|
ਜਿਵੇਂ ਜਿਵੇ ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਦੇ ਮਹੀਨੇ ਨਜ਼ਦੀਕ ਆ ਰਹੇ ਹਨ। ਤਿਵੇਂ ਤਿਵੇਂ ਸਿਆਸੀ ਪਾਰਾ ਸੱਤ ਅਸਮਾਨੀ ਚੜ੍ਹਦਾ ਜਾ ਰਿਹਾ ਹੈ। ਸਿਆਸੀ ਬੰਦੇ ਆਪੋ ਆਪਣਾ ਜ਼ੋਰ ਅਜ਼ਮਾਇਸ਼ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦੇ ਨਜ਼ਰ ਆ ਰਹੇ। ਝੂਠਾਂ ਤੇ ਗੱਪਾਂ ਦੀਆਂ ਹਨ੍ਹੇਰੀਆਂ ਹੀ ਝੁਲਾਂਉਂਦੇ ਫਿਰਦੇ ਹਨ। ਅਸਲੀ ਮੁੱਦਿਆਂ ਤੋਂ ਧਿਆਨ ਪਾਸੇ ਕਰਕੇ ਨਵੇਂ ਨਵੇਂ ਮੁੱਦੇ ਹੀ ਖੜ੍ਹੇ ਕਰਦੇ ਫਿਰਦੇ ਹਨ। ਪੰਜਾਬ ਸਾਰਾ ਖੇਤੀ ਉਤੇ ਨਿਰਭਰ ਹੈ। ਖੇਤੀ ਦੇ ਵਿਕਾਸ ਬਾਰੇ ਕਦੇ ਕਿਸੇ ਨੇ ਕੋਈ ਚਰਚਾ ਹੀ ਨਹੀਂ ਕੀਤੀ। ਪਾਣੀ ਪੱਧਰ ਦਿਨੋ ਦਿਨ ਧਰਤੀ ਦੇ ਥੱਲੇ ਜਾ ਰਿਹਾ ਹੈ। ਪੰਜਾਬ ਰੇਗਿਸਥਾਨ ਬਣਨ ਜਾ ਰਿਹਾ ਹੈ। ਫੈਕਟਰੀਆਂ ਬਾਹਰ ਨੂੰ ਭੱਜ ਰਹੀਆਂ ਹਨ। ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਲਹਿਣ ਦੀ ਬਜਾਏ ਹੋਰ ਚੜ੍ਹਦਾ ਜਾ ਰਿਹਾ ਹੈ। ਕਿਸਾਨ ਵਰਗ ਕਰਜ਼ੇ ਥੱਲੇ ਦੱਬ ਕੇ ਰਹਿ ਗਿਆ ਹੈ। ਮਜ਼ਦੂਰ ਦਾ ਦੋ ਵੇਲੇ ਦੀ ਰੋਟੀ ਨਾਲ ਢਿੱਡ ਨਹੀਂ ਭਰ ਰਿਹਾ। ਕੁਝ ਜਵਾਨੀ ਜਾਂ ਤਾਂ ਬਾਹਰ ਨੂੰ ਭੱਜ ਰਹੀ ਹੈ ਰਹਿੰਦੀ ਖਹਿੰਦੀ ਨਸ਼ਿਆਂ ਦੇ ਜਾਲ ਵਿੱਚ ਫਸਦੀ ਜਾ ਰਹੀ ਹੈ। ਪੜ੍ਹਾਈ ਇੱਕ ਸੋਸ਼ਾ ਬਣ ਕੇ ਰਹਿ ਗਈ ਹੈ। ਬੇਰੁਜ਼ਗਾਰੀ ਲਗਾਤਾਰ ਵੱਧਦੀ ਜਾ ਰਹੀ ਹੈ। ਸੜਕਾਂ ਦਾ ਇੰਨਾਂ ਮਾੜਾ ਹਾਲ ਹੋਇਆ ਪਿਆ ਹੈ ਕਿ ਇੱਕ ਸਰਵੇ ਮੁਤਾਬਿਕ ਹਰ ਰੋਜ਼ 6 ਮੌਤਾਂ ਖੱਡਿਆਂ ਵਿੱਚ ਗੱਡੀਆਂ, ਕਾਰਾਂ ਤੇ ਦੋ ਪਹੀਆ ਵਾਹਨ ਡਿੱਗਣ ਕਰਕੇ ਹੋ ਰਹੀਆਂ ਹਨ। ਸਰਕਾਰੀ ਬੱਸਾਂ ਕਬਾੜ ਹੋਈਆਂ ਪਈਆਂ ਹਨ। ਰਿਸ਼ਵਤ ਦਾ ਬੋਲ ਬਾਲਾ ਅੱਗੇ ਨਾਲੋਂ ਕਈ ਗੁਣਾਂ ਵੱਧ ਗਿਆ ਹੈ। ਚੋਰਾਂ, ਠੱਗਾਂ, ਬਲੈਕੀਆਂ, ਟਰੈਵਲ ਏਜੰਟਾਂ ਨੇ ਲੋਕਾਂ ਨੂੰ ਬਾਹਰਲੇ ਦੇਸ਼ਾਂ ਦੇ ਝਾਂਸੇ ਦੇ ਦੇ ਕੇ ਕੰਗਾਲ ਕਰ ਦਿੱਤਾ ਹੈ। ਰੇਤ ਮਾਫ਼ੀਆ ਕਿਸੇ ਦੇ ਕੰਟਰੋਲ ਵਿੱਚ ਨਹੀਂ ਆ ਰਿਹਾ। ਪ੍ਰਦੂਸ਼ਣ ਹੱਦੋਂ ਵੱਧ ਹੋ ਰਿਹਾ ਹੈ। ਰਹਿਣ ਸਪ੍ਰੇਹਾਂ ਦੀ ਡੁਪਲੀਕੇਸੀ ਸ਼ਰੇ ਆਮ ਹੋ ਰਹੀ ਹੈ। ਕੋਈ ਵੀ ਇਹੋ ਜਿਹਾ ਮਹਿਕਮਾ ਨਹੀਂ ਹੋਵੇਗਾ, ਜਿਹੜਾ ਹੜਤਾਲ ਨਾ ਕਰ ਰਿਹਾ ਹੋਵੇ। ਜਿਸ ਨੂੰ ਨੌਕਰੀ ਨਹੀਂ ਮਿਲੀ ਉਹ ਵੀ ਪ੍ਰੇਸ਼ਾਨ ਹੋ ਰਿਹਾ ਹੈ ਅਤੇ ਜਿਸ ਨੂੰ ਮਿਲੀ ਹੋਈ ਹੈ ਉਹ ਵੀ ਪ੍ਰੇਸ਼ਾਨ ਚਲ ਰਿਹਾ ਹੈ। ਤਹਿਸੀਲਾਂ ਵਿੱਚ ਤਹਿਸੀਲਦਾਰ ਨਹੀਂ ਮਿਲਦੇ। ਪਟਵਾਰੀ ਕੋਈ ਕੰਮ ਕਰਕੇ ਖੁਸ ਨਹੀਂ। ਉਹ੍ਹਨਾਂ ਨੇ ਆਪਣੇ ਅੱਗੇ ਕਈ ਕਈ ਕਰਿੰਦੇ ਰੱਖੇ ਹੋਏ ਨੇ। ਉਹਨਾਂ ਦਾ ਖਰਚਾ ਕਿਸਾਨਾਂ ਨੂੰ ਭਰਨਾ ਪੈਂਦਾ ਹੈ। ਪ੍ਰਾਈਵੇਟ ਸਕੂਲਾਂ ਵਾਲਿਆਂ ਬਿਲਕੁਲ ਸ਼ਰਮ ਹੀ ਲਾਹ ਕੇ ਰੱਖ ਲਈ ਹੈ। ਜੇਕਰ ਗਹੁ ਨਾਲ ਵੇਖਿਆ ਜਾਵੇ ਤਾਂ ਸਭ ਤੋਂ ਵੱਡਾ ਮਾਫ਼ੀਆ ਪ੍ਰਾਈਵੇਟ ਸਕੂਲ ਹਨ। ਹਸਪਤਾਲਾਂ ਦੀ ਗੱਲ ਕੀ ਕਰੀਏ ਉਹ ਰੱਬ ਦਾ ਦੂਜਾ ਦਰਜ਼ਾ ਰੱਖਣ ਵਾਲੇ ਕਿਸੇ ਦਾ ਕੋਈ ਲਿਜਾਜ਼ ਹੀ ਨਹੀਂ ਕਰ ਰਹੇ। ਜਿਹੜਾ ਇੱਕ ਵਾਰ ਉਹਨਾਂ ਦੇ ਹੱਥੇ ਚੜ੍ਹ ਗਿਆ ਉਹ ਸਾਰੀ ਉਮਰ ਜਿਉਂਦੇ ਜੀਅ ਆਪਣਾ ਕਰਜ਼ਾ ਨਹੀਂ ਲਾਹ ਸੱਕਦਾ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਮੁਸੀਬਤਾਂ ਵਿੱਚ ਪੰਜਾਬ ਘਿਰਿਆ ਪਿਆ ਹੈ। 533 ਕਿਲੋਮੀਟਰ ਲੰਬੀ ਪਾਕਿਸਤਾਨ ਨਾਲ ਲਗਦੀ ਹੱਦ ਰਾਹੀਂ ਹਰ ਰੋਜ਼ ਮਣਾ ਮੂਹੀ ਹੈਰੋਇਨ ਦੀ ਖੇਪ ਆ ਰਹੀ ਹੈ ਜਿਸ ਨੇ ਪੰਜਾਬੀ ਗੱਭਰੂਆਂ ਨੂੰ ਸਿਵਿਆਂ ਦੇ ਰਾਹ ਉਤੇ ਤੋਰਿਆ ਹੋਇਆ ਹੈ। ਮੈਡੀਕਲ ਸਟੋਰਾਂ ਉਤੇ ਅਮਲੀਆਂ ਦੀਆਂ ਕਤਾਰਾਂ ਹੀ ਲੱਗੀਆਂ ਰਹਿੰਦੀਆਂ ਹਨ। ਨਸ਼ੇ ਦੀਆਂ ਗੋਲੀਆਂ ਲੱਖਾਂ ਦੇ ਹਿਸਾਬ ਨਾਲ ਹਰ ਰੋਜ਼ ਖਪਤ ਹੋ ਰਹੀਆਂ ਹਨ। ਓਟ ਸੈਂਟਰਾਂ ਦੇ ਬਾਹਰ ਖੜ੍ਹੀ ਭੀੜ ਤੋਂ ਆਮ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਅਸਲੀ ਪੰਜਾਬ ਕਿਹੜਾ ਹੈ। |ਕਾਲਜਾਂ ਵਿੱਚ ਲੜਾਈਆਂ ਜਿਆਦਾ ਤੇ ਪੜ੍ਹਾਈਆਂ ਘੱਟ ਗਈਆਂ ਹਨ। ਜਣਾ ਖਣਾ ਹਥਿਆਰ ਚੁੱਕੀ ਫਿਰਦਾ ਹੈ। ਆਮ ਲੋਕਾਂ ਦਾ ਜਿਉਣਾ ਬੇਹਾਲ ਹੋਇਆ ਪਿਆ ਹੈ ਅਤੇ ਫਿਰੌਤੀਆਂ ਮੰਗਣ ਵਾਲੇ ਸ਼ਰੇਆਮ ਫਿਰੌਤੀ ਮੰਗਦੇ ਪਏ ਨੇ। ਜਿਹੜਾ ਅਗੋਂ ਕੁਝ ਬੋਲਦਾ ਹੈ ਉਸ ਨੂੰ ਗੋਲੀ ਮਾਰ ਦਿੱਤੀ ਜਾਂਦੀ ਹੈ। ਗੈਂਗਸਟਰਵਾਦ ਬੇਲਗਾਮ ਹੋਇਆ ਪਿਆ ਹੈ। ਜੇਲ੍ਹਾਂ ਦੇ ਅੰਦਰ ਬੈਠੇ ਲੋਕ ਬਾਹਰੋਂ ਲੋਕਾਂ ਤੋਂ ਪੈਸੇ ਮੰਗਵਾ ਰਹੇ ਹਨ। ਕੋਈ ਵੀ ਤਬਕਾ ਇਹੋ ਜਿਹਾ ਨਹੀਂ ਹੋਵੇਗਾ ਜਿਹੜਾ ਅੱਜ ਪ੍ਰੇਸ਼ਾਨ ਨਾ ਹੋਵੇ। ਇਹਨਾਂ ਸਾਰੀਆਂ ਸੱਮਿਸਿਆਵਾਂ ਦਾ ਹੱਲ ਕੌਣ ਕਰੇਂਗਾ? ਕੀ ਸਿਆਸੀ ਰੈਲੀਆਂ ਵਿੱਚ ਇਹਨਾਂ ਸੱਮਿਸਿਆ ਦਾ ਕੋਈ ਮੁੱਦਾ ਉੱਠਦਾ ਨਜ਼ਰ ਆਉਂਦਾ ਹੈ? ਬਿਲਕੁਲ ਨਹੀਂ, ਸਿਰਫ ਤੇ ਸਿਰਫ, ਇੱਕ ਦੂਜੇ ਉਤੇ ਦੂਸ਼ਨਬਾਜ਼ੀ ਤੋਂ ਇਲਾਵਾ ਕੋਈ ਹੋਰ ਗੱਲ ਹੀ ਨਹੀਂ ਹੁੰਦੀ। ਜੇਕਰ ਕਿਸੇ ਵੱਲ ਇੱਕ ਉਂਗਲੀ ਕਰਾਂਗੇ ਤੇ ਬਾਕੀ ਚਾਰ ਉਂਗਲਾਂ ਸਾਡੇ ਆਪਣੇ ਵੱਲ ਵੀ ਆਉਣਗੀਆਂ। ਇਹ ਕਦੇ ਕਿਸੇ ਨੇ ਸੋਚਿਆ ਹੀ ਨਹੀਂ। ਕਦੇ ਜਾਤੀਵਾਦ ਦਾ ਮੁੱਦਾ ਚੁੱਕ ਲਿਆ, ਕਦੇ ਧਰਮ ਤੇ ਰਾਜਨੀਤੀ। ਵਿਕਾਸ ਦਾ ਮੁੱਦਾ ਕਿਸੇ ਨੂੰ ਯਾਦ ਹੀ ਨਹੀਂ ਆਉਂਦਾ। ਕੋਈ ਨਵੀ ਸੜਕ ਨਹੀਂ ਬਣ ਰਹੀ, ਕੋਈ ਨਵੀ ਇੰਡਸਟਰੀ ਨਹੀਂ ਲੱਗ ਰਹੀ ਅਤੇ ਕਿਸੇ ਨੇ ਰੈਲੀਆਂ ਵਿੱਚ ਇਹ ਮੁੱਦਾ ਹੀ ਨਹੀਂ ਚੁੱਕਿਆ। ਫਸਲਾਂ ਦੀ ਵਿਭਿੰਨਤਾ ਵਲ ਜ਼ੋਰ ਨਹੀਂ ਦਿੱਤਾ ਜਾ ਰਿਹਾ। ਗਰੀਬ ਹੋਰ ਗਰੀਬ ਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ। ਰੋਟੀ, ਕਪੜਾ ਤੇ ਮਕਾਨ ਦੀਆਂ, ਕੀ ਸਭ ਜ਼ਰੂਰਤਾਂ ਪੂਰੀਆਂ ਹੋ ਗਈਆਂ ਹਨ? ਪੰਜਾਬ ਵਿੱਚ ਹੜ੍ਹ ਆਏ ਅਰਬਾਂ ਖਰਬਾਂ ਦਾ ਨੁਕਸਾਨ ਹੋ ਗਿਆ। ਕੀ ਹੁਣ ਉਹਨਾਂ ਦਾ ਹੱਲ ਲੱਭ ਲਿਆ ਹੈ? ਦਰਿਆਵਾਂ ਦੇ ਕਿਨਾਰੇ ਪੱਕੇ ਕਰ ਦਿੱਤੇ ਹਨ? ਕੀ ਹੁਣ ਦਰਿਆਵਾਂ ਵਿੱਚੋਂ ਰੇਤ ਨਹੀਂ ਕੱਢੀ ਜਾ ਰਹੀ? ਇਹਨਾਂ ਗੱਲਾਂ ਲਈ ਕਿਸੇ ਨੇ ਅੱਜ ਤੱਕ ਕੋਈ ਰੈਲੀ ਕੀਤੀ ਹੈ? ਰੌਲਾ ਰੱਪਾ ਪਾ ਕੇ ਜ਼ਰੂਰ ਸ਼ਾਮਾਂ ਨੂੰ ਘਰਾਂ ਵਲ ਪਰਤ ਆਉਂਦੇ ਹਨ। ਰੈਲੀਆਂ ਵਿੱਚ ਤਾਹਨੇ ਮਿਹਣੇ ਜ਼ਰੂਰ ਇੱਕ ਪਾਰਟੀ ਵਾਲੇ ਦੂਜੀ ਪਾਰਟੀ ਵਾਲੇ ਨੂੰ ਦਿੰਦੇ ਸੁਣਾਈ ਦਿੰਦੇ ਹਨ। ਦਰਅਸਲ ਜਿਹੜੇ ਅਸਲੀ ਮਸਲੇ ਨੇ ਉਹਨਾਂ ਵੱਲ ਧਿਆਨ ਦੇਣ ਦੀ ਲੋੜ ਹੈ। ਰਾਜ ਭਾਗ ਕੋਈ ਵੀ ਚਲਾਵੇ ਪਰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਹੱਕ ਨਾਲ ਖਿਲਵਾੜ ਨਾ ਕਰੇ। ਅਕਸਰ ਕਿਸੇ ਨੇ ਤਾਂ ਰਾਜਾ ਬਣਨਾ ਹੀ ਹੁੰਦਾ ਹੈ ਪਰ ਰਾਜਾ ਰਾਜਿਆਂ ਵਾਲੇ ਕੰਮ ਜ਼ਰੂਰ ਕਰੇ ਜੋ ਪੰਜਾਬ ਦੇ ਹਿੱਤਾਂ ਵਾਸਤੇ ਸਹੀ ਸਿੱਧ ਹੋਣ। ਇਹਨਾਂ ਗੱਲਾਂ ਦੀ ਆਸ ਅੱਜ ਹਰ ਪੰਜਾਬੀ ਲਾਈ ਬੈਠਾ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501

by 