19 June 2025

ਗੁਰੂ ਰਾਮਦਾਸ ਦਰਬਾਰ ਕੈਲਗਰੀ ਵਿਖੇ ਵਿਸ਼ੇਸ਼ ਧਾਰਮਿਕ ਕਵੀ ਦਰਬਾਰ— ਜਸਵਿੰਦਰ ਸਿੰਘ ਰੁਪਾਲ

ਕੈਲਗਰੀ (ਜਸਵਿੰਦਰ ਸਿੰਘ ਰੁਪਾਲ)- ਗੁਰੂ ਗੋਬਿੰਦ ਸਿੰਘ ਜੀ ਵਲੋਂ ਚਲਾਈ ਗਈ ਕਵੀ ਦਰਬਾਰ ਕਰਵਾਉਣ ਦੀ ਰੀਤ ਤੋਂ ਪ੍ਰੇਰਣਾ ਲੈ ਕੇ, ਕੈਲਗਰੀ ਦੇ ਗੁਰਦੁਆਰਾ ਗੁਰੂ ਰਾਮਦਾਸ ਦਰਬਾਰ ਦੀ ਪ੍ਰਬੰਧਕੀ ਕਮੇਟੀ ਵਲੋਂ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਇੱਕ ਵਿਸ਼ੇਸ਼ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਸ਼ਾਮ ਦੇ ਨਿੱਤਨੇਮ ਰਹਿਰਾਸ ਸਾਹਿਬ ਦੀ ਸੰਪੂਰਨਤਾ ਉਪਰੰਤ  ਇਸ ਦੀ ਸ਼ੁਰੂਆਤ ਬਕਾਇਦਾ ਅਰਦਾਸ ਕਰਕੇ ਕੀਤੀ ਗਈ।

ਇਸ ਕਵੀ ਦਰਬਾਰ ਵਿੱਚ 40 ਦੇ ਕਰੀਬ ਕਵੀਆਂ ਨੇ ਹਿੱਸਾ ਲਿਆ। ਇਨ੍ਹਾਂ ਵਿਚੋਂ ਬਹੁਤੇ ਅਜਿਹੇ ਸਨ, ਜਿਨ੍ਹਾਂ ਨੇ ਆਪਣੀਆਂ ਲਿਖੀਆਂ ਕਵਿਤਾਵਾਂ ਸੁਣਾਈਆਂ ਜਦ ਕਿ ਕੁੱਝ ਕੁ ਅਜਿਹੇ ਵੀ ਸਨ, ਜਿਨ੍ਹਾਂ ਨੇ ਹੋਰ ਸਥਾਪਿਤ ਜਾਂ ਮੌਜੂਦਾ ਕਵੀਆਂ ਦੀਆਂ ਲਿਖੀਆਂ ਰਚਨਾਵਾਂ ਨਾਲ ਸਾਂਝ ਪਾਈ। ਇਹਨਾਂ ਕਵਿਤਾਵਾਂ ਵਿੱਚ  ਲੱਗਭਗ ਹਰ ਰੰਗ ਹੀ ਮੌਜੂਦ ਸੀ – ਸਟੇਜੀ ਕਵਿਤਾ ਵਾਲਾ ਜੋਸ਼ੀਲਾ ਰੰਗ, ਤਰੰਨਮ ਵਿਚ ਗਾਈ ਜਾਣ ਵਾਲੇ ਗੀਤਾਂ ਦਾ ਰੰਗ, ਖੁੱਲ੍ਹੀ ਕਵਿਤਾ ਦਾ ਰੰਗ, ਛੰਦਾ ਬੰਦੀ ਵਿੱਚ ਪਰੁੱਚੀ ਕਵਿਤਾ ਦਾ ਰੰਗ, ਸਾਜਾਂ ਦੇ ਸੰਗੀਤ ਵਿਚ ਡੁੱਬੀ ਕਵਿਤਾ ਦਾ ਰੰਗ, ਹੇਕ ਵਾਲੀ ਕਵਿਤਾ ਦਾ ਰੰਗ ਅਤੇ ਜੋਸ਼ੀਲੀ ਵਾਰ ਦਾ ਰੰਗ। ਕਵਿਤਾਵਾਂ ਦੇ ਮੁੱਖ ਵਿਸ਼ੇ ਖਾਲਸਾ ਸਾਜਨਾ ਦਿਵਸ ਨਾਲ ਹੀ ਸੰਬੰਧਿਤ ਸਨ- ਜਿਸ ਵਿਚ ਗੁਰੂ ਗੋਬਿੰਦ ਸਿੰਘ ਜੀ ਵਲੋਂ ਨਿਵੇਕਲਾ ਕਦਮ ਚੁੱਕਦਿਆਂ ਨਵੇਂ ਖਾਲਸੇ ਨੂੰ ਸਾਜਣ ਦਾ ਬਿਰਤਾਂਤ, ਖਾਲਸੇ ਦਾ ਪ੍ਰੇਮ ਭਿੱਜਿਆ ਅਤੇ ਜੋਸ਼ੀਲਾ ਰੂਪ, ਗੁਰੂ ਸਾਹਿਬ ਜੀ ਵਲੋਂ ਸਮਾਨਤਾ, ਬਹਾਦਰੀ, ਅਤੇ ਨੀਵਿਆਂ ਨੂੰ ਉੱਚਾ ਕਰਨ ਦਾ ਚਮਤਕਾਰ, ਸ਼ਹੀਦਾਂ ਦੇ ਪ੍ਰਸੰਗ, ਖਾਲਸੇ ਦੇ ਗੁਰੂ ਜੀ ਵਲੋਂ ਦੱਸੇ ਗਏ ਖਾਲਸੇ ਦੇ ਗੁਣ, ਆਧੁਨਿਕ ਖਾਲਸੇ ਦਾ ਕਿਰਦਾਰ, ਆਦਿ ਵਿਸ਼ੇ ਛੂਹ ਕੇ ਇਨ੍ਹਾਂ ਕਵੀਆਂ ਨੇ 1699 ਦੀ ਵਿਸਾਖੀ ਤੋਂ ਅੱਜ ਤੱਕ ਦਾ ਇਤਿਹਾਸ ਅੱਖਾਂ ਅੱਗੇ ਲੈ ਆਂਦਾ। ਇਸ ਕਵੀ ਦਰਬਾਰ ਵਿੱਚ ਹਿੱਸਾ ਲੈਣ ਵਾਲੇ ਕਵੀ ਸਨ – ਜਨਮਜੀਤ ਸਿੰਘ, ਮੰਗਲ ਸਿੰਘ ਚੱਠਾ, ਹਰਮਿੰਦਰਪਾਲ ਸਿੰਘ, ਮੋਹਕਮ ਸਿੰਘ ਚੌਹਾਨ, ਦਾਮਵੀ ਸਿੰਘ, ਸ਼ਮਿੰਦਰ ਸਿੰਘ ਕੰਗਵੀ, ਬਲਵੀਰ ਸਿੰਘ ਗੋਰਾ ਰਕਬੇ ਵਾਲਾ, ਪਰਮਜੀਤ ਸਿੰਘ ਭੰਗੂ, ਦੀਪ ਬਰਾੜ, ਅਵਤਾਰ ਸਿੰਘ ਬਰਾੜ, ਸੁਖਵਿੰਦਰ ਸਿੰਘ ਤੂਰ, ਗੁਰਦੀਸ਼ ਕੌਰ ਗਰੇਵਾਲ, ਗੁਰਚਰਨ ਕੌਰ ਥਿੰਦ, ਸੁਰਿੰਦਰ ਗੀਤ, ਸਰਬਜੀਤ ਕੌਰ ਉੱਪਲ, ਸਹਿਜ ਸਿੰਘ ਗਿੱਲ, ਗੁਰਮੀਤ ਕੌਰ ਸਰਪਾਲ, ਗਿੱਲ ਸੁਖਮੰਦਰ ਕੈਲਗਰੀ, ਗੁਰਜੀਤ ਜੱਸੀ,ਅਵਤਾਰ ਸਿੰਘ, ਜੋਗਾ ਸਿੰਘ ਸਹੋਤਾ, ਜਸਵੰਤ ਸਿੰਘ ਸੇਖੋਂ, ਸਰੂਪ ਸਿੰਘ ਮੰਡੇਰ, ਵਿਕਰਮ ਸਿੰਘ, ਅਸੀਸ ਕੌਰ ,ਜਸਜੋਤ ਕੋਰ, ਗੁਰਜਿੰਦਰ ਸਿੰਘ ਧਾਲੀਵਾਲ, ਜਸ਼ਨਦੀਪ ਸਿੰਘ, ਜਸਵਿੰਦਰ ਸਿੰਘ ਰੁਪਾਲ, ਭੋਲਾ ਸਿੰਘ ਚੌਹਾਨ, ਤਰਲੋਚਨ ਸਿੰਘ ਸੈਂਹਭੀ, ਸਹਿਜਧੁਨ ਕੌਰ, ਡਾ.ਰਾਜਨ ਕੌਰ ।  ਜਦ ਕਿ ਕਿਸੇ ਮਜਬੂਰੀ ਕਾਰਨ ਕੁਝ ਕੁ ਕਵੀ ਇਸ ਕਵੀ ਦਰਬਾਰ ਵਿੱਚ ਹਾਜ਼ਰ ਨਹੀਂ ਵੀ ਹੋ ਸਕੇ।

