15 October 2024

ਭਾਈ ਗੁਰਦਾਸ ਦੀ ਦ੍ਰਿਸ਼ਟੀ ਵਿੱਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ — ਪ੍ਰੋ. ਨਵ ਸੰਗੀਤ ਸਿੰਘ

ਭਾਈ ਗੁਰਦਾਸ ਜੀ ਸਿੱਖ ਧਰਮ ਵਿੱਚ ਸਿੱਖ ਗੁਰੂਆਂ ਤੋਂ ਬਾਅਦ ਇੱਕ ਸਨਮਾਨਯੋਗ ਹਸਤੀ ਹੋ ਗੁਜ਼ਰੇ ਹਨ। ਜਿਨ੍ਹਾਂ ਕਵੀਆਂ ਦੇ ਕਲਾਮ ਨੂੰ ਗੁਰਦੁਆਰਿਆਂ ਵਿੱਚ ਗਾਏ ਜਾਣ ਦੀ ਪ੍ਰਵਾਨਗੀ ਪ੍ਰਾਪਤ ਹੈ, ਉਨ੍ਹਾਂ ਵਿੱਚ ਗੁਰਬਾਣੀ ਅਤੇ ਭਾਈ ਨੰਦ ਲਾਲ ਗੋਯਾ ਤੋਂ ਇਲਾਵਾ ਭਾਈ ਗੁਰਦਾਸ ਜੀ ਦਾ ਨਾਂ ਵੀ ਸ਼ਾਮਿਲ ਹੈ। ਉਂਜ ਵੀ ਭਾਈ ਗੁਰਦਾਸ ਜੀ ਗੁਰੂ ਘਰ ਦੇ ਨਿਕਟਵਰਤੀ ਸਨ।

ਸਿੱਖ ਪੰਥ ਦੇ ਸਭ ਤੋਂ ਪਹਿਲੇ ਮਹਾਨ ਵਿਦਵਾਨ ਤੇ ਗੁਰਮਤਿ ਦੇ ਵਿਆਖਿਆਕਾਰ ਭਾਈ ਗੁਰਦਾਸ ਜੀ ਦੇ ਜਨਮ ਬਾਰੇ ਕੋਈ ਠੋਸ ਤੇ ਪੱਕਾ ਹਵਾਲਾ ਨਹੀਂ ਮਿਲਦਾ। ਉਨ੍ਹਾਂ ਦੇ ਜੀਵਨ ਬਾਰੇ ਸਿਰਫ ਅੰਦਾਜ਼ੇ ਹੀ ਲਗਾਏ ਗਏ ਹਨ, ਸਹੀ ਜਾਣਕਾਰੀ ਕਿਤੋਂ ਵੀ ਨਹੀਂ ਮਿਲਦੀ। ਗਿਆਨੀ ਨਰੈਣ ਸਿੰਘ ਨੇ ਉਨ੍ਹਾਂ ਦਾ ਜਨਮ 2 ਕਤਕ ਸੰਮਤ 1612 ਲਿਖਿਆ ਹੈ, ਜਦ ਕਿ ਡਾ. ਸੁਖਦਿਆਲ ਸਿੰਘ ਉਨ੍ਹਾਂ ਦਾ ਜਨਮ 1553 ਈ. ਮੰਨਦੇ ਹਨ। ਆਪ ਜੀ ਦਾ ਜਨਮ ਗੁਰੂ ਅਮਰਦਾਸ ਜੀ ਦੇ ਪਿੰਡ ਬਾਸਰਕੇ ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਭਾਈ ਈਸ਼ਰ ਦਾਸ ਸੀ, ਜੋ ਗੁਰੂ ਅਮਰਦਾਸ ਜੀ ਦੇ ਚਚੇਰੇ ਭਰਾ ਸਨ। ਆਪ ਦੀ ਉਮਰ ਕਰੀਬ ਤਿੰਨ ਸਾਲ ਦੀ ਹੀ ਸੀ ਕਿ ਪਿਤਾ ਦਾ ਦੇਹਾਂਤ ਹੋ ਗਿਆ। ਆਪ ਦੇ ਮਾਤਾ ਜੀ ਆਪ ਨੂੰ ਗੁਰੂ ਅਮਰਦਾਸ ਜੀ ਦੀ ਛਤਰ- ਛਾਇਆ ਵਿੱਚ ਗੋਇੰਦਵਾਲ ਸਾਹਿਬ ਲੈ ਆਏ। ਆਪ ਰਿਸ਼ਤੇ ਵਜੋਂ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ।

ਭਾਈ ਗੁਰਦਾਸ ਜੀ ਨੂੰ ਚਾਰ ਗੁਰੂ ਸਾਹਿਬਾਨ ਦੀ ਹਜ਼ੂਰੀ ਵਿੱਚ ਰਹਿਣ ਦਾ ਸੁਭਾਗ ਪ੍ਰਾਪਤ ਹੋਇਆ ਅਤੇ (ਗਿ.ਨਰੈਣ ਸਿੰਘ ਮੁਤਾਬਕ) ਅੰਦਾਜ਼ਨ 1686 ਸੰਮਤ ਵਿੱਚ ਆਪ ਚਲਾਣਾ ਕਰ ਗਏ। ਡਾ. ਸੁਖਦਿਆਲ ਸਿੰਘ ਉਨ੍ਹਾਂ ਦੇ ਅਕਾਲ ਚਲਾਣੇ ਦੀ ਮਿਤੀ 1629 ਈ.ਮੰਨਦੇ ਹਨ। ਆਪ ਦੀ ਰਚਨਾ ਭਾਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ ਹੈ, ਪਰ ਇਸ ਰਚਨਾ ਨੂੰ ‘ਗੁਰਬਾਣੀ ਦੀ ਕੁੰਜੀ’ ਹੋਣ ਦਾ ਮਾਣ ਪ੍ਰਾਪਤ ਹੈ:

 ਗੁਰਬਾਣੀ ਦੀ ਕੁੰਜੀ ਬਾਣੀ ਜੋ ਭਾਈ ਗੁਰਦਾਸ ਵਖਾਣੀ।

ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਲੇਖਕ ਹੋਣ ਦਾ ਮਾਣ ਪ੍ਰਾਪਤ ਹੈ, ਜਿਸ ਦੀ ਸੰਪਾਦਨਾ ਗੁਰੂ ਅਰਜਨ ਦੇਵ ਜੀ ਨੇ 1604 ਈ. ਵਿਚ ਕੀਤੀ ਸੀ। ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ ਹੋਣ ਦਾ ਸੁਭਾਗ ਵੀ ਆਪ ਨੂੰ ਮਿਲਿਆ। ਆਪ ਦੀ ਪੰਜਾਬੀ ਰਚਨਾ ਵਾਰਾਂ  ਦੇ ਰੂਪ ਵਿੱਚ ਮਿਲਦੀ ਹੈ, ਜਿਨ੍ਹਾਂ ਦੀ ਗਿਣਤੀ 40 ਮੰਨੀ ਗਈ ਹੈ। ਇਸ ਤੋਂ ਬਿਨਾਂ ਆਪ ਨੇ ਕੁਝ ਕਬਿੱਤ ਅਤੇ ਸਵੱਈਆਂ ਦੀ ਰਚਨਾ ਵੀ ਕੀਤੀ, ਜੋ ਬ੍ਰਜ ਭਾਸ਼ਾ ਵਿੱਚ ਹਨ।

ਆਪ ਦੀਆਂ ਵਾਰਾਂ ਵਿੱਚ ਗੁਰਬਾਣੀ ਦੇ ਗੁੱਝੇ ਭਾਵਾਂ, ਰਹੱਸਾਂ ਨੂੰ ਖੋਲ੍ਹਣ ਦਾ ਯਤਨ ਕੀਤਾ ਗਿਆ ਹੈ। ਸਿੱਖ ਧਰਮ ਦੇ ਪ੍ਰਚਾਰਕ ਵਜੋਂ ਆਪ ਨੇ ਲਾਹੌਰ, ਆਗਰਾ, ਕਾਂਸ਼ੀ ਆਦਿ ਅਸਥਾਨਾਂ ਤੇ ਸਿੱਖ ਧਰਮ ਦਾ ਪ੍ਰਚਾਰ- ਪ੍ਰਸਾਰ ਕੀਤਾ। ਆਪ ਗੁਰਮੁਖੀ, ਬ੍ਰਜ, ਹਿੰਦੀ, ਅਰਬੀ, ਫਾਰਸੀ ਦੇ ਬਹੁਤ ਵੱਡੇ ਵਿਦਵਾਨ ਸਨ। ਸਿੱਖ ਸਿਧਾਂਤ, ਸਿੱਖ ਦਰਸ਼ਨ ਅਤੇ ਹੋਰ ਧਰਮਾਂ ਦੇ ਸਾਹਿਤ ਤੇ ਦਰਸ਼ਨ ਬਾਰੇ ਆਪ ਨੂੰ ਡੂੰਘੀ ਜਾਣਕਾਰੀ ਸੀ। ਭਾਈ ਗੁਰਦਾਸ ਦੀ ਰਚਨਾ ਨੂੰ ‘ਸਿੱਖੀ ਦਾ ਰਹਿਤਨਾਮਾ’ ਵਜੋਂ ਵੀ ਸਵੀਕਾਰ ਕੀਤਾ ਗਿਆ ਹੈ। 

ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਅਤੇ ਉਨ੍ਹਾਂ ਦੇ ਸਮੇਂ ਬਾਰੇ ਸਭ ਤੋਂ ਪ੍ਰਮਾਣਿਕ ਅਤੇ ਸਟੀਕ ਹਵਾਲੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ ਹੀ ਮਿਲਦੇ ਹਨ। ਅਸਲ ਵਿੱਚ ਭਾਈ ਗੁਰਦਾਸ ਜੀ ਦੀ ਪਹਿਲੀ ਵਾਰ ਵਿੱਚ ਹੀ ਗੁਰੂ ਨਾਨਕ ਦੇਵ ਜੀ ਬਾਰੇ ਭਰਪੂਰ ਚਰਚਾ ਮਿਲਦੀ ਹੈ, ਜਦ ਕਿ ਗਿਆਰ੍ਹਵੀਂ, ਚੌਵੀਵੀਂ, ਪੱਚੀਵੀਂ ਅਤੇ ਛੱਬੀਵੀਂ ਆਦਿ ਵਾਰਾਂ ਦੀਆਂ ਵੱਖ- ਵੱਖ ਪਉੜੀਆਂ ਵਿੱਚ ਵੀ ਗੁਰੂ- ਬਾਬੇ ਬਾਰੇ ਉਲੇਖਯੋਗ ਰੂਪ ਵਿੱਚ ਚਰਚਾ ਮਿਲਦੀ ਹੈ।

ਭਾਈ ਗੁਰਦਾਸ ਦੀ ਪਹਿਲੀ ਵਾਰ ਵਿੱਚ 49 ਪਉੜੀਆਂ ਹਨ।ਇਸ ਵਿਚ ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾਂ ਸ੍ਰਿਸ਼ਟੀ ਰਚਨਾ, ਮਨੁੱਖਾ ਜੂਨ ਦੀ ਉਤਪਤੀ, ਚਾਰ ਯੁੱਗਾਂ ਦੀ ਸਥਾਪਨਾ, ਚਾਰ ਵਰਨਾਂ, ਹਿੰਦੂ ਮੁਸਲਮਾਨਾਂ ਦੇ ਝਗੜੇ ਆਦਿ ਦਾ ਵਰਣਨ ਕਰਨ ਪਿੱਛੋਂ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਮਹੱਤਵਪੂਰਨ ਤੱਥਾਂ ਦੀ ਨਿਸ਼ਾਨਦੇਹੀ ਕੀਤੀ ਹੈ। ਇਨ੍ਹਾਂ ਪਉੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼, ਉਨ੍ਹਾਂ ਦਾ ਘਰੋਂ ਚੱਲਣਾ, ਉਸ ਸਮੇਂ ਦੇ ਹਾਲਾਤ ਦਾ ਵਰਣਨ, ਰਾਜਿਆਂ ਵਿੱਚ ਹਉਮੈ ਦਾ ਹੰਕਾਰ, ਗੁਰੂ ਨਾਨਕ ਦਾ ਸੁਮੇਰ ਪਰਬਤ ਤੇ ਪਹੁੰਚਣਾ, ਸਿੱਧਾਂ ਨਾਲ ਸਵਾਲ ਜਵਾਬ, ਕਲਯੁਗ ਵਿੱਚ ਹਨੇਰਗਰਦੀ ਦਾ ਵਰਣਨ, ਸਿੱਧਾਂ ਵੱਲੋਂ ਗੁਰੂ ਜੀ ਦੀ ਪ੍ਰੀਖਿਆ, ਗੁਰੂ ਜੀ ਦੇ ਮੱਕੇ ਦੀ ਯਾਤਰਾ, ਕਾਜ਼ੀਆਂ-ਮੌਲਵੀਆਂ ਵੱਲੋਂ ਗੁਰੂ ਜੀ ਨਾਲ ਬਹਿਸ, ਗੁਰੂ ਜੀ ਦੀ ਮੱਕੇ ਵਿੱਚ ਜਿੱਤ, ਗੁਰੂ ਜੀ ਦਾ ਬਗਦਾਦ ਪਹੁੰਚਣਾ, ਗੁਰੂ ਜੀ ਦੀ ਕਲਾ, ਸਤਿਨਾਮ ਦਾ ਚੱਕਰ, ਕਰਤਾਰਪੁਰ ਰਹਿਣਾ, ਸ਼ਿਵਰਾਤਰੀ ਦਾ ਮੇਲਾ, ਜੋਗੀਆਂ ਨਾਲ ਚਰਚਾ, ਸਿੱਧਾਂ ਵੱਲੋਂ ਕਰਾਮਾਤਾਂ, ਸਿੱਧਾਂ ਨਾਲ ਫੇਰ ਸਵਾਲ ਜਵਾਬ, ਸੱਚੇ ਸ਼ਬਦ ਦਾ ਪ੍ਰਤਾਪ, ਸਿੱਧਾਂ ਨੂੰ ਜਿੱਤਣਾ ਤੇ ਮੁਲਤਾਨ ਜਾਣਾ ਆਦਿ ਦਾ ਬਿਰਤਾਂਤ ਹੈ। 

ਇਨ੍ਹਾਂ ਵਾਰਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ, ਜੋਤੀ ਜੋਤਿ ਦੀਆਂ ਤਰੀਕਾਂ ਅਤੇ ਉਨ੍ਹਾਂ ਦੇ ਸਕੇ- ਸਬੰਧੀਆਂ ਦਾ ਕੋਈ ਵੇਰਵਾ ਤਾਂ ਨਹੀਂ ਹੈ, ਪਰ ਗੁਰੂ ਜੀ ਦੇ ਪ੍ਰਭਾਵਸ਼ਾਲੀ ਵਿਅਕਤਿੱਤਵ ਨੂੰ ਚਿੱਤਰਿਆ ਗਿਆ ਹੈ। ਇਤਿਹਾਸਕ ਪੱਖੋਂ ਇਨ੍ਹਾਂ ਵਾਰਾਂ ਵਿੱਚ ਉਸ ਸਮੇਂ ਦੀ ਸਮਾਜਿਕ, ਧਾਰਮਿਕ, ਰਾਜਨੀਤਕ ਅਵਸਥਾ ਦਾ ਡੂੰਘਾ ਵਿਸ਼ਲੇਸ਼ਣ ਕੀਤਾ ਗਿਆ ਹੈ। ਭਾਈ ਸਾਹਿਬ ਦੱਸਦੇ ਹਨ ਕਿ ਪਰਮਾਤਮਾ ਨੇ ਦੁਖੀ ਦੁਨੀਆਂ ਦੀ ਪੁਕਾਰ ਸੁਣ ਕੇ ਉਸ ਸਮੇਂ ਗੁਰੂ ਨਾਨਕ ਦੇਵ ਜੀ ਨੂੰ ਸੰਸਾਰ ਤੇ ਭੇਜਿਆ। ਹਿੰਦੁਸਤਾਨ ਵਾਸੀ ਚਾਰ ਵਰਣਾਂ (ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ) ਵਿੱਚ ਵੰਡੇ ਹੋਏ ਸਨ, ਪਰ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਵਿੱਚ ਅਵਤਾਰ ਧਾਰਨ ਕਰਕੇ ਦੁਨੀਆਂ ਦੇ ਲੋਕਾਂ ਨੂੰ ਸਤਿਨਾਮੁ ਦਾ ਮੰਤਰ ਦ੍ਰਿੜ੍ਹ ਕਰਵਾਇਆ ਤੇ ਇਉ ਕਲਯੁਗੀ ਲੋਕਾਂ ਦਾ ਉਧਾਰ ਕਰਨ ਦੀ ਕੋਸਿਸ਼ ਕੀਤੀ।

ਧੁਰੋਂ ਬਖ਼ਸ਼ਿਸ਼ ਪ੍ਰਾਪਤ ਸਤਿਗੁਰੂ ਨੇ ਬੜੀ ਸਖ਼ਤ ਘਾਲਣਾ ਕਰਕੇ ਦੁਨੀਆਂ ਨੂੰ ਸ਼ਾਂਤ ਕਰਨ ਦਾ ਬੀੜਾ ਚੁੱਕਿਆ ਅਤੇ ਲੋਕਾਂ ਦੀ ਪੀੜਾ ਨੂੰ ਹਰਨ ਲਈ ਚਾਰ ਉਦਾਸੀਆਂ (ਪ੍ਰਚਾਰ ਦੌਰੇ) ਕੀਤੀਆਂ।ਇਨ੍ਹਾਂ ਉਦਾਸੀਆਂ ਦੌਰਾਨ ਉਹ ਵੱਖ- ਵੱਖ ਮੱਤ- ਮਤਾਂਤਰਾਂ, ਭੇਖਾਂ, ਜਾਤਾਂ- ਪਾਤਾਂ, ਵਰਣਾਂ, ਚਿਹਨਾਂ, ਧਰਮਾਂ, ਰੰਗਾਂ, ਰੂਪਾਂ, ਨਸਲਾਂ ਦੇ ਲੋਕਾਂ ਨੂੰ ਮਿਲੇ, ਜਿਨ੍ਹਾਂ ਵਿੱਚ ਜਤੀ, ਸਤੀ, ਸਿੱਧ, ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ, ਚੰਗੇ- ਮਾੜੇ ਗੁਣਾਂ ਵਾਲੇ ਸਾਰੇ ਲੋਕ ਸ਼ਾਮਿਲ ਸਨ। 

ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਅਗਿਆਨਤਾ ਰੂਪੀ ਹਨੇਰਾ ਮਿਟ ਗਿਆ ਅਤੇ ਸੱਚ ਦੇ ਸੂਰਜ ਦਾ ਪ੍ਰਕਾਸ਼ ਹੋਇਆ। ਗੁਰੂ ਜੀ ਧਰਤ ਲੋਕਾਈ ਨੂੰ ਸੋਧਣ ਲਈ ਹਿੰਦੂਆਂ ਦੇ ਤੀਰਥਾਂ ਤੇ ਗਏ, ਪਰਬਤਾਂ ਤੇ ਜਾ ਕੇ ਸਿੱਧਾਂ ਜੋਗੀਆਂ ਨਾਲ ਗੋਸ਼ਟਾਂ ਕੀਤੀਆਂ ਪਰ ਕਿਧਰੇ ਵੀ ਗੁਰਮੁਖ ਬਿਰਤੀ ਵਾਲੇ ਇਨਸਾਨ ਦੇ ਦਰਸ਼ਨ ਉਨ੍ਹਾਂ ਨੂੰ ਨਹੀਂ ਹੋਏ।

ਗੁਰੂ ਜੀ ਦੀਆਂ ਯਾਤਰਾਵਾਂ ਦੌਰਾਨ ਉਨ੍ਹਾਂ ਦਾ ਸਾਥੀ ਭਾਈ ਮਰਦਾਨਾ ਵੀ ਉਨ੍ਹਾਂ ਦੇ ਨਾਲ ਸੀ:
 
ਇਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ।
                                                   (ਵਾਰ 1/35)

ਭਾਰਤ ਤੋਂ ਬਾਹਰ ਗੁਰੂ ਜੀ ਨੇ ਮੁਸਲਮਾਨਾਂ ਦੇ ਪਵਿੱਤਰ ਅਸਥਾਨਾਂ ਮੱਕਾ, ਮਦੀਨਾ ਅਤੇ ਬਗ਼ਦਾਦ ਦੀ ਜ਼ਿਆਰਤ ਕੀਤੀ। ਮੌਲਾਣਿਆਂ ਤੇ ਕਾਜ਼ੀਆਂ ਨਾਲ ਚਰਚਾ ਕਰਕੇ ਉਨ੍ਹਾਂ ਨੂੰ ਧਰਮ ਦੇ ਅਸਲੀ ਅਰਥ ਦ੍ਰਿੜ੍ਹ ਕਰਵਾਏ ਅਤੇ ਉਨ੍ਹਾਂ ਦੇ ਅਭਿਮਾਨ ਨੂੰ ਚਕਨਾਚੂਰ ਕੀਤਾ। ਭਾਈ ਸਾਹਿਬ ਇਸ ਪ੍ਰਸੰਗ ਵਿੱਚ ਲਿਖਦੇ ਹਨ: 
 
ਗੜ੍ਹ ਬਗਦਾਦ ਨਿਵਾਏ ਕੇ ਮੱਕਾ ਮਦੀਨਾ ਸਭ ਨਿਭਾਇਆ।

ਗੁਰੂ ਜੀ ਦੇ ਸਮੇਂ ਵਿੱਚ ਉੱਚੇ ਅਹੁਦੇ ਤੇ ਬੈਠੇ ਸਾਰੇ ਹੀ ਲੋਕ ਅੱਤਿਆਚਾਰੀ ਤੇ ਪਾਪੀ ਬਣ ਗਏ ਸਨ; ਗਿਆਨ ਵਿਹੂਣੇ ਲੋਕੀਂ ਕੂੜ ਤੇ ਝੂਠ ਬੋਲੀ ਜਾ ਰਹੇ ਸਨ; ਨਿਆਂ ਤੇ ਇਨਸਾਫ਼ ਕਰਨ ਵਾਲੇ ਮੁਸਲਮਾਨ ਕਾਜ਼ੀ ਰਿਸ਼ਵਤਾਂ ਲੈ ਕੇ ਗਲਤ ਫੈਸਲੇ ਕਰੀ ਜਾ ਰਹੇ ਸਨ; ਹਰ ਤਰ੍ਹਾਂ ਦੇ ਕਾਰਜ ਨੂੰ ਸਿਰਫ ਪੈਸੇ ਦੀ ਦ੍ਰਿਸ਼ਟੀ ਤੋਂ ਵੇਖਿਆ ਜਾ ਰਿਹਾ ਸੀ। ਅਜਿਹੇ ਕਲਯੁਗੀ ਸਮੇਂ ਨੂੰ ਭਾਈ ਸਾਹਿਬ ਨੇ ਬੜੇ ਹੀ ਸਟੀਕ ਢੰਗ ਨਾਲ ਅਭਿਵਿਅਕਤੀ ਦਿੱਤੀ ਹੈ: 

ਕਲਿ ਆਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਗੁਸਾਈ।
ਰਾਜੇ ਪਾਪ ਕਮਾਂਵਦੇ ਉਲਟੀ ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨ ਕੂੜ ਕੁਸੱਤ ਮੁਖਹੁ ਆਲਾਈ।
ਚੇਲੇ ਸਾਜ ਵਜਾਇੰਦੇ ਨੱਚਣ ਗੁਰੂ ਬਹੁਤ ਬਿਧ ਭਾਈ।
ਸੇਵਕ ਬੈਠਨ ਘਰਾਂ ਵਿੱਚ ਗੁਰ ਉਠ ਘਰੀਂ ਤਿਨਾੜੇ ਜਾਈ।
ਕਾਜ਼ੀ ਹੋਏ ਰਿਸ਼ਵਤੀ ਵੱਢੀ ਲੈ ਕੇ ਹੱਕ ਗਵਾਈ।
ਇਸਤ੍ਰੀ ਪੁਰਖੈ  ਦਾਮ ਹਿਤ ਭਾਵੇਂ ਆਇ ਕਿਥਾਊਂ ਜਾਈ।
ਵਰਤਿਆ ਪਾਪ ਸਭਸੁ ਜਗ ਮਾਂਹੀ।
                                                   (ਵਾਰ 1/30) 

ਜਿੱਥੇ ਜਿੱਥੇ ਵੀ ਗੁਰੂ ਨਾਨਕ ਦੇਵ ਜੀ ਦੇ ਮੁਬਾਰਕ ਕਦਮ ਪਏ, ਉੱਥੇ ਉੱਥੇ ਸਭ ਧਰਮਾਂ ਦੇ ਲੋਕ ਉਨ੍ਹਾਂ ਨੂੰ ਆਪੋ ਆਪਣਾ ਗੁਰੂ/ ਪੀਰ ਮੰਨਣ ਲੱਗ ਪਏ ਅਤੇ ਲੋਕਾਂ ਨੇ ਧਰਮਸ਼ਾਲਾਵਾਂ ਸਥਾਪਤ ਕਰਕੇ ਹਰਿ-ਕੀਰਤਨ ਸ਼ੁਰੂ ਕਰ ਦਿੱਤਾ:

ਘਰ ਘਰ ਬਾਬਾ ਪੂਜੀਐ ਹਿੰਦੂ ਮੁਸਲਮਾਨ ਦੁਆਈ।
                                                  (ਵਾਰ 1/34) 
 ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ।
                                                   (ਵਾਰ 1/27)

ਵੇਈਂ ਨਦੀ ਵਿੱਚ ਇਸ਼ਨਾਨ ਕਰਨ ਗਏ ਗੁਰੂ ਜੀ ਜਦੋਂ ਨਦੀ ਤੋਂ ਬਾਹਰ ਆਏ ਤਾਂ ਉਨ੍ਹਾਂ ਦੇ ਮੁਖਾਰਬਿੰਦ ‘ਚੋਂ ਜਿਹੜਾ ਪਹਿਲਾਂ ਵਾਕ ਨਿਕਲਿਆ ਸੀ ਉਹ ਸੀ- “ਨਾ ਕੋ ਹਿੰਦੂ ਨਾ ਮੁਸਲਮਾਨ”। ਜਦੋਂ ਗੁਰੂ ਜੀ ਨੂੰ ਪੁੱਛਿਆ ਗਿਆ ਕਿ ਜੇ ਕੋਈ ਹਿੰਦੂ ਜਾਂ ਮੁਸਲਮਾਨ ਨਹੀਂ ਹੈ, ਤਾਂ ਅਸੀਂ ਕਿਸ ਨੂੰ ਮੰਨੀਏ, ਕਿਸ ਰਾਹ ਤੇ ਤੁਰੀਏ। ਗੁਰੂ ਜੀ ਨੇ ਫ਼ਰਮਾਇਆ: ਖੁਦਾ ਦੇ ਰਾਹ ਤੇ ਚੱਲੋ; ਉਹ ਨਾ ਹਿੰਦੂ ਹੈ ਨਾ ਮੁਸਲਮਾਨ। ਮੱਕੇ ਦੀ ਧਰਤੀ ਉੱਤੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕਾਜ਼ੀਆਂ ਨੇ ਪੁੱਛਿਆ ਕਿ ਤੁਹਾਡੀ ਨਜ਼ਰ ਵਿੱਚ ਹਿੰਦੂ ਵੱਡਾ ਹੈ ਜਾਂ ਮੁਸਲਮਾਨ, ਤਾਂ ਗੁਰੂ ਜੀ ਦਾ ਉੱਤਰ ਸਾਫ਼ ਤੇ ਸਪਸ਼ਟ ਸੀ:

ਪੁੱਛਣ ਗੱਲ ਈਮਾਨ ਦੀ ਕਾਜ਼ੀ ਮੁੱਲਾਂ ਇਕੱਠੇ ਹੋਈ।
ਵੱਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤ ਕੋਈ।
ਪੁੱਛਣ ਖੋਲ੍ਹ ਕਿਤਾਬ ਨੂੰ ਵੱਡਾ ਹਿੰਦੂ ਕਿ ਮੁਸਲਮਾਨੋਈ।
ਬਾਬਾ ਆਖੇ ਹਾਜੀਆਂ ਸ਼ੁਭ ਅਮਲਾਂ ਬਾਝੋਂ ਦੋਵੇਂ ਰੋਈ।
ਹਿੰਦੂ ਮੁਸਲਮਾਨ ਦੋਇ ਦਰਗਹ ਅੰਦਰ ਲੈਨ ਨ ਢੋਈ।
ਕੱਚਾ ਰੰਗ ਕੁਸੁੰਭ ਦਾ ਪਾਣੀ ਧੋਤੈ ਥਿਰ ਨ ਰਹੋਈ।
ਕਰਨ ਬਖੀਲੀ ਆਪ ਵਿਚ ਰਾਮ ਰਹੀਮ ਕਥਾਇ ਖਲੋਈ।
ਰਾਹ ਸ਼ੈਤਾਨੀ ਦੁਨੀਆ ਗੋਈ।
                                               (ਵਾਰ 1/33)

ਦੇਸ਼- ਵਿਦੇਸ਼ ਦਾ ਭ੍ਰਮਣ ਕਰਨ ਪਿੱਛੋਂ ਜਦੋਂ ਗੁਰੂ ਜੀ ਕਰਤਾਰਪੁਰ ਵਿਖੇ ਆਣ ਬਿਰਾਜੇ, ਤਾਂ ਉਨ੍ਹਾਂ ਨੇ ਗੁਰਿਆਈ ਦਾ ਤਿਲਕ ਭਾਈ ਲਹਿਣਾ ਜੀ ਨੂੰ ਲਾਇਆ, ਜੋ ਬਾਅਦ ਵਿੱਚ ਗੁਰੂ ਅੰਗਦ ਦੇਵ ਜੀ ਵਜੋਂ ਜਾਣੇ ਗਏ। ਭਾਈ ਗੁਰਦਾਸ ਜੀ ਲਿਖਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਸਿਰਫ਼ ਸਰੀਰ ਦਾ ਚੋਲ਼ਾ ਹੀ ਬਦਲਿਆ ਅਤੇ ਆਪਣੀ ਜੋਤਿ ਨੂੰ ਗੁਰੂ ਅੰਗਦ ਦੇਵ ਵਿੱਚ ਟਿਕਾ ਕੇ ਅਜਿਹੇ ਨਵੇਂ ਮੱਤ ਦੀ ਨੀਂਹ ਰੱਖੀ ਜਿਸ ਨੂੰ ਸੱਚਾ ਸੁੱਚਾ ਸਿੱਖ ਧਰਮ ਹੋਣ ਦਾ ਮਾਣ ਪ੍ਰਾਪਤ ਹੈ। 

ਭਾਈ ਗੁਰਦਾਸ ਜੀ ਨੇ ਪਹਿਲੀ ਵਾਰ ਤੋਂ ਇਲਾਵਾ ਜਿਨ੍ਹਾਂ ਬਾਕੀ ਵਾਰਾਂ ਦੀਆਂ ਵਿਭਿੰਨ ਪਉੜੀਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨੂੰ ਚਿੱਤਰਿਆ ਹੈ, ਉੱਥੇ ਵੀ ਗੁਰੂ ਨਾਨਕ ਦੇਵ ਜੀ ਨੂੰ ਸਾਰੇ ਸੰਸਾਰ ਦੇ ਗੁਰੂ (ਜਗਤੁ ਗੁਰੂ ਗੁਰੁ ਨਾਨਕ ਦੇਉ, ਵਾਰ 24/ 2); ਜਾਹਰਾ ਪੀਰ (ਜ਼ਾਹਰ ਪੀਰ ਜਗਤੁ ਗੁਰੁ ਬਾਬਾ,ਵਾਰ 24/3); ਹਰ ਪੱਖ ਤੋਂ ਪੂਰੇ ਗੁਰੂ (ਪੂਰਾ ਸਤਿਗੁਰ ਜਾਣੀਐ ਪੂਰੈ ਪੂਰਾ ਠਾਟ ਬਣਾਯਾ,ਵਾਰ 26/16); ਗੁਣਾਂ ਦਾ ਖ਼ਜ਼ਾਨਾ, ਨਿਰਭਉ ਨਿਰਵੈਰ (ਗੁਰ ਪੂਰਾ ਨਿਰਵੈਰ ਹੈ…; ਗੁਰ ਪੂਰਾ ਨਿਰਭਉ ਸਦਾ…ਵਾਰ 26/19); ਦੀਨ ਦੁਨੀਆਂ ਦਾ ਪਾਤਸ਼ਾਹ (ਦੀਨ ਦੁਨੀਆਂ ਦਾ ਪਾਤਿਸ਼ਾਹ ਬੇਮੁਹਤਾਜ ਰਾਜ ਘਰ ਆਯਾ,ਵਾਰ 26/21) ਆਦਿ ਲਕਬਾਂ ਨਾਲ ਵਡਿਆਇਆ ਗਿਆ ਹੈ। 

ਮੱਧਕਾਲੀ ਪੰਜਾਬੀ ਸਾਹਿਤ ਵਿੱਚ ਮਿਲਦੇ ਵਿਭਿੰਨ ਰੂਪਾਂ (ਜਨਮਸਾਖੀਆਂ, ਗੋਸ਼ਟਾਂ ਅਤੇ ਪਰਚੀਆਂ ਆਦਿ) ਵਿੱਚ ਜਿਵੇਂ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਨੂੰ ਇੱਕ ਪੌਰਾਣਿਕ ਤੇ ਮਿਥਿਹਾਸਿਕ ਵਿਅਕਤੀ ਵਜੋਂ ਪੇਸ਼ ਕੀਤਾ ਗਿਆ ਹੈ, ਉਹਦੀ ਥਾਂ ਤੇ ਭਾਈ ਗੁਰਦਾਸ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਨੂੰ ਇੱਕ ਇਤਿਹਾਸਕ ਵਿਅਕਤੀ ਦੇ ਤੌਰ ਤੇ ਚਿਤਰਿਆ ਹੈ। ਗੁਰੂ ਨਾਨਕ ਦੇਵ ਜੀ ਨੇ ਹਿੰਦੂਆਂ ਤੇ ਮੁਸਲਮਾਨਾਂ ਦੇ ਮੁਕੱਦਸ ਸਥਾਨਾਂ ਤੇ ਜਾ ਕੇ ਅਤੇ ਖਾਸ ਕਰਕੇ ਅਖੌਤੀ ਸੰਨਿਆਸੀਆਂ ਤੇ ਭੇਖੀਆਂ ਦੇ ਕੂੜੇ ਭੇਖ ਨੂੰ ਲੋਕਾਂ ਸਾਹਮਣੇ ਨੰਗਾ ਕਰਕੇ ਅਜਿਹੀ ਜ਼ਾਹਿਰੀ ਕਲਾ ਵਰਤਾਈ, ਜਿਸ ਤੋਂ ਪ੍ਰਭਾਵਿਤ ਹੋ ਕੇ ਆਮ ਲੋਕਾਂ ਅਤੇ ਸਿੱਧਾਂ ਨੂੰ ਇਹ ਕਹਿਣ ਲਈ ਮਜਬੂਰ ਹੋਣਾ ਪਿਆ:

ਭਯਾ ਅਨੰਦ ਜਗਤ ਵਿਚ ਕਲਿ ਤਾਰਨ ਗੁਰ ਨਾਨਕ ਆਯਾ।
                                                (ਵਾਰ 1/37)
ਸਿੱਧ ਬੋਲਨ ਸ਼ੁਭ ਬਚਨ ਧੰਨ ਨਾਨਕ ਤੇਰੀ ਵਡੀ ਕਮਾਈ।
                                                 (ਵਾਰ 1/44)

***

ਸਿਜਦਾ—ਪ੍ਰੋ. ਨਵ ਸੰਗੀਤ ਸਿੰਘ

ਮਾਨਵਤਾ ਦਾ ਆਸ਼ਕ ਸੀ ਜੋ, ਗਿਆਨੀ ਤੇ ਵਿਗਿਆਨੀ।
ਗੁਰੂ ਨਾਨਕ ਜਿਹਾ ਜੱਗ ਤੇ ਲੋਕੋ, ਮਿਲਣਾ ਨਹੀਂ ਕੋਈ ਸਾਨੀ।

ਹਿੰਦੋਸਤਾਨ ਦਾ ਚੱਪਾ-ਚੱਪਾ, ਦੇਸ਼-ਵਿਦੇਸ਼ ਸੀ ਗਾਹਿਆ।
ਮਰਦਾਨੇ ਨੂੰ ਸਾਥੀ ਲੈ ਕੇ, ਰੱਬੀ ਨਾਦ ਸੁਣਾਇਆ।

ਸੱਜਣ ਠੱਗ ਜਾਂ ਕੌਡਾ ਰਾਖਸ਼, ਜਾਂ ਫਿਰ ਵਲੀ ਕੰਧਾਰੀ।
ਲੋਕ-ਭਲਾਈ ਕਰਨ ਲੱਗੇ, ਸਭ ਭੇਖੀ ਤੇ ਹੰਕਾਰੀ।

ਕਰਮਕਾਂਡ ਤੇ ਜਾਤ-ਪਾਤ ਦਾ, ਭੇਦ ਮਿਟਾਇਆ ਬਾਬੇ।
ਲਾਲੋ ਨੂੰ ਉਸ ਗਲ਼ ਨਾਲ ਲਾਇਆ, ਭਾਗੋ ਵਰਗੇ ਜਾਗੇ।

ਮੰਗਿਆ ਸਰਬੱਤ ਦਾ ਭਲਾ, ਤੇ ਸਭ ਨੂੰ ਸੀ ਇੱਕ ਕੀਤਾ।
ਨਾਰੀ ਨੂੰ ਉੱਚ-ਰੁਤਬਾ ਦਿੱਤਾ, ਪਾਟਿਆਂ ਨੂੰ ਉਸ ਸੀਤਾ।

ਬਾਬਰ ਨੂੰ ਉਸ ਜਾਬਰ ਕਹਿ ਕੇ, ਫਿੱਟ ਲਾਹਨਤ ਸੀ ਪਾਈ।
ਗੁਰੂ ਬਾਬੇ ਦੇ ਕੌਤਕ ਅੱਜ ਤੱਕ, ਗਾਵੇ ਸੁਣੇ ਲੋਕਾਈ।

ਹਿੰਦੂ-ਮੁਸਲਿਮ ਦੱਬੇ-ਕੁਚਲੇ, ਉਸ ਲਈ ਸਨ ਇਕ ਜੈਸੇ।
ਕੁੱਲ ਦੁਨੀਆਂ ਲਈ ਅਜਬ ਬਾਤ ਹੈ, ਕੰਮ ਕੀਤੇ ਨੇ ਕੈਸੇ।

ਨਾਥਾਂ, ਪੀਰਾਂ, ਜੋਗੀਆਂ ਨੇ ਜਦ, ਸੁਣੀ ਗੁਰੂ ਦੀ ਬਾਣੀ।
ਮਿਟ ਗਈ ਹਉਮੈ ਸੀਸ ਝੁਕਾਇਆ, ਬਣ ਗਏ ਉਹਦੇ ਹਾਣੀ।

ਲਹਿਣੇ ਨੂੰ ਗੁਰੂ ਅੰਗਦ ਬਣਾ ਕੇ, ਸੌਂਪ ਦਿੱਤੀ ਗੁਰਿਆਈ।
ਪੁੱਤਰਾਂ ਨੂੰ ਇੱਕ ਪਾਸੇ ਕੀਤਾ, ਰੀਤੀ ਨਵੀਂ ਚਲਾਈ।

ਗੁਰੂ ਬਾਬੇ ਦਾ ਜਸ ਤੇ ਬਾਣੀ, ਸੁਣੀ ਬੇਟੀ ਜਦ ‘ਰੂਹੀ’।
ਨਿੱਤ ਸਵੇਰੇ ‘ਜਪੁਜੀ’ ਪੜ੍ਹਦੀ, ਕਰਦੀ ਤੂੰ ਹੀ ਤੂੰ ਹੀ।

ਆਓ ਸਾਰੇ ਰਲ਼ ਕੇ ਆਪਾਂ, ਬਾਣੀ ਗੁਰੂ ਦੀ ਗਾਈਏ।
ਚੜ੍ਹਦੀ ਕਲਾ ‘ਚ ਰਹੀਏ, ਨਾਲ਼ੇ ਸਭ ਦੀ ਖ਼ੈਰ ਮਨਾਈਏ।
******
# ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015.

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1231
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪ੍ਰੋ. ਨਵ ਸੰਗੀਤ ਸਿੰਘ
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ, ਬਠਿੰਡਾ,
ਪੰਜਾਬ, ਭਾਰਤ
+91 9417692015

ਪ੍ਰੋ. ਨਵ ਸੰਗੀਤ ਸਿੰਘ

ਪ੍ਰੋ. ਨਵ ਸੰਗੀਤ ਸਿੰਘ ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ, ਬਠਿੰਡਾ, ਪੰਜਾਬ, ਭਾਰਤ +91 9417692015

View all posts by ਪ੍ਰੋ. ਨਵ ਸੰਗੀਤ ਸਿੰਘ →