11 June 2026

ਅੱਡੀਆਂ ਚੁਕ ਕੇ ਫ਼ਾਂਸੀ ਲੈਣੀ — ਗੁਰਸ਼ਰਨ ਸਿੰਘ ਕੁਮਾਰ

ਕਮਲਾ ਨੇ ਜਦ ਪਹਿਲੀ ਵਾਰੀ ਹਵਾਈ ਜਹਾਜ ਅੰਦਰ ਕਦਮ ਰੱਖੇ ਤਾਂ ਉਸ ਦੇ ਮਨ ਅੰਦਰ ਅਗੱਮੀ ਖ਼ੁਸ਼ੀ ਸੀ। ਇਕ ਨਵੀਂ ਦੁਨੀਆਂ ਦੇਖਣ ਦੀ, ਇਕ ਨਵੀਂ ਧਰਤੀ ਛੂਹਣ ਦੀ ਅਤੇ ਇਕ ਨਵੇਂ ਆਸਮਾਨ ਵਿਚ ਉਡਾਰੀਆਂ ਮਾਰਨ ਦੀ। ਉਹ ਪਹਿਲੀ ਵਾਰ ਆਪਣਾ ਦੇਸ਼ ਅਤੇ ਪਰਿਵਾਰ ਛੱਡ ਕੇ ਸੁਪਣਿਆਂ ਦੇ ਦੇਸ਼ ਕਨੇਡਾ ਜਾ ਰਹੀ ਸੀ। ਉਹ ਸੋਚਦੀ ਕਿਹੋ ਜਿਹੀ ਹੋਵੇਗੀ ਕਨੇਡਾ ਦੀ ਧਰਤੀ? ਕਿਹੋ ਜਿਹੇ ਹੋਣਗੇ ੳੋੁਥੋਂ ਦੇ ਲੋਕ? ਉਨ੍ਹਾਂ ਦੀ ਬੋਲੀ ਕਿਹੋ ਜਿਹੀ ਹੋਵੇਗੀ? ਕੀ ਉਹ ਉਨ੍ਹਾਂ ਨਾਲ ਆਪਣੀ ਬੋਲੀ ਵਿਚ ਰਾਬਤਾ ਰੱਖ ਪਾਵੇਗੀ ਜਾਂ ਨਹੀਂ? ਵੈਸੇ ਤਾਂ ਉਸ ਨੇ ਸੁਣ ਰੱਖਿਆ ਸੀ ਕਿ ਉੱਥੇ ਪੰਜਾਬੀ ਲੋਕ ਬਹੁਤ ਵੱਸੇ ਹੋਏ ਹਨ। ਉਹ ਪੰਜਾਬੀ ਹੀ ਬੋਲਦੇ ਹਨ।ਕਮਲਾ ਨੂੰ ਇਸ ਗੱਲ ਦੀ ਵੀ ਧਰਵਾਸ ਸੀ ਕਿ ਉਹ ‘ਵੀਰਾਂ ਵਾਲ਼ੀ’ ਨਾਮ ਦੀ ਇਕ ਪੰਜਾਬਣ ਔਰਤ ਨਾਲ ਜਾ ਰਹੀ ਸੀ ਜੋ ਉਸ ਨੂੰ ਆਪਣੀ ਛੋਟੀ ਭੈਣ ਬਣਾ ਕੇ ਸੰਗੀਤ ਅਧਿਆਪਕ ਦੇ ਤੌਰ ਨਾਲ ਲਿਜਾ ਰਹੀ ਸੀ। ਵੀਰਾਂ ਵਾਲੀ ਕਨੇਡਾ ਤੋਂ ਇੱਥੈ ਇਕੱਲ੍ਹੀ ਹੀ ਆਈ ਸੀ। ਉਹ ਆਪਣੇ ਦੋ ਬੱਚਿਆਂ ਲਈ ਸੰਗੀਤ ਅਧਿਆਪਕ ਦੀ ਤਲਾਸ਼ ਵਿਚ ਸੀ। ਕਮਲਾ ਨੂੰ ਆਉਣ ਵਾਲੀ ਅਣਜਾਣੀ ਜਿੰਦਗੀ ਦਾ ਫ਼ਿਕਰ ਘੱਟ ਅਤੇ ਚਾਅ ਜ਼ਿਆਦਾ ਸੀ।
ਕਮਲਾ ਨੂੰ ਫ਼ਿਕਰ ਸੀ ਤਾਂ ਆਪਣੇ ਪਰਿਵਾਰ ਨੂੰ ਪਿੱਛੇ ਛੱਡ ਕੇ ਆਉਣ ਦਾ। ਬੇਸ਼ੱਕ ਪਰਿਵਾਰ ਛੋਟਾ ਸੀ ਪਰ ਆਖਿਰ ਪਰਿਵਾਰ ਤਾਂ ਆਪਣਾ ਹੀ ਸੀ ਹਾਲੀ ਤਾਂ ਉਸ ਦਾ ਦੇਵਰਜ ਸਿੰਘ ਭਾਟੀਆ ਨਾਲ ਆਪਣੇ ਵਿਆਹ ਦੇ ਚਾਅ ਨਹੀਂ ਸਨ ਪੂਰੇ ਹੋਏ। ਵਿਆਹ ਤੋਂ ਇਕ ਸਾਲ ਪਿੱਛੋਂ ਹੀ ਉਨ੍ਹਾਂ ਦੇ ਘਰ ਇਕ ਪਿਆਰੇ ਜਿਹੇ ਬੱਚੇ ਨੇ ਜਨਮ ਲਿਆ। ਜਿਸ ਦਾ ਪਿਆਰ ਨਾਲ ਨਾਮ ਟਿੰਕੂ ਰੱਖਿਆ ਗਿਆ। ਟਿੰਕੂ ਇਸ ਸਮੇਂ ਮਸਾਂ ਚਾਰ ਸਾਲ ਦਾ ਮਾਸੂਮ ਹੀ ਸੀ। ਹਾਲੀ ਉਸ ਦੇ ਚਾਅ ਪੂਰੇ ਵੀ ਨਹੀਂ ਸਨ ਕੀਤੇ ਗਏ ਕਿ ਇਹ ਸਬੱਬ ਬਣ ਗਿਆ।
