ਤਿੰਨ ਪੀੜ੍ਹੀਆਂ ਤੋਂ ਦੇਸ਼ ਭਗਤੀ, ਡਾਕਟਰੀ ਸੇਵਾ ਅਤੇ ਸਮਾਜ ਸੇਵਾ ਦੇ ਵਚਿਤਰ ਸੁਮੇਲ ਦੀ ਵਿਲੱਖਣ ਉਦਾਹਰਣ ਹੈ, ਮਾਨਸਿਕ ਰੋਗਾਂ ਦੀ ਮਾਹਿਰ ਬਿਹਤਰੀਨ ਇਨਸਾਨ ਡਾ. ਹਰਵੰਦਨ ਕੌਰ ਬੇਦੀ ਦੇ ਪਰਿਵਾਰ ਦੀ ਜੀਵਨ ਗਾਥਾ। ਇੱਕ ਵਿਅਕਤੀ ਵਿੱਚ ਆਪਣੇ ਕਿੱਤੇ ਦੀ ਮੁਹਾਰਤ, ਇਨਸਾਨੀ ਕਦਰਾਂ ਕੀਮਤਾਂ ਦੀ ਪਹਿਚਾਣ, ਕਿੱਤੇ ਦੀ ਪ੍ਰਤੀਵੱਧਤਾ, ਇਨਸਾਨੀਅਤ ਦੀ ਸੇਵਾ ਭਾਵਨਾ ਦੀ ਲਗਨ ਅਤੇ ਦ੍ਰਿੜ੍ਹਤਾ ਦਾ ਹੋਣਾ ਆਪਣੇ ਆਪ ਵਿੱਚ ਪਰਮਾਤਮਾ ਦਾ ਬਿਹਤਰੀਨ ਵਰਦਾਨ ਹੁੰਦਾ ਹੈ। ਇਹ ਮਾਣ ਆਪਣੇ ਕਿੱਤੇ ਨੂੰ ਸਮਰਪਤ ਮਾਨਸਿਕ ਰੋਗਾਂ ਦੀ ਮਾਹਿਰ ਡਾਕਟਰ ਲੈਫ਼ਟੀਨੈਂਟ ਕਰਨਲ ਹਰਵੰਦਨ ਕੌਰ ਬੇਦੀ ਨੂੰ ਜਾਂਦਾ ਹੈ, ਜਿਨ੍ਹਾਂ ਦਾ ਜੀਵਨ ਸਮਾਜ ਲਈ ਚਾਨਣ ਮੁਨਾਰਾ ਹੋ ਸਕਦਾ ਹੈ। ਉਹ ਆਪਣੇ ਡਾਕਟਰੀ ਦੇ ਕਿਤੇ ਦੀ ਪਵਿਤਰਤਾ ਸਮਝਦੇ ਹਨ। ਇਸ ਲਈ ਉਹ ਜੀਅ ਜਾਨ ਨਾਲ ਇਨਸਾਨੀਅਤ ਦੀ ਸੇਵਾ ਵਿੱਚ ਜੁੱਟੇ ਹੋਏ ਹਨ। ਅੱਜ ਦੇ ਪਦਾਰਥਵਾਦੀ ਅਤੇ ਵਿਓਪਾਰਕ ਸੋਚ ਦੇ ਜ਼ਮਾਨੇ ਵਿੱਚ ਜਦੋਂ ਕਿ ਲਗਪਗ ਹਰ ਡਾਕਟਰੀ ਕਿੱਤੇ ਨਾਲ ਸੰਬੰਧਤ ਵਿਅਕਤੀ ਪੈਸੇ ਕਮਾਉਣ ਵਿੱਚ ਲੱਗਿਆ ਹੋਇਆ ਹੈ ਤਾਂ ਇਨਸਾਨੀਅਤ ਦੀ ਸੇਵਾ ਭਾਵਨਾ ਦਾ ਹੋਣਾ ਅਜ਼ੀਬ ਜਿਹਾ ਲੱਗਦਾ ਹੈ ਪ੍ਰੰਤੂ ਇਹ ਬਿਲਕੁਲ ਸੱਚ ਹੈ ਕਿ ਡਾ. ਲੈਫ਼ ਕਰਨਲ ਹਰਵੰਦਨ ਕੌਰ ਬੇਦੀ ਇਮਾਨਦਾਰੀ ਅਤੇ ਮਾਨਵੀ ਕਦਰਾਂ ਕੀਮਤਾਂ ‘ਤੇ ਪਹਿਰਾ ਦਿੰਦੇ ਹੋਏ ਮਰੀਜ਼ਾਂ ਦੀ ਸੇਵਾ ਕਰ ਰਹੇ ਹਨ। ਉਹ ਬਹੁਤੇ ਮਰੀਜ਼ ਵੇਖਕੇ ਪੈਸਾ ਕਮਾਉਣਾ ਜ਼ਾਇਜ ਨਹੀਂ ਸਮਝਦੇ ਸਗੋਂ ਇਕ ਦਿਨ ਵਿੱਚ ਸਿਰਫ਼ ਦੋ ਹੀ ਮਰੀਜ਼ ਵੇਖਦੇ ਹਨ, ਕਿਉਂਕਿ ਉਹ ਡਾਕਟਰੀ ਕਿੱਤੇ ਦੀ ਪਵਿੱਤਰਤਾ ਨੂੰ ਬਾਖ਼ੂਬੀ ਸਮਝਦੇ ਹੋਏ ਇਸ ਤਰ੍ਹਾਂ ਵਿਚਰਦੇ ਹਨ। ਮਰੀਜ਼ ਨੂੰ ਵੇਖਣ ਲਈ ਇੱਕ ਘੰਟੇ ਤੋਂ ਵੱਧ ਸਮਾਂ ਲਗਾਉਂਦੇ ਹਨ ਕਿਉਂਕਿ ਮਾਨਸਿਕ ਰੋਗੀ ਨੂੰ ਦਵਾਈਆਂ ਦੀ ਥਾਂ ਹਮਦਰਦੀ ਅਤੇ ਕੌਂਸਲਿੰਗ ਦੀ ਜ਼ਿਆਦਾ ਜ਼ਰੂਰਤ ਹੁੰਦੀ ਹੈ। ਉਹ ਜਿਤਨੇ ਵਧੀਆ ਇਨਸਾਨ ਅਤੇ ਮਾਹਿਰ ਡਾਕਟਰ ਹਨ ਉਤਨੇ ਹੀ ਵਧੀਆ ਮਨੋਵਿਗਿਆਨਕ ਕੌਂਸਲਰ ਵੀ ਹਨ। ਆਮ ਤੌਰ ਤੇ ਡਾਕਟਰ ਦੇ ਵੇਖਣ ਤੋਂ ਪਹਿਲਾਂ ਪੈਰਾ ਮੈਡੀਕਲ ਸਟਾਫ਼ ਮਰੀਜ਼ ਦੀ ਹਿਸਟਰੀ ਸੁਣਕੇ ਲਿਖਦਾ ਹੈ ਅਤੇ ਡਾਕਟਰ ਸਿਰਫ ਉਸ ਰਿਪੋਰਟ ਦੇ ਆਧਾਰ ‘ਤੇ ਦਵਾਈ ਲਿਖਦੇ ਹਨ ਪ੍ਰੰਤੂ ਡਾ. ਬੇਦੀ ਸਾਰਾ ਕੁਝ ਖੁਦ ਕਰਦੇ ਹਨ। ਇਹ ਕਿਹਾ ਜਾਂਦਾ ਹੈ ਕਿ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ ਨੂੰ ਦਵਾਈਆਂ ਦਾ ਥੱਬਾ ਲਿਖ ਦਿੰਦੇ ਹਨ, ਜਿਨ੍ਹਾਂ ਵਿੱਚੋਂ ਬਹੁਤੀਆਂ ਵਿੱਚ ਨਸ਼ੇ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਡਾਕਟਰ ਬੇਦੀ ਦਵਾਈਆਂ ਨਾਲੋਂ ਦੁਆ ਅਤੇ ਦਿਆਨਤਦਾਰੀ ਵਿੱਚ ਜ਼ਿਆਦਾ ਵਿਸ਼ਵਾਸ਼ ਰਖਦੇ ਹਨ। ਉਹ ਮਰੀਜ਼ ਦੀ ਮਾਨਸਿਕ ਬਿਮਾਰੀ ਨੂੰ ਜੜੋਂ ਫੜਨ ਦੀ ਕੋਸ਼ਿਸ਼ ਕਰਦੇ ਹਨ। ਮਰੀਜ ਨਾਲ ਉਹ ਆਪਣੇ ਨਿੱਜੀ ਦੋਸਤਾਨਾ ਸੰਬੰਧ ਬਣਾ ਲੈਂਦੇ ਹਨ ਤਾਂ ਜੋ ਉਹ ਉਨ੍ਹਾਂ ਉਪਰ ਭਰੋਸਾ ਕਰਨ ਲੱਗ ਜਾਵੇ। ਜਦੋਂ ਡਾਕਟਰ ਮਰੀਜ਼ ਨਾਲ ਚੰਗਾ ਸਲੂਕ ਕਰਦਾ ਹੈ ਤਾਂ ਅੱਧੀ ਬਿਮਾਰੀ ਰਹਿ ਜਾਂਦੀ ਹੈ। ਉਨ੍ਹਾਂ ਦਾ ਮਾਨਵਤਾਵਾਦੀ ਹੋਣਾ ਵਿਰਾਸਤ ਵਿੱਚੋਂ ਮਿਲੀ ਦੇਸ਼ਭਗਤੀ ਦੀ ਗੁੜ੍ਹਤੀ ਦੀ ਦੇਣ ਹੈ। ਦੇਸ਼ ਭਗਤ ਦੇਸ਼ ਦੇ ਹਿਤਾਂ ਨੂੰ ਪਹਿਲ ਦਿੰਦੇ ਹਨ। ਦੇਸ਼ ਇਲਾਕੇ ਅਤੇ ਲੋਕਾਂ ਦੇ ਸਮੂਹ ਨਾਲ ਨਹੀਂ ਬਣਦਾ ਸਗੋਂ ਮਾਨਵਤਾ ਦੇ ਗੁਣਾ ਦਾ ਪੁਲੰਦਾ ਹੁੰਦਾ ਹੈ। ਉਨ੍ਹਾਂ ਦੀ ਅਮੀਰ ਵਿਰਾਸਤ ਡਾ. ਬੇਦੀ ਦੀ ਉਸਾਰੂ ਸੋਚ ਵਿੱਚੋਂ ਝਲਕਦੀ ਹੈ। ਡਾ. ਬੇਦੀ ਦੀ ਵਿਰਾਸਤ ਦੀਆਂ ਤਿੰਨ ਪੀੜ੍ਹੀਆਂ ਫ਼ੌਜ ਵਿੱਚ ਡਾਕਟਰੀ ਕਿੱਤੇ ਨਾਲ ਸੰਬੰਧਤ ਹਨ। ਉਨ੍ਹਾਂ ਦੇ ਨਾਨਾ, ਮਾਮਾ, ਦਾਦਾ, ਪਿਤਾ, ਭਰਾ ਅਤੇ ਚਾਚਾ ਸਾਰੇ ਫ਼ੌਜ ਵਿੱਚ ਡਾਕਟਰ ਸਨ/ਹਨ। ਉਨ੍ਹਾਂ ਦੇ ਪਤੀ ਫ਼ੌਜ ਵਿੱਚ ਡੈਂਟਲ ਸਰਜਨ ਸੇਵਾ ਨਿਭਾ ਰਹੇ ਹਨ। ਨੌਕਰੀ ਕਰਦਿਆਂ ਹਰ ਵਿਅਕਤੀ ਦੇ ਮਨ ਵਿੱਚ ਉੱਚੇ ਅਹੁਦਿਆਂ ‘ਤੇ ਪਹੁੰਚਣ ਦੀ ਲਾਲਸਾ ਹੁੰਦੀ ਹੈ ਪ੍ਰੰਤੂ ਡਾ. ਬੇਦੀ ਨੇ ਤਰੱਕੀਆਂ ਪ੍ਰਾਪਤ ਕਰਨ ਦੀ ਥਾਂ ਆਪਣੀ ਮਾਤਾ ਦੀ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨੂੰ ਵੇਖਦਿਆਂ ਫ਼ੌਜ ਵਿੱਚੋਂ ਅਗਾਊਂ ਹੀ ਸੇਵਾ ਮੁਕਤੀ ਲੈ ਲਈ ਹੈ। ਜੇ ਉਹ ਚਾਹੁੰਦੇ ਤਾਂ ਹੋਰ ਉੱਚ ਅਹੁਦੇ ਤੇ ਪਹੁੰਚ ਸਕਦੇ ਸਨ ਪ੍ਰੰਤੂ ਉਨ੍ਹਾਂ ਇਨਸਾਨੀਅਤ ਦੀ ਸੇਵਾ ਨੂੰ ਪਹਿਲ ਦਿੱਤੀ ਹੈ। ਅੱਜ ਕੱਲ੍ਹ ਉਹ ਫ਼ੌਜ ਦੇ 20 ਸਾਲ ਦੇ ਤਜ਼ਰਬੇ ਤੋਂ ਬਾਅਦ ‘ਧਵਨ ਹਸਪਤਾਲ’ ਪੰਚਕੂਲਾ ਵਿੱਚ ਮਰੀਜ਼ਾਂ ਨੂੰ ਵੇਖਦੇ ਹਨ ਪ੍ਰੰਤੂ ਮਰੀਜ਼ ਨੂੰ ਪਹਿਲਾਂ ਅਪਾਇੰਟਮੈਂਟ ਲੈਣੀ ਪੈਂਦੀ ਹੈ। ਡਾ. ਹਰਵੰਦਨ ਕੌਰ ਬੇਦੀ ਨੇ ਸਕੂਲੀ ਸਿਖਿਆ, ਆਪਣੇ ਪਿਤਾ ਦੇ ਫ਼ੌਜ ਵਿੱਚ ਹੋਣ ਕਰਕੇ, ਕੇਂਦਰੀ ਸਕੂਲ ਗੰਗਟੋਕ ਸਿਕਮ ਵਿੱਚੋਂ ਪ੍ਰਾਪਤ ਕੀਤੀ ਸੀ। ਉਨ੍ਹਾਂ 12ਵੀਂ ਦੇ ਇਮਤਿਹਾਨ ਵਿੱਚ ਟਾਪ ਕੀਤਾ ਸੀ। ਉਨ੍ਹਾਂ ਨੇ ਐਮ. ਐਮ. ਬੀ. ਐਸ. ਬਾਈਰਾਮਜੀ ਜੀਜੀ ਭੁਆਏ ਸਰਕਾਰੀ ਮੈਡੀਕਲ ਕਾਲਜ (ਬੀ ਜੇ ਐਮ ਸੀ) ਪੂਨਾ ਮਹਾਰਾਸ਼ਟਰ ਵਿੱਚੋਂ ਪਾਸ ਕੀਤੀ ਸੀ। ਫਿਰ ਉਨ੍ਹਾਂ ਮਹਾਰਾਸ਼ਟਰ ਮਾਨਸਿਕ ਰੋਗ ਸੰਸਥਾਨ ਤੋਂ ਮਾਨਸਿਕ ਰੋਗ ਪ੍ਰਣਾਲੀ ਵਿੱਚ ਐਮ. ਡੀ. ਕੀਤੀ। 1999 ਵਿੱਚ ਡਾ. ਹਰਵੰਦਨ ਕੌਰ ਬੇਦੀ ਨੂੰ ਭਾਰਤੀ ਫ਼ੌਜ ਵਿੱਚ ਸਥਾਈ ਕਮਿਸ਼ਨ ਮਿਲਿਆ। ਉਹ ਭਾਰਤੀ ਫ਼ੌਜ ਵਿੱਚ ਸਥਾਈ ਕਮਿਸ਼ਨ ਪ੍ਰਾਪਤ ਕਰਨ ਵਾਲੀਆਂ ਚੋਣਵੀਆਂ ਮਾਨਸਿਕ ਰੋਗਾਂ ਦੀਆਂ ਮਾਹਿਰ ਮਹਿਲਾ ਡਾਕਟਰਾਂ ਵਿੱਚੋਂ ਇਕ ਹਨ। ਉਨ੍ਹਾਂ ਨੂੰ ਇਹ ਵੀ ਮਾਣ ਜਾਂਦਾ ਹੈ ਕਿ ਉਹ ਇਕੱਲੀ ਮਹਿਲਾ ਮਾਨਸਿਕ ਰੋਗ ਮਾਹਿਰ ਹੈ, ਜਿਨ੍ਹਾਂ ਨੇ ਕਠਨ ਕਾਰਜ਼ਸ਼ੀਲ ਉਤਰੀ ਅਤੇ ਪੂਰਬੀ ਦੋਹਾਂ ਖੇਤਰਾਂ ਵਿੱਚ ਅੱਤ ਜ਼ੋਖ਼ਮ ਭਰੇ ਸਮੇਂ ਵਿੱਚ ਸੇਵਾ ਨਿਭਾਈ ਹੈ, ਜਿਥੇ ਭਾਰਤੀ ਫ਼ੌਜ ਪਿਛਲੇ ਕਈ ਦਹਾਕਿਆਂ ਤੋਂ ਅੱਤਵਾਦੀਆਂ-ਵੱਖਵਾਦੀਆਂ ਅਤੇ ਘੁਸਪੈਠੀਆਂ ਨਾਲ ਲੋਹਾ ਲੈ ਰਹੀ ਹੈ। ਇਸੇ ਤਰ੍ਹਾਂ ਉਨ੍ਹਾਂ ਨੇ ਇਨਸਰਜੈਂਸੀ ਦੇ ਸਿਖਰ ‘ਤੇ ਫ਼ੌਜੀ ਹਸਪਤਾਲ ਸ੍ਰੀਨਗਰ (ਕਸ਼ਮੀਰ) ਵਿੱਚ ਬਤੌਰ ਮਾਨਸਿਕ ਰੋਗ ਸਪੈਸ਼ਲਿਸਟ ਸੇਵਾ ਕੀਤੀ। ਇਸ ਮੌਕੇ ‘ਤੇ ਉਨ੍ਹਾਂ ਆਪਣੀ ਨੌਕਰੀ ਦੇ ਨਾਲ ਹੀ ਆਤਮ ਹੱਤਿਆਵਾਂ ਦੀ ਰੋਕਥਾਮ ਲਈ ਮੁਹਾਰਤ ਹਾਸਲ ਕੀਤੀ। ਇਸੇ ਤਰ੍ਹਾਂ ਫ਼ੌਜ ਵੱਲੋਂ ਮਿਲਾਪ ਪ੍ਰੋਜੈਕਟ ਨੂੰ ਲਾਗੂ ਕਰਨ ਲਈ ਅਹਿਮ ਭੂਮਿਕਾ ਵੀ ਨਿਭਾਈ, ਜਿਸ ਅਧੀਨ ਜੰਮੂ ਕਸ਼ਮੀਰ ਖੇਤਰ ਵਿੱਚ ਸੈਨਿਕਾਂ ਅਤੇ ਆਮ ਨਾਗਰਿਕਾਂ ਨੂੰ ਆਤਮ ਹੱਤਿਆਵਾਂ ਦੀ ਭਾਵਨਾ ਵਿਰੁੱਧ ਲੜਨ ਲਈ ਨਾ ਕੇਵਲ ਖ਼ੁਦ ਕੌਂਸਲਿੰਗ ਕੀਤੀ ਸਗੋਂ ਫ਼ੌਜ ਵਿੱਚ ਤਾਇਨਾਤ ਧਾਰਮਿਕ ਅਧਿਆਪਕਾਂ ਅਤੇ ਹੋਰਾਂ ਨੂੰ ਬਤੌਰ ਕੌਂਸਲਰ ਟ੍ਰੇਨਿੰਗ ਵੀ ਦਿੱਤੀ। ਇਸ ਲਈ ਉਨ੍ਹਾਂ ਨੂੰ 2004 ਵਿੱਚ ਆਰਮੀ ਕਮਾਂਡਰਜ਼ ਕਮਡੇਸ਼ਨ ਦਿੱਤਾ ਗਿਆ, ਜੋ ਆਮ ਡਿਊਟੀ ਦੇ ਨਾਲ ਕਿਸੇ ਹੋਰ ਵਾਧੂ ਖੇਤਰ ਵਿੱਚ ਸੇਵਾ ਨਿਭਾਉਣ ਦੀ ਮਾਨਤਾ ਵਜੋਂ ਦਿੱਤਾ ਜਾਂਦਾ ਹੈ। ਉਨ੍ਹਾਂ ਦੀ ਮੁਹਾਰਤ, ਸਮਾਜਿਕ ਖੇਤਰ, ਸਕੂਲ, ਕਿਸਾਨੀ, ਮਜ਼ਦੂਰੀ, ਖਾਸ ਉਮਰ, ਖਾਸ ਲਿੰਗ ਦੇ ਗਰੁਪਾਂ ਦੀਆਂ ਮਾਨਸਿਕ ਸਮੱਸਿਆਵਾਂ ਦੇ ਇਲਾਜ਼ ਸੰਬੰਧੀ ਹੈ। ਇਸ ਤੋਂ ਇਲਾਵਾ ਡਿਪਰੈਸ਼ਨ, ਆਬਸੈਸਿਵ ਕੰਪਲਸਿਵ ਡਿਸਆਰਡਰਜ਼, ਵਿਹਾਰਕ ਸਮੱਸਿਆਵਾਂ, ਬਾਲ ਮਾਨਸਿਕ ਰੋਗ, ਸਾਈਜੋਫਰੀਨੀਆ ਰੋਗਾਂ ਦੀ ਵਿਸ਼ੇਸ਼ ਮੁਹਾਰਤ ਹੈ। ਉਨ੍ਹਾਂ ਦੇ ਪਰਿਵਾਰ ਦਾ ਪਿਛੋਕੜ ਰਾਵਲਪਿੰਡੀ ਦਾ ਹੈ ਜੋ ਅੱਜ ਕੱਲ੍ਹ ਪਾਕਿਸਤਾਨ ਵਿੱਚ ਹੈ। ਅਜੋਕੇ ਸਮੇਂ ਸਮਾਜ ਵਿੱਚ ਪਰਿਵਾਰਿਕ, ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਕਾਰਨ ਅੱਜ ਕੱਲ੍ਹ ਮਾਨਸਿਕ ਤਣਾਓ ਕਰਕੇ ਆਤਮ ਹੱਤਿਆਵਾਂ ਅਤੇ ਮਨੋ ਰੋਗਾਂ ਦੇ ਕੇਸ ਵੱਧ ਰਹੇ ਹਨ ਤਾਂ ਅਜਿਹੇ ਸਮੇਂ ਵਿੱਚ ਡਾ. ਹਰਵੰਦਨ ਕੌਰ ਬੇਦੀ ਵਰਗੀ ਸੁਲਝੀ ਹੋਈ ਇਨਸਾਨੀਅਤ ਦੀ ਮੁੱਦਈ ਡਾਕਟਰ ਦੀਆਂ ਸੇਵਾਵਾਂ ਦੀ ਸਮਾਜ ਨੂੰ ਅਤਿਅੰਤ ਜ਼ਰੂਰਤ ਹੈ। ਡਾ. ਬੇਦੀ ਦੇ ਤਜ਼ਰਬੇ ਦਾ ਲਾਭ ਉਠਾਉਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਨੂੰ ਕੋਈ ਲਾਲਚ ਨਹੀਂ ਅਤੇ ਨਾ ਹੀ ਪੈਸੇ ਦੇ ਮਗਰ ਭੱਜਦੇ ਹਨ ਸਗੋਂ ਉਹ ਮਰੀਜ਼ ਨਾਲ ਡਾਕਟਰ ਤੋਂ ਇਲਾਵਾ ਬਤੌਰ ਇਨਸਾਨ ਵਿਵਹਾਰ ਕਰਦੇ ਹਨ। ਉਨ੍ਹਾਂ ਨੂੰ ਬਹੁਤ ਸਾਰੇ ਮਾਨ ਸਨਮਾਨ ਮਿਲ ਚੁੱਕੇ ਹਨ। ਉਹ ਐਨਾਗਰਾਮ ਐਨ. ਐਲ. ਪੀ. ਦੇ ਐਸੋਸੀਏਟ ਪ੍ਰੈਕਟੀਸ਼ਨਰ ਹਨ। ਐਨਾ ਗਰਾਮ ਨੌਂ ਆਪਸ ਵਿੱਚ ਸਬੰਧਤ ਪਰਸਨੈਲਿਟੀ ਦੀਆਂ ਸ਼੍ਰੇਣੀਆਂ ਦਾ ਵਿਗਿਆਨ ਹੈ। ਉਹ ਭਾਰਤ ਦੀਆਂ ਕਈ ਸੋਸਾਇਟੀਆਂ ਜਿਨ੍ਹਾਂ ਵਿੱਚ ਮੈਂਬਰ ਇੰਡੀਅਨ ਸਾਈਕੈਟਰੀ ਸੋਸਾਇਟੀ, ਲਾਈਫ ਫੈਲੋ ਇੰਡੀਅਨ ਜਨਰਲ ਆਫ ਸਲੀਪ ਮੈਡੀਸਨ, ਲਾਈਫ ਫੈਲੋ ਜਨਰਲ ਆਫ ਇੰਡੀਅਨ ਅਕੈਡਮੀ ਆਫ ਜੈਰੀਐਟਰਸ ਅਤੇ ਲਾਈਫ ਫੈਲੋ ਇੰਡਸਟਰੀ ਅਲਾਈਕੇਟ ਰਿਕ ਜਨਰਲ ਹਨ। *** ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ |
*** 639 *** |