ਨਵਾਂ ਵਰੵਾ ਮੁਬਾਰਕ
ਹਰ ਵਰੵੇ ਧਰਤੀ ਇਕ ਚੱਕਰ
ਸੂਰਜ ਗਿਰਦ ਲਗਾਵੇ।
ਧਰਤੀ ਮਾਂ ਇੰਝ ਗੇੜ੍ਹੇ ਰੁੱਤਾਂ
ਇਕ ਜਾਵੇ ਇਕ ਆਵੇ।
ਚਾਰ ਅਰਬ ਵਰਿੵਆਂ ਤੋਂ ਧਰਤੀ
ਗੇੜ੍ਹ ਰਹੀ ਹੈ ਰੁੱਤਾਂ,
ਨਾਂ ਦੇਰੀ ਨਾਂ ਰੁਕਦੀ ਧਰਤੀ
ਨਿਰੰਤਰ ਚੱਲਦੀ ਜਾਵੇ।
ਧਰਤੀ ਮਾਂ ਦੇ ਜਾਇਉ ਬੰਦਿਓ
ਲੈ ਧਰਤੀ ਤੋਂ ਜੇਰਾ,
ਜੋ ਨਾਂ ਢੇਰੀ ਢਾਹਵੇ ‘ਪਰਖਿਆ’
ਹੱਥ ਆਸਮਾਨੀ ਲਾਵੇ।
***
ਸਦੀ ਇੱਕੀਵੀਂ
ਪਹਿਲਾਂ-ਪਹਿਲ ਖ਼ਬਰ ਬਣ ਫ਼ੈਲੀ ਹੁਣ ਹਕੀਕਤ ਹੋਈ ਹੈ,
ਜਾਣਦਿਆਂ ਅਨ-ਜਾਣਦਿਆਂ ਅਸੀਂ ਪਿੱਠਾਂ ਉੱਪਰ ਢੋਈ ਹੈ।
ਹਵਾ ‘ਚੇ ਘੁਲ ਹਕੀਕਤ ਘੁੰਮੇ ਗਲੀਆਂ ਰਾਹਾਂ ਜੂਹਾਂ ‘ਤੇ,
ਸਦੀ ਇੱਕੀਵੀਂ ਗੁਜ਼ਰ ਰਹੀ ਹੈ, ਆਦਮ ਦੀਆਂ ਬਰੂਹਾਂ ‘ਤੇ।
ਪ੍ਰਸ਼ਨ ਜੋ ਪਿਆਰ ਤੇ ਰੋਗ ‘ਚ ਮਿਟ ਗਈ ਰੇਖਾ ਉੱਤੇ ਉੱਗੇਗਾ,
ਹੀਰ ਰਾਂਝੇ ਦੇ ਨਾਲ ਨਾਲ ਉਹ ਚੂਚਕ ਤਾਈਂ ਵੀ ਪੁੱਜੇਗਾ।
ਵਾਰਿਸਸ਼ਾਹ ਦੀ ਹੀਰ ਉੱਤੇ ਹੀਰਾਂ ਦਾ ਹਾਸਾ ਡੁੱਲ੍ਹੇਗਾ,
ਹੁਣ ਗੋਰਖ਼ਨਾਥ ਦੇ ਟਿੱਲੇ ਉੱਤੇ ਹਸਪਤਾਲ ਇਕ ਖੁੱਲ੍ਹੇਗਾ।
ਮਨ-ਵਿਗਿਆਨੀ ਦੂਰ ਕਰਨਗੇ ਰੋਗ ਜੋ ਟਿਕ ਗਏ ਰੂਹਾਂ ‘ਤੇ
ਸਦੀ ਇੱਕੀਵੀਂ ਗੁਜ਼ਰ ਰਹੀ ਹੈ ਆਦਮ ਦਿਆਂ ਬਰੂਹਾਂ ‘ਤੇ।
ਹੁਣ ਬੱਕਰਾ ਜੋ ਬੁਲਾਵੇਗਾ ਜਾਂ ਸ਼ੇਰ ਦਾ ਪੁੱਤ ਕਹਾਵੇਗਾ
ਉਹ ਬੰਦਾ ਪਿੰਡ ਦੀ ਅੱਖ ਸਾਹਮਣੇ ਪਸ਼ੂ ਪਸ਼ੂ ਹੋ ਜਾਵੇਗਾ।
ਅਣਗਹਿਲੀ ਬੇਪ੍ਰਵਾਹੀ ਨੂੰ ‘ਦਿਲ ਖੁੱਲ੍ਹੇ’ ਕਹਿ ਵਡਿਆਵੇਗਾ
ਉਹ ਨਿੱਤਨੇਮ ਹਕੀਕਤ ਦੇ ਹੱਥੋਂ ਖਾਖਾਂ ‘ਤੇ ਥੱਪੜ ਖਾਵੇਗਾ।
ਹੁਣ ਸੋਚ ਨੇ ਭੰਗੜਾ ਪਾਉਣਾ ਹੈ, ਹਰ ਪਹਿਆਂ, ਰਾਹਾਂ, ਖੂਹਾਂ ‘ਤੇ।
ਸਦੀ ਇੱਕੀਵੀਂ ਗੁਜ਼ਰ ਰਹੀ ਹੈ ਆਦਮ ਦਿਆਂ ਬਰੂਹਾਂ ‘ਤੇ।
ਜੋ ‘ਤਰਕ’ ਦੇ ਨਾਲ ਫ਼ਰੋਲੀਆਂ ਨਾਂ, ਉਹ ਪੰਡਾਂ ਨਾ ਹੁਣ ਚੁੱਕਣੀਆਂ,
ਅਸੀਂ ਉਨ੍ਹਾਂ ਪਿੱਛੇ ਹੁਣ ਤੁਰ ਪੈਣਾਂ ਜੋ ਦਿਲੋਂ ਉਮੰਗਾਂ ਉੱਠਣੀਆਂ।
ਜੋ ਦਿਲ ਵਿਚ ਹੈ ਉਹ ਕਹਿਣਾ ਹੈ, ਜੋ ਕਹਿਣਾ ਹੈ ਉਹ ਕਰਨਾ ਹੈ,
ਹੁਣ ਮਾਨਵਤਾ ਨੇ ਇੰਝ ਖੁੱਲ੍ਹਣਾ, ਜਿਉਂ ਕੋਈ ਚਟਾਨ ‘ਚੋਂ ਝਰਨਾ ਹੈ।
ਹੁਣ ਭੇਦ ਦਿਲ ਦੇ ਸੱਭ ਦੱਬੇ ਨੱਚ ਪੈਣੇ ਨੇ ਆ ਮੂੰਹਾਂ ‘ਤੇ।
ਸਦੀ ਇੱਕੀਵੀਂ ਗੁਜ਼ਰ ਰਹੀ ਹੈ, ਆਦਮ ਦਿਆਂ ਬਰੂਹਾਂ ‘ਤੇ।
ਜੋ ਗੱਡੀ ਅੜੀ ਹੈ ਸਦੀਆਂ ਤੋਂ ਉਹਤੋਂ ਥੱਲੇ ਉੱਤਰ ਜਾਵਾਂਗੇ,
ਖੁਦ ਆਪਣੀ ਮੰਜ਼ਲ ਮਿੱਥਾਂਗੇ, ਖੁਦ ਨਵੀਆਂ ਪੈੜਾਂ ਪਾਵਾਂਗੇ।
ਜਿੱਥੇ ਲੋੜ ਹੈ ਸੋਚ ਦੁੜਾਉਣੇ ਦੀ, ਉੱਥੇ ਡਾਂਗ ਜੇ ਉੱਲਰੀ ਲਾਹਣਤ ਹੋਊ,
ਨਾ ਟੋਪੀ ਤੇ ਨਾ ਪਗੜੀ ਵਿਚ, ਹੁਣ ਇੱਜ਼ਤ ਵਿਚ ਸਿਆਣਪ ਹੋਊ।
ਹੁਣ ਹਰ ਬੰਦੇ ਦੀ ਬੁੱਕਤ ਹੋਊ, ਇਕਲੌਤਿਆਂ ਅਤੇ ਸਮੂਹਾਂ ‘ਚੇ।
ਸਦੀ ਇੱਕੀਵੀਂ ਗੁਜ਼ਰ ਰਹੀ ਹੈ ਆਦਮ ਦਿਆਂ ਬਰੂਹਾਂ ‘ਤੇ।
ਹੁਣ ਬੇਕਦਰੇ ਜਿਹੇ ਰੁੱਖ ਬਣਕੇ ਨਹੀਂ ਝੂਲਦੇ ਟੁੱਟਦੇ ਜਾਵਾਂਗੇ,
ਕਦ ਸਾਹ ਤੇ ਕਦ ਤੂਫ਼ਾਨ ਬਣੇ, ਹਰ ਹਵਾ ਤਾਈਂ ਸਮਝਾਵਾਂਗੇ।
ਹੱਥ ਖਿੱਚ ਕੇ ਪੂਜਾ ਧਰਮ ਵਿੱਚੋਂ, ਅਸਮਾਨ ਦੇ ਨਾਲ ਮਿਲਾਵਾਂਗੇ,
ਹੁਣ ਝੁਕਿਆ ਸਿਰ ਉਤਾਂਹ ਚੁੱਕ ਕੇ ਹੋਣੀ ਸੰਗ ਮੱਥਾ ਲਾਵਾਂਗੇ।
ਫਿਰ ਤਰਕਾਂ ਦੀ ਬਰਸਾਤ ਹੋਊ, ਵਹਿਮਾਂ ਦੀਆਂ ਵਗਦੀਆਂ ਲੂਹਾਂ ‘ਤੇ।
ਸਦੀ ਇੱਕੀਵੀਂ ਗੁਜ਼ਰ ਰਹੀ ਹੈ ਆਦਮ ਦਿਆਂ ਬਰੂਹਾਂ ‘ਤੇ।
ਜਦ ਜਸ਼ਨ ਮਨਾਏ ਅਰਥਾਂ ਦੇ, ਸਭ ਛੱਡ ਕੇ ਪੂਜਾ ਸ਼ਬਦਾਂ ਦੀ,
ਫਿਰ ਉਂਗਲਾਂ ਨੇ ਥਾਹ ਪਾ ਲੈਣੀ, ਚੱਲ ਰਹੇ ਵਕਤ ਦੀਆਂ ਨਬਜ਼ਾਂ ਦੀ।
ਨਾ ਚੋਣਾਂ ਲਹੂ ਕਿਤਾਬਾਂ ‘ਚੋਂ, ਨਾ ਧਰਮ ਸਥਾਨਾਂ ਮਚਣਾ ਏਂ,
ਫਿਰ ਹਰ ਦਿਲ ਦੇ ਵਿਚ ਬੁੱਲ੍ਹੇ ਨੇ, ਕਰ ਥਈਆ ਥਈਆ ਨੱਚਣਾ ਏਂ।
‘ਪਰਖ਼ਾ’ ਵੀ ਖੁੱਲ੍ਹ ਕੇ ਹੱਸੂਗਾ, ਖ਼ੁਦ ਆਪਣੇ ਦਿਲ ਦੀਆਂ ਧੂਹਾਂ ‘ਤੇ
ਸਦੀ ਇੱਕੀਵੀਂ ਗੁਜ਼ਰ ਰਹੀ ਹੈ ਆਦਮ ਦਿਆਂ ਬਰੂਹਾਂ ‘ਤੇ।
***
ਨਦੀ
(ਸਮਾਂ ਤੇ ਨਦੀ ਹਮੇਸ਼ਾ ਅਗਾਂਹ ਵੱਲ ਨੂੰ ਹੀ ਵਗਦੇ ਨੇ;
ਏਸ ਵਹਾਅ ਨੂੰ ਨਵਾਂ ਵਰੵਾ ਮੁਬਾਰਕ)
ਕੋਈ ਚੜ੍ਹਦੀ ਰਹੀ, ਕੋਈ ਲਹਿੰਦੀ ਰਹੀ,
ਕੋਈ ਸੰਗ ਚਟਾਨਾਂ ਦੇ ਖਹਿੰਦੀ ਰਹੀ।
ਪਹਾੜਾਂ ਮੈਦਾਨਾਂ ਨੂੰ ਗਾਹੁੰਦੀ ਰਹੀ
ਨਦੀ ਵਗਦੀ ਰਹੀ, ਨਦੀ ਗਾਉਂਦੀ ਰਹੀ।
ਉਹ ਲੰਘ ਗਈ ਪੁਲਾਂ ਦੇ ਥੱਲੇ ਥੱਲੇ,
ਉਹਦੀ ਡੈਮਾਂ ‘ਤੇ ਹੋ ਗਈ ਬੱਲੇ ਬੱਲੇ।
ਕਦੀ ਭਬਕਦੀ ਕਦੀ ਮੁਸਕਾਉਂਦੀ ਰਹੀ
ਨਦੀ ਵਗਦੀ ਰਹੀ ਨਦੀ ਗਾਉਂਦੀ ਰਹੀ।
ਕਦੀ ਬੱਦਲ ਬਣ ਬਣ ਵਰ੍ਹਦੀ ਰਹੀ,
ਕਦੀ ਸੁੱਕੀਆਂ ਨਹਿਰਾਂ ਨੂੰ ਭਰਦੀ ਰਹੀ।
ਭਰ ਭਰ ਕੇ ਆਪਾ ਵਰਤਾਉਂਦੀ ਰਹੀ
ਨਦੀ ਵਗਦੀ ਰਹੀ, ਨਦੀ ਗਾਉਂਦੀ ਰਹੀ।
ਉਹਦੀ ਰੂਹ ਵਿਚ ਅੰਬਰ ਵਿਛਦੇ ਰਹੇ,
ਉਹਤੋਂ ਪੰਛੀ ਗਾਉਣਾ ਸਿੱਖਦੇ ਰਹੇ।
ਸੀਨੇ ਠੰਢ ਹਵਾਵਾਂ ਦੇ ਪਾਉਂਦੀ ਰਹੀ
ਨਦੀ ਵਗਦੀ ਰਹੀ, ਨਦੀ ਗਾਉਂਦੀ ਰਹੀ।
ਕਦੀ ਨੀਵੀਂ ਹੋ ਹੋ ਖੜ੍ਹ ਖੜ੍ਹ ਗਈ,
ਕਦੀ ਕੰਢਿਆਂ ਉੱਤੋਂ ਦੀ ਹੜ੍ਹ ਹੜ੍ਹ ਗਈ।
ਇੰਝ ਸਾਗਰ ਦੀ ਤਾਂਘ ਸਤਾਉਂਦੀ ਰਹੀ
ਨਦੀ ਵਗਦੀ ਰਹੀ, ਨਦੀ ਗਾਉਂਦੀ ਰਹੀ।
ਜ਼ਿੰਦਗੀ ਵਿਚ ਉਹਦੀ ਲਹਿਰ ਵਸੇ,
ਉਹਦੇ ਕੰਢਿਆਂ ਤੇ ਪਿੰਡ ਤੇ ਸ਼ਹਿਰ ਵਸੇ।
ਉਹ ਸੱਭਿਆਤਾਵਾਂ ਨੂੰ ਨਹਿਲਾਉਂਦੀ ਰਹੀ
ਨਦੀ ਵਗਦੀ ਰਹੀ, ਨਦੀ ਗਾਉਂਦੀ ਰਹੀ।
ਪਾਣੀ ਵਗਦੇ ਰਹਿਣ ਤਾਂ ਚੰਗੇ ਨੇ,
ਪਾਣੀ ਖੜ੍ਹ ਜਾਵਣ ਤਾਂ ਗੰਦੇ ਨੇ।
ਜ਼ਿੰਦਗੀ ਦਾ ਸਬਕ ਪੜ੍ਹਾਉਂਦੀ ਰਹੀ
ਨਦੀ ਵਗਦੀ ਰਹੀ, ਨਦੀ ਗਾਉਂਦੀ ਰਹੀ।
ਲੱਗੇ ਸਦੀਆਂ ਤੋਂ ਇੱਕੋ ਥਾਂ ਖੜ੍ਹੀ ਖੜ੍ਹੀ,
ਰਹਿੰਦੀ ਹਰ ਪਲ ਫਿਰ ਵੀ ਚਲੋ ਚਲੀ।
ਅਮਰਤਾ ਦਾ ਭੇਦ ਸੁਲਝਾਉਂਦੀ ਰਹੀ
ਨਦੀ ਵਗਦੀ ਰਹੀ, ਨਦੀ ਗਾਉਂਦੀ ਰਹੀ।
***
ਨੈਣ-ਨਦੀਆਂ
(ਨਜ਼ਰੀਆ ਤੇ ਨਦੀ ਸਮੇਂ ਨਾਲ ਤੇ ਸਮੇਂ ਵਾਂਗ ਵਗਦੇ ਰਹਿਣ ਤਾਂ ਸਾਫ਼ ਨੇ, ਨਹੀਂ ਤਾਂ ਰੋਗ ਨੇ।
ਏਸ ਵਹਾਅ ਨੂੰ ਨਵਾਂ ਵਰੵਾ ਮੁਬਾਰਕ)
ਗੱਲ ਤੁਰੇ ਸਫ਼ਰ ਤੇ ਸਫ਼ਰੀਏ ਦੀ,
ਗੱਲ ਨੈਣ ਨਜ਼ਰ ਤੇ ਨਜ਼ਰੀਏ ਦੀ।
ਗੱਲ ਘਾਟ ਘਾਟ ਦੇ ਪਾਣੀ ਦੀ,
ਦੋ ਨੈਣਾਂ ਦੀ ਕਹਾਣੀ ਦੀ
ਪਾਣੀ ਨੂੰ ਰਹੀਆਂ ਧੋ ਨਦੀਆਂ,
ਔਹ ਵਗਦੀਆਂ ਜਾਵਣ ਦੋ ਨਦੀਆਂ।
ਉਹ ਗੰਗਾ ਜਮਨਾ ਰਾਵੀ ਨੇ,
ਉਹ ਸਤਲੁਜ ਬਿਆਸ ਝਨਾਂ ਵੀ ਨੇ।
ਉੱਥੇ ਪੰਛੀ ਉੱਡ ਉੱਡ ਗਾਉਂਦੇ ਨੇ,
ਉੱਥੇ ਪਿਆਸੇ ਪਿਆਸ ਬੁਝਾਉਂਦੇ ਨੇ
ਪਰ ਉਸ ਪਿਆਸ ਦਾ ਕੀ ਦਾਰੂ
ਜਿਹਨੂੰ ਯੁੱਗਾਂ ਤੋਂ ਰਹੀਆਂ ਢੋਅ ਨਦੀਆਂ।
ਕਈ ਕੋਹੜੀ ਅੰਗ ਨਹਿਲਾਏ ਨੇ,
ਕਈ ਮੁਰਦਾ ਘਾਟ ਹੰਢਾਏ ਨੇ।
