6 December 2024
ਪਂਜਾਬੀ ਕਲਮਾ ਦਾ ਕਾਫਲਾ

ਕਾਫ਼ਲੇ ਵੱਲੋਂ ਕਿਸਾਨ ਅੰਦੋਲਨ ਦੇ ਹੱਕ ਵਿੱਚ ਮੀਟਿੰਗ ਰਾਹੀਂ ਗੰਭੀਰ ਵਿਚਾਰ-ਚਰਚਾ

ਕਿਸਾਨ ਅੰਦੋਲਨ: ਅੱਜ ਦੇ ਸੰਘਰਸ਼ ‘ਚੋਂ ਸਾਡਾ ਵਿਰਸਾ ਝਲਕ ਰਿਹਾ ਹੈ

ਟਰਾਂਟੋ:- (ਕੁਲਵਿੰਦਰ ਖਹਿਰਾ) 5 ਦਿਸੰਬਰ ਨੂੰ ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਵੱਲੋਂ ਇੱਕ ਵਿਸ਼ੇਸ਼ ਮੀਟਿੰਗ ਕਰਕੇ ਭਾਰਤ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਗਈ। ਇਸ ਮੀਟਿੰਗ ਦੀ ਸੰਚਾਲਨਾ ਕਰਦਿਆਂ ਕੁਲਵਿੰਦਰ ਖਹਿਰਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਜਿਸ ਧਰਤੀ ‘ਤੋਂ ਗ਼ਦਰ ਲਹਿਰ ਤੁਰੀ ਸੀ ਅੱਜ ਉਨ੍ਹਾਂ ਗ਼ਦਰੀਆਂ ਦੀ ਬਦੌਲਤ ਉਸ ਧਰਤੀ ‘ਤੇ ਬੈਠਿਆਂ ਸਾਡਾ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਅਸੀਂ ਭਾਰਤ ਦੇ ਕਿਸਾਨ ਅੰਦੋਲਨ ਦੀ ਖੁੱਲ੍ਹ ਕੇ ਹਮਾਇਤ ਕਰੀਏ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਇਸ ਵਾਰ ਫਿਰ ਪੰਜਾਬ ਨੇ ਇਸ ਅੰਦੋਲਨ ਦੀ ਸ਼ੁਰੂਆਤ ਕਰਕੇ ਪੂਰੇ ਭਾਰਤ ਦੀ ਰਹਿਨੁਮਾਈ ਕਰਦਿਆਂ ਇਤਿਹਾਸ ਨੂੰ ਬਰਕਰਾਰ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਸ ਅੰਦੋਲਨ ਦਾ ਏਨਾ ਪ੍ਰਭਾਵ ਹੈ ਕਿ ਕੈਨਡਾ ਵਿੱਚ ਸਾਡੇ ਸਧਾਰਨ ਪਰਿਵਾਰਾਂ ਵਿੱਚ ਵੀ ਜਾਗਰਿਤੀ ਆਈ ਹੈ ਤੇ ਪਰਿਵਾਰਾਂ ‘ਚ ਬੈਠ ਕੇ ਚਰਚਾ ਹੋਣ ਲੱਗੀ ਹੈ ਜਦਕਿ ਕੈਨੇਡਾ ‘ਚ ਜੰਮੇਂ-ਪਲ਼ੇ ਸਾਡੇ ਬੱਚੇ ਵੀ ਇਸ ਸੰਘਰਸ਼ ਨਾਲ਼ ਆਪਣੇ ਤਰੀਕੇ ਨਾਲ਼ ਜੁੜ ਰਹੇ ਨੇ। 

ਜਰਨੈਲ ਸਿੰਘ ਕਹਾਣੀਕਾਰ ਨੇ ਕਿਹਾ ਕਿ ਪਹਿਲਾਂ ਹੀ ਘਾਟੇਵੰਦਾ ਸੌਦਾ ਬਣ ਚੁੱਕੀ ਕਿਸਾਨੀ ਨੂੰ ਆਸਰਾ ਦੇਣ ਦੀ ਬਜਾਇ ਸਰਕਾਰ ਨੇ ਨਵੇਂ ਕਾਲ਼ੇ ਕਨੂੰਨਾਂ ਰਾਹੀ ਹੋਰ ਵੀ ਸੱਟ ਮਾਰੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰੀਕੇ ਨਾਲ਼ ਆਰਡੀਨੈਂਸ ਪੇਸ਼ ਹੋਏ ਅਤੇ ਬਿੱਲ ਬਣੇ ਨੇ ਉਹ ਸੰਵਿਧਾਨਕ ਤੌਰ ‘ਤੇ ਹੀ ਸਹੀ ਨਹੀਂ ਹੈ ਕਿਉਂਕਿ ਉਹ ਕਨੂੰਨੀ ਉਲੰਘਣਾਂ ਹੇਠ ਬਣੇ ਨੇ। ਉਨ੍ਹਾਂ ਦਾ ਕਹਿਣਾ ਸੀ ਕਿ ਆਰਡੀਨੈਂਸ ਸਿਰਫ ਐਮਰਜੈਂਸੀ ਦੌਰਾਨ ਜਾਂ ਪਾਰਲੀਮਾਨੀ ਸੈਸ਼ਨ ਦੀ ਗੈਰਹਾਜ਼ਰੀ ‘ਚ ਹੀ ਇਸ਼ੂ ਕੀਤੇ ਜਾ ਸਕਦੇ ਸਨ ਅਤੇ ਕਨੂੰਨ ਵੀ ਮੁਕੰਮਲ ਬਹਿਸ ਤੋਂ ਬਾਅਦ ਹੀ ਪਾਸ ਕੀਤੇ ਜਾ ਸਕਦੇ ਸਨ, ਜੋ ਨਹੀਂ ਹੋਏ। ਜਰਨੈਲ ਸਿੰਘ ਨੇ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਉਨ੍ਹਾਂ ਦੇ ਨਾਲ਼ ਹਾਂ। 

ਕੰਵਲਜੀਤ ਢਿੱਲੋਂਕੰਵਲਜੀਤ ਢਿੱਲੋਂ ਨੇ ਕਿਹਾ ਕਿ 1947 ਤੋਂ ਲੈ ਕੇ ਲੜੇ ਗਏ ਕਈ ਘੋਲ਼ਾਂ ਤੋਂ ਬਾਅਦ ਹਾਸਲ ਹੋਏ ਮੰਡੀ ਸਿਸਟਮ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਫ਼ੂਡ ਪ੍ਰੌਸੈਸਿੰਗ ਯੂਨਿਟ ਨਾ ਲਾ ਕੇ ਕਿਸਾਨੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਸੰਘਰਸ਼ਾਂ ਦੀ ਵਿਰਾਸਤ ਸਾਡੇ ਅੱਜ ਦੇ ਘੋਲ਼ ਦਾ ਧੁਰਾ ਹੈ ਜਿਸ ਲਈ ਸਰਕਾਰ ਬਿਲਕੁਲ ਤਿਆਰ ਨਹੀਂ ਸੀ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਘੋਲ਼ ਵਿੱਚ ਦਿੱਲੀ ਪਹੁੰਚੀਆਂ ਔਰਤਾਂ ਆਪਣੀ ਲਿਆਕਤ ਅਤੇ ਸਮਝ ਨਾਲ਼ ਅੱਗੇ ਆ ਰਹੀਆਂ ਨੇ। ਉਨ੍ਹਾਂ ਇਸ ਗੱਲ ‘ਤੇ ਮਾਣ ਕੀਤਾ ਕਿ ਪੰਜਾਬ ਦੇ ਸਾਢੇ ਪੰਜ ਲੱਖ ਟਰੈਕਟਰਾਂ ‘ਚੋਂ 90,000 ਟਰੈਕਟਰ ਦਿੱਲੀ ਪਹੁੰਚ ਗਏ ਨੇ ਤੇ ਜੈਤੋ ਦੇ ਮੋਰਚੇ ਵਾਂਗ ਹੀ ਔਰਤਾਂ ਪਿੰਡਾਂ ‘ਚੋਂ ਜਥੇ ਤੋਰ ਰਹੀਆਂ ਨੇ। 

ਗੁਰਬਖਸ਼ ਭੰਡਾਲਡਾ. ਗੁਰਬਖਸ਼ ਭੰਡਾਲ ਨੇ ਇਸ ਅੰਦੋਲਨ ਨੂੰ ਇਤਿਹਾਸਕ ਅੰਦਲੋਨ ਦੱਸਦਿਆਂ ਕਿਹਾ ਕਿ ਪੰਜਾਬ ਤੋਂ ਸ਼ੁਰੂ ਹੋਏ ਇਸ ਅੰਦੋਲਨ ‘ਚ ਸ਼ਾਮਲ ਹੋਈਆਂ ਦੂਸਰੇ ਸੂਬਿਆਂ ਦੀਆਂ ਜਥੇਬੰਦੀਆਂ ਨੇ ਇਸ ਨੂੰ ਭਾਰਤੀ ਮਸਲਾ ਬਣਾ ਦਿੱਤਾ ਹੈ ਤੇ ਜਥੇਬੰਦੀਆਂ ਦੀ ਸਾਂਝੀ ਲੀਡਰਸ਼ਿਪ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਿੱਥੇ ਸੂਬਾਈ ਪੱਧਰ ‘ਤੇ ਸਾਂਝੀਵਾਲਤਾ ਵਿੱਚ ਵੱਡਾ ਵਾਧਾ ਵੇਖਣ ਨੂੰ ਮਿਲ਼ ਰਿਹਾ ਹੈ ਓਥੇ ਪੰਜਾਬ ਦੇ ਪਿੰਡਾ ਵਿੱਚ ਵੀ ਇੱਕ-ਦੂਸਰੇ ਦੇ ਕੰਮਾਂ ਨੂੰ ਚਲਾਉਣ ਨਾਲ਼ ਭਾਈਚਾਰਕ ਸਾਂਝ ਦੀ ਮਜ਼ਬੂਤੀ ਉੱਭਰ ਕੇ ਸਾਹਮਣੇ ਆਈ ਹੈ।

ਪ੍ਰਿੰ. ਸਰਵਣ ਸਿੰਘਪ੍ਰਿੰਸੀਪਲ ਸਰਵਣ ਸਿੰਘ ਨੇ ਕਿਹਾ ਕਿ ਇਹ ਇਸ ਸੰਘਰਸ਼ ਦੀ ਪ੍ਰਾਪਤੀ ਹੈ ਕਿ ਹੁਣ ਤੱਕ ਆਪਣੀ ਮਨਮਰਜ਼ੀ ਕਰਦੀ ਆ ਰਹੀ ਮੋਦੀ ਸਰਕਾਰ ਨੂੰ ਕਿਸਾਨਾਂ ਨਾਲ਼ ਗੱਲਬਾਤ ਕਰਨ ਲਈ ਮਜਬੂਰ ਹੋਣਾ ਪਿਆ ਹੈ ਤੇ ਤਿੰਨ ਮਹੀਨਿਆਂ ਤੋਂ ਚੱਲੇ ਆ ਰਹੇ ਅੰਦੋਲਨ ਨਾਲ਼ ਜੁੜੇ ਕਿਸਾਨ ਬੌਧਿਕ ਪੱਧਰ ‘ਤੇ ਹੋਰ ਵੀ ਜਾਗਰੂਕ ਹੋਏ ਹਨ। ਉਨ੍ਹਾਂ ਨੇ ਇਸ ਸਮੇਂ ਚੱਲ ਰਹੀ MSP ‘ਤੇ ਵੀ ਸਵਾਲ ਕਰਦਿਆਂ ਕਿਹਾ ਕਿ ਇਹ 1966 ਦੇ ਮੁਕਾਬਲੇ 75 ਰੁਪੈ ਤੋਂ ਵਧ ਕੇ ਸਿਰਫ 1,800 ਰੁਪੈ ਤੱਕ ਪਹੁੰਚੀ ਹੈ ਜਦਕਿ ਅਧਿਆਪਕਾਂ ਦੀਆਂ ਤਨਖ਼ਾਹਾਂ ਵੀ ਉਸੇ ਹੀ ਸਮੇਂ ਦੌਰਾਨ 100 ਰੁਪੈ ਤੋਂ ਵਧ ਕੇ 34/ 35,000 ਰੁਪੈ ਤੱਕ ਪਹੁੰਚ ਗਈਆਂ ਨੇ।

ਬਲਜਿੰਦਰ ਸੇਖੋਂਡਾ. ਬਲਜਿੰਦਰ ਸੇਖੋਂ ਨੇ ਕਿਹਾ ਕਿ ਸਰਕਾਰ ਨੂੰ ਲੱਗਦਾ ਸੀ ਕਿ ਕਸ਼ਮੀਰ ਵਿੱਚ ਲਾਗੂ ਕੀਤੇ ਗਏ ਕਨੂੰਨਾਂ ਵਾਂਗ ਹੀ ਸਰਕਾਰ ਇਹ ਕਨੂੰਨ ਵੀ ਬਿਨਾਂ ਕਿਸੇ ਵੱਡੀ ਅੜਚਨ ਦੇ ਲਾਗੂ ਕਰ ਲਵੇਗੀ ਅਤੇ ਲੋਕ ਕੁਝ ਦਿਨ ਰੌਲ਼ਾ ਪਾ ਕੇ ਬੈਠ ਜਾਣਗੇ। ਉਨ੍ਹਾਂ ਕਿਹਾ ਕਿ ਇਸ ਲੋਕ ਸੰਘਰਸ਼ ਤੋਂ ਆਸ ਬੱਝਦੀ ਹੈ ਕਿ ਸ਼ਾਇਦ ਅੱਗੇ ਤੋਂ ਕੋਈ ਸਰਕਾਰ ਇਸ ਤਰ੍ਹਾਂ ਦੇ ਲੋਕ-ਮਾਰੂ ਕਨੂੰਨ ਬਣਾਉਣ ਦੀ ਹਿੰਮਤ ਨਾ ਕਰੇ ਅਤੇ ਇਹ ਵੀ ਹੋ ਸਕਦਾ ਹੈ ਕਿ ਇਸ ਸੰਘਰਸ਼ ‘ਚੋਂ ਯੂਨੀਅਨਾਂ ਆਪਣੀ ਜਥੇਬੰਦੀ ਤਿਆਰ ਕਰਕੇ ਲੀਡਰਸ਼ਿਪ ਪੈਦਾ ਕਰ ਲੈਣ।

ਪ੍ਰੋ. ਜਗੀਰ ਸਿੰਘ ਕਾਹਲੋਂ ਨੇ ਕਿਹਾ ਕਿ ਇਸ ਘੋਲ਼ ‘ਚੋਂ ਗ਼ਦਰੀ ਬਾਬਿਆਂ ਦੀ ਵਿਰਾਸਤ ਝਲਕਦੀ ਹੈ ਜਿਸ ਵਿੱਚ ਧਰਮ, ਜਾਤ ਅਤੇ ਕਸਬ ਤੋਂ ਉੱਚੇ ਉੱਠ ਕੇ ਘੋਲ਼ ਲੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਦੇ ਪ੍ਰਬੰਧ ਨੇ ਸਾਬਤ ਕਰ ਦਿੱਤਾ ਹੈ ਕਿ ਕਿਸਾਨ ਆਪਣਾ ਘੋਲ਼ ਆਪ ਲੜ ਸਕਦੇ ਨੇ। ਪਰਮਜੀਤ ਦਿਓਲ ਨੇ ਕਿਹਾ ਕਿ ਪੰਜਾਬ ਦਾ “ਵੱਡਾ ਲੀਡਰ” ਵੀ ਉਦੋਂ ਹੀ ਹਰਕਤ ਵਿੱਚ ਆਇਆ ਹੈ ਜਦੋਂ ਪਾਣੀ ਸਿਰ ਤੋਂ ਲੰਘ ਚੁੱਕਾ ਹੈ ਤੇ ਕਿਸਾਨ ਸੰਘਰਸ਼ ਮਹਾਂ-ਅੰਦੋਲਨ ਬਣ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਬਾਹਰ ਬੈਠੇ ਲੋਕਾਂ ਵਿੱਚ ਇਸ ਅੰਦੋਲਨ ਪ੍ਰਤੀ ਏਨਾ ਉਤਸ਼ਾਹ ਹੈ ਕਿ ਕਰੋਨਾ ਦੀ ਸਖ਼ਤੀ ‘ਚ ਥੋੜ੍ਹੀ ਜਿਹੀ ਢਿੱਲ ਮਿਲਦਿਆਂ ਹੀ ਵੱਡੀ ਗਿਣਤੀ ਵਿੱਚ ਪੰਜਾਬੀ ਦੇਸ਼ ਵਹੀਰਾਂ ਘੱਤਣ ਲਈ ਤਿਆਰ ਬੈਠੇ ਨੇ। 

ਰਾਮ ਸਿੰਘਪ੍ਰੋਫ਼ੈਸਰ ਰਾਮ ਸਿੰਘ ਨੇ ਕਿਹਾ ਕਿ ਪੰਜਾਬ ਵੱਲੋਂ ਵਿਰੋਧ ਕੀਤੇ ਜਾਣ ਦਾ ਵੱਡਾ ਕਾਰਨ ਹੈ ਕਿ ਦੂਸਰੇ ਸੂਬੇ ਬਹੁਤ ਚਿਰ ਪਹਿਲਾਂ ਹੀ ਇਹ ਸਹੂਲਤਾਂ ਗਵਾ ਚੁੱਕੇ ਸਨ ਤੇ ਇਸ ਕਨੂੰਨ ਨੂੰ ਸਵੀਕਾਰ ਕਰ ਚੁੱਕੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਨੂੰਨਾਂ ਦਾ ਸਭ ਤੋਂ ਵੱਧ ਅਸਰ ਪੰਜਾਬ ਅਤੇ ਹਰਿਆਣਾ ਉੱਤੇ ਅਤੇ ਕਿਸੇ ਹੱਦ ਤੱਕ ਰਾਜਸਥਾਨ ਅਤੇ ਯੂਪੀ ‘ਤੇ ਪਿਆ ਹੈ। ਇਸ ਵਿਰੋਧ ਦਾ ਦੂਸਰਾ ਕਾਰਨ ਬਿਆਨਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦਾ ਇਤਿਹਾਸ ਹੀ ਭਾਰਤ ਦਾ ਇਤਿਹਾਸ ਹੈ ਜਿਸ ਕਰਕੇ ਭਾਰਤ ਦੀ ਹੋਣੀ ਪੰਜਾਬ ਨਾਲ਼ ਜੁੜੀ ਹੋਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵੀਹਵੀਂ ਸਦੀ ਦੇ 120 ਸਾਲਾਂ ਤੋਂ ਲਹਿਰਾਂ ਦੇ ਰੂਪ ਵਿੱਚ ਲੜਦਾ ਆ ਰਿਹਾ ਹੈ ਅਤੇ ਉਨ੍ਹਾਂ ਸੰਘਰਸ਼ਾਂ ਤੋਂ ਬਣੀ ਪੰਜਾਬ ਦੀ ਬਣਤਰ ਹੀ ਅੱਜ ਦੇ ਸੰਘਰਸ਼ ਦਾ ਪਿਛੋਕੜ ਹੈ। ਉਨ੍ਹਾਂ ਕਿਹਾ ਕਿ ਹਰੀ ਕ੍ਰਾਂਤੀ ਨੇ ਜਿੱਥੇ ਬਹੁਤ ਕੁਝ ਦੇ ਕੇ ਪੰਜਾਬ ਦੀ ਕਿਸਾਨੀ ਦਾ ਮੁਹਾਂਦਰਾ ਬਦਲ ਦਿੱਤਾ ਓਥੇ ਪੰਜਾਬ ਤੋਂ ਪਾਣੀ ਅਤੇ ਵਾਤਾਵਰਣ (ਜੀਵਨ ਢੰਗ) ਵਰਗਾ ਅਨਮੋਲ ਖਜ਼ਾਨਾ ਖੋਹ ਵੀ ਲਿਆ ਹੈ ਜੋ ਸਾਨੂੰ ਕਦੀ ਵਾਪਸ ਨਹੀਂ ਮਿਲ਼ੇਗਾ।  ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਦਿੱਤਾ ਜਾ ਰਿਹਾ ਮੌਡਲ ਖੇਤੀ ਨੂੰ ਟਰੇਡ ਬਣਾਉਂਦਾ ਹੈ ਜਦਕਿ ਸਾਡੇ ਲਈ ਖੇਤੀ ਟਰੇਡ ਨਹੀਂ ਰੋਜ਼ਗਾਰ ਹੈ ਕਿਉਂਕਿ ਪੰਜਾਬ ਕੋਲ਼ ਖੇਤੀ ਦੇ ਬਦਲ ਲਈ ਕੋਈ ਇੰਡਟਸਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅੰਤਰਾਅਸਟਰੀ ਮਾਨਤਾ ਹਾਸਲ ਕਰ ਚੁੱਕੇ ਇਸ ਸ਼ਾਂਤਮਈ ਸੰਘਰਸ਼ ਨੂੰ ਸਰਕਾਰ ਸ਼ਾਇਦ ਸਖ਼ਤੀ ਨਾਲ਼ ਤੇ ਨਾ ਕੁਚਲ਼ੇ ਪਰ ਲੋਕਾਂ ਵਿੱਚ ਫੁੱਟ ਪਾਉਣ ਦੀ ਕੋਈ ਚਾਲ ਚੱਲ ਸਕਦੀ ਹੈ।

***

Website | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