29 April 2024

ਬੀਹੂ : ਆਸਾਮੀ ਸੰਸਕ੍ਰਿਤੀ ਦੀ ਇੱਕ ਝਲਕ — * ਮੂਲ : ਡੌਲੀ ਸ਼ਾਹ/* ਅਨੁ : ਪ੍ਰੋ. ਨਵ ਸੰਗੀਤ ਸਿੰਘ 

ਭਾਰਤ ਦੇ ਉੱਤਰ-ਪੂਰਬ ਵਿੱਚ ਸਥਿਤ ਆਸਾਮ ਪ੍ਰਕਿਰਤੀ ਦੀ ਅਦਭੁਤ ਆਭਾ ਵਾਲਾ, ਉੱਚੀਆਂ ਪਹਾੜੀਆਂ ਨਾਲ ਘਿਰਿਆ, ਕਲਕਲ ਕਰਦੀ ਬ੍ਰਹਮਪੁੱਤਰ ਅਤੇ ਬਰਾਕ ਦੇ ਵਹਾਅ ਨਾਲ ਸਜਿਆ ਇਹ ਪ੍ਰਦੇਸ਼ ਆਪਣੇ-ਆਪ ਵਿੱਚ ਵੱਖਰਾ ਹੀ ਸਥਾਨ ਰੱਖਦਾ ਹੈ। ਇਹਦਾ ਨਾਂ ਵੀ ਆਪਣੇ-ਆਪ ਵਿੱਚ ਵਿਲੱਖਣ ਹੈ।

 ਹਿੰਦੀ ਵਿੱਚ ਆਸਾਮ ਨੂੰ ‘ਅਸਮ’ ਕਿਹਾ ਜਾਂਦਾ ਹੈ, ਜਿਸ ਵਿਚਲੇ ਦੋ ਸ਼ਬਦ ‘ਅ’+’ਸਮ’ ਦਾ ਅਰਥ ਹੈ ਅਲੱਗ+ਸਮਾਨ। ਨਾਂ ਵਾਂਗ ਹੀ ਇੱਥੋਂ ਦੇ ਜੰਗਲਾਂ, ਝਾੜੀਆਂ, ਉੱਚੇ ਉੱਚੇ ਰੁੱਖ ਪ੍ਰਕਿਰਤੀ ਦੀ ਸ਼ੋਭਾ ਨੂੰ ਚਾਰ ਚੰਨ ਲਾਉਂਦੇ ਹਨ। ਉਂਜ ਤਾਂ ਇਹ ਇੱਕ ਛੋਟਾ ਜਿਹਾ ਰਾਜ ਹੈ, ਜਿੱਥੇ ਜਨਸੰਖਿਆ ਵੀ ਕੋਈ ਬਹੁਤੀ ਨਹੀਂ ਅਤੇ ਖਣਿਜ ਸਹੂਲਤਾਂ ਹੋਣ ਦੇ ਬਾਵਜੂਦ ਜ਼ਿਆਦਾਤਰ ਲੋਕ ਖੇਤੀ ਤੇ ਹੀ ਨਿਰਭਰ ਹਨ। ਜਿਸ ਕਰਕੇ ਉਨ੍ਹਾਂ ਦੇ ਤਿਉਹਾਰਾਂ ਵਿੱਚ ਵੀ ਫਸਲਾਂ ਦੇ ਬੀਜਣ ਆਦਿ ਦੇ ਸਮੇਂ ਨੂੰ ਮਹੱਤਵ ਦਿੱਤਾ ਜਾਂਦਾ ਹੈ। ਇਸਦੀ ਜਿਉਂਦੀ-ਜਾਗਦੀ ਮਿਸਾਲ ਬੀਹੂ ਦਾ ਤਿਉਹਾਰ ਹੈ।

ਉਂਜ ਤਾਂ ਹਰ ਰਾਜ ਦਾ ਆਪਣਾ ਲੋਕਗੀਤ, ਆਪਣਾ ਸੰਗੀਤ ਅਤੇ ਆਪਣਾ ਤਿਉਹਾਰ ਹੁੰਦਾ ਹੈ ਪਰ ਆਸਾਮ ਜਿੱਥੇ ਇੱਕ ਪਾਸੇ  ਚਾਹ ਦੇ ਬਾਗਾਂ ਲਈ ਪੂਰੇ ਸੰਸਾਰ ਵਿੱਚ ਪ੍ਰਸਿੱਧ ਹੈ, ਉੱਥੇ ਬੀਹੂ ਦਾ ਤਿਉਹਾਰ ਵੀ ਇਹਨੂੰ ਨਿਵੇਕਲੀ ਦਿੱਖ ਪ੍ਰਦਾਨ ਕਰਦਾ ਹੈ। ਆਸਾਮ-ਵਾਸੀ ਜਾਤਪਾਤ, ਊਚਨੀਚ, ਫਿਰਕੇ ਆਦਿ ਦੇ ਭੇਦਭਾਵ ਨੂੰ ਭੁਲਾ ਕੇ ਭਾਰਤ ਸਮੇਤ ਪੂਰੇ ਸੰਸਾਰ ਵਿੱਚ ਧੂਮਧਾਮ ਨਾਲ ਇਹ ਤਿਉਹਾਰ ਮਨਾਉਂਦੇ ਹਨ।

ਬੀਹੂ’ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ- ਬੀ ਯਾਨੀ ਪੁੱਛਣਾ ਅਤੇ ਹੂ ਯਾਨੀ ਸ਼ਾਂਤੀ ਤੇ ਖੁਸ਼ਹਾਲੀ। ਅਸਲ ਵਿੱਚ ਬੀਹੂ ਤਿੰਨ ਤਿਉਹਾਰਾਂ ਦਾ ਸੁਮੇਲ ਹੈ। ਪੂਰੇ ਸਾਲ ਵਿੱਚ ਇਹ ਤਿੰਨ ਰੂਪਾਂ ਵਿੱਚ ਤਿੰਨ ਵਾਰ ਮਨਾਇਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਹ ਸ਼ਬਦ ਦਿਮਾਸਾ ਲੋਕਾਂ ਦੀ ਭਾਸ਼ਾ ਤੋਂ ਲਿਆ ਗਿਆ ਹੈ, ਜੋ ਪ੍ਰਾਚੀਨ ਕਾਲ ਤੋਂ ਹੀ ਇੱਕ ਖੇਤੀ ਸਮਾਜ ਹੈ। ਇਨ੍ਹਾਂ ਦੇ ਸਰਵੁੱਚ ਦੇਵਤਾ ਬ੍ਰਾਈ ਸ਼ਿਬਰਾਈ ਜਾਂ ਪਿਤਾ ਸ਼ਿਬਰਾਈ ਦੇ ਨਾਂ ਨਾਲ ਜਾਣੇ ਜਾਂਦੇ ਹਨ। ਅੱਜ ਵੀ ਪਹਿਲੀ ਫ਼ਸਲ ਦਾ ਬ੍ਰਾਈ ਸ਼ਿਬਰਾਈ ਦੇ ਨਾਂ ਤੇ ਕੁਝ ਹਿੱਸਾ ਅਰਪਿਤ ਕੀਤਾ ਜਾਂਦਾ ਹੈ। ਇਹ ਤਿਉਹਾਰ ਨਾਚ, ਸੰਗੀਤ ਦੀ ਦ੍ਰਿਸ਼ਟੀ ਤੋਂ, ਖਾਸ ਕਰਕੇ ਯੁਵਾ ਵਰਗ ਤੇ ਪੂਰਾ ਸਾਲ ਛਾਪ ਛੱਡ ਦਿੰਦਾ ਹੈ। ਇਹ ਤਿਉਹਾਰ ਪ੍ਰਾਚੀਨ ਧਰਮ ਦੀ ਮਹਾਨਤਾ ਨੂੰ ਦਰਸਾਉਣ ਦਾ ਇੱਕ ਅਦਭੁਤ ਦ੍ਰਿਸ਼ ਪੇਸ਼ ਕਰਦਾ ਹੈ।

