ਚਿੜੀਆਂ ਦਾ ਚੰਬਾ ————– ਉੱਡ ਪੁੱਡ ਚੰਬਾ ਗਿਆ ਚਿੜੀਆਂ ਦਾ, ਕਰ ਗਿਆ ਏ ਘਰ ਮਕਾਨ ਸਭ ਸੁੰਨੇ। ਢਾਹ ਢਾਹ ਕੇ ਸਬਾਤਾਂ ਛੱਤੜੀਆਂ ਨੂੰ, ਬੂਹੇ ਬਾਰੀਆਂ ਸ਼ੀਸ਼ਿਆਂ ਨਾਲ ਤੁੰਨੇ। ਚੱਪਾ ਥਾਂ ਨੀਂ ਘਰਾਂ ਵਿਚ ਆਲ੍ਹਣੇ ਨੂੰ, ਚਾਅ ਚੰਬੇ ਦੇ ਸਾਰੇ ਗਏ ਮੁੰਨੇ । ‘ਰੂਪ ‘ ਸ਼ਾਇਰਾ ਭਾਲ ਨਾ ਸੱਤੂਆਂ ਨੂੰ, ਆਪ ਬੀਜ ਕੇ ਹੱਥੀਂ ਜੌਂ ਭੁੰਨੇ ।ਦਿਲ ਦਾ ਦੁੱਖ ———- ਕੰਧ ਕੋਮਲ ਦਿਲ ਦੀ ਏ ਫੁੱਲ ਜਿਹੀ, ਮੱਲੋਮੱਲੀ ਮਸਲ ਨਾ ਘੁੱਸ ਹੋਵੇ। ਛੱਲਾ ਟਕੇ ਦਾ ਮਨ ਨੂੰ ਮੋਹ ਲੈਂਦਾ, ਪੌਂਡਾਂ , ਡਾਲਰਾਂ ਦਾ ਸੌਦਾ ਠੁੱਸ ਹੋਵੇ । ਜ਼ੋਰ ਜਬਰ ਹੰਝੂਆਂ ਥੀਂ ਵਹਿ ਜਾਂਦਾ, ਸਾਰੀ ਉਮਰ ਹੀ ਬੁੱਸ ਬੁੱਸ ਹੋਵੇ । ‘ਰੂਪ’ ਸ਼ਾਇਰਾ ਜੋ ਦਿਲ ਦੇ ਵਿਚ ਵੱਸੇ, ਓਸੇ ਯਾਰ ਦੇ ਨਾਲ ਹੀ ਰੁੱਸ ਹੋਵੇ ।ਦਿਲ ਦਰਿਆ ———– ਕੈਦਖ਼ਾਨਾ ਸਮੁੰਦਰੋਂ ਪਾਰ ਤੇਰਾ, ਲੱਗਾ ਰੋਪੜੀ ਜੰਦਰਾ ਦੂਰੀਆਂ ਦਾ। ਖੀਸਾ ਖ਼ਾਲੀ ਤੇ ਦਿਲ ਦਰਿਆ ਹੁੰਦਾ, ਮਜ਼ਾ ਚੱਖਿਆ ਜਿਨ੍ਹਾਂ ਅੰਗੂਰੀਆਂ ਦਾ। ਸੁਹਣਾ ਯਾਰ ਸੀਨੇ ਵਿਚ ਵੱਸ ਜਾਵੇ, ਤਰ ਜਾਂਦੇ ਝਨਾਂ ਮਜਬੂਰੀਆਂ ਦਾ। ‘ਰੂਪ ‘ ਸ਼ਾਇਰਾ ਪੱਲੇ ਨਾ ਮੂਲ ਪਾਈਏ, ਮੁੱਲ ਮੋੜੀਏ ਛਕੀਆਂ ਚੂਰੀਆਂ ਦਾ। ਜ਼ਮੀਰਾਂ ਦੀ ਸ਼ਾਮ ਸੁਆਣੀਆਂ ਸਿਆਸੀ ਦਲ **** |
ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)
ਪੁਸਤਕਾਂ:
ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ
ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722