|
ਪਰਿਵਾਰ ਦਾ ਮੁੱਢ ਮਾਂ ਪਿਓ, ਭਾਵ ਇਕ ਔਰਤ ਅਤੇ ਇਕ ਮਰਦ, ਨਾਲ ਬੱਝਦਾ ਹੈ। ਫਿਰ ਉਨ੍ਹਾਂ ਦੇ ਬੱਚੇ ਹੁੰਦੇ ਹਨ। ਪਰਿਵਾਰ ਪ੍ਰਫੁੱਲਤ ਹੁੰਦਾ ਹੈ। ਬੱਚਿਆਂ ਦੀ ਪਰਵਰਿਸ਼ ਬੜੇ ਲਾਡ ਪਿਆਰ ਨਾਲ ਹੁੰਦੀ ਹੈ। ਸਮਾਂ ਪਾ ਕੇ ਬੱਚੇ ਵੱਡੇ ਹੁੰਦੇ ਹਨ। ਉਨ੍ਹਾਂ ਦੇ ਵਿਆਹ ਹੁੰਦੇ ਹਨ। ਫਿਰ ਉਨ੍ਹਾਂ ਦੇ ਵੀ ਬੱਚੇ ਹੁੰਦੇ ਹਨ। ਪਰਿਵਾਰ ਹੋਰ ਵੀ ਪ੍ਰਫੁੱਲਤ ਹੁੰਦਾ ਹੈ। ਘਰ ਦੇ ਮੁੱਖੀ ਦਾਦਾ ਦਾਦੀ ਜਾਂ ਨਾਨਾ ਨਾਨੀ ਬਣਦੇ ਹਨ। ਘਰ ਵਿਚ ਖ਼ੁਸ਼ੀਆਂ ਅਤੇ ਖੇੜ੍ਹੇ ਆਉਂਦੇ ਹਨ। ਛੋਟੇ ਛੋਟੇ ਬੱਚਿਆਂ ਦੀ ਪਾਲਣਾ ਅਤੇ ਸਾਂਭ ਸੰਭਾਲ ਹੋਰ ਵੀ ਮੋਹ ਨਾਲ ਕੀਤੀ ਜਾਂਦੀ ਹੈ। ਹਰ ਮਾਂ ਬਾਪ ਚਾਹੁੰਦਾ ਹੈ ਕਿ ਉਨ੍ਹਾਂ ਦੇ ਬੱਚੇ ਵੱਡੇ ਹੋ ਕੇ ਸਿਆਣੇ ਅਤੇ ਕਾਮਯਾਬ ਬਣਨ। ਉਹ ਚੰਗੇ ਸ਼ਹਿਰੀ ਬਣਨ ਅਤੇ ਮਾਂ ਪਿਓ ਦੀ ਸੇਵਾ ਕਰਨ। ਉਹ ਬੱਚਿਆਂ ਨੂੰ ਚੰਗੇ ਸੰਸਕਾਰ ਦਿੰਦੇ ਹਨ ਤਾਂ ਕਿ ਉਨ੍ਹਾਂ ਦਾ ਚਰਿਤ੍ਰ ਨਿਰਮਾਣ ਹੋ ਸਕੇ। ਮਾਂ ਪਿਓ ਬਹੁਤ ਮਿਹਨਤ ਕਰ ਕੇ ਪੈਸਾ ਕਮਾਉਂਦੇ ਹਨ ਤਾਂ ਕਿ ਬੱਚਿਆਂ ਦਾ ਭੱਵਿਖ ਉੱਜਵਲ ਬਣ ਸਕੇ। ਮਾਂ ਸੋਚਦੀ ਹੈ ਕਿ ਮੇਰਾ ਪੁੱਤਰ ਅੱਜ ਭੁੱਖਾ ਨਾ ਰਹੇ। ਪਿਓ ਸੋਚਦਾ ਹੈ ਕਿ ਮੇਰਾ ਪੁੱਤਰ ਕੱਲ੍ਹ ਭੁੱਖਾ ਨਾ ਰਹੇ। ਬੱਸ ਇਹੋ ਦੋ ਰਿਸ਼ਤੇ ਹਨ ਜਿਨ੍ਹਾਂ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ। ਕਈ ਵਾਰੀ ਬੱਚੇ ਜਿਆਦਾ ਲਾਡ ਪਿਆਰ ਨਾਲ ਅਤੇ ਬਹੁਤੀਆਂ ਸ਼ਾਹੀ ਸਹੂਲਤਾਂ ਨਾਲ ਵਿਗੜ ਜਾਂਦੇ ਹਨ। ਉਹ ਮਾਂ ਪਿਓ ਤੋਂ ਬਾਹਰੇ ਹੋ ਜਾਂਦੇ ਹਨ। ਫਿਰ ਉਹ ਮਾਂ ਪਿਓ ਦੀ ਇੱਜ਼ਤ ਨਹੀਂ ਕਰਦੇ। ਉਹ ਜਿੱਦ ਨਾਲ ਆਪਣੀ ਹਰ ਗੱਲ ਮਨਵਾਉਂਦੇ ਹਨ। ਕਈ ਵਾਰੀ ਤਾਂ ਕੁਝ ਬੱਚੇ ਆਪਣੀਆਂ ਨਾਜ਼ਾਇਜ਼ ਮੰਗਾਂ ਪੂਰੀਆਂ ਕਰਵਾਉਣ ਲਈ ਗ਼ਲਤ ਰਸਤੇ ਵੀ ਅਪਣਾਉਂਦੇ ਹਨ ਜਿਸ ਦੇ ਬਹੁਤ ਭਿਆਨਕ ਸਿੱਟੇ ਨਿਕਲਦੇ ਹਨ। ਅੱਜ ਕੱਲ੍ਹ ਬੱਚੇ ਬਹੁਤ ਮਤਲਬੀ ਹੋ ਗਏ ਹਨ। ਉਨ੍ਹਾਂ ਨੂੰ ਕੇਵਲ ਆਪਣੀਆਂ ਮੰਗਾਂ ਅਤੇ ਐਸ਼ਪਰਸਤੀ ਦਾ ਹੀ ਖਿਆਲ ਹੈ। ਮਾਂ ਪਿਓ ਦੀਆਂ ਲੋੜਾਂ ਥੋੜ੍ਹਾਂ ਦੇ ਨਾਲ ਉਨ੍ਹਾਂ ਨੂੰ ਕੋਈ ਸਰੋਕਾਰ ਨਹੀਂ। ਕਈਆਂ ਬੱਚਿਆਂ ਨੂੰ ਤਾਂ ਮਾਂ ਪਿਓ ਦੀ ਰੋਟੀ ਵੀ ਭਾਰੂ ਲੱਗਦੀ ਹੈ। ਉਹ ਮਾਂ ਪਿਓ ਨੂੰ ਬਹੁਤ ਬੁਰਾ ਭਲਾ ਬੋਲਦੇ ਹਨ। ਉਨ੍ਹਾਂ ਨੂੰ ਡਾਂਟਦੇ ਹਨ ਅਤੇ ਉਨ੍ਹਾਂ ਦੀ ਬੇਇੱਜ਼ਤੀ ਕਰਦੇ ਹਨ। ਕਈ ਤਾਂ ਆਪਣੇ ਮਾਂ ਪਿਓ ’ਤੇ ਹੱਥ ਵੀ ਚੁੱਕ ਲੈਂਦੇ ਹਨ। ਉਹ ਮਾਂ ਪਿਓ ਨੂੰ ਬੇਲੋੜਾ ਬੋਝ ਸਮਝਦੇ ਹਨ। ਇਸ ਲਈ ਉਨ੍ਹਾਂ ਨੂੰ ਬ੍ਰਿਧ ਆਸ਼ਰਮ ਛੱਡ ਆਉਂਦੇ ਹਨ ਜਿੱਥੇ ਮਮਤਾ ਮਾਰੇ ਬਜ਼ੁਰਗ ਮਾਂ ਪਿਓ ਬੱਚਿਆਂ ਦੇ ਮੋਹ ਪਿਆਰ ਨੂੰ ਤਰਸਦੇ ਹੋਏ ਦਮ ਤੋੜ ਜਾਂਦੇ ਹਨ। ਦੇਸ਼ ਵਿਚ ਬ੍ਰਿਧ ਆਸ਼ਰਮਾਂ ਦਾ ਵਧਣਾ ਬੱਚਿਆਂ ਦੀ ਬੇਰੱਖੀ ਦਾ ਵੱਡਾ ਸਬੂਤ ਹੈ। ਕਈ ਬਜ਼ੁਰਗ ਆਪਣੇ ਪਰਿਵਾਰ ਵਿਚ ਬੱਚਿਆਂ ਨਾਲ ਰਹਿ ਜ਼ਰੂਰ ਰਹੇ ਹਨ ਪਰ ਉਹ ਅੰਦਰੋਂ ਬਹੁਤ ਦੁਖੀ ਹਨ। ਦੁਨੀਆਵੀ ਸ਼ਰਮ ਕਾਰਨ ਉਹ ਉਹ ਕੁਝ ਉਭਾਸਰ ਨਹੀਂ ਸਕਦੇ। ਇਕ ਮਾਂ ਆਪਣੇ ਸੱਤ ਬੱਚਿਆਂ ਨੂੰ ਆਸਾਨੀ ਨਾਲ ਪਾਲ ਲੈਂਦੀ ਹੈ ਪਰ ਸੱਤ ਬੱਚੇ ਮਿਲ ਕੇ ਵੀ ਇਕ ਮਾਂ ਨੂੰ ਰੋਟੀ ਨਹੀਂ ਦੇ ਸਕਦੇ। ਕਈ ਵਾਰੀ ਦੁਖੀ ਹੋ ਕੇ ਮਾਂ ਕੋਲੋਂ ਬੱਚਿਆਂ ਲਈ ਬਦਅਸੀਸ ਵੀ ਨਿਕਲ ਜਾਂਦੀ ਹੇ। ਉਸ ਤੋਂ ਬਚਣਾ ਚਾਹੀਦਾ ਹੈ। ਇਸੇ ਲਈ ਕਹਿੰਦੇ ਹਨ ਕਿ:ਮਾਂ ਦੀ ਦੂਆ ਕਦੀ ਵੀ ਖਾਲੀ ਨਹੀਂ ਜਾਂਦੀ ਪਰ ਮਾਂ ਦੀ ਬਦ-ਦੂਆ ਕਦੀ ਟਾਲੀ ਵੀ ਨਹੀਂ ਜਾਂਦੀ। ਕਈ ਵਾਰੀ ਮਾਂ ਪਿਓ ਬੱਚਿਆਂ ਹੱਥੋਂ ਬਹੁਤ ਦੁਖੀ ਹੁੰਦੇ ਹਨ। ਉਨ੍ਹਾਂ ਦੇ ਮਨ ਵਿਚ ਚੀਸ ਉੱਠਦੀ ਹੈ ਕਿ ਬੱਚਿਆਂ ਦੇ ਪਾਲਣ ਪੋਸ਼ਣ ਵਿਚ ਉਨ੍ਹਾਂ ਵਲੋਂ ਕੀ ਕਮੀ ਰਹਿ ਗਈ ਹੈ ਜੋ ਬੱਚੇ ਉਨ੍ਹਾਂ ਪ੍ਰਤੀ ਇੰਨੇ ਰੁੱਖੇ ਹੋ ਗਏ ਹਨ। ਮਾਂ ਪਿਓ ਤਾਂ ਆਪਣੀਆਂ ਜ਼ਰੂਰਤਾਂ ਨੂੰ ਸਮੇਟਦੇ ਹੋਏ, ਆਪਣੀਆਂ ਇੱਛਾਵਾਂ ਨੂੰ ਮਾਰ ਕੇ ਵੀ ਬੱਚਿਆਂ ਦੇ ਸ਼ੌਂਕ ਪੂਰਾ ਕਰਦੇ ਹਨ। ਪਰ ਬੱਚਿਆਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਹੁੰਦਾ।ਇੱਥੇ ਇਹ ਗੱਲ ਵਰਨਣ ਯੋਗ ਹੈ ਕਿ ਬੱਚਿਆਂ ’ਤੇ ਘਰ ਦੇ ਮਾਹੌਲ ਅਤੇ ਪਿਆਰ ਤੋਂ ਇਲਾਵਾ ਬਾਹਰ ਦਾ ਵਾਤਾਵਰਨ, ਬੱਚਿਆਂ ਦੀ ਸੰਗਤ, ਪੱਛਮ ਦੀ ਹਵਾ, ਮੁਬਾਇਲ, ਟੈਲੀਵੀਜ਼ਨ ਅਤੇ ਇੰਟਰਨੈਟ ਆਦਿ ਵੀ ਕਈ ਚੀਜ਼ਾਂ ਪ੍ਰਭਾਵ ਪਾਉਂਦੀਆਂ ਹਨ। ਮਾਂ ਪਿਓ ਵਲੋਂ ਮਿਲਣ ਵਾਲੀਆਂ ਸਹੂਲਤਾਂ ਅਤੇ ਖੁਲ੍ਹਾ ਪੈਸਾ ਮਿਲਣ ਕਰਨ ਬੱਚਿਆ ਦੇ ਬਹੁਤ ਦੋਸਤ ਹਨ। ਬੱਚੇ ਦੋਸਤਾਂ ਨਾਲ ਬਹੁਤ ਸੋਹਣੀ ਤਰ੍ਹਾਂ ਵਰਤਦੇ ਵੀ ਹਨ ਪਰ ਉਹ ਇਹ ਨਹੀਂ ਸਮਝਦੇ ਕਿ ਬਜ਼ੁਰਗਾਂ ਨਾਲ ਕਿਵੇਂ ਵਿਉਹਾਰ ਕਰਨਾ ਹੈ ਅਤੇ ਉਨ੍ਹਾਂ ਦੀ ਕਿਵੇਂ ਇੱਜ਼ਤ ਕਰਨੀ ਹੈ। ਉਹ ਬਜ਼ੁਰਗਾਂ ਨੂੰ ਬੀਤੇ ਸਮੇਂ ਦੇ ਵਿਅਕਤੀ ਸਮਝਦੇ ਹਨ ਜੋ ਉਨ੍ਹਾਂ ਦੀ ਜ਼ਿੰਦਗੀ ਵਿਚ ਫਾਲਤੂ ਹਨ। ਇਸ ਲਈ ਉਹ ਉਨ੍ਹਾਂ ਨੂੰ ਸਿਆਣੇ ਨਹੀਂ ਸਮਝਦੇ ਹਨ ਅਤੇ ਉਨ੍ਹਾਂ ਦੀ ਕਿਸੇ ਗੱਲ ਬਾਤ ਤੇ ਧਿਆਨ ਨਹੀਂ ਧਰਦੇ। ਉਨ੍ਹਾਂ ਦੀ ਸਲਾਹ ਨਹੀਂ ਮੰਨਦੇ। ਉਨ੍ਹਾਂ ਦੀ ਹਰ ਗੱਲ ਤੇ ਮਜਾਕ ਉਡਾਉਂਦੇ ਹਨ। ਕਈ ਵਾਰੀ ਤਾਂ ਉਨ੍ਹਾਂ ਦੇ ਬਣਾਏ ਹੋਏ ਮਕਾਨ ਵਿਚ ਰਹਿੰਦੇ ਹੋਏ ਵੀ ਪੁਰਾਣੇ ਕਬਾੜ ਦੀ ਤਰ੍ਹਾਂ ਉਨ੍ਹਾਂ ਦਾ ਬਿਸਤਰ ਸਟੋਰ ਵਿਚ ਲਾ ਦਿੰਦੇ ਹਨ। ਬਜ਼ੁਰਗਾਂ ਨੇ ਆਪਣਾ ਖ਼ੂਨ ਪਸੀਨਾ ਇਕ ਕਰ ਕੇ ਕਮਾਈ ਕੀਤੀ ਹੁੰਦੀ ਹੈ ਅਤੇ ਬੱਚਿਆਂ ਦੇ ਸੁੱਖ ਆਰਾਮ ਲਈ ਆਪਣੇ ਸੁੱਖ ਵਾਰੇ ਹੁੰਦੇ ਹਨ। ਉਨ੍ਹਾਂ ਬੱਚਿਆਂ ਲਈ ਕਾਰਾਂ, ਕੋਠੀਆਂ, ਮਹਿੰਗੇ ਮੁਬਾਇਲ ਅਤੇ ਹੋਰ ਕਈ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਖੜੀਆਂ ਕੀਤੀਆਂ ਹੁੰਦੀਆਂ ਹਨ। ਬਜ਼ੁਰਗ ਗਿਆਨ ਦਾ ਖ਼ਜ਼ਾਨਾ ਹੁੰਦੇ ਹਨ ਅਤੇ ਘਰ ਦਾ ਤਾਲਾ ਵੀ ਹੁੰਦੇ ਹਨ। ਬੱਚੇ ਇਹ ਨਹੀਂ ਸਮਝਦੇ ਕਿ ਉਨ੍ਹਾਂ ਦੇ ਦੋਸਤ ਤਾਂ ਕਈ ਹਨ ਪਰ ਮਾਂ ਇਕੋ ਇਕ ਹੀ ਹੈ ਅਤੇ ਪਿਓ ਵੀ ਇਕੋ ਇਕ ਹੀ ਹੈ। ਮਾਂ ਪਿਓ ਪ੍ਰਤੀ ਵੀ ਉਨ੍ਹਾਂ ਦੇ ਕੁਝ ਫ਼ੳਮਪ;ਰਜ ਹਨ। ਜਿਹੜੇ ਬੱਚੇ ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ ਸਮਝੋ ਉਨ੍ਹਾਂ ਦੇ ਬੁਰੇ ਦਿਨ ਸ਼ੁਰੂ ਹੋ ਗਏ ਹਨ। ਬੱਚੇ ਇਹ ਨਹੀਂ ਸਮਝਦੇ ਕਿ ਜੇ ਉਹ ਅੱਜ ਆਪਣੇ ਮਾਂ ਪਿਓ ਨੂੰ ਰੋਲਣਗੇ ਤਾਂ ਕੱਲ੍ਹ ਨੂੰ ਆਪਣੇ ਬੱਚਿਆਂ ਹੱਥੋਂ ਵੀ ਉਨ੍ਹਾਂ ਦਾ ਅਜਿਹਾ ਹੀ ਹਾਲ ਹੋਵੇਗਾ। ਦੁਨੀਆਂ ਵਿਚ ਪਿਓ ਹੀ ਇਕ ਐਸਾ ਮਨੁੱਖ ਹੈ ਜੋ ਇਹ ਚਾਹੁੰਦਾ ਹੈ ਕਿ ਮੇਰਾ ਬੱਚਾ ਮੇਰੇ ਤੋਂ ਵੀ ਉੱਚੇ ਸਥਾਨ ਤੇ ਪਹੁੰਚੇ। ਬੱਚਾ ਕਿੰਨਾ ਵੀ ਵੱਡਾ ਹੋ ਜਾਏ ਪਰ ਉਹ ਕਦੀ ਵੀ ਮਾਂ ਪਿਓ ਤੋਂ ਵੱਡਾ ਨਹੀਂ ਹੋ ਸਕਦਾ। ਮਾਂ ਪਿਓ ਨੇ ਹਮੇਸ਼ਾਂ ਮਾਂ ਪਿਓ ਹੀ ਰਹਿਣਾ ਹੈ। ਬੱਚੇ ਭਾਵੇਂ ਕਿੰਨੇ ਵੀ ਅਮੀਰ ਕਿਉਂ ਨਾ ਹੋ ਜਾਣ ਜਾਂ ਕਿੰਨੇ ਵੀ ਉੱਚੇ ਅਹੁਦੇ ’ਤੇ ਕਿਉਂ ਨਾ ਪਹੁੰਚ ਜਾਣ ਤਾਂ ਵੀ ਉਹ ਮਾਂ ਪਿਓ ਤੋਂ ਵੱਡੇ ਨਹੀਂ ਹੋ ਸਕਦੇ। ਬੱਚਿਆਂ ਦੀ ਪਛਾਣ ਮਾਂ ਪਿਓ ਤੋਂ ਹੀ ਬਣਦੀ ਹੈ। ਇਸ ਲਈ ਵੱਡੇ ਹੋਵੋ ਪਰ ਉਨ੍ਹਾਂ ਅੱਗੇ ਨਹੀਂ ਜਿੰਨ੍ਹਾਂ ਨੇ ਤੁਹਾਨੂੰ ਵੱਡਾ ਕੀਤਾ ਹੈ। ਮਾਂ ਪਿਓ ਨੂੰ ਵੀ ਇਕ ਗੱਲ ਸਪਸ਼ਟ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਪੈਦਾ ਕਰ ਕੇ ਕੋਈ ਉਨ੍ਹਾਂ ਸਿਰ ਅਹਿਸਾਨ ਨਹੀਂ ਕੀਤਾ। ਇਸ ਲਈ ਬਜ਼ੁਰਗਾਂ ਨੂੰ ਆਪਣੇ ਬੁਢਾਪੇ ਦੇ ਸਵਰਗ ਦਾ ਨਿਰਮਾਣ ਆਪ ਹੀ ਕਰਨਾ ਹੋਵੇਗਾ। ਉਨ੍ਹਾਂ ਨੂੰ ਆਪਣੀ ਸਿਹਤ ਅਤੇ ਬੁਢਾਪੇ ਦੀਆਂ ਜ਼ਰੂਰਤਾਂ ਲਈ ਆਪਣੀ ਬੱਚਤ ਸੰਭਾਲ ਕੇ ਰੱਖਣੀ ਪਵੇਗੀ। ਬੱਚਿਆਂ ਦੀਆਂ ਆਦਤਾਂ ਅਤੇ ਸੰਗਤ ਤੇ ਨਿਗਰਾਨੀ ਰੱਖਣੀ ਹੋਵੇਗੀ। ਘਰ ਦੇ ਹਾਲਾਤ ਵੀ ਸੁਖਾਵੇਂ ਬਣਾ ਕੇ ਰੱਖਣੇ ਪੈਣਗੇ ਤਾਂ ਕਿ ਬੱਚੇ ਕੱਲ੍ਹ ਨੂੰ ਇਹ ਨਾ ਕਹਿ ਸੱਕਣ ਕਿ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ। ਫਿਰ ਵੀ ਬੱਚਿਆਂ ਤੋਂ ਸੇਵਾ ਦੀ ਜ਼ਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ। ਜ਼ਿੰਦਗੀ ਵਿਚ ਜਿਸ ਨੂੰ ਸਭ ਤੋਂ ਘੱਟ ਸ਼ਿਕਾਇਤਾਂ ਹਨ ਉਹ ਸਭ ਤੋਂ ਜ਼ਿਆਦਾ ਸੁਖੀ ਹੈ। ਉਹ ਭਾਗਾਂ ਵਾਲੇ ਪਰਿਵਾਰ ਹੁੰਦੇ ਹਨ ਜਿੱਥੇ ਬੱਚੇ ਸਵੇਰੇ ਬਜ਼ੁਰਗਾਂ ਦਾ ਅਸ਼ੀਰਵਾਦ ਲੈ ਕੇ ਜਾਂਦੇ ਹਨ ਅਤੇ ਸ਼ਾਮ ਨੂੰ ਆਉਂਦਿਆਂ ਹੀ ਉਨ੍ਹਾਂ ਦਾ ਹਾਲ ਚਾਲ ਪੁੱਛਦੇ ਹਨ।ਬਹੁਤ ਘੱਟ ਬਜ਼ੁਰਗ ਹਨ ਜਿਨ੍ਹਾਂ ਨੂੰ ਆਪਣੇ ਘਰ ਵਿਚ ਬੱਚਿਆਂ ਦੁਆਰਾ ਪੂਰਾ ਆਦਰ ਮਾਣ ਮਿਲ ਰਿਹਾ ਹੈ। ਸੰਸਕਾਰੀ ਬੱਚੇ ਹੀ ਮਾਂ ਪਿਓ ਦਾ ਆਦਰ ਮਾਣ ਕਰਦੇ ਹਨ। ਉਹ ਆਪਣੇ ਬਜ਼ੁਰਗ ਮਾਂ ਪਿਓ ਦੇ ਬੁਢਾਪੇ ਦੀ ਲਾਠੀ ਬਣਦੇ ਹਨ। ਅਜਿਹੇ ਬੱਚੇ ਮਰਿਆਦਾ ਦਾ ਧਿਆਨ ਰੱਖਦੇ ਹੋਏ ਆਪਣੇ ਮਾਂ ਪਿਓ ਨਾਲ ਦੋਸਤ ਬਣ ਕੇ ਰਹਿੰਦੇ ਹਨ ਤਾਂ ਕਿ ਉਹ ਉਨ੍ਹਾਂ ਤੋਂ ਗਿਆਨ ਅਤੇ ਗੁਣ ਹਾਸਿਲ ਕਰ ਸੱਕਣ। ਉਹ ਆਪਣੀ ਜ਼ਿੰਦਗੀ ਵਿਚ ਕਾਮਯਾਬ ਬਣਦੇ ਹਨ ਅਤੇ ਆਪਣੇ ਬੱਚਿਆਂ ਤੋਂ ਵੀ ਆਦਰ ਮਾਣ ਲੈਂਦੇ ਹਨ । ਜੇ ਤੁਹਾਡੇ ਬੱਚੇ ਤੁਹਡੇ ਬੁਢਾਪੇ ਵਿਚ ਤੁਹਾਡੀ ਸੇਵਾ ਕਰਦੇ ਹਨ ਤਾਂ ਇਹ ਸਮਝੋ ਕਿ ਇਹ ਤੁਹਾਡਾ ਬੋਨਸ ਅਤੇ ਤੁਹਾਡੇ ਕਰਮਾਂ ਦਾ ਫ਼ੱਲ ਹੈ। ਅਜਿਹੇ ਹੋਣਨਹਾਰ ਬੱਚਿਆਂ ਨੇ ਹੀ ‘ਸਰਵਨ ਪੁੱਤਰ’ ਅਤੇ ‘ਕੁੱਲ ਦਾ ਦੀਪਕ’ ਆਦਿ ਸ਼ਬਦਾ ਨੂੰ ਅੱਜ ਵੀ ਸਾਂਭ ਕੇ ਰੱਖਿਆ ਹੋਇਆ ਹੈ। ਸਾਨੂੰ ਅਜਿਹੀ ਅੋਲਾਦ ਤੇ ਮਾਣ ਹੈ। ਸਾਂਝੇ ਪਰਿਵਾਰ ਵਿਚ ਵੱਡਿਆਂ ਦੀ ਇੱਜ਼ਤ ਅਤੇ ਬੱਚਿਆਂ ਨਾਲ ਪਿਆਰ ਨਾਲ ਹੀ ਸ਼ਾਂਤੀ ਕਾਇਮ ਰਹਿ ਸਕਦੀ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by