17 September 2024

ਤਿੰਨ ਕਵਿਤਾਵਾਂ—✍️ ਰੂਪ ਲਾਲ ਰੂਪ

1. ਦਬੇਲ 

ਸਮਾਂ ਆ ਗਿਆ ਦੋਸਤੋ,
‘ਕੱਠੇ ਹੋਣ ਦਬੇਲ।
ਸੋਚ ਜਗੀਰੂ ਭੂਤਰੀ,
ਪਾਉਣੀ ਪਊ ਨਕੇਲ।

ਹਾਕਮ ਸੰਦੀ ਸੋਚ ਨੂੰ,
ਡੋਡੀ ਵਿੱਚੇ ਨੱਪ।
ਜ਼ਹਿਰੀ ਡੰਗ ਚਲਾਵਸੀ,
ਬਣ ਕੇ ਫਨੀਅਰ ਸੱਪ।

ਫੜ ਕਿਸਾਨੀ ਗਿੱਚੀਓਂ,
ਸੁੰਨੇ ਕੀਤੇ ਖੇਤ।
ਕੰਨੀਂ ਜੂੰ ਨਾ ਸਰਕਦੀ,
ਹੱਲ ਚਿੱਤ ਨਾ ਚੇਤ।

ਚਟਣਗੇ ਹਰਿਆਲੀਆਂ,
ਬਣ ਕੇ ਅੰਬਰਵੇਲ।
ਜੋ ਹੁਕਮਰਾਨ ਦੇਸ਼ ਦੇ,
ਮੰਦੀ ਖੇਡਣ ਖੇਲ।

ਕਹਿੰਦੇ ਜੈ ਕਿਸਾਨ ਵੀ,
ਨਾਲੇ ਕਹਿਣ ਗਦਾਰ।
ਕੋਈ ਦੁਨੀਆਂ ਵਿੱਚ ਨਾ,
ਏਦਾਂ ਦੀ ਸਰਕਾਰ।

ਸਿੰਘੂ ਬਾਡਰ ਗਰਜਦਾ,
ਸੁਣੀਂਦਾ ਗਾਜੀਪੁਰ।
ਕਿੰਗਰੇ ਮਨੂੰਵਾਦ ਦੇ,
ਛੇਤੀ ਜਾਣੇ ਭੁਰ।

ਹੰਝੂ ਤੇਰੀ ਅੱਖ ਦੇ,
ਜਾਣ ਮੁਹਾਣੇ ਮੋੜ,
ਹਾਕਮ ਬੈਠਾ ਦੇਖਦਾ,
ਅੱਖੀਂ ਚੁੰਭਣ ਰੋੜ।

ਤੇਰੇ ਸਿਦਕੋਂ ਹਾਰ ਗਏ,
ਹਾਕਮ ਸੰਦੇ ਕਿੱਲ।
ਤੂੰ ਨਾ ਮਾਸਾ ਡੋਲਿਆ,
ਲਾ ਕੇ ਹਾਰੇ ਟਿੱਲ।

ਯੋਧੇ ਰਣ ਵਿੱਚ ਜੂਝਦੇ,
ਘਰ ਨੂੰ ਤਾਲੇ ਮਾਰ।
ਭਾਈਚਾਰਾ ਹੈ ਗੰਢਣਾ,
ਕੀਤੈ ਤਾਰੋ-ਤਾਰ।

ਭਾਈਚਾਰਕ ਏਕਤਾ,
ਨਾਨਕ ਦਾ ਹੈ ਰਾਹ।
ਸੱਚ ਸੁਣਾ ਤੂੰ ਠੋਕ ਕੇ,
ਡਰ ਨਾ ਖਾਹਮਖਾਹ।

ਹੱਕ ਲਈ ਲੜ ਨਿੱਠ ਕੇ,
ਭਰਮ ਭੁਲੇਖੇ ਚੁੱਕ ।
‘ਰੂਪ ‘ ਵਕਤ ਹੈ ਕੀਮਤੀ,
ਜਾਵੀਂ ਨਾ ਤੂੰ ਉੱਕ।

2. ਬੇਰੁਖੀ 

ਤੇਰੀ ਬੇਰੁਖੀ ਨੇ ਸੁੱਕਣੇ ਪਾ ਦਿੱਤਾ,
ਜ਼ੁਬਾਨ ਸ਼ਬਦਾਂ ਦੀ ਗਈ ਸੁੱਕ ਬੇਲੀ।

ਤੂੰ ਮਿਹਰ ਦਾ ਪਾਣੀ ਤਰੌਂਕਿਆ ਨਾ,
ਭੁੱਖੇ ਚਾਵਾਂ ਨੂੰ ਪਾਇਆ ਨਾ ਟੁੱਕ ਬੇਲੀ ।

ਕਿਸੇ ਚੰਦਰੇ ਵੇਲੇ ਘਰੋਂ ਪੈਰ ਚਾਇਆ,
ਗਏ ਆਣ ਚੌਰਾਹੇ ਵਿੱਚ ਉੱਕ ਬੇਲੀ ।

ਚਾਵਾਂ ਹੱਥੀਂ ਵਿਛਾਈ ਸਿਗੀ ਪਟੜੀ,
ਰੇਲ ਰਕੀਬਾਂ ਦੀ ਕਰੇ ਛੁੱਕ-ਛੁੱਕ ਬੇਲੀ।

ਰਹੇ ਲੱਖਾਂ ਦਾ ਵਣਜ ਵਪਾਰ ਕਰਦੇ,
ਤੇਰਾ  ਹੁਸਨ ਲਾ ਗਿਆ ਥੁੱਕ ਬੇਲੀ ।

ਬਿਨਾ ਪਰਾਂ ਤੋਂ ਅੰਬਰੀਂ ਉੱਡਦੇ ਰਹੇ,
ਜਗ ਵੇਖਦਾ ਸੀ ਬਣਿਆ ਠੁੱਕ ਬੇਲੀ।

ਫਟ ਹਿਜਰ ਦੇ ਜ਼ਾਲਮਾਂ ਲਾਏ ਡੂੰਘੇ,
ਹਥੀਂ ਦਿੱਤਾ ਏ ਨਮਕ ਤੂੰ ਭੁੱਕ ਬੇਲੀ।

ਨਹੀਂ ਸੋਚਿਆ ਸੀ ਨਬਜ਼ ਪ੍ਰੇਮ ਵਾਲੀ,
ਜਾਣੀ ਚਲਦੀ ਚਲਦੀ ਹੀ ਰੁੱਕ ਬੇਲੀ।

‘ਰੂਪ’ ਸ਼ਾਇਰ ਦੀ ਲਬਾਂ ‘ਤੇ ਜਿੰਦ ਆਈ ,
ਆ ਕੇ ਦੇਖ ਅੱਖੀਂ ਚੱਲੀ ਮੁੱਕ ਬੇਲੀ।
**

2. ਪੰਜਾਬ ਸਿਆਂ 

ਸੁਣ ਪੰਜਾਬ ਸਿਆਂ  ਤੇਰੇ ਹੌਸਲੇ ਨੂੰ,
ਸਲਾਮਾਂ ਲੱਖ ਲੱਖ ਤਾਰੀਖ ਕਰਦੀ ਏ।
ਤੂੰ ਵੈਰੀਆਂ ਨੂੰ  ਪਾਣੀ ਪਿਆ ਦਿੰਦਾ,
ਤੇਰੇ ਦਿਲ ਦੇ ਅੰਦਰ ਹਮਦਰਦੀ ਏ।

ਦਿੱਲੀ ਮੁੜ ਮੁੜ ਪਰਚੇ ਪਾਏ ਤੈਨੂੰ,
ਤਾਰੀਖ ਬੋਲੇ ਇਹ ਆਈ ਹਰਦੀ ਏ।
ਸਿਰ ਸੌ ਵਿੱਚੋਂ ਬਾਨਵੇਂ ਨੇ ਤੈਂ ਦਿੱਤੇ,
ਇਹ ਅਜ਼ਾਦੀ ਰਾਣੀ ਤੇਰੇ ਘਰਦੀ ਏ।

ਕੰਧਾਂ ਸਰਹਿੰਦੀ ਮੂੰਹੋਂ ਬੋਲ ਰਹੀਆਂ,
ਤੇਰਾ ਪਾਣੀ ਤਾਂ ਮੌਤ ਪਈ ਭਰਦੀ ਏ।
ਬੜਕ ਤੇਰੀ ਦੇ ਤਿੱਖੜੇ  ਤੇਜ਼ ਅੱਗੇ,
ਪਈ ‘ਮਨ ਕੀ ਬਾਤ ‘ ਅੱਜ ਖਰਦੀ ਏ।

ਪਿਆ ਵਖਤ ਦਿੱਲੀ ਦਿਆਂ ਬਾਡਰਾਂ ਨੂੰ,
ਜਵਾਲਾ ਜਜ਼ਬੇ ਤੇਰੇ ਦੀ  ਵਰਦੀ ਏ।
‘ਰੂਪ ‘ ਸ਼ਾਇਰਾ ਕਿਸਾਨੀ ਸਿਦਕ ਅੱਗੇ,
ਦਿੱਲੀ ਜੰਮਦੀ ਤੇ ਰੋਜ ਹੀ ਮਰਦੀ ਏ ।
***
158
***

ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
94652-29722

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →