ਜਰਨੈਲ ਸਿੰਘ ਆਰਟਿਸਟ ਨਹੀਂ ਰਹੇ ਬਹੁਤ ਹੀ ਦੁੱਖੀ ਹਿਰਦੇ ਨਾਲ ਲਿਖਣਾ ਪੈ ਰਿਹਾ ਹੈ ਕਿ ਕੈਨੇਡਾ ਵਿੱਚ ਰਹਿੰਦੇ ਸ. ਜਰਨੈਲ ਸਿੰਘ ਆਰਟਿਸਟ ਇਸ ਫਾਨੀ ਸੰਸਾਰ ਨੂੰ ਦਿਨ ਸੋਮਵਾਰ 10 ਫਰਵਰੀ 2025 ਨੂੰ ਸਦਾ ਸਦਾ ਲਈ ਅਲਵਿਦਾ ਕਹਿ ਗਏ ਹਨ। ਉਹ ਚੰਡੀਗੜ੍ਹ ਦੇ ਹਸਪਤਾਲ ਵਿੱਚ ਦਾਖਲ ਸਨ ਜਿੱਥੇ ਉਹਨਾਂ ਦਾ ਕੁਝ ਸਮੇਂ ਤੋਂ ਇਲਾਜ ਚੱਲ ਰਹਾ ਸੀ। ਉਹ ਪ੍ਰਸਿੱਧ ਚਿੱਤਰਕਾਰ ਹੋਣ ਦੇ ਨਾਲ ਨਾਲ ਡੀਜਾਈਨਰ, ਫੋਟੋਗਰਾਫਰ, ਕਲਾ ਪੱਤਰਕਾਰ ਅਤੇ ਮੁਸਕਾਨਾਂ ਵੰਡਦੇ, ਮਿਲਣਸਾਰ ਪਿਆਰੇ ਲੇਖਕ ਵੀ ਸਨ। ‘ਲਿਖਾਰੀ’ ਨਾਲ ਵੀ ਉਹਨਾਂ ਦਾ ਸਨੇਹ ਸੀ। ਸ. ਜਨਕਰਾਜ ਸਿੰਘ (ਸੰਪਾਦਕ, ਸਿਰਨਾਵਾਂ, ਚੰਡੀਗੜ੍ਹ) ਨਾਲ ਜਦੋਂ ਉਹ ਸਾਨੂੰ ਮਿਲਣ ਆਏ, ਪੂਰਾ ਦਿਨ ਸਾਥ ਰਹੇ। ਬੜੀ ਹੀ ਸੱਚੀ-ਸੁੱਚੀ ਰੂਹ ਦੇ ਮਾਲਕ, ਅਤਿ ਦਰਜੇ ਦੇ ਸ਼ਰੀਫ਼ ਅਤੇ ਮੁਸਕਾਨਾਂ ਵੰਡਦੇ ਕਲਾਕਾਰ ਨੇ ਆਪਣੇ ਕੁਝ ਚਿਤੱਰ ਭੇਂਟ ਕੀਤੇ। ਮਨ ਗੱਦ ਗੱਦ ਹੋ ਗਿਆ। ਪਰ ਅੱਜ ਬਹੁਤ ਹੀ ਸੋਗੀ ਮਨ ਨਾਲ ਚਿੱਤਰਕਾਰੀ ਦੇ ਖੇਤਰ ਵਿਚ ਆਪਣਾ ਨਵੇਕਲਾ ਸਥਾਨ ਸਥਾਪਿਤ ਕਰਨ ਵਾਲੇ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਦੀਆਂ ‘ਲਿਖਾਰੀ’ ਵਿੱਚ ਛਪੀਆਂ ਕੁਝ ਲਿਖਤਾਂ ਵਿੱਚੋਂ ਉਹਨਾਂ ਦੀ ਇੱਕ 2007 ਵਿੱਚ ਛਪੀ ਰਚਨਾ ‘ਇਹ ਰਣਜੀਤ ਸਿੰਘ ਨਹੀਂ’ ਮੁੜ ਹਾਜ਼ਰ ਕੀਤੀ ਜਾ ਰਹੀ ਹੈ।——ਗੁਰਦਿਆਲ ਸਿੰਘ ਰਾਏ |
![]() ਪਿਛਲੇ 2 ਸਾਲਾਂ ਦੌਰਾਨ ਪੰਜਾਬੀਆਂ ਦੇ ਇਸ ਹਰਮਨ ਪਿਆਰੇ ਮਹਾਰਾਜੇ ਦੀ ਸ਼ਖਸੀਅਤ ਅਤੇ ਰਾਜਭਾਗ ਨੂੰ ਦਰਸਾਉਂਦੇ 5-6 ਚਿਤਰ ਬਣਾਏ। ਇਹਨਾਂ ਵਿਚੋਂ ਉਸਦੇ ਦਰਬਾਰੇ ਆਮ ਅਤੇ ਦਰਬਾਰੇ ਖ਼ਾਸ ਦੇ ਚਿਤਰ, ਜਿਨਾਂ ਵਿਚੋਂ ਇਕ ਅਜੀਤ ਵੀਕਲੀ ਦੇ ਡਾ: ਦਰਸ਼ਨ ਸਿੰਘ ਕੋਲ ਅਤੇ ਦੂਸਰਾ ਟੋਰਾਂਟੋ ਦੇ ਸ੍ਰੀ ਅਰਪਿੰਦਰ ਸਿੰਘ ਗਿੱਲ ਦੇ ਨਿੱਜੀ ਸੰਗ੍ਰਿਹ ਵਿਚ ਹੈ, ਦਾ ਭਾਈਚਾਰੇ ਅਤੇ ਮੀਡੀਏ ਵਿਚ ਭਰਪੂਰ ਚਰਚਾ ਅਤੇ ਸਵਾਗਤ ਹੋਇਆ। ਇਸੇ ਕਰਕੇ ਬਾਅਦ ਵਿਚ ਪ੍ਰਸ਼ੰਸਕਾਂ ਦੀ ਮੰਗ ਤੇ ਇਸ ਚਿਤਰ ਦੇ ਪ੍ਰਿੰਟ ਵੀ ਬਣਵਾਉਣੇ ਪਏ। ਇਸਤੋਂ ਬਾਅਦ ਜਦੋਂ ਵੀ ਦੋਸਤਾਂ ਮਿਤਰਾਂ ਜਾਂ ਹੋਰ ਸੱਜਣਾਂ ਨਾਲ ਮੁਲਾਕਾਤ ਹੋਣੀ ਤਾਂ ਉਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ “ਅਸਲੀ” ਕੈਮਰਾ ਤਸਵੀਰ ਬਾਰੇ ਗਲ ਕਰਨੀ । ਮੈਂ ਕਹਿਣਾ ਕਿ ਦਿਖਾਇੳ ਜਰੂਰ ਤੇ ਤਸਵੀਰ ਦੇਖਣ ਦਾ ਮੌਕਾ ਲਗਣਾ । ਅਜ ਪਾਠਕਾਂ ਨਾਲ ਉਸ “ਅਸਲੀ” ਕੈਮਰਾ ਤਸਵੀਰ ਦੀ ਅਸਲੀਅਤ ਸਾਂਝੀ ਕਰਾਂਗੇ!
ਇਕ ਦਿਨ ਸਟਰੈਟਫੋਰਡ ਤੋਂ ਲੰਡਨ ਵਾਪਸ ਆਉਣ ਵੇਲੇ ਬਸ ਦਾ ਇਕ ਟਾਈਮ ਖੁੰਝ ਗਿਆ ਤੇ ਦੂਜੀ ਬਸ ਵਾਸਤੇ 2-3 ਘੰਟੇ ਇੰਤਜ਼ਾਰ ਕਰਨੀ ਪੈਣੀ ਸੀ। ਬਸ ਸਟਾਪ ਦੇ ਨਾਲ ਹੀ ਲਾਇਬਰੇਰੀ ਸੀ ਤੇ ਮੈਂ ਉਥੇ ਚਲਾ ਗਿਆ। ਇਤਿਹਾਸ ਵਿਚ ਰੁਚੀ ਹੋਣ ਕਾਰਨ ਮੈ ਉਸ ਸੈਕਸ਼ਨ ਵਿਚ ਚਲੇ ਗਿਆ ਤੇ ੳਥੇ ਮੇਰੀ ਨਿਗਾ ਦੂਜੀ ਅਫਗਾਨ ਜੰਗ ਬਾਰੇ ਕਿਤਾਬ ਤੇ ਪਈ। ਮੈਂ ਕਿਤਾਬ ਫਰੋਲਣ ਲਗ ਪਿਆ ਤੇ ਲਉ! ਉਹੀ ਮਹਾਰਾਜਾ ਰਣਜੀਤ ਸਿੰਘ ਦੀ “ਅਸਲੀ” ਤਸਵੀਰ ੳਸ ਵਿਚ ਸੀ, ਨਾਲ ਹੀ ਇਲਸਟਰੇਟਡ ਲੰਡਨ ਨਿਊਜ਼ ਵਿਚ ਉਸ “ਰਣਜੀਤ ਸਿੰਘ” ਬਾਰੇ ਛਪੇ ਕਾਰਟੂਨ। ਮੈ ਸਹਾਇਕ ਕੁੜੀ ਨੂੰ ਉਹਨਾਂ ਸਫਿਆਂ ਦੀ ਫੋਟੋ ਕਾਪੀ ਕਰਨ ਲਈ ਬੇਨਤੀ ਕੀਤੀ ਤੇ ਉਸਨੇ ਮੈਨੂ ਉਹ ਕਾਪੀਆਂ ਕਰ ਦਿਤੀਆਂ। ਦਰਅਸਲ ਤਸਵੀਰ ਵਿਚਲਾ ਸ਼ਖਸ “ਸ਼ੇਰ ਅਲੀ” ਹੈ ਜੋ ਅਫਗਾਨਿਸਤਾਨ ਦੇ ਅਮੀਰ ਦੋਸਤ ਮੁਹੰਮਦ ਖਾਨ ਦਾ ਬੇਟਾ ਸੀ। ਦੋਸਤ ਮੁਹੰਮਦ ਖਾਨ ਦੁੱਰਾਨੀਆਂ ਦੇ ਬਾਰਕਜ਼ਈ ਕਬੀਲੇ ਦਾ ਸਰਦਾਰ ਸੀ। ਉਸਦਾ ਪ੍ਰਮੁਖ ਰੋਲ ਅਫਗਾਨਿਸਤਾਨ ੳਪਰ ਬਾਰਕਜ਼ਈ ਰਾਜ ਸਥਾਪਤ ਕਰਨ ਵਿਚ ਹੈ। 1863 ਵਿਚ ਉਸਦੀ ਮੌਤ ਮਗਰੋਂ ਰਾਜ ਭਾਗ ਲਈ ਜੱਦੋਜਹਿਦ ਮਗਰੋਂ 1869 ਤਕ ਸ਼ੇਰ ਅਲੀ ਨੇ ਤਖਤ ਤੇ ਅਪਣੀ ਪਕੜ ਮਜ਼ਬੂਤ ਕਰ ਲਈ। 1849 ਵਿਚ ਪੰਜਾਬ ਉਪਰ ਕਾਬਜ਼ ਹੋਣ ਮਗਰੋਂ ਅੰਗਰੇਜ਼ੀ ਰਾਜ ਕਲਕੱਤੇ ਤੋਂ ਲੈ ਕੇ ਹਿਮਾਲਾ ਦੀ ਤਲਹਟੀ ਤਕ ਪਸ਼ਤੂਨ ਇਲਾਕੇ ਤਕ ਫੈਲ ਚੁਕਾ ਸੀ। ਅਫਗਾਨਿਸਤਾਨ ਦੀ ਭੂਗੋਲਿਕ ਸਥਿਤੀ ਅਤਿ ਮਹੱਤਵਪੂਰਨ ਸੀ ਅਤੇ ਅੰਗਰੇਜ਼ ਰੂਸ ਦੇ ਵਧਦੇ ਪ੍ਰਭਾਵ ਕਾਰਨ ਫਿਕਰਮੰਦ ਸੀ। ਸ਼ੇਰ ਅਲੀ ਵੀ ਰਾਜ ਤੇ ਅਪਣੀ ਪਕੜ ਕਾਇਮ ਰਖਣਾ ਚਾਹੁੰਦਾ ਸੀ। 1869 ਵਿਚ ਸ਼ੇਰ ਅਲੀ ਦੀ ਬੇਨਤੀ ਤੇ ਅੰਬਾਲੇ ਉਸਦੀ ਇਕ ਮੁਲਾਕਾਤ ਅੰਗ੍ਰੇਜਾਂ ਨਾਲ ਹੋਈ ਜਿਸਦੀ ਇਹ ਫੋਟੋ ਹੈ। ਇਸੇ ਫੋਟੋ ਨੂੰ ਮਹਾਰਾਜਾ ਰਣਜੀਤ ਸਿੰਘ ਦੀ 1831 ਦੀ ਅਸਲੀ ਫੋਟੋ ਪ੍ਰਚਾਰ ਕੇ ਪੇਸ਼ ਕੀਤਾ ਜਾਂਦਾ ਹੈ।
ਇਥੇ ਪਾਠਕਾਂ ਦੀ ਜਾਣਕਾਰੀ ਲਈ ਮੈਂ ਦੱਸਣਾ ਚਾਹਾਂਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਸਲੀ ਚਿਤਰ ਮੌਜੂਦ ਹਨ ਜੋ ਉਸਨੂੰ ਸਾਹਮਣੇ ਬਿਠਾ ਕੇ ਚਿਤਰਕਾਰਾਂ ਨੇ ਬਣਾਏ। ਇਨਾਂ ਵਿਚੋਂ ਇਕ ਚਿਤਰ ਬਹੁਤ ਮਸ਼ਹੂਰ ਹੈ ਜਿਸ ਵਿਚ ਮਹਾਰਾਜਾ ਕੁਰਸੀ ਤੇ ਬੈਠਾ ਹੈ। ਇਹ ਸਾਈਡ ਪੋਜ਼ ਵਾਲਾ ਚਿਤਰ ਐਮਿਲੀ ਈਡਨ ਨੇ ਬਣਾਇਆ ਜੋ ਲਾਰਡ ਆਕਲੈਂਡ ਦੀ ਭੈਣ ਸੀ ਅਤੇ 1838 ਦੇ ਸਿਆਲਾਂ ਵਿਚ ਉਸ ਨਾਲ ਪੰਜਾਬ ਆਈ। ਐਮਿਲੀ ਦਰਬਾਰ ਦੇ ਠਾਠ ਬਾਠ ਤੋਂ ਬਹੁਤ ਪ੍ਰਭਾਵਤ ਹੋਈ ਅਤੇ ਉਸਨੇ ਰਣਜੀਤ ਸਿੰਘ ਅਤੇ ਸ਼ਹਿਜਾ਼ਦਿਆਂ ਸ਼ੇਰ ਸਿੰਘ, ਹੀਰਾ ਸਿੰਘ ਆਦਿ ਦੇ ਅਨੇਕਾਂ ਚਿਤਰ ਬਣਾਏ ਜੋ ਬਾਅਦ ਵਿਚ “ਪੋਰਟਰੇਟਸ ਆਫ ਪਰਿੰਸਜ਼ ਐਂਡ ਪੀਪਲ ਆਫ ਇੰਡੀਆ” ਕਿਤਾਬੀ ਐਲਬਮ ਰੂਪ ਵਿਚ ਛਪੇ। ਦੂਸਰਾ ਚਿਤਰ ਦਿੱਲੀ ਦੇ ਜੀਵਨ ਰਾਮ ਜਾਂ ਮੱਲ ਨੇ ਬਣਾਇਆ ਜਿਸ ਵਿਚ ਮਹਾਰਾਜਾ ਗੱਦੀ ਤੇ ਬੈਠਾ ਹੈ। ਇਹ ਚਿੱਤਰ “ਮਹਾਰਾਜਾ ਰਣਜੀਤ ਸਿੰਘ, ਪੈਟਰਨ ਆਫ ਆਰਟਸ” ਕਿਤਾਬ ਵਿਚ ਛਪਿਆ ਹੈ। ਬਾਅਦ ਵਿਚ ਦੇਸ ਪ੍ਰਦੇਸ ਅਖਬਾਰ ਵਿਚ ਵਿਕਟੋਰੀਆ ਐਲਬਰਟ ਮਿਊਜ਼ੀਅਮ ਲੰਡਨ ਦੇ ਕਿਊਰੇਟਰ ਦਾ ਖਤ ਵੀ ਛਪਿਆ ਕਿ ਇਹ ਚਿਤਰ ਮਹਾਰਾਜਾ ਰਣਜੀਤ ਸਿੰਘ ਦਾ ਨਹੀਂ! ਜਰਨੈਲ ਸਿੰਘ ਆਰਟਿਸਟ |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। (ਪਹਿਲੀ ਵਾਰ ਛਪਿਆ 13 ਸਤੰਬਰ 2007) |