9 October 2024

ਚਾਰ ਕਵਿਤਾਵਾਂਂ— ਰਵਿੰਦਰ ਸਿੰਘ ਕੁੰਦਰਾ (ਕੌਵੈਂਟਰੀ ਯੂ ਕੇ)

1.  ਅਧੂਰੀ ਤਸਵੀਰ

ਜਦੋਂ ਕੈਨਵਸ ਦੇ ਪਿੰਡੇ ਉੱਤੇ,
ਉਸ ਦੀ ਤਸਵੀਰ ਬਣਾਉਂਦਾ ਹਾਂ,
ਨਕਸ਼ ਉਸ ਦੇ ਉਘਾੜਨ ਦੀ,
ਕੋਈ ਤਰਕੀਬ ਲਗਾਉਂਦਾ ਹਾਂ।

ਤਾਂ ਹੱਥ ਉਹ ਮੇਰਾ ਫੜ ਕੇ,
ਮੈਨੂੰ ਝੱਟ ਰੋਕ ਦੇਂਦੀ ਹੈ,
ਮੇਰੇ ਬੋਲਣ ਤੋਂ ਪਹਿਲਾਂ ਹੀ,
ਉਹ ਮੈਨੂੰ ਟੋਕ ਦੇਂਦੀ ਹੈ।

ਉਹ ਆਪਣੀਆਂ ਰੇਸ਼ਮੀ ਉਂਗਲਾਂ,
ਮੇਰੇ ਬੁੱਲ੍ਹਾਂ ‘ਤੇ ਹੈ ਧਰਦੀ,
ਬੱਸ ਚੁੱਪ ਹੀ ਰਹਿਣ ਦੀ,
ਮੈਨੂੰ ਸਦਾ ਤਾਕੀਦ ਹੈ ਕਰਦੀ।

ਇਹ ਇੱਕ ਅਜੀਬ ਹਾਦਸਾ,
ਮੇਰੇ ਸੰਗ ਰੋਜ਼ ਹੁੰਦਾ ਹੈ,
ਜਿਸ ਦੇ ਹੋਵਣ ਦਾ ਮੈਨੂੰ,
ਡਾਹਢਾ ਅਫਸੋਸ ਹੁੰਦਾ ਹੈ।

ਨਾ ਕੁੱਝ ਕਹਿਣ ਦੀ ਹਿੰਮਤ,
ਨਾ ਕੁੱਝ ਕਰਨ ਦਾ ਹੀਆ,
ਕਿੰਝ ਖੋਲ੍ਹਾਂ ਮੈਂ ਉਹਦੇ ਸਾਹਮਣੇ,
ਸੰਜੀਦਾ ਧੜਕਦਾ ਜੀਆ।

ਉਸ ਦੀ ਸਹਿਮਤੀ ਬਾਝੋਂ,
ਇਹ ਤਸਵੀਰ ਅਧੂਰੀ ਹੈ,
‘ਤੇ ਸਹਿਮਤੀ ਦੇ ਵਾਸਤੇ,
ਉਸਦੀ ‘ਹਾਂ’ ਵੀ ਜ਼ਰੂਰੀ ਹੈ।

ਇਸ ‘ਹਾਂ’ ਦੀ ਉਡੀਕ ਵਿੱਚ,
ਮੈਂ ਪਲ ਪਲ ਮੁੱਕਦਾ ਜਾਂਦਾ ਹਾਂ,
ਮਾਰੂਥਲੇ ਤਰਵਰ ਦੇ ਵਾਂਗੂੰ,
ਨਿੱਤ ਦਿਨ ਸੁੱਕਦਾ ਜਾਂਦਾ ਹਾਂ।

ਡਰਦਾਂ ਕਿਤੇ ਮੇਰੀ ਇਹ ਖ਼ਾਹਿਸ਼,
ਅਧੂਰੀ ਹੀ ਨਾ ਰਹਿ ਜਾਵੇ,
ਫ਼ਰਜ਼ ਤੋਂ ਸੁਰਖਰੂ ਹੋਣਾ,
ਸੁਪਨਿਆਂ ਵਿੱਚ ਨਾ ਵਹਿ ਜਾਵੇ।

ਅਧੂਰੀ ਤਸਵੀਰ ਹੈ ਜਾਂ ਮੇਰੀ,
ਇਹ ਜੀਵਨ ਦੀ ਤੰਦੀ ਹੈ,
ਕਿ ਹੈ ਇਹ ਰੇਤ ਦੀ ਕੰਧੀ,
‘ਤੇ ਜਾਂ ਢਲਦੀ ਬੁਲੰਦੀ ਹੈ?
***
2. ਵਫ਼ਾ ਬਨਾਮ ਬੇਵਫ਼ਾਈ

ਵਫ਼ਾ ਤੇ ਬੇਵਫ਼ਾਈ ਦਾ ਵੀ,
ਆਪਣਾ ਆਪਣਾ ਵਿਧਾਨ ਹੈ,
ਪਹਿਲਾਂ ਹਕੂਮਤ ਇੱਕ ਦੀ,
ਫੇਰ ਦੂਜੀ ਹੱਥ ਕਮਾਨ ਹੈ।

ਇੱਕ ਸੁਰ ਅਤੇ ਇੱਕ ਤਾਲ ‘ਤੇ,
ਵਫ਼ਾ ਦੀ ਸਰਗਮ ਗੂੰਜਦੀ,
ਹਰ ਪਲ ‘ਤੇ ਹਰੇਕ ਸਾਹ ਦੀ,
ਅਨੋਖੀ ਨਿਕਲਦੀ ਤਾਨ ਹੈ।

ਦਿਨ ਹੋਵੇ ਜਾਂ ਹੋਵੇ ਰਾਤ,
ਦੋ ਦਿਲਾਂ ਵਿੱਚ ਇੱਕ ਜਾਨ ਹੈ,
ਮੂੰਹੋਂ ਨਿੱਕਲੀ ਕੋਈ ਵੀ ਗੱਲ,
ਇੱਕ ਦੂਜੇ ਨੂੰ ਪ੍ਰਵਾਨ ਹੈ।

ਵਫ਼ਾ ਨੂੰ ਨਿਭਾਵਣਾ ਵੀ,
ਹੈ ਪੁਰਸਲਾਤ ਦਾ ਸਫ਼ਰ ਜਾਣੋ,
ਜ਼ਰਾ ਵੀ ਥਿੜਕ ‘ਤੇ ਝਿਜਕ ਨਾਲ,
ਹਿੱਲ ਜਾਂਦਾ ਆਪਣਾ ਜਹਾਨ ਹੈ।

ਜਦੋਂ ‘ਬੇ’ ਖੜ੍ਹ ਜਾਏ ਪੈਰ ਗੱਡ,
ਵਫ਼ਾ ਦੇ ਅੱਗੇ ਚਟਾਨ ਬਣ,
ਸੰਜੀਦਗੀ ਅਤੇ ਪਿਆਰ ਦਾ,
ਮਾਨ ਬਣ ਜਾਂਦਾ ਅਪਮਾਨ ਹੈ।

ਹਿੱਲ ਜਾਂਦੇ ਸਭੇ ਤਾਰ ਦਿਲ ਦੇ,
ਪੈਰ ਪੈਰ ਤੇ ਥਿੜਕਣਾਂ,
ਪਿਆਰ ਅਤੇ ਵਿਸ਼ਵਾਸ ਨੂੰ,
ਉਡਾ ਲੈ ਜਾਂਦਾ ਤੂਫਾਨ ਹੈ।

ਨਫਰਤਾਂ ਅਤੇ ਬਦ ਦੁਆਵਾਂ,
ਹਰ ਪਲ ਨਵੀਆਂ ਉੱਗਦੀਆਂ,
ਰੰਗਾਂ ਅਤੇ ਮਹਿਕਾਂ ਭਰਿਆ,
ਗੁਲਿਸਤਾਨ ਹੁੰਦਾ ਵੀਰਾਨ ਹੈ।

ਬੇਵਫ਼ਾਈ ਦੇ ਦੌਰ ਵਿੱਚ,
ਪਰਲੋਂ ਐਸੀ ਆਂਵਦੀ,
ਜਾਨ ਵਾਰਦਾ ਇਨਸਾਨ ਵੀ,
ਲੈਂਦਾ ਇੱਕ ਦੂਜੇ ਦੀ ਜਾਨ ਹੈ।
***
3.  ਪਿਆਰ ਦੀ ਨਜ਼ਰ

ਇੱਕ ਨਜ਼ਰ ਜੇ ਇਧਰ ਵੀ,
ਕੋਈ ਮੇਰੀ ਨਜ਼ਰੇ ਕਰ ਦੇਵੇ,
ਮਿਹਰਬਾਨੀਆਂ ਦੇ ਲਾ ਕੇ ਢੇਰ,
ਮੇਰਾ ਵਿਹੜਾ ਭਰ ਦੇਵੇ।

ਮਸਤੀਆਂ ਦੇ ਵੇਗ ਵਿੱਚ,
ਗੁਜ਼ਰੇ ਮੇਰਾ ਦਿਨ ‘ਤੇ ਰਾਤ,
ਨੈਣਾਂ ਦੇ ਦੋ ਪਿਆਲੇ ਭਰ,
ਕੋਈ ਮੇਰੇ ਅੱਗੇ ਧਰ ਦੇਵੇ।

ਪੱਤਝੜਾਂ ਤੋਂ ਬਹਾਰਾਂ ਦਾ,
ਵਕਫ਼ਾ ਪਲਾਂ ਵਿੱਚ ਹੋਵੇ ਖ਼ਤਮ,
ਮਹਿਕਾਂ ਭਰਿਆ ਗੁਲਸ਼ਨ ਕੋਈ,
ਨਾਮ ਮੇਰੇ ਜੇ ਕਰ ਦੇਵੇ।

ਰੰਗੀਨੀਆਂ ਹਰਿਆਲੀਆਂ ‘ਚ,
ਮੇਲ੍ਹਦੀ ਰਹੇ ਰੂਹ ਮੇਰੀ,
ਦਸਤਕ ਜੇ ਕੋਈ ਆਣ ਕਦੇ,
ਉਡੀਕਾਂ ਦੇ ਮੇਰੇ ਦਰ ਦੇਵੇ।

ਰਿਸ਼ਤਿਆਂ ਦੀ ਦੁਨੀਆ ਵਿੱਚ,
ਕਮੀ ਨਹੀਂ ਹੈ ਚੀਜ਼ਾਂ ਦੀ,
ਹਰ ਚੀਜ਼ ਫਿੱਕੀ ਪੈ ਜਾਵੇਗੀ,
ਜੇ ਰੱਬ ਇਸ਼ਕ ਦਾ ਵਰ ਦੇਵੇ।

ਤਸੱਵਰ ਦੀ ਇਸ ਦੁਨੀਆ ਵਿੱਚ,
ਤਸਵੀਰ ਅਨੋਖੀ ਬਣ ਜਾਵੇ,
ਜੇਕਰ ਕੋਈ ਸੁਪਨਿਆਂ ਦਾ,
ਕਟੋਰਾ ਮੇਰਾ ਭਰ ਦੇਵੇ।

ਤਮੰਨਾ ਹੈ ਕਿਸੇ ਦਾ ਬਣਨੇ ਦੀ,
ਕਿਸੇ ਨੂੰ ਆਪਣਾ ਕਹਿਣੇ ਦੀ,
ਕਾਸ਼ ਕੋਈ ਹੁਸੀਨ ਜਿਹਾ ਦਿਲ,
ਵਸੀਹਤ ਮੇਰੇ ਨਾਂ ਕਰ ਦੇਵੇ।
***
4. ਮਾਸੂਮੀਅਤ ਦੀ ਕੀਮਤ
ਕਦੀ ਉਹ ਮਾਸੂਮ ਜਿਹੀ ਬੱਚੀ,
ਕੋਠੀ ਵਿੱਚ ਫ਼ਿਰਦੀ ਸੀ ਨੱਠੀ।
ਘਰ ਦੇ ਸਾਰੇ ਕੰਮ ਉਹ ਕਰਦੀ,
ਕੰਮ ਕਰਨ ਤੋਂ ਕਦੀ ਨਾ ਭੱਜਦੀ।
ਕਦੀ ਰਸੋਈ ਵਿੱਚ ਭਾਂਡੇ ਮਾਂਜੇ,
ਕਦੀ ਮਾਲਕਾਂ ਦੇ ਕੱਪੜੇ ਸਾਂਭੇ।
ਕਦੀ ਫ਼ੁੱਲਾਂ ਦੀ ਗੋਡੀ ਕਰਦੀ,
ਖੁਦ ਲੱਗੇ ਸੁੰਦਰ ਫ਼ੁੱਲ ਵਰਗੀ।

ਮੁਸਕਰਾਉਂਦਾ ਸੁੰਦਰ ਚਿਹਰਾ,
ਰੱਬ ਨੇ ਦਿੱਤਾ ਹੁਸਨ ਬਥੇਰਾ।
ਅੰਨ੍ਹੇਂ ਮਾਪਿਆਂ ਦਾ ਇੱਕੋ ਸਹਾਰਾ,
ਉਨ੍ਹਾਂ ਦੀਆਂ ਅੱਖਾਂ ਦਾ ਇੱਕੋ ਤਾਰਾ।
ਜਿਸ ਦੇ ਸਿਰੋਂ ਉਹ ਰੋਟੀ ਖਾਂਦੇ,
ਸਾਰੇ ਘਰ ਦਾ ਖਰਚ ਚਲਾਂਦੇ।
 
ਕੋਠੀ ਦੇ ਉਹ ਕੰਮ ਮੁਕਾ ਕੇ,
ਸ਼ੁਰੂ ਹੋ ਜਾਵੇ ਆਪਣੇ ਘਰ ਜਾਕੇ।
ਇੱਧਰ ਕੰਮ ਹੈ, ਉੱਧਰ ਕੰਮ ਹੈ,
ਉਸ ਨੂੰ ਤਾਂ ਕੰਮ ਨਾਲ ਹੀ ਕੰਮ ਹੈ।
ਅੱਜ ਵੀ ਬੱਸ ਉਹ ਮੂੰਹ ਹਨੇਰੇ,
ਆ ਪਹੁੰਚੀ ਮਾਲਕਾਂ ਦੇ ਡੇਰੇ।
ਬੀਬੀ ਜੀ ਉਸਨੂੰ ਕੰਮ ਸਮਝਾ ਕੇ,
ਬੈਠ ਗਏ ਗੱਡੀ ਵਿੱਚ ਜਾਕੇ।
ਜੇ ਕੋਈ ਹੋਰ ਕੰਮ ਹੈ ਪੁੱਛਣਾ,
ਕਾਕਾ ਘਰ ਹੈ ਉਸ ਨੂੰ ਦੱਸਣਾ।
 
ਚੌਵੀ ਸਾਲਾਂ ਦਾ ਇੱਕੋ ਕਾਕਾ,
ਪਾਉਂਦਾ ਰੋਜ਼ ਉਹ ਨਵਾਂ ਸਿਆਪਾ।
ਪੜ੍ਹਨ ਵੈਸੇ ਉਹ ਕਾਲਜ ਜਾਂਦਾ,
ਪਰ ਉਹ ਨਿੱਤ ਹੀ ਐਸ਼ ਉਡਾਂਦਾ।
ਠਹਿਰ ਗਿਆ ਅੱਜ ਵਿੱਚ ਹੀ ਕੋਠੀ,
ਮਨ ਵਿੱਚ ਰੱਖ ਕੇ ਨੀਯਤ ਖੋਟੀ।

ਹੁਣ ਕੋਠੀ ਦੀ ਛੱਤ ਉੱਤੇ,
ਪਈ ਹੈ ਲਾਸ਼ ਕੜਕਦੀ ਧੁੱਪੇ।
ਖੂਨ ਚ ਭਿੱਜੀ ਬਾਲੜੀ ਜਾਨ,
ਹੁਣ ਨਾ ਹੁੰਦੀ ਉਹ ਪਹਿਚਾਣ।
ਸੁਣ ਕੇ ਖਬਰ ਸਾਰੇ ਨੇ ਦੰਗ,
ਆਂਢ ਗੁਆਂਢ ‘ਤੇ ਸਾਕ ਸਬੰਧ।
ਅੰਨ੍ਹੇ ਮਾਪੇ ਹੋਏ ਬੇਹਾਲ,
ਲਾਸ਼ ਨੂੰ ਟੋਹ ਟੋਹ ਹੱਥਾਂ ਨਾਲ।
ਜਾਣਨਾ ਚਾਹੇ ਹਰ ਕੋਈ ਬੰਦਾ,
ਕਿਸ ਦਾ ਹੈ ਇਹ ਕਾਰਾ ਗੰਦਾ।

ਕਾਕਾ ਘਰੋਂ ਅਲੋਪ ਸੀ ਕੀਤਾ,
ਪੁਲਿਸ ਨੇ ਤਾਣਾ ਬਾਣਾ ਸੀਤਾ।
ਲਾਸ਼ ਦੀ ਕੀਮਤ ਪਾਈ ਸੀ ਜਾਂਦੀ,
ਪੁਲਿਸ ਮਾਪਿਆਂ ਤਾਂਈਂ ਸਮਝਾਉਂਦੀ।
ਬੇਜ਼ਾਰ ਬੇਬਸ ‘ਤੇ ਅੰਨ੍ਹੇ ਮਾਪੇ,
ਬੇਹਾਲ ਕਰਨ ਕਾਨੂੰਨ ਦੇ ਸਿਆਪੇ।
ਕਿਸ ਨੂੰ ਦਿਲ ਦਾ ਹਾਲ ਸੁਣਾਵਣ,
ਕਿਸ ਅੱਗੇ ਰੋਵਣ ਕੁਰਲਾਵਣ?
ਗ਼ਰੀਬਾਂ ਦੀ ਕੋਈ ਨੀ ਸੁਣਨੇ ਵਾਲ਼ਾ,
ਪੈਸਾ ਕਰੇ ਸਭ ਘਾਲ਼ਾ ਮਾਲ਼ਾ।
***
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1397
***

ਮੇਰਾ ਹਵਾਲਾ
ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ।
ਬਾਕੀ ਸਭ ਠੀਕ ਠਾਕ ਹੈ।
ਰਵਿੰਦਰ ਸਿੰਘ ਕੁੰਦਰਾ
***

ਰਵਿੰਦਰ ਸਿੰਘ ਕੁੰਦਰਾ

ਮੇਰਾ ਹਵਾਲਾ ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ। ਬਾਕੀ ਸਭ ਠੀਕ ਠਾਕ ਹੈ। ਰਵਿੰਦਰ ਸਿੰਘ ਕੁੰਦਰਾ ***

View all posts by ਰਵਿੰਦਰ ਸਿੰਘ ਕੁੰਦਰਾ →