ਦੇਵ ਭਾਟੀਆ ਇਕ ਸਰਕਾਰੀ ਦਫ਼ਤਰ ਵਿਚ ਨੌਕਰੀ ਕਰਦਾ ਸੀ। ਉਹ ਬਹੁਤ ਹੀ ਸਬਰ ਵਾਲਾ ਬੰਦਾ ਸੀ। ਉਸ ਨੂੰ ਜੋ ਵੀ ਮਿਲ ਰਿਹਾ ਸੀ ਉਸੇ ਨਾਲ ਹੀ ਉਹ ਪ੍ਰਮਾਤਮਾ ਦਾ ਸ਼ੁਕਰ ਗੁਜ਼ਾਰ ਸੀ।ਉਹ ਆਪਣੀ ਪਤਨੀ ਕਮਲਾ ਅਤੇ ਬੇਟੇ ਟਿੰਕੂ ਨਾਲ ਬਹੁਤ ਹੀ ਸਹਿਜ ਦੀ ਜ਼ਿੰਦਗੀ ਬਸਰ ਕਰ ਰਿਹਾ ਸੀ। ਉਹ ਕਮਲਾ ਦੀ ਹਰ ਗੱਲ ਮੰਨਦਾ ਸੀ। ਉਸ ਦੀ ਕਿਸੇ ਗੱਲ ਨੂੰ ਭੂੰਜੇ ਨਹੀਂ ਸੀ ਪੈਣ ਦਿੰਦਾ। ਪਰ ਕਮਲਾ ਦੇ ਸੁਪਨੇ ਕੁਝ ਉੱਚੇ ਸਨ। ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉੱਚੀਆਂ ਉਡਾਰੀਆਂ ਮਾਰਨਾ ਚਾਹੁੰਦੀ ਸੀ ਪਰ ਉਸ ਦੀ ਪੇਸ਼ ਕੋਈ ਨਹੀਂ ਸੀ ਜਾਂਦੀ। ਗ੍ਰਹਿਸਥੀ ਨੇ ਜਿਵੇਂ ਉਸ ਦੇ ਪੈਰਾਂ ਵਿਚ ਜੰਜੀਰਾਂ ਪਾ ਰੱਖੀਆਂ ਸਨ। ਫਿਰ ਵੀ ਉਹ ਆਪਣੇ ਕੰਨ ਚੌਕਸ ਅਤੇ ਨਜ਼ਰ ਤਿੱਖੀ ਰੱਖਦੀ ਸੀ, ਜੇ ਕਿਧਰੇ ਕੋਈ ਕੰਮ ਬਣ ਜਾਏ ਤਾਂ ਉਨ੍ਹਾਂ ਦੀ ਕਿਸਮਤ ਖੁਲ੍ਹ ਜਾਏ।
ਰੱਬ ਨੇ ਇਕ ਦਿਨ ਕਮਲਾ ਦੀ ਸੁਣ ਲਈ। ਉਸ ਨੂੰ ਲੱਗਿਆ ਕਿ ਉਸ ਦੀ ਕਿਸਮਤ ਦੇ ਦਰਵਾਜ਼ੇ ਖੁਲ੍ਹ ਰਹੇ ਹਨ। ਇਕ ਦਿਨ ਜਦ ਦੇਵ ਦਫ਼ਤਰੋਂ ਛੁੱਟੀ ਕਰ ਕੇ ਘਰ ਆਇਆ ਤਾਂ ਕਮਲਾ ਬਹੁਤ ਖ਼ੁਸ਼ ਸੀ।
ਦੇਵ ਨੇ ਪੁੱਛਿਆ –“ਕੀ ਗੱਲ ਅੱਜ ਬਹੁਤ ਚਹਿਕ ਰਹੀ ਹੈਂ?”
“ਗੱਲ ਹੀ ਕੁਝ ਐਸੀ ਹੈ।”
“ਪਰ ਪਤਾ ਤਾਂ ਲੱਗੇ ਕੀ ਗੱਲ ਹੈ?”
ਕਮਲਾ ਨੇ ਐਤਵਾਰ ਦਾ ਅਜੀਤ ਅਖ਼ਬਾਰ ਕੱਢ ਕੇ ਉਸ ਵਿਚੋਂ ਇਕ ਇਸ਼ਤਿਹਾਰ ਦੇਵ ਦੇ ਸਾਹਮਣੇ ਰੱਖ ਦਿੱਤਾ। ਲਿਖਿਆ ਸੀ-‘ਕਨੇਡਾ ਵਿਚ ਦੋ ਬੱਚਿਆਂ ਨੂੰ ਮਿਊਜ਼ਿਕ ਸਿਖਾਉਣ ਲਈ ਇਕ ਇਕੱਲੀ ਲੜਕੀ ਚਾਹੀਦੀ ਹੈ। ਖਾਣਾ ਪੀਣਾ ਅਤੇ ਰਿਹਾਇਸ਼ ਮੁਫ਼ਤ। ਉਸ ਦੇ ਪਾਸਪੋਰਟ, ਵੀਜ਼ੇ ਅਤੇ ਟਿਕਟ ਦਾ ਖ਼ਰਚਾ ਵੀ ਸਾਡੇ ਵਲੋਂ ਕੀਤਾ ਜਾਏਗਾ।’
“ਇਸ ਵਿਚ ਮੈਂ ਕੀ ਕਰਾਂ?” ਦੇਵ ਨੇ ਪੁੱਛਿਆ।
“ਜੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਿਉਜ਼ਿਕ ਦੀ ਚਾਰ ਸਾਲ ਦੀ ਡਿਗਰੀ ਲਈ ਹੈ ਅਤੇ ਮੈਨੂੰ ਕਈ ਮਿਉਜ਼ਿਕ ਇੰਸਟਰੂਮੈਂਟ ਵਜਾਉਣੇ ਵੀ ਆਉਂਦੇ ਹਨ। ਇਸ ਲਈ ਮੈਂ ਅੱਜ ਉਨ੍ਹਾਂ ਦੇ ਲਿਖੇ ਪਤੇ ਤੇ ਗਈ ਸੀ।” 
“ਕੀ ਕਰਨ?”
“ਉਹ ਹੋ ਇਕ ਤਾਂ ਤੁਸੀਂ ਗੱਲ ਨੂੰ ਸਮਝਦੇ ਹੀ ਨਹੀਂ।”
“ਉਹ ਝੱਲੀ ਨਾ ਹੋਵੇ ਤਾਂ। ਜਾ, ਜਾ ਕੇ ਕੋਈ ਹੋਰ ਕੰਮ ਕਰ।”
“ਜੀ ਉਹ ਮੈਨੰ ਰੱਖਣ ਲਈ ਮੰਨ ਗਏ ਹਨ ।”
“ਤੂੰ ਇਕੱਲ੍ਹੀ ਥੋੜ੍ਹੀ ਹੈਂ। ਇੱਥੇ ਤੇਰਾ ਘਰ ਵਾਲਾ ਹੈ । ਮਾਸੂਮ ਜਿਹਾ ਚਾਰ ਸਾਲ ਦਾ ਬੱਚਾ ਹੈ। ਸਾਨੂੰ ਕਿੱਥੇ ਛੱਡੇਂਗੀ?”
“ਜੀ ਮੈਂ ਉਨ੍ਹਾਂ ਨੂੰ ਆਪਣੇ ਬਾਰੇ ਸਾਰਾ ਕੁਝ ਦੱਸ ਦਿੱਤਾ ਹੈ। ਉਹ ਹਾਲੀ ਮੈਨੂੰ ਇਕੱਲੀ ਨੂੰ ਹੀ ਲਿਜਾਣ ਲਈ ਰਾਜੀ ਹੋਏ ਹਨ।”
“ਫਿਰ ਸਾਡਾ ਕੀ ਬਣੇਗਾ? ਟਿੰਕੂ ਨੂੰ ਕੋਣ ਸੰਭਾਲੇਗਾ?”
“ਤੁਸੀਂ ਜ਼ਰਾ ਸਬਰ ਨਾਲ ਸੋਚੋ। ਉਨ੍ਹਾਂ ਨੇ ਕਹਿ ਦਿੱਤਾ ਹੈ ਕਿ ਅਗਲੇ ਸਾਲ ਉਹ ਤੁਹਾਨੂੰ ਅਤੇ ਟਿੰਕੂ ਨੂੰ ਵੀ ਉੱਥੇ ਬੁਲਾ ਲੈਣਗੇ ਅਤੇ ਤੁਹਾਡੀ ਨੌਕਰੀ ਦਾ ਵੀ ਬੰਦੋਬਸਤ ਕਰ ਦੇਣਗੇ।”
“ਮੇਰੇ ਇਕੱਲੇ ਕੋਲੋਂ ਟਿੰਕੂ ਨੂੰ ਨਹੀਂ ਸੰਭਾਲ ਹੋਣਾ। ਮੈਂ ਦਫ਼ਤਰ ਜਾਵਾਂਗਾ ਜਾਂ ਟਿੰਕੂ ਨੂੰ ਸੰਭਾਲਾਂਗਾ? ਇਹ ਤਾਂ ਅੱਡੀਆਂ ਚੁੱਕ ਕੇ ਫ਼ਾਂਸੀ ਲੈਣ ਵਾਲੀ ਗੱਲ ਹੈ। ਤੂੰ ਆਪਣੀ ਕਬਰ ਆਪ ਖੋਦ ਰਹੀ ਹੈਂ। ਫਿਰ ਇਸ ਗੱਲ ਦਾ ਕੀ ਭਰੋਸਾ ਕਿ ਉਹ ਆਪਣੀ ਗੱਲ ਤੇ ਕਾਇਮ ਰਹਿਣਗੇ? ਮੈਨੂੰ ਕੁਝ ਨਹੀਂ ਮੰਜ਼ੂਰ। ਬਸ ਮੇਰੀ ਨਾਂਹ ਹੀ ਨਾਂਹ ਹੈ।”
“ਅੱਛਾ ਚਲੋ ਜੇ ਸਾਲ ਬਾਅਦ ਉਨ੍ਹਾਂ ਤੁਹਾਨੂੰ ਨਾ ਬੁਲਾਇਆ ਤਾਂ ਮੈਂ ਵੀ ਵਾਪਸ ਆ ਜਾਵਾਂਗੀ। ਆਪਣਾ ਟਿੰਕੂ ਹੁਣ ਚਾਰ ਸਾਲ ਦਾ ਹੋ ਗਿਆ ਹੈ। ਅਸੀਂ ਇਸ ਨੂੰ ਕਰੈਚ ਵਿਚ ਪਾ ਦਿਆਂਗੇ। ਤੁਸੀਂ ਦਫ਼ਤਰ ਜਾਂਦੇ ਹੋਏ ਇਸ ਨੂੰ ਛੱਡ ਜਾਇਆ ਕਰੋ ’ਤੇ ਵਾਪਸੀ ਤੇ ਨਾਲ ਹੀ ਲੈਂਦੇ ਆਇਆ ਕਰੋ। ਬਾਕੀ ਘਰ ਦੇ ਕੰਮ ਵਿਚ ਤੁਸੀਂ ਪਹਿਲਾਂ ਹੀ ਬਹੁਤ ਹੁਸ਼ਿਆਰ ਹੋ। ਰੋਟੀ ਬਣਾਉਣੀ ਤੁਹਾਨੂੰ ਆਉਂਦੀ ਹੀ ਹੈ। ਔਖੇ ਸੌਖੇ ਸਾਲ ਕੱਟ ਲਿਆ ਜੇ। ਇਕ ਵਾਰੀ ਮੇਰੇ ਪੈਰ ਉੱਥੇ ਜੰਮ ਗਏ ਫਿਰ ਸਾਡੀਆਂ ਮੌਜਾਂ ਹੀ ਮੌਜਾਂ।”
“ਐੇਵੇਂ ਨਾ ਤੂੰ ਹਵਾਈ ਕਿਲੇ ਬਣਾ। ਲੋਕੀ ਤਾਂ ਪੈਰ ਤੇ ਕੁਹਾੜਾ ਮਰਦੇ ਹਨ ਪਰ ਤੂੰ ਤਾਂ ਕੁਹਾੜੇ ’ਤੇ ਹੀ ਪੈਰ ਮਾਰਨ ਡਹੀਂ ਹੈਂ। ਯਾਦ ਰੱਖ ਜੇ ਉੱਥੇ ਤੈਨੂੰ ਕੋਈ ਸਮੱਸਿਆ ਬਣ ਗਈ ਤਾਂ ਮੈਂ ਇਥੋਂ ਕੁਝ ਨਹੀਂ ਕਰ ਸੱਕਣਾ। ਆਪਣਾ ਛੋਟਾ ਜਿਹਾ ਪਰਿਵਾਰ ਕਿੱਡਾ ਸੋਹਣਾ ਚਲ ਰਿਹਾ ਹੈ। ਕਿਸੇ ਕਿਸਮ ਦੀ ਕੋਈ ਕਮੀ ਨਹੀਂ। ਬਸ ਮੇਰੀ ਨਾਂਹ ਹੀ ਨਾਂਹ ਹੈ। ਮੇਰੇ ਨਾਲ ਇਸ ਵਿਸ਼ੇ ’ਤੇ ਹੋਰ ਕੋਈ ਗੱਲ ਕਰਨ ਦੀ ਲੋੜ ਨਹੀਂ।” ਇਨ੍ਹਾਂ ਕਹਿੰਦੇ ਹੋਏ ਦੇਵ ਨੇ ਮੂੰਹ ਦੂਜੇ ਪਾਸੇ ਮੋੜ ਲਿਆ।
“ਕਹਿੰਦੇ ਹਨ ਕਿ ਕਿਸੇ ਚੀਜ਼ ਦੀ ਕਮੀ ਨਹੀਂ…. ਤੇ ਘਰ ਵਿਚ ਹੈ ਵੀ ਕੀ? ਅਸੀਂ ਚਾਰ ਜਣਿਆਂ ਵਿਚ ਖਲੋਣ ਜੋਗੇ ਵੀ ਨਹੀਂ। ਨਾ ਸਾਡੇ ਕੋਲ ਕਾਰ ਹੈ ਨਾ ਮਕਾਨ ਹੈ।……ਅਖੇ ਸੋਹਣੀ ਜ਼ਿੰਦਗੀ ਚੱਲ ਰਹੀ ਹੈ….ਬਸ ਸਾਦੀ ਰੋਟੀ ਖਾਈ ਚੱਲੋ ਤੇ ਜੀਵੀ ਚਲੋ…..ਸਾਡੀ ਵੀ ਕੋਈ ਜ਼ਿੰਦਗੀ ਹੈ?” ਉਹ ਬੁੜ ਬੁੜ ਕਰਦੀ ਹੋਈ ਆਖ਼ਿਰ ਚੁੱਪ ਕਰ ਗਈ। ਦੋਵੇਂ ਆਪਣੀ ਆਪਣੀ ਗੱਲ ’ਤੇ ਅੜੇ ਰਹੇ ਅਤੇ ਤਿੰਨ ਦਿਨ ਤੱਕ ਉਹ ਆਪਸ ਵਿਚ ਕੁਝ ਨਾ ਬੋਲੇ।
ਆਖਿਰ ਨਾ ਚਾਹੁੰਦੇ ਹੋਏ ਅਤੇ ਘਰ ਦਾ ਕਲੇਸ਼ ਖਤਮ ਕਰਨ ਲਈ ਦੇਵ ਨੂੰ ਹਾਰ ਮੰਨਣੀ ਪਈ। ਦੋਵਾਂ ਨੇ ਜਾ ਕੇ ਵੀਰਾਂ ਵਾਲੀ ਨੂੰ ਆਪਣੀ ਸਹਿਮਤੀ ਦੇ ਦਿੱਤੀ। ਵੀਰਾਂ ਵਾਲੀ ਇਕ ਅਮੀਰ ਔਰਤ ਸੀ ਅਤੇ ਸਰਕਾਰੀ ਦਰਬਾਰੇ ਵੀ ਉਸ ਦੀ ਚੰਗੀ ਪਹੁੰਚ ਸੀ। ਉਸ ਨੇ ਕੁਝ ਫਾਰਮਾਂ ਤੇ ਕਮਲਾ ਕੋਲੋਂ ਦਸਤਖਤ ਕਰਵਾਏ ਅਤੇ ਇਕ ਮਹੀਨੇ ਵਿਚ ਹੀ ਕਮਲਾ ਦਾ ਪਾਸਪੋਰਟ ਅਤੇ ਵੀਜ਼ਾ ਬਣ ਕੇ ਘਰ ਆ ਗਏ। ਇਸ ਤੋਂ ਇਕ ਹਫਤੇ ਬਾਅਦ ਹੀ ਉਹ ਕਮਲਾ ਨੂੰ ਨਾਲ ਲੈ ਕੇ ਕਨੇਡਾ (ਸਰੀ) ਲਈ ਉਡਾਰੀ ਮਾਰ ਗਈ। ਪਿੱਛੋਂ ਦੇਵ ਅਤੇ ਟਿੰਕੂ ਨੂੰ ਕੀ ਕੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਇਹ ਇਕ ਵੱਖਰੀ ਕਹਾਣੀ ਹੈ।
