![]() ਗਲੋਬਲਪੰਜਾਬੀ ਸਾਈਟ ਦਾ ਮੁੱਖ ਉਦੇਸ਼ ਪੰਜਾਬੀ ਦੀਆਂ ਸੁਚੱਜੀਆਂ ਰਚਨਾਵਾਂ ਨੂੰ, ਮੁਲਕਾਂ ਅਤੇ ਲਿੱਪੀਆਂ ਦੀਆਂ ਹੱਦਾਂ ਟੱਪਕੇ, ਦੁਨੀਆਂ ਭਰ ਦੇ ਪਾਠਕਾਂ ਤੀਕਰ ਪਹੁੰਚਾਣਾ ਹੀ ਹੈ। ਪਰ ਸਮਾਂ ਲੰਘਣ ਦੇ ਨਾਲ਼ ਇਸ ਵਿੱਚ ਮਿਲ਼ਦੀਆਂ ਜੁਲ਼ਦੀਆ ਕੁਝ ਹੋਰ ਸੇਵਾਵਾਂ ਵੀ ਸ਼ਾਮਿਲ ਕੀਤੀਆਂ ਜਾ ਰਹੀਆਂ ਹਨ। ਗਲੋਬਲ ਪੰਜਾਬੀ ਲਈ ਮੇਰੇ ਦੂਜੇ ਬੇਟੇ ਰਾਜਵੰਤ ਵਲੋਂ ਇਕ ਲਿੱਪੀਆਂਤਰ ਯੰਤਰ (ਪੰਨੂੰ ਲਿੱਪੀਆਂਤਰ) ਤਿਆਰ ਕੀਤਾ ਗਿਆ ਹੈ ਜੋ ਗੁਰਮੁਖ਼ੀ ਵਿਚ ਲਿਖੇ ਸਹਿਤ ਨੂੰ ਲਿੱਪੀ ਦੀਆਂ ਹੱਦਾਂ ਪਾਰ ਕਰਕੇ ਸ਼ਹਮੁਖ਼ੀ ਅਤੇ ਦੇਵਨਾਗਰੀ ਲਿੱਪੀਆਂ ਵਿਚ ਪੜ੍ਹਨ ਲਈ ਸਹਾਈ ਹੁੰਦਾ ਹੈ। ਪੰਨੂੰ ਲਿੱਪੀਆਂਤਰ ਨੂੰ ਇਸ ਤਰੀਕੇ ਨਾਲ ਬਣਾਇਆ ਗਿਆ ਹੈ ਕੇ ਕੋਈ ਵੀ ਸੰਸਥਾ ਇਸਨੂੰ ਵਰਤ ਸਕਦੀ ਹੈ। ਇਹ ਸਿਰਫ ਗਲੋਬਲਪੰਜਾਬੀ ਡੌਟ ਕੌਮ ਸਾਈਟ ਤੱਕ ਹੀ ਸੀਮਤ ਨਹੀਂ ਹੈ।
ਗਲੋਬਲਪੰਜਾਬੀ ਸਾਈਟ ਉੱਤੇ ਹਰਵੰਤ ਸੁਰੂ ਤੋਂ ਹੀ ਲੱਗਿਆ ਹੋਇਆ ਹੈ। ਕਦੇ ਉਸਦਾ ਸਾਰਾ ਧਿਆਨ ਆਪਣੇ ਕੰਮ (ਜੌਬ) ਵੱਲ ਹੋ ਜਾਂਦਾ ਰਿਹਾ ਹੈ ਅਤੇ ਫਿਰ ਵਿਹਲੇ ਪਲਾਂ ਵਿੱਚ ਉਹ ਮੁੜ ਗਲੋਬਲਪੰਜਾਬੀ ਵੱਲ ਪਰਤ ਆਉਂਦਾ ਰਿਹਾ ਹੈ। ਹਰਵੰਤ ਤੋਂ ਇਲਾਵਾ, ਮੋਢੀਆਂ ਵਜੋਂ ਇਸ ਸਾਈਟ ਵਿੱਚ ਮੈਂ ਖ਼ੁਦ, ਜੋ ਕਿ ਕੰਪਿਊਟਰ ਨਾਲ਼ ਸ਼ੌਕੀਆ ਜੁੜਿਆ ਹੋਇਆ ਹਾਂ, ਅਤੇ ਰਾਜਵੰਤ (ਜਿਸ ਕੋਲ ਕੰਪਿਊਟਰ ਸਾਂਇਸ ਦੀ ਯੋਗਤਾ ਹੈ) ਹਿੱਸਾ ਪਾ ਰਹੇ ਹਾਂ। ਮੇਰੇ ਸਭ ਤੋਂ ਵੱਡੇ ਬੇਟੇ ਨਰਵੰਤ, ਜੋ ਕਿ ਇਕ ਇਲੈਕਟ੍ਰੀਕਲ ਇੰਜਨੀਅਰ ਅਤੇ ਆਟੋਮੇਸ਼ਨ ਐਕਸ਼ਪਰਟ ਹੈ, ਦਾ ਯੋਗਦਾਨ ਮੈਂ ਸਭ ਤੋਂ ਵੱਧ ਸਮਝਦਾ ਹਾਂ। ਕਿਉਂਕਿ ਹਰਵੰਤ ਅਤੇ ਮੈਨੂੰ ਕੰਪਿਊਟਰ ਦੇ ਰਾਹ ਤੋਰਨ ਵਾਲ਼ਾ ਓਹੀ ਹੈ। ਉਸ ਨੇ ਸਾਲ 1991 ਵਿੱਚ ਵੀ ਆਪਣੇ ਘਰ ਕੰਪਿਊਟਰ ਰੱਖਿਆ ਹੋਇਆ ਸੀ। ਉਨ੍ਹਾਂ ਦਿਨਾਂ ਵਿਚ ਇਹ ਬਹੁਤ ਮਹਿੰਗੇ ਸਨ। ਘਰ ਕੰਪਿਊਟਰ ਹੋਣਾ ਬੜੀ ਵੱਡੀ ਗੱਲ ਸੀ, ਜੋ ਅੱਜ ਵਾਂਗ ਪਰਚੱਲਤ ਨਹੀਂ ਸਨ। ਮੇਰੇ ਕੰਪਿਊਟਰ ਸਿੱਖਣ ਵਿੱਚ ਅਸਲ ਵਿੱਚ ਉਸਦੀ ਹੀ ਉਸਤਾਦੀ ਕੰਮ ਆਈ ਹੈ। ਉਸਦੇ ਕਥਨ ਕਿ ਕੰਪਿਊਟਰ ਕੋਈ ਛੂਈ-ਮੂਈ ਯੰਤਰ ਨਹੀਂ ਜੋ ਕਿਸੇ ਦੇ ਹੱਥ ਲਾਇਆਂ ਹੀ ਖਰਾਬ ਹੋ ਜਾਇਗਾ, ਮੈਨੂੰ ਅੱਜ ਵੀ ਯਾਦ ਹਨ। ਨਰਵੰਤ ਨੇ ਕਹਿਣਾਂ ਕਿ ਕੰਮ ਕਰਦਿਆਂ ਇਹ ਵੱਧ ਤੋਂ ਵੱਧ ਸਟੱਕ ਕਰ ਜਾਇਗਾ। ਜਦੋਂ ਬੰਦ ਕਰਕੇ ਦੋਬਾਰਾ ਚਲਾਉਗੇ, ਮੁੜਕੇ ਫਿਰ ਸਹੀ ਕੰਮ ਕਰੇਗਾ।
ਹਰ ਲਿਖਾਰੀ ਦੀ ਸੋਚ ਉਡਾਰੀ ਤੇ ਪ੍ਰਗਟਾਅ ਦੀ ਵਿਧੀ ਅਤੇ ਸਮਰੱਥਾ ਆਪੋ ਆਪਣੀ ਹੀ ਰਹੇਗੀ। ਕੋਈ ਵੀ ਤਾਕਤ ਇਸ ਨੂੰ ਮੋਤੀਆਂ ਵਾਂਗ ਇੱਕੋਂ ਮਾਲ਼ਾ ਵਿੱਚ ਨਹੀਂ ਪ੍ਰੋਅ ਸਕਦੀ। ਹਰ ਵਿਅਕਤੀ ਦਾ ਹੀ ਕੁੱਝ ਨਾ ਕੁੱਝ ਤਾਂ ਆਪਣਾ ਹੋਣਾ ਹੀ ਚਾਹੀਦਾ ਹੈ। ਆਪਣੀ ਸ਼ੈਲੀ, ਆਪਣੇ ਗਿਆਨ ਦੀ ਵਿਸ਼ਾਲਤਾ, ਆਪਣੇ ਰਹਿਣ ਸਹਿਣ ਦੀ ਮੋਹਰ, ਆਪਣੇ ਇਲਾਕੇ ਅਤੇ ਸੱਭਿਆਚਾਰ ਦੀ ਭਾਅ। ਅਗਲਾ ਕੰਮ ਕੰਪਿਊਟਰ ਦਾ ਹੈ ਜੋ ਉਪਰੋਕਤ ਗੁਣਾਂ ਨੂੰ ਧਿਆਨ ਵਿੱਚ ਰੱਖਦਿਆਂ ਸਾਰੀਆਂ ਰਚਨਾਵਾਂ ਨੂੰ ਮਿਆਰੀ ਕਰਨ ਦਾ ਜੋੜਾ ਜਾਮਾ ਪਹਿਨਾ ਸਕਦਾ ਹੈ। ਰਚਨਾ ਆਈ, ਕੰਪਿਊਟਰ ਦੀ ਕਲਾ ਦਬਾਈ, ਬੱਸ ਹੋ ਗਈ ਮਿਆਰੀਕਰਨ ਦੀ ਘੁੰਟ ਚੁਕਾਈ। ਤੇ ਚੱਲ ਮੇਰੇ ਭਾਈ। ਕੰਪਿਊਟਰ ਲਈ ਇਹ ਸਭ ਕੁੱਝ ਸੰਭਵ ਹੈ। ਮੇਰੇ ਦਿਮਾਗ ਵਿੱਚ ਇਸਦਾ ਨਕਸ਼ਾ ਵੀ ਉਲੀਕਿਆ ਹੋਇਆ ਹੈ। ਮੈਂ ਤੇ ਕਿਸਦਾ ਪਾਣੀਹਾਰਾ ਹਾਂ। ਸੱਚੀ ਗੱਲ ਤਾਂ ਇਹ ਹੈ ਕਿ ਪ੍ਰੋਗਰਾਮਰ ਧੀਂਗ ਤੋਂ ਧੀਂਗ ਪਏ ਹਨ। ਉਹ ਸਭ ਕੁੱਝ ਕਰ ਸਕਦੇ ਹਨ। ਅਤੇ ਕਰਨਗੇ, ਇਹ ਮੇਰਾ ਯਕੀਨ ਹੈ। ਕੇਵਲ ਇਸ ਦੀ ਮੰਗ ਹੋਣੀ ਚਾਹੀਦੀ ਹੈ। ਵਪਾਰ ਮੰਗ ਦੇ ਅਧਾਰ ਉੱਤੇ ਚੱਲਦਾ ਹੈ। ਜੇ ਗਾਹਕ ‘ਚੱਲ ਹੋਊ’ ਕਹਿਕੇ ਸਾਰ ਲੈਣਗੇ, ਫਿਰ ਪੇਸ਼ ਕਰਨ ਵਾਲ਼ੇ ਨੂੰ ਕੀ ਲੋੜ ਹੈ ਉਹ ਇੱਕ ਵੀ ਦਮੜੀ ਹੋਰ ਖਰਚੇ ਅਤੇ ਇੱਕ ਵੀ ਪਲ ਏਧਰ ਚੰਗੇ ਪਾਸੇ ਲਾਏ।
ਪਾਠਕਾਂ ਨੂੰ ਬੇਨਤੀ ਹੈ ਕਿ ਰਚਨਾਵਾਂ ਨੂੰ ਪੜ੍ਹਕੇ ਆਪਣੇ ਵਿਚਾਰ ਸਾਂਝੇ ਕਰੋ। ਤਾਂ ਕਿ ਗਲੋਬਲਪੰਜਾਬੀ ਨੂੰ ਤੁਹਾਡੀ ਆਸ ਦੇ ਅਨੁਸਾਰ ਦਿਸ਼ਾ ਦਿੱਤੀ ਜਾ ਸਕੇ। ਬਹੁਤ ਸਾਰੇ ਅਖ਼ਬਾਰਾਂ ਦੀ ਇਹ ਇੱਛਾ ਹੁੰਦੀ ਹੈ ਕਿ ਰਚਨਾ ਕੇਵਲ ਉਨ੍ਹਾਂ ਨੂੰ ਹੀ ਭੇਜੀ ਜਾਵੇ ਅਤੇ ਉਸਨੂੰ ਕੋਈ ਹੋਰ ਨਾਂਹ ਵਰਤ ਸਕੇ। ਉਹਨਾਂ ਦੀ ਮੰਗ ਵਾਜਬ ਹੈ ਤੇ ਜਿਸਦਾ ਸਤਿਕਾਰ ਹੋਣਾ ਚਾਹੀਦਾ ਹੈ। ਪਰ ਗਲੋਬਲਪੰਜਾਬੀ, ‘ਪਹਿਲੇ ਮੈਂ ਜਾਂ ਇਸਦਾ ਲਾਭ ਕਿਸੇ ਹੋਰ ਨੂੰ ਨਹੀਂ’ ਦੀ ਇੱਛਾ ਨਹੀਂ ਰੱਖਦਾ। ਇਹ ਤਾਂ ਬਣਿਆਂ ਹੀ ਸੇਵਾ ਲਈ ਹੈ। ਇਸ ਵਿਚਲੀ ਸਮੱਗਰੀ ਦਾ ਰੱਜ ਕੇ ਲਾਭ ਉਠਾਓ ਅਤੇ ਧੰਨਵਾਦੀ ਬਣਾਓ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |