੁਦਰਤ, ਆਪਣੀ ਮਨ ਮਾਨੀ?

ਉੱਠ ਰਹੇ ਨੇ ਹੱਥ, ਤੋਬਾ ਤੋਬਾ ਜੋ ਕਰਦੇ,
ਲੱਭ ਰਹੇ ਸਹਾਰੇ ਲਈ, ਹਰ ਤਿਣਕਾ ਹਰ ਕਾੱਨੀ।

ਪਲਾਂ ਵਿੱਚ ਬਦਲ ਜਾਂਦੈ, ਸਵਰਗ ਨਰਕਾਂ ਵਿੱਚ,
ਹੈ ਅਜੀਬ ਗੋਰਖਧੰਦਾ, ਇਹ ਦੁਨੀਆ ਹੈ ਫਾੱਨੀ।

ਵਰ ਤੇ ਸਰਾਪ, ਹੋ ਨਿੱਬੜੇ ਨੇ ਪਾਣੀ,
ਕਿੰਨੀ ਅਨੋਖੀ ਹੈ, ਇਹ ਵੀ ਕਹਾਣੀ।
***

ਇੱਕ ਤਿਣਕਾ

ਇੱਕ ਤਿਣਕਾ, ਜ਼ਰਾ ਕਮਜ਼ੋਰ ਜਿਹਾ,
ਕੁੱਝ ਸ਼ੋਖ਼ ਜਿਹਾ, ਮੂੰਹ ਜ਼ੋਰ ਜਿਹਾ।

ਸ਼ੱਕ ਹੋਵੇ ਜਿੱਥੇ, ਉਹ ਜਾ ਖੜ੍ਹਦੈ,
ਝੂਠੇ ਦੀ ਦਾੜ੍ਹੀ ‘ਚ, ਵੀ ਜਾ ਵੜਦੈ।

ਸੱਚ ਬੋਲਣਾ ਉਸ ਦਾ, ਹੈ ਖਾਸਾ,
ਨਹੀਂ ਫ਼ਰਜ਼ੋਂ ਮੋੜਦਾ, ਕਦੇ ਪਾਸਾ।

ਲੱਖ ਲਿਤਾੜਿਆ ਗਿਆ, ਪਿਛਾੜਿਆ ਗਿਆ,
ਕਿਤੇ ਝੰਬਿਆ ਗਿਆ, ਕਿਤੇ ਸਾੜਿਆ ਗਿਆ।

ਤਕੜੇ ਦੇ ਜ਼ੋਰ ਨਾਲ਼, ਝੁਕਿਆ ਨਹੀਂ,
ਸੱਚ ਕਹਿਣੋਂ ਕਦੀ, ਉਹ ਰੁਕਿਆ ਨਹੀਂ।

ਠੱਲ੍ਹ ਪਾ ਦੇਵੇ ਜਿੱਥੇ, ਰੁਕੇ ਤਣ ਕੇ,
ਮੋੜੇ ਦਰਿਆਵਾਂ ਦੇ, ਰੁੱਖ ਠਣ ਕੇ।

ਪਰ ਹੰਕਾਰ ਨਹੀਂ, ਫੁੰਕਾਰ ਨਹੀਂ,
ਕਿਸੇ ਮਦਦ ਦਾ ਕੋਈ, ਇੰਤਜ਼ਾਰ ਨਹੀਂ।

ਬੱਸ ਮਾਣ ਹੈ, ਆਪਣੀ ਕਰਨੀ ‘ਤੇ,
ਨਿਰਮਾਣੀ ਜਿਹੀ, ਹਠਧਰਮੀ ‘ਤੇ।
**
ਅਣਮਨੁੱਖੀ ਕਾਰੇ

ਰੱਖੋ ਘਰਾਂ ‘ਚ ਰਿਵਾਲਵਰ, ਬੰਦੂਕਾਂ ਸੱਜਣੋਂ,
ਕਰੋ ਜ਼ਾਹਰ ਨਿੱਤ ਨਿੱਜੀ, ਕਰਤੂਤਾਂ ਸੱਜਣੋਂ।

ਕੱਢੋ ਫਾਇਰ ਨਿੱਤ ਲੋਕਾਂ ਨੂੰ, ਡਰਾਓ ਰੱਜ ਕੇ,
ਅੜਾਓ ਟੰਗ ਹਰ ਮਸਲੇ ‘ਚ, ਅੜ ਕੇ ਭੱਜ ਕੇ।

ਕੋਈ ਵਿਆਹ ਸ਼ਾਦੀ ਜਸ਼ਨ, ਨਹੀਂ ਪੂਰੇ ਹੋਣਗੇ,
ਜਿੱਥੇ ਤੁਹਾਡੇ ਜਿਹੇ ਬਹਾਦਰ, ਨਾ ਸੂਰੇ ਹੋਣਗੇ।

ਦਿਓ ਬੱਚਿਆਂ ਨੂੰ ਖੇਡਣ ਲਈ, ਹਥਿਆਰ ਨਿੱਤ ਜੀ,
ਭਾਵੇਂ ਖੇਡੇ ਕਿਹੜਾ ਮੌਤ ਹਿੱਸੇ, ਆਵੇ ਕਿਸ ਦੀ।

ਥੁੱਕੋ ਅਸਮਾਨ ਉੱਤੇ, ਭਾਵੇਂ ਮੂੰਹ ਹੀ ਲਿੱਬੜੇ,
ਹੋਵੇ ਬੇਇਜ਼ਤੀ ਤੁਹਾਡੀ, ਭਾਵੇਂ ਜਿੱਥੇ ਕਿੱਧਰੇ।

ਦਿਓ ਸ਼ਰਮਾਂ ਹਿਆਵਾਂ ਸਭ, ਛਿੱਕੇ ਟੰਗ ਜੀ,
ਕਰੋ ਲੱਭ ਕੇ ਸ਼ਰੀਫ਼ਾਂ ਨੂੰ, ਰੋਜ਼ਾਨਾ ਤੰਗ ਜੀ।

ਹੋਵੇ ਤੋਏ ਤੋਏ ਤੁਹਾਡੀ, ਦੁਨੀਆ ਦੇ ਵਿੱਚ ਜੀ,
ਰਹੇ ਗੁਣ ਨਾ ਮਨੁੱਖਤਾ ਵਾਲਾ, ਕੋਈ ਇੱਕ ਵੀ।

ਪੁੱਠੇ ਪਾਸੇ ਸੜਕਾਂ ਦੇ, ਚਲਾਓ ਗੱਡੀਆਂ,
ਜਿਹੜਾ ਰੋੱਕੇ ਤੁਹਾਨੂੰ ਤੋੜੋ, ਉਸ ਦੀਆਂ ਹੱਡੀਆਂ।

ਕਰੋ ਨਸ਼ੇ ਹਰ ਕਿਸਮ ਦੇ, ਸਭ ਮਾਣ ਨਾਲ ਜੀ,
ਮਾਰੋ ਮਾਪੇ ਹੋਰ ਵੀ ਨਾਤੇ, ਸਭ ਜਾਨ ਮਾਲ ਜੀ।

ਕਰੋ ਘਾਣ ਅੱਜ ਆਪਣਾ ਹੀ, ਸਿਰ ‘ਤੇ ਚੜ੍ਹ ਕੇ,
ਕੱਲ ਬੈਠੋਗੇ ਤੁਸੀਂ ਹੀ, ਆਪਣਾ ਸਿਰ ਫੜ ਕੇ।

ਪੁੱਠੇ ਕੰਮਾਂ ਦਾ ਵੀ ਫਲ, ਕਦੀ ਹੁੰਦਾ ਨਹੀਂ ਮਿੱਠਾ,
ਲੱਗਿਆ ਕਿੱਕਰਾਂ ਨੂੰ ਅੰਬ, ਕਦੇ ਕਿਸੇ ਨਹੀਂ ਡਿੱਠਾ।

ਜੋ ਵੀ ਬੀਜੋਗੇ ਵੱਢਣਾ ਵੀ, ਉਹੀ ਪੈਣਾ ਏ,
ਇਹ ਅਸੂਲ ਸਚਾਈ ਵਾਲਾ, ਸੱਚਾ ਹੀ ਰਹਿਣਾ ਏ।
***
ਰਵਿੰਦਰ ਸਿੰਘ ਕੁੰਦਰਾ, ਕੌਵੈਂਟਰੀ ਯੂ ਕੇ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1605
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮੇਰਾ ਹਵਾਲਾ
ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ।
ਬਾਕੀ ਸਭ ਠੀਕ ਠਾਕ ਹੈ।
ਰਵਿੰਦਰ ਸਿੰਘ ਕੁੰਦਰਾ
***

ਰਵਿੰਦਰ ਸਿੰਘ ਕੁੰਦਰਾ

ਮੇਰਾ ਹਵਾਲਾ ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ। ਬਾਕੀ ਸਭ ਠੀਕ ਠਾਕ ਹੈ। ਰਵਿੰਦਰ ਸਿੰਘ ਕੁੰਦਰਾ ***

View all posts by ਰਵਿੰਦਰ ਸਿੰਘ ਕੁੰਦਰਾ →