9 December 2024

ਤਿੰਨ ਕਵਿਤਾਵਾਂ—ਰਵਿੰਦਰ ਸਿੰਘ ਕੁੰਦਰਾ, ਕੌਵੈਂਟਰੀ (ਯੂ. ਕੇ.)

1. ਉਪਰਾਮਤਾ

ਮੈਂ ਉਦਾਸ ਤਾਂ ਹਾਂ ਪਰ,
ਇੰਨਾ ਵੀ ਉਪਰਾਮ ਨਹੀਂ,
ਉਹ ਦਿਨ ਆਏਗਾ ਜਦੋਂ,
ਹੰਝੂ ਰੁਕ ਜਾਣਗੇ ਹੀ।

ਇੱਕ ਨਾ ਇੱਕ ਦਿਨ ਤਾਂ,
ਉਦਾਸੀ ਦੇ ਬੱਦਲ਼ ਫਟਣਗੇ,
ਕਿਸੇ ਦਿਨ ਤਾਂ ਹਨੇਰੇ,
ਮਰ ਮੁੱਕ ਜਾਣਗੇ ਹੀ।

ਉਦਾਸੀ ਕਦੀ ਵੀ ਇੱਕਸਾਰ,
ਤਾਂ ਚੱਲਦੀ ਹੀ ਨਹੀਂ,
ਖੁਸ਼ੀ ਦੇ ਵਲਵਲੇ ਕਦੀ ਤਾਂ,
ਆਖਰ ਜਿੱਤ ਜਾਣਗੇ ਹੀ।

ਮੇਰੀ ਜ਼ਿੰਦਗੀ ਇੰਨੀ ਵੀ,
ਬਦਕਿਸਮਤ ਨਹੀਂ ਹੋ ਸਕਦੀ,
ਮੇਰੇ ਹੱਥਾਂ ਦੇ ਨਕਸ਼,
ਕਦੀ ਤਾਂ ਉੱਘੜ ਜਾਣਗੇ ਹੀ।

ਹੈ ਹਿੰਮਤ ਬਾਕੀ ਹਾਲੇ ਵੀ,
ਨਵੇਂ ਪੂਰਨੇ ਪਾਉਣ ਦੀ,
ਜਿਨ੍ਹਾਂ ‘ਤੇ ਵਾਰਸ ਮੇਰੇ,
ਕਲਮ ਕਦੀ ਚਲਾਉਣਗੇ ਹੀ।

ਮੰਨਿਆ ਕਿ ਅੱਜ ਮੇਰੇ ਉੱਤੇ,
ਉਂਗਲਾਂ ਚੁੱਕ ਰਹੇ ਨੇ ਕਈ,
ਯਕੀਨਨ ਮੇਰੇ ਜਾਣ ਤੋਂ ਬਾਅਦ,
ਉਹ ਆਖਰ ਪਛਤਾਉਣਗੇ ਹੀ।

ਖਾਮੋਸ਼ੀ ਮੇਰੀ, ਤੇਰੀ ਤਕਰੀਰ ਉੱਤੇ,
ਪਹਿਲਾਂ ਹੀ ਭਾਰੀ ਹੈ,
ਪਰ ਜਦੋਂ ਹੋਂਠ ਮੇਰੇ ਖੁਲ੍ਹੇ,
ਤਾਂ ਬੋਲ ਗੜਗੜਾਉਂਗੇ ਹੀ।

ਮਨਾ! ਕਿਉਂ ਉਲਝਦਾ ਏਂ,
ਨਾਦਾਨ ਜਿਹੇ ਲੋਕਾਂ ਦੇ ਨਾਲ?
ਅਕਲਾਂ ‘ਤੇ ਪਏ ਹੋਏ ਪਰਦੇ,
ਕਦੀ ਤਾਂ ਉੱਠ ਜਾਣਗੇ ਹੀ।
**

2. ਤੀਜੀ ਸੰਸਾਰ ਜੰਗ

ਤੀਜੀ ਸੰਸਾਰ ਜੰਗ ਤਾਂ, ਪਹਿਲਾਂ ਹੀ ਜਾਰੀ ਹੈ,
ਹੁਣ ਤਾਂ ਸਿਰਫ ਤਾਰੀਖ, ਮਿਥਣ ਦੀ ਤਿਆਰੀ ਹੈ।

ਧੁਰ ਅਸਮਾਨੀਂ ਹੈ ਧੂਆਂ, ਬੰਬਾਂ ਦਾ ਗਹਿਰਾ,
ਵਾਤਾਵਰਨ ਬਚਾਉਣ ਦਾ, ਫੁਰਮਾਨ ਵੀ ਜਾਰੀ ਹੈ।

ਚੱਲਦੀਆਂ ਨੇ ਮਾਹਲਾਂ, ਬਾਰੂਦ ਦੀਆਂ ਭਰੀਆਂ,
ਸਰਮਾਏਦਾਰ ਦੀ ਜੇਬ, ਨਿੱਤ ਹੋ ਰਹੀ ਭਾਰੀ ਹੈ।

ਪਿਛਲੀਆਂ ਜੰਗਾਂ ਦਾ, ਕਰਜ਼ਾ ਹਾਲੇ ਨਹੀਂ ਲੱਥਾ,
ਉਜੜੀ ਹੋਈ ਧਰਤੀ ਵੀ, ਹੁਣ ਕਰਜ਼ਦਾਰ ਸਾਰੀ ਹੈ।

ਬੰਬਾਂ ਅਤੇ ਅੰਗਾਂ ਦਾ, ਵਪਾਰ ਹੈ ਚੱਲ ਰਿਹਾ,
ਮਾਸੂਮਾਂ ਦੇ ਹੰਝੂਆਂ ਦੀ, ਹਰੇਕ ਥਾਂ ਬੇਜ਼ਾਰੀ ਹੈ।

ਕਿਹੜਾ ਉਹ ਹੈ ਹਿੱਸਾ, ਜਿਥੇ ਜੰਗ ਦਾ ਅਸਰ ਨਹੀਂ,
ਬੇ ਲਗਾਮ ਮਹਿੰਗਾਈ ਨੇ, ਹਰ ਇੱਕ ਦੀ ਮੱਤ ਮਾਰੀ ਹੈ।

ਮਨੁੱਖਤਾ ਨੇ ਕੋਈ ਸਬਕ, ਨਹੀਂ ਸਿੱਖਿਆ ਅਤੀਤ ਕੋਲੋਂ,
ਹੁਣ ਹੇਠਲੀ ਮਿੱਟੀ ਉੱਤੇ, ਆਉਣ ਦੀ ਬੱਸ ਵਾਰੀ ਹੈ।

ਨੰਗ ਧੜੰਗਾ ਮਨੁੱਖ, ਬੈਠਾ ਬਾਰੂਦੀ ਢੇਰ ਉੱਤੇ,
ਮਾਸ ਨੋਚਣ ਲਈ ਚੁੰਝ, ਗਿਰਝ ਦੀ ਤੇਜ਼ ਤਰਾਰੀ ਹੈ।

ਭੋਲ਼ੇ ਲੋਕੋ ਭੁੱਲ ਜਾਓ, ਤੁਹਾਨੂੰ ਕੋਈ ਪੁੱਛ ਕੇ ਤੁਰੇ,
ਇਸ ਧਰਤੀ ‘ਤੇ ਗੁੰਡਿਆਂ ਦੀ, ਹੀ ਕੁੱਲ ਸਰਦਾਰੀ ਹੈ।
**
3. ਸੱਚ ਦੇ ਪਾਂਧੀ

ਹਨੇਰੇ ਝੱਲਣ ਵਾਲਿਆਂ ਨੂੰ,
ਕਈ ਸੋਨ ਸਵੇਰੇ ਉਡੀਕਣਗੇ,
ਧਰਤੀ ਦੇ ਕਾਲ਼ੇ ਚਿਹਰੇ ਕੱਲ੍ਹ ਨੂੰ,
ਸ਼ੀਸ਼ੇ ਵਾਗੂੰ ਲਿਸ਼ਕਣਗੇ।

ਹਨੇਰੀਆਂ ਦੀ ਬੇਸ਼ਰਮੀ ਦੇਖ ਕੇ,
ਹੌਸਲੇ ਕਰ ਬੁਲੰਦ ਆਪਣੇ,
ਬੁਝਦੇ ਹੋਏ ਕਈ ਅਣਖੀ ਦੀਵੇ,
ਹਿੱਕ ਤਾਣ ਕੇ ਚਿਲਕਣਗੇ।

ਜ਼ੁਲਮਾਂ ਦੇ ਘਨਘੋਰ ਇਰਾਦੇ,
ਪਸਤ ਤਾਂ ਆਖਰ ਹੋਣੇ ਨੇ,
ਮਰਦ ਅਗੰਮੜੇ ਸੱਚ ਦੇ ਪਾਂਧੀ,
ਮੰਜ਼ਲਾਂ ਤੋਂ ਨਹੀਂ ਤਿਲਕਣਗੇ।

ਮਜਬੂਰੀ ਦੀਆਂ ਉੱਚੀਆਂ ਕੰਧਾਂ,
ਫੰਧਣੀਆਂ ਅਸੰਭਵ ਨਹੀਂ,
ਕੰਧਰਾਂ ਨੂੰ ਸਰ ਕਰਨੇ ਵਾਲੇ,
ਕੰਧਾਂ ਤੋਂ ਕੀ ਥਿੜਕਣਗੇ।

ਜੋ ਕਰਨਾ ਖੁੱਲ੍ਹ ਕੇ ਕਰਨਗੇ,
ਜੋ ਵੀ ਕਹਿਣਾ ਸਾਫ ਕਹਿਣਗੇ,
ਮੂੰਹ ‘ਤੇ ਖਾਣੀ ਪੈ ਜਾਏ ਭਾਵੇਂ,
ਪਰ ਕਹਿਣੋਂ ਕਦੀ ਨਾ ਝਿਜਕਣਗੇ।

ਰੁੱਸੀਆ ਹੋਈਆਂ ਠੁੱਸ ਤਕਦੀਰਾਂ,
ਜ਼ੰਗ ਲੱਗੀਆਂ ਖ਼ਸਤਾ ਸ਼ਮਸ਼ੀਰਾਂ,
ਦਾ ਸਾਹਮਣਾ ਕਰਨੇ ਵਾਲੇ,
ਕਾਫਲਿਆਂ ਤੋਂ ਨਹੀਂ ਵਿਛੜਣਗੇ।

ਘੁੱਟ ਘੁੱਟ ਕਰਕੇ ਦਰਦਾਂ ਨੂੰ ਪੀਣਾ,
ਮਰਦਾਨਿਆਂ ਨੂੰ ਮੰਨਜ਼ੂਰ ਨਹੀਂ,
ਬਾਬੇ ਨਾਨਕ ਤੋਂ ਲੈ ਕੇ ਹਿੰਮਤ,
ਕੰਧਾਰੀਆਂ ਨਾਲ ਮੁੜ ਉਲਝਣਗੇ।

ਚੜ੍ਹਦੀ ਕਲਾ ਕਦੀ ਨਹੀਂ ਢਹਿੰਦੀ,
ਸੱਚ ਨੂੰ ਕੋਈ ਆਂਚ ਨਹੀਂ,
ਸਿਰਾਂ ‘ਤੇ ਕੱਫਣ ਬੰਨ੍ਹਣ ਵਾਲੇ,
ਕੱਫਣਾਂ ਵਿੱਚ ਹੀ ਲਿਪਟਣਗੇ।
**
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1416
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮੇਰਾ ਹਵਾਲਾ
ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ।
ਬਾਕੀ ਸਭ ਠੀਕ ਠਾਕ ਹੈ।
ਰਵਿੰਦਰ ਸਿੰਘ ਕੁੰਦਰਾ
***

ਰਵਿੰਦਰ ਸਿੰਘ ਕੁੰਦਰਾ

ਮੇਰਾ ਹਵਾਲਾ ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ। ਬਾਕੀ ਸਭ ਠੀਕ ਠਾਕ ਹੈ। ਰਵਿੰਦਰ ਸਿੰਘ ਕੁੰਦਰਾ ***

View all posts by ਰਵਿੰਦਰ ਸਿੰਘ ਕੁੰਦਰਾ →