ਖੈਰ ਕਮਲਾ ਕਨੇਡਾ ਪਹੁੰਚ ਹੀ ਗਈ। ਇੱਥੇ ਵੀਰਾਂ ਵਾਲੀ ਦਾ ਪਤੀ ਦਲੀਪ ਐਕਸਾਈਜ਼ ਅਫ਼ਸਰ ਲੱਗਾ ਹੋਇਆ ਸੀ। ਉਸ ਦੀ ਸ਼ਕਲ ਹੀ ਬਹੁਤ ਰੋਹਬ ਵਾਲੀ ਸੀ। ਕਮਲਾ ਕਦੀ ਉਸ ਦੇ ਚਿਹਰੇ ਵੱਲ ਨਜ਼ਰ ਮਿਲਾ ਕੇ ਦੇਖ ਵੀ ਨਾ ਸਕਦੀ। ਜੇ ਕਦੀ ਉਹ ਉਸ ਨੂੰ ਬੁਲਾਉਂਦਾ ਵੀ ਤਾਂ ਉਹ ਜ਼ਮੀਨ ਵੱਲ ਨਜ਼ਰ ਕਰ ਕੇ ਹੀ ਜਵਾਬ ਦਿੰਦੀ। ਵੀਰਾਂ ਵਾਲੀ ਆਪ ਵੀ ਕਿਸੇ ਸਰਕਾਰੀ ਦਫ਼ਤਰ ਵਿਚ ਲੱਗੀ ਹੋਈ ਸੀ। ਦੋਹਾਂ ਦੀਆਂ ਆਪਣੀਆਂ ਵੱਖਰੀਆਂ ਵੱਖਰੀਆਂ ਕਾਰਾਂ ਸਨ। ਕੋਠੀ ਆਪਣੀ ਸੀ। ਦੋ ਬੱਚੇ ਸਨ- ਇਕ ਸਤ ਸਾਲ ਦਾ ਅਮਨ ਅਤੇ ਦੂਜਾ ਦੋ ਸਾਲ ਦਾ ਰਮਨ। ਘਰ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਸੀ।
ਉਨ੍ਹਾਂ ਨੇ ਪਹਿਲੇ ਕੁਝ ਦਿਨ ਕਮਲਾ ਨੂੰ ਕਨੇਡਾ ਦੀਆਂ ਮਸ਼ਹੂਰ ਥਾਵਾਂ ਦੀ ਸੈਰ ਕਰਾਈ। ਦੋ ਬੀਚ (ਸਮੁੰਦਰੀ ਕਿਨਾਰੇ) ਦਿਖਾਏ। ਬੀਅਰ ਕਰੀਕ ਪਾਰਕ ਅਤੇ ਡੱਕ ਪਾਰਕ ਦਿਖਾਏ। ਦੋ ਤਿੰਨ ਗੁਰਦਵਾਰਿਆਂ ਦੇ ਵੀ ਦਰਸ਼ਨ ਕਰਵਾਏ। ਕਮਲਾ ਨੂੰ ਇਹ ਸਭ ਕੁਝ ਬਹੁਤ ਚੰਗਾ ਲੱਗਾ। ਜਿਵੇਂ ਉਸ ਨੇ ਸੋਚਿਆ ਸੀ ਸਰੀ (ਕਨੇਡਾ) ਉਸ ਦੇ ਸੁਪਨਿਆਂ ਵਰਗਾ ਹੀ ਦੇਸ਼ ਸੀ। ਉਸ ਨੂੰ ਲੱਗਿਆ ਜਿਵੇਂ ਉਹ ਇਹ ਸਾਰੇ ਦ੍ਰਿਸ਼ ਰੰਗਦਾਰ ਐਨਕਾਂ ਵਿਚੋਂ ਦੇਖ ਰਹੀ ਹੋੋਵੇ। ਇੱਥੋ ਦੀਆਂ ਖੁੱਲੀਆਂ ਡੁੱਲੀਆਂ ਸੜਕਾਂ, ਸਾਫ ਹਵਾ, ਕੋਈ ਸ਼ੋਰ ਸਰਾਬੇ ਨਹੀਂ,  ਖੁੱਲ੍ਹੇ ਡੁੱਲੇ ਮਕਾਨ ਫੁੱਲਾਂ ਨਾਲ ਸਜੇ ਹੋਏ ਲਾਅਨ ੳਤੇ ਸੋਹਣੇ ਸੋਹਣੇ ਲੋਕ ਉਸ ਦਾ ਮਨ ਮੋਹੰਦੇ ਸਨ। ਉਸ ਦਾ ਮਨ ਕਰਦਾ ਕਿ ਉਹ ਉਨ੍ਹਾਂ ਲੋਕਾਂ ਨਾਲ ਜਾ ਕੇ ਪੰਜਾਬੀ ਵਿਚ ਗੱਲ ਬਾਤ ਕਰੇ ਪਰ ਵੀਰਾਂ ਵਾਲੀ ਦੇ ਟੱਬਰ ਦੇ ਨਾਲ ਹੁੰਦਿਆਂ ਉਹ ਅਲੱਗ ਹੋ ਕੇ ਕਿਸੇ ਨਾਲ ਕੋਈ ਗੱਲ ਨਹੀਂ ਸੀ ਕਰ ਸਕਦੀ।