ਨਵੇਂ ਸਾਲ ਦੀ ਸ਼ੁਰੂਆਤ, ਯਾਨੀ ਚੇਤ ਮਹੀਨੇ ਦੇ ਮੱਧ ਵਿੱਚ ਮਨਾਇਆ ਜਾਣ ਵਾਲਾ ਇਹ ਤਿਉਹਾਰ ‘ਸੋਹਾਗ ਬੀਹੂ’ (ਜਾਂ ਰੰਗੋਲੀ ਬੀਹੂ) ਦੇ ਨਾਂ ਨਾਲ ਪ੍ਰਸਿੱਧ ਹੈ। ਕਲਾ ਗੁਰੂ ਵਿਸ਼ਨੂੰ ਪ੍ਰਸਾਦ ਰਾਭਾ ਜੀ ਨੇ ਏਥੋਂ ਤੱਕ ਦੱਸਿਆ ਹੈ ਕਿ ਆਸਾਮ ਵਿੱਚ ‘ਰੰਗੋਲੀ ਬੀਹੂ’ ਬਹੁਤ ਸਾਰੀਆਂ ਪਰੰਪਰਾਵਾਂ ਤੋਂ ਲਈ ਗਈ ਹੈ, ਜਿਵੇਂ ਬਰਮਾ, ਚੀਨ, ਆਸਟ੍ਰੋ-ਏਸ਼ਿਆਈ, ਹਿੰਦ-ਆਰੀਅਨ ਵੱਲੋਂ ਵੀ ਬੜੇ ਉਤਸ਼ਾਹ ਨਾਲ ਇਹ ਤਿਉਹਾਰ ਮਨਾਇਆ ਜਾਂਦਾ ਹੈ। ਇਹੋ ਨਹੀਂ, ਬਸੰਤ ਰੁੱਤ ਦਾ ਆਗਮਨ ਵੀ ਉਨ੍ਹਾਂ ਦੇ ਇਸ ਤਿਉਹਾਰ ਨੂੰ ਚਾਰ ਚੰਨ ਲਾ ਦਿੰਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ ਇਸ ਤਿਉਹਾਰ ਤੇ ਨਵੇਂ ਕੱਪੜੇ ਪਾ ਕੇ, ਮਿਠਾਈ ਅਤੇ ਖਾਣ-ਪੀਣ ਦੇ ਵਿਅੰਜਨਾਂ/ਪਕਵਾਨਾਂ ਦਾ ਆਨੰਦ ਮਾਣਦੇ ਹਨ। ਫ਼ਸਲਾਂ ਦੀ ਕਟਾਈ ਤੋਂ ਲੈ ਕੇ ਗਾਵਾਂ, ਮੱਝਾਂ ਨੂੰ ਵੀ ਇਸ ਤਿਉਹਾਰ ਵਿੱਚ ਆਸਥਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ ਲੋਕਗੀਤ ਅਤੇ ਨਾਚਾਂ ਦੁਆਰਾ ਯੁਵਕ ਤੇ ਬਜ਼ੁਰਗ ਇਸ ਤਿਉਹਾਰ ਦਾ ਖੂਬ ਆਨੰਦ ਉਠਾਉਂਦੇ ਹਨ।

ਆਸਾਮ-ਵਾਸੀਆਂ ਵਿੱਚ ਇਸੇ ਨਾਂ ਤੇ ਦੂਜਾ ਮਨਾਇਆ ਜਾਣ ਵਾਲਾ ਤਿਉਹਾਰ ਕਾਟੀ ਜਾਂ ਕੰਗਾਲੀ ਬੀਹੂ ਹੈ, ਜੋ ਅਕਤੂਬਰ (ਕੱਤਕ) ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਆਮ ਤੌਰ ਤੇ ਇਹ ਤਿਉਹਾਰ ਫ਼ਸਲਾਂ ਦੀ ਕਟਾਈ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ, ਕਿਉਂਕਿ ਇਸ ਸਮੇਂ ਧਾਨ ਤੋਂ ਇਲਾਵਾ ਕੋਈ ਹੋਰ ਫ਼ਸਲ ਨਹੀਂ ਉਗਦੀ, ਜਿਸ ਕਰਕੇ ਕਿਸਾਨਾਂ ਦੇ ਖੇਤ ਬਿਲਕੁਲ ਖਾਲੀ ਜਿਹੇ ਹੁੰਦੇ ਹਨ। ਫ਼ਸਲਾਂ ਪੱਕਣ ਅਤੇ ਚੰਗੀਆਂ ਫ਼ਸਲਾਂ ਦੀ ਕਾਮਨਾ ਲਈ ਧਾਨ ਦੇ ਖੇਤ ਵਿੱਚ ਲੱਛਮੀ ਦੀ ਮੂਰਤੀ ਤੇ ਦੀਵੇ ਜਗਾ ਕੇ ਇਸਦਾ ਸਵਾਗਤ ਕੀਤਾ ਜਾਂਦਾ ਹੈ।

ਤੀਜਾ ਮਨਾਇਆ ਜਾਣ ਵਾਲਾ ਤਿਉਹਾਰ ਮਾਘ ਬੀਹੂ ਜਾਂ ਭੋਗਲੀ ਬੀਹੂ ਹੈ, ਜਿਸਨੂੰ ਅੰਗਰੇਜ਼ੀ ਸਾਲ ਦੇ ਪਹਿਲੇ ਮਹੀਨੇ ਜਨਵਰੀ ਦੇ ਅੱਧ ਤੋਂ ਸ਼ੁਰੂ ਕਰਕੇ ਆਖਰੀ ਤਰੀਕ ਤੱਕ ਮਨਾਇਆ ਜਾਂਦਾ ਹੈ। ਇਸ ਬੀਹੂ ਨੂੰ ਫ਼ਸਲਾਂ ਦੀ ਕਟਾਈ ਦੇ ਅੰਤ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਬੀਹੂ ਦੇ ਤਿਉਹਾਰ ਵਿੱਚ ਘਾਹ-ਫ਼ੂਸ ਨਾਲ ਇੱਕ ਛੋਟੀ ਜਿਹੀ ਝੋਂਪੜੀ ਤਿਆਰ ਕੀਤੀ ਜਾਂਦੀ ਹੈ ਜੋ ਉਨ੍ਹਾਂ ਦੇ ਫ਼ਿਰਕੇ ਵਿੱਚ ਮੇਜੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਇਹਦੇ ਆਸਪਾਸ ਬੈਠ ਕੇ ਪੂਰੀ ਰਾਤ ਲੋਕ ਤਰ੍ਹਾਂ ਤਰ੍ਹਾਂ ਦੇ ਭੋਜਨ ਅਤੇ ਪਕਵਾਨ ਬਣਾਉਂਦੇ ਹਨ ਅਤੇ ਮੌਜ-ਮਸਤੀ ਕਰਦੇ ਹਨ। ਨ੍ਰਿਤ ਅਤੇ ਸੰਗੀਤ ਨਾਲ ਓਤਪੋਤ ਇਹ ਤਿਉਹਾਰ ਅਤੇ ਉਨ੍ਹਾਂ ਦੀ ਮੌਜ-ਮਸਤੀ ਵੇਖਣਯੋਗ ਹੁੰਦੀ ਹੈ। ਅਗਲੀ ਸਵੇਰ ਮੇਜੀ ਨੂੰ ਜਲਾ ਦਿੱਤਾ ਜਾਂਦਾ ਹੈ। ਜਲਾਉਣ ਦਾ ਮਤਲਬ ਅਸਲ ਵਿੱਚ ਦੁਖਾਂ ਦਾ ਅੰਤ ਕਰਕੇ ਸੁਖ ਅਤੇ ਖੁਸ਼ਹਾਲੀ ਦਾ ਸਵਾਗਤ ਕਰਨਾ ਹੈ।

