14 August 2022
ਸੁਰਿੰਦਰ ਗਿਤ

ਤਾਏ ਕੇ: ਚੋਰ ਉਚੱਕੇ ਨਹੀਂ —ਸੁਰਿੰਦਰ ਗੀਤ 

ਕੈਲਗਰੀ ਦੇ ਨਵੇਂ ਸਿਟੀ ਹਾਲ ਨੂੰ ਬਣੇ ਬਹੁਤਾ ਚਿਰ ਨਹੀਂ ਸੀ ਹੋਇਆ। ਕਹਿੰਦੇ ਨੇ ਅਲਬਰਟਾ ਸਰਕਾਰ ਤੇ ਸਿਟੀ ਕੌਂਸਲ ਨੇ ਬਹੁਤ ਖ਼ਰਚ ਕੀਤਾ ਇਸ ਮਿਆਰੀ ਇਮਾਰਤ ਤੇ। ਮੇਰੀ ਚੰਗੀ ਕਿਸਮਤ ਕਿ ਮੈਂ ਇਸ ਖੂਬਸੂਰਤ ਇਮਾਰਤ ਵਿੱਚ ਇਕ ਦਿਲਕਸ਼ ਦਫ਼ਤਰ ਵਿੱਚ ਕੰਮ ਕਰਦੀ ਸਾਂ। ਸੱਚ ਜਾਣੋ ਤਾਂ ਕੰਮ ਤੇ ਜਾਣ ਦਾ ਚਾਅ ਚੜ੍ਹਿਆ ਰਹਿੰਦਾ ਸੀ।

ਪਹਿਲੀ ਮੰਜ਼ਿਲ ਜਾਣੀ ਮੇਨ ਲਾਬੀ ਦੀ ਖੂਬਸੂਰਤੀ ਦੇਖਣ ਵਾਲੀ ਸੀ। ਚਮਕਦੀ ਲਿਸ਼ਕਦੀ ਫ਼ਰਸ਼ ਤੇ ਆਰਟ ਵਰਕ ਹਰ ਇਕ ਨੂੰ ਆਪਣੇ ਵੱਲ ਖਿੱਚਦਾ ਸੀ। ਬਹੁਤ ਹੀ ਸੋਹਣੀਆਂ ਸੋਹਣੀਆਂ ਮਹਿੰਗੇ ਭਾਅ ਦੀਆਂ ਕੁਰਸੀਆਂ ਮੇਨ ਲਾਬੀ ਦੀ ਸੁੰਦਰਤਾ ਵਿੱਚ ਵਾਧਾ ਕਰ ਰਹੀਆਂ ਸਨ। ਸਿਟੀ ਹਾਲ ਦੇਖਣ ਵਾਲੇ ਲੋਕਾਂ ਦੀ ਆਵਾਜਾਈ ਬਹੁਤ ਰਹਿੰਦੀ ਸੀ। ਵੈਸੇ ਵੀ ਲੋਕ ਆਪਣੇ ਸਿਟੀ ਨਾਲ ਸੰਬੰਧਤ ਕੰਮ- ਧੰਦਿਆਂ ਲਈ ਸਿਟੀ ਹਾਲ ਆਉਂਦੇ ਜਾਂਦੇ ਰਹਿੰਦੇ ਹਨ।  ਕਹਿਣ ਤੋਂ ਭਾਵ ਬਹੁਤ ਰੌਣਕਾਂ ਲੱਗੀਆਂ ਰਹਿੰਦੀਆਂ ਸਨ। ਲਾਬੀ ਵਿੱਚ ਪਈਆਂ ਕੁਰਸੀਆਂ ਤਕਰੀਬਨ ਤਕਰੀਬਨ ਭਰੀਆਂ ਹੀ ਰਹਿੰਦੀਆਂ। ਕਈ ਲੋਕ ਤਾਂ ਬਿੰਦ ਦਾ ਬਿੰਦ ਆਰਾਮ ਕਰਨ ਓਥੇ ਬੈਠ ਜਾਂਦੇ ਤੇ ਆਉਂਦੇ ਜਾਂਦੇ ਲੋਕਾਂ ਨੂੰ ਵੇਖਦੇ ਰਹਿੰਦੇ।

ਸੋਮਵਾਰ ਦਾ ਦਿਨ ਸੀ। ਆਦਤ ਅਨੁਸਾਰ ਮੈਂ ਦਫ਼ਤਰ ਦੇ ਟਾਈਮ ਤੋਂ 15-20 ਮਿੰਟ ਪਹਿਲਾਂ ਸਿਟੀ ਹਾਲ ਪੁੱਜ ਗਈ। ਮੈਂ ਆਪਣਾ ਪਰਸ ਆਪਣੇ ਡੈਸਕ ਤੇ ਰੱਖ ਮੇਨ ਲਾਬੀ ਵਿੱਚ ਘੁੰਮਣ ਫਿਰਨ ਆ ਗਈ।  

ਆਪਣੇ ਧਿਆਨ ਮੈਂ  ਏਧਰ ਓਧਰ ਸਿਟੀ ਹਾਲ ਦੀ ਸੁੰਦਰਤਾ ਅਤੇ ਬਣਤਰ ਦੇਖ ਹੀ ਰਹੀ ਸਾਂ ਕਿ ਇਕ ਆਵਾਜ਼ ਨੇ ਮੇਰਾ ਧਿਆਨ ਆਪਣੇ ਵੱਲ ਖਿੱਚ ਲਿਆ।

“ਮੈਨੂੰ ਭੁੱਖ ਲੱਗੀ ਹੈ। ਕੀ ਤੁਸੀਂ ਮੇਰੇ ਲਈ ਬਰੇਕਫਾਸਟ ਖਰੀਦ ਸਕਦੇ ਹੋ?”

ਮੈਂ ਉਸ ਨੂੰ ਗਹੁ ਨਾਲ ਦੇਖਿਆ। ਕਾਫ਼ੀ ਵੱਡੀ ਉਮਰ ਦਾ ਬਜ਼ੁਰਗ ਸੀ ਉਹ। ਮੋਟਾ ਵੱਡਾ ਚਿਹਰਾ ਜੋ ਬੁਢਾਪੇ ਕਾਰਣ ਸੁੰਗੜ ਗਿਆ ਜਾਪਦਾ ਸੀ। ਮੈਲੇ ਕੁਚੈਲੇ ਕਪੜੇ, ਖਿਲਰੇ ਹੋਏ ਮੈਲੇ ਮਿੱਟੀ ਨਾਲ ਭਰੇ ਹੋਏ ਵਾਲਾਂ ਦੀਆਂ ਦੋ ਗੁੱਤਾਂ, ਲੰਬੀ ਉਲਝੀ ਹੋਈ ਚਿੱਟੀ ਦਾੜ੍ਹੀ ਤੇ ਗਿੱਡ ਨਾਲ ਭਰੀਆਂ ਕੋਇਆਂ ਵਿੱਚ ਧੱਸੀਆਂ ਅੱਖਾਂ। ਉਸਦੇ ਚਿਹਰੇ ਤੇ ਇਕ ਵੱਡਾ ਸਾਰਾ ਪੁਰਾਣੇ ਜ਼ਖਮ ਦਾ ਨਿਸ਼ਾਨ ਵੀ ਸੀ। ਉਸ ਕੋਲ ਇਕ ਸੋਟੀ ਵੀ ਪਈ ਸੀ। ਬਾਦ ਵਿੱਚ ਮੈਨੂੰ ਪਤਾ ਲੱਗਿਆ ਕਿ ਇਹ ਸੋਟੀ ਦੇ ਸਹਾਰੇ ਤੁਰਦਾ ਹੈ ਅਤੇ ਇਸ ਦੀ ਲੱਤ ਵਿੱਚ ਨੁਕਸ ਸੀ। ਆਮ ਲੋਕਾਂ ਦੀ ਤਰ੍ਹਾਂ ਤੁਰ ਫਿਰ ਨਹੀਂ ਸੀ ਸਕਦਾ ਤੇ ਉਹ ਸਿਟੀ ਹਾਲ ਦੀ ਬੜੀ ਸੋਹਣੀ ਮਹਿੰਗੀ ਨਵੀਂ ਨਕੋਰ ਕੁਰਸੀ ਤੇ ਬੈਠਾ ਸੀ। 

ਪਹਿਲੀ ਹੀ ਨਜ਼ਰੇ ਮੈਂ ਸਮਝ ਗਈ ਕਿ ਇਹ ‘ਤਾਏ ਕਾ’ ਹੈ। ‘ਤਾਏ ਕਾ’ ਇਉਂ ਕਿ ਏਥੋਂ ਦੇ ਮੂਲ ਨਿਵਾਸੀਆਂ ਨੂੰ ਸਾਡੇ ਭਾਰਤੀ ਪੰਜਾਬੀ ਲੋਕ ‘ਤਾਏ ਕੇ’ ਕਹਿੰਦੇ ਹਨ। ‘ਤਾਏ ਕੇ’ ਕਹਿਣ ਦਾ ਇਕ ਕਾਰਣ ਇਹ ਵੀ ਹੋ ਸਕਦਾ ਹੈ ਕਿ ਮੈਕਸੀਕਨ ਲੋਕਾਂ ਦੀ ਤਰ੍ਹਾਂ ਇਹਨਾਂ ਦੇ ਨੈਣ ਨਕਸ਼ ਵੀ ਭਾਰਤੀ ਮੂਲ ਦੇ ਲੋਕਾਂ ਨਾਲ ਮਿਲਦੇ ਜੁਲਦੇ ਹਨ ਤੇ ਇਹਨਾਂ ਨੂੰ ਵੀ ਇੰਡੀਅਨ ਕਿਹਾ ਜਾਂਦਾ ਹੈ। ਮੈਂ ਇਸ ਬਾਰੇ ਕੁਝ ਕਹਿਣ ਤੋਂ ਸੰਕੋਚ ਹੀ ਕਰਾਂਗੀ ਕਿਉਂਕਿ ਮੈਂ ਇਤਿਹਾਸ ਤੋਂ ਜਾਣੂੰ ਨਹੀਂ ਹਾਂ।   

ਇਤਿਹਾਸਕਾਰ ਦੱਸਦੇ ਹਨ ਕਿ ਚਾਰ ਪੰਜ ਹਜ਼ਾਰ ਸਾਲ ਪਹਿਲਾਂ ਇਹ ਲੋਕ ਸਾਇਬੇਰੀਆ ਤੋਂ ਬੈਰਿੰਗ ਸਟੇਟ ਰਾਹੀਂ ਜੰਮੀ ਹੋਈ ਬਰਫ਼ ਤੇ ਚੱਲਕੇ ਅਲਾਸਕਾ ਆਏ ਤੇ ਅੱਗੋਂ ਸਾਰੇ ਕੈਨੇਡਾ ਦੀ ਧਰਤੀ ਤੇ ਫ਼ੈਲ ਗਏ। ਇਹ ਮੂਲ ਨਿਵਾਸੀ ਇਹ ਵੀ ਕਹਿੰਦੇ ਹਨ ਕਿ ਉਹ ਤਾਂ ਓਦੋਂ ਦੇ ਏਥੇ ਰਹਿ ਰਹੇ ਹਨ ਜਦੋਂ ਦੀ ਧਰਤੀ ਬਣੀ ਹੈ। ਸਾਡੇ ਵਾਂਗ ਇਹਨਾਂ ਵਿੱਚ ਵੀ ਮਿਥਿਹਾਸਕ ਕਹਾਣੀਆਂ ਪ੍ਰਚਲਤ ਹਨ।

ਜਿਉਂ ਹੀ ਮੈਂ ਉਸਨੂੰ ਤੱਕਿਆ ਤਾਂ ਮੇਰਾ ਮਨ ਭਰ ਆਇਆ। ਇਸ ਦੇਸ਼ ਵਿੱਚ ਵੀ ਭੁੱਖੇ ਲੋਕ ਹਨ? ਆਪਣੇ ਆਪ ਤੇ ਕੀਤੇ ਇਸ ਸਵਾਲ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ।

“ਮੇਰਾ ਪਰਸ ਮੇਰੇ ਦਫ਼ਤਰ ’ਚ ਹੈ। ਮੈਂ ਲਿਆ ਕੇ ਦਿੰਦੀ ਹਾਂ।” ਮੈਂ ਕਿਹਾ।

ਉਹ ਕੁਝ ਨਾ ਬੋਲਿਆ। ਮੈਂ ਚੁੱਪ ਚੁੱਪੀਤੀ ਐਲੀਵੇਟਰ ਰਾਹੀਂ ਛੇਵੀਂ ਮੰਜ਼ਿਲ ਤੇ ਪੁੱਜ ਗਈ। ਆਪਣਾ ਪਰਸ ਦੇਖਿਆ। ਮੇਰੇ ਕੋਲ ਪੰਜ ਪੰਜ ਦੇ ਕੇਵਲ ਦੋ ਨੋਟ ਹੀ ਸਨ। ਸੋਚਿਆ ਦੱਸ ਡਾਲਰ ਦੇ ਦਿੰਦੀ ਹਾਂ। ਫਿਰ ਸੋਚਿਆ ਕਿ ਮੈਨੂੰ ਵੀ ਲੋੜ ਪੈ ਸਕਦੀ ਹੈ। ਚਲੋ ਪੰਜ ਡਾਲਰ ਦੇ ਦਿੰਦੀ ਹਾਂ। ਆਪਣੇ ਆਪ ਨਾਲ ਫੈਸਲਾ ਕਰਕੇ ਮੈਂ ਪੰਜ ਡਾਲਰ ਦਾ ਨੋਟ ਉਸਦੇ ਹੱਥ ਫੜਾ ਦਿੱਤਾ। ਉਸਨੇ ਸਿਰ ਤੋਂ ਲੈਕੇ ਪੈਰਾਂ ਤੱਕ ਮੈਨੂੰ ਦੇਖਿਆ। ਧੰਨਵਾਦ ਕੀਤਾ ਤੇ ਸੋਟੀ ਨੂੰ ਹੱਥ ਪਾਇਆ। ਸ਼ਾਇਦ ਉਹ ਕੁਝ ਖਾਣ ਵਾਸਤੇ ਕੋਈ ਚੀਜ਼ ਖਰੀਦਣ ਜਾ ਰਿਹਾ ਸੀ। ਮੇਰੇ ਦਫ਼ਤਰ ਦਾ ਸਮਾਂ ਹੋ ਰਿਹਾ ਸੀ। ਇਸ ਲਈ ਮੈਂ ਬਿਨਾਂ ਉਸ ਵੱਲ ਦੇਖੇ ਕਾਹਲੀ ਨਾਲ ਆਪਣੇ ਡੈਸਕ ਤੇ ਆ ਬੈਠੀ।

ਉਸ ਦਿਨ ਮੈਂ ਸਾਰਾ ਦਿਨ ਉਸ ਬਜ਼ੁਰਗ ਬਾਰੇ ਸੋਚਦੀ ਰਹੀ। ਤਰ੍ਹਾਂ ਤਰ੍ਹਾਂ ਦੇ ਖਿਆਲ ਮਨ ਨੂੰ ਘੇਰ ਰਹੇ ਸਨ। ਖੈਰ ਉਸਨੂੰ ਪੰਜ ਡਾਲਰ ਦੇ ਕੇ ਮੈਨੂੰ ਆਪਣਾ ਆਪ ਚੰਗਾ ਚੰਗਾ ਲੱਗ ਰਿਹਾ ਸੀ।

ਦੂਸਰੇ ਦਿਨ ਓਥੇ ਹੋਰ ਇੱਕਾ ਦੁੱਕਾ ‘ਤਾਏ ਕੇ’ ਬੈਠੇ ਸਨ ਪਰ ਉਹ ਨਹੀਂ ਸੀ। ਹਫ਼ਤੇ ਦੇ ਪੰਜ ਦਿਨ ਬੀਤ ਗਏ ਪਰ ਉਹ ਨਾ ਦਿਸਿਆ। ਇਕ ਦਿਨ ਸਕਿਊਰਟੀ ਗਾਰਡ ਉਹਨਾਂ ਨੂੰ ਓਥੇ ਬੈਠਣ ਤੋਂ ਰੋਕ ਰਿਹਾ ਸੀ। ਮੈਂਨੂੰ ਤਰਸ ਵੀ ਆਇਆ ਕਿ ਇਹ ਵਿਚਾਰੇ ਮੀਂਹ ਵਿੱਚ ਕਿੱਥੇ ਬੈਠਣਗੇ ਤੇ ਨਾਲ ਹੀ ਮੈਨੂੰ ਉਸਦਾ ਖਿਆਲ ਆਇਆ ਜਿਸ ਨੂੰ ਮੈਂ ਇਕ ਦਿਨ ਪੰਜ ਡਾਲਰ ਦਿੱਤੇ ਸਨ। ਸੋਚਿਆ ਕਿਤੇ ਚਲਾ ਗਿਆ ਹੋਣਾ ਹੈ। ਉਸਦਾ ਕਿਹੜਾ ਕੋਈ ਘਰ ਘਾਟ ਹੋਣਾ ਹੈ। 

ਤੀਸਰੇ ਹਫ਼ਤੇ ਇਕ ਦਿਨ ਦੁਪਹਿਰ ਵੇਲੇ ਮੈਂ ਉਸਨੂੰ ਸਿਟੀ ਹਾਲ ਦੇ ਬਾਹਰ ਬਣੇ ਉੱਚੇ ਥੜੇ ਤੇ ਬੈਠਾ ਵੇਖਿਆ। ਉਹ ਕੁਝ ਖਾ ਰਿਹਾ ਸੀ। ਮੈਂ ਆਪਣੀ ਗੋਰੀ ਸਹੇਲੀ ਨਾਲ ਲੰਚ ਤੇ ਜਾ ਰਹੀ ਸਾਂ। ਉਸਨੇ ਮੈਨੂੰ ਦੇਖ ਲਿਆ ਸੀ ਪਰ ਮੇਰੇ ਨਾਲ ਮੇਰੀ ਸਹੇਲੀ ਹੋਣ ਕਰਕੇ ਮੈਂ ਉਸਨੂੰ ਨਹੀਂ ਬੁਲਾਇਆ। ਸੋਚਿਆ ਇਹ ਕੀ ਸੋਚੇਗੀ ਜੇਕਰ ਮੈਂ ਇਸਦੇ ਕੋਲ ਖੜ੍ਹ ਗਈ ਤਾਂ।

ਉਸਤੋਂ ਬਾਅਦ ਮੈਂ ਕਦੇ ਉਸਨੂੰ ਸਿਟੀ ਹਾਲ ਦੀਆਂ ਕੁਰਸੀਆਂ, ਕਦੇ ਸਿਟੀ ਹਾਲ ਦੇ ਬਾਹਰ ਤੇ ਕਦੇ ਲਾਇਬ੍ਰੇਰੀ ਕੋਲ ਵੇਖਦੀ। ਅਜੇ ਤੱਕ ਮੈਂ ਉਸਨੂੰ ਤੁਰਦਿਆਂ ਨਹੀਂ ਸੀ ਵੇਖਿਆ। ਪਰ ਜੱਦ ਮੈਂ ਉਸਨੂੰ ਤੁਰਦਿਆਂ ਦੇਖਿਆ ਤਾਂ ਪਤਾ ਲੱਗਿਆ ਕਿ ਉਹ ਬਹੁਤ ਮੁਸ਼ਕਿਲ ਵਿੱਚ ਸੀ। ਮਸਾਂ ਹੀ ਪੈਰ ਪੁਟਦਾ ਸੀ।

ਦਿਨ ਬੀਤਦੇ ਗਏ। ਮੇਰੀ ਉਸ ਨਾਲ ਕਦੇ ਕਦਾਂਈ ਹੈਲੋ ਸ਼ੈਲੋ ਹੁੰਦੀ ਰਹਿੰਦੀ। ਆਮ ਕਰਕੇ ਉਹ ਇਕੱਲਾ ਹੀ ਹੁੰਦਾ ਸੀ ਪਰ ਕਦੇ ਕਦੇ ਉਸ ਕੋਲ ਲਗ ਭਗ ਉਸਦੀ ਹੀ ਉਮਰ ਦਾ ਸਾਥੀ ਬੈਠਾ ਹੁੰਦਾ। ਦੇਖਣ ਨੂੰ ਉਹ ਉਸਤੋਂ ਕੁਝ ਚੰਗੀ ਹਾਲਤ ਵਿੱਚ ਸੀ। ਉਸ ਤੋਂ ਬਿਨਾਂ ਮੈਂ ਕਦੇ ਵੀ ਕਿਸੇ ਹੋਰ ਨੂੰ ਉਸ ਨਾਲ ਨਹੀਂ ਸੀ ਦੇਖਿਆ।

ਮੇਰੀ ਇਕ ਸਹੇਲੀ ਦੂਸਰੇ ਡੀਪਾਰਟਮੈਂਟ ਵਿੱਚ ਸੀ ਪਰ ਕਾਫ਼ੀ ਜਾਂ ਲੰਚ ਬਰੇਕ ਤੇ ਮੇਰਾ ਉਸ ਨਾਲ ਮੇਲ ਹੋ ਜਾਂਦਾ ਸੀ। ਉਹ ਅਕਸਰ ਹੀ ਮੇਰਾ ਇਹ ਕਹਿ ਕੇ ਮਜ਼ਾਕ ਉਡਾਉਂਦੀ ਕਿ ਤੇਰਾ ਦੋਸਤ ਬੈਠਾ ਹੈ। ਜਦੋਂ ਅਜਿਹਾ ਆਖਦੀ ਤਾਂ ਸੱਚ ਮੁੱਚ ਹੀ ਉਹ ਮੈਨੂੰ ਮੇਰਾ ਦੋਸਤ ਜਾਪਦਾ। ਪਰ ਇਕ ਦਿਨ ਉਸਨੇ ਮੈਨੂੰ ਆਖ ਹੀ ਦਿੱਤਾ, “ਇਹ ਲੋਕ ਚੋਰ ਹੁੰਦੇ ਹਨ। ਨਸ਼ੇ-ਪੱਤੇ ਵੀ ਕਰਦੇ ਹਨ। ਕੰਮ ਕਾਰ ਕਰਦੇ ਨਹੀਂ। ਵਿਹਲੇ ਸਰਕਾਰਾਂ ਤੇ ਭਾਰ ਹਨ। ਇਉਂ ਹੀ ਤੁਰੇ ਫਿਰਦੇ ਰਹਿੰਦੇ ਹਨ। ਸਟੋਰਾਂ ‘ਚੋਂ ਵੀ ਚੋਰੀ ਚੁੱਕ ਕੇ ਖਾ ਪੀ ਜਾਂਦੇ ਹਨ।”

ਮੈਂ ਉਸਦੀ ਗੱਲ ਤਾਂ ਸੁਣੀ ਪਰ ਕੋਈ ਖ਼ਾਸ ਹੁੰਗਾਰਾ ਨਾ ਭਰਿਆ। ਪਤਾ ਨਹੀਂ ਕਿਉਂ!

ਸਰਦੀਆਂ ਦੀ ਰੁੱਤ ਆ ਗਈ। ਠੰਡ ਵੱਧਣ ਲੱਗੀ। ਕਦੇ ਕਦੇ ਬਰਫ਼ ਵੀ ਪੈ ਜਾਂਦੀ। ਉਸਦੇ ਪੈਰਾਂ ਵਿੱਚ ਤਾਂ ਕੁਝ ਚੰਗੇ ਬੂਟ ਸਨ ਪਰ ਉਸਦੀ ਜੈਕਟ ਬਹੁਤ ਹੀ ਫਟੀ ਪੁਰਾਣੀ ਸੀ ਤੇ ਉਸ ਵਿੱਚ ਇਕ ਦੋ ਵੱਡੀਆਂ ਵੱਡੀਆਂ ਮੋਰੀਆਂ ਵੀ ਸਨ।

ਉਸ ਦਿਨ ਬਹੁਤ ਠੰਡ ਸੀ। ਦਫ਼ਤਰ ਵਿੱਚ ਬੈਠੀ ਨੂੰ ਬਾਰ ਬਾਰ ਉਸਦਾ ਖਿਆਲ ਆ ਰਿਹਾ ਸੀ। ਇਕ ਦਮ ਖਿਆਲ ਆਇਆ ਕਿ ਘਰੇ ਇਕ ਜੈਕਟ ਪਈ ਹੈ। ਚੰਗੀ ਭਾਰੀ ਜੈਕਟ ਹੈ। ਮੇਰੇ ਹਸਬੈਂਡ ਦੀ ਪੁਰਾਣੀ ਜੈਕਟ। ਉਹ ਤਾਂ ਇਸਨੂੰ ਵਰਤਦਾ ਨਹੀਂ। ਕਿਉਂ ਨਾ ਇਸ ਨੂੰ ਦੇ ਦੇਵਾਂ। ਫਿਰ ਖਿਆਲ ਆਇਆ ਕਿ ਉਸਨੇ ਕਿਹੜਾ ਮੇਰੇ ਤੋਂ ਮੰਗੀ ਹੈ। ਲਿਆ ਕੇ ਦੇਵਾਂ ਜਾਂ ਨਾ। ਸਹੇਲੀ ਦੀ ਕਹੀ ਗੱਲ ‘ਇਹ ਲੋਕ ਚੋਰ ਹੁੰਦੇ ਹਨ’ ਤੰਗ ਕਰ ਰਹੀ ਸੀ। ਮੇਰਾ ਕੰਮ ਵਿੱਚ ਧਿਆਨ ਨਹੀਂ ਸੀ ਲੱਗ ਰਿਹਾ।

ਇਹਨਾਂ ਸਾਰੇ ਚੰਗੇ ਮਾੜੇ ਖਿਆਲਾਂ ਦੇ ਬਾਵਜੂਦ ਦੂਸਰੇ ਦਿਨ ਮੈਂ ਆਪਣੇ ਹਸਬੈਂਡ ਦੇ ਪੁਰਾਣੇ ਦਸਤਾਨੇ, ਇਕ ਪੁਰਾਣਾ ਗਰਮ ਸਕਾਰਫ਼, ਗਰਮ ਟੋਪੀ ਤੇ ਪੁਰਾਣੀ ਜੈਕਟ ਪਲਾਸਟਿਕ ਦੇ ਬੈਗ ਵਿੱਚ ਪਾ ਕੇ ਕੰਮ ਤੇ ਜਾਣ ਲੱਗਿਆਂ ਆਪਣੇ ਨਾਲ ਲੈ ਗਈ। ਸੋਚਿਆ ਉਹ ਮੈਨੂੰ ਸਿਟੀ ਹਾਲ ਦੇ ਅੰਦਰ ਜਾਂ ਬਾਹਰ ਕਿਤੇ ਮਿਲ ਜਾਵੇਗਾ। ਪਰ ਉਸ ਦਿਨ ਉਹ ਮੈਨੂੰ ਦਿਖਾਈ ਨਾ ਦਿੱਤਾ। ਮੈਂ ਸਾਰਾ ਸਮਾਨ ਆਪਣੇ ਲਾਕਰ ਵਿੱਚ ਰੱਖ ਲਿਆ ਇਹ ਸੋਚ ਕੇ ਕਿ ਜਦੋਂ ਮਿਲੇਗਾ ਦੇ ਦੇਵਾਂਗੀ।

ਤੇ ਇਕ ਦਿਨ ਉਹ ਮੈਨੂੰ ਮਿਲ ਹੀ ਗਿਆ ਓਸੇ ਕੁਰਸੀ ਤੇ ਬੈਠਾ ਜਿਸ ਦਿਨ ਉਸਨੇ ਮੈਥੋਂ ਬਰੇਕਫਾਸਟ ਲਈ ਪੈਸੇ ਮੰਗੇ ਸਨ। ਮੈਂ ਦੌੜ ਕੇ ਸਾਰਾ ਸਮਾਨ ਉਸਨੂੰ ਲਿਆ ਕੇ  ਦਿੱਤਾ। ਉਸਦੀਆਂ ਅੱਖਾਂ ਵਿੱਚ ਚਮਕ ਫੈਲਣ ਲੱਗੀ ਤੇ ਉਹ ਲਗਾਤਾਰ ਮੇਰੇ ਵੱਲ ਦੇਖ ਰਿਹਾ ਸੀ ਤੇ ਬਾਰ ਬਾਰ ਧੰਨਵਾਦ ਕਰ ਰਿਹਾ ਸੀ।

ਮੇਰਾ ਵੀ ਜੀਅ ਕਰਦਾ ਸੀ ਉਸ ਨਾਲ ਗੱਲ ਬਾਤ ਕਰਨ ਨੂੰ। ਸੋ ਮੈਂ ਕੁਝ ਸਮਾਂ ਉਸ ਕੋਲ ਖਲੋ ਗਈ।

ਮੈਂ ਉਸਦੇ ਚਿਹਰੇ ਤੇ ਪਏ ਵੱਡੇ ਸਾਰੇ ਨਿਸ਼ਾਨ ਬਾਰੇ ਪੁਛਿਆ ਤਾਂ ਉਸਨੇ ਹਉਕਾ ਲੈਕੇ ਦੱਸਿਆ ਕਿ ਜਦੋਂ ਉਹ ਛੇ ਸਾਲ ਦਾ ਸੀ ਤਾਂ ਗੋਰੇ ਲੋਕ ਉਸਨੂੰ ਤੇ ਉਸਦੀ ਭੈਣ ਨੂੰ ਉਸਦੇ ਮਾਂ – ਬਾਪ ਤੋਂ ਖੋਹ ਕੇ ਲੈ ਗਏ ਤੇ ਅਲੱਗ ਅਲੱਗ ਸਕੂਲਾਂ ਵਿੱਚ ਭੇਜ ਦਿੱਤਾ।

ਉਸਦੀਆਂ ਅੱਖਾਂ ਚੋਂ ਪਾਣੀ ਵਹਿ ਤੁਰਿਆ ।    

“ਕਿਸੇ ਰੇਜ਼ਿਡੈਨੀਸ਼ੀਅਲ ਸਕੂਲ ‘ਚ”,  ਮੈਂ ਕਿਹਾ।

ਉਸਨੇ ਹਾਂ ਵਿੱਚ ਸਿਰ ਹਿਲਾਇਆ। ਇਸ ਤੋਂ ਪਹਿਲਾਂ ਕਿ ਉਹ ਚਿਹਰੇ ਦੇ ਨਿਸ਼ਾਨ ਬਾਰੇ ਦੱਸਦਾ ਉਸਨੇ ਲੱਤਾਂ ਤੇ ਪਹਿਨੀ ਹੋਈ ਪੈਂਟ ਨੂੰ ਉਤਾਂਹ ਚੁੱਕ ਕੇ ਲੱਤਾਂ ਦੀ ਹਾਲਤ ਦਿਖਾਈ।

“ ਇਹ ਕੀ ”, ਮੈਂ ਹੈਰਾਨੀ ਨਾਲ ਪੁੱਛਿਆ।

“ਓਥੇ ਸਕੂਲ ਵਿੱਚ ਸਾਨੂੰ ਬਹੁਤ ਕੁੱਟਿਆ ਮਾਰਿਆ ਜਾਂਦਾ ਸੀ। ਮੈਂ ਕੁਝ ਤਕੜਾ ਸਾਂ। ਮੈ ਤੰਗ ਆਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੂੰ ਪਤਾ ਲੱਗ ਗਿਆ ਤੇ ਮੇਰੀਆਂ ਲੱਤਾਂ ਦਾ ਆਹ ਹਾਲ ਕਰ ਦਿੱਤਾ। ਉਹ ਲਗਾਤਾਰ ਮੇਰੀਆਂ ਲੱਤਾਂ ਤੇ ਡੰਡੇ ਮਾਰ ਰਿਹਾ ਸੀ। ਮੇਰੀ ਇਕ ਹੱਡੀ ਵੀ ਟੁੱਟ ਗਈ ਸੀ ਪਰ ਕਿਸੇ ਨੇ ਕੋਈ ਦਵਾ ਦਾਰੂ ਨਾ ਕੀਤੀ। ਮੈਂ ਆਪੇ ਹੀ ਇਕ ਕਪੜੇ ਨਾਲ ਘੁੱਟ ਕੇ ਬੰਨ੍ਹ ਲਈ। ਮੈ ਓਦੋਂ ਤੋਂ ਹੀ ਲੰਗੜਾ ਕੇ ਤੁਰਦਾ ਹਾਂ। ਹੁਣ ਤਕਲੀਫ਼ ਵੱਧ ਗਈ ਹੈ ਉਮਰ ਨਾਲ।” ਕਹਿੰਦੇ ਕਹਿੰਦੇ ਉਸ ਦੀਆਂ ਅੱਖਾਂ ਭਰ ਆਈਆਂ।

ਮੇਰਾ ਮਨ ਵੀ ਅੰਦਰੋਂ ਅੰਦਰੀਂ ਰੋ ਰਿਹਾ ਸੀ।
ਮੈਂ ਹੋਸਲਾ ਕਰਕੇ ਪੁੱਛਿਆ, “ ਤੇ ਆਹ ਚਿਹਰੇ ਦਾ ਨਿਸ਼ਾਨ?”

ਉਸਨੇ ਆਪਣੇ ਮੱਥੇ ਤੇ ਪਏ ਨਿਸ਼ਾਨ ਨੂੰ ਪਲੋਸਿਆ ਤੇ ਦੱਸਿਆ: “ਇਕ ਦਿਨ ਜਦੋਂ ਮੈਂ ਖਾਣ ਨੂੰ ਜਿਆਦਾ ਭੋਜਨ ਮੰਗਿਆ ਤਾਂ ਮੇਰੇ  ਬਹੁਤ ਕੁੱਟ ਪਈ। ਮੈਨੂੰ ਭੁੱਖ ਬਹੁਤ ਲੱਗਦੀ ਸੀ। ਉਥੇ ਕਿਸੇ ਨੇ (ਉਸਦਾ ਭਾਵ ਕਿਸੇ ਟੀਚਰ ਜਾਂ ਪ੍ਰਬੰਧਕ ਤੋਂ ਸੀ) ਮੇਰੇ ਏਨ੍ਹੀ ਜ਼ੋਰ ਦੀ ਥੱਪੜ ਮਾਰਿਆ ਕਿ ਮੇਰਾ ਮੱਥਾ ਕਿਚਨ ’ਚ ਪਏ ਤਿੱਖੇ ਕੰਢੇ ਵਾਲੇ ਪਤੀਲੇ ਤੇ ਜਾ ਵੱਜਿਆ। ਬਹੁਤ ਲਹੂ ਨਿਕਲਿਆ ਸੀ। ਇਹ ਜ਼ੁਲਮ ਦੀ ਕਹਾਣੀ ਦੀ ਨਿਸ਼ਾਨੀ ਹੈ।”

ਏਨਾ ਜ਼ੁਲਮ…. ਕਿਹੜੀ ਗੱਲ ਤੋਂ। ਮੈਂ ਆਪਣੀਆਂ ਅੱਖਾਂ ’ਚ ਭਰੇ ਹੰਝੂ ਛੁਪਾਉਣ ਦੀ ਕੋਸ਼ਿਸ਼ ਕਰ ਰਹੀ ਸਾਂ। 

ਮੈਂ ਘੜੀ ਵੱਲ ਦੇਖਿਆ। ਲੰਚ ਟਾਈਮ ਦਾ ਅਜੇ ਅੱਧਾ ਘੰਟਾ ਬਾਕੀ ਸੀ।

ਉਸਨੇ ਮੇਰਾ ਨਾਮ ਪੁੱਛਿਆ ਤੇ ਬਦਲੇ ਵਿੱਚ ਆਪਣਾ ਨਾਮ ਦੱਸਿਆ। ਉਸਦੇ ਕਹਿਣ ਮੁਤਾਬਕ ਉਸਦਾ ਨਾਮ ਮਾਈਕਲ ਫ਼ੋਨਟੈਨ (Michael Fontaine) ਸੀ।

ਮੈਂ ਚਾਹੁੰਦੀ ਸਾਂ ਕਿ ਉਸਦੇ ਪਰਿਵਾਰ ਬਾਰੇ ਗੱਲ ਬਾਤ ਕਰਾਂ। 

ਮੈਂ ਹੌਸਲਾ ਕਰਕੇ ਪੁੱਛ ਹੀ ਲਿਆ, “ਮਾਈਕਲ, ਤੁਸੀਂ ਆਪਣੇ ਮਾਂ ਬਾਪ ਨੂੰ ਦੋਬਾਰਾ ਕਦੇ ਮਿਲੇ ਹੋ?”

ਉਸਨੇ ਡੂੰਘਾ ਸਾਹ ਲਿਆ, ਅੱਖਾਂ ਤੇ ਹੱਥ ਫੇਰਿਆ ਤੇ ਬੋਲਿਆ, “ ਜਦੋਂ ਮੈਂ ਸਕੂਲ ਚੋਂ ਬਾਹਰ ਆਇਆ ਤਾਂ ਮੈਂ ਮਾਂ ਬਾਪ ਤੇ ਭੈਣ ਨੂੰ ਲੱਭਣਾ ਸ਼ੁਰੂ ਕੀਤਾ ਪਰ ਉਹਨਾਂ ਦੀ ਕੋਈ ਉੱਘ-ਸੁੱਘ ਨਾ ਮਿਲੀ। ਮਾਂ-ਬਾਪ ਹੁਣ ਤੱਕ ਮਰ ਮੁੱਕ ਗਏ ਹੋਣਗੇ।”

ਉਸਦਾ ਗੱਚ ਭਰ ਆਇਆ।

“ਉਸਨੇ ਆਪਣੇ ਦੁੱਖਦਾਈ ਜੀਵਨ ਕਹਾਣੀ ਨੂੰ ਅੱਗੇ ਤੋਰਦੇ ਹੋਏ ਕਿਹਾ, “ਮੈਂ ਤਾਂ ਵਿਨੀਪੈਗ ਰਹਿੰਦਾ ਸੀ। ਮੈਨੂੰ ਕਿਸੇ ਨੇ ਦੱਸਿਆ ਕਿ ਤੇਰੀ ਭੈਣ ਕੈਲਗਰੀ ਸਿਟੀ ਹਾਲ ਦੇ ਆਲੇ ਦੁਆਲੇ ਘੁੰਮਦੀ ਫਿਰਦੀ ਰਹਿੰਦੀ ਹੈ। ਉਹ ਕੁਝ ਕੁਝ ਪਾਗਲ ਜਿਹੀ ਹੋ ਗਈ ਹੈ। ਏਸੇ ਲਈ ਮੈਂ ਏਥੇ ਕੈਲਗਰੀ ਆ ਗਿਆ ਹਾਂ ਆਪਣੀ ਭੈਣ ਨੂੰ ਲੱਭਣ। ਮੈਂ ਹਰ ਔਰਤ ਤੇ ਨਿਗਾਹ ਰੱਖਦਾ ਹਾਂ ਕਿ ਸ਼ਾਇਦ ਇਹਨਾਂ ਚੋਂ ਕੋਈ ਮੇਰੀ  ਭੈਣ ਹੋਵੇ।”

ਮੈਂ ਸੋਚ ਰਹੀ ਸਾਂ ਕਿ ਸ਼ਾਇਦ ਉਸਦੀ ਭੈਣ ਉਹਨਾਂ ਹਜ਼ਾਰਾਂ ਬਦਨਸੀਬ ਕੁੜੀਆਂ, ਔਰਤਾਂ ਚੋਂ ਇਕ ਹੋਵੇ ਜਿਹਨਾਂ ਨੂੰ ਗੁੰਮ ਹੋਈਆਂ ਜਾਂ ਮਰ ਗਈਆਂ ਕਹਿ ਕੇ ਇਕ ਕਮਿਸ਼ਨ ਬਣਿਆ ਸੀ ਤੇ ਜਿਸਦੀਆਂ ਸਿਫ਼ਾਰਿਸ਼ਾਂ ਤੇ ਅਜੇ ਤੱਕ ਕੋਈ ਅਮਲ ਨਹੀਂ ਹੋਇਆ।

“ਹੋਰ ਕੋਈ ਹੈ ਤੇਰੇ ਪਰਿਵਾਰ ਵਿੱਚ,” ਮੈਂ ਕਿਹਾ।

ਉਹ ਹੋਰ ਭਾਵੁਕ ਹੋ ਗਿਆ। ਨਿਕਲਦੀ ਭੁੱਬ ਨੂੰ ਰੋਕ ਕੇ ਬੋਲਿਆ, “ ਮੇਰੀ ਗਰਲ ਫਰਿੰਡ ਗਰਮੀਆਂ ’ਚ ਮੈਮੋਰੀਅਲ ਡਰਾਈਵ ਵਾਲੇ ਪੁੱਲ ਹੇਠ ਰਾਤ ਨੂੰ ਸੁੱਤੀ ਪਈ ਪਈ ਮਰ ਗਈ।”

ਉਹ ਸਿਸਕੀਆਂ ਭਰਨ ਲੱਗਾ ਪਰ ਆਸਾ ਪਾਸਾ ਦੇਖ ਸੰਭਲ ਗਿਆ।

ਦਿਨ ਬੀਤਦੇ ਗਏ। ਉਸਦਾ ਸਿਟੀ ਹਾਲ ਆਉਣਾ ਜਾਣਾ ਘੱਟ ਗਿਆ। ਮੈਂ ਅਕਸਰ ਹੀ ਉਸ ਬਾਰੇ ਸੋਚਦੀ ਰਹਿੰਦੀ। ਮੈਨੂੰ ਇਸ ਗੱਲ ਦਾ ਧਰਵਾਸ ਸੀ ਕਿ ਉਸ ਕੋਲ ਗਰਮ ਜੈਕਟ, ਦਸਤਾਨੇ ਤੇ ਗਰਮ ਸਕਾਰਫ਼ ਤੇ ਟੋਪੀ ਹੈ। ਜੇਕਰ ਕਿਤੇ ਬਾਹਰ ਪੁੱਲ ਹੇਠਾਂ ਵੀ ਸੌਵੇਂਗਾ ਤਾਂ ਠੰਡ ਤੋਂ ਸਾਰਾ ਨਹੀਂ ਤਾਂ ਕੁਝ ਤਾਂ ਬਚਾ ਹੋਵੇਗਾ ਹੀ ਹੋਵੇਗਾ।

ਇਕ ਦਿਨ ਉਹ ਫਿਰ ਦਿਖਾਈ ਦਿੱਤਾ। ਸਕਿਊਰਟੀ ਗਾਰਡ ਉਸਨੂੰ ਦਬਕੇ ਮਾਰ ਰਿਹਾ ਸੀ ਕਿ ਬਾਹਰ ਜਾ ਕੇ ਬੈਠੇ ਤੇ ਉਹ ਆਪਣੀ ਸੋਟੀ ਦੇ ਸਹਾਰੇ ਬਾਹਰ ਵੱਲ ਜਾ ਰਿਹਾ ਸੀ। ਉਸਨੇ ਮੇਰੀ ਦਿੱਤੀ ਜੈਕਟ ਪਾਈ ਹੋਈ ਸੀ। ਗਲੇ ਦੁਆਲੇ ਸਕਾਰਫ਼ ਵੀ ਲਪੇਟਿਆ ਹੋਇਆ ਸੀ, ਹੱਥਾਂ ਤੇ ਦਸਤਾਨੇ ਤੇ ਸਿਰ ਉਪਰ ਟੋਪੀ ਵੀ ਲਈ ਹੋਈ ਸੀ। ਇਹ ਸਭ ਦੇਖ ਕੇ ਮੇਰਾ ਮਨ ਬਾਗੋ ਬਾਗ ਹੋ ਗਿਆ ਕਿ ਮੇਰੀ ਮਾੜੀ ਮੋਟੀ ਸਹਾਇਤਾ ਉਸ ਦੇ ਕਿੰਨਾ ਕੰਮ ਆ ਰਹੀ ਹੈ।

ਜਦੋਂ ਕਿਤੇ ਲੰਚ ਵੇਲੇ ਉਹ ਮੈਨੂੰ ਦਿਖਾਈ ਦੇ ਦਿੰਦਾ ਤਾਂ ਮੈ ਛੋਟੀ ਜਿਹੀ ਸੈਂਡਵਿੱਚ ਉਸ ਲਈ ਖਰੀਦ ਲੈਂਦੀ ਤੇ ਚੁੱਪ-ਚੁਪੀਤੇ ਛੇਤੀ ਨਾਲ ਉਸਨੂੰ ਫੜਾ ਦਿੰਦੀ। ਮੇਰੀਆਂ ਇਕ ਦੋ ਸਹੇਲੀਆਂ ਜੋ ਮੈਨੂੰ ਪਹਿਲਾਂ ਪਹਿਲ ਮਖੌਲ ਕਰਿਆ ਕਰਦੀਆਂ ਸਨ, ਹੁਣ ਚੁੱਪ ਹੀ ਰਹਿੰਦੀਆਂ। ਮੇਰੇ ਤੋਂ ਉਸਦੀ ਕਹਾਣੀ ਸੁਣ ਕੇ ਉਹਨਾਂ ਦੇ ਦਿਲ ਵਿੱਚ ਵੀ ਉਸ ਲਈ ਹਮਦਰਦੀ ਉੱਗਮ ਪਈ ਜਾਪਦੀ ਸੀ।

ਮੈਨੂੰ ਆਦਤ ਹੈ ਕਿ ਮੈਂ ਜਦੋਂ ਵੀ ਕਿਸੇ ਦੁਕਾਨ ਤੋਂ ਕੁਝ ਖਰੀਦਦੀ ਹਾਂ ਕੈਸ਼ੀਅਰ ਵਲੋਂ ਬਾਕੀ ਦੇ ਮੋੜੇ ਪੈਸੇ ਪਰਸ ਵਿੱਚ ਪਾਉਣ ਦੀ ਬਜਾਇ ਕਾਹਲੀ ਨਾਲ ਆਪਣੇ ਕੋਟ ਦੀ ਜੇਬ ਵਿੱਚ ਹੀ ਪਾ ਲੈਂਦੀ ਹਾਂ।

ਤੇ ਹਾਂ ਇਕ ਦਿਨ ਮੈਨੂੰ ਛੇਵੀਂ ਮੰਜ਼ਿਲ ਤੋਂ ਕਿਸੇ ਕੰਮ ਹੇਠਾਂ ਲਾਬੀ ਵਿੱਚ ਜਾਣਾ ਪਿਆ। ਸ਼ਾਇਦ ਮੇਲ ਰੂਮ ’ਚ ਮੇਲ ਚੈਕ ਕਰਨ ਗਈ ਸਾਂ। ਜਦੋਂ ਮੈਂ ਗਈ ਸਾਂ ਤਾਂ ਉਹ ਮੈਨੂੰ ਕਿਤੇ ਵੀ ਨਹੀਂ ਦਿਸਿਆ। ਪਰ ਜਦੋਂ ਮੇਲ ਰੂਮ ਚੋਂ ਵਾਪਿਸ ਆ ਰਹੀ ਸਾਂ ਤਾਂ ਮੈਂ ਦੇਖਿਆ ਕਿ ਉਹ ਇਕ ਕੁਰਸੀ ਤੇ ਬੈਠਾ ਸੀ। ਪਹਿਲਾਂ ਨਾਲੋਂ ਕਾਫੀ ਕਮਜ਼ੋਰ ਲੱਗਦਾ ਸੀ। ਕਾਹਲੀ ਵਿੱਚ ਹੋਣ ਕਰਕੇ ਹੈਲੋ ਕਹਿ ਕੇ ਉਸ ਕੋਲੋਂ ਲੰਘ ਗਈ।

ਥੋੜ੍ਹੇ ਹੀ ਕਦਮ ਅੱਗੇ ਗਈ ਤਾਂ ਇਕ ਆਵਾਜ਼ ਸੁਣਾਈ ਦਿੱਤੀ।

“ਡਾਟਰ ਠਹਿਰੋ।” 

ਤੇ ਮੈਂ ਖਲੋ ਗਈ, ਪਿਛਾਂਹ ਮੁੜਕੇ ਤੱਕਿਆ ਤਾਂ ਦੇਖਦੀ ਹਾਂ ਕਿ ਉਹ ਮੈਨੂੰ ਬੁਲਾ ਰਿਹਾ ਸੀ। 

ਮੈਂ ਉਸ ਵੱਲ ਵੱਧੀ ਤਾਂ ਉਸਨੇ ਇਹ ਕਹਿ ਕੇ ਕਿ ਇਹ ਦੱਸ ਦਾ ਨੋਟ ਤੇਰੀ ਜੇਬ ਚੋਂ ਡਿੱਗਿਆ ਹੈ, ਮੈਨੂੰ ਫੜਾ ਦਿੱਤਾ। 

ਮੈਂ ਆਪਣੀ ਜੇਬ ਵਿੱਚ ਹੱਥ ਮਾਰਿਆ ਤਾਂ ਦੇਖਿਆ ਕਿ ਸਚਮੁੱਚ ਹੀ ਇਹ ਦੱਸ ਡਾਲਰ ਦਾ ਨੋਟ ਮੇਰੇ ਹੱਥ ਨਾਲ ਮੇਰੀ ਜੇਬ ਚੋਂ ਬਾਹਰ ਨਿਕਲ ਫ਼ਰਸ਼ ਤੇ ਡਿੱਗ ਪਿਆ ਸੀ।

ਉਸਦਾ ‘ਡਾਟਰ’ ਕਹਿ ਕੇ ਸੰਬੋਧਨ ਕਰਨਾ ਮੇਰੇ ਲਈ ਬੇਹੱਦ ਅਚੰਭੇ ਵਾਲੀ ਗੱਲ ਸੀ। ਮੇਰੀਆਂ ਅੱਖਾਂ ਭਰ ਆਈਆਂ। ਮੈਂ ਉਹ ਦੱਸ ਦਾ ਨੋਟ ਉਸਨੂੰ ਦੇਣਾ ਚਾਹਿਆ ਪਰ ਉਸਨੇ ਇਹ ਕਹਿ ਕੇ ਇਨਕਾਰ ਕਰ ਦਿੱਤਾ ਕਿ ਕਿਸੇ ਦਿਨ ਬਰੇਕਫਾਸਟ ਖ਼ਰੀਦ ਦੇਣਾ ਜਿਸ ਦਿਨ ਮੈਨੂੰ ਭੁੱਖ ਹੋਈ ਤੇ ਇਕ ਮੁਸਕਾਨ ਉਸਦੇ ਚਿਹਰੇ ਤੇ ਫ਼ੈਲ ਗਈ।

ਮੈਂ ਉਹ ਦੱਸ ਡਾਲਰ ਦਾ ਨੋਟ ਪਰਸ ਦੀ ਇਕ ਡੂੰਘੀ ਜੇਬ ਵਿੱਚ ਸਾਂਭ ਲਿਆ ਤਾਂ ਜੋ ਕਿਸੇ ਦਿਨ ਉਸਨੂੰ ਬਰੇਕਫਾਸਟ ਖਵਾ ਸਕਾਂ।

ਉਸ ਤੋਂ ਬਾਦ ਮੈਂ ਉਸ ਨੂੰ ਕਦੇ ਨਹੀਂ ਦੇਖਿਆ। ਇਕ ਦਿਨ ਮੈਂ ਉਸਦੇ ਇਕ ਸਾਥੀ ਤੋਂ ਪੁੱਛ ਹੀ ਲਿਆ ਕਿ ਕੀ ਉਹ ਕਿਤੇ ਚਲਾ ਗਿਆ ਹੈ? 

ਉਸ ਨੇ ਦੱਸਿਆ ਕਿ ਉਹ ਮਹੀਨਾ ਕੁ ਪਹਿਲਾਂ ਮਰ ਗਿਆ ਹੈ। ਹੋਮਲੈਸ ਸ਼ੈਲਟਰ ਵਿੱਚ ਰਾਤ ਨੂੰ ਸੁੱਤਾ ਤੇ ਸਵੇਰੇ ਨਹੀਂ ਜਾਗਿਆ। ਕੁਝ ਦਿਨਾਂ ਤੋਂ ਬੀਮਾਰ ਜਿਹਾ ਰਹਿੰਦਾ ਸੀ। ਉਹ ਏਧਰ ਸਿਟੀ ਹਾਲ ਵੱਲ ਘੱਟ ਹੀ ਆਉਂਦਾ ਸੀ। ਤੁਰਨਾ ਫਿਰਨਾ ਮੁਸ਼ਕਿਲ ਸੀ।

ਮੇਰੀਆਂ ਅੱਖਾਂ ਨਮ ਹੋ ਗਈਆਂ ।

“ਕੀ ਉਸਦੀ ਭੈਣ ਜਿਸ ਨੂੰ ਉਹ ਲੱਭ ਰਿਹਾ ਸੀ ਮਿਲ ਗਈ ਸੀ ਕਿ ਨਹੀਂ?”  ਮੈਂ ਪੁੱਛਿਆ।

ਉਸਨੇ ਭਰੀਆਂ ਅੱਖਾਂ ਤੇ ਭਾਰੀ ਆਵਾਜ਼ ਵਿੱਚ ਕਿਹਾ, “ ਹਾਂ! ਹਾਂ ! ਉਸਦੇ ਮਰਨ ਤੋਂ ਕੁਝ ਦਿਨ ਪਹਿਲਾਂ ਹੀ ਮਿਲੀ ਸੀ। ਦੋਨੋਂ ਭੈਣ ਭਰਾ ਬਹੁਤ ਖੁਸ਼ ਸਨ।”

ਚਲੋ ਕੁਝ ਖੁਸ਼ੀ ਤਾਂ ਮਿਲੀ ਭਾਵੇਂ ਥੋੜ੍ਹੇ ਚਿਰ ਲਈ ਹੀ ਸਹੀ।

ਉਹ ਦੱਸ ਦਾ ਨੋਟ ਮੈਨੂੰ ਟਿਕਣ ਨਹੀਂ ਸੀ ਦਿੰਦਾ। ਮੈਂ ਰੋਜ਼ ਉਸ ਨੋਟ ਨੂੰ ਦੇਖ ਲੈਂਦੀ ਤੇ ਵਾਪਿਸ ਪਰਸ ਵਿੱਚ ਪਾ ਲੈਂਦੀ।

ਇਕ ਦਿਨ ਸਵੇਰੇ ਹੀ ਜਦੋਂ ਮੈਂ ਕੈਫੀਟੇਰੀਏ ਚੋਂ ਕਾਫੀ ਲੈਕੇ ਨਿਕਲੀ ਤਾਂ ਉਸਦਾ ਸਾਥੀ ਮੈਨੂੰ ਤੁਰਿਆ ਆਉਂਦਾ ਦਿਖਾਈ ਦਿੱਤਾ।

ਮੈਂ ਉਸ ਕੋਲ ਰੁੱਕ ਗਈ ਤੇ ਕਿਹਾ, “ਬਰੇਕਫਾਸਟ ਲੈਣਾ ਹੈ !”

ਉਸਨੇ ਹਾਂ ਵਿੱਚ ਸਿਰ ਹਿਲਾਇਆ ਤੇ ਮੈਂ ਉਹਨਾਂ ਦੱਸਾਂ ਡਾਲਰਾਂ ਦਾ ਸਿਟੀ ਹਾਲ ਦੇ ਕੈਫੇ ਚੋਂ ਬਰੇਕਫਾਸਟ ਖਰੀਦ ਕੇ ਉਸਨੂੰ ਫੜਾ ਦਿੱਤਾ। ਮੈਨੂੰ ਮਹਿਸੂਸ ਹੋਇਆ ਜਿਵੇਂ ਮਾਈਕਲ ਫ਼ੋਨਟੈਂਨ ਦਾ ਕਰਜ਼ ਚੁੱਕਾ ਦਿੱਤਾ ਹੋਵੇ।

ਮੈਂ ਅੱਜ ਵੀ ਜਦੋਂ ਕਿਸੇ ਨੇਟਿਵ ਇੰਡੀਅਨ ਨੂੰ ਦੇਖਦੀ ਹਾਂ ਤਾਂ ਮਨ ਹੀ ਮਨ ਆਖਦੀ ਹਾਂ ਕਿ ਇਹ ‘ਤਾਏ ਕੇ’ ਚੋਰ -ਉਚੱਕੇ ਨਹੀਂ ਹਨ। ਇਹ ਹਾਲਾਤ ਦੇ ਝੰਬੇ, ਮਾਰੇ ਕੁੱਟੇ, ਤੋੜੇ ਤੇ ਮਾਰੇ ਇਨਸਾਨ ਹਨ। ਇਹ ਸਾਡੇ ਪਿਆਰ ਅਤੇ ਹਮਦਰਦੀ ਦੇ ਪਾਤਰ ਹਨ।
***
(8 ਸਤੰਬਰ 2021)
***
336
***

About the author

surrender_geet
ਸੁਰਿੰਦਰ ਗੀਤ
+403-605-3734 | sgeetgill@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