ਜਦ ਵੀਰਾਂ ਵਾਲੀ ਨੇ ਘਰ ਦਾ ਕੋਈ ਕੰਮ ਕਰਨਾ ਤਾਂ ਕਮਲਾ ਵੀ ਉਸ ਦਾ ਹੱਥ ਵਟਾਉਂਦੀ ਪਰ ਵੀਰਾਂ ਵਾਲੀ ਦੇ ਮਨਾ ਕਰਨ ਤੇ ਉਹ ਕਹਿੰਦੀ-“ਮੈਂ ਤੁਹਾਡੀ ਛੋਟੀ ਭੈਣ ਹਾਂ ਜੇ ਤੁਸੀਂ ਇਹ ਕੰਮ ਕਰ ਸਕਦੇ ਹੋ ਤਾਂ ਮੈਂਂ ਕਿਉਂ ਨਹੀਂ ਕਰ ਸਕਦੀ।” ਇਸ ਤੇ ਵੀਰਾਂ ਵਾਲੀ ਹੱਥਲਾ ਕੰਮ ਉਸ ਨੂੰ ਫੜਾ ਦਿੰਦੀ। ਹੌਲੀ ਹੌਲੀ ਵੀਰਾਂ ਵਾਲੀ ਕਿਸੇ ਨਾ ਕਿਸੇ ਬਹਾਨੇ ਕੰਮ ਤੋਂ ਪਰੇ ਹਟਦੀ ਗਈ ਅਤੇ ਕਮਲਾ ਦਾ ਕੰਮ ਵਧਦਾ ਗਿਆ। ਇਕ ਮਹੀਨੇ ਵਿਚ ਹੀ ਘਰ ਦਾ ਸਾਰਾ ਕੰਮ ਕਮਲਾ ਸਿਰ ਆ ਪਿਆ।ਉਸ ਨੇ ਸਵੇਰੇ ਉੱਠ ਕੇ ਸਭ ਨੂੰ ਬੈਡ ਟੀ ਦੇਣੀ ਅਤੇ ਰਮਨ ਨੂੰ ਦੱੁਧ ਦਾ ਕੱਪ ਦੇਣਾ।ਫਿਰ ਸਭ ਦਾ ਨਾਸ਼ਤਾ ਤਿਆਰ ਕਰਨਾ ਸਭ ਨੂੰ ਦਫ਼ਤਰ ਤੋਰਨਾ ਅਤੇ ਅਮਨ ਨੂੰ ਸਕੂਲ ਭੇਜਣਾ। ਫਿਰ ਰਮਨ ਨੂੰ ਨੁਹਾ ਕੇ ਸਾਰੇ ਘਰ ਦੀ ਸਫ਼ਾਈ ਕਰਨ, ਬਰਤਨ ਸਾਫ ਕਰਨੇ ਅਤੇ ਕੱਪੜੇ ਧੋਣੇ। ਇਥੋਂ ਤੱਕ ਕਿ ਅਮਨ ਦੇ ਪੋਟੀਆਂ ਵਾਲੇ ਕੱਪੜੇ ਵੀ ਉਸ ਨੂੰ ਹੀ ਧੋਣੇ ਪੈਂਦੇ। ਫਿਰ ਸ਼ਾਮ ਹੋ ਜਾਣੀ ਅਤੇ ਦਲੀਪ ਅਤੇ ਵੀਰਾਂ ਵਾਲੀ ਦਾ ਦਫ਼ਤਰੋਂ ਮੁੜਨਾ ਅਤੇ ਉਨ੍ਹਾਂ ਨੂੰ ਚਾਹ ਪਾਣੀ ਦੇਣਾ। ਫਿਰ ਰਾਤ ਦੀ ਰੋਟੀ ਦਾ ਜੁਗਾੜ ਕਰਨਾ ਆਦਿ। ਇਸ ਤਰ੍ਹਾਂ ਰਾਤ ਦੇ ਗਿਆਰਾਂ ਵਜੇ ਜਾ ਕੇ ਕਿਤੇ ਕਮਲਾ ਨੂੰ ਬਿਸਤਰ ਨਸੀਬ ਹੁੰਦਾ। ਹੁਣ ਵੀਰਾਂ ਵਾਲੀ ਕਿਸੇ ਕੰਮ ਨੂੰ ਹੱਥ ਨਾ ਲਾਉਂਦੀ ਸਗੋਂ ਕਮਲਾ ਤੇ ਹੁਕਮ ਚਲਾਉਂਦੀ। ਹੁਣ ਕਮਲਾ ਨੂੰ ਵੀ ਅਹਿਸਾਸ ਹੋਣਾ ਸ਼ੁਰੂ ਹੋ ਗਿਆ ਕਿ ਉਹ ਤਾਂ ਇਸ ਘਰ ਵਿਚ ਨੌਕਰਾਣੀ ਬਣ ਕੇ ਹੀ ਰਹਿ ਗਈ ਹੈ। ਇਹ ਸੋਚ ਕੇ ਉਸ ਨੂੰ ਆਪਣੇ ਆਪ ਤੇ ਬਹੁਤ ਸ਼ਰਮਿੰਦਗੀ ਆਉਂਦੀ। ਉਸ ਦਾ ਆਪਣਾ ਰਾਜ-ਭਾਗ ਖੁੱਸ ਚੁੱਕਾ ਸੀ ਅਤੇ ਉਹ ਇਸ ਸੋਹਣੇ ਮੁਲਕ ਵਿਚ ਕੈਦ ਹੋ ਕੇ ਹੀ ਰਹਿ ਗਈ ਸੀ। ਮਿਉਜ਼ਿਕ ਟੀਚਰ ਦੇ ਤੋਰ ਤੇ ਉਸ ਨੂੰ ਇੱਥੇ ਲਿਆਉਂਦਾ ਗਿਆ ਸੀ ਪਰ ਉਸ ਦਾ ਕੋਈ ਜਿਕਰ ਜਾਂ ਨਾਮ ਨਿਸ਼ਾਨ ਵੀ ਨਹੀਂ ਸੀ।
ਕਮਲਾ ਨੂੰ ਇਸ ਕੈਦ ਵਿਚੋਂ ਨਿਕਲਣ ਦਾ ਕੋਈ ਰਸਤਾ ਨਹੀਂ ਸੀ ਮਿਲ ਰਿਹਾ। ਇਕੱਲੀ ਉਹ ਘਰੋਂ ਬਾਹਰ ਜਾ ਨਹੀਂ ਸੀ ਸੱਕਦੀ। ਉਸ ਦਾ ਪਾਸਪੋਰਟ, ਵੀਜ਼ਾ ਅਤੇ ਹੋਰ ਸਭ ਦਸਤਾਵੇਜ਼ ਪਹਿਲਾਂ ਹੀ ਉਨ੍ਹਾਂ ਕੋਲ ਸਨ। ਉਸ ਦਾ ਮੋਬਾਇਲ ਵੀ ਉਨ੍ਹਾਂ ਨੇ ਲੁਕੋ ਦਿੱਤਾ ਸੀ ਤਾਂ ਕੇ ਉਹ ਪੰਜਾਬ ਵਿਚ ਕਿਸੇ ਨਾਲ ਗੱਲ ਨਾ ਕਰ ਸਕੇ। ਇਸ ਤਰ੍ਹਾਂ ਨੌਕਰਾਂ ਦੀ ਤਰ੍ਹਾਂ ਉੱਥੇ ਕੰਮ ਕਰਦਿਆਂ ਉਸ ਨੂੰ ਦਸ ਮਹੀਨੇ ਬੀਤ ਗਏ। ਉਹ ਅੱਖਾਂ ਵਿਚ ਘਸੂੰਨ ਦੇ ਕੇ ਰੋਂਦੀ ਰਹਿੰਦੀ। ਇੱਥੇ ਉਸ ਦਾ ਆਪਣਾ ਕੋਈ ਵੀ ਨਹੀਂ ਸੀ ਜਿਸ ਨੂੰ ਉਹ ਆਪਣਾ ਦੁੱਖ ਦਸ ਸਕਦੀ। ਇਸ ਕੈਦ ਵਿਚੋਂ ਨਿਕਲਣ ਦੇ ਸਭ ਦਰਵਾਜ਼ੇ ਬੰਦ ਸਨ। ਹੁਣ ਉਸ ਨੂੰ ਆਪਣੇ ਪਤੀ ‘ਦੇਵ’ ਦੀਆਂ ਸੱਚੀਆਂ ਗੱਲਾਂ ਯਾਦ ਆਉਂਦੀਆਂ ਜਿਵੇਂ ‘ਆਪਣੀ ਕਬਰ ਆਪ ਖੋਦਣਾ, ਅੱਢੀਆਂ ਚੁੱਕ ਕੇ ਫਾਂਸੀ ਲੈਣੀ, ਆਪਣੇ ਪੈਰੀਂ ਆਪ ਕੁਹਾੜਾ ਮਾਰਨਾ’ ਆਦਿ। ਇੱਥੇ ਇਸ ਸਮੇਂ ਉਸ ਦਾ ਹਮਦਰਦੀ ਕੋਈ ਵੀ ਨਹੀਂ ਸੀ। ਹੁਣ ਉਸ ਨੂੰ ਸਹਾਰਾ ਸੀ ਤਾਂ ਕੇਵਲ ਪ੍ਰਮਾਤਮਾ ਦਾ ਹੀ ਸੀ। ਉਹ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੀ….ਹੇ ਪ੍ਰਮਾਤਮਾ ਤੂੰ ਮੈਨੂੰ ਇਸ ਨਰਕ ਵਿਚੋਂ ਕੱਢ।ਉਹ ਕਦੀ ਅਰਦਾਸ ਕਰਦੀ ਅਤੇ ਰੱਬ ਨੂੰ ਤਾਅਨਾ ਵੀ ਮਾਰਦੀ ….ਹੇ ਪ੍ਰਭੂ ਤੂੰ ਕਿੱਥੇ ਸੈਂ ਰਿਹਾ ਹੈਂ? ਤੁੰ ਸਭ ਦੀ ਸੁਣਦਾ ਹੈਂ। ਮੇਰੀ ਗ਼ਰੀਬਣੀ ਦੀ ਵੀ ਪੁਕਾਰ ਸੁਣ।
ਆਖ਼ਰ ਇਕ ਦਿਨ ਰੱਬ ਨੇ ਕਮਲਾ ਦੀ ਸੁਣ ਹੀ ਲਈ। ਹੋਇਆ ਇਹ ਕਿ ਇਕ ਦਿਨ ਉਨ੍ਹਾਂ ਦੀ ਗੁਆਂਢਣ ਕਿਸੇ ਕੰਮ ਉਨ੍ਹਾਂ ਦੇ ਘਰ ਆਈ । ਕਮਲਾ ਦੇ ਉਤਰੇ ਹੋਏ ਚਿਹਰੇ ਨੂੰ ਦੇਖ ਕੇ ਉਸ ਨੇ ਕਮਲਾ ਦਾ ਹਾਲ ਪੁੱਛ ਹੀ ਲਿਆ। ਫਿਰ ਕੀ ਸੀ, ਕਮਲਾ ਫਿਸ ਪਈ। ਉਸ ਨੇ ਰੋਂਦੀ ਹੋਈ ਨੇ ਸਾਰਾ ਹਾਲ ਗੁਆਂਢਣ ਨੂੰ ਆਖ ਸੁਣਾਇਆ ਅਤੇ ਤਰਲਾ ਕੀਤਾ ਕਿ ਉਹ ਉਸ ਨੂੰ ਇਸ ਨਰਕ ਵਿਚੋਂ ਨਿਕਲਣ ਲਈ ਉਸ ਦੀ ਮਦਦ ਕਰੇ। ਗੁਆਂਢਣ ਨੂੰ ਉਸ ਤੇ ਤਰਸ ਆ ਗਿਆ। ਉਸ ਨੇ ਉਸੇ ਦਿਨ ਜਾ ਕੇ ਸਕਿਉਰਿਟੀ ਵਾਲਿਆਂ ਨੂੂੰ ਉਨ੍ਹਾਂ ਦੀ ਰਿਪੋਰਟ ਕਰ ਦਿੱਤੀ। ਅਗਲੇ ਦਿਨ ਸਕਿਉਰਿਟੀ ਵਾਲਿਆਂ ਨੇ ਦਲੀਪ ਦੇ ਘਰ ਛਾਪਾ ਮਾਰਿਆ। ਉਨ੍ਹਾਂ ਵਿਚ ਇਕ ਸਿੱਖ ਅਫ਼ਸਰ ਵੀ ਸੀ। ਦਲੀਪ ਸਿੰਘ ਉਨ੍ਹਾਂ ਨੂੰ ਦਸ ਰਿਹਾ ਸੀ ਕਿ ਕਿਸੇ ਨੇ ਉਨ੍ਹਾਂ ਦੀ ਝੂੱਠੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਨਾਲ ਤਾਂ ਵੀਰਾਂ ਵਾਲੀ ਦੀ ਸਿਸਟਰ ਰਹਿ ਰਹੀ ਹੈ। ਇਸ ਸਮੇਂ ਕਮਲਾ ਰਸੋਈ ਵਿਚ ਕੰਮ ਕਰ ਰਹੀ ਸੀ। ਉੇਸ ਨੂੰ ਵੀ ਇਸ ਗੱਲ ਦੀ ਸੂਹ ਲੱਗ ਗਈ ਕਿ ਸਕਿਉਰਿਟੀ ਵਾਲੇ ਉਸ ਬਾਰੇ ਪੁੱਛ ਗਿੱਛ ਕਰਨ ਆਏ ਹਨ। ਜਦ ਉਸ ਦੇ ਕੰਨਾ ਵਿਚ ਅਵਾਜ਼ ਪਈ ਕਿ ਸਿਸਟਰ ਤਾਂ ਉਹ ਭੱਜੀ ਹੋਈ ਡਰਾਇੰਗ ਰੂਮ ਵਿਚ ਆਈ ਅਤੇ ਚਿਲਾਉਣ ਲੱਗੀ…ਨੋ ਸਿਸਟਰ…ਨੋ ਸਿਸਟਰ….ਸਰਵੈਂਟ ਸਰਵੈਂਟ। ਸਕਿਉਰਿਟੀ ਵਾਲੇ ਸਾਰੀ ਗੱਲ ਸਮਝ ਗਏ। ਉਨ੍ਹਾਂ ਨੇ ਕਮਲਾ ਦੇ ਬਿਆਨ ਦਰਜ਼ ਕੀਤੇ। ਦਲੀਪ ਨੂੰ ਭਾਰੀ ਜ਼ੁਰਮਾਨਾ ਠੋਕਿਆ ਅਤੇ ਕਮਲਾ ਦੇ ਸਾਰੇ ਪੇਪਰ ਵਾਪਿਸ ਕਰਵਾਏ। ਕਮਲਾ ਨੂੰ ਅਗਲੇ ਦਿਨ ਹੀ ਜਹਾਜ ਰਾਹੀਂ ਭਾਰਤ ਵਾਪਸ ਭੇਜਣ ਦੇ ਆਡਰ ਕੀਤੇ। ਉਨ੍ਹਾਂ ਦੇਵ ਨੂੰ ਵੀ ਕਮਲਾ ਦੇ ਵਾਪਸ ਪਹੁੰਚਣ ਦੀ ਖ਼ਬਰ ਕਰ ਦਿੱਤੀ ਇਸ ਲਈ ਹਵਾਈ ਅੱਡੇ ਤੇ ਦੇਵ ਤੇ ਟਿੰਕੂ ਉਸ ਨੂੰ ਲੈਣ ਪਹੁੰਚੇ ਹੋਏ ਸਨ। ਤਿੰਨੇ ਇਕ ਦੂਜੇ ਨੂੰ ਗਲਵਕੜੀ ਵਿਚ ਲੈ ਕੇ ਕਾਫ਼ੀ ਦੇਰ ਰੋਂਦੇ ਰਹੇ ਅਤੇ ਦੁੱਖ ਦੀਆਂ ਬੀਤੀਆਂ ਯਾਦਾਂ ਨੂੰ ਧੋਂਦੇ ਰਹੇ। ਇਸ ਤਰ੍ਹਾਂ ਕਮਲਾ ਨੂੰ ਆਪਣਾ ਰਾਜ ਭਾਗ ਦੁਬਾਰਾ ਮਿਲ ਗਿਆ।
***

ਗੁਰਸ਼ਰਨ ਸਿੰਘ ਕੁਮਾਰ
ਮੋਬਾਇਲ:-94631-89432

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
***
1851
***

ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →