ਗਗਨ ਮੀਤ ਦੀ ਪੁਸਤਕ ‘ਖ਼ਲਾ ਵਿੱਚ ਖਿੱਲਰੇ ਖ਼ਤ’ (ਧੀ ਵੱਲੋਂ ਲਿਖੇ ਪਿਤਾ ਨੂੰ ਖ਼ਤ)ਪੰਜਾਬੀ ਸਾਹਿਤ ਦੀਆਂ ਉਨ੍ਹਾਂ ਰਚਨਾਵਾਂ ਵਿੱਚੋਂ ਹੈ ਜੋ ਪੜ੍ਹਨ ਤੋਂ ਬਾਅਦ ਸਿਰਫ਼ ਯਾਦ ਨਹੀਂ ਰਹਿੰਦੀਆਂ, ਸਗੋਂ ਪਾਠਕ ਦੇ ਮਨ ਦਾ ਹਿੱਸਾ ਬਣ ਜਾਂਦੀਆਂ ਹਨ। ਇਹ ਪੁਸਤਕ ਨਾ ਤਾਂ ਰਵਾਇਤੀ ਅਰਥਾਂ ਵਿੱਚ ਸਵੈ-ਜੀਵਨੀ ਹੈ ਅਤੇ ਨਾ ਹੀ ਸਿਰਫ਼ ਪੱਤਰ-ਸੰਗ੍ਰਹਿ; ਇਹ ਇਕ ਧੀ ਦੇ ਆਪਣੇ ਵਿਛੜੇ ਪਿਤਾ ਨਾਲ ਅੰਦਰੂਨੀ ਸੰਵਾਦ ਦੀ ਅਜਿਹੀ ਦਾਸਤਾਨ ਹੈ ਜੋ ਨਿੱਜੀ ਅਨੁਭਵ ਤੋਂ ਉੱਠ ਕੇ ਸਮੂਹਕ ਮਨੁੱਖੀ ਅਨੁਭਵ ਬਣ ਜਾਂਦੀ ਹੈ।ਪੁਸਤਕ ਦੀ ਭੂਮਿਕਾ ਵਿੱਚ ਡਾ. ਦੇਵਿੰਦਰ ਕੌਰ ਨੇ ਬਿਲਕੁਲ ਸਹੀ ਟਿੱਪਣੀ ਕੀਤੀ ਹੈ ਕਿ ਇਹ ਖ਼ਤ ਇਕ ਬੱਚੀ ਦੀ ਆਪਣੇ ਵਿਛੜੇ ਹੋਏ ਪਿਤਾ ਪ੍ਰਤੀ ਵੇਦਨਾ ਦੇ ਭਾਵ ਦੀ ਪੇਸ਼ਕਾਰੀ ਹਨ। ਉਹ ਅੱਗੇ ਲਿਖਦੇ ਹਨ ਕਿ ਇਹ ਖ਼ਤ ਖ਼ਲਾ ਵਿੱਚ ਇਸ ਲਈ ਖਿੱਲਰੇ ਪਏ ਹਨ ਕਿਉਂਕਿ ਇਹ ਜਿਸ ਨੂੰ ਲਿਖੇ ਗਏ, ਉਸ ਤੱਕ ਕਦੇ ਪਹੁੰਚੇ ਹੀ ਨਹੀਂ। ਪਰ ਇਸ ਅਧੂਰੇਪਣ ਵਿੱਚ ਹੀ ਇਸ ਪੁਸਤਕ ਦੀ ਤਾਕਤ ਲੁਕੀ ਹੋਈ ਹੈ। ਜਿਵੇਂ ਭੂਮਿਕਾ ਵਿੱਚ ਕਿਹਾ ਗਿਆ ਹੈ, ਖ਼ਲਾ ਵਿੱਚ ਖਿੱਲਰ ਕੇ ਇਹ ਖ਼ਤ ਆਪਣੇ ਪਾਠਕਾਂ ਨਾਲ ਰਿਸ਼ਤਾ ਜੋੜ ਲੈਂਦੇ ਹਨ। ਇਹੀ ਕਾਰਨ ਹੈ ਕਿ ਕਿਤਾਬ ਪੜ੍ਹਦਿਆਂ ਪਾਠਕ ਆਪਣੇ ਆਪ ਨੂੰ ਕੇਵਲ ਦਰਸ਼ਕ ਨਹੀਂ, ਸਗੋਂ ਇਸ ਸੰਵਾਦ ਦਾ ਹਿੱਸਾ ਮਹਿਸੂਸ ਕਰਦਾ ਹੈ।
ਲੇਖਿਕਾ ਆਪਣੇ “ਕੁਝ ਅਹਿਸਾਸ…” ਵਿੱਚ ਲਿਖਦੀ ਹੈ: “ਇਹ ਖ਼ਤ ਮੇਰੇ ਵਰਗੇ ਦੁਨੀਆਂ ਦੇ ਉਹਨਾਂ ਸਾਰੇ ਬੱਚਿਆਂ ਦੀਆਂ ਖ਼ਾਮੋਸ਼ ਸਿਸਕੀਆਂ ਹਨ ਜੋ ਉਹ ਬਿਆਨ ਨਹੀਂ ਕਰ ਪਾਉਂਦੇ।”
ਇਹ ਇਕ ਵਾਕ ਹੀ ਸਾਰੀ ਪੁਸਤਕ ਦਾ ਮੂਲ-ਸੁਰ ਬਣ ਜਾਂਦਾ ਹੈ। ਗਗਨ ਮੀਤ ਦੀ ਨਿੱਜੀ ਪੀੜ ਇੱਥੇ ਸਮੂਹਕ ਪੀੜ ਦਾ ਰੂਪ ਧਾਰ ਲੈਂਦੀ ਹੈ। ਇਹ ਖ਼ਤ ਕੇਵਲ ਇਕ ਧੀ ਦੀ ਤੜਪ ਨਹੀਂ ਰਹਿੰਦੇ, ਸਗੋਂ ਉਹਨਾਂ ਅਨੇਕਾਂ ਬੱਚਿਆਂ ਦੀ ਆਵਾਜ਼ ਬਣ ਜਾਂਦੇ ਹਨ ਜਿਨ੍ਹਾਂ ਨੇ ਕਿਸੇ ਨਾ ਕਿਸੇ ਕਾਰਨ ਆਪਣੇ ਮਾਤਾ ਜਾਂ ਪਿਤਾ ਦੇ ਪਿਆਰ ਤੋਂ ਵਾਂਝੇ ਰਹਿਣ ਦਾ ਦੁੱਖ ਸਹਾਰਿਆ ਹੈ। ਪ੍ਰਸਤੁਤ ਪੁਸਤਕ ਅਸਲ ਵਿਚ “ਖੰਡਿਤ ਪਰਿਵਾਰਾਂ ਦਾ ਦੁਖਾਂਤ ਹੈ”, ਅਤੇ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ “ਵੱਡੇ ਰਿਸ਼ਤਿਆਂ ਨੂੰ ਛੱਡ ਕੇ ਅੱਗੇ ਵਧ ਜਾਂਦੇ ਹਨ, ਪਰ ਮਾਸੂਮ ਮਨ ਖੋਖਲੀਆਂ ਜੜ੍ਹਾਂ ਵਿਚ ਵਿਕਸਤ ਨਹੀਂ ਹੋ ਪਾਉਂਦੇ”।
ਇਹਨਾਂ ਖ਼ਤਾਂ ਦੇ ਲਿਖਣ ਦਾ ਮੰਤਵ ਲੇਖਿਕਾ ਨੇ ਸਪਸ਼ਟ ਲਿਖਿਆ ਹੈ, “ਇਹ ਖ਼ਤ ਮੇਰੇ ਵਰਗੇ ਦੁਨੀਆਂ ਦੇ ਉਹਨਾਂ ਸਾਰੇ ਬੱਚਿਆਂ ਦੀਆਂ ਖਾਮੋਸ਼ ਸਿਸਕੀਆਂ ਹਨ, ਜੋ ਉਹ ਬਿਆਨ ਨਹੀਂ ਕਰ ਸਕਦੇ।” ਇਸ ਤੋਂ ਬਾਅਦ ਉਹ ਲਿਖਦੀ ਹੈ, “ਰਿਸ਼ਤੇ ਜੁੜੇ ਰਹਿਣ ਦੀ ਇੱਛਾ ਤਾਂ ਜੇ ਨੰਨੇ ਪੌਦੇ ਸੰਘਣੇ ਤੇ ਛਾਂਦਾਰ ਰੁੱਖ ਬਣ ਸਕਣ। ਜੀਵਨ ਜਿਊਣ ਦੀ ਲਲਕ ਕਾਇਮ ਰਹੇ।”
ਪੁਸਤਕ ਦਾ ਸਭ ਤੋਂ ਪ੍ਰਭਾਵਸ਼ਾਲੀ ਪੱਖ ਇਸ ਦੀ ਵਾਰਤਕ-ਸ਼ੈਲੀ ਹੈ। ਇਹ ਵਾਰਤਕ ਹੋਣ ਦੇ ਬਾਵਜੂਦ ਕਵਿਤਾ ਵਰਗੀ ਰਵਾਨੀ ਅਤੇ ਸੰਗੀਤਮਈ ਲਹਿਰ ਰੱਖਦੀ ਹੈ। ਕਈ ਥਾਵਾਂ ‘ਤੇ ਲੱਗਦਾ ਹੈ ਕਿ ਲੇਖਿਕਾ ਕੋਈ ਘਟਨਾ ਨਹੀਂ ਸੁਣਾ ਰਹੀ, ਸਗੋਂ ਆਪਣੇ ਦਿਲ ਦੀਆਂ ਧੜਕਣਾਂ ਨੂੰ ਸ਼ਾਬਦਿਕ ਰੂਪ ਦੇ ਰਹੀ ਹੈ। ਇਸੇ ਲਈ ਪਾਠਕ ਲੇਖਿਕਾ ਦੇ ਅੰਦਰੂਨੀ ਵਿਚਾਰਾਂ ਨਾਲ ਵਹਿ ਤੁਰਦਾ ਹੈ।
ਪਹਿਲੇ ਹੀ ਖ਼ਤ ਵਿੱਚ ਉਹ ਲਿਖਦੀ ਹੈ: “ਬਹੁਤ ਮਨ ਕਰਦਾ ਹੈ ਕਿ ਤੁਹਾਡੀ ਛਾਤੀ ਨਾਲ ਲੱਗ ਖ਼ੂਬ ਰੋਵਾਂ, ਘੁੱਟ ਕੇ… ਹੋਰ ਘੁੱਟ ਕੇ… ਹੋਰ ਘੁੱਟ ਕੇ ਤੁਹਾਨੂੰ ਫੜੀ ਰੱਖਾਂ।” ਇਨ੍ਹਾਂ ਸਤਰਾਂ ਵਿੱਚ ਇਕ ਬੱਚੀ ਦੀ ਉਹ ਤੜਪ ਹੈ ਜੋ ਦਹਾਕਿਆਂ ਬਾਅਦ ਵੀ ਹਲਕੀ ਨਹੀਂ ਪਈ। ਇਹ ਸਿਰਫ਼ ਵਿਛੋੜੇ ਦਾ ਦੁੱਖ ਨਹੀਂ, ਸਗੋਂ ਉਸ ਪਿਆਰ ਦੀ ਭੁੱਖ ਹੈ ਜੋ ਕਦੇ ਤ੍ਰਿਪਤ ਨਾ ਹੋ ਸਕੀ।
