19 June 2024

ਛੇ ਕਵਿਤਾਵਾਂ—ਅਮਰਜੀਤ ਸਿੰਘ ਸਿੱਧੂ

1.ਜਿੰਨਾ ਚਿਰ ਲੋਕ ਸੁੱਤੇ ਨੇ

ਤਦ ਤਾਈਂ ਹੱਕਾਂ ਤੇ ਡਾਕੇ ਪੈਂਦੇ ਰਹਿਣਗੇ, ਜਿੰਨਾ ਚਿਰ ਲੋਕ ਸੁੱਤੇ ਨੇ।
ਵਿਹਲੜ ਮੌਜਾਂ ਕਰਦੇ ਕਿਰਤੀ ਭੁੱਖੇ ਸਉਣਗੇ, ਜਿੰਨਾ ਚਿਰ ਲੋਕ ਸੁੱਤੇ ਨੇ।

ਗਿਰਝਾਂ ਵਾਗੂੰ ਚੂੰਡਣਗੇ ਨੇਤਾ ਮਾਸ ਤੇਰਾ, ਚੁਪ ਕਰਕੇ ਵੇਖਦੇ ਰਹਿਣਾ ।
ਹੁੰਦਾ ਜਬਰ ਤਨ ਮਨ ਉਤੇ ਨੀਵੀਂ ਪਾ ਸਹਿਣਗੇ, ਜਿੰਨਾ ਚਿਰ ਲੋਕ ਸੁੱਤੇ ਨੇ।

ਗਿਰਗਿਟ ਦੇ ਵਾਗੂੰ ਬਦਲਣਗੇ ਰੰਗ ਚਿਹਰੇ ਦੇ, ਜਾਦੂਗਰ ਦੀ ਤਰ੍ਹਾਂ ਨੇ ਇਹ,
ਜਨਤਾ ਦੀ ਅੱਖਾਂ ਵਿਚ ਘੱਟਾ ਪਉੰਦੇ ਰਹਿਣਗੇ, ਜਿੰਨ੍ਹਾਂ ਚਿਰ ਲੋਕ ਸੁੱਤੇ ਨੇ।

ਲਾ ਜਨਤਾ ਨੂੰ ਲਾਰੇ ਕਰ ਕੇ ਵਾਅਦੇ ਫੋਕੇ, ਬਣਦੇ ਮਾਲਕ ਦੇਸ਼ ਦੇ ਜੋ।
ਚੋਰਾਂ ਦੇ ਸਰਦਾਰ ਲੁਟਦੇ ਦੇਸ਼ ਨੂੰ ਰਹਿਣਗੇ, ਜਿੰਨਾ ਚਿਰ ਲੋਕ ਸੁੱਤੇ ਨੇ।

ਜਿੰਨਾ ਚੰਗੇ ਕੰਮਾਂ ਤਾਈਂ ਨਿੰਦ ਕੇ ਸਿੱਧੂ, ਫਾਂਸੀ ਦੇਣੀ ਸੱਚ ਨੂੰ ਹੈ,
ਖੰਭਾਂ ਦੀ ਡਾਰ ਬਣਾ ਅਸਮਾਨੀ ਉਡਾਉਣਗੇ, ਜਿਨ੍ਹਾਂ ਚਿਰ ਲੋਕ ਸੁੱਤੇ ਨੇ।
**
2. ਲਾਭ ਉਠਾਉਣਾ ਚੰਗਾ ਨਹੀਂ।

