ਪੰਜਾਬੀ ਸਾਹਿਤ ਦੇ ਇਤਿਹਾਸ ਨੂੰ ਵਾਚਦਿਆਂ, ਕੁਝ ਅਜਿਹੀਆਂ ਸ਼ਖ਼ਸੀਅਤਾਂ ਵੀ ਨਜ਼ਰ ਆਉਂਦੀਆਂ ਹਨ ਜਿਨ੍ਹਾਂ ਦੇ ਅੱਗੇ ਆਪ- ਮੁਹਾਰੇ ਹੀ ਸਿਰ ਝੁਕ ਜਾਂਦਾ ਹੈ। ਇਹ ਉਹ ਵਿਅਕਤੀ ਸਨ ਜਿਨ੍ਹਾਂ ਨੂੰ ਕੁਦਰਤ ਨੇ ਪੈਰ-ਪੈਰ ਤੇ ਪਰਖਿਆ ਪਰ ਉਹ ਇਸ ਅਗਨੀ-ਪ੍ਰੀਖਿਆ ਵਿਚੋਂ ਇਹ ਸ਼ੁੱਧ ਸੋਨਾ ਬਣਕੇ ਨਿਕਲਦੇ ਰਹੇ। ਇਹਨਾਂ ਨੇ ਅਸੰਭਵ ਕਾਰਜ ਨੂੰ ਸੰਭਵ ਬਣਾ ਕੇ, ਲੋਕਾਂ ਨੂੰ ਹੈਰਾਨ ਹੀ ਨਹੀਂ ਕੀਤਾ ਸਗੋਂ ਨਵੀਂਆਂ ਮਿਸਾਲਾਂ ਵੀ ਪੈਦਾ ਕੀਤੀਆਂ। ਅਜਿਹੇ ਵਿਅਕਤੀਆਂ ਦੀ ਸੂਚੀ ਦੀਆਂ ਮੂਹਰਲੀਆਂ ਸਫਾਂ ਵਿਚ ਡਾ.ਐੱਸ ਤਰਸੇਮ ਦਾ ਨਾਂ ਵੀ ਸ਼ੁਮਾਰ ਹੈ। ਡਾ. ਐੱਸ. ਤਰਸੇਮ ਦਾ ਜਨਮ ਜ਼ਿਲ੍ਹਾ ਬਰਨਾਲਾ ਦੀ ਤਪਾ ਮੰਡੀ ਵਿਖੇ ਮਾਤਾ ਭਾਗਵੰਤੀ ਅਤੇ ਪਿਤਾ ਲੇਖ ਰਾਮ ਗੋਇਲ ਦੇ ਘਰ 21 ਦਸੰਬਰ,1942 ਵਿਚ ਹੋਇਆ। ਉਹਨਾਂ ਨੂੰ ਸਿਰਫ ਸੱਤਵੀਂ ਜਮਾਤ ਤੱਕ ਹੀ ਸਕੂਲ ਵਿਚ ਪੜ੍ਹਨ ਦਾ ਮੌਕਾ ਮਿਲਿਆ। ਸੱਤਵੀਂ ਜਮਾਤ ਤੋਂ ਬਾਅਦ ਉਹਨਾਂ ਨੇ ਸਿੱਧੇ ਹੀ ਦਸਵੀਂ ਜਮਾਤ ਪਾਸ ਕੀਤੀ। ਪਰ ਅਗਲੀ ਪੜ੍ਹਾਈ ਵਿਚ ਘਰ ਦੀ ਆਰਥਿਕ ਹਾਲਤ ਦੀਵਾਰ ਬਣ ਗਈ। ਇਸ ਤੋਂ ਬਾਅਦ ਉਹ ਅਨਟਰੇਂਡ ਅਧਿਆਪਕ ਦੇ ਤੌਰ ‘ਤੇ ਸਕੂਲ ਵਿਚ ਪੜ੍ਹਾਉਣ ਲੱਗੇ ਤੇ ਨਾਲ ਹੀ ਟਿਊਸ਼ਨਾਂ ਦਾ ਕੰਮ ਵੀ ਆਰੰਭ ਲਿਆ। ਹੱਥ ਸੁਖਾਲਾ ਹੋਇਆ ਤਾਂ ਉਹਨਾਂ ਨੂੰ ਪ੍ਰਾਈਵੇਟ ਤੌਰ ਤੇ ਅੱਗੇ ਪੜ੍ਹਨ ਦਾ ਮੌਕਾ ਮਿਲ ਗਿਆ। ਇਸ ਤਰ੍ਹਾਂ ਦੁਸ਼ਵਾਰੀਆਂ ਦਾ ਸਾਹਮਣਾ ਕਰਦਿਆਂ ਬੀ. ਏ. ਤੱਕ ਦੀ ਵਿੱਦਿਆ ਰੁਲ-ਖੁਲ ਕੇ ਹੀ ਉਹਨਾਂ ਦੇ ਪੱਲੇ ਪਈ। ਜ਼ਿੰਦਗੀ ਵਿਚ ਪਹਿਲੀ ਵਾਰ ਕਾਲਜ ਦੇਖਣ ਦਾ ਮੌਕਾ ਉਹਨਾਂ ਨੂੰ ਬੀ. ਐੱਡ. ਦੀ ਸਿੱਖਿਆ ਪ੍ਰਾਪਤ ਕਰਨ ਮੌਕੇ ਹੀ ਮਿਲਿਆ। ਉਹਨਾਂ ਦੀ ਉਮਰ ਅਜੇ 10-12 ਸਾਲ ਦੀ ਸੀ ਜਦੋਂ ਅੰਧਰਾਤਾ ਹੋਣ ਲੱਗ ਗਿਆ ਸੀ। ਜਿਉਂ ਹੀ ਸੂਰਜ ਢਲਦਾ, ਉਹਨਾਂ ਦੀ ਚਿੰਤਾ ਵੱਧ ਜਾਂਦੀ। ਬੇਸ਼ੱਕ ਉਹਨਾਂ ਨੇ ਅੱਖਾਂ ਦੇ ਚੰਗੇ ਤੋਂ ਚੰਗੇ ਡਾਕਟਰ ਨਾਲ ਰਾਬਤਾ ਕਾਇਮ ਕੀਤਾ ਪਰ ਕੋਈ ਫਰਕ ਨਾ ਪਿਆ। 1976 ਤੋਂ ਬਾਅਦ ਤਾਂ ਦਿਨ ਬ ਦਿਨ ਉਹਨਾਂ ਦੀ ਨਿਗ੍ਹਾ ਤੇਜੀ ਨਾਲ ਘਟਣ ਲੱਗ ਗਈ ਸੀ। ਆਖਰ ਓਹੀ ਹੋਇਆ ਜਿਸ ਦਾ ਡਰ ਸੀ। 1980 ਤੱਕ ਤਾਂ ਨਿਗ੍ਹਾ ਬਿਲਕੁੱਲ ਚਲੀ ਗਈ ਸੀ। ਅਜਿਹੀ ਹਾਲਤ ਵਿਚ ਵੀ, ਉਹਨਾਂ ਨੇ ਹਿੰਮਤ ਨਾ ਹਾਰੀ ਤੇ ਨੌਕਰੀ ਕਰਦਿਆਂ ਪੰਜਾਬੀ, ਹਿੰਦੀ ਅਤੇ ਉਰਦੂ ਵਿਸ਼ਿਆਂ ਵਿਚ ਐਮ. ਏ. ਤੋਂ ਬਿਨਾਂ ਪੀ ਐੱਚਡੀ ਤੱਕ ਦੀ ਵਿਦਿਆ ਹਾਸਲ ਕਰ ਲਈ ਸੀ। 1958 ਤੋਂ 1981 ਤੱਕ ਉਹਨਾਂ ਨੇ ਵੱਖ-ਵੱਖ ਸਕੂਲਾਂ ਵਿਚ ਪੜ੍ਹਾਇਆ। ਇਸ ਤੋਂ ਬਾਅਦ ਉਹਨਾਂ ਦੀ ਨਿਯੁਕਤੀ ਬਤੌਰ ਕਾਲਜ ਲੈਕਚਰਾਰ, ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ ਹੋ ਗਈ। 2002 ਵਿਚ ਉਹ ਏਸੇ ਕਾਲਜ ਵਿਚੋਂ ਹੀ ਸੇਵਾ ਮੁਕਤ ਹੋਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਕ ਨੇਤਰਹੀਣ ਮਨੁੱਖ ਨੂੰ ਜੀਵਨ ਵਿਚ ਕਿੰਨੀਆਂ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਭ ਤੋਂ ਚਿੰਤਾ ਵਾਲੀ ਗੱਲ ਇਹ ਕਿ ਉਸਨੂੰ ਦੂਜੇ ਦਾ ਮੁਹਤਾਜ ਬਣਕੇ ਦਿਨ-ਕਟੀ ਕਰਨੀ ਪੈਂਦੀ ਹੈ। ਪਰ ਡਾ. ਐੱਸ. ਤਰਸੇਮ ਨੇ ਆਪਣਾ ਜੀਵਨ ਇਕ ਖ਼ੁੱਦਾਰ ਦੀ ਤਰ੍ਹਾਂ ਜੀਵਿਆ। ਹੱਥਾਂ ਤੇ ਹੱਥ ਧਰਕੇ ਬੈਠਣ ਦੀ ਬਜਾਇ, ਉਹਨਾਂ ਨੇ ਆਪਣੀ ਰੋਜ਼-ਮਰਾ ਦੀ ਜ਼ਿੰਦਗੀ ਨੂੰ ਇਕ ਆਮ ਮਨੁੱਖ ਦੀ ਤਰ੍ਹਾਂ ਢਾਲ ਲਿਆ ਸੀ। ਪੁਸਤਕਾਂ, ਰਸਾਲੇ ਅਤੇ ਅਖ਼ਬਾਰ ਵਗੈਰਾ ਪੜ੍ਹਕੇ ਸੁਣਾਉਣ ਲਈ, ਉਹਨਾ ਇਕ ਸਹਾਇਕ ਰੱਖ ਲਿਆ ਸੀ। ਉਹਨਾਂ ਨੇ ਜੋ ਵੀ ਲਿਖਵਾਉਣਾ ਹੁੰਦਾ ਸੀ, ਉਹ ਬੋਲ ਕੇ ਲਿਖਵਾਇਆ ਕਰਦੇ ਸਨ ਜਿਸ ਨੂੰ ਉਹਨਾਂ ਦਾ ਇਕ ਹੋਰ ਸਹਾਇਕ ਰਮਜ਼ਾਨ ਕੰਪਿਊਟਰ ਦੇ ਜ਼ਰੀਏ ਟਾਈਪ ਕਰਕੇ ਸੰਭਾਲ ਲੈਂਦਾ ਸੀ। ਰਮਜ਼ਾਨ ਹੀ ਘਰ ਤੋਂ ਬਾਹਰ ਉਹਨਾਂ ਦਾ ਸਹਾਇਕ ਬਣਕੇ ਵਿਚਰਦਾ ਹੁੰਦਾ ਸੀ। ਅਜਿਹੀ ਹਾਲਤ ਵਿਚ ਸਾਹਿਤ ਦੇ ਖੇਤਰ ਵਿਚ ਉਹਨਾਂ ਵੱਲੋਂ ਪਾਏ ਯੋਗਦਾਨ ਨੂੰ ਦੇਖਦਿਆਂ ਬੇਹੱਦ ਹੈਰਾਨੀ ਹੁੰਦੀ ਹੈ। ਉਂਝ ਤਾਂ ਬਚਪਨ ਵਿਚ ਹੀ ਡਾ. ਤਰਸੇਮ ਕਵਿਤਾ ਨਾਲ ਬਵਸਤਾ ਹੋ ਗਏ ਸਨ। ਉਹਨਾਂ ਦੇ ਵੱਡੇ ਭਰਾ ਹਰਬੰਸ ਲਾਲ ਗੋਇਲ ਵੀ ਕਦੇ-ਕਦੇ ਕਵਿਤਾ ਲਿਖਿਆ ਕਰਦੇ ਸਨ। ਉਹਨਾਂ ਦਾ ਪ੍ਰਭਾਵ ਕਬੂਲਦਿਆਂ ਡਾ. ਤਰਸੇਮ ਵੀ ਸੱਤਵੀਂ ਜਮਾਤ ਵਿਚ ਪੜ੍ਹਦਿਆਂ ਹੀ ਕਵਿਤਾਵਾਂ ਲਿਖਣ ਲੱਗ ਗਏ ਸਨ। ਉਸ ਵਕਤ ਉਹ ਤਰਸੇਮ ਲਾਲ ਤੁਲਸੀ ਦੇ ਨਾਂ ਹੇਠ ਕਵਿਤਾ ਲਿਖਿਆ ਕਰਦੇ ਸਨ। ਜਿਉਂ ਜਿਉਂ ਸੋਝੀ ਆਉਂਦੀ ਗਈ, ਸਾਹਿਤ ਨਾਲ ਉਹਨਾਂ ਦਾ ਲਗਾਉ ਹੋਰ ਗੂੜਾ ਹੋ ਗਿਆ। ਉਸ ਵਕਤ ਪੰਜਾਬੀ ਸਾਹਿਤ ਵਿਚ ਤਰਸੇਮ ਨਾਂ ਦੇ ਕਈ ਲੇਖਕ ਸਨ। ਬੜੀ ਸੋਚ ਵਿਚਾਰ ਤੋਂ ਬਾਅਦ ਉਹਨਾਂ ਨੇ ਨਵਾਂ ਨਾਂ ‘ਐੱਸ. ਤਰਸੇਮ’ ਰੱਖ ਕੇ, ਆਪਣੇ ਆਪ ਨੂੰ ਦੂਜਿਆਂ ਨਾਲੋਂ ਵੱਖਰਾਲਿਆ ਸੀ। ਤਪਾ ਮੰਡੀ ਵਿਖੇ ਰਹਿੰਦਿਆਂ ਉਹਨਾਂ ਨੂੰ ਸੀ. ਮਾਰਕੰਡਾ ਦੀ ਸੰਪਾਦਨਾ ਹੇਠ ਛਪਦੇ ਦੋ ਮਾਸਿਕ ਪਰਚੇ ‘ਕਿੰਤੂ’ ਲਈ, ਸਹਾਇਕ ਸੰਪਾਦਕ ਦੇ ਤੌਰ ਤੇ ਕੰਮ ਕਰਨ ਦਾ ਮੌਕਾ ਮਿਲਿਆ। ਪਰਚੇ ਵਿਚ ਛਪਣ ਵਾਲੀਆਂ ਰਚਨਾਵਾਂ ਦੀ ਪਰਖ ਪੜਚੋਲ ਕਰਦਿਆਂ, ਹੌਲੀ-ਹੌਲੀ ਉਹ ਸਾਹਿਤ ਦੀਆਂ ਹੋਰ ਵਿਧਾਵਾਂ ਨਾਲ ਵੀ ਜੁੜਦੇ ਗਏ। ਕਵਿਤਾਵਾਂ ਦੇ ਨਾਲ-ਨਾਲ ਉਹ ਜਿੱਥੇ ਕਹਾਣੀਆਂ ਦੀ ਸਿਰਜਣਾ ਕਰਨ ਲੱਗ ਗਏ ਸਨ, ਉੱਥੇ ਆਲੋਚਨਾ ਦੇ ਖੇਤਰ ਵਿਚ ਵੀ ਕਦਮ ਰੱਖ ਲਿਆ ਸੀ। ਉਹਨਾਂ ਦਾ ਪਹਿਲਾ ਕਹਾਣੀ ਸੰਗ੍ਰਹਿ ‘ਕਣਕ ਦਾ ਬੁੱਕ’ 1972 ਵਿਚ ਪ੍ਰਕਾਸ਼ਿਤ ਹੋਇਆ। ਇਸੇ ਲੜੀ ਨੂੰ ਅੱਗੇ ਵਧਾਉਂਦਿਆ ਸਾਲ 2007 ਤੱਕ ਉਹਨਾਂ ਦੇ ਚਾਰ ਹੋਰ ਕਹਾਣੀ ਸੰਗ੍ਰਹਿ ‘ਅੱਜ ਦੇ ਮਸੀਹੇ’, ‘ਪਾਟਿਆ ਦੁੱਧ’, ‘ਫੈਲਦੇ ਰਿਸ਼ਤੇ’, ਅਤੇ ‘ਚਾਰ ਖਣ’ ਪ੍ਰਕਾਸ਼ਿਤ ਹੋਏ। ਉਹਨਾਂ ਦਾ ਇਕ ਕਹਾਣੀ ਸੰਗ੍ਰਹਿ ‘ਰਿਸ਼ਤੇ’ ਹਿੰਦੀ ਵਿਚ ਵੀ ਛਪਿਆ। ਇਸ ਸਮੇਂ ਦੌਰਾਨ ਹੀ ਕਹਾਣੀਆਂ ਦੀ ਸਿਰਜਣਾ ਦੇ ਨਾਲ ਨਾਲ, ਉਹਨਾਂ ਨੇ ਗ਼ਜ਼ਲਾਂ ਦੀਆਂ ਚਾਰ ਪੁਸਤਕਾਂ ‘ਕਿਰਮਚੀ ਹਰਫ਼ ਕਾਲੇ ਹਾਸ਼ੀਏ’, ‘ਸੂਹੀ ਮਹਿਕ ਸਿਆਹ ਮੌਸਮ’, ‘ਢਾਈ ਅੱਖਰ’ ਅਤੇ ‘ਪਰਵਾਜ਼ ਦਰ ਪਰਵਾਜ਼’ ਵੀ ਪਾਠਕਾਂ ਦੀ ਨਜ਼ਰ ਕੀਤੀਆਂ। ਉਹਨਾਂ ਦੇ ਦੋ ਸ਼ਿਅਰ : ਨਾ ਰੌਸ਼ਨਦਾਨ ਨਾ ਬੂਹਾ ਤੇ ਨਾ ਖਿੜਕੀ ਬਣਾਉਂਦਾ ਹੈ ਗ਼ਜ਼ਲ ਨੂੰ ਬੋਲ ਨਾ ਮਿਲਦਾ ਸੁਰਾਂ ਵਿਚ ਸ਼ਹਿਦ ਨਾ ਘੁਲਦਾ ਇਸ ਤੋਂ ਬਿਨਾਂ ਉਹਨਾਂ ਨੇ ਆਪਣੇ ਜੀਵਨ ਅਤੇ ਰਚਨਾ ਨੂੰ ਦੋ ਪੁਸਤਕਾਂ ‘ਕੱਚੀ ਮਿੱਟੀ, ਪੱਕਾ ਰੰਗ’ ਅਤੇ ‘ਧ੍ਰਿਤਰਾਸ਼ਟਰ’ ਵਿਚ ਸਵੈ-ਜੀਵਨੀ ਦੇ ਰੂਪ ਵਿਚ ਪੇਸ਼ ਕੀਤਾ। ਸ਼ਬਦ-ਚਿੱਤਰਾਂ ਦੀਆਂ ਦੋ ਪੁਸਤਕਾਂ ‘ਭਰ ਵਗਦੇ ਦਰਿਆ’ ਅਤੇ ‘ਛੱਲਾਂ ਤੇ ਸਮੁੰਦਰ’ ਤੋਂ ਬਿਨਾਂ ਉਹਨਾਂ ਨੇ ਡੇਢ ਦਰਜਨ ਦੇ ਕਰੀਬ ਪੁਸਤਕਾਂ ਦੀ ਸੰਪਾਦਨਾਂ ਵੀ ਕੀਤੀ। ਸਾਹਿਤਕ ਆਲੋਚਨਾ ਦੇ ਖੇਤਰ ਵਿਚ ਉਹਨਾਂ ਵੱਲੋਂ ਪਾਏ ਯੋਗਦਾਨ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਉਹਨਾਂ ਦੁਆਰਾ ਰਚਿਤ, ਆਲੋਚਨਾ ਦੀਆਂ ਛੇ ਪੁਸਤਕਾਂ ਵਿਚੋਂ, ਪੁਸਤਕ ‘ਗ਼ਜ਼ਲ, ਅਰੂਜ਼ ਅਤੇ ਪਿੰਗਲ’ ਨੂੰ ਬਹੁਤ ਮਾਣ ਮਿਲਿਆ। ਗ਼ਜ਼ਲ ਅਤੇ ਗੀਤ ਦੇ ਸਿੱਖਿਆਰਥੀਆਂ ਲਈ ਇਹ ਪੁਸਤਕ ਬੇਹੱਦ ਲਾਹੇਬੰਦ ਸਾਬਤ ਹੋਈ। ਸਾਹਿਤ ਸਿਰਜਣਾ ਦੇ ਨਾਲ ਨਾਲ ਜਨਵਰੀ, 2004 ਵਿਚ ਉਹਨਾਂ ਨੇ ‘ਨਜ਼ਰੀਆ’ ਨਾਂ ਦਾ ਤ੍ਰੈਮਾਸਿਕ ਪਰਚਾ ਵੀ ਸ਼ੁਰੂ ਕੀਤਾ। ਇਸ ਪਰਚੇ ਨੇ ਕਿੰਨੇ ਹੀ ਯਾਦਗਰੀ ਵਿਸ਼ੇਸ਼ ਅੰਕ ਪਾਠਕਾਂ ਦੀ ਨਜ਼ਰ ਕੀਤੇ। ਇਹਨਾਂ ਵਿਚੋਂ ਕਈ ਅੰਕ, ਬਾਅਦ ਵਿਚ ਪੁਸਤਕ ਰੂਪ ਵਿਚ ਵੀ ਪ੍ਰਕਾਸ਼ਿਤ ਹੋਏ। ਸਾਹਿਤ ਦੇ ਖੇਤਰ ਵਿਚ ਮੁੱਖ ਭੂਮਿਕਾ ਨਿਭਾਉਣ ਤੋਂ ਬਿਨਾਂ ਡਾ. ਐੱਸ. ਤਰਸੇਮ ਨੇ ਕਈ ਸੰਸਥਾਵਾਂ ਵਿਚ ਮੋਹਰੀ ਰੋਲ ਅਦਾ ਕੀਤਾ। ਉਹਨਾਂ ਨੇ ਸਾਲ 2001 ਤੋਂ 2004 ਤੱਕ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਈ। ਇਸ ਤੋਂ ਬਿਨਾਂ ਇਸੇ ਕੇਂਦਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦਿਆਂ ‘ਤੇ ਕੰਮ ਕਰਨ ਤੋਂ ਬਿਨਾਂ, ਦੋ ਵਾਰ ਜਨਰਲ ਸਕੱਤਰ ਵੀ ਰਹੇ। ਉਹ ਪੰਜਾਬ ਵੈਲਫੇਅਰ ਐਸੋਸੀਏਸ਼ਨ ਫਾਰ ਬਲਾਈਂਡ (ਰਜਿ.) ਦੇ ਜਨਰਲ ਸਕੱਤਰ ਅਤੇ ਆਲ ਇੰਡੀਆ ਕਨਫੈਡਰੇਸ਼ਨ ਆਫ ਦਾ ਬਲਾਈਂਡ ( ਰਜਿ.) ਦੇ ਮੀਤ ਪ੍ਰਧਾਨ ਵੀ ਰਹੇ। ਸਾਹਿਤ ਪ੍ਰਤੀ ਨਿਭਾਈਆਂ ਸੇਵਾਵਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਲ 2000 ਵਿਚ ਭਾਸ਼ਾ ਵਿਭਾਗ ਪੰਜਾਬ ਨੇ ਜਿੱਥੇ ਉਹਨਾਂ ਨੂੰ ‘ਸ਼੍ਰੋਮਣੀ ਸਾਹਿਤਕਾਰ’ ਦਾ ਪੁਰਸਕਾਰ ਦੇ ਕੇ ਸਨਮਾਨਤ ਕੀਤਾ, ਉੱਥੇ ਗ਼ਜ਼ਲ ਸੰਗ੍ਰਹਿ ‘ਢਾਈ ਅੱਖਰ’ ਨੂੰ ‘ਗਿਆਨੀ ਗੁਰਮੁੱਖ ਸਿੰਘ ਮੁਸਾਫ਼ਰ ਪੁਰਸਕਾਰ’ ਵੀ ਪ੍ਰਦਾਨ ਕੀਤਾ। ਇਸ ਤੋਂ ਬਿਨਾਂ ਦਰਜਨਾਂ ਹੋਰ ਨਾਮਵਰ ਸੰਸਥਾਵਾਂ ਵੱਲੋਂ ਵੀ ਸਮੇਂ ਸਮੇਂ ਮਾਣ ਸਨਮਾਨ ਕੀਤਾ ਗਿਆ। ਦੂਜਿਆਂ ਲਈ ਮਾਰਗ ਦਰਸ਼ਨ ਦਾ ਕੰਮ ਕਰਨ ਵਾਲੇ, ਡਾ.ਐੱਸ ਤਰਸੇਮ 23 ਫਰਵਰੀ, 2019 ਵਿਚ ਆਪਣੇ ਪਿਆਰਿਆਂ ਨੂੰ ਅਲਵਿਦਾ ਕਹਿ ਗਏ ਸਨ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਭੋਲਾ ਸਿੰਘ ਸੰਘੇੜਾ ਦਾ ਜੀਵਨ ਵੇਰਵਾ:
1. ਨਾਮ : ਭੋਲਾ ਸਿੰਘ ਸੰਘੇੜਾ, 2. ਪਿਤਾ ਦਾ ਨਾਮ : ਭਾਗ ਸਿੰਘ, 3. ਮਾਤਾ ਦਾ ਨਾਮ : ਤੇਜ ਕੌਰ
4. ਜਨਮ ਮਿਤੀ : 7 ਜੂਨ, 1959
5. ਜਨਮ ਸਥਾਨ : ਪਿੰਡ ਸੰਘੇੜਾ, ਜ਼ਿਲ੍ਹਾ ਬਰਨਾਲਾ (ਪੰਜਾਬ)
6. ਯੋਗਤਾ : B.Sc. , M. Com, M. A, M.Phil ( Punjabi)
7. ਕਿੱਤਾ : ਅਧਿਆਪਨ
* 29/1/1983 ਤੋਂ 24/7/2008 ਸਾਇੰਸ ਅਧਿਆਪਕ
* 24/7/2008 ਤੋਂ 30/6/2018 ਸਕੂਲ ਲੈਕਚਰਾਰ ( ਪੰਜਾਬੀ)
8. ਕਿਤਾਬਾਂ :
* ਕਹਾਣੀ-ਸੰਗ੍ਰਹਿ: 1. ਪਹਿਲੀ ਕਿਤਾਬ : ਜ਼ਹਿਰ ਦਾ ਘੁੱਟ ( 1987), 2. ਰੇਤ ਦੀਆਂ ਕੰਧਾਂ ( 2002), 3. ਹਾਏ ਓਏ ਦੁੱਲਿਆ (2016), 4. ਇਹ ਜੰਗ ਕੌਣ ਲੜੇਗਾ (2018), 5. ਮਿੱਟੀ ਦੇ ਪੁੱਤ ( ਕਿਸਾਨੀ ਜੀਵਨ ਦੀਆਂ ਚੋਣਵੀਆਂ ਕਹਾਣੀਆਂ), 6. ਪੁਨਰ ਜਨਮ (ਤਰਸੇਮ ਦੁਆਰਾ ਹਿੰਦੀ ਵਿਚ ਅਨੁਵਾਦਿਤ ਕਹਾਣੀ- ਸੰਗ੍ਰਹਿ)
*ਨਾਵਲ: 1. ਬਲ਼ਦੀ ਰੁੱਤ 2019
* ਵਿਚਾਰ-ਸੰਗ੍ਰਹਿ: 1. ਤੇਰਾਂ 100 ਤੇਰਾਂ
* ਵਾਰਤਿਕ
1. ਸ਼ਬਦਾਂ ਦਾ ਸਫ਼ਰ: (ਬਰਨਾਲਾ ਦੀ ਸਾਹਿਤਕ ਲਹਿਰ ਦਾ ਇਤਿਹਾਸ)
*ਸੰਪਾਦਨ :
1. ਢਲਦੀ ਦੁਪਹਿਰ ( ਕਿਸਾਨੀ ਜੀਵਨ ਨਾਲ ਸੰਬੰਧਤ ਕਹਾਣੀਆਂ), 2. ਨਾਨਕ ਨੂਰ ( ਸ੍ਰੀ ਗੁਰ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੀਤ-ਸੰਗ੍ਰਹਿ)
* ਡਾ. ਜੋਗਿੰਦਰ ਸਿੰਘ ਨਿਰਾਲਾ ਨਾਲ ਮਿਲਕੇ ਸੰਪਾਦਨ :
1. ਕੂੰਜਾਂ ਦੀ ਪਰਵਾਜ਼ ( ਪੰਜਾਬੀ ਔਰਤ ਲੇਖਕਾਵਾਂ ਦੀਆਂ ਕਹਾਣੀਆਂ), 2. ਕਰਮ ਸਿੰਘ ਮਾਨ ਦੀਆਂ ਕਹਾਣੀਆਂ ਦਾ ਕਥਾ- ਵਿਵੇਕ (ਮਾਨ ਦੀਆਂ ਕਹਾਣੀਆਂ ਬਾਰੇ ਵਿਦਵਾਨਾਂ ਦੇ ਵਿਚਾਰ)
*ਅਨੁਵਾਦ :
1. ਅਸੀਂ ਨਾਸਤਕ ਬਣੇ ( We become atheist written by Gora)
2. ਨੀਲੇ ਪੱਤਰੇ ( The blue notebook Written by Emmanuil Kazakevitch)
*ਆਲੋਚਨਾ:
1. ਮਿੱਤਰ ਸੈਨ ਮੀਤ ਦੀਆਂ ਕਹਾਣੀਆਂ ਦਾ ਕਥਾ-ਵਿਵੇਕ (ਮਿੱਤਰ ਸੈਨ ਮੀਤ ਪੰਜਾਬ ਦਾ ਪ੍ਰਸਿੱਧ ਨਾਵਲਕਾਰ ਹੈ ਜਿਸ ਦੇ ਨਾਵਲ ਕੌਰਵ ਸਭਾ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵਲੋਂ ਪਰਸਕ੍ਰਿਤ ਕੀਤਾ ਜਾ ਚੁੱਕਿਆ ਹੈ)
**9. ਸੰਪਾਦਿਤ ਸੰਗ੍ਰਹਿਆਂ ਵਿਚ ਕਹਾਣੀਆਂ ਤੇ ਹੋਰ ਰਚਨਾਵਾਂ:
ਕਹਾਣੀਆਂ --
1. ਪੁਸਤਕ : ਨਾਰਦ ਡਉਰੂ ਵਾਇਆ (1988) ਸੰਪਾਦਕ : ਡਾ. ਜੋਗਿੰਦਰ ਨਿਰਾਲਾ ਕਹਾਣੀ -- ਮਨੁੱਖ ਤੇ ਪਸ਼ੂ
2. ਪੁਸਤਕ: ਲਾਸ਼ ਤੇ ਹੋਰ ਕਹਾਣੀਆਂ (2002) ਸੰਪਾਦਕ--ਕੰਵਰਜੀਤ ਭੱਠਲ—ਕਹਾਣੀ --ਵਾਰਿਸ
3. ਪੁਸਤਕ : ਨਵੀਂ ਫਸਲ (2003) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਉਮਰੋਂ ਲੰਮੇ ਦੁੱਖ
4. ਪੁਸਤਕ : ਮਿਲਿ ਕੈ ਕਰਹ ਕਹਾਣੀਆ (2003) ਸੰਪਾਦਕ : ਡਾ. ਭੁਪਿੰਦਰ ਸਿੰਘ ਬੇਦੀ—ਕਹਾਣੀ -- ਆਪਣੀ ਮਿੱਟੀ ਦੇ ਪੁੱਤ
5. ਪੁਸਤਕ : ਨਵੀਂ ਕਹਾਣੀ (2004) ਸੰਪਾਦਕ : ਡਾ. ਕਰਾਂਤੀਪਾਲ —ਕਹਾਣੀ -- ਕੂਕ
6. ਪੁਸਤਕ : ਹੁਣ ਹੋਰ ਨਾ ਪੁੱਛੀਂ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ --ਹਾਏ ਓਏ ਦੁੱਲਿਆ
7. ਪੁਸਤਕ : ਦੇਸ ਮਾਲਵਾ (2009) ਸੰਪਾਦਕ : ਰਾਮ ਸਰੂਪ ਅਣਖੀ—ਕਹਾਣੀ -- ਮਾਰੂਥਲ
8. ਪੁਸਤਕ : ਕਿਸਾਨੀ ਜੀਵਨ ਦੀ ਪੰਜਾਬੀ ਕਹਾਣੀ (2014) ਸੰਪਾਦਕ : ਡਾ. ਰਵੀ ਰਵਿੰਦਰ—ਕਹਾਣੀ -- ਸੰਭਾਲ ਲੈ ਮੈਨੂੰ
9. ਪੁਸਤਕ : ਹਵਾੜ੍ਹੇ ਸੁਪਨੇ (2018) -(ਮਜ਼ਦੂਰ ਵਰਗ 'ਤੇ ਕੇਂਦਰਿਤ 31 ਕਹਾਣੀਆਂ)-ਸੰਪਾਦਕ : ਅਨੇਮਨ ਸਿੰਘ ਕਹਾਣੀ -- ਸਾਂਝ ਦੇ ਪਲ
10. ਪੁਸਤਕ : ਸ਼ਾਇਦ ਦਿਨ ਚੜ੍ਹ ਜਾਂਦਾ (2019)—(ਕਿਸਾਨੀ ਜੀਵਨ 'ਤੇ ਕੇਂਦਰਿਤ 25 ਕਹਾਣੀਆਂ) ਸੰਪਾਦਕ : ਡਾ. ਰਵੇਲ ਸਿੰਘ, ਅਨੇਮਨ ਸਿੰਘ—ਕਹਾਣੀ -- ਪੁਨਰ ਜਨਮ
11. ਪੁਸਤਕ : ਢਾਈ ਦਹਾਕੇ (2021) ਸੰਪਾਦਕ : ਕੰਵਰਜੀਤ ਭੱਠਲ—ਕਹਾਣੀ -- ਵਾਰਿਸ
*ਹਿੰਦੀ ਸੰਗ੍ਰਹਿ ***
1. ਪੁਸਤਕ : ਪੰਜਾਬੀ ਕੀ ਯਾਦਗਾਰ ਕਹਾਨੀਆਂ (2018)-ਸੰਪਾਦਕ ਐਵੰ ਅਨੁਵਾਦਕ: ਸੁਭਾਸ਼ ਨੀਰਵ—ਕਹਾਨੀ -- ਹਾਏ ਰੇ ਦੁੱਲਿਆ
2. ਪੁਸਤਕ : ਕਿਸਾਨੀ ਜੀਵਨ ਕੀ ਪੰਜਾਬੀ ਕਹਾਨੀ (2021) -ਸੰਪਾਦਕ : ਡਾ. ਰਵੀ ਰਵਿੰਦਰ —ਕਹਾਨੀ -- ਸੰਭਾਲ ਲੇ ਮੁਝੇ
3. ਪੁਸਤਕ : 21ਸ਼ਰੇਸਠ ਯੁਵਾਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ—ਕਹਾਨੀ -- ਅਲਵਿਦਾ ਦੋਸਤ
4. ਪੁਸਤਕ : 21 ਸ਼ਰੇਸਠ ਨਾਰੀਮਨ ਕੀ ਕਹਾਨੀਆਂ ਪੰਜਾਬ (2022)—ਸੰਪਾਦਕ ਵ ਅਨੁਵਾਦਕ : ਡਾ. ਜਸਵਿੰਦਰ ਕੌਰ ਬਿੰਦਰਾ —ਕਹਾਨੀ -- ਉਮਰ ਸੇ ਲੰਮੇ ਦੁੱਖ
**ਕਵਿਤਾ :
ਪੁਸਤਕ : ਬਲਦੇ ਚਿਰਾਗ਼ (ਕਾਵਿ-ਸੰਗ੍ਰਹਿ)-- (2000)-ਸੰਪਾਦਕ : ਡਾ ਸੰਪੂਰਨ ਸਿੰਘ ਟੱਲੇਵਾਲ
ਰਚਨਾ : ਕੁਝ ਕਵਿਤਾਵਾਂ
ਸੰਪਾਦਤ ਸੰਗ੍ਰਹਿਆਂ ਵਿਚ ਹੋਰ ਰਚਨਾਵਾਂ :
1. ਪੁਸਤਕ : ਆਪਣੀ ਮਿੱਟੀ ਦਾ ਰੁੱਖ -ਰਾਮ ਸਰੂਪ ਅਣਖੀ—ਸੰਪਾਦਕ : ਕੁਲਦੀਪ ਸਿੰਘ ਮਾਨ—ਰਚਨਾ: ਸਾਹਿਤ ਦਾ ਭਰ ਵਗਦਾ ਦਰਿਆ ਸੀ ਅਣਖੀ
2. ਪੁਸਤਕ : ਗ਼ਜ਼ਲਕਾਰ ਬੂਟਾ ਸਿੰਘ ਚੌਹਾਨ—ਸੰਪਾਦਕ : ਡਾ. ਸਤਨਾਮ ਸਿੰਘ ਜੱਸਲ —ਰਚਨਾ -ਵਿਲੱਖਣ ਮੁਹਾਂਦਰੇ ਦੀ ਸ਼ਾਇਰੀ
3. ਪੁਸਤਕ : ਕਹਾਣੀ ਤੋਂ ਨਾਟ ਮੰਚ ਤੱਕ—ਸੰਪਾਦਕ : ਡਾ. ਸੋਮ ਪਾਲ ਹੀਰਾ —ਰਚਨਾ - ਕਹਾਣੀ 'ਉਮਰੋਂ ਲੰਮੇ ਦੁੱਖ 'ਤੇ ਆਧਾਰਿਤ ਪ੍ਰੋ. ਸਰਬਜੀਤ ਦਾ ਲਿਖਿਆ ਨਾਟਕ 'ਰੇਤ ਦੀਆਂ ਕੰਧਾਂ'
4. ਪੁਸਤਕ : ਪੰਜਾਬੀ ਕਹਾਣੀ (2022)—ਲੇਖਕ -- ਡਾ. ਤੇਜਵੰਤ ਮਾਨ—ਰਚਨਾ - ਕਹਾਣੀ 'ਹਾਏ ਓਏ ਦੁੱਲਿਆ' ਬਾਰੇ ਵਿਚਾਰ
5. ਪੁਸਤਕ : ਜਿਨ੍ਹਾਂ ਸ਼ਬਦ ਪ੍ਰਗਾਸਿਆ—ਸੰਪਾਦਕ : ਡਾ. ਬਲਦੇਵ ਸਿੰਘ ਬੱਦਨ—ਰਚਨਾ- ਡਾ ਅਮਰ ਕੋਮਲ ਦੁਆਰਾ ਲਿਖਿਆ, ਭੋਲਾ ਸਿੰਘ ਸੰਘੇੜਾ ਦਾ ਸ਼ਬਦ ਚਿੱਤਰ
**10. ਸੰਘੇੜਾ ਦੀਆਂ ਕਹਾਣੀਆਂ 'ਤੇ ਦੂਜੇ ਲੇਖਕਾਂ ਵੱਲੋ ਕੀਤਾ ਕਾਰਜ:
1. ਸੰਪਾਦਕ: ਡਾ. ਸੁਰਜੀਤ ਬਰਾੜ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੀਆਂ ਕਹਾਣੀਆਂ: ਦ੍ਰਿਸ਼ਟੀਮੂਲਕ ਤਰਜ਼ੀਹਾਂ-(ਆਲੋਚਕਾਂ ਵੱਲੋਂ ਕਹਾਣੀਆ 'ਤੇ ਲਿਖੇ ਖੋਜ ਨਿਬੰਧ )
*ਐਮ. ਫਿਲ.
1. ਸ਼ੋਧ ਕਰਤਾ : ਜਰਨੈਲ ਸਿੰਘ ਟਿਵਾਣਾ
ਵਿਸ਼ਾ : ਭੋਲਾ ਸਿੰਘ ਸੰਘੇੜਾ ਦੀ ਕਹਾਣੀ ਕਲਾ : ਇਕ ਅਧਿਐਨ—ਗਾਈਡ : ਡਾ. ਨਰਵਿੰਦਰ ਸਿੰਘ ਕੌਸ਼ਲ—ਯੂਨੀਵਰਸਿਟੀ: ਕੁਰੂਕਸ਼ੇਤਰਾ ਯੂਨੀਵਰਸਿਟੀ,ਕੁਰੂਕਸ਼ੇਤਰ—ਸੈਸ਼ਨ : 2007-08
2. ਸ਼ੋਧ ਕਰਤਾ: ਜਸਬੀਰ ਸਿੰਘ ਪਿੰਡ ਰੂੜੇਕੇ—ਵਿਸ਼ਾ : ਭੋਲਾ ਸਿੰਘ ਸੰਘੇੜਾ ਦੇ ਗਲਪ ਵਿਚ ਕਿਸਾਨੀ ਸੰਕਟ—ਗਾਈਡ : ਡਾ. ਸਾਕ ਮੁਹੰਮਦ—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ,ਤਲਵੰਡੀ ਸਾਬੋ—ਸੈਸ਼ਨ : ਜੂਨ 2019 ਤੋਂ ਆਰੰਭ
* ਪੀ. ਐਚ. ਡੀ
1. ਖੋਜ ਕਰਤਾ: ਡਾ. ਅਮਨਪਾਲ ਕੌਰ —ਵਿਸ਼ਾ : ਨਵਬਸਤੀਵਾਦੀ ਦੌਰ ਦੀ ਪੰਜਾਬੀ ਕਹਾਣੀ ਵਿਚ ਕਿਸਾਨੀ ਸੰਕਟ—ਗਾਈਡ : ਡਾ. ਭੀਮਇੰਦਰ ਸਿੰਘ—ਯੂਨਵਰਸਿਟੀ: ਪੰਜਾਬੀ ਯੂਨੀਵਰਸਿਟੀ, ਪਟਿਆਲਾ ਸਾਲ : 2011
2. ਖੋਜ ਕਰਤਾ : ਅਮਨਦੀਪ ਕੌਰ—ਵਿਸ਼ਾ : ਪੰਜਾਬੀ ਕਹਾਣੀ ਦੀਆਂ ਬਿਰਤਾਂਤਕ ਜੁਗਤਾਂ (ਅਜਮੇਰ ਸਿੱਧੂ, ਭੋਲਾ ਸਿੰਘ ਸੰਘੇੜਾ ਅਤੇ ਜਸਵੀਰ ਸਿੰਘ ਰਾਣਾ ਦੀਆਂ ਕਹਾਣੀਆਂ ਦੇ ਸੰਧਰਭ ਵਿਚ)—ਯੂਨੀਵਰਸਿਟੀ: ਗੁਰੂ ਕਾਸ਼ੀ ਯੂਨੀਵਰਸਿਟੀ, ਤਲਵੰਡੀ ਸਾਬੋ—ਸੈਸ਼ਨ : 2015-2020
* ਨਾਟਕ:
1. ਪ੍ਰੋ. ਸਰਬਜੀਤ ਔਲਖ ਨੇ ਕਹਾਣੀ ' ਉਮਰੋਂ ਲੰਮੇ ਦੁੱਖ' ਦਾ ਨਾਟਕੀਕਰਨ ਕਰਕੇ 'ਰੇਤ ਦੀਆਂ ਕੰਧਾਂ' ਨਾਂਅ ਦਾ ਨਾਟਕ ਲਿਖਿਆ। (ਇਹ ਨਾਟਕ ਬਹੁਤ ਮਕਬੂਲ ਹੋਇਆ ,ਪੰਜਾਬ ਤੋਂ ਬਿਨਾ ਇਸ ਦੇ ਕੈਨੇਡਾ, ਅਮਰੀਕਾ ਵਿਚ ਵੀ ਸ਼ੋਅ ਹੋਏ। 2002 ਤੋਂ ਲੈ ਕੇ ਅੱਜ ਤੱਕ, ਹਰ ਸਾਲ ਯੂਨੀਵਰਸਿਟੀ ਕਾਲਜਾਂ ਦੇ ਨਾਟਕ ਮੁਕਾਬਲਿਆਂ ਵਿਚ ਕਿਸੇ ਨਾ ਕਿਸੇ ਕਾਲਜ ਦੀ ਟੀਮ ਵੱਲੋਂ ਖੇਡਿਆ ਜਾਂਦਾ ਹੈ।
2. ਸੁਰਜੀਤ ਸਿੰਘ ਸੰਧੂ ਨੇ ਕਹਾਣੀ 'ਸੰਭਾਲ ਲੈ ਮੈਨੂੰ' ਦਾ ਨਾਟਕੀਕਰਨ ਕੀਤਾ।
* ਕਹਾਣੀਆਂ 'ਤੇ ਬਣੀਆਂ ਫ਼ਿਲਮਾਂ:
1. ਲਘੂ ਫਿਲਮ 'ਦਿਸ਼ਾ’, 2. ਲਘੂ ਫਿਲਮ ' ਬੇਦਰਦ’, 3. ਲਘੂ ਫਿਲਮ 'ਜਾਲ’ ਅਤੇ 4. ਲਘੂ ਫਿਲਮ 'ਪੱਗ'
11. ਸਨਮਾਨ:
1. ਸੰਤ ਅਤਰ ਸਿੰਘ ਘੁੰਨਸ ਯਾਦਗਾਰੀ ਐਵਾਰਡ, 2. ਮਾਤਾ ਗੁਰਮੇਲ ਕੌਰ ਯਾਦਗਾਰੀ ਐਵਾਰਡ ਅਤੇ 3. ਲੋਕ ਸਾਹਿਤ ਮੰਚ ਲੁਧਿਆਣਾ ਵੱਲੋਂ ਪੁਰਸਕ੍ਰਿਤ
12. ਸਾਹਿਤਕ ਸਰਗਰਮੀਆਂ
1 ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਦੇ ਜਨਰਲ ਸਕੱਤਰ ਦੇ ਤੌਰ ਤੇ 2000 ਤੋਂ 2010 ਤੱਕ ਕੰਮ ਕੀਤਾ। ਇਸ ਸਮੇਂ ਦੌਰਾਨ ਸਭਾ ਨੇ ਪੰਜਾਬ ਪੱਧਰ ਦਾ 'ਪੰਜਾਬੀ ਨਾਵਲ ਵਰਕਸ਼ਾਪ' ਸਮਾਗਮ ਕੀਤਾ। (1955 ਵਿਚ ਸੰਸਥਾਪਿਤ, ਪੰਜਾਬੀ ਸਾਹਿਤ ਸਭਾ ਰਜਿ. ਬਰਨਾਲਾ ਪੰਜਾਬ ਦੀਆਂ ਸਭ ਤੋਂ ਪੁਰਾਣੀਆਂ ਸਾਹਿਤਕ ਸਭਾਵਾਂ ਵਿਚੋਂ ਇਕ ਹੈ)
2. ਸੰਘੇੜਾ ਪਰਿਵਾਰ ਵੱਲੋਂ 2016 ਤੋਂ 'ਮਾਤਾ ਤੇਜ ਕੌਰ ਯਾਦਗਾਰੀ ਐਵਾਰਡ' ਸ਼ੁਰੂ ਕੀਤਾ ਹੋਇਆ ਹੈ ਜੋ ਹਰ ਸਾਲ ਇਕ ਪ੍ਰਬੁੱਧ ਲੇਖਕ ਨੂੰ ਦਿੱਤਾ ਜਾਂਦਾ ਹੈ।
ਪਤਾ: ਮਾਡਲ ਟਾਊਨ, ਗਲੀ ਨੰਬਰ 2 ਏ
ਪੱਤੀ ਰੋਡ,ਬਰਨਾਲਾ -148101
ਫੋਨ : 98147 87506 8427897587
Email id : sanghera1959@gmail.com