ਕਿਸਾਨ ਅੰਦੋਲਨ ਨੂੰ ਸਮਰਪਿਤ ਇਕ ਸਾਂਝੇ ਕਾਵਿ ਸੰਗ੍ਰਹਿ ਦੀ ਪ੍ਰਕਾਸ਼ਨਾ ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ) ਜਲੰਧਰ ਵਲੋਂ ਕੀਤੀ ਗਈ ਹੈ। ਇਹ ਪੁਸਤਕ ਆਦਮਪੁਰ ਦੋਆਬਾ ਵਿਖੇ ਇਕ ਸ਼ਾਨਦਾਰ ਸਮਾਗਮ ਵਿੱਚ ਲੋਕ ਅਰਪਣ ਕੀਤੀ ਗਈ। ਇਸ ਸਮਾਗਮ ਦੇ ਮੁੱਖ ਮਹਿਮਾਨ ਸ੍ਰੀ ਰਮੇਸ਼ ਚੰਦਰ ਰਿਟਾ: ਰਾਜਦੂਤ, ਬੇਲਾਰੂਸ ਸਨ। ਉਨ੍ਹਾਂ ਇਸ ਇਤਿਹਾਸਕ ਅੰਦੋਲਨ ਦੇ ਭਾਈਚਾਰਕ ਸੰਬੰਧਾਂ ‘ਤੇ ਪਏ ਹਾਂ ਪੱਖੀ ਪ੍ਰਭਾਵਾਂ ਦੀ ਚਰਚਾ ਕਰਦਿਆਂ ਇਨ੍ਹਾਂ ਨੂੰ ਹੋਰ ਮਜਬੂਤ ਕਰਨ ਦਾ ਸੁਨੇਹਾ ਦਿੱਤਾ। ਇਸ ਪੁਸਤਕ ਨੂੰ ਇਕ ਇਤਿਹਾਸਕ ਦਸਤਾਵੇਜ਼ ਦੱਸਦਿਆਂ ਉਨ੍ਹਾਂ ਕਲਮ ਦੀ ਤਾਕਤ ਨੂੰ ਤਲਵਾਰ ਤੋਂ ਉੱਤਮ ਦੱਸਿਆ ਜੋ ਵਕਤ ਦੀ ਸੋਚ ਦਾ ਮੁਹਾਣਾ ਮੋੜਨ ਦੀ ਸਮਰੱਥਾ ਰੱਖਦੀ ਹੈ। ਰੂਪ ਲਾਲ ਰੂਪ, ਸਭਾ ਦੇ ਪ੍ਰਧਾਨ ਨੇ ਪੁਸਤਕ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਿੱਚ ਅੱਠ ਮੁਲਕਾਂ ਦੇ 81 ਕਵੀਆਂ ਦੀਆਂ ਲਿਖਤਾਂ ਸ਼ਾਮਲ ਹਨ। ਹਰ ਲਿਖਤ ਤਤਕਾਲੀ ਸਮੇਂ ਦੀ ਹਾਨਣ ਹੈ ਅਤੇ ਧੱਕੇਸ਼ਾਹੀ ਵਿਰੁੱਧ ਫਤਿਹ ਦਾ ਨਾਅਰਾ ਬੁਲੰਦ ਕਰਦੀ ਹੈ। ਪ੍ਰੋ. ਹਰਦੀਪ ਰਾਜਾਰਾਮ ਨੇ ਕਿਹਾ ਕਿ ਪੁਸਤਕ ਦੀ ਹਰੇਕ ਰਚਨਾ ਜਗੀਰੂ ਸੋਚ ਨਾਲ ਦਸਤਪੰਜਾ ਲੈਂਦੀ ਸਰਦ ਰਗਾਂ ਵਿਚ ਜੋਸ਼ ਭਰਦੀ ਪ੍ਰਤੀਤ ਹੁੰਦੀ ਹੈ ।
ਇਸ ਸਮਾਗਮ ਵਿੱਚ ਡਾ: ਗੁਰਿੰਦਰ ਗਿੱਲ, ਪਰਵਾਸੀ ਸ਼ਾਇਰਾ ਦੀ ਪਲੇਠੀ ਪੰਜਾਬੀ ਪੁਸਤਕ ਵੀ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ‘ਤੇ ਸ਼ਾਇਰਾ ਸੁਦੇਸ਼ ਕੁਮਾਰੀ ਭਾਟੀਆ ਨੇ ਪਰਚਾ ਪੜ੍ਹਦਿਆਂ ਕਿਹਾ ਕਿ ਡਾ ਗੁਰਿੰਦਰ ਗਿੱਲ ਦੀਆੰ ਕਵਿਤਾਵਾਂ ਸਮਾਜਕ ਸਰੋਕਾਰਾਂ ਦੀ ਬਾਤ ਪਾਉਂਦਿਆਂ ਮਨੁੱਖੀ ਜੀਵਨ ਨੂੰ ਅਨੰਦਮਈ ਬਣਾਉਣ ਦੀ ਲੋਚਾ ਰੱਖਦੀਆਂ ਹਨ। ਉਸ ਵੱਲੋਂ ਹਿੰਦੀ ਸਾਹਿਤ ਵਿੱਚ ਨਾਮਣਾ ਖੱਟਣ ਤੋਂ ਬਾਅਦ ਮਾਂ ਬੋਲੀ ਪੰਜਾਬੀ ਨਾਲ ਜੁੜਨ ਨੂੰ ਇਕ ਸ਼ੁੱਭ ਸੰਕੇਤ ਦੱਸਿਆ। ਸਮਾਗਮ ਦੇ ਦੂਸਰੇ ਪੜਾਅ ਵਿੱਚ ਮੌਕੇ ‘ਤੇ ਹਾਜਰ ਕਵੀਆਂ ਸੁਖਦੇਵ ਸਿੱਧੂ ਨੇ ‘ਪਾਪ ਕੀ ਜੰਝ ਕਾਬਲ ਤੋਂ ਨਹੀਂ, ਦਿੱਲੀਓਂ ਤੁਰ ਪਈ ਹੈ’, ਖੁਸ਼ੀ ਮੁਹੰਮਦ ਚੱਠਾ ਨੇ ‘ਅੱਜ ਨਹੀਂ ਤਾਂ ਕੱਲ ਹੋਵੇਗਾ, ਪਾਸਾ ਸਾਡੇ ਵਲ ਹੋਵੇਗਾ’, ਲਾਡੀ ਲਹੌਰੀ ਨੇ ‘ਜਿਸ ਕਲਮ ਖੇਤੀ ਬਿੱਲ ਬਣਾਏ’, ਮਲਕੀਤ ਸਿੰਘ ਪਾਪੀ ਨੇ ‘ਰੋਲ ਦਿੱਤਾ ਸੜਕਾਂ ‘ਤੇ ਅੰਨਦਾਤਾ ਜੀ’, ਗਗਨ ਫੂਲ ਨੇ ‘ਤੁਸੀਂ ਹੋ ਗੋਬਿੰਦ ਦੇ ਫਰਜੰਦ ਉਏ ਕਿਸਾਨੋ’, ਆਸ਼ੀ ਈਸਪੁਰੀ ਨੇ ‘ਇਹ ਖੇਤ ਨੇ ਸਾਡੀ ਜਿੰਦ ਦਿੱਲੀਏ’ , ਅਸ਼ੋਕ ਪਰਮਾਰ ਨੇ ‘ਹਕੂਮਤ ਦੇ ਨਸ਼ੇ ਵਿੱਚ ਚੂਰ ਦਿੱਲੀਏ’, ਸ਼ਿਵ ਗੋਸਵਾਮੀ ਨੇ ‘ਪਾਣੀ ਦੀਆਂ ਬੁਛਾੜਾਂ ਅਗੇ ਸੀਨਾ ਤਾਣ ਖੜ ਗਏ’, ਸੁਦੇਸ਼ ਕੁਮਾਰੀ ਭਾਟੀਆ ਨੇ ‘ਵੇ ਕਿਸਾਨਾ ਵੀਰਾ ਮੇਰਿਆ’, ਰੂਪ ਲਾਲ ਰੂਪ ਨੇ ਏਕੇ ਨਾਲ ਜਿੱਤਿਆ ਕਿਸਾਨ ਮੋਰਚਾ’, ਸੁਖਦੇਵ ਭਾਮ ਨੇ ‘ਮੰਨ ਲੈ ਤੂੰ ਮੰਗਾਂ ਚੁੱਪ ਚਾਪ ਦਿੱਲੀਏ’, ਲਾਲੀ ਕਰਤਾਰਪੁਰੀ ਨੇ ‘ਮੇਰੇ ਘਰ ਦੀ ਲਾਇਬ੍ਰੇਰੀ ਕਿਤੇ ਦੇਖਿਓ ਆ ਕੇ ਜੀ,ਹਰ ਇਕ ਰੱਖੀ ਆ ਮੈਂ ਪੁਸਤਕ ਧੂਫ ਧੁਖਾ ਕੇ ਜੀ’, ਮਦਨ ਬੋਲੀਨਾ ਨੇ ‘ਇੰਜ ਚਾਹਤ ਨੂੰ ਤੇਰੀ, ਸੀਨੇ ‘ਚ ਪਾਲ ਰੱਖਿਆ ਹੈ’, ਸੋਢੀ ਸੱਤੋਵਾਲੀ ਨੇ ‘ਵੋਟਾਂ ਆਈਆਂ’, ਜਨਕ ਰਾਜ ਰਾਠੌਰ ਨੇ ‘ਜਾਗ ਕਿਸਾਨਾ ਜਾਗ’, ਹਰਪ੍ਰੀਤ ਡਰੋਲੀ ਨੇ ‘ਮੰਨਿਆ ਸਰਕਾਰ ਚਲਾਉਣੀ ਬੜੀ ਔਖੀ’, ਮੁਕੇਸ਼ ਫਗਵਾੜਵੀ ਨੇ ਵਿਅੰਗ ਅਤੇ ਜਸਪਾਲ ਜੀਰਵੀ ਨੇ ‘ਪਹੁੰਚ ਗਈ ਹੈ ਸਮਝ ਤੇਰੀ ਹੁਣ ਐਨੀ ਖਸਤੇ ਵਿੱਚ’ ਕਵਿਤਾ ਸੁਣਾ ਕੇ ਸਰੋਤਿਆਂ ਤੋਂ ਮਣਾਂ- ਮੂੰਹੀਂ ਦਾਦ ਪ੍ਰਾਪਤ ਕੀਤੀ । ਇਸ ਸਮਾਗਮ ਵਿੱਚ ਕਿਸਾਨ ਅੰਦੋਲਨ ਸਮੇਂ ਆਦਮਪੁਰ ਦੋਆਬਾ ਞਿਖੇ ਮੁੱਖ ਮਾਰਗ ‘ਤੇ ਹਰਵਿੰਦਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਰੋਜ਼ਾਨਾ ਤਖਤੀਆਂ ਦਿਖਾਉਣ ਵਾਲੇ ‘ਨੌਜਵਾਨ ਸੰਘਰਸ਼ ਜੱਥਾ’, ਆਦਮਪੁਰ ਦੇ ਜੁਝਾਰੂ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ‘ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਨਵਜੋਤ ਕੌਰ ਸਿੱਧੂ, ਬਲਦੇਵ ਸਿੰਘ ਸਰਪੰਚ, ਮਾਸਟਰ ਬਲਦੇਵ ਚੰਦ, ਪ੍ਰੇਮ ਪਾਲ, ਗਣੇਸ਼ ਚੰਦਰ, ਜਸਪਾਲ ਸਿੰਘ ਨਿੱਜਰ, ਗੁਰਪ੍ਰੀਤ ਕੌਰ ਰਿਆੜ, ਸਰਦਾਰਾ ਸਿੰਘ ਨਰ, ਲਵਲੀ, ਰਾਮ ਆਸਰਾ ਸ਼ੀਂਹਮਾਰ, ਅਮਰਜੀਤ ਸਿੰਘ ਮਿਨਹਾਸ, ਹਰਵਿੰਦਰ ਸਾਬੀ, ਸਰਵਨ ਭਾਰਦਵਾਜ, ਬਲਵਿੰਦਰ ਸਿੰਘ ਭੰਗੂ, ਸ਼ਿਵ ਕੁਮਾਰ, ਲਵਲੀ, ਸ਼ਾਨਵੀਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਰੋਤੇ ਸ਼ਾਮਲ ਸਨ। ਸਟੇਜ ਸੰਚਾਲਨ ਦੀ ਭੂਮਿਕਾ ਪ੍ਰੋ. ਹਰਦੀਪ ਰਾਜਾਰਾਮ ਨੇ ਬਾਖੂਬੀ ਨਿਭਾਈ। |
*** 589 *** |
ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)
ਪੁਸਤਕਾਂ:
ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ
ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722