19 August 2026
liKhariF

ਸਮਾਜਿਕ ਯਥਾਰਥ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਪੇਸ਼ ਕਰਦਾ: ‘ਟਹਿਕਦਾ ਗੁਲਾਬ’— ਡਾ. ਨਾਇਬ ਸਿੰਘ ਮੰਡੇਰ (ਪ੍ਰਿੰਸੀਪਲ)

ਟਹਿਕਦਾ ਗੁਲਾਬ
ਲੇਖਕ : ਗੁਰਸ਼ਰਨ ਸਿੰਘ ਕੁਮਾਰ
ਪ੍ਰਕਾਸ਼ਨ : ਤਰਲੋਚਨ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 250 ਰੁਪਏ,
ਸਫ਼ੇ : 104
ਸੰਪਰਕ : 94631-89432

ਗੁਰਸ਼ਰਨ ਸਿੰਘ ਕੁਮਾਰ ਦਾ ਕਹਾਣੀ-ਸੰਗ੍ਰਹਿ ‘ਟਹਿਕਦਾ ਗੁਲਾਬ’ ਤੇਰਾਂ ਕਹਾਣੀਆਂ ਦਾ ਗੁਲਦਸਤਾ ਹੈ, ਜਿਸ ਵਿਚ ਸਮਾਜਿਕ, ਪਰਿਵਾਰਕ, ਮਨੋਵਿਗਿਆਨਕ ਅਤੇ ਨੈਤਿਕ ਸਰੋਕਾਰਾਂ ਨੂੰ ਕੇਂਦਰ ਵਿਚ ਰੱਖਿਆ ਗਿਆ ਹੈ। ਸੰਗ੍ਰਹਿ ਦੀਆਂ ਕਹਾਣੀਆਂ ‘ਅਨਮੋਲ’, ‘ਮਨੁੱਖ ਅਤੇ ਕਾਨੂੰਨ’, ‘ਚਾਰ ਦਿਨ ਦੀ ਚਾਨਣੀ’, ‘ਮੈਂ ਨਹੀਂ ਹਰਾਂਗੀ,’ ‘ਕਰਮ ਫਲ’, ‘ਮਾਂ ਦਾ ਵਿਆਹ’, ‘ਬੁਢਾਪੇ ਦਾ ਸਹਾਰਾ’, ‘ਪਹਿਲਗਾਮ’, ਅਤੇ ‘ਵਿਚਾਰੀ ਅੰਮਾ’, ਮੈਂ ਫਿਰ ਆਵਾਂਗੀ’, ‘ਟਹਿਕਦਾ ਗੁਲਾਬ’, ‘ਹਾਦਸੇ ਅਤੇ ਹੌਸਲੇ’, ‘ਕਿਸ ਤੇ ਮਾਣ ਕਰਾਂ’, ‘ਤਾਂ ਕਿ ਪਿਆਰ ਬਣਿਆ ਰਹੇ’, ਆਦਿ ਕਥਾਵਾਂ ਰਾਹੀਂ ਮਨੁੱਖੀ ਜੀਵਨ ਦੀਆਂ ਵਿਡੰਬਨਾਵਾਂ, ਰਿਸ਼ਤਿਆਂ ਦੀ ਨਾਜ਼ੁਕਤਾ, ਨਸ਼ਿਆਂ ਦੇ ਮਾਰੂ ਪ੍ਰਭਾਵ, ਅੱਤਵਾਦ ਕਾਰਨ ਪੈਦਾ ਹੋਏ ਸਮਾਜਿਕ ਸੰਕਟਾਂ ਅਤੇ ਨੌਜਵਾਨ ਪੀੜ੍ਹੀ ਸਾਹਮਣੇ ਖੜ੍ਹੀਆਂ ਚੁਣੌਤੀਆਂ ਨੂੰ ਪੇਸ਼ ਕਰਦੀਆਂ ਹਨ।

ਲੇਖਕ ਨੇ ਇਸ ਸੰਗ੍ਰਹਿ ਤੋਂ ਪਹਿਲਾਂ ਵੀ ਦੋ ਕਹਾਣੀ ਸੰਗ੍ਰਹਿ ‘ਮਤਰੇਈ ਪਤਨੀ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ਤੋਂ ਇਲਾਵਾ ਨੌਂ ਪੁਸਤਕਾਂ: ਪੇ੍ਰਣਾਦਾਇਕ ਲੇਖ ਸੰਗ੍ਰਹਿ ਸਾਹਿਤ ਦੀ ਝੋਲੀ ਪਾਏ ਹਨ।

ਇਸ ਸੰਗ੍ਰਹਿ ਦੀਆਂ ਕਈ ਕਹਾਣੀਆਂ ਵਿਚ ਜੀਵਨ ਨੂੰ ਸਹੀ ਦਿਸ਼ਾ ਦੇਣ ਵਾਲੇ ਪ੍ਰੇਰਨਾਦਾਇਕ ਸੰਦੇਸ਼ ਵੀ ਦਿੱਤੇ ਹਨ। ਤਕਨੀਕੀ ਪੱਖ ਤੋਂ ਵੇਖਿਆ ਜਾਵੇ ਤਾਂ ਕਹਾਣੀਆਂ ਦੀ ਕਥਾ-ਵਸਤੂ ਸੰਖੇਪ ਪਰ ਪ੍ਰਭਾਵਸ਼ਾਲੀ, ਪਾਤਰ-ਚਿੱਤਰਣ ਯਥਾਰਥਕ, ਸੰਵਾਦ ਸਹਿਜ ਅਤੇ ਪ੍ਰਸੰਗ ਅਨੁਕੂਲ ਹਨ। ਲੇਖਕ ਨੇ ਪ੍ਰਤੀਕ, ਸੰਕੇਤ ਜੀਵਨ ਅਨੁਭਵਾਂ ਦੀ ਵਰਤੋਂ ਕਰਕੇ ਕਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਇਆ ਹੈ। ਭਾਵੇਂ ਕੁਝ ਕਹਾਣੀਆਂ ਵਿਚ ਉਪਦੇਸ਼ਾਤਮਿਕ ਰੁਝਾਨ ਵੱਧ ਹੈ, ਪਰ ਇਹ ਉਪਦੇਸ਼, ਕਥਾ ਦੇ ਪ੍ਰਵਾਹ ਵਿਚ ਹੀ ਰਚੇ ਬਸੇ ਹਨ ਅਤੇ ਪਾਠਕ ਨੂੰ ਸੋਚਣ ਲਈ ਪ੍ਰੇਰਿਤ ਕਰਦੇ ਹਨ।

ਸਮਾਜਿਕ ਚੇਤਨਾ, ਮਨੁੱਖੀ ਮੁੱਲਾਂ ਦੀ ਸਥਾਪਨਾ ਅਤੇ ਸਾਕਾਰਾਤਮਿਕ ਜੀਵਨ ਦ੍ਰਿਸ਼ਟੀ ਇਸ ਸੰਗ੍ਰਹਿ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਸਮੁੱਚੇ ਤੌਰ ‘ਤੇ ‘ਟਹਿਕਦਾ ਗੁਲਾਬ’ ਇੱਕ ਅਜਿਹਾ ਕਹਾਣੀ ਸੰਗ੍ਰਹਿ ਹੈ, ਜੋ ਕਹਾਣੀ- ਕਲਾ ਦੀਆਂ ਮੂਲ ਵਿਸ਼ੇਸ਼ਤਾਵਾਂ ਨੂੰ ਨਿਭਾਉਂਦਿਆਂ ਸਮਾਜਿਕ ਯਥਾਰਥ ਅਤੇ ਮਨੁੱਖੀ ਸੰਵੇਦਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਦਾ ਹੈ।
***
-ਡਾ. ਨਾਇਬ ਸਿੰਘ ਮੰਡੇਰ ( ਪ੍ਰਿੰਸੀਪਲ)
ਮੋਬਾਈਲ : 081684-55601

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1915
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