ਮਨੁੱਖਾ ਜੀਵਨ ਕੋਈ ਫ਼ੁੱਲਾਂ ਦੀ ਸੇਜ਼ ਨਹੀਂ। ਜ਼ਿੰਦਗੀ ਦੇ ਰਸਤੇ ਕੋਈ ਸਿੱਧੀ ਸਪਾਟ ਸੜਕ ਨਹੀਂ। ਇਸ ਲਈ ਜ਼ਿੰਦਗੀ ਦੇ ਸਫ਼ਰ ਵਿਚ ਠੋਕਰਾਂ ਵੀ ਲੱਗਦੀਆਂ ਹਨ। ਇੱਥੇ ਮਨੁੱਖ ਨੂੰ ਕਈ ਦੁੱਖ ਅਤੇ ਦੁਸ਼ਵਾਰੀਆਂ ਵੀ ਝੱਲਣੀਆਂ ਪੈਂਦੀਆਂ ਹਨ। ਵੈਸੇ ਤਾਂ ਜ਼ਿੰਦਗੀ ਦੇ ਸਾਰੇ ਕੰਮ ਸਫ਼ਲਤਾ ਲਈ ਹੀ ਕੀਤੇ ਜਾਂਦੇ ਹਨ ਪਰ ਫਿਰ ਵੀ ਸਾਨੂੰ ਕਈ ਵਾਰੀ ਹਾਰਾਂ ਅਤੇ ਅਸਫ਼ਲਤਾਵਾਂ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਅਸੀਂ ਕਈ ਕੰਮ ਆਪਣੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਵੀ ਕਰਦੇ ਹਾਂ। ਜੇ ਅਜਿਹੇ ਕੰਮ ਵਿਚ ਸਾਨੂੰ ਅਸਫ਼ਲਤਾ ਜਾਂ ਹਾਰ ਦਾ ਸਾਹਮਣਾ ਕਰਨਾ ਪਏ ਤਾਂ ਬਹੁਤ ਦੁੱਖ ਅਤੇ ਨਮੋਸ਼ੀ ਹੁੰਦੀ ਹੈ। ਕਹਿੰਦੇ ਹਨ ਕਿ ਲੜ੍ਹਦੀਆਂ ਤਾਂ ਫੋਜਾਂ ਹਨ ਪਰ ਜਿੱਤ ਦਾ ਸਿਹਰਾ ਕਮਾਂਡਰ ਸਿਰ ਹੀ ਬੱਝਦਾ ਹੈ। ਜੇ ਜਿੱਤ ਦੀ ਸ਼ੋਭਾ ਸਾਨੂੰ ਮਿਲਦੀ ਹੈ ਤਾਂ ਹਾਰ ਦੀ ਜ਼ਿੰਮੇਵਾਰੀ ਵੀ ਸਾਨੂੰ ਹੀ ਕਬੂਲ ਕਰਨੀ ਚਾਹੀਦੀ ਹੈ। ਬਹਾਨੇ ਬਣਾ ਕੇ ਅਜਿਹੀ ਜ਼ਿੰਮੇਵਾਰ ਕਿਸੇ ਦੂਸਰੇ ਸਿਰ ਨਹੀਂ ਸੁੱਟਣੀ ਚਾਹੀਦੀ। ਇੱਥੇ ਇਹ ਵੀ ਵਿਚਾਰਨ ਦੀ ਲੋੜ ਹੁੰਦੀ ਹੈ ਕਿ ਸਾਡੇ ਵਿਚ ਕੀ ਕਮੀ ਰਹਿ ਗਈ ਜਾਂ ਕੀ ਗ਼ਲਤੀ ਹੋ ਗਈ ਜੋ ਸਾਡੀ ਹਾਰ ਦਾ ਕਾਰਨ ਬਣੀ? ਆਪਣੀ ਕਮੀ ਨੂੰ ਦੂਰ ਕਰ ਕੇ ਸਾਨੂੰ ਆਪਣੀ ਗ਼ਲਤੀ ਸੁਧਾਰਨੀ ਚਾਹੀਦੀ ਹੈ। ਜ਼ਿੰਮੇਵਾਰੀ ਕਬੂਲ ਕਰਨਾ ਵੀ ਬਹਾਦਰੀ ਅਤੇ ਉੱਚੇ ਆਚਰਨ ਦੀ ਨਿਸ਼ਾਨੀ ਹੈ। ਇਸ ਨਾਲ ਸਾਡੀ ਇੱਜ਼ਤ ਘੱਟਦੀ ਨਹੀਂ ਸਗੋਂ ਲੋਕਾਂ ਦੇ ਮਨ ਵਿਚ ਸਾਡਾ ਵਿਸ਼ਵਾਸ ਬੱਝਦਾ ਹੈ। ਉਹ ਇਕ ਵਾਰੀ ਫਿਰ ਸਾਡੇ ਤੇ ਭਰੋਸਾ ਕਰ ਕੇ ਸਾਨੂੰ ਆਪਣਾ ਰਹਿਨੁਮਾ ਚੁਣ ਸਕਦੇ ਹਨ ਅਤੇ ਦੁਬਾਰਾ ਤੋਂ ਸਾਨੂੰ ਇਹ ਹੀ ਜ਼ਿੰਮੇਵਾਰੀ ਸੋਂਪ ਸਕਦੇ ਹਨ। ਸੁਲਝਿਆ ਹੋਇਆ ਮਨੁੱਖ ਉਹ ਹੀ ਹੈ ਜੋ ਆਪਣੇ ਫੈਸਲੇ ਖ਼ੁਦ ਕਰਦਾ ਹੈ ਅਤੇ ਉਨ੍ਹਾਂ ਦੇ ਨਤੀਜਿਆਂ ਨੂੰ ਵੀ ਖਿੜ੍ਹੇ ਮੱਥੇ ਪ੍ਰਵਾਨ ਕਰਦਾ ਹੈ। ਉਹ ਕਿਸੇ ਗ਼ਲਤ ਨਤੀਜੇ ਲਈ ਦੂਜੇ ਨੂੰ ਦੋਸ਼ ਨਹੀਂ ਦਿੰਦਾ। ਕਹਿੰਦੇ ਹਨ ਕਿ ਇਨਸਾਨ ਗ਼ਲਤੀ ਦਾ ਪੁਤਲਾ ਹੈ। ਅੱਜ ਕੱਲ੍ਹ ਸਰਮਾਇਦਾਰੀ ਦਾ ਜ਼ਮਾਨਾ ਹੈ। ਇਸ ਲਈ ਮਨੁੱਖ ਦੇ ਹਰ ਕੰਮ ਨੂੰ ਪੈਸੇ ਦੀ ਤੱਕੜੀ ਤੇ ਤੋਲਿਆ ਜਾ ਰਿਹਾ ਹੈ। ਮੋਹ ਪਿਆਰ ਦੇ ਰਿਸ਼ਤੇ ਵੀ ਵਪਾਰਕ ਹੁੰਦੇ ਜਾ ਰਹੇ ਹਨ। ਜਦ ਅਸੀਂ ਜ਼ਿੰਦਗੀ ਵਿਚ ਕਿਸੇ ਦੂਸਰੇ ਨਾਲ ਵਰਤਦੇ ਹਾਂ ਤਾਂ ਜਾਣੇ ਜਾਂ ਅਣਜਾਣੇ ਵਿਚ ਕਈ ਗ਼ਲਤੀਆਂ ਕਰ ਬੈਠਦੇ ਹਾਂ ਜਿਸ ਨਾਲ ਕਿਸੇ ਦੂਸਰੇ ਦਾ ਨੁਕਸਾਨ ਹੁੰਦਾ ਹੈ ਜਾਂ ਉਸ ਦਾ ਦਿਲ ਦੁਖਦਾ ਹੈ। ਕਈ ਵਾਰੀ ਅਸੀਂ ਅਜਿਹੀ ਗ਼ਲਤੀ ਲਈ ਪਛਤਾਉਂਦੇ ਵੀ ਹਾਂ। ਜੇ ਅਸੀਂ ਆਪਣੀ ਗ਼ਲਤੀ ਮੰਨ ਕੇ ਉਸ ਕੋਲੋਂ ਮੁਆਫੀ ਮੰਗ ਲਈਏ ਤਾਂ ਮਨ ਤੋਂ ਕੁਝ ਭਾਰ ਉਤਰ ਜਾਂਦਾ ਹੈ ਅਤੇ ਦੂਜਾ ਵੀ ਕੁਝ ਸਹਿਜ ਹੋ ਜਾਂਦਾ ਹੈ। ਕਈ ਲੋਕ ਅਸਫ਼ਲਤਾ ਤੇ ਗ਼ਲਤੀ ਨੂੰ ਇਕੋ ਚੀਜ਼ ਮੰਨ ਲੈਂਦੇ ਹਨ। ਅਸਫ਼ਲਤਾ ਭਾਵ ਹਾਰ, ਭਾਵ ਜਿਸ ਕੰਮ ਦੇ ਨਤੀਜੇ ਸਾਡੀ ਆਸ਼ਾ ਅਨੁਸਾਰ ਨਾ ਨਿਕਲਣ ਉਹ ਸਾਡੀ ਹਾਰ ਹੈ। ਇਸ ਲਈ ਅਫ਼ਸੋਸ ਕੀਤਾ ਜਾਂਦਾ ਹੈ ਅਤੇ ਜ਼ਿੰਮੇਵਾਰੀ ਲਈ ਜਾਂਦੀ ਹੈ ਜਾਂ ਨਿਰਧਾਰਤ ਕੀਤੀ ਜਾਂਦੀ ਹੈ। ਗ਼ਲਤੀ ਦਾ ਭਾਵ ਹੈ ਕਿ ਜਾਣ ਬੁੱਝ ਕੇ ਜਾਂ ਅਣਜਾਣੇ ਵਿਚ ਕੋਈ ਭੁੱਲ ਕਰ ਬੈਠਣਾ। ਇਸ ਲਈ ਅਫ਼ਸੋਸ ਕੀਤਾ ਜਾਂਦਾ ਹੈ ਅਤੇ ਮੁਆਫ਼ੀ ਵੀ ਮੰਗੀ ਜਾਂਦੀ ਹੈ। ਕਈ ਵਾਰੀ ਆਪਣੀ ਗ਼ਲਤੀ ਨਾ ਹੋਣ ਤੇ ਵੀ ਗ਼ਲਤੀ ਮੰਨਣੀ ਪੈਂਦੀ ਹੈ ਤਾਂ ਕਿ ਪਿਆਰ ਦੇ ਰਿਸ਼ਤੇ ਬਣੇ ਰਹਿਣ। ਅਸਫ਼ਲਤਾ ਤੇ ਗ਼ਲਤੀ ਨੂੰ ਫੜ ਕੇ ਬੈਠ ਜਾਣਾ ਤੇ ਅਫ਼ਸੋਸ ਕਰੀ ਜਾਣ ਦਾ ਕੋਈ ਫਾਇਦਾ ਨਹੀਂ। ਸਾਨੂੰ ਆਪਣੀ ਅਸਫ਼ਲਤਾ ਅਤੇ ਗ਼ਲਤੀ ਤੋਂ ਸਬਕ ਲੈ ਕੇ ਸਹੀ ਢੰਗ ਨਾਲ ਸਹੀ ਰਸਤੇ ਤੇ ਅੱਗੇ ਵਧਣਾ ਚਾਹੀਦਾ ਹੈ ਤਾਂ ਕਿ ਅੱਗੇ ਤੋਂ ਕੋਈ ਅਜਿਹਾ ਹਾਦਸਾ ਨਾ ਵਾਪਰੇ। ਆਪਣੀ ਗ਼ਲਤੀ ਮੰਨਣਾ ਵੱਡੇ ਦਿਲ ਦੀ ਨਿਸ਼ਾਨੀ ਹੁੰਦੀ ਹੈ। ਜੇ ਕੋਈ ਸੱਚੇ ਦਿਲੋਂ ਆਪਣੀ ਗ਼ਲਤੀ ਮੰਨਦਾ ਹੈ ਤਾਂ ਉਸ ਨੂੰ ਸਜਾ ਦੇਣਾ ਜਾਂ ਮੁਆਫ਼ ਕਰਨਾ ਗ਼ਲਤੀ ਦੀ ਡੂੰਘਾਈ ਅਤੇ ਹੋਏ ਨੁਕਸਾਨ ਤੇ ਨਿਰਭਰ ਕਰਦਾ ਹੈ। ਵੈਸੇ ਮੁਆਫ਼ ਕਰਨਾ ਵੱਡੇ ਦਿਲ ਦੀ ਨਿਸ਼ਾਨੀ ਹੈ। ਸਾਡਾ ਉਦੇਸ਼ ਬੰਦੇ ਨੂੰ ਸ਼ਰਮਿੰਦਾ ਕਰਨਾ ਜਾਂ ਸਮਾਜ ਨਾਲੋਂ ਤੋੜਣਾ ਨਹੀਂ ਹੋਣਾ ਚਾਹੀਦਾ ਸਗੋਂ ਉਸ ਨੂੰ ਗ਼ਲਤੀ ਦਾ ਅਹਿਸਾਸ ਕਰਾ ਕੇ ਸਮਾਜ ਨਾਲ ਜੋੜਣਾ ਅਤੇ ਅੱਗੇ ਤੋਂ ਉਸ ਨੂੰ ਸੁਧਾਰਨਾ ਹੋਣਾ ਚਾਹੀਦਾ ਹੈ। ਇਹ ਵੱਖਰੀ ਗੱਲ ਹੈ ਕਿ ਕਈ ਵਾਰੀ ਤੱਕੜੇ ਬੰਦੇ ਮਾੜੇ ਬੰਦੇ ਨੂੰ ਗ਼ਲਤੀ ਨਾ ਹੋਣ ਤੇ ਵੀ ਜ਼ਬਰਦਸਤੀ ਮੁਆਫ਼ੀ ਮੰਗਣ ਲਈ ਮਜ਼ਬੂਰ ਕਰ ਦਿੰਦੇ ਹਨ। ਅਜਿਹੀ ਹਾਲਤ ਵਿਚ ਮਾੜਾ ਬੰਦਾ ਅਪਮਾਨਿਤ ਹੋਇਆ ਮਹਿਸੂਸ ਕਰਦਾ ਹੈ। ਦੂਸਰੇ ਦੇ ਦੁੱਖ ਦਰਦ ਨੂੰ ਮਹਿਸੂਸ ਕਰਨਾ ਹੀ ਮਨੁੱਖਵਾਦੀ ਦ੍ਰਿਸ਼ਟੀ ਕੌਣ ਹੁੰਦਾ ਹੈ। ਜੇ ਤੁਸੀਂ ਜਾਣੇ ਜਾਂ ਅਣਜਾਣੇ ਵਿਚ ਕਿਸੇ ਦਾ ਹੱਕ ਮਾਰਿਆ ਹੈ, ਉਸ ਨੂੰ ਕੁਝ ਨੁਕਸਾਨ ਪਹੁੰਚਾਇਆ ਹੈ, ਉਸ ਨੂੰ ਜਲੀਲ ਕੀਤਾ ਹੈ ਜਾਂ ਉਸ ਨੂੰ ਕੋਈ ਮਾੜੇ ਸ਼ਬਦ ਬੋਲੇ ਹਨ ਤਾਂ ਇਹ ਉਸ ਨਾਲ ਬਹੁਤ ਵੱਡੀ ਜ਼ਿਆਦਤੀ ਕੀਤੀ ਹੈ। ਇਸ ਨਾਲ ਉਹ ਬੇਇੱਜ਼ਤ ਵੀ ਹੋਇਆ ਹੋਵੇਗਾ ਅਤੇ ਉਸ ਦਾ ਦਿਲ ਵੀ ਟੁੱਟਾ ਹੋਵੇਗਾ। ਜੇ ਤੁਹਾਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਤਾਂ ਉਸ ਵਿਚਾਰੇ ਦੇ ਨੁਕਸਾਨ ਦੀ ਭਰਪਾਈ ਕਰ ਕੇ ਉਸ ਤੋਂ ਮੁਆਫ਼ੀ ਮੰਗਣਾ ਤੁਹਾਡਾ ਫ਼ਰਜ਼ ਹੈ। ਬੇਸ਼ੱਕ ਤੁਸੀਂ ਉਸ ਦੇ ਨੁਕਸਾਨ ਦੀ ਪੂਰੀ ਭਰਪਾਈ ਤਾਂ ਨਹੀਂ ਕਰ ਸਕਦੇ ਪਰ ਉਸ ਦੇ ਜ਼ਖ਼ਮਾਂ ਤੇ ਮਲ੍ਹਮ ਤਾਂ ਲਾ ਹੀ ਸਕਦੇ ਹੋ। ਤੁਹਾਡਾ ਇਹ ਕੰਮ ਉਸ ਦੇ ਤੱਪਦੇ ਹਿਰਦੇ ਨੂੰ ਠੰਢਕ ਪਹੁੰਚਾਵੇਗਾ। ਬੇਸ਼ੱਕ ਅੱਜ ਕੱਲ੍ਹ ਦੇ ਜ਼ਮਾਨੇ ਵਿਚ ਇਮਾਨਦਾਰੀ ਤੇ ਚੱਲਣਾ ਬਹੁਤ ਕਠਿਨ ਹੈ ਫਿਰ ਵੀ ਜਿਵੇਂ ਗ਼ਹਿਰੇ ਤੋਂ ਗ਼ਹਿਰਾ ਬੱਦਲ ਵੀ ਸੂਰਜ ਨੂੰ ਨਿਕਲਣ ਤੋਂ ਸਦਾ ਲਈ ਨਹੀਂ ਰੋਕ ਸਕਦਾ ਇਸੇ ਤਰ੍ਹਾਂ ਝੂਠ ਦਾ ਗ਼ਹਿਰੇ ਤੋਂ ਗ਼ਹਿਰਾ ਮੁਲੱਮਾਂ ਵੀ ਸੱਚ ਨੂੰ ਪ੍ਰਗਟ ਹੋਣ ਤੋਂ ਸਦਾ ਲਈ ਨਹੀਂ ਰੋਕ ਸਕਦਾ। ਸੱਚਾਈ ਇਕ ਦਿਨ ਸਾਹਮਣੇ ਜ਼ਰੂਰ ਪ੍ਰਗਟ ਹੋ ਹੀ ਜਾਂਦੀ ਹੈ। ਇਸ ਲਈ ਇਨਸਾਨ ਦੀ ਸਭ ਤੋਂ ਵੱਡੀ ਤਾਕਤ ਉਸ ਦੀ ਸੱਚਾਈ ਅਤੇ ਇਮਾਨਦਾਰੀ ਹੈ। ਜੇ ਅਸੀਂ ਜ਼ਿੰਦਗੀ ਵਿਚ ਖ਼ੁਸ਼ ਰਹਿਣਾ ਚਾਹੁੰਦੇ ਹਾਂ ਆਪਸੀ ਪਿਆਰ ਦੇ ਨਿੱਘੇ ਰਿਸ਼ਤੇ ਕਾਇਮ ਰੱਖਣਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਅੰਦਰ ਦੇ ਹੰਕਾਰ ਨੂੰ ਮਾਰ ਕੇ ਖ਼ੁਦ ਨੂੰ ਹੱਲਕਾ ਕਰਨਾ ਪਏਗਾ। ਉੱਚਾ ਉਹ ਹੀ ਉੱਠਦਾ ਹੈ ਜੋ ਹਲਕਾ ਹੁੰਦਾ ਹੈ। ਖ਼ੁਸ਼ ਦਿਲ ਅਤੇ ਹੱਸਦਾ ਹੋਇਆ ਚਿਹਰਾ ਹੀ ਜ਼ਿੰਦਗੀ ਦੀ ਅਸਲ ਦੌਲਤ ਹੈ। ਸੱਚਾ ਮਨੁੱਖ ਹਮੇਸ਼ਾਂ ਮਨੁੱਖਤਾ ਦੀ ਭਲਾਈ ਲਈ ਖੜ੍ਹਾ ਹੁੰਦਾ ਹੈ। ਆਪਣੀ ਗ਼ਲਤੀ ਲਈ ਮੁਆਫ਼ੀ ਮੰਗਣਾ ਸ਼ਿਸ਼ਟਾਚਾਰ ਅਤੇ ਦਲੇਰੀ ਹੈ ਅਤੇ ਇਕ ਕਲਾ ਵੀ ਹੈ। ਤੁਹਾਡੀ ਇਹ ਦਲੇਰੀ ਤੁਹਾਨੂੰ ਨੀਵਾਂ ਦਿਖਾਉਣ ਦੀ ਥਾਂ ਤੁਹਾਡੇ ਚਾਲ ਚੱਲਣ ਨੂੰ ਉੱਚਾਈ ’ਤੇ ਲੈ ਜਾਂਦੀ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* |