![]() ਸਰੀਰਕ ਰੂਪ ਵਿੱਚ ਤਾਂ ਕੇਸਰ ਸਿੰਘ ਨੀਰ ਨੂੰ ਮੈਨੂੰ ਸਿਰਫ ਇੱਕ ਦੋ ਵਾਰੀ ਮਿਲਣ ਦਾ ਮੌਕਾ ਹੀ ਮਿਲ ਸਕਿਆ ਸੀ ਕਿ ਉਹਨਾਂ ਨੂੰ ਦਰਗਾਹੀ ਸੱਦਾ ਆ ਗਿਆ ਅਤੇ ਉਹ ਸਦਾ ਲਈ ਸਭ ਨੂੰ ਛੱਡ ਕੇ ਅਣਜਾਣ ਰਾਹਾਂ ਤੇ ਚਲੇ ਗਏ। ਪਰ ਅਸਲ ਵਿੱਚ ਕਿਸੇ ਲੇਖਕ ਨਾਲ ਅਸਲੀ ਮੁਲਾਕਾਤ ਉਸਦੀ ਲਿਖਤ ਨੂੰ ਪੜ੍ਹਨ ਅਤੇ ਮਾਨਣ ਨਾਲ ਹੀ ਹੁੰਦੀ ਹੈ। ਉਸ ਦੀ ਲਿਖਤ ਵਿਚੋਂ ਉਸ ਨੂੰ ਮਿਲਿਆ ਹਾਂ ਅਤੇ ਉਸ ਲਿਖਤ ਦਾ ਪ੍ਰਭਾਵ ਸਾਂਝਾ ਕਰ ਰਿਹਾ ਹਾਂ । ਕੇਸਰ ਸਿੰਘ ਨੀਰ ਨੇ ਪੰਜਾਬੀ ਕਾਵਿ ਜਗਤ ਦੀ ਝੋਲੀ ਕੁੱਲ 9 ਕਿਤਾਬਾਂ ਪਾਈਆਂ ਹਨ ਜਿਨਾਂ ਵਿਚੋਂ 4 ਬਾਲ ਕਾਵਿ ਨਾਲ ਸੰਬੰਧਿਤ ਹਨ ਗਾਉਂਦੇ ਬਾਲ 1960 ,ਝਿਲਮਿਲ ਝਿਲਮਿਲ ਤਾਰੇ 1994, ਫੁੱਲ ਰੰਗ ਬਰੰਗੇ 1994 ਅਤੇ ਮਿੱਠੀਆਂ ਮੁਸਕਾਨਾਂ 2002 . ਬਾਕੀ ਦੀਆਂ ਪੁਸਤਕਾਂ ਦੇ ਨਾਮ ਹਨ -ਕਸਕਾਂ ਕਾਵਿ ਸੰਗ੍ਰਹਿ 1960, ਗਮ ਨਹੀਂ ਕਾਵਿ ਸੰਗ੍ਰਹਿ1981, ਕਿਰਨਾਂ ਦੇ ਬੋਲ ਗ਼ਜ਼ਲ ਸੰਗ੍ਰਹਿ 1989 ਅਣਵਗੇ ਅੱਥਰੂ ਗ਼ਜ਼ਲ ਸੰਗ੍ਰਹਿ 1996 ਫੇਰ 2006 ਵਿੱਚ ਉਪਰੋਕਤ ਚਾਰ ਪੁਸਤਕਾਂ ਦੀ ਇੱਕ ਜਿਲਦ ਨੈਣਾਂ ਦੇ ਮੋਤੀ । ਆਰ ਦੀਆਂ ਤੇ ਪਾਰ ਦੀਆਂ ਕਾਵਿ ਸੰਗ੍ਰਹਿ 2010 ਵਿੱਚ ਛਪਿਆ ਸੀ। ਇਹਨਾਂ ਦੀ ਗਿਣਤੀ ਤੋਂ ਉਸਦੇ ਲਗਾਤਾਰ ਲਿਖਦੇ ਰਹਿਣ ਦੀ ਬਿਰਤੀ ਪ੍ਰਗਟ ਹੁੰਦੀ ਹੈ। ਅਤੇ ਸੁਆਦਲੀ ਗੱਲ ਇਹ ਹੈ ਕਿ ਇਹ ਸਾਰੇ ਕਾਵਿ ਸੰਗ੍ਰਹਿ ਹਨ। ਕਵਿਤਾ ਕੋਈ ਤਰਲ ਤਬੀਅਤ ਦਾ ਸੂਖਮ ਭਾਵੀ ਵਿਅਕਤੀ ਹੀ ਲਿਖ ਸਕਦਾ ਹੈ। ਕਵਿਤਾ ਲਿਖਣੀ, ਵਾਰਤਕ ਨਾਲੋਂ ਔਖੀ ਹੁੰਦੀ ਹੈ ,ਜਿਸ ਨੂੰ ਦਿਲ ਦੀ ਆਵਾਜ ਕਿਹਾ ਜਾਂਦਾ ਹੈ। ਸੋ ਨੀਰ ਦੀਆਂ ਇਹਨਾਂ ਵੱਖ ਵੱਖ ਤਰਾਂ ਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਿਚੋਂ ਉਸਦੇ ਬਚਪਨ, ਜਵਾਨੀ ਅਤੇ ਪ੍ਰੌੜ੍ਹ ਅਵਸਥਾ ਦੀ ਝਲਕ ਪੈਂਦੀ ਹੈ। ਇੱਕ ਬਾਲ-ਮਨ ਹੀ ਬਾਲ-ਸਾਹਿਤ ਲਿਖ ਸਕਦਾ ਹੈ। ਜਵਾਨ ਦਿਲ ਦੇ ਪ੍ਰੀਤ-ਜਜ਼ਬਿਆਂ ਵਿੱਚ ਵਸਲ ਅਤੇ ਹਿਜਰ ਦਾ ਪ੍ਰਗਟਾਵਾ ਵੀ ਮਿਲਦਾ ਹੈ ਅਤੇ ਇੱਕ ਚਿੰਤਕ ਦੇ ਰੂਪ ਵਿੱਚ ਸਮਕਾਲੀ ਸਰੋਕਾਰਾਂ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਪੇਸ਼ ਕਰਨ ਸਮੇਂ ਉਹ ਮਨ ਦੀ ਪ੍ਰੌੜ੍ਹ ਅਵਸਥਾ ਚੋਂ ਗੁਜ਼ਰ ਰਿਹਾ ਹੁੰਦਾ ਹੈ। ਅਜਿਹੇ ਕਵੀ ਲਈ ਸਤਿਕਾਰ ਭੇਟ ਕਰਦੇ ਹੋਏ ਅਸੀਂ ਉਸਦੀ ਕਿਰਤ ਵਿਚੋਂ ਉਸਦੇ ਵਿਅਕਤੀਤਵ ਨੂੰ ਜਾਨਣ ਅਤੇ ਮਾਨਣ ਦੀ ਕੋਸ਼ਿਸ਼ ਕਰਦੇ ਹਾਂ । ਕਿਸੇ ਵੀ ਪੁਸਤਕ ਦਾ ਮੁੱਖਬੰਦ ਵੀ ਬੜਾ ਮਹੱਤਵਪੂਰਨ ਹੁੰਦਾ ਹੈ। ਇਸ ਪੱਖ ਤੋਂ ਦੇਖੀਏ ਤਾਂ ਜਰਾ ਕੁ ਝਲਕ ਉਸਦੀਆਂ ਪੁਸਤਕਾਂ ਦੇ ਮੁੱਖਬੰਦ ਲਿਖਣ ਵਾਲੇ ਵਿਦਵਾਨਾਂ ਦੇ ਉਸ ਦੀ ਕਿਰਤ ਬਾਰੇ ਪ੍ਰਗਟਾਏ ਗਏ ਵਿਚਾਰਾਂ ਤੋਂ ਜਾਣ ਲੈਣਾ ਵੀ ਜਰੂਰੀ ਬਣ ਜਾਂਦਾ ਹੈ। * ਨੀਰ ਸਮੇਂ ਦੀ ਆਵਾਜ ਹੈ। .ਤੀਸਰੇ ਵਿਸ਼ਵ ਯੁੱਧ ਦੀ ਸੋਅ ਨੂੰ ਮਹਿਸੂਸਦਾ ਉਹ ਅਮਨ ਦੇ ਟੱਪੇ ਛੋਂਹਦਾ ਹੈ ਤੇ ਸੰਸਾਰ ਅਮਨ ਦੀ ਤੀਬਰ ਇੱਛਾ ਰੱਖਦਾ ਹੈ। …(ਪ੍ਰਿੰ. ਤਖਤ ਸਿੰਘ, ਕਸਕਾਂ ਦੇ ਮੁੱਖਬੰਦ ਵਿੱਚ) * ਨੀਰ ਨੂੰ ਕਵਿਤਾ ਵਿਰਾਸਤ ਵਿੱਚ ਮਿਲੀ ਹੈ।…(ਜਸਵੰਤ ਸਿੰਘ ਕੰਵਲ, ਕਸਕਾਂ ਦੇ ਮੁੱਖਬੰਦ ਵਿੱਚ) * ਉਸਦੇ ਕਾਵਿ ਦਾ ਮੰਤਵ ਇਸ਼ਕ ਦੀ ਗਹਿਰਾਈ ਅਤੇ ਇਸ਼ਕ ਦੀ ਨਾਕਾਮੀ ਪਿੱਛੇ ਕੰਮ ਕਰ ਰਹੀਆਂ ਸਮਾਜਿਕ-ਆਰਥਿਕ ਪ੍ਰਸਥਿਤੀਆਂ ਵੱਲ ਸੰਕੇਤ ਕਰਨਾ ਹੀ ਸੀ।—-(ਰਣਧੀਰ ਸਿੰਘ ਚੰਦ, ਗਮ ਨਹੀਂ ਦੇ ਮੁੱਖਬੰਦ ਵਿੱਚ) * ਗ਼ਜ਼ਲ ਲਿਖਣ ਸਮੇਂ ਛੰਦ ਵਿਧਾਨ ਤੇ ਤੋਲ ਤੁਕਾਂਤ ਦੀ ਸਿਖਲਾਈ ਤੇ ਸਾਧਨਾ ਸਗੋਂ ਨੀਰ ਦੇ ਬਹੁਤ ਕੰਮ ਆਈ ਹੈ। —–(ਰਘਬੀਰ ਸਿੰਘ ਸਿਰਜਣਾ, ਕਿਰਨਾਂ ਦੇ ਬੋਲ ਦੇ ਮੁੱਖਬੰਦ ਵਿੱਚ) * ਗ਼ਜ਼ਲ ਜਿਹੀ ਸਿਨਫ਼ ਵਿੱਚ ਪੰਜਾਬ ਤ੍ਰਾਸਦੀ ਦਾ ਜਿਕਰ ਸੰਕੇਤਾਂ ਤੇ ਪ੍ਰਤੀਕਾਂ ਰਾਹੀਂ ਹੀ ਹੋ ਸਕਦਾ ਸੀ ਤੇ ਕੇਸਰ ਸਿੰਘ ਨੀਰ ਨੇ ਇਹਨਾਂ ਕਾਵਿ-ਜੁਗਤਾਂ ਰਾਹੀਂ ਆਪਣੇ ਫਰਜਾਂ ਦੀ ਪੂਰਤੀ ਕੀਤੀ ਹੈ।—-(ਡਾ. ਐਸ.ਤਰਸੇਮ, ਅਣਵਗੇ ਅੱਥਰੂ ਦੇ ਮੁੱਖਬੰਦ ਵਿੱਚ) * ਨੀਰ ਪੰਜਾਬੀ ਚਰਿੱਤਰ ਨੂੰ ਖੱਬਲ ਘਾਹ ਵਾਂਗ ਸਮਝਦਾ ਹੈ ਜੋ ਅਤਿ ਦੀਆਂ ਮਾਰੂ, ਉਜਾੜੂ ਤੇ ਬਰਬਾਦ ਕਰਨ ਵਾਲੀਆਂ ਪ੍ਰਸਥਿਤੀਆਂ ਵਿਚ ਵੀ ਧਰਤੀ ‘ਤੇ ਵੀ ਆਪਣੀਆਂ ਜੜ੍ਹਾਂ ਲਾਉਣ ਵਿਚ ਗੁਰੇਜ਼ ਨਹੀਂ ਕਰਦਾ।— (ਡਾ. ਹਰਚੰਦ ਸਿੰਘ ਬੇਦੀ, ਆਰ ਦੀਆਂ ਤੇ ਪਾਰ ਦੀਆਂ ਦੇ ਮੁੱਖਬੰਦ ਵਿਚ) * ਸਮਾਜ ਦਾ ਯਥਾਰਥਵਾਦੀ ਧਰਾਤਲ ਡਾਵਾਂਡੋਲ ਰਹਿੰਦਾ ਹੈ ਪਰ ਇਸ ਡਾਵਾਂਡੋਲਤਾ ਨੂੰ ਉਹ ਅਤੀਤ ਦੇ ਸਿਰੜੀ ਸਮਾਜ ਨਾਇਕਾਂ ਅਤੇ ਘੋਲਾਂ ਨੂੰ ਯਾਦ ਕਰਕੇ ਕਰਮਸ਼ੀਲਤਾ ਵਿੱਚ ਬਦਲਣ ਦਾ ਚਾਹਵਾਨ ਵੀ ਹੈ। — (ਡਾ ਗੁਰਇਕਬਾਲ ਸਿੰਘ, ਨੈਣਾਂ ਦੇ ਮੋਤੀ ਦੇ ਮੁੱਖਬੰਦ ਵਿਚ) ਉਪਰੋਕਤ ਵਿਦਵਾਨ ਲੇਖਕਾਂ ਦੇ ਪ੍ਰਗਟਾਏ ਵਿਚਾਰਾਂ ਤੋਂ ਕੇਸਰ ਸਿੰਘ ਨੀਰ ਦੀ ਸਾਹਿਤਿਕ ਪ੍ਰਤਿਭਾ ਬਾਰੇ ਕੋਈ ਸ਼ੱਕ ਨਹੀਂ ਰਹਿ ਜਾਂਦਾ। ਹੁਣ ਇਸ ਕਲਮ ਦੀਆਂ ਰਚੀਆਂ ਗ਼ਜ਼ਲਾਂ ਅਤੇ ਹੋਰ ਕਾਵਿ ਰੂਪਾਂ ਦੀ ਝਲਕ ਦੇਖਦੇ ਹਾਂ।
ਫਾਇਲਾਤੁਨ ਫਾਇਲਾਤੁਨ ਫਾਇਲਾਤੁਨ ਫਾਇਲੁਨ ਵਜ਼ਨ ਵਿੱਚ ਕਾਫੀ ਜ਼ਿਆਦਾ ਗ਼ਜ਼ਲਾਂ ਲਿਖੀਆਂ ਗਈਆਂ ਹਨ। * ਆ ਦਿਖਾਵਾਂ ਦਿਲ ਦੇ ਵਿਹੜੇ ਕਿੰਜ ਪੈਲਾਂ ਪਾ ਰਹੀ ਅੰਗਰੇਜ਼ੀ ਕਵਿਤਾ ਦੇ sonnet ਦੇ ਰੂਪ ਤੋਂ ਥੋੜ੍ਹਾ ਬਦਲੇ ਰੂਪ ਵਰਗੀ ਇੱਕ ਕਵਿਤਾ a, b, c, a ਅੰਦਾਜ ਵਿਚ * ਜੀਂ ਰਿਹਾ ਹਾਂ ਮੈਂ ਸਮੇ ਦੇ ਜਬਰ ਤੇ ਧੜਕਣਾਂ ਚ ਧੜਕ ਸੱਚੇ ਪਿਆਰ ਦੀ ਵਿਰੋਧਾਭਾਸ ਅਲੰਕਾਰ ਦੀ ਝਲਕ ਦੇਖੋ: * ਹਰ ਕਦਮ ਇਸ਼ਕ ਦੇ ਰਾਹਾਂ ਤੇ ਮੁੜ ਮੁੜ ਕੇ ਟਿਕਦਾ ਰਹਿੰਦਾ ਏ ਇਹਨਾਂ ਗ਼ਜ਼ਲਾਂ, ਕਵਿਤਾਵਾਂ ਅਤੇ ਗੀਤਾਂ ਵਿੱਚ ਰਵਾਨੀ ਹੈ, ਵਿਰੋਧਾਭਾਸ ਹੈ, ਵਿਅੰਗ, ਨੈਤਿਕ ਸੰਦੇਸ਼, ਪ੍ਰਕਿਰਤੀ ਚਿਤਰਣ, ਅਲੰਕਾਰਾਂ ਨਾਲ ਭਰਪੂਰ, ਮੁਹਾਵਰੇ,ਅੱਟਲ ਸਚਾਈਆਂ, ਆਦਿ ਸਭ ਕੁਝ ਮਿਲ ਜਾਂਦਾ ਹੈ ਜੋ ਲੇਖਕ ਦੇ ਵਿਸ਼ਾਲ ਤਜਰਬੇ ਅਤੇ ਵਿਸ਼ਾਲ ਸ਼ਬਦ ਭੰਡਾਰ ਕੋਲ ਹੋਣ ਦੀ ਗਵਾਹੀ ਭਰਦਾ ਹੈ। ਵਿਸ਼ਾ ਪੱਖ :- ਹੁਣ ਅਸੀਂ ਇਸ ਬਹੁਪੱਖੀ ਕਵੀ ਦੀ ਲਿਖਤ ਵਿਚੋਂ ਝਲਕੀ ਉਸਦੀ ਖੂਬਸੂਰਤ ਸ਼ਖਸ਼ੀਅਤ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ । ਰਚਨਾਵਾਂ ਦਾ ਵਿਸ਼ਾ ਦੇਖਣ ਨਾਲ ਕਿਸੇ ਵੀ ਲੇਖਕ ਦੀ ਸੋਚ, ਉਸਦੀ ਦੁਨੀਆਂ ਪ੍ਰਤੀ ਅਤੇ ਜਿੰਦਗੀ ਪ੍ਰਤੀ ਉਸਦੇ ਨਜ਼ਰੀਏ ਦੇ ਦਰਸ਼ਨ ਹੁੰਦੇ ਹਨ । ਇਸਲਈ ਸਭ ਤੋਂ ਪਹਿਲਾਂ ਵਿਸ਼ਾ ਪੱਖ ਲੈਂਦੇ ਹਾਂ। * ਇਸ਼ਕ ਮੁਹੱਬਤ :- ਕਹਿੰਦੇ ਨੇ ਕਵਿਤਾ ਦਿਲ ਦੀ ਬੋਲੀ ਹੈ ਕਿਉਂਕਿ ਦਿਲ ਹੀ ਇਸ਼ਕ ਮੁਹੱਬਤ ਨੂੰ ਮਹਿਸੂਸ ਕਰਦਾ ਹੈ । ਬਹੁਤੇ ਵਾਰਤਕ ਲੇਖਕਾਂ ਨੇ ਵੀ ਆਪਣਾ ਸਾਹਿਤਿਕ ਸਫ਼ਰ ਕਵਿਤਾ ਤੋਂ ਹੀ ਸ਼ੁਰੂ ਕੀਤਾ ਹੈ। ਗ਼ਜ਼ਲ ਨੂੰ ਤਾਂ ਖਾਸ ਕਰਕੇ “ਮਾਸ਼ੂਕ ਨਾਲ ਗੱਲ ਬਾਤ” ਹੀ ਆਖਿਆ ਜਾਂਦਾ ਹੈ। ਸੋ ਇਹ ਵਿਸ਼ਾ ਮੁੱਖ ਰੂਪ ਵਿਚ ਨੀਰ ਦੀਆਂ ਗ਼ਜ਼ਲਾਂ ਅਤੇ ਕਵਿਤਾਵਾਂ ਵਿਚ ਛਾਇਆ ਹੋਇਆ ਹੈ। ਇਸ ਵਿਸ਼ੇ ਨੂੰ ਨਿਭਾਉਣ ਦੀ ਖੂਬੀ ਇਹੋ ਹੁੰਦੀ ਹੈ ਕਿ ਪਾਠਕ ਪੜ੍ਹਨ ਸਮੇਂ ਉਸਨੂੰ ਆਪਣੇ ਦਿਲ ਦੀ ਖੁਸ਼ੀ ਗਮੀ ਨਾਲ ਮੇਲ ਕੇ ਪੜ੍ਹੇ। * ਜਿਉ ਸੀਨੇ ਅੰਦਰ ਅਗਨੀ ਲੈ ਤਾਰਾ ਮੁਸਕਾਉਂਦਾ ਰਹਿੰਦਾ ਹੈ * ਤੇਰਿਆਂ ਰਾਹਾਂ ਤੇ ਕੇਸਰ ਧੂੜ ਕੇ, ਤੋੜਕੇ ਮੈਂ ਚੰਦ ਤਾਰੇ ਅਰਸ਼ ਦੇ *ਅਸਾਡੇ ਇਸ਼ਕ ਨੇ ਤੈਨੂੰ ਇਹ ਸੱਜਰਾ ਰੂਪ ਦਿੱਤਾ ਏ * ਦਿਲ ਮੇਰੇ ਵਿਚ ਹਰ ਸਮੇਂ ਤੂੰ ਹੀ ਰਹੇਂ * ਕਿਵੇਂ ਦੱਸਾਂ ਕਿਵੇ ਹੈ ਬੀਤਦੀ ਤੇਰੇ ਬਿਮਾਰਾਂ ਦੀ * ਗੁੰਮਿਆ ਸੌ ਵਾਰ ਉਸਦੀ ਭਾਲ ਵਿਚ
* ਜਿੰਦਗੀ ਦੇ ਰਾਹ ਅਜੇ ਕੰਡਿਆਲੜੇ ਅਜੇ ਨੈਣੀਂ ਬੇਬਸੀ ਦੇ ਅੱਥਰੂ * ਸੌ ਦੇ ਨੋਟ ਦਾ ਕੀ ਕੁਝ ਲੈ ਕੇ ਆਵੇਂਗਾ * ਮੁੱਲ ਮਿਹਨਤਾਂ ਦਾ ਪਵੇ ਨਾ ਇਹ ਲੋਕ ਕੂਕਦੇ ਜਿੰਦ ਕਾਮਿਆਂ ਦੀ ਲੁੱਟੀ ਹੋਈ ਪਤੰਗ ਹੋ ਗਈ । ਪੰਜਾਬ ਦੇ ਵਿਗੜੇ ਹਾਲਾਤ ਤੇ ਵੀ ਕਲਮ ਹੰਝੂ ਕੇਰਦੀ ਹੈ। ਜਿੱਥੇ ਖਾੜਕੂਵਾਦ ਦੇ ਵਿਰੋਧ ਵਿੱਚ ਲਿਖਿਆ ਹੈ, ਉਥੇ ਸਰਕਾਰੀ ਜਬਰ ਦਾ ਜਿਕਰ ਵੀ ਕੀਤਾ ਗਿਆ ਹੈ । ਧਰਮਾਂ ਦੀ ਆਪਸੀ ਨਫਰਤ ਨੂੰ ਨਫ਼ਰਤ ਕਰਦਾ ਕਵੀ ਇਨਸਾਨੀਅਤ ਦੀ ਮੰਗ ਕਰਦਾ ਹੈ। * ਬੇਦੋਸ਼ੇ ਦਾ ਖੂਨ ਵਹਾਉਣਾ ਕਿਹੜਾ ਧਰਮੀ ਕਾਰਜ ਹੈ ? * ਚਾਹੇ ਬੁਝਾਉਣੀ ਖੂਨ ਵਾਲੀ ਖੂਨ ਨਾਲ ਅੱਗ * ਅੱਗ ਭੜਕੀ ਹੈ ਫਿਰ ਵੀ ਇਹ ਖਾਮੋਸ਼ ਨੇ ਇਹ ਤਾਂ ਪੁਤਲੀ ਦੇ ਵਾਂਗਰ ਹੀ ਨੱਚਦੇ ਰਹੇ * ਅੰਬਰ ਦੇ ਭਗਵਾਨਾਂ ਕੋਲੋਂ ਹੁਣ ਦੇ ਲੋਕੀਂ ਡਰਦੇ ਨਾ * ਆਦਮੀ ਦੇ ਬੁੱਤ ਚੋਂ ਵੀ ਆਦਮੀ ਮਿਲਦਾ ਨਹੀਂ * ਭੁਲਾ ਕੇ ਦੇਸ਼ ਦੀ ਮਿੱਟੀ ਗੁਆ ਕੇ ਆਪਣਾ ਵਿਰਸਾ ਇਹਨਾਂ ਤੋਂ ਬਿਨਾਂ ਕੁਝ ਕਵਿਤਾਵਾਂ ਖਾਸ ਦਿਨਾਂ ਤੇ ਜਾਂ ਖਾਸ ਸ਼ਖਸ਼ੀਅਤਾਂ ਤੇ ਵੀ ਲਿਖੀਆਂ ਗਈਆਂ ਹਨ ਜਿਹਨਾਂ ਵਿਚੋਂ ਲੇਖਕ ਦਾ ਮਨੁੱਖਤਾ ਦੇ ਪ੍ਰੇਮ ਵਾਲਾ ਚਿਹਰਾ ਝਲਕਦਾ ਹੈ। ਜਿਵੇਂ ਗੁਰੂ ਨਾਨਕ ਨੂੰ,ਵੀਅਤਨਾਮ, ਗੁਰੂ ਤੇਗ ਬਹਾਦਰ, ਦੇਸ਼ ਭਗਤੀ, ਹੋਲੀ,ਆਦਿ ਕਵਿਤਾਵਾਂ। * ਪ੍ਰਕਿਰਤੀ ਚਿਤਰਣ:- ਇੰਝ ਜਾਪਦਾ ਏ ਕਿ ਲੇਖਕ ਨੂੰ ਕੁਦਰਤ ਨਾਲ ਡਾਢਾ ਪਿਆਰ ਹੈ। ਇਸਦੀਆਂ ਅਣਮੁੱਲੀਆਂ ਦਾਤਾਂ ਜੰਗਲ, ਪਰਬਤ, ਸਮੁੰਦਰ, ਪੰਛੀ ,ਰੁੱਤਾਂ ਆਦਿ ਸਭ ਉਸਨੂੰ ਖਿੱਚ ਪਾਉਂਦੀਆਂ ਹਨ। ਕਿਤੇ ਇਹਨਾਂ ਦੇ ਸੁਹੱਪਣ ਚੋ ਖੁਸ਼ੀ ਲੱਭਦਾ ਹੈ ਅਤੇ ਕਿਤੇ ਆਪਣੀ ਹੋਰ ਗੱਲ ਕਰਦਾ ਹੋਇਆ ਇਹਨਾਂ ਦੇ ਅਲੰਕਾਰ ਵਰਤਦਾ ਹੈ । ਕੁਝ ਝਲਕਾਂ ਦੇਖੀਏ: * ਉੱਪਰ ਨੀਲੇ ਅੰਬਰੀਂ ਚੰਨ ਖਿੜੇ ਤੇ ਹੱਸੇ * ਅਸਾਂ ਜੋ ਕੋਲ ਤੇਰੇ ਪਲ ਗੁਜਾਰੇ ਯਾਦ ਆਉਂਦੇ ਨੇ । * ਘਟਾਵਾਂ ਕਾਲੀਆਂ ਹਰਿਆਵਲਾਂ ਪਰਬਤ ਦੀ ਗੋਦੀ ਹੈ * ਨਿੱਜੀ ਪ੍ਰਭਾਵ :- ਲੇਖਕ ਆਪਣਾ ਸਮਾਜਿਕ ਜੀਵਨ ਜਿਊਂਦਾ ਹੋਇਆ ਵੀ ਉਸ ਦੇ ਪ੍ਰਭਾਵ ਨੂੰ ਆਪਣੀ ਕਲਮ ਨੂੰ ਸੌਂਪ ਦਿੰਦਾ ਹੈ। ਇਸੇ ਤਰਾਂ ਕੇਸਰ ਸਿੰਘ ਨੀਰ ਨੇ ਵੀ ਆਪਣੇ ਨਿਜ ਦੇ ਅਤੇ ਆਪਣੇ ਨੇੜਲੇ ਸੰਬੰਧਾਂ ਦੇ ਪ੍ਰਭਾਵ ਦਾ ਕਾਵਿ ਮਈ ਜੀਕਰ ਆਪਣੀਆਂ ਪੁਸਤਕਾਂ ਵਿਚ ਕੀਤਾ ਹੈ। ਕੁਝ ਖਾਸ ਅਜਿਹੇ ਰੰਗ ਦੀਆਂ ਕਵਿਤਾਵਾਂ ਹਨ — ਚੰਡੀਗੜ੍ਹ ਜੇਲ੍ਹ ਵਿਚੋਂ ਲਿਖੀਆਂ ਗ਼ਜ਼ਲਾਂ ਤੇ ਕਵਿਤਾਵਾਂ , ਬੱਚੀ ਰੂਪਦੀਪ ਦੇ ਨਾਂ ਜੇਲ੍ਹ ਚੋਂ ਲਿਖਿਆ ਖ਼ਤ, ਰਾਜ ਦੁਲਾਰ ਤੁਰ ਗਿਆ, ਛੋਟੇ ਵੀਰ ਇਕਬਾਲ ਅਰਪਨ ਦੀ ਯਾਦ ਨੂੰ ਸਮਰਪਿਤ, , ਅਵਤਾਰ ਸਿੰਘ ਕਲੇਰ ਦੇ ਨਾਂ, ਸਾਥੀ ਗੁਰਮੀਤ ਸਿੰਘ ਦੀ ਯਾਦ ਨੂੰ ਸਮਰਪਿਤ, ਬਾਲ ਗੀਤ, ਮਾਂ ਮੇਰੀ ,ਇਹ ਸਭ ਕਵਿਤਾਵਾਂ ਵਿਚੋਂ ਲੇਖਕ ਦਾ ਆਪਣੇ ਪਰਿਵਾਰ ਪ੍ਰਤੀ ਅਤੇ ਆਪਣੇ ਦੋਸਤਾਂ ਸਾਥੀਆਂ ਪ੍ਰਤੀ ਪਿਆਰ ਨਜਰ ਆਉਂਦਾ ਹੈ ਜਿਸ ਤੋਂ ਅੱਛੇ ਲੇਖਕ ਦਾ ਅੱਛਾ ਇਨਸਾਨ ਹੋਣ ਦਾ ਵੀ ਸਬੂਤ ਮਿਲਦਾ ਹੈ। * ਸੰਘਰਸ਼ੀ ਬਿਰਤੀ, ਚੜ੍ਹਦੀ ਕਲਾ ਅਤੇ ਸਕਾਰਾਤਮਕ ਤਬਦੀਲੀ ਲਈ ਆਸਵੰਦ :- ਲੇਖਕ ਨੇ ਆਪਣੇ ਨਿਜੀ ਅਤੇ ਸਮਾਜਿਕ ਜੀਵਨ ਵਿਚ ਵੀ ਸੰਘਰਸ਼ ਕੀਤਾ ਹੈ। ਦੁੱਖਾਂ ਭੁੱਖਾਂ ਦੇ ਟਾਕਰਾ ਕਰਨ ਲਈ ਉਹ ਸੰਘਰਸ਼ਸ਼ੀਲ ਬਿਰਤੀ ਦਾ ਮੁਦਈ ਵੀ ਹੈ। ਇਸੇ ਬਿਰਤੀ ਨੇ ਉਸਨੂੰ ਜੇਲ੍ਹ ਯਾਤਰਾ ਵੀ ਕਰਵਾਈ ਹੈ। ਉਸਦੀ ਕਲਮ ਨੇ ਸਦਾ ਹਨੇਰਿਆਂ ਤੋਂ ਚਾਨਣ ਦਾ ਸਫ਼ਰ ਤੈਅ ਕੀਤਾ ਹੈ। ਉਹ ਪ੍ਰਗਤੀਵਾਦੀ ਹੈ ਅਤੇ ਸਮਾਜ ਵਿੱਚ ਇਕ ਇਨਕਲਾਬ ਲਈ ਆਸਵੰਦ ਵੀ ਹੈ। ਸਦਾ ਅੱਗੇ ਵਧਦੇ ਰਹਿਣਾ, ਹਰ ਔਕੜ ਚੋ ਨਿਖਰ ਕੇ ਹੋਰ ਅਗਾਂਹ ਜਾਣਾ ਉਸਦੇ ਕਦਮ ਅਤੇ ਉਸਦੀ ਕਲਮ ਦੋਹਾਂ ਦੀ ਆਦਤ ਬਣ ਚੁੱਕੀ ਹੈ। ਉਸਦੀ ਇਹ ਬਿਰਤੀ ਉਸਦੀ ਕਾਵਿ ਕਲਾ ਵਿਚੋਂ ਝਲਕਦੀ ਵੀ ਹੈ। ਉਹ ਕਿਤੇ ਕਿਤੇ ਜਥੇਬੰਦਕ ਸੰਘਰਸ਼ ਲਈ ਸਲਾਹ ਵੀ ਦਿੰਦਾ ਹੈ: * ਜਗਾ ਕੇ ਦੀਪ ਅਣਖੀ ਖੂਨ ਆਪਣੇ ਦੇ ਮੈਂ ਥਾਂ ਥਾਂ ਤੇ * ਓਨਾ ਪੰਛੀਆ ਤੇਰਾ ਆਕਾਸ਼ ਖੁੱਲ੍ਹੇ ਜਿੰਨਾ ਪਰਾਂ ਅੰਦਰ ਤੇਰੇ ਤਾਣ ਲੁਕਿਐ * ਫਿਲਾਸਫੀ ਝਲਕ :- ਕਦੇ ਕਦੇ ਕੋਈ ਨਵੀਂ ਫਿਲਾਸਫੀ ਉਸਦੇ ਸ਼ੇਅਰਾਂ ਵਿਚ ਨਜ਼ਰ ਆਉਂਦੀ ਹੈ: * ਢੇਰ ਚਿਰ ਹੋਇਆ ਸ਼ਮਾਂ ਤੇ ਭੰਬਟਾਂ ਨੂੰ ਆਉਂਦਿਆਂ * ਪਰਵਾਸੀ ਜੀਵਨ :-ਪੰਜਾਬ ਛੱਡ ਕੇ ਲੇਖਕ ਕੈਨੇਡਾ ਆ ਵੱਸਿਆ ਹੈ ,ਪਰ ਉਸਦੇ ਦਿਲ ਚੋਂ ਪੰਜਾਬ ਪ੍ਰਤੀ ਮੋਹ ਬਿਲਕੁਲ ਵੀ ਨਹੀਂ ਘਟਿਆ। ਇੱਥੇ ਬੈਠੇ ਦਾ ਦਿਲ ਉੱਥੇ ਦੀਆਂ ਖੁਸ਼ੀਆਂ ਗਮੀਆਂ ਨਾਲ ਧੜਕਦਾ ਰਿਹਾ ਹੈ। ਉਸਦੀ ਪੁਸਤਕ ਆਰ ਦੀਆਂ ਤੇ ਪਾਰ ਦੀਆਂ ਵਿੱਚ ਉਸਦੇ ਪਰਵਾਸ ਨਾਲ ਸੰਬੰਧ ਭਾਵ ਪ੍ਰਗਟਾਏ ਗਏ ਹਨ। ਜਿਹਨਾਂ ਵਿਚ ਜਿੱਥੇ ਉਸਦੀ ਦੇਸ਼ ਪ੍ਰਤੀ ਖਿੱਚ ਤਾਂ ਹੈ ਹੀ, ਉੱਥੇ ਕੈਨੇਡਾ ਦੇ ਜੀਵਨ ਦੀ ਝਲਕ ਵੀ ਹੈ ਅਤੇ ਇੱਥੇ ਆ ਕੇ ਇਸ ਵਰਗੇ ਹੋ ਕੇ ਰਹਿਣ ਦੀ ਨਸੀਹਤ ਵੀ ਹੈ: * ਹੁਣ ਬਿਗਾਨੇ ਦੇਸ਼ ਨੂੰ ਹੀ ਨੀਰ ਆਪਣਾ ਜਾਣ ਤੂੰ * ਅਨੋਖੀ ਠੰਢ ਹੈ ਏਥੇ ਨਿਰਾਲੀ ਬਰਫ ਹੈ ਏਥੇ * ਤੜਪਦਾ ਹੈ ਦਿਲ ਮੇਰਾ ਫਿਰ ਦੇਸ਼ ਨੂੰ * ਨ ਘਰ ਇਹ ਆਪਣਾ ਜਾਪੇ ਨ ਏਥੋਂ ਦੇਸ਼ ਮੁੜ ਹੋਵੇ * ਆਦਮੀ ਓਹੀ ਸੁਖਾਵਾਂ ਜੀ ਸਕੇ ਹਰ ਸਮੇਂ ਦੇ ਰੰਗ ਅੰਦਰ ਰੰਗ ਕੇ * ਆਪਣੀ ਕਲਮ ਪ੍ਰਤੀ ਚੇਤੰਨਤਾ ;- ਕਵੀ ਸੁਚੇਤ ਹੈ ਕਿ ਉਹ ਇੱਕ ਸ਼ਾਇਰ ਹੈ ਅਤੇ ਇਕ ਲੇਖਕ ਹੋਣ ਦੇ ਆਪਣੇ ਫਰਜਾਂ ਤੋਂ ਉਹ ਪੂਰਾ ਵਾਕਫ਼ ਵੀ ਹੈ। ਉਸਦੀ ਕਲਮ ਨੇ ਸਦਾ ਕਿਰਤੀਆਂ ਮਜਲੂਮਾਂ ਦਾ ਸਾਥ ਦਿੱਤਾ ਹੈ ਅਤੇ ਉਹ ਸਰਕਾਰਾਂ ਅਤੇ ਸਰਮਾਏਦਾਰਾਂ ਦੇ ਵਿਰੋਧੀ ਪੱਖ ਵਿਚ ਰਿਹਾ ਹੈ। ਉਸਦਾ ਵਿਸ਼ਵਾਸ਼ ਹੈ ਕਿ ਇਹ ਦੋਵੇਂ ਮਿਲ ਕੇ ਕਿਰਤੀਆਂ ਦਾ ਸ਼ੋਸ਼ਣ ਕਰਦੇ ਹਨ। ਅਤੇ ਉਹ ਜਨਤਾ ਨੂੰ ਲਾਮਬੰਦ ਕਰਨ ਲਈ, ਆਪਣੇ ਹੱਕਾਂ ਲਈ ਲੜ ਮਰਨ ਦਾ ਹੋਕਾ ਦਿੰਦਾ ਰਹਿੰਦਾ ਹੈ। * ਇਹ ਕਲਮ ਅਸਾਡੀ ਦਰਦਣ ਹੈ ਇਹ ਕਲਮ ਅਸਾਡੀ ਮਹਿਰਮ ਹੈ * ਮੇਰੀ ਗ਼ਜ਼ਲ ਵਿਚ ਐਵੇਂ ਹੀ ਆਇਆ ਨਹੀਂ ਨਿਖਾਰ * ਨੀਰ ਗ਼ਜ਼ਲ ਤੇਰੀ ਵੀ ਕਿਉਂ ਨਾ ਲੋਕਾਂ ਨੂੰ ਖਿੱਚ ਪਾਏ * ਬੜਾ ਧਨਵਾਨ ਹੈਂ ਤੂੰ ਨੀਰ ਭਾਵੇ ਧਨ ਨਹੀਂ ਪੱਲੇ * ਜਿੰਦਗੀ ਵਿਚ ਸ਼ਾਇਰੀ ਦੀ ਦਾਤ ਤਾਂ ਹੈ ਮਿਲ ਗਈ ਬਿਨਾਂ ਸ਼ੱਕ ਕੇਸਰ ਸਿੰਘ ਨੀਰ ਪੰਜਾਬੀ ਕਾਵਿ ਜਗਤ ਦੇ ਆਕਾਸ਼ ਵਿਚ ਹਮੇਸ਼ਾ ਲਈ ਇੱਕ ਤਾਰੇ ਵਾਂਗ ਚਮਕਦਾ ਰਹੇਗਾ। ਜਿੱਥੇ ਉਸਦੀ ਲਿਖਤ ਦਾ ਸੁਹਜ ਨਵੇਂ ਲੇਖਕਾਂ ਨੂੰ ਖਿੱਚ ਪਏਗਾ, ਉੱਥੇ ਜੀਵਨ ਜਿਊਣ ਦੇ ਦੱਸੇ ਅਗਾਂਹਵਧੂ ਤਰੀਕੇ ਨਵੇਂ ਲੇਖਕਾਂ ਦਾ ਮਾਰਗ ਦਰਸ਼ਨ ਕਰਦੇ ਰਹਿਣਗੇ। ਉਸਦੀ ਕਲਮ ਨੂੰ ਨਮਸਕਾਰ ਹੈ। 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਜਸਵਿੰਦਰ ਸਿੰਘ 'ਰੁਪਾਲ'
ਐਮ.ਏ.(ਪੰਜਾਬੀ, ਅੰਗਰੇਜ਼ੀ, ਇਕਨਾਮਿਕਸ,
ਰਿਟਾਅਰਡ ਲੈਕਚਰਾਰ, ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796
* 162,ਗਲੀ ਨੰਬਰ 3, ਸ਼ਹੀਦ ਜਸਦੇਵ ਸਿੰਘ ਨਗਰ
ਡਾਕ : ਗੁਰੂ ਨਾਨਕ ਇੰਜੀ.ਕਾਲਜ, ਲੁਧਿਆਣਾ-141006
ਵਟਸਐਪ ਨੰਬਰ .: 09814715796

by 
ਰੂਪਕ ਪੱਖ:-
* ਹੋਰ ਸਮਾਜਿਕ ਵਿਸ਼ਿਆਂ ਦਾ ਪ੍ਰਗਟਾਅ:- 