|
ਸਮਾਗਮ ਦਾ ਇੱਕ ਪੱਖ ਇਹ ਵੀ ਰਿਹਾ ਕਿ ਇਹ ਸਾਲ ਸ੍ਰੀ ਮਤੀ ਪਤਵੰਤ ਕੌਰ ਜੀ ਪੰਨੂੰ ਦਾ ਵੀ 90ਵਾਂ ਜਨਮ-ਵਰ੍ਹਾ ਹੈ। ਭਾਵ ਓਹ 70 ਕੁ ਸਾਲ ਜ਼ਿੰਦਗੀ ਦੇ ਹਰ ਖੇਤਰ ’ਚ, ਪੰਨੂੰ ਸਾਹਿਬ ਦੇ ਕਦਮ ਨਾਲ਼ ਕਦਮ ਮਿਲਾ ਕੇ ਚੱਲੇ ਹਨ। ਪੰਨੂੰ ਸਾਹਿਬ ਵਰਗੇ ਅਨੁਸਸ਼ਨੀ ਇਨਸਾਨ ਦੇ ਕਦਮ ਨਾਲ਼ ਕਦਮ ਮਿਲਾ ਕੇ ਚੱਲਣਾ ਬਹੁਤ ਵੰਗਾਰ ਭਰਿਆ ਕੰਮ ਹੁੰਦਾ ਹੈ। ਸਰਦਾਰਨੀ ਪਤਵੰਤ ਪੰਨੂੰ ਨੇ ਨਾ ਕੇਵਲ ਆਪਣਾ ਇਹ ਫਰਜ ਸਫਲਤਾ ਨਾਲ਼ ਨਿਭਾਇਆ ਹੈ ਸਗੋਂ ਉਸ ਨੇ ਪੰਨੂੰ ਸਾਹਿਬ ਨੂੰ ਘਰੇਲੂ ਸਾਰੇ ਫਰਜਾਂ ਦੇ ਹਰ ਪੱਖ ਤੋਂ ਸੋਚ ਮੁਕਤ ਰੱਖਿਆ। ਇਸ ਦੇ ਨਾਲ਼-ਨਾਲ਼ ਉਨ੍ਹਾਂ ਦੀ ਸਭ ਤੋਂ ਛੋਟੀ ਨੂੰਹ ਰਾਣੀ ਦੀ ਮਾਤਾ ਜੀ, ਸਤਿਕਾਰ-ਯੋਗ ਸ਼੍ਰੀ ਮਤੀ ਸੁਰਿੰਦਰ ਕੌਰ ਗਿੱਲ ਨੇ ਵੀ ਇਸ ਦਿਨ 90 ਸਾਲ ਦੀ ਸਮਾਪਤੀ ਰੇਖਾ ਪਾਰ ਕਰ ਲਈ ਹੈ। ਉਹ ਵੀ ਇਸ ਸਮਾਗਮ ਵਿੱਚ ਹਾਜ਼ਰ ਰਹੇ। ਪੰਨੂੰ-ਜੋੜੀ ਜਿੰਨੀ ਭਾਗਵਾਨ ਦੁਨਿਆਵੀ ਪੱਖੋਂ ਹੈ, ਓਨੀ ਹੀ ਪਰਿਵਾਰਕ ਪੱਖੋਂ ਵੀ ਹੈ। 207 ਤੋਂ ਵੱਧ ਉਨ੍ਹਾਂ ਦੇ ਮਿੱਤਰ-ਪਿਆਰਿਆਂ ਅਤੇ ਰਿਸ਼ਤੇਦਾਰਾਂ ਨੇ ਰਲ਼ਕੇ ਇਨ੍ਹਾਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਸਾਰਿਆਂ ਦੀ ਹਾਜ਼ਰੀ ਨਾਲ਼ ਸਮਾਗਮ ਨੂੰ ਚਾਰ ਚੰਨ ਲੱਗ ਗਏ। ਹੈਰਾਨੀ-ਜਨਕ ਗੱਲ ਇਹ ਹੈ ਕਿ ਪੰਨੂੰ ਸਾਹਿਬ, ਇੱਕ ਪਛੜੇ ਹੋਏ ਪਿੰਡ ’ਚ ਜੰਮੇ-ਪਲ਼ੇ, ਅਫਸਰੀ ਉਨ੍ਹਾਂ ਨੇ ਬੀ.ਐੱਸ.ਐੱਫ ’ਚ ਕੀਤੀ ਪਰ ਪ੍ਰਸਿੱਧੀ ਕੰਪਿਊਟਰ ਦੇ ਖੇਤਰ ਵਿੱਚ ਕੈਨੇਡਾ ਆ ਕੇ ਪ੍ਰਾਪਤ ਕੀਤੀ। ਇਹ ਉਨ੍ਹਾਂ ਦਾ ਨਿਰਾਲਾ ਕਰਤੱਬ ਹੈ।
ਮੇਰੀ ਕਲਮ ਸਮਰੱਥ ਨਹੀਂ ਕਿ ਉਨ੍ਹਾਂ ਦੀਆਂ ਸਮੁੱਚੀਆਂ ਪ੍ਰਾਪਤੀਆਂ ਬਾਰੇ ਗੱਲ ਕਰ ਸਕੇ। ਉਨ੍ਹਾਂ ਬਾਰੇ ਗੱਲਾਂ, ਉਨ੍ਹਾਂ ਜਿੱਡੀ ਹੀ ਕੋਈ ਹਸਤੀ ਕਰੇ ਤਾਂ ਕਰੇ। ਖੁਸ਼ੀ ਦੀ ਗੱਲ ਐ ਕਿ ਪੰਜਾਬੀ-ਜਗਤ ਦੀ ਇੱਕ ਹੋਰ ਮਹਾਨ ਹਸਤੀ ਨੇ, ਅੱਜ ਤੋਂ 15 ਸਾਲ ਪਹਿਲਾਂ, ਇੱਕ ਅਭਿਨੰਦਨ ਗ੍ਰੰਥ ਸੰਪਾਦਿਤ ਕਰ ਕੇ, ਇਹ ਗੱਲਾਂ ਕਰੀਆਂ ਹਨ। ਓਹ ਹਸਤੀ ਹੈ ਪ੍ਰਿੰਸੀਪਲ ਸਰਵਣ ਸਿੰਘ, ਜੋ ਇਸ ਸਮਾਗਮ ਵਿੱਚ ਸਾਡੇ ਨਾਲ਼ ਮੌਜੂਦ ਰਹੇ। ਇਸੇ ਕਰ ਕੇ, ਓਂਟਾਰੀਓ ਸਰਕਾਰ ਨੇ ਉਨ੍ਹਾਂ ਨੂੰ 2024 ਦੇ ‘ਸੀਨੀਅਰ ਅਚੀਵਮੈਂਟ ਅਵਾਰਡ’ ਨਾਲ਼ ਸਨਮਾਨਿਤ ਕੀਤਾ ਐ। ਇਹ ਬਹੁਤ ਹੀ ਮਾਣ ਵਾਲ਼ਾ ਸਰਕਾਰੀ ਅਤੇ ਲਾਈਫ-ਟਾਈਮ ਅਵਾਰਡ ਐ। ਜੋ ਸਿਰਫ 65 ਸਾਲ ਦੀ ਉਮਰ ਤੋਂ ਬਾਅਦ ਕੀਤੀਆਂ ਵਿਲੱਖਣ ਸੇਵਾਵਾਂ ਲਈ ਦਿੱਤਾ ਜਾਂਦਾ ਹੈ। ਸਭ ਜਾਣਦੇ ਹਾਨ ਕਿ ਬਜੁਰਗ ਨੌਜੁਆਨਾਂ ਲਈ ਰੋਲ ਮਾਡਲ ਹੁੰਦੇ ਨੇ; ਪਰ ਪੰਨੂੰ ਸਾਹਿਬ ਰੋਲ ਮੌਡਲਾਂ ਦੇ ਵੀ ਅੱਗੇ ਰੋਲ ਮਾਡਲ ਹਨ। ਬਜ਼ੁਰਗ ਉਨ੍ਹਾਂ ਤੋਂ ਸਿੱਖ ਸਕਦੇ ਹਨ ਕਿ ਆਪ ਤੋਂ ਛੋਟਿਆਂ ਦੇ ਗੁਣਾਂ ਦੀ ਨਿਸ਼ਾਨ-ਦੇਹੀ ਕਿਵੇਂ ਕਰਨੀ ਐਂ, ਉਨ੍ਹਾਂ ਦੇ ਗੁਣਾਂ ਦਾ ਵਿਕਾਸ ਕਿਵੇਂ ਕਰਨਾ ਐ। ਉਨ੍ਹਾਂ ਨੂੰ ਸਫਲ ਜੀਵਨ-ਮਾਰਗ ’ਤੇ ਕਿਵੇਂ ਤੁਰਦੇ ਰੱਖਣਾ ਐ। ਹੱਲਾ-ਸ਼ੇਰੀ ਕਦੋਂ ਦੇਣੀ ਐ ’ਤੇ ਕੁੱਟ ਕੇ ਖੀਰ ਕਦੋਂ ਖਵਾਉਣੀ ਐ – ਜੋ ਮੈਨੂੰ ਬਹੁਤ ਖਵਾਈ ਐ। ਸ਼ਾਲਾ! ਸਮਾਂ ਉਨ੍ਹਾਂ ਨੂੰ ਲੰਬਾ, ਸਿਹਤ-ਮੰਦ ਅਤੇ ਖੁਸ਼ੀਆਂ ਭਰਪੂਰ ਜੀਵਨ ਬਖਸ਼ੇ। ਆਪਾਂ ਨੂੰ, ਉਨ੍ਹਾਂ ਦੇ ਸੌਵੇਂ ਜਨਮ ਦਿਨ ’ਤੇ ਵੀ, ਇਸੇ ਤਰ੍ਹਾਂ ਦਾ ਸਮਾਗਮ ਮਨਾਉਣ ਦਾ ਸੁਭਾਗਾ ਮੌਕਾ ਬਖਸ਼ੇ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਇੰਜ. ਈਸ਼ਰ ਸਿੰਘ
Brampton, Ontario, Canada.
Phone: 647 - 640 - 2014
e-mail: ishersingh44@hotmail.com

by
30 ਅਗਸਤ 2026 ਦਾ ਸਮਾਗਮ ਵਿਸ਼ੇਸ ਰਿਹਾ। ਵੈਸੇ ਤਾਂ 90ਵਾਂ ਜਨਮ-ਸਾਲ ਕਿਸੇ ਦਾ ਵੀ ਮਨਾਇਆ ਜਾਵੇ – ਉਹ ਇੱਕ ਵਿਸ਼ੇਸ ਸਮਾਗਮ ਹੀ ਹੁੰਦਾ ਹੈ। ਪਰ ਜਦ ਇਹ ਪੰਨੂੰ ਵਰਗੀ ਪ੍ਰਸਿੱਧ, ਬਹੁ-ਪੱਖੀ ਅਤੇ ਹਰਮਨ-ਪਿਆਰੀ ਹਸਤੀ ਦਾ ਹੋਵੇ, ਤਾਂ ਇਹ ਹੋਰ ਵੀ ਵਿਸ਼ੇਸ ਬਣ ਜਾਂਦਾ ਹੈ।
ਉਨ੍ਹਾਂ ਨੇ ਕੰਪਿਊਟਰ ਦੀ ਤਕਨਾਲੋਜੀ ਨੂੰ ਪੰਜਾਬੀ ਭਾਸ਼ਾ, ਪੰਜਾਬੀ ਸਮਾਜ, ਗੁਰੂ ਗ੍ਰੰਥ ਸਹਿਬ, ਸਾਹਿਤ ਅਤੇ ਸਵੈ-ਵਿਕਾਸ ਨਾਲ਼ ਜੋੜਿਆ। ਇਸੇ ਰਾਹੀਂ ਗੁਰਮੁਖੀ ਅਤੇ ਸ਼ਾਹਮੁਖੀ ਨੂੰ ਨੇੜੇ-ਨੇੜੇ ਲਿਆਂਦਾ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਤੋਂ ਸ਼ਾਹਮੁਖੀ ਵਿੱਚ ਲਿੱਪੀ ਬਦਲੀ ਕੀਤਾ। ਸੈਂਕੜੇ ਪੜ੍ਹੇ ਲਿਖੇ ਪੰਜਾਬੀ ਸੀਨੀਅਰਾਂ ਨੂੰ ਤਕਨਾਲੋਜੀ ਦੇ ਹਾਣੀ ਬਣਾਇਆ। ਉਨ੍ਹਾਂ ਦੇ ਜੀਵਨ ਨੂੰ ਵੱਧ ਪ੍ਰਾਸੰਗਿਕ ਬਣਾਇਆ। ਉਨ੍ਹਾਂ ਦੇ ਵਡਮੁੱਲੇ ਤਜਰਬਿਆ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦਾ ਸਾਧਨ ਬਣੇ। ਇਸ ਤਰ੍ਹਾਂ ਓਹ ਇੱਕ ਬਹੁ-ਪੱਖੀ ਸ਼ਖ਼ਸੀਅਤ ਬਣੇ।