ਜ਼ਿੰਦਗੀ ਆਪਣੇ ਆਪ ਵਿੱਚ ਇੱਕ ਕਲਾ ਹੈ। ਇਸ ਨੂੰ ਸਿਰਫ਼ ਜੀ ਲੈਣਾ ਅਤੇ ਸੂਝ-ਬੂਝ, ਸੰਵੇਦਨਾ ਤੇ ਜ਼ਿੰਮੇਵਾਰੀ ਨਾਲ ਜੀਣਾ—ਇਹ ਦੋ ਵੱਖ-ਵੱਖ ਗੱਲਾਂ ਹਨ। ਸੁਰਜੀਤ ਦੀ ਪੁਸਤਕ ‘ਜ਼ਿੰਦਗੀ ਇੱਕ ਹੁਨਰ’ ਦਾ ਮੂਲ ਸਰੋਕਾਰ ਇਸੇ ਫ਼ਰਕ ਨੂੰ ਸਮਝਣ ਨਾਲ ਜੁੜਿਆ ਹੋਇਆ ਹੈ। ਪੁਸਤਕ ਦੇ ਨਾਮ ਵਿੱਚ ਹੀ ਇਸ ਦਾ ਕੇਂਦਰੀ ਸੰਕੇਤ ਮੌਜੂਦ ਹੈ ਕਿ ਜ਼ਿੰਦਗੀ ਕੋਈ ਸੌਖੀ ਮਿਲੀ ਹੋਈ ਵਸਤੂ ਨਹੀਂ, ਸਗੋਂ ਇੱਕ ਅਜਿਹਾ ਹੁਨਰ ਹੈ ਜਿਸ ਨੂੰ ਸਿੱਖਣ, ਸੰਵਾਰਨ ਅਤੇ ਅਮਲ ਵਿੱਚ ਲਿਆਉਣ ਦੀ ਲੋੜ ਹੈ। ਪੁਸਤਕ ਦੀ ਵਿਸ਼ਾ-ਸੂਚੀ ਤੋਂ ਹੀ ਇਸ ਦੇ ਵਿਸ਼ਾਲ ਘੇਰੇ ਦਾ ਅੰਦਾਜ਼ਾ ਹੋ ਜਾਂਦਾ ਹੈ। ‘ਜ਼ਿੰਦਗੀ ਇੱਕ ਹੁਨਰ’, ‘ਕੋਈ ਦੀਪ ਜਗਾਓ ਕਿ ਹਨੇਰਾ ਮਿਟੇ’, ‘ਜਲ ਬਿਨ ਸਾਖ ਕੁਮਲਾਵਤੀ’, ‘ਦੋਸਤੀ ਦੇ ਨਵੇਂ ਸਮੀਕਰਨ’, ‘ਮੁਆਫ਼ੀ ਇੱਕ ਵਰਦਾਨ’, ‘ਸੱਤੁਲਨ ਦਾ ਬੈਲੈਂਸ’, ‘ਦਾ ਸੈਕਿੰਡ ਚਾਂਸ’, ‘ਰੁੱਤਾਂ ਰੰਗਲੀਆਂ’, ‘ਕੋਰਟ ਐਂਡ ਲਾਅ’, ‘ਮਾਂ-ਜ਼ਿੰਦਗੀ ਦਾ ਦੂਜਾ ਨਾਂ’, ‘ਅੰਤਰਰਾਸ਼ਟਰੀ ਮਹਿਲਾ ਦਿਵਸ’, ‘ਡਿਵੈਲਟੀ’, ‘ਦਾ ਫੇਮਸ ਫਾਊਂਡੇਸ਼ਨ’, ‘ਇਕ ਹੋਰ ਮਾਂ-ਮਾਂ ਬੋਲੀ ਪੰਜਾਬੀ’, ‘ਆਹ ਲੈ ਫੜ ਲੈ ਗੱਡੀ ਦੀ ਚਾਬੀ’ ਅਤੇ ‘ਵਿਦੇਸ਼ੀ ਪ੍ਰਸਿਥੀਆ ਵਿੱਚੋਂ ਕਿਤੋਂ ਕਲਮ ਚੁੱਕੀ’ ਵਰਗੇ ਲੇਖ ਪੁਸਤਕ ਨੂੰ ਰੰਗ ਬਿਰੰਗੇ ਫੁੱਲਾਂ ਦਾ ਗੁਲਦਸਤਾ ਬਣਾਉਂਦੇ ਹਨ। ਪੁਸਤਕ ਦਾ ਪਹਿਲਾ ਲੇਖ ‘ਜ਼ਿੰਦਗੀ ਇੱਕ ਹੁਨਰ’ ਇਸ ਪੂਰੀ ਰਚਨਾ ਦੀ ਵਿਚਾਰਧਾਰਕ ਬੁਨਿਆਦ ਰੱਖਦਾ ਹੈ। ਲੇਖਕ ਜੀਵਨ ਨੂੰ ਸਿਰਫ਼ ਸਾਹ ਲੈਣ ਜਾਂ ਸਮਾਂ ਬਿਤਾਉਣ ਦੀ ਪ੍ਰਕਿਰਿਆ ਨਹੀਂ ਮੰਨਦਾ, ਸਗੋਂ ਇਸ ਨੂੰ ਇੱਕ ਅਜਿਹੀ ਯਾਤਰਾ ਵਜੋਂ ਵੇਖਦਾ ਹੈ ਜਿਸ ਵਿੱਚ ਮਨੁੱਖ ਨੂੰ ਲਗਾਤਾਰ ਸਿੱਖਣਾ ਪੈਂਦਾ ਹੈ। ਇਸੇ ਤਰ੍ਹਾਂ ‘ਕੋਈ ਦੀਪ ਜਗਾਓ ਕਿ ਹਨੇਰਾ ਮਿਟੇ’ ਵਿੱਚ ਲੇਖਕ ਸਮਾਜਿਕ ਹਨੇਰੇ ਅਤੇ ਉਸ ਵਿੱਚ ਵਿਅਕਤੀ ਦੀ ਭੂਮਿਕਾ ਬਾਰੇ ਸੋਚਦਾ ਹੈ। ਇੱਥੇ ਸਿਰਫ਼ ਸਮੱਸਿਆਵਾਂ ਦੀ ਨਿਸ਼ਾਨਦੇਹੀ ਨਹੀਂ ਕੀਤੀ ਗਈ, ਸਗੋਂ ਪਾਠਕ ਨੂੰ ਆਪਣੀ ਜ਼ਿੰਮੇਵਾਰੀ ਬਾਰੇ ਸੋਚਣ ਲਈ ਪ੍ਰੇਰਿਆ ਗਿਆ ਹੈ। ਲੇਖਕ ਦੀ ਇਹ ਪ੍ਰਵਿਰਤੀ ਪੁਸਤਕ ਦੇ ਕਈ ਹੋਰ ਲੇਖਾਂ ਵਿੱਚ ਵੀ ਦਿਖਾਈ ਦਿੰਦੀ ਹੈ ਕਿ ਉਹ ਪਾਠਕ ਨੂੰ ਕੇਵਲ ਜਾਣਕਾਰੀ ਦੇ ਕੇ ਨਹੀਂ ਛੱਡਦਾ, ਬਲਕਿ ਉਸ ਨੂੰ ਕਿਸੇ ਨਾ ਕਿਸੇ ਨੈਤਿਕ ਜਾਂ ਸਮਾਜਿਕ ਨਤੀਜੇ ਵੱਲ ਲੈ ਜਾਣ ਦੀ ਕੋਸ਼ਿਸ਼ ਕਰਦਾ ਹੈ। ‘ਜਲ ਬਿਨ ਸਾਖ ਕੁਮਲਾਵਤੀ’ ਵਿੱਚ ਪਾਣੀ ਵਰਗੀ ਬੁਨਿਆਦੀ ਲੋੜ ਨੂੰ ਕੇਂਦਰ ਬਣਾਕੇ ਪੰਜਾਬ ਦੇ ਬਦਲਦੇ ਵਾਤਾਵਰਣ ਅਤੇ ਪਾਣੀ ਦੇ ਸੰਕਟ ਵੱਲ ਧਿਆਨ ਦਿਵਾਇਆ ਗਿਆ ਹੈ। ਇਸ ਲੇਖ ਦੀ ਖ਼ਾਸੀਅਤ ਇਹ ਹੈ ਕਿ ਇੱਕ ਆਮ ਜੀਵਨ-ਸਮੱਸਿਆ ਨੂੰ ਵੱਡੇ ਸਮਾਜਿਕ ਅਤੇ ਭਵਿੱਖੀ ਸੰਦਰਭ ਨਾਲ ਜੋੜਿਆ ਗਿਆ ਹੈ। ਪੁਸਤਕ ਵਿੱਚ ਮਨੁੱਖੀ ਰਿਸ਼ਤੇ ਵੀ ਮਹੱਤਵਪੂਰਨ ਥਾਂ ਰੱਖਦੇ ਹਨ। ‘ਦੋਸਤੀ ਦੇ ਨਵੇਂ ਸਮੀਕਰਨ’ ਵਿੱਚ ਬਦਲ ਰਹੇ ਸਮੇਂ ਨਾਲ ਦੋਸਤੀ ਦੀ ਪ੍ਰਕਿਰਤੀ ਵਿੱਚ ਆ ਰਹੇ ਬਦਲਾਅ ਨੂੰ ਸਮਝਣ ਦੀ ਕੋਸ਼ਿਸ਼ ਹੈ। ਲੇਖਕ ਸੋਸ਼ਲ ਮੀਡੀਆ ਅਤੇ ਆਧੁਨਿਕ ਜੀਵਨ-ਸ਼ੈਲੀ ਕਾਰਨ ਮਨੁੱਖੀ ਸੰਬੰਧਾਂ ਵਿੱਚ ਆਈ ਤਬਦੀਲੀ ਨੂੰ ਵੀ ਵਿਚਾਰਦਾ ਹੈ। ਇਸੇ ਲੜੀ ਵਿੱਚ ‘ਮੁਆਫ਼ੀ ਇੱਕ ਵਰਦਾਨ’ ਖ਼ਾਸ ਤੌਰ ’ਤੇ ਧਿਆਨ ਖਿੱਚਦਾ ਹੈ। ਲੇਖਕ ਮੁਆਫ਼ ਕਰਨ ਨੂੰ ਕਮਜ਼ੋਰੀ ਨਹੀਂ, ਸਗੋਂ ਮਨੁੱਖੀ ਉੱਚਤਾ ਨਾਲ ਜੋੜਦਾ ਹੈ। ਇੱਥੇ ਗੁਰਬਾਣੀ ਅਤੇ ਜੀਵਨ-ਅਨੁਭਵ ਦੋਵੇਂ ਲੇਖਕ ਦੀ ਵਿਚਾਰਧਾਰਾ ਨੂੰ ਆਧਾਰ ਦਿੰਦੇ ਹਨ। ਪੁਸਤਕ ਦੀ ਇੱਕ ਹੋਰ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਆਪਣੇ ਵਿਚਾਰਾਂ ਨੂੰ ਕੇਵਲ ਬਿਆਨੀਆ ਪੱਧਰ ’ਤੇ ਨਹੀਂ ਛੱਡਦਾ। ਉਹ ਕਹਾਣੀਆਂ, ਘਟਨਾਵਾਂ, ਇਤਿਹਾਸਕ ਹਵਾਲਿਆਂ ਅਤੇ ਵਿਅਕਤੀਆਂ ਦੇ ਜੀਵਨ ਵਿੱਚੋਂ ਉਦਾਹਰਨਾਂ ਲੈਂਦਾ ਹੈ। ‘ਦਾ ਸੈਕਿੰਡ ਚਾਂਸ’ ਵਿੱਚ ਮਨੁੱਖ ਨੂੰ ਮਿਲਦੇ ਦੂਜੇ ਮੌਕੇ ਦੀ ਗੱਲ ਹੈ, ਜਦਕਿ ‘ਕੋਰਟ ਐਂਡ ਲਾਅ’ ਵਿੱਚ ਕਾਨੂੰਨੀ ਪ੍ਰਬੰਧ ਅਤੇ ਮਨੁੱਖੀ ਜੀਵਨ ਨਾਲ ਜੁੜੇ ਸਵਾਲਾਂ ਨੂੰ ਰੌਚਕ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਇਤਿਹਾਸ ਅਤੇ ਸਮਾਜਿਕ ਚੇਤਨਾ ਵਾਲੇ ਲੇਖ ਪੁਸਤਕ ਦੇ ਘੇਰੇ ਨੂੰ ਹੋਰ ਵਿਸ਼ਾਲ ਕਰਦੇ ਹਨ। ‘ਅੰਤਰਰਾਸ਼ਟਰੀ ਮਹਿਲਾ ਦਿਵਸ’ ਵਿੱਚ ਔਰਤਾਂ ਦੇ ਅਧਿਕਾਰਾਂ ਅਤੇ ਇਤਿਹਾਸਕ ਸੰਘਰਸ਼ਾਂ ਦੀ ਗੱਲ ਕੀਤੀ ਗਈ ਹੈ। ਪੁਸਤਕ ਦੇ ਆਖ਼ਰੀ ਹਿੱਸੇ ਵਿੱਚ ਪੰਜਾਬੀ ਭਾਸ਼ਾ ਅਤੇ ਪਰਵਾਸੀ ਪੰਜਾਬੀ ਜੀਵਨ ਨਾਲ ਸੰਬੰਧਿਤ ਸਮੱਗਰੀ ਵਿਸ਼ੇਸ਼ ਧਿਆਨ ਦੀ ਮੰਗ ਕਰਦੀ ਹੈ। ‘ਇਕ ਹੋਰ ਮਾਂ-ਮਾਂ ਬੋਲੀ ਪੰਜਾਬੀ’ ਵਿੱਚ ਵਿਦੇਸ਼ਾਂ ਵਿੱਚ ਪੰਜਾਬੀ ਭਾਸ਼ਾ ਦੀ ਸਥਿਤੀ, ਨਵੀਂ ਪੀੜ੍ਹੀ ਅਤੇ ਮਾਂ-ਬੋਲੀ ਨਾਲ ਸੰਬੰਧਿਤ ਚਿੰਤਾਵਾਂ ਨੂੰ ਉਭਾਰਿਆ ਗਿਆ ਹੈ। ਲੇਖਕ ਦਾ ਪਰਵਾਸੀ ਜੀਵਨ ਨਾਲ ਨਜ਼ਦੀਕੀ ਸੰਬੰਧ ਹੋਣ ਕਾਰਨ ਇਹ ਸਰੋਕਾਰ ਪੁਸਤਕ ਵਿੱਚ ਸਿਰਫ਼ ਬਾਹਰੀ ਨਿਰੀਖਣ ਨਹੀਂ ਰਹਿੰਦੇ, ਸਗੋਂ ਅਨੁਭਵ ਨਾਲ ਜੁੜੇ ਹੋਏ ਮਹਿਸੂਸ ਹੁੰਦੇ ਹਨ। ਅੰਤਲੇ ਭਾਗ ਵਿੱਚ ‘ਵਿਦੇਸ਼ੀ ਪ੍ਰਸਿੱਧਤੀਆਂ ਵਿੱਚ ਕਿਤੋਂ ਕਲਮ ਚੁੱਕੀ’ ਅਧੀਨ ਕਈ ਛੋਟੀਆਂ ਰਚਨਾਵਾਂ ਅਤੇ ਕਵਿਤਾਵਾਂ ਦੇ ਹਵਾਲਿਆਂ ਰਾਹੀਂ ਲੇਖਕ ਨੇ ਪੰਜਾਬੀ ਸਾਹਿਤ, ਪਰਵਾਸੀ ਅਨੁਭਵ ਅਤੇ ਸਮਕਾਲੀ ਜੀਵਨ ਨੂੰ ਇੱਕ ਦੂਜੇ ਨਾਲ ਜੋੜਿਆ ਹੈ। ਭਾਸ਼ਾ ਅਤੇ ਸ਼ੈਲੀ ਦੇ ਪੱਖ ਤੋਂ ਸੁਰਜੀਤ ਦੀ ਲਿਖਤ ਸਿੱਧੀ, ਸੰਵਾਦਮਈ ਅਤੇ ਪਾਠਕ ਨਾਲ ਸਿੱਧਾ ਸੰਬੰਧ ਬਣਾਉਣ ਵਾਲੀ ਹੈ। ਉਹ ਮੁਸ਼ਕਲ ਵਿਸ਼ਿਆਂ ਨੂੰ ਆਮ ਪਾਠਕ ਲਈ ਸਮਝਣਯੋਗ ਬਣਾਉਣ ਦੀ ਕੋਸ਼ਿਸ਼ ਕਰਦੀ ਹੈ। ਕਈ ਥਾਵਾਂ ’ਤੇ ਕਹਾਵਤਾਂ, ਗੁਰਬਾਣੀ ਦੀਆਂ ਤੁਕਾਂ, ਕਵਿਤਾ ਅਤੇ ਛੋਟੇ ਪ੍ਰਸੰਗਾਂ ਦੀ ਵਰਤੋਂ ਲਿਖਤ ਨੂੰ ਦਿਲਚਸਪ ਹੀ ਨਹੀਂ ਬਣਾਉਂਦੀ, ਪੇਸ਼ ਕੀਤੇ ਜਾ ਰਹੇ ਪ੍ਰਸੰਗ ਨੂੰ ਸਮਝਾਉਂਦੀ ਵੀ ਹੈ। ਇਸ ਤੋਂ ਇਹ. ਵੀ ਪਤਾ ਲੱਗਦਾ ਹੈ ਕਿ ਲੇਖਿਕਾ ਦਾ ਗਿਆਨ ਭੰਡਾਰ ਵੀ ਅਸੀਮ ਹੈ। ਪ੍ਰਸਤੁਤ ਪੁਸਤਕ ਵਿਚ ਜੀਵਨ-ਦਰਸ਼ਨ, ਸਮਾਜਿਕ ਲੇਖ, ਇਤਿਹਾਸਕ ਘਟਨਾਵਾਂ, ਕਾਨੂੰਨ, ਵਾਤਾਵਰਣ, ਔਰਤਾਂ ਦੇ ਅਧਿਕਾਰ, ਪੰਜਾਬੀ ਭਾਸ਼ਾ ਅਤੇ ਸਾਹਿਤਕ ਹਵਾਲਿਆਂ ਦੀ ਇੰਨੀ ਵਿਭਿੰਨਤਾ ਪੁਸਤਕ ਦੇ ਦਾਇਰੇ ਨੂੰ ਮੋਕਲਾ ਹੀ ਨਹੀਂ ਕਰਦੀ, ਇਸ ਦੀ ਸਾਹਿਤਕ ਪਰਪੱਕਤਾ ਨੂੰ ਵੀ ਦਰਸਾਉਦੀ ਹੈ। ਪੁਸਤਕ ਦੇ ਬਹੁਤੇ ਵਾਕਾਂ ਵਿੱਚ ਜੀਵਨ ਦੀਆਂ ਠੋੋਸ ਸੱਚਾਈਆਂ ਪੇਸ਼ ਕੀਤੀਆ ਗਈਆਂ ਹਨ, ਜਿਵੇ: ਜ਼ਿੰਦਗੀ ਨੂੰ ਵਿਉਂਤ ਨਾਲ ਜਿਊਣਾ ਪੈਂਦਾ ਹੈ; ਤਨ ਅਤੇ ਮਨ ਇੱਕ ਦੂਜੇ ਦੇ ਪੂਰਕ ਹੁੰਦੇ ਹਨ; ਸਾਡੇ ਅਵੇਸਲੇਪਨ ਨੇ ਸਾਡੀ ਬੋਲੀ, ਸਭਿਆਚਾਰ, ਵਾਤਾਵਰਣ ਨੂੰ ਖਤਰੇ ਵਿੱਚ ਪਾ ਦਿੱਤਾ ਹੈ; ਅਸੀਂ ਪ੍ਰੋਗਰਾਮ ਦਾ ਆਨੰਦ ਨਹੀਂ ਮਾਣਦੇ ਸਗੌਂ ਸ਼ੋਸ਼ਲ ਮੀਡੀਆ ਤੇ ਪਾਉਣ ਦੀ ਕਰਦੇ ਹਾਂ ਆਦਿ। ਲੇਖਿਕਾ ਦੀ ਵਾਰਤਕ ਸ਼ੈਲੀ ਵੀ ਕਲਾਤਮਕ ਹੈ: “ਇੱਕ ਲੰਮੀ ਇੰਤਜ਼ਾਰ ਤੋਂ ਬਾਅਦ ਟਰਾਂਟੋ ਸ਼ਹਿਰ ਵਿੱਚ ਸੰਗਦੀ-ਸੰਗਦੀ ਗਰਮੀਆ ਦੀ ਰੁੱਤ ਆਉਂਦੀ ਹੈ।” ‘ਜ਼ਿੰਦਗੀ ਇੱਕ ਹੁਨਰ’ ਨੂੰ ਇੱਕ ਅਜਿਹੀ ਪੁਸਤਕ ਕਿਹਾ ਜਾ ਸਕਦਾ ਹੈ ਜੋ ਪਾਠਕ ਨੂੰ ਜੀਵਨ ਦੇ ਵੱਖ-ਵੱਖ ਪੱਖਾਂ ਬਾਰੇ ਸੋਚਣ ਲਈ ਉਕਸਾਉਂਦੀ ਹੈ। ਇਹ ਕੋਈ ਸਿਧਾਂਤਕ ਦਰਸ਼ਨ-ਗ੍ਰੰਥ ਨਹੀਂ, ਬਲਕਿ ਜੀਵਨ ਦੇ ਰੋਜ਼ਮਰ੍ਹਾ ਅਨੁਭਵਾਂ, ਸਮਾਜਿਕ ਸਰੋਕਾਰਾਂ ਅਤੇ ਸਾਹਿਤਕ-ਇਤਿਹਾਸਕ ਸੰਦਰਭਾਂ ਰਾਹੀਂ ਮਨੁੱਖ ਨੂੰ ਬਿਹਤਰ ਜੀਵਨ ਵੱਲ ਪ੍ਰੇਰਿਤ ਕਰਨ ਦਾ ਯਤਨ ਹੈ। ਪੁਸਤਕ ਇਹ ਸੁਨੇਹਾ ਦੇਣ ਵਿਚ ਸਫਲ ਹੈ ਕਿ ਜ਼ਿੰਦਗੀ ਮਿਲਦੀ ਤਾਂ ਸਭ ਨੂੰ ਹੈ, ਪਰ ਇਸ ਨੂੰ ਹੁਨਰ ਨਾਲ ਜਿਊਣਾ ਸਿੱਖਣਾ ਦੀ ਜਾਚ ਤਾਂ ਹਰ ਇਕ ਨੂੰ ਆਪ ਹੀ ਸਿਖਣੀ ਪੈੰਦੀ ਹੈ। ਪੰਜਾਬ ਪਬਲਿਸ਼ਰਜ਼, ਜਲੰਧਰ ਵੱਲੋਂ ਪ੍ਰਕਾਸ਼ਿਤ 98 ਪੰਨਿਆ ਦੀ ਇਸ ਪੁਸਤਕ ਦਾ ਮੁੱਲ 200 ਰੁਪਏ ਹੈ। |
||
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by 

