28 March 2024

ਸਚ ਕੀ ਬਾਣੀ ਨਾਨਕੁ ਆਖੈ..|| ਅਤੇ *ਛੇੜ ਮਰਦਾਨਿਆਂ ਰਬਾਬ..(ਗੀਤ)*—ਗੁਰਦੀਸ਼ ਕੌਰ ਗਰੇਵਾਲ, ਕੈਲਗਰੀ

8 ਨਵੰਬਰ 2022 ਨੂੰ ਗੁਰਪੁਰਬ ਲਈ: 
ਸਚ ਕੀ ਬਾਣੀ ਨਾਨਕੁ ਆਖੈ..।। ਅਤੇ *ਛੇੜ ਮਰਦਾਨਿਆਂ ਰਬਾਬ..(ਗੀਤ)*
-ਗੁਰਦੀਸ਼ ਕੌਰ ਗਰੇਵਾਲ, ਕੈਲਗਰੀ-

ਅੱਜ ਤੋਂ ਸਾਢੇ ਪੰਜ ਸੌ ਸਾਲ ਪਹਿਲਾਂ, ਜਦ ਸਾਹਿਬ ਸ੍ਰੀ ਗੁਰੂੁ ਨਾਨਕ ਦੇਵ ਜੀ ਦਾ ਪ੍ਰਕਾਸ਼ ਇਸ ਧਰਤੀ ਤੇ ਹੋਇਆ ਤਾਂ ਚਾਰੇ ਪਾਸੇ ਕੂੜ੍ਹ ਦਾ ਬੋਲ ਬਾਲਾ ਸੀ। ਉਸ ਸਮੇਂ ਹਿੰਦੋਸਤਾਨ ਤੇ ਖਾਸ ਕਰਕੇ ਪੰਜਾਬ ਦੀ ਧਰਤੀ ਤੇ ਤਿੰਨ ਪ੍ਰਮੁੱਖ ਮੱਤ ਸਨ- ਹਿੰਦੂ ਮੱਤ, ਇਸਲਾਮ ਤੇ ਜੋਗ ਮੱਤ। ਪਰੰਤੂ ਤਿੰਨਾਂ ਵਿੱਚ ਹੀ ਗਿਰਾਵਟ ਇੰਨੀ ਆ ਚੁੱਕੀ ਸੀ ਅਤੇ ਕੋਈ ਵੀ ਮਾਨਵਤਾ ਨੂੰ ਸਹੀ ਸੇਧ ਦੇਣ ਦੇ ਕਾਬਲ ਨਹੀਂ ਸੀ ਰਿਹਾ। ਲੋਕ ਅੰਧ ਵਿਸ਼ਵਾਸਾਂ ਤੇ ਵਹਿਮਾਂ ਭਰਮਾਂ ਦੇ ਜਾਲ਼ ਵਿੱਚ ਫਸ ਕੇ ਆਪਣਾ ਮਨੁੱਖਾ ਜਨਮ ਵਿਅਰਥ ਗੁਆ ਰਹੇ ਸਨ। ਸੋ ਉਸ ਵੇਲੇ ਧਰਤੀ ਦੀ ਪੁਕਾਰ ਸੁਣ ਕੇ ਪ੍ਰਮਾਤਮਾ ਨੇ ਆਪਣਾ ਦੂਤ ਗੁਰੂ ਨਾਨਕ, ਇਸ ਦੁਨੀਆਂ ਵਿੱਚ ਭੇਜਿਆ-

ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। (ਭਾਈ ਗੁਰਦਾਸ)
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧੁ ਜਗਿ ਚਾਨਣੁ ਹੋਆ।
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪਿ ਅੰਧੇਰੁ ਪਲੋਆ। (ਭਾਈ ਗੁਰਦਾਸ)

ਸਾਹਿਬ ਸ੍ਰੀ ਗੁਰੂੁ ਨਾਨਕ ਦੇਵ ਜੀ ਦੀ ਬਾਣੀ ਜਾਂ ਉਹਨਾਂ ਦੀ ਸ਼ਖ਼ਸੀਅਤ ਬਾਰੇ ਕੋਈ ਗਲ ਕਰਨੀ ਤਾਂ ਸੂਰਜ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੈ। ਫਿਰ ਵੀ ਆਓ ਆਪਣੀ ਤੁੱਛ ਜਿਹੀ ਬੁੱਧੀ ਅਨੁਸਾਰ, ਸੱਚ ਦਾ ਹੋਕਾ ਦਿੰਦੀ ਉਹਨਾਂ ਦੀ ਬਾਣੀ ਦੇ ਕੁੱਝ ਕੁ ਅੰਸ਼ਾਂ ਤੇ, ਵਿਚਾਰ ਕਰਨ ਦੀ ਨਿਮਾਣੀ ਜਿਹੀ ਕੋਸ਼ਿਸ਼ ਕਰੀਏ।

ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ, ਭੁੱਲੀ ਭਟਕੀ ਲੋਕਾਈ ਨੂੰ ਜ਼ਿੰਦਗੀ ਜਿਊਣ ਦਾ ਬੜਾ ਸੁਖਾਲਾ ਜਿਹਾ ਢੰਗ ਦੱਸਿਆ। ਸੂਰਜ, ਚੰਦਰਮਾਂ, ਰੁੱਖਾਂ, ਪਸ਼ੂਆਂ, ਪੱਥਰਾਂ, ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲਿਆਂ ਨੂੰ, ਇਸ ਸਾਰੀ ਸ੍ਰਿਸ਼ਟੀ ਦੇ ਰਚਨਹਾਰੇ ਇੱਕ ਨਿਰੰਕਾਰ ਨਾਲ ਜੋੜਿਆ। ਉਹਨਾਂ ਦਾ ‘ਇੱਕ ਓਅੰਕਾਰ’ ਦਾ ਨਾਅਰਾ, ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਸੀ। ਕਿੰਨੀ ਵੱਡੀ ਸਚਾਈ ਛੁਪੀ ਹੈ ਇਹਨਾਂ ਦੋ ਲਫਜ਼ਾਂ ‘ਚ। ਇਹ ਅਕਾਲ ਪੁਰਖ ਪ੍ਰਮੇਸ਼ਰ ਦੇ ਸਰਗੁਣ ਤੇ ਨਿਰਗੁਣ- ਦੋਹਾਂ ਸਰੂਪਾਂ ਦੀ ਵਿਆਖਿਆ ਕਰਦੇ ਹਨ। ਭਾਵ- ਉਹ ਪਰਮਾਤਮਾਂ ਇੱਕ ਹੈ, ਇਸ ਬ੍ਰਹਿਮੰਡ ਦੀ ਰਚਨਾ ਕਰਨ ਵਾਲਾ ਵੀ ਹੈ ਤੇ ਇਸ ਦੇ ਕਣ-ਕਣ ਵਿੱਚ ਸਮਾਇਆ ਹੋਇਆ ਵੀ ਹੈ। ਇਹ ਖੰਡ-ਬ੍ਰਹਿਮੰਡ, ਆਕਾਸ਼-ਪਾਤਾਲ, ਕੁਦਰਤ ਤੇ ਧਰਤੀ ਤੇ ਪੈਦਾ ਹੋਈਆਂ ਚੁਰਾਸੀ ਲੱਖ ਜੂਨਾਂ, ਚੰਨ, ਸੂਰਜ, ਧਰਤੀ ਸਮੇਤ ਸਾਰੇ ਗ੍ਰਹਿ- ਉਸ ਦੇ ਹੁਕਮ ਵਿੱਚ ਬੱਝੇ, ਆਪੋ ਆਪਣਾ ਰੋਲ ਨਿਭਾਅ ਰਹੇ ਹਨ। ਪਰ ਉਸ ਦੀ ਜਾਂ ਉਸ ਦੀ ਰਚਨਾ ਦੀ ਥਾਹ ਪਾਉਣੀ- ਕਿਸੇ ਮਨੁੱਖੀ ਦਿਮਾਗ ਦੇ ਵੱਸ ਦੀ ਗੱਲ ਨਹੀਂ-

ਪਾਤਾਲਾ ਪਾਤਾਲ ਲੱਖ ਆਗਾਸਾ ਆਗਾਸ॥
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ॥
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ॥
ਲੇਖਾ ਹੋਇ ਤ ਲਿਖਿਐ ਲੇਖੈ ਹੋਇ ਵਿਣਾਸੁ॥
ਨਾਨਕੁ ਵਡਾ ਆਖੀਐ ਆਪੇ ਜਾਣੈ ਆਪਿ॥ (ਜਪੁਜੀ ਸਾਹਿਬ)