ਕਿਸੇ ਦੀ ਚੁੱਪ ਦਾ ਲਾਭ ਉਠਾਉਂਣਾ ਚੰਗਾ ਨਹੀਂ।
ਸੱਥ ਵਿਚ ਜਾ ਕੇ ਸ਼ੋਰ ਮਚਾਉਂਣਾ ਚੰਗਾ ਨਹੀਂ।

ਸਾਰੀ ਹਕੀਕਤ ਦਾ ਪਤਾ ਹੁੰਦਾ ਭਾਈਚਾਰੇ ਨੂੰ,
ਕੁਝ ਵੀ ਉਹਨਾਂ ਕੋਲੋਂ ਛਪਾਉਣਾ ਚੰਗਾ ਨਹੀਂ।

ਘਰ ਦੀ ਗੱਲ ਦਾ ਹੱਲ ਘਰੇ ਬੈਠ ਕੱਢ ਲਵੋ,
ਸ਼ੱਕ ਦੀ ਵਿਨ੍ਹਾ ਤੇ ਬਾਤ ਵਧਾਉਣਾ ਚੰਗਾ ਨਹੀ

ਝੱਗਾ ਚੁੱਕਿਆਂ ਢਿੱਡ ਆਪਣਾ ਹੀ ਨੰਗਾ ਹੁੰਦਾ ਹੈ।
ਇਹ ਤਮਾਸ਼ਾ ਜੱਗ ਨੂੰ ਵਿਖਾਉਣਾ ਚੰਗਾ ਨਹੀਂ।

ਨਾਂ ਚਹੁੰਦਿਆਂ ਵੀ ਝੂਠ ਤੋਂ ਪਰਦਾ ਉੱਠ ਜਾਂਦਾ,
ਸੱਚ ਤੇ ਝੂਠ ਦਾ ਬੁਰਕਾ ਪਾਉਣਾ ਚੰਗਾ ਨਹੀਂ।

ਜੇ ਅਣਜਾਣੇ ‘ਚ ਕਿਧਰੇ ਗਲਤੀ ਹੈ ਹੋ ਜਾਂਦੀ,
ਉਸ ਗਲਤੀ ਨੂੰ ਕਦੇ ਲੁਕਾਉਣ ਚੰਗਾ ਨਹੀਂ।

ਰਿਸ਼ਤੇ ਨਾਤੇ ਹੁੰਦੇ ਨੇ ਸਿੱਧੂ ਕੱਚ ਦੀਆਂ ਵੰਗਾਂ,
ਕੱਚ ਦੇ ਉਪਰ ਠੋਕਰ ਲਾਉਣਾ ਚੰਗਾ ਨਹੀਂ।
**

3. ਪਤਾ ਲੱਗ ਜਾਊ

ਕੁੱਝ ਦਿਨਾਂ ਵਿਚ ਸਾਰਾ ਹੀ ਪਤਾ ਲੱਗ ਜਾਊ।
ਕਿਹੜਾ ਜਿੱਤੂ ਕਿਹੜਾ ਹਾਰ ਕੇ ਭੱਜ ਜਾਊ।

ਖੇਡ ਰਿਹਾ ਹਰ ਨੇਤਾ ਖੇਡ ਹੈ ਲਾਰਿਆਂ ਦੀ,
ਕਿਹੜਾ ਵੋਟਰ ਨੂੰ ਉਗਲਾਂ ਉਤੇ ਹੁਣ ਨਚਾਊ।

ਜੇਕਰ ਵੋਟਰ ਕੰਮ ਲਵੇ ਅਕਲ ਆਪਣੀ ਤੋਂ
ਫਿਰ ਧੋਖੇ ਤੋਂ ਇਸ ਵਾਰੀ ਇਹੇ ਬੱਚ ਜਾਊ।

ਲੀਡਰ ਕਰਨ ਤਮਾਸ਼ਾ ਚੜ ਸਟੇਜਾਂ ਉਪਰ ਜੇ,
ਬੇਰੁਜ਼ਗਾਰ ਸਵਾਲ ਕਰ ਜਨਤਾ ਨੂੰ ਹਸਾਊ।

ਸਿੱਧੂ ਮੈਨੂੰ ਇਸ ਵਾਰੀ ਇਉ ਲੱਗਦਾ ਹੈ,
ਵੋਟਰ ਨੇਤਾਵਾਂ ਨੂੰ  ਯਾਦ ਨਾਨੀ ਕਰਾਊ।
**

4. ਨੇਤਾ ਜੀ ਦੱਸੋ

ਜੋ ਕਰਦੇ ਹੋ ਵਾਅਦੇ  ਕੀ ਨਿਭਾਉਗੇ ਤੁਸੀਂਂ,
ਜਾਂ ਪੁਰਾਣਿਆਂ ਦੇ ਵਾਂਗ ਲਾਰੇ ਲਾਉਗੇ ਤੁਸੀਂ।

ਥੋਡੇ ਲਾਰਿਆਂ ਤੇ ਰਿਹਾ ਵਿਸ਼ਵਾਸ ਨਾਂ ਭੋਰਾ,
ਕਿਵੇਂ ਲੋਕਾਂ ਦਾ ਯਕੀਨ ਜਿੱਤ ਪਾਉਗੇ ਤੁਸੀਂ।

ਦੇਣ ਲਈ ਰਿਆਇਤਾਂ ਐਲਾਨ ਹੁੰਦੇ ਜੋ ਨਿੱਤ,
ਪੂਰੇ ਕਰਨ ਲਈ ਪੈਸਾ ਕਿੱਥੋਂ ਲਿਆਉਗੇ ਤੁਸੀਂਂ।

ਲੋਕ ਪੁੱਛਣਗੇ ਸਵਾਲ ਪਿੰਡ ਵੜਨ ਤੋਂ ਪਹਿਲਾਂ,
ਪਹਿਲਾਂ ਵਰਗਾ ਪੰਜਾਬ ਕੀ ਦੇ ਪਾਉਗੇ ਤੁਸੀਂਂ।

ਕਿਵੇਂ ਉਤਰੂਗਾ ਕਰਜ ਘਟੂ ਮਹਿੰਗਾਈ ਕਿੱਦਾਂ,
ਕੀ ਇਹਦੀ ਬਾਬਤ ਸਿੱਧੂ ਨੂੰ ਸਮਝਾਉਗੇ ਤੁਸੀਂ।
*

5. ਗ਼ਜ਼ਲ

ਛੱਡ ਖਹਿੜਾ ਭਿੜਨ ਭੜਾਉਣ ਦਾ, ਕਰ ਕੰਮ ਚੰਗਾ।
ਫਾਇਦਾ ਕੀ ਲੂਤੀ  ਲਾਉਣ  ਦਾ, ਕਰ ਕੰਮ ਚੰਗਾ।

ਮਾਰ ਠੱਗੀਆਂ ਜੋੜ ਰਿਹਾਂ ਕੀ ਇਹ ਨਾਲ ਜਾਊ?
ਕੱਢ ਰਸਤਾ ਲੇਖੇ ਲਾਉਣ ਦਾ ਕਰ ਕੰਮ ਚੰਗਾ।

ਦੱਸ ਔਝੜ ਰਾਹਾਂ ਦਾ ਰਾਹੀ ਕਿਉਂ ਬਣ ਰਿਹਾਂ ਤੂੰ,
ਕੇਸਰੀ ਝੰਡਾ ਲਹਿਰਾਉਣ ਦਾ ਕਰ ਕੰਮ ਚੰਗਾ।

ਢਿੱਡ  ਤੋਂ  ਭੁੱਖੇ  ਨੂੰ  ਰੋਟੀ  ਦੇਣਾ  ਹੈ ਵਧੀਆ,
ਇਸ ਤਰ੍ਹਾਂ ਦੀ ਪਿਰਤ ਚਲਾਉਣਾ ਕਰ ਕੰਮ ਚੰਗਾ

ਦਰਦ ਦੁੱਖੀ ਦਾ ਹਰਨਾ ਵਿਰਸੇ ਦਾ ਅੰਗ ਸਿੱਧੂ,
ਘਰ ਘਰ ਚ ਗੱਲ ਪਹੁੰਚਾਉਣ ਦਾ ਕਰ ਕੰਮ ਚੰਗਾ।
**

6. ਗ਼ਜ਼ਲ

ਆ ਬੈਠ ਕਰੀਏ ਕੋਈ ਗੱਲ ਪਿਆਰ ਦੀ।
ਭੁਲ ਕੇ ਬਾਤ ਪੁਰਾਣੀ ਉਹ ਤਕਰਾਰ ਦੀ।

ਲੰਘੇ ਨੂੰ ਭੁਲ ਜਾਈਏ ਸੁਪਨਾ ਜਾਣ ਕੇ,
ਲੋੜ ਨਹੀਂ ਪੈਣੀ ਫੇਰ ਕਿਸੇ ਹਥਿਆਰ ਦੀ।

ਮਾਂ ਤੇ ਪਿਉ ਨੂੰ ਸਾਂਭੇ ਵਾਗੂੰ ਭਗਵਾਨ ਜੋ,
ਸ਼ੋਭਾ ਹੈ ਚਾਰੇ ਪਾਸੇ ਉਸ ਪਰਿਵਾਰ ਦੀ।

ਗੱਲਾਂ ਦੀ ਖੱਟੀ ਖਾਣ ਭਲੇ ਨੂੰ ਨਿੰਦਣਾ,
ਬਣ ਚੱਲੀ ਆਦਤ ਵੇਖੋ ਹੁਣ ਸੰਸਾਰ ਦੀ।

ਭੇਤੀ ਘਰ ਦਾ ਹੀ ਜਦ ਲੰਕਾ ਨੂੰ ਸਾੜਦਾ,
ਕਿਹੜੀ ਗੱਲ ਉਥੇ ਰਹਿਗੀ ਦੱਸ ਪਿਆਰ ਦੀ

ਖੰਭਾਂ ਦੀ ਡਾਰ ਬਣਾ ਲੋਕ ਉਡਾਉਣ ਜਦੋਂ,
ਉਡਦੀ ਹੈ ਖੇਹ ਉਦੋਂ ਸਿੱਧੂ ਸਤਕਾਰ ਦੀ।
**

***
574
***

About the author

ਅਮਰਜੀਤ ਸਿੰਘ ਸਿੱਧੂ

ਅਮਰਜੀਤ ਸਿੰਘ ਸਿੱਧੂ
ਬੱਧਨੀ ਕਲਾਂ 142037, ਜਿਲ੍ਹਾ ਮੋਗਾ
ਹਾਲ ਆਬਾਦ
Amarjit Singh sidhu
Ellmenreich Str 26, 
20099 Hamburg (Germany) 
+4917664197996
Amarjit Sidhu <amarjitsidhu365@gmail.com>

ਅਮਰਜੀਤ ਸਿੰਘ ਸਿੱਧੂ

ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ 142037, ਜਿਲ੍ਹਾ ਮੋਗਾ ਹਾਲ ਆਬਾਦ Amarjit Singh sidhu Ellmenreich Str 26,  20099 Hamburg (Germany)  +4917664197996 Amarjit Sidhu <amarjitsidhu365@gmail.com> 

View all posts by ਅਮਰਜੀਤ ਸਿੰਘ ਸਿੱਧੂ →