![]() ਕਿਤਾਬ ਦਾ ਇਕ ਬਹੁਤ ਹੀ ਭਾਵਨਾਤਮਕ ਪੱਖ ਬਚਪਨ ਦੀਆਂ ਯਾਦਾਂ ਹਨ। ਪਿਤਾ ਦੀ ਗੈਰਹਾਜ਼ਰੀ ਨੂੰ ਸਮਝਣ ਲਈ ਇਕ ਬੱਚੀ ਦੀ ਕੋਸ਼ਿਸ਼ ਕਈ ਥਾਂ ਪਾਠਕ ਨੂੰ ਅੰਦਰ ਤੱਕ ਝੰਜੋੜ ਦਿੰਦੀ ਹੈ। ਇਕ ਥਾਂ ਉਹ ਲਿਖਦੀ ਹੈ: “ਮੈਂ ਐਲਬਮ ਕੱਢ ਕੇ ਤੁਹਾਡੀਆਂ ਫੋਟੋਆਂ ਨਾਲ ਖ਼ੂਬ ਗੱਲਾਂ ਕਰਦੀ ਸੀ। ਕਦੇ ਫੋਟੋ ਨੂੰ ਗਲ ਨਾਲ ਲਾ ਕੇ ਰੋਣ ਲੱਗਦੀ, ਰੋਂਦਿਆਂ-ਰੋਂਦਿਆਂ ਹੀ ਸੌਂ ਜਾਂਦੀ।” ਇਹ ਸਧਾਰਣ ਜਿਹਾ ਦ੍ਰਿਸ਼ ਨਹੀਂ। ਇਹ ਉਸ ਬੱਚੀ ਦੇ ਇਕੱਲੇਪਣ ਦੀ ਪੇਸ਼ਕਾਰੀ ਹੈ ਜੋ ਤਸਵੀਰਾਂ ਵਿੱਚ ਆਪਣੇ ਪਿਤਾ ਨੂੰ ਲੱਭਦੀ ਰਹੀ। ਪਾਠਕ ਜਦੋਂ ਅਜਿਹੇ ਪ੍ਰਸੰਗ ਪੜ੍ਹਦਾ ਹੈ ਤਾਂ ਅਕਸਰ ਉਸ ਦੀਆਂ ਅੱਖਾਂ ਸਿੱਲੀਆਂ ਹੋ ਜਾਂਦੀਆਂ ਹਨ।
ਪੁਸਤਕ ਵਿੱਚ ਇਕ ਹੋਰ ਪ੍ਰਸੰਗ ਬਹੁਤ ਡੂੰਘਾ ਪ੍ਰਭਾਵ ਛੱਡਦਾ ਹੈ, ਜਦੋਂ ਲੇਖਿਕਾ ਅਦਾਲਤ ਵਿੱਚ ਮਾਂ ਜਾਂ ਪਿਤਾ ਵਿੱਚੋਂ ਇਕ ਨੂੰ ਚੁਣਨ ਦੀ ਘਟਨਾ ਯਾਦ ਕਰਦੀ ਹੈ। ਉਹ ਲਿਖਦੀ ਹੈ: “ਅੱਜ ਮੈਂ ਸੋਚਦੀ ਹਾਂ ਕਿ ਉਹ ਪਲ ਕਿੰਨੇ ਖ਼ੌਫ਼ਨਾਕ ਹੋਣਗੇ ਜਿਸ ਵਿੱਚ ਇਕ ਬੱਚੇ ਨੂੰ ਮਾਂ-ਬਾਪ ਵਿੱਚੋਂ ਕਿਸੇ ਇਕ ਨੂੰ ਚੁਣਨ ਲਈ ਕਿਹਾ ਗਿਆ ਹੋਵੇਗਾ।” ਇਹ ਸਿਰਫ਼ ਉਸਦੀ ਨਿੱਜੀ ਯਾਦ ਨਹੀਂ, ਸਗੋਂ ਸਾਡੇ ਸਮਾਜਿਕ ਅਤੇ ਕਾਨੂੰਨੀ ਢਾਂਚੇ ਉੱਤੇ ਵੀ ਇਕ ਡੂੰਘਾ ਸਵਾਲ ਹੈ।
