24 May 2024

ਪ੍ਰੇਰਨਾਦਾਇਕ ਲੇਖ: ਚੱਲਣਾ ਹੀ ਜ਼ਿੰਦਗੀ ਹੈ – – -ਗੁਰਸ਼ਰਨ ਸਿੰਘ ਕੁਮਾਰ

ਸਿਆਣੇ ਕਹਿੰਦੇ ਹਨ ਕਿ ਚੱਲਣਾ ਹੀ ਜ਼ਿੰਦਗੀ ਹੈ ਅਤੇ ਰੁਕਣਾ ਮੌਤ ਬਰਾਬਰ ਹੈ। ਚਲਦੀ ਹੋਈ ਗੱਡੀ ਹੀ ਮੁਸਾਫ਼ਿਰ ਨੂੰ ਉਸ ਦੀ ਮੰਜ਼ਿਲ ਤੇ ਪਹੁੰਚਾ ਸਕਦੀ ਹੈ। ਰੁਕੀ ਹੋਈ ਗੱਡੀ ਨਾ ਤਾਂ ਆਪ ਤੁਰੇਗੀ ਨਾ ਹੀ ਕਿਸੇ ਮੁਸਾਫ਼ਿਰ ਨੂੰ ਉਸ ਦੀ ਮੰਜਿਲ ਤੇ ਪਹੁੰਚਾ ਸਕੇਗੀ। ਇਸੇ ਗੱਲ ਨੂੰ ਕੁਝ ਲੋਕ ਕਹਿੰਦੇ ਹਨ ਕਿ ‘ਹਰਕਤ ਵਿਚ ਬਰਕਤ’ ਹੈ ਭਾਵ ਇਹ ਹੈ ਕਿ ਜੇ ਕੋਈ ਮਸ਼ੀਨ ਚੱਲਦੀ ਹੈ ਤਾਂ ਹੀ ਉਸ ਦਾ ਲਾਭ ਹੈ। ਰੁਕੀ ਹੋਈ ਚੀਜ਼ ਦਾ ਕੋਈ ਲਾਭ ਨਹੀਂ ਹੈ। ਮਨੁੱਖ ਦਾ ਵੀ ਇਹ ਹੀ ਹਾਲ ਹੈ, ਜੇ ਉਸ ਦਾ ਦਿਲ ਹਰਕਤ ਕਰਦਾ ਹੈ ਤਾਂ ਹੀ ਉਹ ਜ਼ਿੰਦਾ ਹੈ ਜੇ ਦਿਲ ਦੀ ਹਰਕਤ ਖ਼ਤਮ ਦਾ ਬੰਦਾ ਵੀ ਖ਼ਤਮ। ਇਸੇ ਤਰ੍ਹਾਂ ਜੇ ਉਸ ਦਾ ਸਰੀਰ ਹਰਕਤ ਕਰਦਾ ਹੈ ਤਾਂ ਹੀ ਉਹ ਤੰਦਰੁਸਤ ਹੈ। ਉਸ ਦਾ ਵਿਕਾਸ ਹੈ। ਉਸ ਦਾ ਉਸ ਨੂੰ, ਉਸ ਦੇ ਪਰਿਵਾਰ ਨੂੰ, ਸਮਾਜ ਨੂੰ ਅਤੇ ਦੇਸ਼ ਨੂੰ ਲਾਭ ਹੈ। ਨਹੀਂ ਤੇ ਉਸ ਦੇ ਹੋਏ ਦਾ ਜਾਂ ਨਾ ਹੋਏ ਦਾ ਕੋਈ ਲਾਭ ਨਹੀਂ।

ਉਪਰੋਕਤ ਵਿਚਾਰ ਦਾ ਇਹ ਭਾਵ ਹੈ ਕਿ ਮਨੁੱਖ ਨੂੰ ਕਦੀ ਵਿਹਲਾ ਨਹੀਂ ਬੈਠਣਾ ਚਾਹੀਦਾ। ਹਰ ਸਮੇਂ ਕੁਝ ਨਾ ਕੁਝ ਉਸਾਰੂ ਅਤੇ ਲੋਕ ਭਲਾਈ ਦਾ ਕੰਮ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਦੀਨ ਦੁਖੀ ਦਾ ਭਲਾ ਹੁੰਦਾ ਹੈ ਅਤੇ ਆਪਣਾ, ਆਪਣੇ ਪਰਿਵਾਰ ਦਾ, ਸਮਾਜ ਦਾ ਅਤੇ ਦੇਸ਼ ਦਾ ਵੀ ਵਿਕਾਸ ਹੁੰਦਾ ਹੈ। ਆਪਣੀ ਗ਼ਰੀਬੀ ਦੂਰ ਹੁੰਦੀ ਹੈ ਅਤੇ ਪਰਿਵਾਰ ਵਿਚ ਖ਼ੁਸ਼ਹਾਲੀ ਆਉਂਦੀ ਹੈ। ਕੰਮ ਤੇ ਰੁੱਝੇ ਰਹਿਣ ਦੀ ਮਿਸਾਲ ਅਸੀ ਇਕ ਛੋਟੀ ਜਿਹੀ ਕੀੜੀ ਤੋਂ ਵੀ ਲੈ ਸਕਦੇ ਹਾਂ।

ਪਰਮਾਤਮਾ ਨੇ ਸ਼ਾਇਦ ਸਭ ਦੇ ਸਰੀਰ ਨਾਲ ਪੇਟ ਵੀ ਇਸੇ ਲਈ ਹੀ ਲਾਇਆ ਹੈ ਕਿ ਕੋਈ ਵੀ ਪ੍ਰਾਣੀ ਵਿਹਲਾ ਨਾ ਰਹੇ। ਹਰ ਕੋਈੇ ਆਪਣੇ ਉਦਰ ਪੂਰਤੀ ਲਈ ਯਤਨ ਕਰਦਾ ਰਹੇ। ਇਸ ਨਾਲ ਉਸ ਦੇ ਸਰੀਰ ਵਿਚ ਹਰ ਸਮੇਂ ਹਰਕਤ ਰਹੇਗੀ। ਇਸੇ ਹਰਕਤ ਨਾਲ ਉਸ ਦੇ ਘਰ ਵਿਚ ਬਰਕਤ ਹੋਵੇਗੀ। ਬਣੇ ਬਣਾਏ ਭੋਜਨ ਨੂੰ ਖਾਣ ਲਈ ਵੀ ਬੰਦੇ ਨੂੰ ਹੱਥ ਹਿਲਾਉਣੇ ਹੀ ਪੈਂਦੇ ਹਨ ਅਤੇ ਮੂੰਹ ਨਾਲ ਚਬਾਉਣਾ ਵੀ ਪੈਂਦਾ ਹੈ। ਫਿਰ ਇਸ ਭੋਜਨ ਨੂੰ ਪਚਾਉਣ ਲਈ ਵੀ ਹਰਕਤ ਦੀ ਲੋੜ ਹੈ।

ਵਿਹਲਾ ਦਿਮਾਗ ਸ਼ੈਤਾਨ ਦਾ ਕਾਰਖਾਨਾ ਹੈ। ਉਸ ਨੂੰ ਸ਼ੈਤਾਨੀਆਂ ਸੁੱਝਦੀਆਂ ਹਨ। ਉਸ ਦੀ ਸੋਚ ਨਾਂਹ ਪੱਖੀ ਬਣ ਜਾਂਦੀ ਹੈ। ਉਹ ਨਸ਼ਿਆਂ ਵਿਚ ਪੈ ਕੇ ਕਈ ਬਿਮਾਰੀਆਂ ਸਹੇੜ ਬੈਠਦਾ ਹੈ। ਰੁਕਿਆ ਹੋਇਆ ਤਾਂ ਪਾਣੀ ਵੀ ਬੋਅ ਮਾਰਨ ਲੱਗ ਪੈਂਦਾ ਹੈ। ਪਏ ਪਏ ਲੋਹੇ ਨੂੰ ਜੰਗਾਲ ਲੱਗ ਜਾਂਦਾ ਹੈ। ਵਰਤੀਂਦੇ ਲੋਹੇ ਨੂੰ ਕਦੀ ਜੰਗਾਲ ਨਹੀਂ ਲੱਗਦਾ। ਕਈ ਆਲਸੀ ਬੰਦੇ ਕੰਮ ਨਾ ਮਿਲਣ ਦਾ ਬਹਾਨਾ ਬਣਾਉਂਦੇ ਹਨ। ਉਹ ਵਿਹਲੇ ਰਹਿ ਕੇ ਨਿਰਾਸ਼ਾ ਵਿਚ ਚਲੇ ਜਾਂਦੇ ਹਨ। ਉਹ ਇਹ ਭੁੱਲ ਜਾਂਦੇ ਹਨ ਕਿ ਮਿਹਨਤ ਵਾਲੇ ਦੀ ਕਦੀ ਹਾਰ ਨਹੀਂ ਹੁੰਦੀ। ਹਿਮਤੀ ਬੰਦੇ ਮਿਹਨਤ ਨਾਲ ਮਿੱਟੀ ਵਿਚੋਂ ਵੀ ਸੋਨਾ ਕੱਢ ਲੈਂਦੇ ਹਨ।

ਕਈ ਲੋਕ ਸੇਵਾ ਮੁਕਤੀ ਤੋਂ ਬਾਅਦ ਇਹ ਸੋਚਦੇ ਹਨ ਕਿ ਅਸੀਂ ਹੁਣ ਬੁੱਢੇ ਹੋ ਗਏ ਹਾਂ। ਸਾਨੂੰ ਕੰਮ ਕਰਨ ਲੋੜ ਨਹੀਂ। ਪਰ ਇਹ ਗ਼ਲਤ ਹੈ। ਆਪਣੇ ਛੋਟੇ ਛੋਟੇ ਕੰਮ ਖ਼ੁਦ ਕਰਨੇ ਚਾਹੀਦੇ ਹਨ। ਬਾਜ਼ਾਰ ਅਤੇ ਨੇੜੇ ਤੇੜੇ ਦੇ ਕੰਮਾਂ ਲਈ ਵਾਹਨ ਦੀ ਵਰਤੋਂ ਨਾ ਕਰੋ। ਇਹ ਕੰਮ ਪੈਦਲ ਹੀ ਕਰੋ।ਕਈਆਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਉਹ ਆਪਣਾ ਖਾਲੀ ਸਮਾਂ ਕਿਵੇਂ ਬਿਤਾਉਣ। ਇਸ ਸਮੇਂ ਨੂੰ ਕੁਝ ਹਲਕਾ ਫੁਲਕਾ ਕੰਮ ਕਰ ਕੇ ਇਸ ਸਮੇਂ ਨੂੰ ਕਿਸੇ ਉਸਾਰੂ ਪਾਸੇ ਲਾਣਾ ਚਾਹੀਦਾ ਹੈ। ਤੁਸੀਂ ਆਪਣੀਆਂ ਅਧੂਰੀਆਂ ਖਾਹਿਸ਼ਾਂ ਨੂੰ ਪੂਰਾ ਕਰਨ ਲਈ ਵੀ ਉਪਯੋਗ ਕਰ ਸਕਦੇ ਹੋ। ਘਰੋਂ ਬਾਹਰ ਨਿਕਲੋ ਅਤੇ ਇਸ ਸੁਨਹਿਰੀ ਉਮਰ ਦਾ ਆਨੰਦ ਮਾਣੋ ਅਤੇ ਨੂੰਹਾਂ ਧੀਆਂ ਨੂੰ ਆਪਣੇ ਹਿਸਾਬ ਜ਼ਿੰਦਗੀ ਜਿਉਣ ਦਿਓ ਬੱਚਿਆਂ ਨੂੰ ਤੁਹਾਡੇ ਘਰ ਪਰਤਣ ਦੀ ਉਡੀਕ ਹੋਵੇ। ਇਸ ਨਾਲ ਘਰ ਦਾ ਵਾਤਾਵਰਨ ਸੁਖਾਵਾਂ ਬਣੇਗਾ। ਸਵੇਰੇ ਸ਼ਾਮ ਸੈਰ ਕਰ ਸਕਦੇ ਹੋ, ਹੱਲਕੀ ਵਰਜਿਸ਼ ਕਰ ਸਕਦੇ ਹੋ, ਚੰਗੀਆਂ ਪੁਸਤਕਾਂ ਪੜ੍ਹ ਸਕਦੇ ਹੋ। ਮੰਦਰ ਗੁਰਦਵਾਰੇ ਜਾ ਸਕਦੇ ਹੋ, ਘਰ ਵਿਚ ਹੀ ਫੁੱਲ ਬੂਟੇ ਅਤੇ ਸਬਜੀਆਂ ਲਾ ਕੇ ਕਿਚਨ ਗਾਰਡਨ ਬਣਾ ਸਕਦੇ ਹੋ।ਇਹ ਸਮਾਂ ਤੁਸੀਂ ਕਿਸੇ ਦੀਨ ਦੁਖੀ ਦੀ ਸੇਵਾ ਵਿਚ ਵੀ ਲਾ ਸਕਦੇ ਹੋ। ਗ਼ਰੀਬ ਬੱਚਿਆਂ ਨੂੰ ਮੁਫ਼ਤ ਪੜ੍ਹਾ ਕੇ ਵਿਦਿਆ ਦਾਨ ਦੇ ਸਕਦੇ ਹੋ। ਅਨਾਥ ਜਾਂ ਬ੍ਰਿਧ ਆਸ਼ਰਮ, ਜਾਂ ਕਿਸੇ ਹਸਪਤਾਲ ਵਿਚ ਜਾ ਕੇ ਕੋਈ ਸੇਵਾ ਨਿਭਾ ਸਕਦੇ ਹੋ। ਪਰਉਪਕਾਰ ਦੇ ਕੰਮਾ ਨਾਲ ਤੁਹਨੂੰ ਖ਼ੁਸ਼ੀ ਮਿਲੇਗੀ ਅਤੇ ਲੋੜਵੰਦਾਂ ਦਾ ਭਲਾ ਹੋਵੇਗਾ। ਜ਼ਿੰਦਗੀ ਨੂੰ ਰਵਾਨਗੀ ਮਿਲੇਗੀ। ਤੁਸੀਂ ਹਰ ਸਮੇਂ ਤਰੋਤਾਜ਼ਾ ਅਤੇ ਤੰਦਰੁਸਤ ਰਹੋਗੇ।