ਲੱਖ ਘੋਗੇ ਸਿੱਪੀਆਂ ਮੱਛੀਆਂ ਨੇ,
ਪਰ ਵਗਦੀਆਂ ਰਹਿਣ ਤਾਂ ਅੱਛੀਆਂ ਨੇ
ਫਿਰ ਰੋਗੀ ਨੇ ਫਿਰ ਰੋਗ ਵੀ ਨੇ
ਜੇ ਇਕ ਥਾਂ ਜਾਣ ਖੜੋ ਨਦੀਆਂ।
ਕਦੀ ਤਾਜ਼ੀਆਂ ਲਿਸ਼ਕਣ ਅੱਛੀਆਂ ਨੇ,
ਕਦੀ ਅਲਸਾਈਆਂ ਕਦੀ ਥੱਕੀਆਂ ਨੇ।
ਕਦੀ ਅੰਬਰਾਂ ਦੇ ਤੱਕ ਚੱਕੀਆਂ ਨੇ,
ਕਦੀ ਜਾਣ ਪਤਾਲੀਂ ਧੱਸੀਆਂ ਨੇ
ਕਦੀ ਝਰਨੇ ਬਣ ਬਣ ਫੁੱਟਦੀਆਂ
ਕਦੀ ਬਣ ਬਣ ਚੋਂਦੀਆਂ ਚੋਅ ਨਦੀਆਂ।
ਇਹ ਨਦੀਆਂ ਪਰਬਤ ਜਾਈਆਂ ਨੇ,
ਇਹ ਵਗਣੇ ਲਈ ਹੀ ਆਈਆਂ ਨੇ।
ਘਰ ਕਿਹਨੇ ਬੰਨ੍ਹ ਬਹਾਈਆਂ ਨੇ,
ਐਵੇਂ ਪਾਲੇ ਭਰਮ ਸ਼ੈਦਾਈਆਂ ਨੇ
ਜੋ ਸਮਝਣ ਉਨ੍ਹਾਂ ਦੀ ਤ੍ਰੇਹ ਸੰਗ ਹੀ
ਇਕਮਿਕ ਗਈਆਂ ਹੋਅ ਨਦੀਆਂ।
ਉਹ ਜਿੱਥੇ ਕਿਤੇ ਨੇ ਜੋ ਵੀ ਨੇ,
ਉਹ ਤੂੰ ਵੀ ਮੈਂ ਵੀ ਉਹ ਵੀ ਨੇ।
ਇਹ ਵੱਖ ਵੱਖ ਤਾਂ ਪੁਲ ਟੋਹ ਹੀ ਨੇ,
ਉਹ ਦੋ ਦੋ ਨਹੀਂ ਉਹ ਦੋ ਹੀ ਨੇ
ਉਂਝ ਪੀ ਪੀ ਰਿਸ਼ਤਾ ਪਾਣੀ ਦਾ
ਦੋ ਵੀ ਜਾਸਣ ਇਕ ਹੋ ਨਦੀਆਂ।
ਜਿੱਥੇ ਮਜ੍ਹਬ ਦੇ ਠੇਕਾਦਾਰੇ ਨੇ
ਉਨ ਪੱਤਣੀ ਨਾਗ਼ ਫੂੰਕਾਰੇ ਨੇ।
ਜਿੱਥੇ ਜ਼ਹਿਰ ਜਨੂੰਨ ਦਾ ਭੂੱਕਿਆ ਹੈ,
ਉੱਥੋਂ ਅੱਕ ਦਾ ਬੂਟਾ ਫੁੱਟਿਆ ਹੈ
ਜਿੱਥੇ ਕਰ ਪਾਖੰਡ ਇਸ਼ਨਾਨ ਗਏ
ਉੱਥੋਂ ਮਾਰ ਰਹੀਆਂ ਬਦਬੋ ਨਦੀਆਂ।
ਜੇ ਜ਼ਹਿਰ ਹੈ ਛੱਟਣਾ ਪਾਣੀ ‘ਚੋ,
ਕੱਢ ਮਜ੍ਹਬ ਜਨੂੰਨ ਕਹਾਣੀ ‘ਚੋਂ।
ਹਰ ਬਰਮੀ ਢਾਅ ਕੇ ਨਾਗ਼ਾਂ ਦੀ
ਵੱਢ ਦੇਵੋ ਜੜ੍ਹ ਫ਼ਸਾਦਾਂ ਦੀ।
ਇਸ ਘੂਕ ਰਾਤ ਵਿਚ ਸਰਘੀ ਦੀ
ਵੀ ਦੇ ਰਹੀਆਂ ਕਣਸੋਅ ਨਦੀਆਂ।
ਪਾਣੀ ਨੂੰ ਰਹੀਆਂ ਧੋ ਨਦੀਆਂ,
ਔਹ ਵਗਦੀਆਂ ਜਾਵਣ ਦੋ ਨਦੀਆਂ।
***
ਇਸ ਦੁਨੀਆਂ ਤੋਂ ਪਰ੍ਹੇ ਪਰ੍ਹੇ
(ਨਵੇਂ ਵਰੵੇ ਦੀ ਆਮਦ ਇੱਕ ਮੌਕਾ ਪ੍ਰਦਾਨ ਕਰਦੀ ਹੈ, ਦੁਨੀਆਂ ਦੇ ਵਧੇਰੇ ਚੰਗੇਰੀ ਹੋਣ
ਦਾ ਖ਼ਾਬ ਤੱਕਣ ਦਾ, ਤੇ ਉਸ ਖ਼ਾਬ-ਪੂਰਤੀ ਵਿੱਚ ਹਿੱਸਾ ਪਾਉਣ ਦਾ ਪ੍ਰਣ ਕਰਨੇ ਦਾ)
ਜਿੱਥੇ ਪਲ ਵਿਚ ਵਸਦੇ ਵਰੵੇ ਵਰੵੇ
ਇਕ ਹੋਰ ਵੀ ਦੁਨੀਆਂ ਹੁੰਦੀ ਹੈ।
ਇਸ ਦੁਨੀਆ ਤੋਂ ਪਰ੍ਹੇ ਪਰ੍ਹੇ
ਇਕ ਹੋਰ ਵੀ ਦੁਨੀਆਂ ਹੁੰਦੀ ਹੈ।
ਇਸ ਦੁਨੀਆਂ ਵਿਚ ਬੰਦਾ, ਬੰਦਾ
ਬਣਦਾ ਬਣਦਾ ਰੁਕ ਜਾਂਦਾ,
ਹਰ ਸ਼ਖਸ਼ ਪੇਤਲਾ ਆਪਣੀ ਹੀ
ਪਰਛਾਈ ਦੇ ਵਿਚ ਲੁਕ ਜਾਂਦਾ।
ਇੱਥੇ ਆਦਮੀ ਅੱਧ ਪਚੱਧਾ ਹੈ
ਮਰਨੇ ਤੋਂ ਪਹਿਲਾਂ ਮੁੱਕ ਜਾਂਦਾ,
ਇੱਥੇ ਫਲ ਲੱਗਣੇ ਤੋਂ ਪਹਿਲਾਂ ਹੀ
ਹਰ ਆਸ ਦਾ ਬੂਟਾ ਸੁੱਕ ਜਾਂਦਾ।
ਉੱਥੇ ਬਾਗ਼ ਮੌਲਦੇ ਹਰੇ ਭਰੇ
ਇਕ ਹੋਰ ਵੀ ਦੁਨੀਆਂ ਹੁੰਦੀ ਹੈ
ਜਿੱਥੇ ਬੰਦਾ ਆਪਣੇ ਸੌੜੇ ਸੌੜੇ
ਦਿਸਹੱਦਿਆਂ ਦਾ ਬੰਦੀ ਨਹੀਂ।
ਜਿੱਥੇ ਬੰਦੇ ਦੇ ਵਿਸ਼ਵਾਸ਼ ਨੇ ਬੰਦੇ
ਦੀ ਰੱਤ ਡੋਹਲਣੀ ਮੰਗੀ ਨਹੀਂ।
ਜਿੱਥੇ ਕੋਈ ਵੀ ਬੰਦਾ ਐਸਾ ਨਹੀਂ
ਜਿਨ ਸੋਚ ਤਰਕ ‘ਤੇ ਚੰਡੀ ਨਹੀਂ।
ਜਿੱਥੇ ਅਕਲ ਦੇ ਉੱਤੇ ਪੈਸੇ ਦੀ
ਹਰ ਵਕਤ ਝੂਲਦੀ ਝੰਡੀ ਨਹੀਂ।
ਨਾ ਖ਼ਾਬਾਂ ਦੇ ਖੰਭ ਝੜੇ ਝੜੇ
ਇਕ ਹੋਰ ਵੀ ਦੁਨੀਆਂ ਹੁੰਦੀ ਹੈ
ਜਿੱਥੇ ਪਿਆਰ ਉੱਤੇ ਕੋਈ ਨਾਕਾ ਨਹੀਂ
ਨਾ ਸੱਧਰਾਂ ‘ਤੇ ਪਾਬੰਦੀ ਹੈ।
ਜਿੱਥੇ ਰੂਹ ਦੇ ਵਾਂਗ ਆਜ਼ਾਦ ਬੰਦਾ
ਉਹ ਅਫ਼ਸਰ ਹੈ ਜਾਂ ਭੰਗੀ ਹੈ।
ਇੱਥੇ ਸਦਾ ਮੁਹੱਬਤ ਦੇ ਬੂਹੇ
‘ਤੇ ਆ ਮਜ਼ਬੂਰੀ ਖੰਘੀ ਹੈ।
ਇੱਥੇ ਸਾਰੇ ਦਰਿਆ ਸੁੱਕ ਜਾਂਦੇ
ਜਦ ਪਿਆਸ ਪਕੜਦੀ ਘੰਡੀ ਹੈ।
ਉੱਥੇ ਦਰਿਆ ਰਹਿੰਦੇ ਭਰੇ ਭਰੇ
ਇਕ ਹੋਰ ਵੀ ਦੁਨੀਆਂ ਹੁੰਦੀ ਹੈ
ਜਿੱਥੇ ਮੇਲੇ ਲੱਗਦੇ ਖ਼ਾਬਾਂ ਦੇ
ਨਾ ਰਹਿੰਦੀ ਆਸ ਅਧੂਰੀ ਹੈ।
ਜਦ ਚਾਹਵਣ ਦੋ ਦਿਲ ਇਕ ਹੋਸਣ
ਨਾ ਭਟਕਣ ਨਾ ਮਜ਼ਬੂਰੀ ਹੈ।
ਨਾ ਕੌਮਾਂ ਦੇ ਵਿਚ ਨਫ਼ਰਤ ਹੈ
ਨਾ ਧਰਮਾਂ ਦਾ ਕੋਈ ਦੰਗਾ ਹੈ।
ਸਭ ਪਰਦੇ ਸ਼ੀਸ਼ਾ ਸ਼ੀਸ਼ਾ ਨੇ
‘ਪਰਖ਼ਾ’ ਵੀ ਨੰਗ ਮਲੰਗਾ ਹੈ।
ਨਾ ਸੰਗੇ ਝਿਜਕੇ ਡਰੇ ਡਰੇ
ਇਕ ਹੋਰ ਵੀ ਦੁਨੀਆਂ ਹੁੰਦੀ ਹੈ।
***
email: dr.sukhpal.sanghera@gmail.com |