ਸਾਡੇ ਧਾਰਮਿਕ ਗਰੰਥ ਅਤੇ ਹੋਰ ਪੁਰਾਤਨ ਸਰੋਤ ਸ਼੍ਰਿਸ਼ਟੀ ਨੂੰ ਪੰਜ ਮੁੱਖ ਤੱਤਾਂ ਤੋਂ ਬਣੀ ਹੋਈ ਮੰਨਦੇ ਹਨ। ਇਹ ਤੱਤ ਹਨ- ਪ੍ਰਿਥਵੀ, ਜਲ, ਹਵਾ, ਅਗਨੀ ਅਤੇ ਆਕਾਸ਼। ਪਹਿਲਾਂ ਇਸ ਦੇ ਲਈ ਕੁਝ ਪ੍ਰਮਾਣ ਦੇਖ ਲਈਏ ਫਿਰ ਗੱਲ ਅੱਗੇ ਤੋਰਦੇ ਹਾਂ। ਸ਼੍ਰੀ ਗੁਰੂ ਗਰੰਥ ਸਾਹਿਬ ਜੀ ਵਿੱਚ ਬੇਅੰਤ ਫੁਰਮਾਨ ਐਸੇ ਹਨ, ਜਿਹੜੇ ਬ੍ਰਹਮੰਡ ਦੇ ਪੰਜ ਤੱਤਾਂ ਤੋਂ ਸਿਰਜੇ ਹੋਣ ਬਾਰੇ ਦੱਸਦੇ ਹਨ। ਜਿਵੇਂ ਕਿ— ਪੰਚ ਤਤ ਕਰਿ ਤੁਧ ਸ੍ਰਿਸ਼ਟਿ ਸਭ ਸਾਜੀ, ਕੋਈ ਛੇਵਾਂ ਕਰਿਓ ਜੇ ਕਿਛ ਕੀਤਾ ਹੋਵੈ। ਧਨ ਅੰਧੀ ਪਿਰੁ ਚਪਲੁ ਸਿਆਨਾ।। ਇੰਨਾ ਹੀ ਨਹੀਂ, ਮਨੁੱਖੀ ਸਰੀਰ ਦੇ ਵੀ ਪੰਜ ਤੱਤਾਂ ਤੋਂ ਮਿਲ ਕੇ ਬਣੇ ਹੋਣ ਦੇ ਸੈਂਕੜੇ ਫੁਰਮਾਨ ਗੁਰਬਾਣੀ ਵਿੱਚ ਮਿਲਦੇ ਹਨ ਜਿਵੇਂ- ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ। ਪੰਚ ਤਤੁ ਮਿਲਿ ਇਹੁ ਤਨੁ ਕੀਆ। ਪਾਂਚੈ ਪੰਚ ਤਤ ਬਿਸਥਾਰ।। ਪੰਚ ਤੀਨਿ ਨਵ ਚਾਰਿ ਸਮਾਵੈ।। ਗੁਰਬਾਣੀ ਮਨੁੱਖੀ ਮਨ ਨੂੰ ਵੀ ਪੰਜ ਤੱਤਾਂ ਦੇ ਬਣੇ ਸਰੀਰ ਤੋਂ ਬਣਿਆ ਦੱਸਦੀ ਹੈ: ਇਹ ਮਨੁ ਕਰਮਾ ਇਹ ਮਨ ਧਰਮਾ। ਮਨੁੱਖ ਦੀ ਸਿਰਜਣਾ ਵਿੱਚ ਇਹ ਪੰਜ ਤੱਤ ਅਤੇ ਜੋਤ, ਪ੍ਰਾਣ, ਜਾਨ, ਆਦਿ ਮੰਨਿਆ ਗਿਆ ਹੈ: ਮਨ ਹਰਿ ਕੀਆ ਤਨ ਸਭ ਸਾਜਿਆ। ਪੁਰਾਣਾਂ ਅਨੁਸਾਰ ਵੀ ਅਤੇ ਸਾਂਖ ਅਨੁਸਾਰ ਵੀ ਸ਼੍ਰਿਸ਼ਟੀ ਪੰਜ ਤੱਤਾਂ ਤੋਂ ਹੀ ਬਣੀ ਹੈ। ਈਸਾਈਆਂ ਅਨੁਸਾਰ ਇਹ ਸ਼੍ਰਿਸ਼ਟੀ ਚਾਰ ਤੱਤਾਂ-ਮਿੱਟੀ, ਹਵਾ, ਪਾਣੀ ਅਤੇ ਅੱਗ ਤੋਂ ਬਣੀ ਹੈ, ਉਹ ਪੰਜਵੇਂ ਤੱਤ ਆਕਾਸ਼ ਨੂੰ ਨਹੀਂ ਮੰਨਦੇ। ਪਰ ਬੋਧੀ ਪੰਜੇ ਤੱਤਾਂ ਨੂੰ ਮੰਨਦੇ ਹਨ, ਉਹ ਪੰਜਵੇਂ ਤੱਤ ਨੂੰ “ਖਲਾਅ” ਆਖਦੇ ਹਨ। ਇਸਲਾਮੀ ਅਤੇ ਪੱਛਮੀ ਸਾਹਿਤ ਵਾਲੇ ਪੰਜਵੇਂ ਤੱਤ ਦੀ ਹੋਂਦ ਸਵੀਕਾਰ ਨਹੀ ਕਰਦੇ। ਭਾਵੇਂ ਵਿਗਿਆਨ ਦਾ ਸ਼੍ਰਿਸ਼ਟੀ ਦੇ ਬਣਨ ਦਾ ਸਿਧਾਂਤ ਕੁਝ ਹੋਰ ਤਰਾਂ ਦਾ ਹੈ ਅਤੇ ਉਸਦੇ ਤੱਤ ਵੀ ਹੋਰ ਹਨ, ਇਸ ਵਿਸ਼ੇ ਤੇ ਅਸੀਂ ਬਹਿਸ ਨਹੀ ਕਰਨਾ ਚਾਹੁੰਦੇ ਕਿ ਸ਼੍ਰਿਸ਼ਟੀ ਦੀ ਰਚਨਾ ਕਿਵੇਂ ਹੋਈ। ਵਿਗਿਆਨ ਦੀਆਂ ਆਪਣੀਆਂ ਲੱਭਤਾਂ ਹਨ, ਜੋ ਹਾਈਪੋਥੀਸਿਸ, ਥਿਊਰੀ ਅਤੇ ਲਾਅ ਰਾਹੀਂ ਹੋ ਕੇ ਜਾਂਦੀਆਂ ਹਨ। ਯਾਦ ਰਹੇ ਕਿ ਸ਼੍ਰਿਸ਼ਟੀ ਰਚਨਾ ਬਾਰੇ ਵਿਗਿਆਨ ਨੇ ਵੀ ਕੋਈ 100% ਦਾਅਵੇ ਨਾਲ ਨਹੀਂ ਕਿਹਾ, ਕੁਝ ਥਿਊਰੀਆਂ ਹੀ ਹਨ, ਜਿਹੜੀਆਂ ਅਜੇ ਤੱਕ “ਨਿਯਮ” ਨਹੀਂ ਬਣ ਸਕੀਆਂ। ਦੂਜੀ ਗੱਲ ਵਿਗਿਆਨਕ ਗਿਆਨ ਵੀ ਹਰ ਨਵੀਂ ਖੋਜ ਨਾਲ ਬਦਲਦਾ ਰਹਿੰਦਾ ਹੈ। ਸਾਡੇ ਇਸ ਲੇਖ ਦਾ ਆਧਾਰ ਅਤੇ ਕੇਂਦਰ ਪੁਰਾਤਨ ਇਤਿਹਾਸ-ਮਿਥਿਹਾਸ ਵਿੱਚ ਵਰਣਨ ਇਹਨਾਂ ਤੱਤਾਂ ਦਾ ਖਾਸ ਕਰਕੇ ਆਕਾਸ਼ ਦਾ ਮਨੁਖੀ ਜੀਵਨ ਨਾਲ, ਵਿਵਹਾਰ ਨਾਲ ਸੰਬੰਧ ਲੱਭਣ ਦੀ ਕੋਸ਼ਿਸ ਹੈ। ਇਹ ਵੀ ਆਪਣੇ ਵਿਰਸੇ ਦਾ ਅਧਿਐਨ ਕਰਨ ਵਾਂਗ ਹੀ ਹੈ।….. ਇੱਕ ਵਿਦਵਾਨ ਨੇ ਸਿਰਜਣਾ ਦੀਆਂ ਪੰਜ ਪਰਤਾਂ ਦੱਸੀਆਂ ਹਨ। ਪਹਿਲੀ ਪਰਤ ਬ੍ਰਹਿਮੰਡੀ ਊਰਜਾ(Cosmic Energy) ਹੈ, ਜੋ ਪਰਮਾਤਮਾ ਦੇ ਕਹੇ ਜਾਂਦੇ ਗੁਣਾਂ ਨਾਲ ਭਰਪੂਰ ਹੈ, ਜਿਵੇਂ ਅਮਰ, ਅਜਰ, ਅਨੰਤ ਆਦਿ। ਦੂਜੀ ਪਰਤ ਵਿੱਚ ਬ੍ਰਹਿਮੰਡੀ ਚੇਤਨਾ ਤੋਂ ਉਪਜਿਆ ਤਾਰਾ ਮੰਡਲ ਅਤੇ ਗਲੈਕਸੀਆਂ ਹਨ। ਇਸ ਤੋਂ ਅੱਗੇ ਸਾਡੀ ਧਰਤੀ ਸਮੇਤ ਹਰੇਕ ਤਾਰੇ ਦੀਆਂ ਧਰਤੀਆਂ ਜਿਨਾਂ ਦੇ ਤਿੰਨ ਤੱਤ ਹਵਾ, ਪਾਣੀ, ਮਿੱਟੀ ਪਦਾਰਥ ਦੇ ਹਨ ਬਾਕੀ ਦੇ ਦੋ ਤੱਤ ਅੱਗ-ਊਰਜਾ ਅਤੇ ਆਕਾਸ਼ ਸਾਰੇ ਬ੍ਰਹਿਮੰਡ ਦੇ ਸਾਂਝੇ ਹਨ। ਚੌਥੀ ਪਰਤ ਸੂਖਮ ਜੀਵਾਂ ਦੀ ਹੈ ਜੋ ਪਹਿਲੇ ਤਿੰਨੇ ਤੱਤਾਂ ਵਿੱਚ ਅਤੇ ਸਾਡੇ ਸਰੀਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਹਨ। ਇਹਨਾਂ ਸੂਖਮ ਜੀਵਾਂ ਨੂੰ ਪੈਦਾ ਕਰਨਾ, ਪਾਲਣਾ ਅਤੇ ਨਾਸ਼ ਕਰਨ ਦੇ ਤਿੰਨ ਰੋਲ ਮਿਲੇ ਹੋਏ ਹਨ। ਪੰਜਵਾਂ ਤੱਤ ਆਕਾਸ਼ ਹੈ ਜਿਸ ਵਿੱਚ ਉਪਰੋਕਤ ਚਾਰੇ ਤੱਤ ਸ਼ਾਮਲ ਹਨ। ਇਹਨਾਂ ਪੰਜਾਂ ਤੱਤਾਂ ਦੇ ਸੰਕੇਤਕ ਅਰਥ ਵੀ ਭਾਵਪੂਰਨ ਹਨ—-ਧਰਤੀ ਨਿਮਰਤਾ ਤੇ ਸਹਿਣਸ਼ੀਲਤਾ ਦੀ ਪ੍ਰੇਰਕ ਸ਼ਕਤੀ ਹੈ, ਜਲ ਪਵਿੱਤਰਤਾ, ਅਗਨੀ ਬੀਰ ਰਸ ਤੇ ਗੈਰਤ, ਪਵਨ ਵਿੱਚ ਗਤੀਸ਼ੀਲ ਤੇ ਚੱਲਦੇ ਰਹਿਣ ਦਾ ਗੁਣ ਹੈ ਜਦ ਕਿ ਆਕਾਸ਼ ਵਿੱਚ ਵਿਆਪਕ ਦ੍ਰਿਸ਼ਟੀ ਦਾ ਗੁਣ ਹੈ। ਭਗਤ ਕਬੀਰ ਜੀ ਅਤੇ ਗੁਰੂ ਨਾਨਕ ਸਾਹਿਬ ਸ਼ਾਇਦ ਇਸੇ ਪਾਸੇ ਇਸ਼ਾਰਾ ਕਰ ਰਹੇ ਹਨ: ਅਪੁ ਤੇਜ ਬਾਇ ਪ੍ਰਿਥਮੀ ਆਕਾਸਾ।। ਅਤੇ ਗੁਰੂ ਨਾਨਕ ਜੀ ਕਹਿੰਦੇ ਹਨ- ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ॥॥ ਇਹਨਾਂ ਪੰਜਾਂ ਦੇ ਨਾਲ ਕੁਝ ਗੁਣ ਵੀ ਜੋੜੇ ਜਾਂਦੇ ਹਨ। ਧਰਤੀ ਦੇ ਗੁਣ ਹੱਡ, ਮਾਸ, ਨਖ, ਤੁਚਾ, ਰੋਗ ਹਨ। ਜਲ ਦੇ ਗੁਣ ਵੀਰਜ, ਲਹੂ, ਮਿੱਝ, ਮਲ-ਮੂਤਰ। ਅਗਨੀ ਦੇ ਗੁਣ ਨੀਂਦ, ਭੁੱਖ, ਪਿਆਸ, ਪਸੀਨਾ, ਆਲਸ ਹਨ। ਪਵਨ ਦੇ ਗੁਣ ਧਾਰਣਾ, ਚਾਲਨ, ਫੈਕਣਾ ਅਤੇ ਸਮੇਟਣਾ ਜਾਣੇ ਗਏ ਹਨ ਅਤੇ ਆਕਾਸ਼ ਦੇ ਗੁਣ ਕਾਮ, ਕਰੋਧ, ਲੱਜਾ, ਮੋਹ ਅਤੇ ਲੋਭ ਆਦਿ ਹਨ। ਜਾਪਦਾ ਏ ਕਿ ਜਿਸ ਵਿਅਕਤੀ ਵਿੱਚ ਜਿਸ ਤੱਤ ਦੀ ਬਹੁਤਾਤ ਹੋਏਗੀ, ਉਹ ਉਸ ਦੇ ਗੁਣ ਵੱਧ ਦਿਖਾਏਗਾ। ਇਹਨਾਂ ਪੰਜਾਂ ਵਿੱਚ ਸੰਤੁਲਨ ਹੋਣਾ ਬਹੁਤ ਜਰੂਰੀ ਹੈ। ਕੁਝ ਤਾਂ ਇਸ ਆਕਾਸ਼ ਤੱਤ ਨੂੰ ਹੀ ਪਰਮਾਤਮਾ ਕਹਿ ਦਿੰਦੇ ਹਨ, ਜਦ ਕਿ ਦੂਜੇ ਵਿਦਵਾਨ ਇਹਨਾਂ ਪੰਜਾਂਂ ਨੂੰ ਸਿਰਜਣਾ ਦੇ ਥੰਮ ਮੰਨ ਕੇ ਪਰਮਾਤਮਾ ਨੂੰ ਇਹਨਾਂ ਤੋਂ ਵੱਖਰਾ ਮੰਨਦੇ ਹਨ। ਇਸ ਵਿਚਾਰ ਅਨੁਸਾਰ ਪੰਜ ਤੱਤਾਂ ਦਾ ਮਨੁੱਖ ਦਾ ਸਰੀਰ ਬਣਿਆ ਹੈ ਅਤੇ ਉਸ ਵਿੱਚ ਜੋਤ ਮਿਲ ਕੇ ਪੂਰਨ ਸਜੀਵ ਮਨੁੱਖ ਬਣਦਾ ਹੈ।ਭਾਈ ਗੁਰਦਾਸ ਜੀ ਇਸ ਤਰਾਂ ਬਿਆਨ ਕਰਦੇ ਹਨ- ਰਕਤ ਬਿੰਦ ਕੀ ਦੇਹਿ ਰਚਿ ਪਾਂਚ ਤਤ ਕੀ ਜੜਤ ਜੜਾਈ। ਯੋਗੀਆਂ ਨੇ ਊਰਜਾ ਦੇ ਛੇ ਚੱਕਰ ਮੰਨੇ ਹਨ- ਮੂਲਾਧਾਰ, ਜਿਸ ਵਿੱਚ ਪ੍ਰਿਥਵੀ ਤੱਤ ਦੇ ਅਧੀਨ ਬਾਕੀ ਚਾਰ ਤੱਤ ਹਨ। ਸਵਾਧਿਸ਼ਠਾਨ ਚੱਕਰ ਜਿਸ ਵਿੱਚ ਜਲ ਤੱਤ ਦੇ ਅਧੀਨ ਬਾਕੀ ਚਾਰੇ ਤੱਤ ਹਨ। ਮਣੀਪੁਰ ਚੱਕਰ –ਨਾਭਿ ਖੇਤਰ- ਵਿੱਚ ਮੁੱਖ ਤੱਤ ਅਗਨੀ ਹੈ । ਅਨਹਤ ਚੱਕਰ ਹਿਰਦੇ ਦਾ ਖੇਤਰ ਹੈ, ਜਿਸ ਵਿੱਚ ਵਾਯੂ ਤੱਤ ਦੇ ਅਧੀਨ ਬਾਕੀ ਚਾਰੇ ਤੱਤ ਹਨ। ਪੰਜਵਾਂ ਚੱਕਰ ਵਿਸੁਧੀ ਚੱਕਰ ਕੰਠ ਦਾ ਖੇਤਰ ਹੈ, ਜਿਸ ਵਿੱਚ ਆਕਾਸ਼ ਤੱਤ ਮੁੱਖ ਹੈ ਅਤੇ ਬਾਕੀ ਚਾਰੇ ਇਸ ਦੇ ਅਧੀਨ ਹਨ। ਆਖਰੀ ਚੱਕਰ ਆਗਿਆ ਚੱਕਰ ਕਹਾਊਂਦਾ ਹੈ, ਜਿਸ ਦਾ ਖੇਤਰ ਤ੍ਰਿਕੁਟੀ ਮੰਨਿਆ ਹੈ, ਇਸ ਵਿੱਚ ਮਨ ਪ੍ਰਮੁਖ ਹੈ ਅਤੇ ਪੰਜੇ ਤੱਤ ਇਸ ਦੇ ਅਧੀਨ ਮੰਨੇ ਗਏ ਹਨ। ਇਸ ਦਾ ਸਥਾਨ ਦੋਹਾਂ ਅੱਖਾਂ ਦੇ ਵਿਚਕਾਰ ਮੰਨਿਆਂ ਗਿਆ ਹੈ। ਇਸ ਤਰਾਂ ਇਹ ਆਕਾਸ਼ ਤੱਤ ਸਾਡੀ ਜਿੰਦਗੀ ਵਿੱਚ ਬਹੁਤ ਵੱਡਾ ਸਥਾਨ ਰੱਖਦਾ ਹੈ। ਇਹ ਇੱਕ ਸੂਖਮ ਤੱਤ ਹੈ ਜੋ ਸਾਡੀਆਂ ਗਿਆਨ ਇੰਦਰੀਆਂ ਤੋਂ ਪਰ੍ਹੇ ਹੈ। ਜਿਵੇਂ ੳੱਪਰ ਵਾਲੇ ਆਕਾਸ਼ ਜਿਸ ਨੂੰ ਅਸੀਂ ਅੰਬਰ ਜਾਂ ਆਸਮਾਨ ਵੀ ਕਹਿ ਦਿੰਦੇ ਹਾਂ, ਉਸ ਦੀ ਕੋਈ ਪਦਾਰਥਕ ਹੋਂਦ ਨਹੀਂ, ਪਰ ਸਾਡੇ ਲਈ ਸਿਰ ਦੀ ਛੱਤ ਵੀ ਓਹੀ ਹੈ, ਬੱਚਿਆਂ ਦਾ ਰੱਬ ਵੀ ਓਹੀ ਹੈ, ਪਰਿੰਦਿਆਂ ਦੀ ਪਰਵਾਜ ਦੀ ਮੰਜਿਲ ਵੀ ਓਹੀ ਹੈ, ਸਾਡੀ ਪ੍ਰੇਰਨਾ ਸ਼ਕਤੀ ਵੀ ਓਹੀ ਹੈ, ਸਾਡੇ ਅਰਦਾਸ ਕਰਦਿਆਂ ਦੇ ਹੱਥ ਵੀ ੳੱਪਰ ਏਸੇ ਅੰਬਰ ਵੱਲ ਉੱਠਦੇ ਹਨ। ਸਾਡੇ ਲਈ ਸਭ ਤੋਂ ਉੱਚਾ ਵੀ ਓਹੀ ਹੈ ।ਸਾਡਾ ਆਸਰਾ ਵੀ ਓਹੀ ਹੈ। ਇਸੇ ਤਰਾਂ ਸਾਡੇ ਅੰਦਰਲਾ ਆਕਾਸ਼ ਵੀ ਹੈ। ਗੁਰਬਾਣੀ ਅਨੁਸਾਰ: “ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ”।–(ਧਨਾਸਰੀ ਭਗਤ ਪੀਪਾ ਜੀ,ਪੰਨਾ 695) ਬਿਲਕੁਲ ੳੱਪਰ ਵਾਲੇ ਅੰਬਰ ਵਾਂਗ ਸਾਡੇ ਹਿਰਦੇ ਦੇ ਪਟ ੳੱਪਰ ਇਹ ਆਕਾਸ਼ ਹੈ, ਜੋ ਦਿਸਦਾ ਤਾਂ ਨਹੀਂ ਪਰ ਹਰ ਦਿਸਦੇ ਤੇ ਕਾਬੂ ਰੱਖਦਾ ਹੈ, ਹਰ ਤੱਤ ਤੇ, ਹਰ ਗਿਆਨ-ਇੰਦਰੀ ਤੇ, ਹਰ ਕਰਮ-ਇੰਦਰੀ ਤੇ ਕੰਟਰੋਲ ਕਰਦਾ ਹੈ।ਇਸੇ ਨੂੰ ਕੋਈ ਪਰਮਾਤਮਾ ਕਹਿੰਦਾ ਹੈ, ਕੋਈ ਆਤਮਾ ਕਹਿ ਦਿੰਦਾ ਹੈ। ਕੋਈ ਜੋਤ ਕਹਿ ਦੇਵੇ, ਕੋਈ ਪ੍ਰਾਣ-ਸ਼ਕਤੀ ਕਹਿ ਦੇਵੇ, ਕੋਈ ਜਾਗਦੀ ਚੇਤੰਨਤਾ ਕਹਿ ਦੇਵੇ, ਕੋਈ ਇਸੇ ਨੂੰ ਦਸਮ ਦੁਆਰ ਕਹਿ ਦੇਵੇ, ਮਕਸਦ ਲੱਗਭੱਗ ਇੱਕੋ ਹੀ ਹੈ। ਸ਼ਬਦਾਂ ਦਾ ਹੇਰ-ਫੇਰ ਹੋ ਸਕਦਾ ਹੈ। ਪਰ ਅੰਦਰਲੀ ਊਰਜਾ ਨੂੰ ਪਹਿਚਾਨਣਾ, ਉਸ ਨੂੰ ਵਰਤਣਾ ਆਉਣਾ ਬਹੁਤ ਹੀ ਔਖਾ ਅਤੇ ਸੂਖਮ ਕਾਰਜ ਹੈ। ਇੱਕ ਉਦਾਹਰਣ ਲੈ ਕੇ ਸਮਝਣ ਦੀ ਕੋਸਿਸ ਕਰਦੇ ਹਾਂ। ਵਿਗਿਆਨ ਵਿੱਚ ਇੱਕ ਰਸਾਇਣਕ ਊਰਜਾ ਹੁੰਦੀ ਹੈ, ਜੋ ਰਸਾਇਣਕ ਕਿਰਿਆਵਾਂ ਸਮੇਂ ਲੋੜੀਂਦੀ ਹੁੰਦੀ ਹੈ ਜਾਂ ਇਹ ਊਰਜਾ ਬਾਹਰ ਵੀ ਨਿਕਲਦੀ ਹੈ। ਇਸ ਊਰਜਾ ਨੂੰ ਸਾਡੇ ਵਿਗਿਆਨਕਾਂ ਨੇ ਮਾਪ ਵੀ ਲਿਆ ਹੈ, ਇਸ ਤੇ ਕਾਬੂ ਵੀ ਪਾ ਲਿਆ ਹੈ ਅਤੇ ਇਸ ਤੋਂ ਕਾਫੀ ਕੰਮ ਵੀ ਲੈ ਰਹੇ ਹਾਂ। ਪਰ ਇਸਦੀ ਮਾਤਰਾ ਅਤੇ ਤੇਜੀ ਬਹੁਤ ਜਿਆਦਾ ਨਹੀਂ ਹੁੰਦੀ। ਦੂਜੇ ਪਾਸੇ ਪਰਮਾਣੂ ਊਰਜਾ ਹੈ, ਭਾਵੇਂ ਉਹ ਨਿਊਕਲੀ ਸੰਯੋਜਨ ਹੋਵੇ ਜਾਂ ਨਿਊਕਲੀ ਵਿਖੰਡਨ, ਊਰਜਾ ਦੀ ਮਾਤਰਾ ਅਤੇ ਤੇਜੀ ਇੰਨੀ ਜਿਆਦਾ ਹੁੰਦੀ ਹੈ ਕਿ ਉਹ ਲੰਮੇ ਸਮੇਂ ਲਈ ਸਿਰਜਣਾ ਵੀ ਕਰ ਸਕਦੀ ਹੈ ਅਤੇ ਪਲਾਂ ਵਿੱਚ ਹੀ ਨਾਸ ਵੀ ਕਰ ਸਕਦੀ ਹੈ। ਸੂਰਜ ਦੇ ਕੇਂਦਰ ਵਿੱਚ ਹੋ ਰਹੀ ਸੰਯੋਜਨ ਕਿਰਿਆ ਕਰੋੜਾਂ ਅਰਬਾਂ ਸਾਲਾਂ ਤੱਕ ਸਿਰਜਣਾ ਦਾ ਆਧਾਰ ਬਣਦੀ ਹੈ ਪਰ ਪਰਮਾਣੂ ਬੰਬ ਦੀ ਵਿਖੰਡਨ ਕਿਰਿਆ ਪਲਾਂ ਵਿੱਚ ਸ਼ਹਿਰਾਂ ਨੂੰ ਨਾਸ ਕਰ ਸਕਦੀ ਹੈ। ਸਾਨੂੰ ਇਹੀ ਭਾਸਦਾ ਹੈ ਕਿ ਇਸ ਪੰਜਵੇਂ ਤੱਤ ਦੀ ਊਰਜਾ ਪਰਮਾਣੂ ਊਰਜਾ ਵਰਗੀ ਹੈ। ਜਿਸ ਇਸ ਨੂੰ ਚੰਗੇ ਪਾਸੇ ਲਗਾ ਲਿਆ, ਅਪਣੀ ਸੁਰਤ, ਆਤਮਾ, ਅੰਦਰਲੀ ਆਵਾਜ, ਜਮੀਰ ਕੁਝ ਵੀ ਕਹਿ ਲਵੋ, ਨੂੰ ਜਗਾ ਲਿਆ ਅਤੇ ਬ੍ਰਹਿਮੰਡੀ ਜੀਵਨ-ਸ਼ਕਤੀ ਦੇ ਲਾਭ ਲਈ ਵਰਤਣੀ ਆ ਗਈ, ਉਹ ਪੂਰਨ ਮਨੁੱਖ, ਸੰਤ, ਬ੍ਰਹਮ-ਗਿਆਨੀ ਬਣ ਜਾਂਦਾ ਹੈ- ਭਗਵਾਨ ਦਾ ਰੂਪ ਹੋ ਜਾਂਦਾ ਹੈ। ਕਿਉਂਕਿ ਪਰਮਾਤਮਾ ਕੀ ਹੈ, ਗੁਣਾਂ ਦਾ ਸਾਗਰ ਹੀ ਤਾਂ ਹੈ। ਸਾਰੇ ਗੁਣਾਂ ਨੂੰ ਇਕੱਠਾ ਕਰਕੇ ਸਾਰੀਆਂ ਸ਼ਕਤੀਆਂ ਨੂੰ ਜੋੜ ਕੇ ਉਸ ਦਾ ਨਾਮ ਪਰਮਾਤਮਾ ਰੱਖ ਲਿਆ। ਇਸ ਦੇ ਦੂਜੇ ਪਾਸੇ ਜੇ ਇਹੀ ਬਿਰਤੀ ਨਕਾਰਾਤਮਕ ਪਾਸੇ ਵੱਲ ਹੋ ਗਈ ਤਾਂ ਉਹ ਗੁੰਡਾ, ਬਦਮਾਸ਼, ਕਾਤਲ ਅਤੇ ਅਪਰਾਧੀ ਬਣ ਸਕਦਾ ਹੈ। ਲੋੜ ਹੈ ਆਪਣੇ ਅੰਦਰਲੀ ਆਕਾਸ਼ ਦੀ ਇਸ ਊਰਜਾ ਨੂੰ ਪਹਿਚਾਨਣ ਦੀ ਅਤੇ ਉਸ ਦੀ ਯੋਗ ਵਰਤੋਂ ਕਰਨ ਦੀ ਜਿਸ ਨਾਲ ਇਹ ਧਰਤੀ ਹੀ ਸਵਰਗ ਬਣ ਜਾਏਗੀ। ਇਹੀ ਮੂਲ਼ ਪਛਾਨਣ ਦੀ ਕਿਰਿਆ ਭਾਸਦੀ ਹੈ ਕਿਉਂਕਿ ਇਸ ਆਕਾਸ਼ ਤੱਤ ਦੇ ਪ੍ਰਭਾਵੀ ਹੋਣ ਵੇਲੇ ਹੀ ਬਾਕੀ ਚਾਰੇ ਤੱਤ ਇਸ ਦੇ ਅਧੀਨ ਆ ਜਾਣਗੇ ਅਤੇ ਜੋ ਪਦਾਰਥਕ ਬਿਰਤੀਆਂ ਦੀਆਂ ਖਿੱਚਾਂ ਹਨ, ਉਹ ਘੱਟ ਅਸਰ ਪਾਉਣਗੀਆਂ। ਸਾਇਦ ਇਹੀ ਉਹ ਨਾਮ ਊਰਜਾ ਹੈ ਜਿਸ ਨੇ ਖੰਡ ਬ੍ਰਹਮੰਡ ਧਾਰਨ ਕੀਤੇ ਹੋਏ ਹਨ ਅਤੇ ਜਿਸ ਦੀ ਪ੍ਰਾਪਤੀ ਨਾਲ ਸਭ ਦੁੱਖਾਂ ਦਾ ਨਾਸ ਹੋ ਕੇ ਵਿਸਮਾਦੀ ਆਨੰਦ ਦੀ ਅਵਸਥਾ ਦੇ ਮਿਲਣ ਦੀ ਗੱਲ ਕੀਤੀ ਗਈ ਹੈ। ਊਰਜਾ ਦੇ ਇਸ ਆਗਿਆ ਚੱਕਰ ਨੂੰ, ਜਗਾਉਣ ਲਈ ਸਮਾਧੀਆਂ ਦੀ ਲੋੜ ਨਹੀਂ, ਸਗੋਂ ਸਾਰਾ ਕਾਰ ਵਿਹਾਰ ਕਰਦੇ ਹੋਏ ਵੀ ਧਿਆਨ ਇਸ ਊਰਜਾ ਤੋਂ ਸਕਾਰਾਤਮਕ ਕੰਮ ਲੈਣ ਵੱਲ ਲੱਗਿਆ ਰਵੇ। ਇਹੀ ਅੰਤਰਮੁਖੀ ਹੋਣਾ ਹੈ, ਇਹੀ ਮਨ ਦਾ ਟਿਕਾਉ ਹੈ। ਇਹੀ ਪ੍ਰਭੂ ਦੇ ਦਰਸਨ ਹਨ। ਆਓ ਇਸ ਆਕਾਸ ਤੱਤ ਬਾਰੇ ਹੋਰ ਖੋਜ ਕਰੀਏ, ਕੁਝ ਆਪਣਾ ਅਨੁਭਵ ਲੈਣ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ ਜੀ ਅੱਗੇ ਅਰਦਾਸ ਕਰੀਏ ਕਿ ਉਹ ਅਪਣੇ ਐਸੇ ਭੇਦ ਜਾਹਰ ਕਰੇ ਅਤੇ ਵਧੀਆ ਥਾਂ ਪ੍ਰਾਪਤ ਕਰ ਸਕੀਏ। ਇਹ ਵੀ ਕਿਹਾ ਜਾ ਸਕਦਾ ਏ ਕਿ ਮਰਨ ਸਮੇਂ ਸਾਡੇ ਵੱਲੋਂ ਭੋਗੇ ਜਾਣ ਵਾਲੇ ਦੁੱਖ ਇਸੇ ਗੱਲ ਤੇ ਨਿਰਭਰ ਕਰਦੇ ਹਨ ਕਿ ਉਦੋਂ ਕਿਹੜਾ ਤੱਤ ਸਾਡੇ ਤਨ-ਮਨ ਤੇ ਭਾਰੂ ਹੈ। ਜੇ ਆਕਾਸ ਤੱਤ ਭਾਰੂ ਹੋ ਜਾਵੇ, ਤਾਂ ਸ਼ਾਇਦ ਮੌਤ ਦੁੱਖਦਾਈ ਨਾ ਰਹੇ।ਇਸ ਵਿਸ਼ੇ ਤੇ ਹੋਰ ਜਾਣਕਾਰੀ ਨੂੰ ਜੀਅ ਆਇਆਂ ਆਖਾਂਗੇ। |
*** 592 *** |
ਜਸਵਿੰਦਰ ਸਿੰਘ 'ਰੁਪਾਲ'
-ਲੈਕਚਰਾਰ ਅਰਥ-ਸ਼ਾਸ਼ਤਰ,
ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ,
ਕਟਾਣੀ ਕਲਾਂ( ਲੁਧਿਆਣਾ)-141113
+91 9814715796