ਪੁਸਤਕ ਦਾ ਇਕ ਹੋਰ ਮਹੱਤਵਪੂਰਨ ਪੱਖ ਮਾਂ ਦੇ ਸੰਘਰਸ਼ ਦੀ ਪੇਸ਼ਕਾਰੀ ਹੈ। ਭਾਵੇਂ ਇਹ ਖ਼ਤ ਪਿਤਾ ਨੂੰ ਲਿਖੇ ਗਏ ਹਨ, ਪਰ ਮਾਂ ਦਾ ਪਾਤਰ ਵੀ ਪੂਰੇ ਆਦਰ ਅਤੇ ਪਿਆਰ ਨਾਲ ਉਭਰਦਾ ਹੈ। ਲੇਖਿਕਾ ਲਿਖਦੀ ਹੈ: “ਮੈਂ ਕਦੇ ਵੀ ਮੰਮੀ ਨੂੰ ਕਮਜ਼ੋਰ ਪੈਂਦਿਆਂ ਨਹੀਂ ਵੇਖਿਆ। ਹਾਲਾਤ ਇਨਸਾਨ ਨੂੰ ਕਿੰਨਾ ਬਹਾਦਰ ਅਤੇ ਮਜ਼ਬੂਤ ਬਣਾ ਦਿੰਦੇ ਹਨ।”
ਇਨ੍ਹਾਂ ਸਤਰਾਂ ਵਿੱਚ ਇਕ ਧੀ ਦਾ ਆਪਣੀ ਮਾਂ ਪ੍ਰਤੀ ਸਤਿਕਾਰ ਵੀ ਹੈ ਅਤੇ ਉਸ ਸੰਘਰਸ਼ਮਈ ਔਰਤ ਦੀ ਜੀਵਨ-ਗਾਥਾ ਵੀ।
ਪੁਸਤਕ ਵਿੱਚ ਵਾਰ-ਵਾਰ ਪਿਤਾ ਦੀ ਤਲਾਸ਼ ਦਾ ਮੋਟਿਫ਼ ਸਾਹਮਣੇ ਆਉਂਦਾ ਹੈ। ਇਕ ਥਾਂ ਲੇਖਿਕਾ ਦਾ ਇਹ ਕਥਨ ਪਾਠਕ ਦੇ ਮਨ ਵਿੱਚ ਲੰਮੇ ਸਮੇਂ ਤੱਕ ਗੂੰਜਦਾ ਰਹਿੰਦਾ ਹੈ: “ਮੈਂ ਤੁਹਾਨੂੰ ਬਹੁਤ ਲੱਭਿਆ… ਬਹੁਤ ਲੱਭਿਆ… ਪਰ ਤੁਸੀਂ ਨਹੀਂ ਮਿਲੇ।” ਸ਼ਾਇਦ ਇਸ ਤੋਂ ਵੱਧ ਸਾਦਗੀ ਨਾਲ ਉਡੀਕ ਅਤੇ ਨਿਰਾਸ਼ਾ ਨੂੰ ਬਿਆਨ ਕਰਨਾ ਸੰਭਵ ਨਹੀਂ। ਇਹ ਕੁਝ ਸ਼ਬਦ ਹੀ ਪੂਰੇ ਜੀਵਨ ਦੀ ਖੋਜ ਦਾ ਸਾਰ ਬਣ ਜਾਂਦੇ ਹਨ।
ਇਹਨਾਂ ਖ਼ਤਾਂ ਵਿਚ ਦਿਲ ਦੀਆਂ ਭਾਵਨਾਵਾਂ ਨੂੰ ਬਿਆਨ ਕਰਦੀ-ਕਰਦੀ ਇਕ ਦੋ ਥਾਂ ਉਹ ਗੁੱਝਾ ਵਿਅੰਗ ਵੀ ਕਰ ਗਈ। ਜਦੋਂ ਉਹ ਇਕ ਖ਼ਤ ਵਿਚ ਲਿਖਦੀ ਹੈ, “ਤੁਸੀਂ ਵੀ ਕਿੰਨੇ ਬਹਾਦਰ ਹੋਵੋਗੇ ਨਾ—-? ਇਕ ਸਾਲ ਦੀ ਬੱਚੀ ਨੂੰ ਛੱਡ ਕੇ ਚਲੇ ਗਏ। ਸੋਚਦੀ ਹਾਂ ਪੰਜ ਵਰਿਆਂ ਦੀ ਬੱਚੀ ਨੂੰ ਜੱਜ ਦੇ ਸਾਹਮਣੇ ਪੇਸ਼ ਕਰਨ ਲਈ ਕਿੰਨਾ ਹੌਸਲਾ ਜੁਟਾਇਆ ਹੋਵੇਗਾ ਤੁਸੀਂ ਦੌਹਾਂ ਨੇ!”
ਗਗਨ ਮੀਤ ਦੀ ਭਾਸ਼ਾ ਦੀ ਇਕ ਹੋਰ ਵਿਸ਼ੇਸ਼ਤਾ ਇਸ ਦੀ ਸਹਿਜਤਾ ਹੈ। ਉਹ ਕਿਸੇ ਸਾਹਿਤਕ ਚਮਤਕਾਰ ਦੀ ਕੋਸ਼ਿਸ਼ ਨਹੀਂ ਕਰਦੀ। ਭਾਵਨਾਵਾਂ ਦੀ ਸੱਚਾਈ ਹੀ ਉਸਦੀ ਸਭ ਤੋਂ ਵੱਡੀ ਕਲਾ ਹੈ। ਇਹੀ ਕਾਰਨ ਹੈ ਕਿ ਪਾਠਕ ਨੂੰ ਕਿਤੇ ਵੀ ਬਣਾਵਟੀਪਣ ਮਹਿਸੂਸ ਨਹੀਂ ਹੁੰਦਾ। ਹਰ ਹੰਝੂ ਸੱਚਾ ਲੱਗਦਾ ਹੈ, ਹਰ ਯਾਦ ਜਿਉਂਦੀ ਜਾਪਦੀ ਹੈ, ਹਰ ਸ਼ਬਦ ਅਤੇ ਹਰ ਵਾਕ ਹੀ ਗਗਨ ਦੀਆਂ ਅੰਦਰੂਨੀ ਭਾਵਨਾਵਾਂ ਦੀ ਤਰਜਮਾਨੀ ਕਰਦਾ ਜਾਪਦਾ ਹੈ। ਅਜਿਹੀ ਸ਼ੈਲੀ ਲਈ ਲੇਖਿਕਾ ਵਧਾਈ ਦੀ ਹੱਕਦਾਰ ਹੈ।
ਲੇਖਿਕਾ ਦਾ ਇਹ ਵਿਚਾਰ ਵੀ ਪੁਸਤਕ ਦੇ ਕੇਂਦਰੀ ਸੰਦੇਸ਼ ਨੂੰ ਉਜਾਗਰ ਕਰਦਾ ਹੈ: “ਮਾਤਾ-ਪਿਤਾ ਜ਼ਿੰਦਗੀ ਦੇ ਥੰਮ੍ਹ ਹੁੰਦੇ ਹਨ… ਬੱਚੇ ਲਈ ਸੁਰੱਖਿਆ ਦਾ ਜ਼ਿਰਹਬਖ਼ਤਰ।” ਇਹ ਸਤਰ ਕੇਵਲ ਇਕ ਨਿੱਜੀ ਅਨੁਭਵ ਦਾ ਸਿੱਟਾ ਨਹੀਂ, ਸਗੋਂ ਪਰਿਵਾਰ ਅਤੇ ਬੱਚੇ ਦੇ ਰਿਸ਼ਤੇ ਬਾਰੇ ਇਕ ਡੂੰਘੀ ਮਨੋਵਿਗਿਆਨਕ ਸੱਚਾਈ ਨੂੰ ਪ੍ਰਗਟ ਕਰਦੀ ਹੈ।
ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ‘ਖ਼ਲਾ ਵਿੱਚ ਖਿੱਲਰੇ ਖ਼ਤ’ ਕੇਵਲ ਇਕ ਕਿਤਾਬ ਨਹੀਂ, ਸਗੋਂ ਇਕ ਭਾਵਨਾਤਮਕ ਯਾਤਰਾ ਹੈ। ਇਹ ਉਹਨਾਂ ਖ਼ਤਾਂ ਦੀ ਕਹਾਣੀ ਹੈ ਜੋ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚੇ, ਪਰ ਹਜ਼ਾਰਾਂ ਪਾਠਕਾਂ ਦੇ ਦਿਲਾਂ ਤੱਕ ਜ਼ਰੂਰ ਪਹੁੰਚ ਜਾਂਦੇ ਹਨ। ਕਿਤਾਬ ਪੜ੍ਹਦਿਆਂ ਕਈ ਥਾਵਾਂ ਅੱਖਾਂ ਨਮ ਹੋ ਜਾਂਦੀਆਂ ਹਨ ਅਤੇ ਕਿਤਾਬ ਬੰਦ ਕਰਨ ਤੋਂ ਬਾਅਦ ਵੀ ਇਸਦੇ ਸ਼ਬਦ ਮਨ ਵਿੱਚ ਗੂੰਜਦੇ ਰਹਿੰਦੇ ਹਨ। ਗਗਨ ਮੀਤ ਦੀ ਇਹ ਰਚਨਾ ਪੰਜਾਬੀ ਸਾਹਿਤ ਵਿੱਚ ਸੰਵੇਦਨਾ, ਸਾਦਗੀ ਅਤੇ ਕਾਵਿਕ ਗੱਥ ਦਾ ਇਕ ਮਹੱਤਵਪੂਰਨ ਯੋਗਦਾਨ ਹੈ, ਜੋ ਪਾਠਕ ਦੇ ਮਨ ਉੱਤੇ ਡੂੰਘੀ ਅਤੇ ਚਿਰਸਥਾਈ ਛਾਪ ਛੱਡਦੀ ਹੈ।
ਕਰਵਟ ਪ੍ਰਕਾਸ਼ਨ ਦਿੱਲੀ ਵੱਲੋਂ ਪ੍ਰਕਾਸ਼ਿਤ 77 ਪੰਨਿਆ ਦੀ ਇਸ ਪੁਸਤਕ ਦੀ ਕੀਮਤ 175/- ਰੁਪਏ ਹੈ। ਅੰਤ ਵਿਚ ਮੈਂ ਇਕ ਗੱਲ ਹੋਰ ਕਹਿਣੀ ਚਾਹੁੰਦਾ ਹਾਂ ਕਿ ਚਿਰਜੀਵੀ ਸਾਹਿਤਕ ਰਚਨਾ ਦਾ ਮੁੱਲ ਕਦੇ ਵੀ ਉਸਦੇ ਪੰਨਿਆ ਨਾਲ ਨਹੀਂ ਪੈਂਦਾ, ਉਸਦੇ ਸਾਹਿਤਕ ਮਾਪਦੰਡ ਅਨੁਸਾਰ ਪੈਂਦਾ ਹੈ ਅਤੇ ਗਗਨ ਮੀਤ ਦੀ ਇਹ ਕਿਤਾਬ ਇਸਦੀ ਵਧੀਆ ਉਦਾਹਰਨ ਹੈ।
***
ਰਵਿੰਦਰ ਸਿੰਘ ਸੋਢੀ
ਕੈਲਗਰੀ, ਕੈਨੇਡਾ।
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਗਗਨ ਮੀਤ 