14 ਜਨਵਰੀ ਤੋਂ ਸ਼ੁਰੂ ਹੋ ਕੇ ਪੂਰਾ ਮਾਘ ਮਹੀਨਾ ਇਹ ਤਿਉਹਾਰ ਮਨਾਇਆ ਜਾਂਦਾ ਹੈ। ਪਰ ਬਦਲਦੇ ਸਮਾਜ ਵਿੱਚ ਇਹ ਇੱਕ ਹਫ਼ਤਾ ਹੀ ਚਲਦਾ ਹੈ। ਤਿਲ ਅਤੇ ਨਾਰੀਅਲ ਦੇ ਲੱਡੂ ਇਸ ਤਿਉਹਾਰ ਦੇ ਖਾਸ ਪਕਵਾਨ ਹਨ। ਮਾਣ-ਸਨਮਾਨ, ਸ਼ਾਂਤੀ, ਭਾਈਚਾਰਾ, ਲੋਕਨਾਚ, ਲੋਕਗੀਤ ਦੇ ਸੁਮੇਲ ਨਾਲ ਮਨਾਇਆ ਜਾਣ ਵਾਲਾ ਇਹ ਤਿਉਹਾਰ ਪੂਰੇ ਸੰਸਾਰ ਵਿੱਚ ਸਾਂਸਕ੍ਰਿਤਕ, ਸਾਹਿਤਕ ਅਤੇ ਖੁਸ਼ਹਾਲੀ ਦੇ ਗੌਰਵ ਦਾ ਪ੍ਰਤੀਕ ਹੈ। ਇਹ ਤਿਉਹਾਰ ਉਨ੍ਹਾਂ ਲੋਕਾਂ ਲਈ ਸਿਰਫ਼ ਤਿਉਹਾਰ ਹੀ ਨਹੀਂ, ਜੀਵਨ ਜੀਣ ਦੀ ਕਲਾ ਸਿਖਾਉਣ ਵਾਲਾ ਇੱਕ ਵੱਡਾ ਅਤੇ ਅਦਭੁਤ ਉਤਸਵ ਵੀ ਹੈ।
                              *****
# ਮੂਲ : ਡੌਲੀ ਸ਼ਾਹ,
ਨੇੜੇ ਪੀਐਚਈ,
ਡਾਕਖਾਨਾ ਸੁਲਤਾਨੀ ਛੋਰਾ,
ਜ਼ਿਲ੍ਹਾ ਹੈਲਾਕੰਦੀ-788162
(ਆਸਾਮ)   9395726158
**

# ਅਨੁ : ਪ੍ਰੋ. ਨਵ ਸੰਗੀਤ ਸਿੰਘ,
ਅਕਾਲ ਯੂਨੀਵਰਸਿਟੀ,
ਤਲਵੰਡੀ ਸਾਬੋ-151302 (ਬਠਿੰਡਾ)
9417692015

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1279
***

About the author

ਡੌਲੀ ਸ਼ਾਹ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡੌਲੀ ਸ਼ਾਹ,
ਨੇੜੇ ਪੀਐਚਈ,
ਡਾਕਖਾਨਾ ਸੁਲਤਾਨੀ ਛੋਰਾ,
ਜ਼ਿਲ੍ਹਾ ਹੈਲਾਕੰਦੀ-788162
(ਆਸਾਮ)
+91 9395726158

डोली शाह
निकट- पी एच ई
पोस्ट- सुल्तानी छोरा
जिला- हैलाकंदी
असम -788162
मोबाइल -9395726158

ਡੌਲੀ ਸ਼ਾਹ

ਡੌਲੀ ਸ਼ਾਹ, ਨੇੜੇ ਪੀਐਚਈ, ਡਾਕਖਾਨਾ ਸੁਲਤਾਨੀ ਛੋਰਾ, ਜ਼ਿਲ੍ਹਾ ਹੈਲਾਕੰਦੀ-788162 (ਆਸਾਮ) +91 9395726158 डोली शाह निकट- पी एच ई पोस्ट- सुल्तानी छोरा जिला- हैलाकंदी असम -788162 मोबाइल -9395726158

View all posts by ਡੌਲੀ ਸ਼ਾਹ →