ਜੇ ਕਰ ਤੁਹਾਡੇ ਵਾਲ ਸਫੈਦ ਹੋ ਗਏ ਹਨ ਤਾਂ ਇਸ ਦਾ ਮਤਲਬ ਜ਼ਿੰਦਗੀ ਦਾ ਅੰਤ ਨਹੀਂ ਨਹੀਂ। ਇਹ ਇਕ ਚੰਗੀ ਜ਼ਿੰਦਗੀ ਦੀ ਸ਼ੁਰੂਆਤ ਹੈ। ਆਨੰਦ ਨਾਲ ਬੇਫਿਕਰ ਹੋ ਕੇ ਜੀਓ। ਇਸ ਨਾਲ ਤੁਹਾਡੀ ਯਾਦਾਸ਼ਤ ਵਧੇਗੀ। ਬੱਚਿਆਂ ਨਾਲ ਪਿਆਰ ਅਤੇ ਹਮਦਰਦੀ ਨਾਲ ਮਿਲੋ। ਹਰ ਸਮੇਂ ਚਿਹਰੇ ਤੇ ਮੁਸਕਾਨ ਰੱਖੋ। ਤੁਸੀਂ ਗਿਆਨ ਦਾ ਭੰਡਾਰਾ ਹੋੇ। ਤੁਸੀਂ ਬੱਚਿਆਂ ਲਈ ਪ੍ਰੇਰਨਾ ਸਰੋਤ ਹੋੋੋ। ਉਨ੍ਹਾਂ ਨੂੰ ਤੁਹਾਡੇ ਕੋਲੋਂ ਸੁਚੱਜੀ ਅਗੁਵਾਈ ਮਿਲੇਗੀ। ਬੱਚੇ ਤੁਹਾਨੂੰ ਬੋਝ ਨਹੀਂ ਸਮਝਣਗੇ। ਸਾਰੇ ਪਰਿਵਾਰ ਵਿਚ ਤੁਹਾਡੀ ਇਜੱਤ ਵਧੇਗੀ।

ਕਈ ਲੋਕਾਂ ਕੋਲ ਬਹੁਤਾ ਧਨ ਆ ਜਾਏ ਤਾਂ ਉਹ ਵੀ ਸੋਚਦੇ ਹਨ ਕਿ ਹੁਣ ਸਾਨੂੰ ਕੰਮ ਕਰਨ ਦੀ ਕੋਈ ਲੋੜ ਨਹੀਂ। ਅਸੀਂ ਵਿਹਲੇ ਬੈਠ ਕਿ ਖਾ ਸਕਦੇ ਹਾਂ ਪਰ ਕੇਵਲ ਆਪਣਾ ਪੇਟ ਭਰਨਾ ਹੀ ਜ਼ਿੰਦਗੀ ਦਾ ਮਕਸਦ ਨਹੀਂ। ਆਪਣਾ ਪੇਟ ਤਾਂ ਜਾਨਵਰ ਵੀ ਭਰ ਹੀ ਲੈਂਦੇ ਹਨ।

ਮਨੁੱਖਾ ਜੀਵਨ ਦਾ ਮਨੋਰਥ ਕੁਝ ਉਚੇਰਾ ਹੈ। ਪਰਮਾਤਮਾ ਨੇ ਮਨੁੱਖ ਨੂੰ ਇਸ ਧਰਤੀ ਤੇ ਵਿਹਲੇ ਰਹਿਣ ਲਈ ਨਹੀਂ ਭੇਜਿਆ। ਉਸ ਨੂੰ ਚੰਗੇ ਕਰਮ ਕਰਨ ਲਈ ਭੇਜਿਆ ਹੈ। ਵਿਹਲੇ ਰਿਹਾਂ ਪੇਟ ਨਹੀਂ ਭਰਦਾ। ਵਿਹਲਿਆਂ ਤਾਂ ਮੱਖੀ ਵੀ ਮੂੰਹ ਵਿਚ ਨਹੀਂ ਪੈਂਦੀ। ਪੇਟ ਭਰਨ ਲਈ ਹੱਥ ਹਿਲਾਉਣੇ ਪੈਂਦੇ ਹਨ।ਸਰੀਰ ਨੂੰ ਕੁਝ ਕਸ਼ਟ ਦੇਣਾ ਪੈਂਦਾ ਹੈ। ਬੰਦੇ ਦੇ ਸੁੱਖ ਦੀ ਦੁਨੀਆਂ ਉਸ ਦੇ ਅਰਾਮ ਦੀ ਹੱਦ ਤੋਂ ਬਾਹਰ ਜਾ ਕੇ ਹੀ ਸ਼ੁਰੂ ਹੁੰਦੀ ਹੈ। ਹਰਕਤ ਦਾ ਦੂਜਾ ਨਾਮ ਮਿਹਨਤ ਹੈ ਅਤੇ ਇਸੇ ਹਰਕਤ ਵਿਚ ਹੀ ਬਰਕਤ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1039
***

About the author

ਗੁਰਸ਼ਰਨ ਸਿੰਘ ਕੁਮਾਰ
ਗੁਰਸ਼ਰਨ ਸਿੰਘ ਕੁਮਾਰ
Mobile:094631-89432/83608-42861 | gursharan1183@yahoo.in | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਕੁਮਾਰ

View all posts by ਗੁਰਸ਼ਰਨ ਸਿੰਘ ਕੁਮਾਰ →