ਸ਼ਿਵਾਲਿਕ ਟੀ ਵੀ ਦੇ ਰਿਪੋਰਟਰ ਸ ਪਰਮਜੀਤ ਸਿੰਘ ਭੰਗੂ ਜੀ ਨੇ ਚੈਨਲ ਲਈ ਉਚੇਰੇ ਤੌਰ ਤੇ ਇਸ ਸਮਾਗਮ ਦੀ ਕਵਰੇਜ ਕੀਤੀ ਅਤੇ ਸਤਿੰਦਰ ਸਿੰਘ ਹੈਪੀ ਨੇ ਸਾਰਾ ਪ੍ਰੋਗਰਾਮ ਫੇਸਬੁੱਕ ਤੇ ਲਾਈਵ ਕਰਨ ਦੀ ਸੇਵਾ ਨਿਭਾਈ । ਇਸ ਕਵੀ ਦਰਬਾਰ ਦੀ ਵਿਸ਼ੇਸ਼ਤਾ ਇਹ ਸੀ ਕਿ ਇਸ ਵਿਚ  8 ਸਾਲ ਦੇ ਬੱਚੇ ਤੋ ਲੈ ਕੇ 80 ਸਾਲ ਤੱਕ ਦੇ ਪ੍ਰੋੜ ਕਵੀ ਸ਼ਾਮਲ ਸਨ। ਮੰਚ ਸੰਚਾਲਨ ਦੀ ਸੇਵਾ ਗੁਰਦਆਰਾ ਸਾਹਿਬ  ਦੇ ਸਕੱਤਰ, ਜਿਹੜੇ ਖੁਦ ਵੀ ਕਵੀ ਹਨ, ਸ ਭੋਲਾ ਸਿੰਘ ਚੌਹਾਨ ਜੀ ਨੇ ਬਾਖੂਬੀ ਨਿਭਾਈ।

ਪ੍ਰੋਗਰਾਮ ਦੇ ਅਖੀਰ ਤੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਰਾਮਰਣਜੀਤ ਸਿੰਘ ਮਾਨ ਵਲੋਂ ਸਾਰੇ ਸ਼ਾਮਲ ਕਵੀਆਂ ਨੂੰ ਸਿਰੋਪਾਓ, ਸਨਮਾਨ ਚਿੰਨ੍ਹ ਅਤੇ ਪੈੱਨ ਨਾਲ ਸਨਮਾਨਿਤ ਕੀਤਾ ਗਿਆ। ਆਨੰਦ ਸਾਹਿਬ ਦੇ ਪਾਠ ਅਤੇ ਅਰਦਾਸ ਨਾਲ ਸਮਾਗਮ ਦੀ ਸਮਾਪਤੀ ਹੋਈ।

ਤਿੰਨ ਘੰਟੇ ਨਿਰੰਤਰ ਚੱਲੇ ਇਸ ਧਾਰਮਿਕ ਕਵੀ ਦਰਬਾਰ ਦਾ ਸੰਗਤ ਨੇ ਭਰਪੂਰ ਆਨੰਦ ਮਾਣਿਆਂ। ਸੰਗਤ ਦੀ ਮੰਗ ਤੇ, ਪ੍ਰਬੰਧਕੀ ਕਮੇਟੀ ਨੇ ਭਵਿੱਖ ਵਿੱਚ ਵੀ ਇਸ ਪਿਰਤ ਨੂੰ ਜਾਰੀ ਰੱਖਦਿਆਂ ਅਜਿਹੇ ਪ੍ਰੋਗਰਾਮ ਉਲੀਕਣ ਦਾ ਭਰੋਸਾ ਦਿਵਾਇਆ। ਵਧੇਰੇ ਜਾਣਕਾਰੀ ਲਈ ਸਕੱਤਰ ਭੋਲਾ ਸਿੰਘ ਚੌਹਾਨ ,ਨਾਲ ‪+1 403 708 2902 ਤੇ ਸੰਪਰਕ ਕੀਤਾ ਜਾ ਸਕਦਾ ਹੈ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1515
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796

 

ਜਸਵਿੰਦਰ ਸਿੰਘ 'ਰੁਪਾਲ'

ਜਸਵਿੰਦਰ ਸਿੰਘ 'ਰੁਪਾਲ' -ਲੈਕਚਰਾਰ ਅਰਥ-ਸ਼ਾਸ਼ਤਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕਟਾਣੀ ਕਲਾਂ( ਲੁਧਿਆਣਾ)-141113 +91 9814715796  

View all posts by ਜਸਵਿੰਦਰ ਸਿੰਘ 'ਰੁਪਾਲ' →