ਉਸ ਸਮੇਂ ਦੇ ਪੁਜਾਰੀ ਵਰਗ ਵਲੋਂ ਹਜ਼ਾਰਾਂ ਸਾਲਾਂ ਤੋਂ ਬਣਾਈਆਂ ਪੁਰਾਣੀਆਂ ਮਿੱਥਾਂ ਨੂੰ ਤੋੜਨਾ ਕੋਈ ਆਸਾਨ ਕੰਮ ਨਹੀਂ ਸੀ। ਬਾਬੇ ਨਾਨਕ ਨੇ ਕਿਸੇ ਨਾਲ ਲੜਾਈ ਨਹੀਂ ਕੀਤੀ, ਉੱਚਾ ਨਹੀਂ ਬੋਲਿਆ ਸਗੋਂ ਬੜੇ ਹੀ ਠਰੰਮ੍ਹੇ ਨਾਲ ਗੱਲ ਦਲੀਲ ਨਾਲ ਸਮਝਾਈ। ਉਸ ਸਮੇਂ ਦੇ ਪੁਜਾਰੀ ਵਰਗ ਨੂੰ ਗੁਰੂ ਨਾਨਕ ਨੇ ਬਾਣੀ ਰਾਹੀਂ ਐਸੇ ਸੁਆਲ ਕੀਤੇ- ਜਿਹਨਾਂ ਦੇ ਉਹਨਾਂ ਕੋਲ ਕੋਈ ਜੁਆਬ ਨਹੀਂ ਸਨ। ਉਦਾਹਰਣ ਦੇ ਤੌਰ ਤੇ- ਉਸ ਵਕਤ ਲੋਕਾਂ ਦੇ ਦਿਲੋ ਦਿਮਾਗ ਤੇ ਇਹ ਗੱਲ ਬਿਠਾ ਦਿੱਤੀ ਗਈ ਸੀ ਕਿ- ਧਰਤੀ ਇੱਕ ਬਲਦ ਦੇ ਸਿੰਗ ਤੇ ਖੜ੍ਹੀ ਹੈ ਤੇ ਜਦੋਂ ਬਲਦ ਸਿੰਗ ਬਦਲਦਾ ਹੈ ਤਾਂ ਭੁਚਾਲ ਆਉਂਦਾ ਹੈ। ਪਰ ਬਾਬੇ ਨਾਨਕ ਨੇ ਸਹਿਜ ਸੁਭਾਅ ਹੀ ਕਹਿ ਦਿੱਤਾ ਕਿ-

ਧੌਲੁ ਧਰਮ ਦਇਆ ਕਾ ਪੂਤੁ॥
ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥
ਜੇ ਕੋ ਬੁਝੈ ਹੋਵੈ ਸਚਿਆਰੁ॥
ਧਵਲੈ ਉਪਰਿ ਕੇਤਾ ਭਾਰੁ॥
ਧਰਤੀ ਹੋਰੁ ਪਰੈ ਹੋਰੁ ਹੋਰੁ॥
ਤਿਸ ਤੇ ਭਾਰੁ ਤਲੈ ਕਵਣੁ ਜੋਰੁ॥ (ਜਪੁਜੀ ਸਾਹਿਬ)

ਗੁਰੂ ਨਾਨਕ ਤਾਂ ਸ੍ਰਿਸ਼ਟੀ ਦੇ ਪੈਦਾ ਹੋਣ ਤੋਂ ਪਹਿਲਾਂ ਦੇ ਹਾਲਾਤ ਦਾ ਵੀ ਆਪਣੀ ਬਾਣੀ ਵਿੱਚ ਬਿਆਨ ਕਰ ਰਹੇ ਹਨ-

ਅਰਬਦ ਨਰਬਦ ਧੁੰਧੂਕਾਰਾ॥
ਧਰਣਿ ਨ ਗਗਨਾ ਹੁਕਮੁ ਅਪਾਰਾ॥
ਨਾ ਦਿਨ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ॥ (ਅੰਗ 1035)

ਤੇ ਫਿਰ ਉਸ ਤੋਂ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ? ਇਸ ਬਾਰੇ ਦੱਸਦੇ ਹੋਏ ਬਾਬਾ ਨਾਨਕ ਫੁਰਮਾ ਰਹੇ ਹਨ ਕਿ-

ਕੀਤਾ ਪਸਾਉ ਏਕੋ ਕਵਾਉ॥
ਤਿਸ ਤੇ ਹੋਏ ਲਖ ਦਰੀਆਉ॥ (ਜਪੁਜੀ ਸਾਹਿਬ- ਅੰਗ 3)

ਉਸ ਦੇ ਇੱਕ ਹੁਕਮ ਨਾਲ ਹੀ ਸਾਰੀ ਕਾਇਨਾਤ ਦਾ ਪਸਾਰਾ ਹੋ ਗਿਆ। ਫਿਰ ਆਪ ਹੀ ਜਗਿਆਸੂ ਵਲੋਂ ਸੁਆਲ ਕਰਦੇ ਹਨ- ਕਿ ਉਹ ਕਿਹੜਾ ਵੇਲਾ ਸੀ, ਕਿਹੜੀ ਰੁੱਤ ਸੀ, ਕਿਹੜਾ ਵਾਰ ਸੀ? ਫਿਰ ਇਸ ਦੇ ਉੱਤਰ ਵਿੱਚ ਆਪ ਹੀ ਫੁਰਮਾਉਂਦੇ ਹਨ-

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ॥
ਵਖਤੁ ਨ ਪਾਇਓ ਕਾਦੀਆ ਜਿ ਲਿਖਿਨਿ ਲੇਖੁ ਕੁਰਾਣੁ॥
ਥਿਤਿ ਵਾਰੁ ਨ ਜੋਗੀ ਜਾਣੈ ਰੁਤਿ ਮਾਹੁ ਨ ਕੋਈ॥
ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ॥ (ਜਪੁਜੀ ਸਾਹਿਬ)

ਬਾਬੇ ਨਾਨਕ ਨੇ ਚਾਰੇ ਦਿਸ਼ਾਵਾਂ ਵਿੱਚ ਚਾਰ ਉਦਾਸੀਆਂ ਕਰਕੇ, 23 ਸਾਲ ਪੈਦਲ ਚਲ ਕੇ, ਤਪਦੀ ਲੋਕਾਈ ਨੂੰ ਠੰਢ ਵਰਤਾਈ। ਹਰਦੁਆਰ ਗਏ ਤਾਂ ਸੂਰਜ ਨੂੰ ਤੇ ਪਿੱਤਰਾਂ ਨੂੰ ਪਾਣੀ ਦੇ ਰਹੇ ਲੋਕਾਂ ਨੂੰ ਸਮਝਾਉਣ ਲਈ, ਆਪ ਉਲਟ ਪਾਸੇ ਪਾਣੀ ਦੇਣ ਲੱਗ ਪਏ। ਪੁਜਾਰੀਆਂ ਦੇ ਸੁਆਲ ਪੁੱਛਣ ਤੇ ਆਪ ਜੀ ਨੇ ਉੱਤਰ ਦਿੱਤਾ ਕਿ- ਜੇ ਤੁਹਾਡਾ ਪਾਣੀ ਸੂਰਜ ਜਾਂ ਉਹਨਾਂ ਪਿੱਤਰਾਂ ਤੱਕ ਪਹੁੰਚ ਸਕਦਾ ਹੈ, ਜਿਹਨਾਂ ਦਾ ਕੋਈ ਥਹੁ ਪਤਾ ਨਹੀਂ ਤਾਂ ਮੇਰਾ ਪਾਣੀ ਕਰਤਾਰਪੁਰ ਮੇਰੇ ਖੇਤ ਵਿੱਚ ਕਿਉਂ ਨਹੀਂ ਪਹੁੰਚੇਗਾ- ਜਿਸ ਦਾ ਮੈਂਨੂੰ ਪਤਾ ਹੈ?

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ (ਅੰਗ 473)- ਰਾਹੀਂ ਕਿਰਤ ਕਰਨ ਦਾ ਸੰਕਲਪ ਦਿੱਤਾ।

ਉਹਨਾਂ ਨੇ ਜੀਵਨ ਦੇ ਅੰਤਲੇ 18 ਸਾਲ, ਕਰਤਾਰਪੁਰ ਵਿਖੇ ਹਲ਼ ਵਾਹ ਕੇ ‘ਕਿਰਤ ਕਰੋ, ਨਾਮ ਜਪੋ, ਵੰਡ ਛਕੋ’ ਦੀ ਮਿਸਾਲ ਆਪ ਕਾਇਮ ਕੀਤੀ- ਜਿਸ ਧਰਤੀ ਦੇ ਖੁਲ੍ਹੇ ਦਰਸ਼ਨ ਦੀਦਾਰੇ ਕਰਨ ਦਾ ਹੁਣ ਸਾਨੂੰ, ਇੱਕ ਅਰਸੇ ਬਾਅਦ ਸੁਭਾਗ ਪ੍ਰਾਪਤ ਹੋਇਆ ਹੈ।

ਬਾਬੇ ਨਾਨਕ ਦੀ ਸੱਚ ਦੀ ਬਾਣੀ ਦੇ ਬਾਣ, ਕੁਕਰਮ ਕਰਨ ਵਾਲੇ ਦੇ ਦਿੱਲ ਵਿੱਚ ਖੁੱਭ ਜਾਂਦੇ ਤੇ ਉਹ ਆਪਣੇ ਗੁਨਾਹ ਕਬੂਲ ਕਰ, ਅੱਗੋਂ ਤੋਂ ਤੋਬਾ ਕਰ, ਸੱਚ ਦੇ ਲੜ ਲੱਗ ਜਾਂਦਾ। ਮਿਸਾਲ ਦੇ ਤੌਰ ਤੇ- ਜਿਹੜਾ ਸੱਜਣ ਅਨੇਕਾਂ ਲੋਕਾਂ ਨੂੰ ਮਿੱਠਾ ਪਿਆਰਾ ਬਣ ਕੇ ਲੁੱਟ ਚੁੱਕਾ ਸੀ, ਗੁਰੂੁ ਨਾਨਕ ਦੀ ‘ਸੂਹੀ ਰਾਗੁ’ ਵਿੱਚ ਉਚਾਰੀ ਇਸ ਬਾਣੀ ਨੂੰ ਸੁਣਦਿਆਂ, ਉਸ ਦੇ ਵੀ ਪਾਪ ਕੰਬਣ ਲੱਗੇ ਤੇ ਉਹ ਆਪ ਜੀ ਦੇ ਚਰਨਾਂ ਤੇ ਢਹਿ ਪਿਆ-

ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ॥
ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ॥
ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ॥
ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ॥ ਰਹਾਉ॥ (ਅੰਗ 729)

ਉਸ ਵੇਲੇ ਇਹ ਵੀ ਸੰਕਲਪ ਆਮ ਪ੍ਰਚਲਿਤ ਸੀ ਕਿ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਨ ਨਾਲ, ਸਾਰੇ ਪਾਪ ਧੋਤੇ ਜਾਂਦੇ ਹਨ। ਪਰ ਬਾਬੇ ਨਾਨਕ ਨੇ ਇਸ ਤੇ ਕਟਾਖਸ਼ ਕਰਦੇ ਹੋਏ ਕਿਹਾ, ਕਿ ਘਰ ਬੈਠ ਕੇ ਸੱਚੇ ਮਨ ਨਾਲ ਨਾਮ ਜਪਣਾ ਵੀ ਤੀਰਥ ਹੈ-

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (ਅੰਗ 687)

ਬਾਹਰਲੇ ਕਰਮ ਕਾਂਡਾਂ ਨਾਲੋਂ ਮਨ ਦੀ ਸ਼ੁਧੀ ਤੇ ਜ਼ੋਰ ਦਿੰਦਿਆਂ, ਉਚਾਰਣ ਕਰਦੇ ਹਨ-

ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ॥ (ਅੰਗ 789)

ਉਹਨਾਂ ਸਮਿਆਂ ਵਿੱਚ, ਬਹੁਤ ਸਾਰੇ ਜੋਤਸ਼ੀ, ਤਾਂਤਰਿਕ, ਪੰਡਤ ਜਾਂ ਬਾਬੇ ਕਹਾਉਣ ਵਾਲੇ ਲੋਕ ਵੀ, ਦੁੱਖਾਂ ਕਸ਼ਟਾਂ ਵਿੱਚ ਫਸੇ ਲੋਕਾਂ ਨੂੰ, ਮੰਤਰਾਂ ਦੇ ਤਵੀਤ ਬਣਾ ਕੇ ਦਿੰਦੇ ਤੇ ਚੋਖੀ ਮਾਇਆ ਵਸੂਲ ਲੈਂਦੇ- ਜੋ ਅੱਜ ਵੀ ਹੋ ਰਿਹਾ। ਗੁਰੂੁ ਸਾਹਿਬ ਉਹਨਾਂ ਨੂੰ ਫਿੱਟ ਲਾਹਨਤ ਪਾਉਂਦੇ ਹੋਏ ਕਹਿ ਰਹੇ ਹਨ ਕਿ-

ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥ (ਅੰਗ 1245)
ਅਤੇ ਵਿਹਲੜ ਤੇ ਪੂਜਾ ਦਾ ਮਾਲ ਖਾਣ ਵਾਲਿਆਂ ਨੂੰ ਵੀ ਫਿਟਕਾਰਦੇ ਹੋਏ ਫੁਰਮਾਉਂਦੇ ਹਨ-
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ॥ (ਅੰਗ 790)

ਰਾਜ, ਧਨ, ਉੱਚੀ ਜਾਤ, ਸੁਹੱਪਣ ਤੇ ਜਵਾਨੀ ਆਦਿ ਦਾ ਹੰਕਾਰ ਕਰਨ ਵਾਲਿਆਂ ਨੂੰ ਵੀ ਸਮਝਾ ਰਹੇ ਹਨ-

ਰਾਜੁ ਮਾਲੁ ਰੂਪੁ ਜਾਤਿ ਜੋਬਨੁ ਪੰਜੇ ਠਗੁ॥
ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥ (ਅੰਗ 1288)

ਉਹ ਜ਼ੁਲਮ ਜਬਰ ਕਰਨ ਵਾਲਿਆਂ ਨੂੰ ਵੰਗਾਰਨ ਤੋਂ ਵੀ ਗੁਰੇਜ਼ ਨਹੀਂ ਕਰਦੇ-

ਰਾਜੇ ਸੀਹ ਮੁਕਦਮ ਕੁਤੇ॥
ਜਾਇ ਜਗਾਇਨਿ ਬੈਠੇ ਸੁਤੇ॥(ਅੰਗ 1288)

ਇਹ ਕਹਿਣ ਦੀ ਜੁਰਅਤ ਮੇਰੇ ਬਾਬੇ ਨਾਨਕ ਤੋਂ ਬਿਨਾ ਹੋਰ ਕੌਣ ਕਰ ਸਕਦਾ ਹੈ?

ਉਸ ਸਮੇਂ ਦੇ ਮਰਦ ਪ੍ਰਧਾਨ ਸਮਾਜ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਤੁਲਸੀ ਦਾਸ ਵਰਗਿਆਂ ਕਿਹਾ-

ਢੋਰ, ਗਵਾਰ, ਸ਼ੂਦਰ, ਪਸ਼ੂ, ਨਾਰੀ।
ਪਾਂਚਹਿ ਤਾੜਨਿ ਕੇ ਅਧਿਕਾਰੀ।

ਅਜਿਹੇ ਵੇਲੇ ਔਰਤ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਲਈ, ਮੇਰਾ ਬਾਬਾ ਨਾਨਕ ਹੀ ਮੈਦਾਨ ਵਿੱਚ ਨਿਤਰਦਾ ਹੈ ਅਤੇ ਔਰਤ ਨੂੰ ਦੁਰਕਾਰਨ ਵਾਲਿਆਂ ਨੂੰ ਵੰਗਾਰਦਾ ਹੋਇਆ ਸੁਆਲ ਕਰਦਾ ਹੈ-

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (ਅੰਗ 473)

ਬਾਬਾ ਨਾਨਕ, ਮਲਕ ਭਾਗੋਆਂ ਦਾ ਨਹੀਂ- ਲਾਲੋਆਂ ਦਾ ਸੰਗੀ ਹੈ- ਕਿਰਤੀਆਂ ਦਾ ਸੰਗੀ ਹੈ-

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥
ਨਾਨਕ ਤਿਨ ਕੈ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥ (ਅੰਗ 15)

ਧਾਰਮਿਕ ਪਹਿਰਾਵੇ ਵਿੱਚ ਰਹਿ ਕੇ, ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲਿਆਂ ਨੂੰ ਵੀ ਕਹਿੰਦੇ ਹਨ-

ਗਲੀਂ ਅਸੀ ਚੰਗੀਆ ਆਚਾਰੀ ਬੁਰੀਆਹ॥
ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ॥ (ਅੰਗ 85)
ਪਰਾਇਆ ਹੱਕ ਖਾਣ ਵਾਲੇ, ਹਿੰਦੂ ਮੁਸਲਮਾਨ ਦੋਹਾਂ ਨੂੰ ਸਮਝਾਉਂਦੇ ਹਨ-
ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ (ਅੰਗ 141)

ਬਾਬੇ ਨਾਨਕ ਨੇ ਵਿਹਲੜਾਂ ਤੇ ਮੰਗ ਕੇ ਖਾਣ ਵਾਲਿਆਂ ਨੂੰ ਨਕਾਰਿਆ ਤੇ ਕਿਰਤੀਆਂ ਨੂੰ ਵਡਿਆਇਆ। ਪਹਾੜਾਂ ਦੀਆਂ ਕੁੰਦਰਾਂ ‘ਚ ਬੈਠੇ ਜੋਗੀਆਂ ਨਾਲ ਸੰਵਾਦ ਰਚਾਏ। ਉਹਨਾਂ ਨੂੰ ਸੁਆਲ ਕੀਤੇ ਕਿ- ‘ਇੱਕ ਪਾਸੇ ਤਾਂ ਤੁਸੀਂ ਗ੍ਰਹਿਸਤ ਆਸ਼ਰਮ ਤਿਆਗ ਕੇ, ਜੋਗ ਮੱਤ ਰਾਹੀਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰੀ ਬੈਠੇ ਹੋ, ਪਰ ਦੂਜੇ ਪਾਸੇ ਖਾਣਾ ਮੰਗਣ ਫਿਰ ਗ੍ਰਹਿਸਥੀਆਂ ਦੇ ਘਰੀਂ ਜਾਂਦੇ ਹੋ?’ ਉਹਨਾਂ ਨੂੰ ਸਮਝਾਉਂਦੇ ਹੋਏ ਆਪ ਉਚਾਰਣ ਕਰਦੇ ਹਨ-

ਜੋਗ ਨ ਖਿੰਥਾ ਜੋਗੁ ਨਾ ਡੰਡੈ ਜੋਗ ਨ ਭਸਮ ਚੜਾਈਐ॥
ਜੋਗੁ ਨ ਮੁੰਦੀ ਮੂੰਡਿ ਮੁਡਾਈਐ ਜੋਗੁ ਨ ਸਿੰਗੀ ਵਾਈਐ॥
ਅੰਜਨ ਮਾਹਿ ਨਿਰੰਜਨ ਰਹੀਐ ਜੋਗ ਜੁਗਤਿ ਇਵ ਪਾਈਐ॥ (ਅੰਗ 730)

ਸਾਥੀਓ- ਅਸੀਂ ਬਾਬੇ ਨਾਨਕ ਦਾ ਗੁਰਪੁਰਬ ਹਰ ਸਾਲ ਬੜੀ ਧੂਮ ਧਾਮ ਨਾਲ ਮਨਾਉਂਦੇ ਹਾਂ। ਇਸ ਵਿੱਚ ਗੁਰੂੁ ਘਰਾਂ ਦੀ ਸਜਾਵਟ, ਕਥਾ, ਕੀਰਤਨ ਤੋਂ ਇਲਾਵਾ, ਵੰਨ-ਸੁਵੰਨੇ ਪਕਵਾਨ ਵੀ ਲੰਗਰ ਵਿੱਚ ਸ਼ਾਮਲ ਕਰਦੇ ਹਾਂ.. ਦੀਵੇ ਬਾਲਦੇ ਹਾਂ.. ਨਗਰ ਕੀਰਤਨ ਵੀ ਕੱਢਦੇ ਹਾਂ.. ਤੇ ਖੁਸ਼ੀ ਦਾ ਇਜ਼ਹਾਰ ਕਰਨ ਲਈ, ਪਟਾਖੇ ਜਾਂ ਆਤਸ਼ਬਾਜ਼ੀ ਵੀ ਚਲਾਉਂਦੇ ਹਾਂ। ਪਰ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਅਸੀਂ ਬਾਬੇ ਨਾਨਕ ਦੇ ਫੁਰਮਾਨ- ਪਵਣ ਗੁਰੂੁ ਪਾਣੀ ਪਿਤਾ ਮਾਤਾ ਧਰਤੁ ਮਹਤੁ॥ ਤੇ ਅਮਲ ਕਰਦੇ ਹਾਂ?

ਆਓ ਅੱਜ ਆਪਣੇ ਆਪ ਨੂੰ ਵੀ ਕੁੱਝ ਸੁਆਲ ਕਰੀਏ। ਤਕਰੀਬਨ ਢਾਈ ਸੌ ਸਾਲ ਦਾ ਸਮਾਂ ਲਾ ਕੇ, ਦਸ ਜਾਮੇ ਧਾਰਨ ਕਰਕੇ, ਵਹਿਮਾਂ ਭਰਮਾਂ ਦੇ ਜਿਸ ਅੰਨ੍ਹੇ ਖੂਹ ਵਿੱਚੋਂ ਸਾਨੂੰ ਬਾਬੇ ਨਾਨਕ ਨੇ ਬਾਹਰ ਕੱਢਿਆ ਸੀ- ਕੀ ਅਸੀਂ ਮੁੜ ਉਸੇ ਵਿੱਚ ਤਾਂ ਨਹੀਂ ਡਿਗ ਪਏ? ਕਿਤੇ ਅੱਜ ਵੀ ਪੁਜਾਰੀ ਵਰਗ, ਚਾਹੇ ਉਹ ਕਿਸੇ ਵੀ ਪਹਿਰਾਵੇ ਵਿੱਚ ਹੋਵੇ- ਸਾਨੂੰ ਲੁੱਟ ਕੇ ਤਾਂ ਨਹੀਂ ਖਾ ਰਿਹਾ? ਕੀ ਅਸੀਂ ਬਾਬੇ ਨਾਨਕ ਦੀ ਬਾਣੀ ਤੋਂ ਸੇਧ ਲੈ ਕੇ, ਵਧੀਆ ਜੀਵਨ ਜਾਚ ਸਿੱਖ ਲਈ ਹੈ?

ਨਾਨਕ ਨਾਮ ਲੇਵਾ ਸੰਗਤਾਂ ਵਿੱਚ ਬਾਬੇ ਨਾਨਕ ਪ੍ਰਤੀ ਅਥਾਹ ਸ਼ਰਧਾ ਹੈ। ਉਹਨਾਂ ਦੇ ਮੁਰੀਦ ਹਿੰਦੂ ਵੀ ਹਨ, ਮੁਸਲਮਾਨ ਵੀ ਹਨ, ਸਿੰਧੀ ਵੀ ਹਨ ਤੇ ਤਿੱਬਤੀ ਵੀ। ਉਹ ਕੁੱਲ ਮਨੁੱਖਤਾ ਦੇ ਰਹਿਬਰ ਹਨ। ਉਹਨਾਂ ਕਿਸੇ ਨੂੰ ਵੀ ਧਰਮ ਪ੍ਰੀਵਰਤਨ ਕਰਨ ਨੂੰ ਨਹੀਂ ਕਿਹਾ ਕਦੇ। ਕਿਸੇ ਨਾਲ ਵੈਰ ਵਿਰੋਧ ਨਹੀਂ ਕੀਤਾ। ਮੱਤ-ਭੇਦ ਹੁੰਦੇ ਹੋਏ ਵੀ, ਕਿਸੇ ਨਾਲ ਝਗੜਾ ਨਹੀਂ ਕੀਤਾ। ਸਭ ਨਾਲ ਸੰਵਾਦ ਰਚਾਇਆ.. ਤਰਕ ਨਾਲ ਗੱਲ ਕੀਤੀ.. ਲੋਕ ਆਪਣੇ ਆਪ ਉਹਨਾਂ ਦੀ ਵਿਚਾਰਧਾਰਾ ਨਾਲ ਜੁੜਦੇ ਗਏ। ਅੱਜ ਲੋੜ ਹੈ- ਬਾਬੇ ਨਾਨਕ ਦੀ ਵਿਚਾਰਧਾਰਾ ਤੇ ਅਮਲ ਕਰਨ ਦੀ। ਵਿਰੋਧੀਆਂ ਨਾਲ ਵੀ ਸਿਰ ਜੋੜ ਬੈਠ ਕੇ ਦਲੀਲ ਨਾਲ ਗੱਲ ਕਰਨ ਦੀ, ਤਾਂ ਹੀ ਸਾਡੇ ਮਸਲੇ ਹੱਲ ਹੋ ਸਕਦੇ ਹਨ। ਆਓ ਉਹਨਾਂ ਦੇ ਇਸ ਉਪਦੇਸ਼ ਤੇ ਅਮਲ ਕਰੀਏ-

ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥(ਅੰਗ 661)॥
**

*ਛੇੜ ਮਰਦਾਨਿਆਂ ਰਬਾਬ..(ਗੀਤ)*

ਤਪਦੀ ਲੋਕਾਈ ਤਾਂਈਂ ਠੰਢ ਵਰਤਾਈਏ।
ਛੇੜ ਮਰਦਾਨਿਆਂ ਰਬਾਬ ਬਾਣੀ ਆਈ ਏ।

ਜੱਗ ਦੀਆਂ ਪੀੜਾਂ ਹੁਣ ਜਾਂਦੀਆਂ ਨਾ ਥੰਮ੍ਹੀਆਂ,
ਕਰਨੀਆਂ ਪੈਣੀਆਂ ਉਦਾਸੀਆਂ ਨੇ ਲੰਮੀਆਂ।
ਰੱਬੀ ਫੁਰਮਾਨ ਜਾ ਕੇ ਲੋਕਾਂ ਨੂੰ ਸੁਣਾਈਏ
ਛੇੜ…

ਕਿਸੇ ਠਗ ਸੱਜਣਾਂ ਦਾ ਭੇਸ ਹੈ ਬਣਾ ਲਿਆ,
ਭੋਲੇ ਭਾਲੇ ਲੋਕਾਂ ਨੂੰ ਹੈ ਜਾਲ਼ ‘ਚ ਫਸਾ ਲਿਆ।
ਕੌਡੇ ਜਿਹੇ ਰਾਖਸ਼ਾਂ ਨੂੰ ਸਿੱਧੇ ਰਾਹੇ ਪਾਈਏ
ਛੇੜ…

ਕਿਰਤੀ ਹਾਂ ਆਪਾਂ ਅਤੇ ਲਾਲੋ ਸਾਡਾ ਭਾਈ ਏ,
ਵੱਡਿਆਂ ਦੀ ਦੋਸਤੀ ਨਾ ਸਾਨੂੰ ਰਾਸ ਆਈ ਏ।
ਭਾਗੋ ਦਿਆਂ ਪੂੜਿਆਂ ਨੂੰ ਆਪਾਂ ਠੁਕਰਾਈਏ
ਛੇੜ…

ਕੂੜ ਦਾ ਹੀ ਚਾਰੇ ਪਾਸੇ ਚੜ੍ਹਿਆ ਗੁਬਾਰ ਹੈ,
ਪਾਪਾਂ ਵਾਲੀ ਮੈਲ਼ ਨਾਲ ਮਚੀ ਹਾਹਾਕਾਰ ਹੈ।
‘ਸਤਿ ਕਰਤਾਰ’ ਵਾਲਾ ਨਾਦ ਵਜਾਈਏ
ਛੇੜ …

ਚਾਰੇ ਹੀ ਦਿਸ਼ਾਵਾਂ ਵੱਲ ਜਾਣ ਦਾ ਸਬੱਬ ਹੈ,
ਇੱਕ ਥਾਂ ਨਹੀਂ ਰਹਿੰਦਾ ਕਣ ਕਣ ਵਿੱਚ ਰੱਬ ਹੈ।
‘ਦੀਸ਼’ ਜਿਹੇ ਭੁੱਲੜਾਂ ਨੂੰ ਰਸਤਾ ਦਿਖਾਈਏ
ਛੇੜ…
**
ਗੁਰਦੀਸ਼ ਕੌਰ ਗਰੇਵਾਲ- ਕੈਲ਼ਗਰੀ- ਕੈਨੇਡਾ
gurdish.grewal@gmail.com

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
938
***

About the author

ਗੁਰਦੀਸ਼ ਕੌਰ ਗਰੇਵਾਲ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →