21 March 2025

ਦੋ ਕਹਾਣੀਆਂ: 1. ਚੋਰ ਅੱਖ/ 2, ਚਿਰੋਕਣੀ ਰਿਸੈਪਸ਼ਨ ਪਾਰਟੀ— ਅਵਤਾਰ ਐਸ. ਸੰਘਾ

1. ਚੋਰ ਅੱਖ—ਅਵਤਾਰ ਐਸ. ਸੰਘਾ

ਸਿਡਨੀ ਵਿੱਚ (ਸ਼ਾਇਦ ਵਿਕਸਿਤ ਦੇਸ਼ਾਂ ਦੇ ਹੋਰ ਮਹਾਂਨਗਰਾਂ ਵਿੱਚ ਵੀ) ਚੋਰ ਅੱਖ ਬੜਾ ਮਹੱਤਵ ਰੱਖਦੀ ਏ। ਤੁਸੀਂ ਇਵੇਂ ਦੇਖੋ ਕਿ ਤੁਹਾਡੇ ਗ੍ਰਾਹਕ ਨੂੰ ਪਤਾ ਹੀ ਨਾ ਲੱਗੇ ਕਿ ਤੁਸੀਂ ਉਸਦੀ ਹਰ ਹਰਕਤ ਦੇਖ ਰਹੇ ਹੋ। ਇੱਕ ਟੈਕਸੀ ਡਰਾਈਵਰ ਟੈਕਸੀ ਦੇ ਮੀਟਰ ਵੱਲ ਵੀ ਇਵੇਂ ਦੇਖੇ ਕਿ ਗ੍ਰਾਹਕ ਨੂੰ ਉਸਦੀ ਦੇਖਣੀ ਦਾ ਪਤਾ ਹੀ ਨਾ ਲੱਗੇ। ਇੱਥੇ ਟੈਕਸੀ ਸਟੈਂਡਾਂ ਨੂੰ ਟੈਕਸੀ ਰੈਂਕ ਕਹਿੰਦੇ ਹਨ। ਇਹ ਰੈਂਕ ਦੋ ਤਿੰਨ ਵਲ ਖਾਂਦੇ ਹੁੰਦੇ ਹਨ। ਟੈਕਸੀਆਂ ਆ ਕੇ ਪਿੱਛੇ ਲੱਗਦੀਆਂ ਰਹਿੰਦੀਆਂ ਹਨ। ਅਗਲੀਆਂ ਅੱਗੇ ਨੂੰ ਤੁਰਦੀਆਂ ਰਹਿੰਦੀਆਂ ਹਨ ਤੇ ਪਿਛਲੀਆਂ ਉਹਨਾਂ ਦੀ ਥਾਂ ਲੈਂਦੀਆਂ ਰਹਿੰਦੀਆਂ ਹਨ। ਮੁਸਾਫਿਰ ਖੱਬਿਓਂ, ਸੱਜਿਓਂ, ਉੱਪਰੋਂ (ਰੇਲਵੇ ਸਟੇਸ਼ਨ ਦੇ ਕਨਕੋਰਸ ਤੋਂ) ਆਈ ਜਾਂਦੇ ਹਨ ਤੇ ਟੈਕਸੀਆਂ ਫੜ੍ਹੀ ਜਾਂਦੇ ਹਨ। ਕਿਸੇ ਮੁਸਾਫਰ ਨੂੰ ਹਾਕ ਮਾਰ ਕੇ ਆਪਣੇ ਵੱਲ ਸੱਦਣਾ ਕਾਨੂੰਨੀ ਜੁਰਮ ਏ। ਅਕਸਰ ਕਸਟਮਰ ਇੰਨੇ ਕੁ ਸੱਭਿਅਕ ਤਾਂ ਹੁੰਦੇ ਹੀ ਹਨ ਕਿ ਉਹ ਮੂਹਰਿਓ ਵਾਰੀ ਵਾਰੀ ਹਰ ਟੈਕਸੀ ਫੜ੍ਹਦੇ ਹਨ। ਟੈਕਸੀ ਫੜ੍ਹਨ ਤੋਂ ਬਾਅਦ ਡਰਾਈਵਰ ਦਾ ਇਹ ਫਰਜ਼ ਹੈ ਕਿ ਉਹ ਕਸਟਮਰ ਨੂੰ ਉਸ ਤੇ ਦੱਸੇ ਹੋਏ ਰੂਟ ਮੁਤਾਬਕ ਲੈ ਕੇ ਜਾਵੇ। ਇਹਨਾਂ ਮਹਾਨਗਰਾਂ ਵਿੱਚ ਕਈ ਥਾਵਾਂ ਨੂੰ ਦੋ ਤਿੰਨ ਰੂਟ ਵੀ ਜਾਂਦੇ ਹਨ। ਇੱਕ ਬਹੁਤ ਤੇਜ਼ ਮੋਟਰਵੇਅ ਵਾਲਾ, ਦੂਜਾ ਘੱਟ ਤੇਜ਼ ਹਾਈਵੇ ਵਾਲਾ ਤੇ ਤੀਜਾ ਉਸ ਤੋਂ ਵੀ ਘੱਟ ਆਮ ਸੜਕਾਂ ਵਾਲਾ।

ਸ਼ਨੀਵਾਰ ਦਾ ਦਿਨ ਸੀ। ਸਮਾਂ ਸਵੇਰੇ 9 ਕੁ ਵਜੇ ਦਾ ਸੀ। ਇਹ ਵਕਤ ਸ਼ਾਂਤ ਹੀ ਹੁੰਦਾ ਏ। ਸਵਾਰੀ ਮੁਸ਼ਕਿਲ ਨਾਲ ਹੀ ਮਿਲਦੀ ਏ। ਕੈੱਨ ਗਿੱਲ ਪੰਜਾਬੀ ਡਰਾਈਵਰ ਸੀ। ਪੂਰਾ ਨਾਮ ਕੁਲਵੰਤ ਗਿੱਲ ਸੀ। ਲਾਈਨ ਵਿੱਚ ਤੀਜੇ ਨੰਬਰ ਤੇ ਸੀ। ਮੂਹਰੇ ਇੱਕ ਗੋਰਾ ਡਰਾਈਵਰ ਸੀ ਤੇ ਇੱਕ ਚੀਨਾ। ਕਤਾਰ ਬੰਨ੍ਹ ਕੇ ਟੈਕਸੀਆਂ ਦੇ ਤੁਰਨ ਦੀ ਪੈਰੇਡ ਨਵੇਂ ਆਏ ਪ੍ਰਵਾਸੀ ਲਈ ਇੱਕ ਅਜੀਬ ਨਜ਼ਾਰਾ ਪੇਸ਼ ਕਰਦੀ ਏ। ਭਾਰਤ ਜਿਹੇ ਅਰਧ ਵਿਕਸਿਤ ਦੇਸ਼ਾਂ ਵਿੱਚ ਟੈਕਸੀ ਡਰਾਈਵਰ ਹੋਣਾ ਇੱਕ ਨੀਵੇਂ ਪੱਧਰ ਦਾ ਕਿੱਤਾ ਸਮਝਿਆ ਜਾਂਦਾ ਏ। ਸਿਡਨੀ ਤੇ ਆਸਟਰੇਲੀਆ ਦੇ ਬਾਕੀ ਸ਼ਹਿਰਾਂ ਵਿੱਚ ਇਹ ਇੱਕ ਸ਼ਾਨਦਾਰ ਕਿੱਤਾ ਏ। ਸਿਡਨੀ ਦਾ ਟੈਕਸੀ ਸਿਸਟਮ ਦੁਨੀਆਂ ਦੇ ਬੇਹਤਰੀਨ ਟੈਕਸੀ ਸਿਸਟਮਾਂ ਵਿੱਚੋ ਇੱਕ ਏ। ਭਾਰਤੀ ਪ੍ਰਵਾਸੀਆਂ ਵਿੱਚੋਂ ਹੀ ਨਹੀਂ, ਬਲਕਿ ਦੂਜੇ ਦੇਸ਼ਾਂ ਦੇ ਪ੍ਰਵਾਸੀਆਂ ਵਿੱਚੋਂ ਵੀ 95% ਲੋਕਾਂ ਨੇ ਆਪਣੇ ਜੀਵਨ ਵਿੱਚ ਕਿਸੇ ਨਾ ਕਿਸੇ ਪੜਾਅ ਤੇ ਟੈਕਸੀ ਚਲਾਈ ਹੀ ਹੁੰਦੀ ਏ। ਟੈਕਸੀ ਤੱਕ ਪਹੁੰਚਣ ਨੂੰ ਵੀ ਚਾਰ ਕੁ ਸਾਲ ਲੱਗ ਹੀ ਜਾਂਦੇ ਹਨ। ਸ਼ਰਤਾਂ ਹੀ ਕੁਝ ਇਸ ਪ੍ਰਕਾਰ ਦੀਆਂ ਹਨ। ਸੜਕਾਂ ਤੇ ਸ਼ਹਿਰ ਦਾ ਨਾਮੇਨਕਲੇਚਰ ਨਵੇਂ ਆਏ ਵੱਡਿਆਂ ਵੱਡਿਆਂ ਦੀ ਭੂਤਨੀ ਭੁਲਾ ਦਿੰਦਾ ਏ। ਟੈਕਸੀ ਦਾ ਕੰਮ ਘਰ ਤੋਂ ਹੀ ਸ਼ੁਰੂ ਹੋ ਜਾਂਦਾ ਏ। ਜੀ ਪੀ ਐੱਸ ਸਿਸਟਮ ਹੋਣ ਕਰਕੇ ਜਾਬ ਟੈਕਸੀ ਦੇ ਦੁਆਲੇ ਘੁੰਮਦੀ ਰਹਿੰਦੀ ਏ।

ਕੈੱਨ ਦੀ ਗੱਡੀ ਹੁਣ ਸਭ ਤੋਂ ਮੂਹਰੇ ਪਹੁੰਚ ਗਈ ਸੀ। ਦੋ ਕੁ ਮਿੰਟਾਂ ਵਿੱਚ ਇੱਕ 40 ਕੁ ਸਾਲ ਦੀ ਗੋਰੀ ਉੱਪਰੋਂ ਉਤਰੀ ਤੇ ਕੈੱਨ ਦੀ ਗੱਡੀ ਵਿੱਚ ਬੈਠ ਗਈ।

“ਵੇਅਰ ਗੋਈੰਗ ਪਲੀਜ਼?”, ਕੈੱਨ ਨੇ ਪੁੱਛਿਆ।

“ਪੈਰਾਮੈਟਾ ਸ਼ਾਪਿੰਗ ਸੈਂਟਰ ਪਲੀਜ਼।”

ਜਾਬ ਚੰਗੀ ਸੀ 50 ਕੁ ਡਾਲਰ ਦੀ ਤਾਂ ਹੈ ਹੀ ਸੀ। ਕੈੱਨ ਨੇ ਮੀਟਰ ਚਲਾਇਆ ਤੇ ਲੈ ਕੇ ਰੈਂਕ ਤੋਂ ਬਾਹਰ ਨਿਕਲ ਗਿਆ। ਬਾਕੀ ਸਵਾਲ ਰੈਂਕ ਦੇ ਅੰਦਰ ਪੁੱਛਣੇ ਕਈ ਵਾਰ ਨੁਕਸਾਨ ਦੇਹ ਵੀ ਸਾਬਿਤ ਹੋ ਜਾਂਦੇ ਹਨ। ਅਗਲਾ ਸਵਾਲ ਪੁੱਛਣਾ ਹੁੰਦਾ ਏ ਸਵਾਰੀ ਮੀਟਰ ਦੇ ਪੈਸਿਆਂ ਦਾ ਭੁਗਤਾਨ ਕਰੇਗੀ ਜਾਂ ਉੱਕਦਾ ਮੁੱਕਦਾ। ਕੈੱਨ ਨੇ ਇਹ ਸਵਾਲ ਪੁੱਛਿਆ ਤੇ ਸਵਾਰੀ ਨੇ ਮੀਟਰ ਚਲਵਾ ਕੇ ਹੀ ਜਾਣਾ ਚਾਹਿਆ।

“ਹਾਈਵੇਅ ਰਾਹੀਂ ਜਾਓਗੇ ਜਾਂ ਮੋਟਰਵੇਅ ਰਾਹੀਂ?” ਕੈੱਨ ਨੇ ਸਵਾਲ ਕੀਤਾ।

“ਮੈਂ ਬਹੁਤ ਕਾਹਲੀ ਵਿੱਚ ਹਾਂ। ਪਲੀਜ਼ ਮੋਟਰਵੇਅ ਰਾਹੀਂ ਚੱਲੋ।”

ਕੈੱਨ ਰੈਂਕ ਚੋਂ ਨਿਕਲ ਕੇ ਪਹਿਲਾਂ 3 ਕੁ ਕਿਲੋਮੀਟਰ ਆਮ ਸੜਕ ਤੇ ਗਿਆ ਤੇ ਫਿਰ ਮੋਟਰਵੇ 4 ਤੇ ਪੈ ਗਿਆ। ਸਵਾਰੀ ਸੋਚਦੀ ਸੀ ਕਿ 10-12 ਮਿੰਟ ਵਿੱਚ ਪੈਰਾਮੈਟਾ ਪਹੁੰਚ ਜਾਵੇਗੀ। ਮੀਟਰ ਆਪਣੀ ਰਫਤਾਰ ਤੇ ਚੱਲੀ ਜਾ ਰਿਹਾ ਸੀ। ਕੈੱਨ ਕਦੀ ਕਦੀ ਚੋਰ ਅੱਖ ਨਾਲ ਉਸ ਵੱਲ ਦੇਖ ਲੈਂਦਾ ਸੀ। ਉਸ ਨੂੰ ਪਤਾ ਸੀ ਕਿ ਭਾੜਾ 50 ਕੁ ਡਾਲਰ ਦਾ ਮਸਾਂ ਸੀ। ਜਦ ਗੱਡੀ ਕੰਬਰਲੈਂਡ ਹਾਈਵੇਅ ਵਾਲਾ ਨਿਕਾਸ (Exit) ਟੱਪੀ ਤਾਂ ਮੂਹਰੇ ਟ੍ਰੈਫਿਕ ਖੜ੍ਹੀ ਹੋਣ ਲੱਗ ਪਈ।

“ਟੂ ਸਲੋਅ! ਵਹੱਟ ਹੈਪਨਡ ?”ਸਵਾਰੀ ਬੋਲੀ।

“ਲਗਦਾ ਏ ਮੂਹਰੇ ਕੁਝ ਹੋ ਗਿਆ ਏ। ਹੋ ਸਕਦਾ ਏ ਐਕਸੀਡੈਂਟ ਹੋ ਗਿਆ ਹੋਵੇ। ਟ੍ਰੈਫਿਕ ਤਾਂ ਪੂਰੀ ਤਰ੍ਹਾਂ ਰੁਕਦੀ ਜਾ ਰਹੀ ਏ।” ਕੈੱਨ ਨੇ ਉਸਨੂੰ ਅੰਗਰੇਜ਼ੀ ਵਿੱਚ ਦੱਸਿਆ।

ਮੀਟਰ ਤੇ ਤਾਂ ਹੁਣੇ 40 ਡਾਲਰ ਬਣ ਗਏ ਹਨ। ਕੀ ਕੀਤਾ ਜਾਵੇ? ਪਿਛਲਾ ਨਿਕਾਸ (Exit) ਹੁਣੇ ਲੰਘਿਆ ਏ। ਅਗਲਾ ਨਿਕਾਸ ਅਜੇ ਦੂਰ ਏ। ਸਵਾਰੀ ਕਾਫੀ ਔਖੀ ਸੀ।

“ਯੂ ਨੌਮੀਨੇਟਡ ਦਾ ਰੂਟ ਆਫ ਮੋਟਰਵਅ। ਮੈਂ ਤਾਂ ਤੁਹਾਨੂੰ ਪੁੱਛਿਆ ਸੀ ਕਿ ਕਿਸ ਰੂਟ ਜਾਣਾ ਚਾਹੋਗੇ। ਜੇਕਰ ਮੈਂ ਹਾਈਵੇਅ ਰਾਹੀਂ ਲੈ ਜਾਂਦਾ ਤਾਂ ਤੁਸੀਂ ਹੁਣ ਤੱਕ ਪਹੁੰਚੇ ਹੋਏ ਹੋਣਾ ਸੀ। ਹੁਣ ਤਾਂ ਟ੍ਰੈਫਿਕ ਤੁਰੂਗੀ ਤਾਂ ਹੀ ਆਪਾਂ ਤੁਰਾਂਗੇ। ਮੀਟਰ ਚੱਲਦਾ ਹੀ ਰਹੇਗਾ।”

ਟ੍ਰੈਫਿਕ ਥੋੜ੍ਹੀ ਜਿਹੀ ਤੁਰੀ। ਮੁਸਾਫਿਰ ਦੇ ਚਿਹਰੇ ਤੇ ਚਮਕ ਆਈ। ਟ੍ਰੈਫਿਕ ਫਿਰ ਖੜ੍ਹ ਗਈ। ਸਵਾਰੀ ਰੋਣਹਾਕੀ ਹੋ ਗਈ। ਕੈੱਨ ਨੇ ਚੋਰ ਅੱਖ ਨਾਲ ਦੇਖਿਆ ਮੀਟਰ ਤੇ 80 ਡਾਲਰ ਹੋ ਗਏ। ਮੂਹਰਲਾ ਨਿਕਾਸ ਅਜੇ 5 ਕਿਲੋਮੀਟਰ ਦੂਰ ਸੀ। ਕੁਝ ਵੀ ਕੀਤਾ ਨਹੀਂ ਜਾ ਸਕਦਾ ਸੀ। ਕਾਨੂੰਨ ਮੁਤਾਬਿਕ ਚੁੱਪ ਕਰਕੇ ਟਰੈਫਿਕ ਦੇ ਚੱਲਣ ਦੀ ਹੀ ਉਡੀਕ ਕਰਨੀ ਪੈਣੀ ਸੀ। ਰੂਟ ਮੁਸਾਫਿਰ ਦਾ ਆਪਣਾ ਚੁਣਿਆ ਹੋਇਆ ਸੀ। ਜੇ ਸਵਾਰੀ ਖੁਦ ਅੱਖਾਂ ਪਾੜ ਪਾੜ ਕੇ ਮੀਟਰ ਵੱਲ ਝਾਕ ਰਹੀ ਸੀ ਤਾਂ ਕੈੱਨ ਚੁਸਤੀ ਤੇ ਚੋਰ ਅੱਖਾਂ ਨਾਲ ਹੀ ਮੀਟਰ ਵੱਲ ਦੇਖਦਾ ਸੀ। ਟੈਕਸੀ ਅੰਦਰ ਲੱਗਾ ਕੈਮਰਾ ਮੁਸਾਫਿਰ ਤੇ ਕੈੱਨ ਦੀਆਂ ਤਸਵੀਰਾਂ ਵੀ ਖਿੱਚੀ ਜਾ ਰਿਹਾ ਸੀ ਤੇ ਆਵਾਜ਼ ਵੀ ਰਿਕਾਰਡ ਕਰੀ ਜਾ ਰਿਹਾ ਸੀ। ਕੈੱਨ ਨੇ ਸੋਚਿਆ ਸਵਾਰੀ ਤੋਂ ਇਹ ਵੀ ਪਤਾ ਕਰ ਲਿਆ ਜਾਵੇ ਕਿ ਉਹਨੇ ਸਪੱਸ਼ਟ ਰੂਪ ਵਿੱਚ ਸ਼ਾਪਿੰਗ ਸੈਂਟਰ ਹੀ ਜਾਣਾ ਏ ਜਾਂ ਨੇੜੇ ਕਿਸੇ ਹੋਰ ਅਦਾਰੇ ਵਿੱਚ ਜਾਂ ਘਰ ਵਿੱਚ। ਇੰਜ ਕਰਨ ਨਾਲ ਸਵਾਰੀ ਝੱਟ ਉਤਰ ਕੇ ਪੈਸੇ ਦਿੱਤੇ ਬਗੈਰ ਤੁਰ ਜਾਣ ਤੇ ਫੜ੍ਹੀ ਵੀ ਜਾ ਸਕਦੀ ਸੀ ਉਸਨੇ ਗੱਲਾਂ ਗੱਲਾਂ ਵਿੱਚ ਪਤਾ ਕਰ ਲਿਆ ਕਿ ਸਵਾਰੀ ਕਿਸ ਗਲੀ ਵਿੱਚ ਕਿਹੜੇ ਨੰਬਰ ਘਰ ਜਾ ਰਹੀ ਸੀ। ਖੈਰ ਸਵਾਰੀ ਓਨੀ ਸ਼ੈਤਾਨ ਤੇ ਚਲਾਕ ਨਹੀਂ ਸੀ। ਸਵਾਰੀ ਤਾਂ ਸਿਰਫ ਹਾਲਾਤ ਤੋਂ ਦੁਖੀ ਸੀ ਕਿਸੇ ਵਿਅਕਤੀ ਵਿਸ਼ੇਸ਼ ਤੋਂ ਨਹੀਂ। ਟ੍ਰੈਫਿਕ ਰੁਕਣਾ ਕੁਦਰਤੀ ਵਰਤਾਰਾ ਸੀ। ਇਹ ਕਿਸੇ ਬੰਦੇ ਦੇ ਕਸੂਰ ਕਰਕੇ ਨਹੀਂ ਸੀ ਵਾਪਰਿਆ।

ਟ੍ਰੈਫਿਕ ਹੁਣ ਹੌਲੀ ਹੌਲੀ ਚੱਲ ਪਈ ਸੀ। ਸਵਾਰੀ ਮਾੜੀ ਮਾੜੀ ਖੁਸ਼ ਲੱਗ ਰਹੀ ਸੀ। ਕੈੱਨ ਨਾ ਬਹੁਤਾ ਖੁਸ਼ ਜਾਹਰ ਹੋ ਰਿਹਾ ਸੀ ਤੇ ਨਾ ਹੀ ਉਦਾਸ। ਦਿਲੋਂ ਉਹ ਖੁਸ਼ੀ ਸੀ ਕਿਉਂਕਿ ਭਾੜਾ ਹੁਣ 100 ਦੇ ਨੇੜੇ ਪਹੁੰਚ ਗਿਆ ਸੀ। ਮੂਹਰੇ ਪੈਰਾਮੈਟਾ ਦਾ ਚਰਚ ਸਟਰੀਟ ਵਾਲਾ ਨਿਕਾਸ ਨੇੜੇ ਹੀ ਸੀ। ਕੈੱਨ ਦੀ ਸੋਚ ਇਵੇਂ ਉਡਾਰੀ ਲਗਾ ਰਹੀ ਸੀ—

ਲੱਗਦਾ ਏ 110 ਤਾਂ ਬਣ ਹੀ ਜਾਣਗੇ। ਜਦੋਂ ਮੈਂ ਪੈਰਾਮੈਟਾ ਦੇ ਰੈਂਕ ਤੇ ਖੜ੍ਹੇ ਡਰਾਇਵਰਾਂ ਨੂੰ ਦੱਸਾਂਗਾ ਕਿ ਧੀਮੀਂ ਟ੍ਰੈਫਿਕ ਨੇ ਕਮਾਲ ਕਰਤੀ, ਉਹ ਤਾਂ ਹੈਰਾਨ ਰਹਿ ਜਾਣਗੇ। 50 ਡਾਲਰ ਵਾਲਾ ਭਾੜਾ 110 ਡਾਲਰ ਬਣ ਗਿਆ ਸੀ। ਉਹ ਵੀ ਉਸ ਦਿਨ ਜਿਹੜਾ ਟੈਕਸੀ ਲਈ ਮਾੜਾ ਮੰਨਿਆ ਜਾਂਦਾ ਏ– ਸ਼ਨੀਵਾਰ ਦੀ ਸਵੇਰ ਦੀ ਸ਼ਿਫਟ। ਜਾ ਕੇ ਦੇਖਦੇ ਹਾਂ, ਉਹ ਕੀ ਕਹਿੰਦੇ ਹਨ।

ਟੈਕਸੀ ਮੋਟਰਵੇਅ ਤੋਂ ਨਿਕਲ ਕੇ ਬਾਹਰ ਆ ਗਈ। ਪµਜ ਕੁ ਮਿੰਟ ਵਿੱਚ ਹੀ ਉਹ ਉਸ ਥਾਂ ਤੇ ਪਹੁੰਚ ਗਈ ਜਿੱਥੇ ਮੁਸਾਫਿਰ ਨੇ ਜਾਣਾ ਸੀ। ਚਿੜਚਿੜੇ ਮੂੰਹ ਨਾਲ 110 ਡਾਲਰ ਦੇ ਕੇ ਸਵਾਰੀ ਆਖਰ ਉੱਤਰ ਗਈ। ਕੈੱਨ ਅੰਤਾਂ ਦਾ ਖੁਸ਼ ਸੀ। ਨੇੜੇ ਹੀ ਪੈਰਾਮੈਟਾ ਦਾ ਵੱਡਾ ਟੈਕਸੀ ਰੈਂਕ ਸੀ। ਕੈੱਨ ਨੇ ਗੱਡੀ ਮੋੜੀ ਤੇ ਘੁਮਾ ਕੇ ਰੈਂਕ ਤੇ ਲੱਗੀ ਲਾਈਨ ਦੇ ਪਿੱਛੇ ਲਗਾ ਦਿੱਤੀ। ਉੱਥੇ ਉਹਨੂੰ ਅਚਾਨਕ ਉਸਦੇ ਤਿੰਨ ਚਾਰ ਵਾਕਫ ਡਰਾਇਵਰ ਮਿਲ ਪਏ– ਹਰਜੀਤ ਉਰਫ ਹੈਰੀ, ਮਲਕੀਤ ਉਰਫ ਮਾਈਕਲ, ਲਾਹੌਰ ਵਾਲਾ ਅਲੀ ਤੇ ਕਰਾਚੀ ਵਾਲਾ ਅਸ਼ਰਫ।

“ਅੱਜ ਇਧਰ ਨੂੰ ਕਿਵੇਂ ਆ ਗਿਆ”, ਹੈਰੀ ਨੇ ਕੈੱਨ ਨੂੰ ਪੁੱਛਿਆ।

“ਓਏ ਹੈਰੀ, ਅੱਜ ਤਾਂ ਮਜ਼ਾ ਹੀ ਆ ਗਿਐ। ਬਲੈਕਟਾਊਨ ਤੋਂ ਪੈਰਾਮੈਟਾ 110 ਡਾਲਰ।

“ਕੈੱਨ, ਝੂਠ ਵੀ ਉਨਾ ਕੁ ਬੋਲਣਾ ਚਾਹੀਦਾ ਜਿੰਨਾ ਕੁ ਠੀਕ ਲੱਗੇ। ਤੈਨੂੰ 110 ਡਾਲਰ ਕੌਣ ਦੇ ਗਿਐ?”

“ਹੈਰੀ ਸੌਂਹ ਰੱਬ ਦੀ। ਮੋਟਰਵੇਅ ਤਾਂ ਜਾਮ ਹੀ ਹੋ ਗਿਆ ਸੀ। ਸਵਾਰੀ ਨੇ ਆਪ ਚੁਣਿਆ ਸੀ ਕਹਿੰਦੀ ਮੋਟਰਵੇਅ ਰਾਹੀਂ ਜਾਣਾ ਏ। ਮਿੰਟਾਂ ਸਕਿੰਟਾਂ ਵਿੱਚ ਹਾਈਵੇਅ ਰਾਹੀਂ ਨਹੀਂ। ਜਦ ਰੱਬ ਦਿੰਦਾ ਏ ਤਾਂ ਛੱਪਰ ਫਾੜ ਕੇ ਦਿੰਦਾ ਏ। ਮੀਟਰ ਤੇ ਬਣਿਆ ਭਾੜਾ ਤਾਂ ਉਸ ਗੋਰੀ ਨੂੰ ਦੇਣਾ ਹੀ ਪੈਣਾ ਸੀ।”

“ਕਮਾਲ ਹੋ ਗਈ, ਕੈੱਨ। ਜੇ ਮੈਂ ਤੈਨੂੰ ਕੱਲ ਐਤਵਾਰ ਦੀ ਮੇਰੇ ਨਾਲ ਵਾਪਰੀ ਸੁਣਾਵਾਂ ਫਿਰ ਤਾਂ ਤੂੰ ਟੱਬਰ ਸਮੇਤ ਧਰਤੀ ਵਿੱਚ ਧੱਸ ਜਾਵੇਂਗਾ।”

“ਕੀ ਵਾਪਰ ਗਿਐ? ਏਅਰਪੋਰਟ ਗਿਆ ਸੀ? ਸਿਟੀ ਗਿਆ ਸੀ?”

“ਨਾ, ਨਾ, ਰੱਬ ਨੇ ਸਿੱਧਾ 500 ਡਾਲਰ ਸੁੱਟ ਦਿੱਤਾ।”

“ਸੱਚ! ਇਹ ਕਿਵੇਂ ਹੋ ਗਿਐ? ਮੈਂ ਤਾਂ ਅੱਜ ਤੱਕ ਸਿਰਫ ਦੋ ਡਰਾਈਵਰ ਦੇਖੇ ਜਿਨ੍ਹਾਂ ਨੂੰ 400 ਦੀ ਜਾਬ ਪਈ ਸੀ। ਤੂੰ ਤਾਂ ਰਿਕਾਰਡ ਹੀ ਤੋੜ ਦਿੱਤਾ। ਹੋਇਆ ਕੀ ਸੀ? ਸੁਣਾ ਤਾਂ ਸਹੀ?”

“ਮੈਂ ਟੈਕਸੀ ਰੈਂਕ ਦੇ ਮੂਹਰਿਓ ਤੀਜੇ ਨੰਬਰ ਤੇ ਸਾਂ। ਦੋ ਗੋਰੀਆਂ ਤੇ ਨਾਲ ਇੱਕ ਛੇ ਕੁ ਸਾਲ ਦਾ ਮੁੰਡਾ। ਮੈਂ ਧਿਆਨ ਨਾਲ ਦੇਖ ਰਿਹਾ ਸਾਂ ਕਿ ਉਹ ਸਭ ਤੋਂ ਮੂਹਰਲੇ ਡਰਾਈਵਰ ਨਾਲ ਕੋਈ ਗਿੱਟਮਿਟ ਕਰ ਰਹੀਆਂ ਸਨ। ਡਰਾਈਵਰ ਨੇ ਉਹਨਾਂ ਨੂੰ ਉਹਨਾਂ ਦਾ ਪਹੁੰਚਣ ਵਾਲਾ ਟਿਕਾਣਾ ਪੁੱਛੇ ਬਗੈਰ ਕੁਝ ਬੋਲਿਆ। ਸ਼ਾਇਦ ਕੋਈ ਭਾਨ ਨਾਲ ਸੰਬੰਧਿਤ ਗੱਲ ਸੀ। ਇਹ ਸੁਣ ਕੇ ਉਹ ਚੁੱਪ ਕਰ ਗਈਆਂ। ਇਹਨਾਂ ਵਿੱਚੋਂ ਇੱਕ ਗੋਰੀ ਆਪਣੀ ਸਿਗਰੇਟ ਮੁਕਾ ਰਹੀ ਸੀ। ਇੰਨੇ ਚਿਰ ਵਿੱਚ ਦੋ ਸਵਾਰੀਆਂ ਉਪਰ ਰੇਲਵੇ ਕਨਕੋਰਸ ਤੋਂ ਉੱਤਰੀਆਂ ਤੇ ਆ ਕੇ ਮੂਹਰਲੀਆਂ ਦੋਹਾਂ ਗੱਡੀਆਂ ਵਿੱਚ ਬੈਠ ਗਈਆਂ। ਇਹ ਗੱਡੀਆਂ ਤੁਰ ਗਈਆਂ। ਵਾਰੀ ਮੇਰੀ ਸੀ। ਗੋਰੀ ਦੀ ਸਿਗਰਟ ਵੀ ਖਤਮ ਹੋ ਗਈ ਸੀ। ਦੋਨੋਂ ਜਣੀਆਂ ਤੇ ਲੜਕਾ ਮੇਰੀ ਗੱਡੀ ਵਿੱਚ ਬੈਠ ਗਏ। ਇੱਕ ਗੋਰੀ ਅੱਧਖੜ ਸੀ ਤੇ ਦੂਜੀ ਉਹਦੀ ਜਵਾਨ ਧੀ। ਮੈਂ ਪੁੱਛਿਆ ਕਿ ਉਹ ਕਿੱਥੇ ਜਾ ਰਹੇ ਹਨ। ਉਹ ਬੋਲੀ ਬਲਿਊ ਮਾਉਂਟੇਨਜ਼ (Blue Mountains) । ਮੈਂ ਸੁਣ ਕੇ ਚੁੱਪ ਕਰ ਗਿਆ। ਪਹਿਲਾਂ ਗੱਡੀ ਤੋਰੀ ਤੇ ਰੈਂਕ ਤੋਂ ਬਾਹਰ ਕੱਢੀ। ਜਦ ਡਰਾਈਵਰ ਇੱਕ ਵਾਰੀ ਰੈਂਕ ਤੋਂ ਬਾਹਰ ਨਿਕਲ ਜਾਵੇ ਫਿਰ ਸਵਾਰੀ ਕਾਬੂ ਹੋ ਗਈ ਹੁੰਦੀ ਏ। ਇਸ ਹਾਲਤ ਵਿੱਚ ਵਿਚਾਰਾਂ ਦਾ ਕੋਈ ਮਤਭੇਦ ਹੋ ਜਾਵੇ ਤਾਂ ਡਰਾਈਵਰ ਤੇ ਸਵਾਰੀ ਇਸ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਦੇ ਹਨ। ਜੇ ਇਹ ਮੱਤਭੇਦ ਰੈਂਕ ਦੇ ਅੰਦਰ ਹੀ ਪੈਦਾ ਹੋ ਜਾਵੇ ਤਾਂ ਸਵਾਰੀ ਇੱਕ ਦਮ ਗੱਡੀ ਚੋਂ ਬਾਹਰ ਨਿਕਲ ਜਾਂਦੀ ਏ ਤੇ ਦੂਜੀ ਗੱਡੀ ਫੜ੍ਹ ਲੈਂਦੀ ਏ।”

“ਨਾਓ ਟੈੱਲ ਮੀ ਵਹੇਅਰ ਯੂ ਆਰ ਗੋਇੰਗ ਟੂ?”

“ਬਲਿਊ ਮਾਉਂਟੇਨਜ਼ (Blue Mountains)” ਅੱਧਖੜ ਗੋਰੀ ਬੋਲੀ।

“ਕੀ ਤੁਹਾਨੂੰ ਪਤਾ ਏ ਕਿ ਨੇਪੀਅਨ ਦਰਿਆ ਤੋਂ ਬਾਅਦ ਦੁੱਗਣਾ ਕਿਰਾਇਆ ਲੱਗੇਗਾ?” ਹੈਰੀ ਕਹਿੰਦਾ ਕਿ ਉਸਨੇ ਪੁੱਛਿਆ।

“ਨਹੀਂ, ਕੌਣ ਕਹਿੰਦਾ?”

“ਜਦ ਗੱਡੀ ਸਿਡਨੀ ਦੇ ਕਿਸੇ ਵੀ ਪਾਸੇ ਸ਼ਹਿਰ ਤੋਂ ਬਾਹਰ ਜਾਂਦੀ ਏ ਤਾਂ ਬਾਹਰਲੇ ਸਫਰ ਦਾ ਭਾੜਾ ਦੁੱਗਣਾ ਹੁੰਦਾ ਏ। ਜੇ ਨਹੀਂ ਯਕੀਨ ਆਉਂਦਾ ਤਾਂ ਔਹ ਗੱਡੀ ਉੱਪਰ ਲਿਖਿਆ ਹੋਇਆ ਨੰਬਰ ਮਿਲਾ ਲਓ ਤੇ ਸਾਡੇ ਦਫਤਰ ਤੋਂ ਪੁੱਛ ਲਓ।”

“ਓ ਕੇ. ਨੋ ਪ੍ਰਾਬਲਮ।”

“ਮੈਂ ਸੋਚਿਆ ਸਵਾਰੀਆਂ ਟਿਕ ਗਈਆਂ ਸਨ,” ਹੈਰੀ ਦੱਸਦਾ ਗਿਆ।

“ਟੈਕਸੀ ਮੋਟਰਵੇਅ ਤੇ ਪੈ ਗਈ। ਸਫਰ ਦੀਆਂ ਧੱਜੀਆਂ ਉਡਾਉਂਦੀ ਹੋਈ ਟੈਕਸੀ ਨੇਪੀਅਨ ਦਰਿਆ ਪਾਰ ਕਰ ਗਈ। ਮੀਟਰ ਤੇ 100 ਡਾਲਰ ਬਣ ਗਿਆ। ਮੈਂ ਇਹ 100 ਮੰਗ ਲਿਆ। ਗੋਰੀ ਨੇ ਦੇ ਦਿੱਤਾ”, ਹੈਰੀ ਦੱਸਦਾ ਗਿਆ।

“ਹੁਣ ਅੱਗੇ ਸਫਰ ਲੰਬਾ ਵੀ ਸੀ ਤੇ ਪਹਾੜੀ ਵੀ ਸੀ। ਮੀਟਰ ਮੈਂ ਦੁਬਾਰਾ ਚਲਾ ਦਿੱਤਾ ਕਿ ਅਗਲੇ ਭਾੜੇ ਨੂੰ ਦੁਗਣਾ ਕਰਕੇ ਮੰਗਣਾ ਸੌਖਾ ਹੋ ਜਾਵੇ। ਕੀ ਤੁਸੀਂ ਖਾਸ ਬਲਿਊ ਮਾਊਂਟੇਨਜ਼ ਸਟੇਸ਼ਨ ਤੇ ਜਾਣਾ ਹੈ ਜਾਂ ਹੋਰ ਕਿਤੇ,” ਹੈਰੀ ਕਹਿੰਦਾ ਮੈਂ ਸਵਾਰੀਆਂ ਦਾ ਆਖਰੀ ਟਿਕਾਣਾ ਜਾਨਣਾ ਚਾਹਿਆ।

“ਅਸੀਂ ਮੈਡਲੋਬਾਥ (Medlow Bath) ਜਾਣਾ ਏ। ਉੱਥੇ ਹੋਟਲ ਵਿੱਚ ਇੱਕ ਵਿਆਹ ਹੈ। ਇਹ ਹੋਟਲ ਮੋਟਰਵੇਅ ਦੇ ਉੱਪਰ ਹੀ ਏ,” ਗੋਰੀ ਬੋਲੀ।

ਟੈਕਸੀ ਹਲਕੀਆਂ ਹਲਕੀਆਂ ਪਹਾੜੀਆਂ ਚੋੱ ਲµਘਦੀ ਗਈ। ਆਖਿਰਕਾਰ ਅਸੀਂ ਮੈਡਲੋਬਾਥ ਹੋਟਲ ਦੇ ਮੂਹਰੇ ਪਹੁੰਚ ਗਏ। ਮੀਟਰ ਤੇ ਭਾੜਾ 150 ਸੀ। ਮੈਂ ਦੁੱਗਣਾ ਕਰਕੇ 300 ਮੰਗਿਆ। ਗੋਰੀ 300 ਦੇ ਕੇ ਬਾਕੀ ਸਵਾਰੀਆਂ ਸਮੇਤ ਗੱਡੀ ਚੋਂ ਉਤਰ ਗਈ। ਮੈਂ ਗੱਡੀ ਵਾਪਸ ਮੋੜੀ ਤੇ ਖੁਸ਼ੀ ਵਿੱਚ ਝੂਮਦਾ ਲਿਓਨੇ (Leonay) ਤੱਕ ਆ ਗਿਆ। ਜਦ ਕੰਪਿਊਟਰ ਦੇਖਿਆ ਤਾਂ ਇਥੋਂ ਹਵਾਈ ਅੱਡੇ ਦੀ ਜਾਬ ਪੈ ਗਈ। ਜਦ ਸਾਈਡ ਤੇ ਨੂੰ ਜਾਬ ਵਾਲੀ ਥਾਂ ਤੇ ਗਿਆ ਤਾਂ ਦੇਖਿਆ ਕਿ ਇੱਕ ਗੋਰਾ ਬਰੀਫਕੇਸ ਲਈ ਖੜ੍ਹਾ ਸੀ। ਮੈਂ ਚੁੱਕਿਆ ਤੇ 160 ਵਿੱਚ ਏਅਰਪੋਰਟ ਜਾ ਕੇ ਲਾਹ ਦਿੱਤਾ। ਫਿਰ ਗੱਡੀ ਏਅਰਪੋਰਟ ਦੇ ਟੈਕਸੀ ਰੈਂਕ ਤੇ ਲਗਾ ਦਿੱਤੀ। ਇੱਕ ਘੰਟਾ ਇੰਤਜ਼ਾਰ ਤੋਂ ਬਾਅਦ ਇੱਕ ਸਿਰਫ 30 ਡਾਲਰ ਦੀ ਜਾਬ ਮਿਲੀ। ਇਹ ਜਾਬ ਕਰਕੇ ਫਿਰ ਆਪਣੇ ਰੈਂਕ ਪੈਰਾਮੈਟਾ ਆ ਗਿਆ। ਜਦ ਬੰਦਿਆਂ ਨੂੰ 600 ਡਾਲਰ ਦਾ ਗੱਫਾ ਦੱਸਿਆ ਤਾਂ ਸਾਰੇ ਹੈਰਾਨ ਰਹਿ ਗਏ। ਇਵੇਂ ਹੋਇਆ ਸੀ ਮੇਰੇ ਨਾਲ।”

ਹੈਰੀ ਇਹ ਗੱਲ ਕਰਕੇ ਹਟਿਆ ਹੀ ਸੀ ਕਿ ਉਸਦੀ ਵਾਰੀ ਆ ਗਈ। ਉਹ ਸਵਾਰੀ ਲੈ ਕੇ ਦੌੜ ਗਿਆ। ਕੈੱਨ ਨੂੰ ਹੈਰੀ ਬਾਰੇ ਹੋਰ ਗੱਲ ਕਰਨ ਦਾ ਮੌਕਾ ਮਿਲ ਗਿਆ।

“ਅਲੀ ਜੋ ਹੈਰੀ ਦੱਸ ਕੇ ਗਿਆ ਏ ਕੀ ਇਹ ਸੱਚ ਏ? 600 ਡਾਲਰ ਚਾਰ ਕੁ ਘµਟਿਆਂ ਵਿੱਚ ਹੀ? ਕੈੱਨ ਨੇ ਅਲੀ ਨਾਲ ਗੱਲ ਕੀਤੀ।

“ਪੈਸੇ ਤਾਂ ਹੈਰੀ ਨੂੰ ਬਣ ਗਏ ਸੀ ਪਰ ਹੋਰ ਜੋ ਕੁਝ ਵਾਪਰਿਆ ਸੀ ਉਹ ਉਸਨੇ ਦੱਸਿਆ ਹੀ ਨਹੀਂ। ਹਰਾਮੀ ਦੀ ਚੰਗੀ ਖਿਚਾਈ ਹੋਈ ਸੀ। ਉਹਦਾ ਤਾਂ ਇਹ ਹਾਲ ਏ ਆਪਣੀਆਂ ਕੱਛ ਵਿੱਚ ਤੇ ਦੂਜੇ ਦੀਆਂ ਹੱਥ ਵਿੱਚ।” ਅਲੀ ਦੱਸਣ ਲਈ ਕਾਹਲਾ ਸੀ।

“ਕੀ ਹੋਇਆ ਸੀ ?”

“ਪਤਾ ਲੱਗਾ ਏ ਕਿ ਹੈਰੀ ਟੈਕਸੀ ਵਿੱਚ ਬੈਠੀ ਗੋਰੀ ਕੁੜੀ ਨਾਲ ਅੱਖ ਮਿਲਾਉਣ ਲੱਗ ਪਿਆ ਸੀ। ਅੱਧਖੜ ਮਾਂ ਮਾੜਾ ਮਾੜਾ ਸੌਣ ਲੱਗ ਪਈ ਸੀ। ਬੱਚਾ ਬਾਹਰ ਪਹਾੜਾਂ ਦਾ ਨਜ਼ਾਰਾ ਦੇਖ ਰਿਹਾ ਸੀ। ਕੁੜੀ ਇਹਦੇ ਵੱਲ ਘੱਟ ਧਿਆਨ ਦੇ ਰਹੀ ਸੀ। ਹੈਰੀ ਉਸ ਵੱਲ ਆਪਣੇ ਮੂਹਰਲੇ ਸ਼ੀਸ਼ੇ ਵਿੱਚ ਦੀ ਦੇਖੀ ਜਾ ਰਿਹਾ ਸੀ। ਉਸ ਸਮੇਂ ਤਾਂ ਕੁੜੀ ਨੇ ਆਪਣੀ ਮਾਂ ਨੂੰ ਕੁਝ ਨਹੀਂ ਦੱਸਿਆ। ਬਾਅਦ ਵਿੱਚ ਘਰ ਜਾ ਕੇ ਲੜਕੀ ਨੇ ਮਾਂ ਨੂੰ ਡਰਾਈਵਰ ਦੇ ਚਾਲਿਆਂ ਬਾਰੇ ਸਭ ਕੁਝ ਦੱਸ ਦਿੱਤਾ। ਟੈਕਸੀ ਦਾ ਨੰਬਰ ਉਸਨੇ ਨੋਟ ਕਰ ਹੀ ਲਿਆ ਸੀ।”

“ਫਿਰ ਕੀ ਹੋਇਆ?”

“ਮਾਂ ਨੇ ਘਰ ਜਾ ਕੇ ਟੈਕਸੀ ਬੇਸ (Taxi Base) ਨੂੰ ਫੋਨ ਮਿਲਾਇਆ ਤੇ ਡਰਾਈਵਰ ਦੀ ਹਰਕਤ ਬਾਰੇ ਸਭ ਕੁਝ ਬਿਆਨ ਕਰ ਦਿੱਤਾ। ਮੂਹਰੇ ਤੈਨੂੰ ਪਤਾ ਹੀ ਹੈ ਕੌਣ ਏ। ਐਂਡਰਿਊ ਰਾਬਿਨਸਨ, ਇਨਫੋਰਸਮੈਂਟ ਅਫਸਰ।”

“ਫਿਰ ਕੀ ਬਣਿਆ?”

“ਉਹਨੇ ਹੈਰੀ ਨੂੰ ਫੋਨ ਮਿਲਾਇਆ। ਇਹਨੂੰ ਕੋਈ ਜਵਾਬ ਨਾ ਆਵੇ। ਹੁਣ ਉਹਨੇ ਇਹਨੂੰ ਦਫਤਰ ਵਿੱਚ ਸੱਦਿਆ ਹੋਇਆ ਏ। ਹੋ ਸਕਦਾ ਚੇਤਾਵਨੀ ਦੇ ਕੇ ਛੱਡ ਦੇਵੇ ਜਾਂ ਕੁਝ ਸ਼ਿਫਟਾਂ ਕੈਂਸਲ ਕਰ ਦੇਵੇ। ਤੈਨੂੰ ਉਹ ਪੂਰੀ ਗੱਲ ਦੱਸ ਕੇ ਨਹੀਂ ਗਿਆ। 600 ਡਾਲਰ ਦੱਸ ਕੇ ਆਪਣਾ ਰੋਅਬ ਝਾੜ ਗਿਐ। ਕੀਤੀ ਕਰਤੂਤ ਦਾ ਕੀ ਬਣਨਾ ਅਜੇ ਪਤਾ ਨਹੀਂ ਬਾਕੀ ਤੂੰ ਦੇਖ ਲੈ ਕੀ ਬਣੂ।”

ਅਲੀ ਨੇ ਸਾਰਾ ਭਾਂਡਾ ਫੋੜ ਦਿੱਤਾ।

“ਅਲੀ, ਤੈਨੂੰ ਪਤਾ ਹੀ ਏ ਇਹ ਦੇਸ਼ ਨੈਤਿਕਤਾ ਅਤੇ ਕਸਟਮਰ ਕੇਅਰ ਤੇ ਕਿੰਨਾ ਜ਼ੋਰ ਪਾਉਂਦੇ ਹਨ ਜਦ ਇਹ ਸਾਨੂੰ ਕੰਮਾਂ ਤੇ ਲਗਾਉਂਦੇ ਹਨ। ਅਸੀਂ ਫਿਰ ਵੀ ਕਰਤੂਤਾਂ ਕਰਨ ਤੋਂ ਬਾਜ਼ ਨਹੀਂ ਆਉਂਦੇ। ਬਾਂਦਰਾਂ ਨੂੰ ਬਨਾਰਸ ਦੀਆਂ ਟੋਪੀਆਂ। ਅਸੀਂ ਅਰਧ ਵਿਕਸਿਤ ਸਮਾਜ ਚੋਂ ਆਏ ਹਾਂ। ਸਿਡਨੀ ਦਾ ਸਮਾਜ ਪੂਰਨ ਰੂਪ ਵਿੱਚ ਵਿਕਸਿਤ ਹੈ। ਇਹਨਾਂ ਦੇਸ਼ਾਂ ਵਿੱਚ ਦਾਖਲ ਹੁੰਦੇ ਸਾਰ ਅਸੀਂ ਭੰਬੱਤਰ ਜਾਂਦੇ ਹਾਂ। ਸਾਡੇ ਦਿਮਾਗ ਵਿੱਚ ਐਸੇ ਖਿਆਲ ਪਾਏ ਗਏ ਹੁੰਦੇ ਹਨ ਕਿ ਗੋਰੀਆਂ ਜਿਹਦੇ ਨਾਲ ਮਰਜ਼ੀ ਤੁਰ ਪੈਂਦੀਆਂ ਹਨ। ਇਧਰ ਆ ਕੇ ਅਸੀਂ ਕਈ ਭੁਲੇਖਿਆਂ ਦਾ ਸ਼ਿਕਾਰ ਵੀ ਹੋ ਜਾਂਦੇ ਹਾਂ। ਕੋਝੀਆਂ ਹਰਕਤਾਂ ਕਰ ਬੈਠਦੇ ਹਾਂ। ਗੋਰੇ ਚੁੱਪ ਚਪੀਤੇ ਵੀ ਸਾਡੇ ਬਾਰੇ ਸਭ ਕੁਝ ਜਾਣਦੇ ਹੁੰਦੇ ਹਨ। ਇਹ ਇੱਕ ਦੋ ਚਤਾਵਨੀਆਂ ਦੇ ਕੇ ਸਾਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਹਨ। ਫਿਰ ਕਿਤੇ ਜਾ ਕੇ ਸਾਡੇ ਖਿਲਾਫ ਵੱਡਾ ਐਕਸ਼ਨ ਲੈਂਦੇ ਹਨ।”

“ਕੈੱਨ ਤੂੰ ਠੀਕ ਫਰਮਾਇਆ ਏ। ਤੈਨੂੰ ਪਤਾ ਪਿੱਛੇ ਜਿਹੇ ਦੋ ਡਰਾਈਵਰਾਂ ਦੇ ਖਿਲਾਫ ਵੱਡਾ ਐਕਸ਼ਨ ਹੋਇਆ ਸੀ। ਇੱਕ ਮਿਸਰ ਦਾ ਸੀ ਤੇ ਦੂਜਾ ਬੰਗਲਾਦੇਸ਼ ਦਾ ਸੀ। ਜਦ ਤੁਹਾਡੇ ਖਿਲਾਫ ਕੋਈ ਅਨੁਸ਼ਾਸਨੀ ਕਾਰਵਾਈ ਹੋਈ ਹੁੰਦੀ ਏ ਤਾਂ ਇਸਦਾ ਅਸਰ ਬਹੁਤ ਦੂਰ ਤੱਕ ਪਹੁੰਚਦਾ ਏ। ਕੰਪਿਊਟਰ ਦੇ ਵਿੱਚ ਤੁਹਾਡਾ ਸਾਰਾ ਡਾਟਾ ਇਕਦਮ ਨਿਕਲ ਆਉਂਦਾ ਏ। ਤੁਸੀਂ ਹੋਰ ਥਾਵਾਂ ਤੇ ਜਾ ਕੇ ਵੀ ਨੌਕਰੀ ਨਹੀਂ ਲੱਭ ਸਕਦੇ। ਚੰਗਾ ਹੁਣ ਮੇਰੀ ਵੀ ਵਾਰੀ ਆਉਣ ਲੱਗੀ ਏ ਜੋ ਕੁਝ ਮੈਂ ਤੈਨੂੰ ਹੈਰੀ ਬਾਰੇ ਦੱਸਿਆ ਏ ਨਾ ਇਹ ਉਹਨੂੰ ਪੁੱਛੀ ਤੇ ਨਾ ਹੀ ਇਹ ਕਿਸੇ ਹੋਰ ਨਾਲ ਸਾਂਝਾ ਕਰੀਂ। ਅੱਲਾ, ਖੈਰ ਕਰੇ।”

“ਚੰਗਾ ਅਲੀ! ਅੱਗੇ ਵਾਸਤੇ ਵੀ ਮਿਲਦਾ ਗਿਲਦਾ ਰਿਹਾ ਕਰੀਂ।”

“ਓਕੇ।”
***   

2. ਚਿਰੋਕਣੀ ਰਿਸੈਪਸ਼ਨ ਪਾਰਟੀ — ਅਵਤਾਰ ਐਸ. ਸੰਘਾ

“ਇਹਨਾਂ ਨੂੰ ਪੁੱਛੋ, ਇਹ ਅੱਜ ਵੀ ਮੋਟਰਸਾਈਕਲ ਤੇ ਆਏ ਹਨ ਜਾਂ…..?” ਟੈਲੀਫੋਨ ਤੇ ਮੈਨੂੰ ਪਾਲਾਂ ਦੀ ਆਵਾਜ਼ ਸੁਣ ਗਈ ਜਿਹੜੀ ਉਸਨੇ ਆਪਣੇ ਘਰ ਵਾਲੇ ਕੁਲਦੀਪ ਨੂੰ ਮੇਰਾ ਫੋਨ ਸੁਣ ਰਹੇ ਨੂੰ ਕਹੀ। ਪਾਲਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਂ ਉਹੀ ਉਹਦਾ ਟੀਚਰ ਹਾਂ, ਜਿਸਦਾ ਮੋਟਰਸਾਈਕਲ ਉਸਦੇ ਬਾਪ ਕਿਰਪਾਲ ਸਿੰਘ ਨੇ ਉਸਨੂੰ ਜਵਾਨੀ ਵਿੱਚ ਕੁਲਦੀਪ ਨਾਲ ਦੌੜ ਗਈ ਨੂੰ ਲੱਭਣ ਵਿੱਚ ਵਰਤਿਆ ਸੀ।

“ਕੁਲਦੀਪ, ਤੇਰੀ ਘਰਵਾਲੀ ਮੇਰੇ ਨਾਲ ਐਵੇਂ ਮੋਟਰਸਾਈਕਲ ਦਾ ਜ਼ਿਕਰ ਕਰਕੇ ਢੁੱਚਰਾਂ ਭੇੜੀ ਜਾਂਦੀ ਏ। ਮੇਰੇ ਮੋਟਰਸਾਈਕਲ ਨੇ ਤਾਂ ਉਦੋਂ ਤੁਹਾਡਾ ਫਾਇਦਾ ਹੀ ਕੀਤਾ ਸੀ। ਤੁਸੀਂ ਭਲੀ ਭਾਂਤ ਲੱਭ ਹੋ ਗਏ ਸੀ। ਰਿਪੋਰਟ ਦਰਜ ਹੋਣੋ ਬਚ ਗਈ ਸੀ। ਨਹੀਂ ਤਾਂ ਪੁਲਿਸ ਨੇ ਤੁਹਾਨੂੰ ਫੜ੍ਹ ਕੇ ਜਲੀਲ ਕਰਨਾ ਸੀ। ਸਾਰੇ ਇਲਾਕੇ ਚ ਬਹੁਤ ਬੇਇਜ਼ਤੀ ਹੋ ਜਾਣੀ ਸੀ। ਜਿਹੜੀ ਕੁੜੀ ਇੱਕ ਵਾਰੀ ਪੁਲਿਸ ਹਿਰਾਸਤ ਵਿੱਚ ਹੋ ਆਵੇ ਉਹਨੂੰ ਤਾਂ ਸਾਡਾ ਸਮਾਜ ਚੱਜ ਨਾਲ ਅਪਣਾਉਂਦਾ ਹੀ ਨਹੀਂ। ਮੁੜ ਘਿੜ ਕੇ ਖੋਤੀ ਫਿਰ ਵੀ ਉਸੇ ਬੋਹੜ ਥੱਲੇ ਆਉਣੀ ਸੀ ਜਿਸ ਥੱਲੇ ਮੇਰੇ ਮੋਟਰਸਾਈਕਲ ਨੇ ਜਲਦੀ ਲੈ ਆਂਦੀ ਸੀ”, ਮੈਂ ਕੈਨੇਡਾ ਵਿੱਚ ਸਰੀ ਪਹੁੰਚ ਕੇ ਤੀਜੇ ਕੁ ਦਿਨ ਕੁਲਦੀਪ ਨਾਲ ਫੋਨ ਤੇ ਇਵੇਂ ਗੱਲ ਕੀਤੀ ਸੀ। ਉਸਦਾ ਨੰਬਰ ਮੈਨੂੰ ਸਰੀ ਵਿੱਚ ਹੀ ਰਹਿੰਦੇ ਮੇਰੇ ਇੱਕ ਪੁਰਾਣੇ ਵਿਦਿਆਰਥੀ ਗੁਰੀ ਨੇ ਦਿੱਤਾ ਸੀ।

ਕੁਲਦੀਪ ਤੇ ਪਾਲਾਂ ਡੈਲਟਾ ਵਿਖੇ 40 ਸਾਲ ਤੋਂ ਰਹੇ ਸਨ। ਕੈਨੇਡਾ ਪਹੁੰਚਣ ਤੋਂ ਪਹਿਲਾਂ ਦੀ ਇਹਨਾਂ ਦੀ ਕਹਾਣੀ ਅਜੀਬ ਜਿਹੀ ਹੀ ਸੀ। ਕੁਲਦੀਪ ਮੇਰੇ ਕਸਬੇ ਵਿੱਚ ਟਰੈਵਲ ਏਜੈਂਟ ਹੁੰਦਾ ਸੀ। ਉਹ ਮੇਰਾ ਇਸ ਕਰਕੇ ਵਾਕਫ ਸੀ ਕਿਉਂਕਿ ਉਹ ਕਿਸੇ ਵੇਲੇ ਮੇਰੇ ਨੇੜੇ ਤੇੜੇ ਹੀ ਪੜ੍ਹਦਾ ਹੁੰਦਾ ਸੀ। ਜਦ ਮੈਂ ਚਾਰ ਕੁ ਸਾਲ ਐਮ. ਏ ਤੱਕ ਲਗਾ ਕੇ ਉਸਦੇ ਕਸਬੇ ਦੇ ਇੱਕ ਡਿਗਰੀ ਕਾਲਜ ਵਿੱਚ ਲੈਕਚਰਾਰ ਆ ਲੱਗਾ ਸਾਂ ਉਦੋਂ ਪਾਲਾਂ ਇਸ ਕਾਲਜ ਵਿੱਚ ਮੇਰੀ ਵਿਦਿਆਰਥਣ ਸੀ। ਪਾਲਾਂ ਦਾ ਟੱਬਰ ਮੈਨੂੰ ਜਾਣਦਾ ਹੀ ਸੀ। ਕੁਲਦੀਪ ਦੀ ਵੀ ਮੇਰੇ ਨਾਲ ਹੈਲੋ ਹੈਲੋ ਹੁੰਦੀ ਹੀ ਸੀ। ਉਸਦੀ ਟਰੈਵਲ ਏਜੰਸੀ ਦੇ ਨਾਲ ਲੱਗਦਾ ਇੱਕ ਤਾਬਿਆਦਾਰ ਕਮਰਸ਼ੀਅਲ ਕਾਲਜ ਹੋਇਆ ਕਰਦਾ ਸੀ, ਜਿੱਥੇ ਹਰ ਵਕਤ 15-20 ਲੜਕੇ ਲੜਕੀਆਂ ਟਾਈਪ ਤੇ ਸ਼ਾਰਟਹੈਂਡ ਸਿੱਖਦੇ ਰਹਿੰਦੇ ਸਨ। ਕੁਲਦੀਪ ਦੀ ਹਰ ਸਮੇਂ ਕੋਸ਼ਿਸ਼ ਹੋਇਆ ਕਰਦੀ ਸੀ ਕਿ ਮੌਕਾ ਮਿਲਦੇ ਸਾਰ ਹੀ ਇੱਕਦਮ ਕਿਸੇ ਬਾਹਰਲੇ ਮੁਲਕ ਨੂੰ ਦੌੜ ਜਾਇਆ ਜਾਵੇ। ਟਰੈਵਲ ਏਜੰਸੀ ਦਾ ਕੰਮ ਤਾਂ ਉਹ ਆਪਣੇ ਕਿਸੇ ਅਸਿਸਟੈਂਟ ਨੂੰ ਵੀ ਸੰਭਾਲ ਸਕਦਾ ਸੀ। ਕੁਲਦੀਪ ਦੀ ਘਰ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ। ਥੋੜ੍ਹੀ ਜਿਹੀ ਜ਼ਮੀਨ ਸੀ, ਉਹ ਵੀ ਉੱਪਰ ਨੀਮ ਪਹਾੜੀ ਇਲਾਕੇ ਵਿੱਚ। ਵੈਸੇ ਮੁੰਡਾ ਉਹ ਸਡੌਲ, ਸਮਾਰਟ ਤੇ ਸਿਹਤਮੰਦ ਸੀ। ਉਹਦੀ ਕੋਸ਼ਿਸ਼ ਇਹੀ ਹੁੰਦੀ ਸੀ ਕਿ ਕੋਈ ਬਾਹਰਲੀ ਅਸਾਮੀ ਕਾਬੂ ਕਰਕੇ ਵਿਆਹ ਦੇ ਅਧਾਰ ਤੇ ਇੰਗਲੈਂਡ ਜਾਂ ਕੈਨੇਡਾ ਚਲਾ ਜਾਇਆ ਜਾਵੇ। ਲੜਕੀ ਲੱਭਣ ਲਈ ਉਹ ਨਾਲ ਲੱਗਦੇ ਕਮਰਸ਼ੀਅਲ ਕਾਲਜ ਤੇ ਵੀ ਨਿਗ੍ਹਾ ਰੱਖਦਾ ਹੁੰਦਾ ਸੀ। ਉਦੋਂ ਕੰਪਿਊਟਰ ਅਜੇ ਆਏ ਨਹੀਂ ਸਨ। ਹਰ ਦਸਵੀਂ ਪਾਸ ਕਰ ਗਏ ਬੱਚੇ ਦੀ ਦਿਲਚਸਪੀ ਟਾਈਪ ਤੇ ਸ਼ਾਰਟ ਹੈਂਡ ਸਿੱਖਣ ਦੀ ਹੁੰਦੀ ਸੀ। ਟਾਈਪ ਤੇ ਸ਼ਾਰਟਹੈਂਡ ਸਿੱਖਦੀਆਂ ਲੜਕੀਆਂ ਵੀ ਹਰ ਸੰਪਰਕ ਵਿੱਚ ਆਉਣ ਵਾਲੇ ਲੜਕੇ ਨੂੰ ਚੰਗੀ ਤਰ੍ਹਾਂ ਨਿਹਾਰਦੀਆਂ ਰਹਿੰਦੀਆਂ ਸਨ। ਕੁਲਦੀਪ ਨੇ ਬੀ. ਏ ਕਰ ਲਈ ਸੀ। ਬਹੁਤੇ ਟਾਈਪ ਸਿੱਖਣ ਵਾਲੇ ਲੜਕੇ ਮੈਟ੍ਰਿਕ ਪਾਸ ਹੀ ਹੋਇਆ ਕਰਦੇ ਸਨ। ਕੁਲਦੀਪ ਲਈ ਨਿੱਤ ਦਿਨ ਦਿਵਾਲੀ ਵਾਂਗ ਹੀ ਸੀ ਕਿਉਂਕਿ ਉਹ ਪੜ੍ਹਿਆ ਵੀ ਵੱਧ ਸੀ ਤੇ ਉਹ ਕਾਰੋਬਾਰ ਵੀ ਐਸਾ ਕਰਦਾ ਸੀ ਜਿਸ ਨਾਲ ਬਾਹਰ ਨੂੰ ਜਾਣ ਦਾ ਆਧਾਰ ਤਿਆਰ ਹੁੰਦਾ ਸੀ। ਸ਼ਹਿਰ ਵਿੱਚ ਦੋ ਕਿੱਤਿਆਂ ਦੇ ਬੰਦੇ ਸਭ ਤੋਂ ਵੱਧ ਟੌਹਰੀ ਹੋਇਆ ਕਰਦੇ ਸਨ–  ਟਰੈਵਲ ਏਜੰਟ ਤੇ ਫੋਟੋਗ੍ਰਾਫਰ। ਤੀਜੇ ਨੰਬਰ ਤੇ ਵੰਗਾਂ ਚੂੜੀਆਂ ਵੇਚਣ ਵਾਲੇ ਵਣਜਾਰੇ ਹੋਇਆ ਕਰਦੇ ਸਨ। ਫਰਕ ਇਹ ਸੀ ਕਿ ਵਣਜਾਰੇ ਪੜ੍ਹੇ ਲਿਖੇ ਬਹੁਤ ਘੱਟ ਸਨ। ਕੁੜੀਆਂ ਦੇ ਪੂਰ ਕਮਰਸ਼ੀਅਲ ਕਾਲਜ ਵਿੱਚ ਆਈ ਜਾਂਦੇ ਸਨ ਤੇ ਜਾਈ ਜਾਂਦੇ ਸਨ। ਮੂਹਰੇ ਕਚਹਿਰੀ ਸੀ। ਉਥੋਂ ਵੀ ਕਈ ਲੋਕ ਆਪਣੇ ਕਾਗਜ਼ ਪੱਤਰ ਟਾਈਪ ਕਰਵਾਉਣ ਲਈ ਕਮਰਸ਼ੀਅਲ ਕਾਲਜ ਹੀ ਆਉਂਦੇ ਸਨ ਕਿਉਂਕਿ ਉਦੋਂ ਫੋਟੋ ਸਟੇਟ ਅਜੇ ਹੋਂਦ ਵਿੱਚ ਨਹੀਂ ਸੀ ਆਇਆ। ਬਹੁਤੇ ਮਾਪੇ ਲੜਕੀਆਂ ਦੀ ਉਚੇਰੀ ਸਿੱਖਿਆ ਤੋਂ ਕੰਨੀ ਕਤਰਾਉਂਦੇ ਸਨ। ਮਾਡਲ ਤੇ ਨਮੂਨੇ ਦੇ ਅੰਗਰੇਜ਼ੀ ਸਕੂਲ ਅਜੇ ਛੋਟੇ ਕਸਬਿਆਂ ਤੱਕ ਨਹੀਂ ਪਹੁੰਚੇ ਸਨ। ਮਾਪਿਆਂ ਦੀ ਕੋਸ਼ਿਸ਼ ਸੀ ਕਿ ਲੜਕੀ ਨੂੰ ਟਾਈਪ ਤੇ ਸ਼ਾਰਟਹੈਂਡ ਦਾ ਕੋਰਸ ਕਰਾ ਕੇ ਕਿਸੇ ਮਹਿਕਮੇ ਵਿੱਚ ਕਲਰਕ ਲਗਾ ਕੇ ਉਹਦਾ ਵਿਆਹ ਕਰਕੇ ਆਪਣੀ ਜਿੰਮੇਵਾਰੀ ਤੋਂ ਮੁਕਤ ਹੋ ਜਾਇਆ ਜਾਵੇ। ਧਿਆਨਪੁਰੀਆ ਉਦੈ ਸਿੰਘ ਇਸ ਕਾਲਜ ਦਾ ਮਾਲਕ ਸੀ। ਕੁਲਦੀਪ ਕਦੀ ਕਦੀ ਉਦੈ ਸਿੰਘ ਦੇ ਪਾਸ ਉਸਦੇ ਕਾਲਜ ਵਿੱਚ ਆ ਕੇ ਵੀ ਬੈਠ ਜਾਇਆ ਕਰਦਾ ਸੀ। ਦਿਨ ਵਿੱਚ ਇੱਕ ਦੋ ਵਾਰ ਇਕੱਠੇ ਚਾਹ ਵੀ ਪੀ ਹੀ ਲਿਆ ਕਰਦੇ ਸਨ। ਨਾਲੇ ਕੁਲਦੀਪ ਧਿਆਨ ਰੱਖਦਾ ਸੀ ਕਿ ਕਿਹੜੀ ਕੁੜੀ ਕਿਹੜੇ ਪਿੰਡ ਤੋਂ ਆ ਰਹੀ ਹੁੰਦੀ ਸੀ, ਉਹਦੀ ਬਰਾਦਰੀ ਕੀ ਸੀ ਤੇ ਉਹ ਇਸ ਕੋਰਸ ਤੋਂ ਇਲਾਵਾ ਕਿਸੇ ਕਾਲਜ ਦੇ ਵਿੱਚ ਰੈਗੂਲਰ ਪੜ੍ਹਾਈ ਵੀ ਕਰ ਰਹੀ ਹੁੰਦੀ ਸੀ ਜਾਂ ਨਹੀਂ। ਸਾਰੀਆਂ ਕੁੜੀਆਂ ਨੂੰ ਨਿਹਾਰ ਕੇ ਆਖਰ ਕੁਲਦੀਪ ਇਸ ਸਿੱਟੇ ਤੇ ਪਹੁੰਚਿਆ ਕਿ ਪਾਲਾਂ ਬਾਰੇ ਪੂਰਾ ਪੂਰਾ ਪਤਾ ਲਿਆ ਜਾਵੇ। ਉਦੈ ਸਿੰਘ ਤੋਂ ਉਸਨੇ ਇਸ ਗੱਲ ਦਾ ਲਕੋਅ ਹੀ ਰੱਖਿਆ। ਕਚਹਿਰੀ ਤੋਂ ਇੱਥੇ ਨੂੰ ਆਉਂਦੇ ਹੋਏ ਦੋ ਕੁ ਬੰਦਿਆਂ ਰਾਹੀਂ ਉਸਨੇ ਪਾਲਾਂ ਬਾਰੇ ਪੂਰਾ ਪਤਾ ਕਰ ਲਿਆ। ਕੁਲਦੀਪ ਨੂੰ ਪਤਾ ਲੱਗਾ ਕਿ ਪਾਲਾਂ ਦੀ ਬੜੀ ਭੈਣ ਕੈਨੇਡਾ ਗਈ ਹੋਈ ਸੀ। ਉਸਦਾ ਇੱਕ ਭਰਾ ਸੀ ਜੋ ਉਸਤੋਂ ਛੋਟਾ ਸੀ ਤੇ ਅਜੇ ਸਕੂਲ ਦੇ ਆਖਰੀ ਸਾਲਾਂ ਦੀ ਪੜ੍ਹਾਈ ਕਰ ਰਿਹਾ ਸੀ। ਪਾਲਾਂ ਦਾ ਟੱਬਰ ਰਸਾਲਦਾਰਾਂ ਦਾ ਟੱਬਰ ਕਹਿਲਾਉਂਦਾ ਸੀ। ਪਿਓ ਬਖਤਾਵਰ ਸਿੰਘ ਰਸਾਲਦਾਰ ਸੀ। ਮਾਂ ਪਿਓ ਇੱਕ ਵਾਰ ਆਪਣੀ ਵੱਡੀ ਲੜਕੀ ਪਾਸ ਕੈਨੇਡਾ ਵੀ ਗੇੜਾ ਮਾਰ ਆਏ ਸਨ। ਜੇ ਵਿਚੋਲਾ ਵਿੱਚ ਪਾਇਆ ਜਾਂਦਾ ਤਾਂ ਕੁਲਦੀਪ ਦੀ ਗੱਲ ਨਹੀਂ ਬਣਨੀ ਸੀ ਕਿਉਂਕਿ ਕੁਲਦੀਪ ਰਸਾਲਦਾਰਾਂ ਦੇ ਮੁਕਾਬਲੇ ਸਧਾਰਨ ਪਰਿਵਾਰ ਚੋਂ ਸੀ। ਹਾਂ, ਬਰਾਦਰੀ ਦੋਹਾਂ ਟੱਬਰਾਂ ਦੀ ਜੱਟ ਸਿੱਖ ਹੀ ਸੀ। ਪਾਲਾਂ ਪੂਰੀ ਪੜ੍ਹਾਈ ਉਸੇ ਲੋਕਲ ਕਾਲਜ ਕਰ ਰਹੀ ਸੀ ਜਿੱਥੇ ਮੈਂ ਅੰਗਰੇਜ਼ੀ ਪੜ੍ਹਾਉਂਦਾ ਸਾਂ। ਇੱਕ ਵਾਰ ਕੁਲਦੀਪ ਕਾਲਜ ਵੀ ਆਇਆ ਸੀ।

“ਸਰ ਜੀ, ਸਤਿ ਸ਼੍ਰੀ ਅਕਾਲ।”

“ਸਤਿ ਸ਼੍ਰੀ ਅਕਾਲ, ਕੁਲਦੀਪ?” ਮੈਂ ਪੁੱਛਿਆ “ਕਿਵੇਂ ਆਉਣਾ ਹੋਇਆ”।

“ਸਰ, ਉਹ ਪੱਪੂ ਧਿਆਨਪੁਰੀਆ ਹੈ ਨਾ, ਉਹ ਫੁੱਟਬਾਲਰ। ਉਹਨੂੰ ਮਿਲਣ ਆਇਆ ਸਾਂ। ਮੈਂ ਸੋਚਿਆ ਤੁਹਾਨੂੰ ਵੀ ਸਲਾਮ ਕਰ ਚਲੀਏ।”

“ਹੋਰ ਕਾਲਜ ਕਿਵੇਂ ਚੱਲਦਾ ਏ? ਤੇਰਾ ਇਲਾਕਾ ਤਾਂ ਉਨਾ ਹੀ ਰੌਣਕ ਵਾਲਾ ਏ ਜਿੰਨਾ ਸਾਡਾ ਕਾਲਜ। ਨਾਲ ਕਚਹਿਰੀ ਹੈ, ਨਾਲ ਹੀ ਕਮਰਸ਼ੀਅਲ ਕਾਲਜ ਤੇ ਨਾਲ ਹੀ ਤੇਰੀ ਟਰੈਵਲ ਏਜੰਸੀ।”

“ਸਰ, ਬਸ ਗੁਜ਼ਾਰਾ ਚੱਲ ਰਿਹਾ ਏ। ਸਰ ਜੀ ਆਇਓ ਕਿਤੇ?”

“ਜਰੂਰ ਆਵਾਂਗਾ, ਇਹ ਕਹਿ ਕੇ ਮੈਂ ਆਪਣੀ ਜਮਾਤ ਲੈਣ ਕਮਰੇ ਅੰਦਰ ਚਲਾ ਗਿਆ।

ਜਦ ਕੁਲਦੀਪ ਬਾਅਦ ਵਿੱਚ ਵੀ ਕਾਲਜ ਦੋ ਤਿੰਨ ਗੇੜੇ ਮਾਰ ਗਿਆ ਤਾਂ ਪਤਾ ਲੱਗਾ ਕਿ ਮੈਨੂੰ ਮਿਲ ਕੇ ਉਹ ਪਾਲਾਂ ਤੇ ਇਹ ਪ੍ਰਭਾਵ ਪਾਉਣਾ ਚਾਹੁੰਦਾ ਸੀ ਕਿ ਉਸਦਾ ਟੀਚਰ (ਯਾਨੀ ਮੈਂ) ਉਸਦਾ ਚੰਗਾ ਵਾਕਫ ਸਾਂ। ਵੈਸੇ ਧਿਆਨਪੁਰੀਏ ਪੱਪੂ ਰਾਹੀਂ ਉਹ ਪਾਲਾਂ ਬਾਰੇ ਵੱਧ ਜਾਣਕਾਰੀ ਹਾਸਿਲ ਕਰ ਰਿਹਾ ਸੀ। ਆਖਰ ਜਦ ਕੁਲਦੀਪ ਨੂੰ ਪਤਾ ਲੱਗ ਗਿਆ ਕਿ ਪਾਲਾਂ ਦੀ ਗੱਲ ਹੋਰ ਕਿਤੇ ਨਹੀਂ ਚੱਲਦੀ ਤਾਂ ਉਸ ਨੇ ਉਦੈ ਸਿੰਘ ਰਾਹੀਂ ਪਾਲਾਂ ਨੂੰ ਇੱਕ ਅਰਜ਼ੀ ਟਾਈਪ ਕਰਨ ਨੂੰ ਦਿੱਤੀ। ਪਾਲਾਂ ਨੇ ਟਾਈਪ ਕੀਤੀ ਤਾਂ ਕੁਲਦੀਪ ਵੀ ਪਾਲਾਂ ਦੇ ਨਾਲ ਬੈਠ ਗਿਆ। ਇਸ 10 ਕੁ ਮਿੰਟ ਦੇ ਸਮੇਂ ਦੌਰਾਨ ਦੌਹਾਂ ਦੀਆਂ ਅੱਖਾਂ ਇਵੇਂ ਚਾਰ ਹੋਈਆਂ ਕਿ ਕੁਲਦੀਪ ਨੂੰ ਪਤਾ ਲੱਗ ਗਿਆ ਕਿ ਗੱਲ ਬਣ ਸਕਦੀ ਸੀ। ਕਸਬਾ ਛੋਟਾ ਸੀ। ਗੱਲ ਨੂੰ ਛੁਪਾ ਕੇ ਰੱਖਣਾ ਬੜਾ ਔਖਾ ਸੀ।

—-

ਇੱਕ ਵੀਕਐਂਡ ਦੀ ਗੱਲ ਏ। ਪਾਲਾਂ ਕੁਲਦੀਪ ਨਾਲ ਦੌੜ ਗਈ ਸੀ। ਪਾਲਾਂ ਦੇ ਪਿਓ ਰਸਾਲਦਾਰ ਬਖਤਾਵਰ ਸਿੰਘ ਲਈ ਜਿਵੇਂ ਅਸਮਾਨ ਫੱਟ ਗਿਆ ਹੋਵੇ। ਉਸ ਨੂੰ ਉਹਨਾਂ ਦਾ ਨੌਕਰ ਟਰੈਕਟਰ ਤੇ ਮੇਰੇ ਪਿੰਡ ਲੈ ਕੇ ਆਇਆ। ਮੈਂ ਉਸਨੂੰ ਦੇਖ ਕੇ ਹੈਰਾਨ ਰਹਿ ਗਿਆ।

“ਸਰ ਜੀ, ਸਾਡੀ ਕੁੜੀ ਪਾਲਾਂ ਲੱਭ ਨਹੀਂ ਰਹੀ। ਸਾਡਾ ਮੋਟਰਸਾਈਕਲ ਮਕੈਨਿਕ ਪਾਸ ਸਰਵਿਸ ਲਈ ਦਿੱਤਾ ਹੋਇਆ ਏ। ਤੁਸੀਂ ਮੈਨੂੰ ਛੇਤੀ ਨਾਲ ਆਪਣਾ ਮੋਟਰਸਾਈਕਲ ਦਿਓ। ਹੋ ਸਕਦਾ ਹੈ ਮੈਨੂੰ ਕੁੜੀ ਨੂੰ ਲੱਭਣ ਲਈ ਛੋਟੀਆਂ ਪਗੰਡੀਆਂ ਰਾਹੀਂ ਖੇਤਾਂ ਵਿੱਚ ਟਿਊਬਵੈੱਲ ਦੀਆਂ ਮੋਟਰਾਂ ਤੇ ਜਾਣਾ ਪਵੇ। ਉੱਥੇ ਟੈਕਸੀ ਜਾਂ ਟਰੈਕਟਰ ਕੰਮ ਨਹੀਂ ਕਰਨਗੇ।”

ਮੈਂ ਆਪਣਾ ਬੁਲੱਟ ਮੋਟਰਸਾਈਕਲ ਦੇ ਦਿੱਤਾ। ਬਖਤਾਵਰ ਸਿੰਘ ਨੇ ਉਸ ਪਾਸੇ ਦਾ ਸਾਰਾ ਇਲਾਕਾ ਛਾਂਟ ਮਾਰਿਆ ਜਿੱਥੇ ਉਸਨੂੰ ਕੁੜੀ ਦੇ ਹੋਣ ਦੀ ਸ਼ੱਕ ਸੀ।

ਕੁੜੀ ਮਿਲੀ ਇੱਕ ਟਿਊਬਵੈੱਲ ਦੀ ਮੋਟਰ ਤੋਂ। ਹਾਂ, ਕੁਲਦੀਪ ਪਛਾਣਿਆ ਗਿਆ ਸੀ ਪਰ ਉਹ ਆਪਣੇ ਮੋਟਰਸਾਈਕਲ ਤੇ ਉਨੇ ਸਮੇਂ ਵਿੱਚ ਦੌੜ ਗਿਆ ਸੀ ਜਿੰਨਾ ਚਿਰ ਪਾਲਾਂ ਜਾਣ ਬੁਝ ਕੇ ਆਪਣੇ ਬਾਪ ਨਾਲ ਜਾਣ ਤੋਂ ਆਨਾ ਕਾਨੀ ਕਰਦੀ ਰਹੀ। ਪਾਲਾਂ ਨੇ ਕੁਲਦੀਪ ਨੂੰ ਭੱਜਣ ਦਾ ਪੂਰਾ ਸਮਾਂ ਦੇ ਦਿੱਤਾ ਸੀ। ਘਰ ਲਿਆ ਕੇ ਪਾਲਾਂ ਦੇ ਮਾਪਿਆਂ ਨੇ ਪੁੱਛਗਿੱਛ ਕੀਤੀ। ਉਸਨੇ ਦੱਸ ਦਿੱਤਾ ਕਿ ਉਹ ਕੁਲਦੀਪ ਨਾਲ ਹੀ ਵਿਆਹ ਕਰਵਾਏਗੀ। ਕੈਨੇਡਾ ਜਾਣ ਤੋਂ ਬਾਅਦ ਉਹ ਕੁਲਦੀਪ ਨੂੰ ਹੀ ਉੱਧਰ ਸੱਦੇਗੀ।

“ਕੀ ਉਹ ਮੰਨਦਾ ਏ? ਕੀ ਤੈਨੂੰ ਸਾਡੇ ਮੁਕਾਬਲੇ ਉਹ ਗਰੀਬ ਨਹੀਂ ਲੱਗਦਾ? ਕਦੀ ਉਹਦੀ ਜਾਇਦਾਦ ਦਾ ਵੀ ਪਤਾ ਕੀਤਾ ਏ? ਤੈਨੂੰ ਪਤਾ ਉਸਦਾ ਬਾਪ ਅਨਪੜ੍ਹ ਏ। ਥੋੜ੍ਹੀ ਜਿਹੀ ਜ਼ਮੀਨ ਤੇ ਖੇਤੀ ਕਰਦਾ ਏ। ਦੋ ਭਰਾ ਹਨ ਤੇ ਦੋ ਭੈਣਾਂ। ਤੂੰ ਰਸਾਲਦਾਰਾਂ ਦੀ ਧੀ ਏਂ। ਸਾਰਾ ਸ਼ਹਿਰ ਸਾਡੇ ਨਾਲ ਵਰਤਦਾ ਏ। ਤੈਨੂੰ ਪਤਾ ਏ ਕਿ ਤੇਰੇ ਬਾਪ ਦੀ ਸਰਕਾਰੇ ਦਰਬਾਰੇ ਵੀ ਚੰਗੀ ਚੱਲਦੀ ਏ। ਫੈਸਲਾ ਲੈਣ ਲੱਗੀ ਨੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਸੀ। ਦੱਸ ਹੁਣ ਤੂੰ ਕਿੱਥੇ ਖੜ੍ਹੀ ਏਂ”, ਮਾਂ ਨੇ ਪਾਲਾਂ ਨੂੰ ਕਾਫੀ ਲਾਹਣਤ ਪਾਈ।

“ਕੋਈ ਗੱਲ ਨਹੀਂ। ਮੈਨੂੰ ਨਾ ਜ਼ਮੀਨ ਦੀ ਜ਼ਰੂਰਤ ਏ ਤੇ ਨਾ ਹੀ ਸ਼ੌਹਰਤ ਦੀ। ਜਦ ਕੋਈ ਕੈਨੇਡਾ ਜਿਹੇ ਦੇਸ਼ ਵਿੱਚ ਪਹੁੰਚ ਜਾਂਦਾ ਏ ਤਾਂ ਉਹ ਆਪ ਹੀ ਬਥੇਰੀ ਜਾਇਦਾਦ ਬਣਾ ਲੈਂਦਾ ਏ। ਮੈਨੂੰ ਲੜਕਾ ਵੀ ਪਸੰਦ ਏ। ਮੈਂ ਉੱਥੇ ਹੀ ਸ਼ਾਦੀ ਕਰਵਾਵਾਂਗੀ”।

ਖੈਰ ਮਾਪੇ ਲੜਕੀ ਨਾਲ ਸਹਿਮਤ ਹੋ ਗਏ। ਕੁਲਦੀਪ ਨੂੰ ਕਾਗਜ਼ ਪੱਤਰ ਤਿਆਰ ਕਰਨ ਦਾ ਖੁਦ ਪਤਾ ਸੀ। ਪਹਿਲਾਂ ਦੋਹਾਂ ਪਰਿਵਾਰਾਂ ਵਿਚਕਾਰ ਰੋਕਾ ਹੋ ਗਿਆ। ਲੜਕੀ ਪਹਿਲਾਂ ਮਾਪਿਆਂ ਨਾਲ ਕੈਨੇਡਾ ਪਹੁੰਚ ਗਈ। ਲੜਕਾ ਛੇ ਕੁ ਮਹੀਨੇ ਬਾਅਦ ਚਲਾ ਗਿਐ।

ਇਸ ਘਟਨਾਕ੍ਰਮ ਦੌਰਾਨ ਮੈਨੂੰ ਮੇਰੇ ਬਾਪ ਵੱਲੋਂ ਕਹੀ ਗਈ ਇੱਕ ਗੱਲ ਤੇ ਹੈਰਾਨੀ ਹੋਈ। ਜਦ ਬਖਤਾਵਰ ਸਿੰਘ ਦਾ ਨੌਕਰ ਆ ਕੇ ਮੇਰਾ ਮੋਟਰਸਾਈਕਲ ਮੋੜ ਗਿਆ ਸੀ ਤਾਂ ਮੈਂ ਪਰਦੇ ਨਾਲ ਆਪਣੇ ਬਾਪ ਨੂੰ ਦੱਸ ਦਿੱਤਾ ਸੀ ਕਿ ਰਸਾਲਦਾਰਾਂ ਦੀ ਕਾਲਜ ਪੜ੍ਹਦੀ ਕੁੜੀ ਕਿਸੇ ਨਾਲ ਦੌੜ ਗਈ ਸੀ ਤੇ ਉਹ ਮੇਰੇ ਮੋਟਰਸਾਈਕਲ ਦੀ ਮਦਦ ਨਾਲ ਕੁੜੀ ਨੂੰ ਲੱਭਣਾ ਚਾਹੁੰਦਾ ਸੀ। ਉਹਨਾਂ ਦਾ ਆਪਣਾ ਮੋਟਰਸਾਈਕਲ ਮੈਕੈਨਿਕ ਪਾਸ ਸੀ। ਮੇਰੇ ਇਸ ਇੰਕਸ਼ਾਫ ਤੇ ਮੇਰਾ ਬਾਪ ਤੁਰੰਤ ਬੋਲਿਆ ਸੀ, “ਤੂੰ ਭੋਲਾ ਏਂ। ਤੈਨੂੰ ਅਸਲੀਅਤ ਦਾ ਪਤਾ ਨਹੀਂ।”

“ਕਿਉਂ? ਕੀ ਗੱਲ ਹੋ ਗਈ, ਪਿਤਾ ਜੀ?” ਮੈਂ ਪੁੱਛ ਬੈਠਾ ਸੀ।

“ਕਾਕਾ ਤੂੰ ਵੀ ਰਸਾਲਦਾਰਾਂ ਦੇ ਟੱਬਰ ਦੇ ਨੇੜੇ ਏਂ। ਉਹ ਤੈਨੂੰ ਕਾਲਜ ਦੇ ਵਿੱਚ ਆ ਕੇ ਮਿਲਦੇ ਵੀ ਰਹਿੰਦੇ ਸਨ। ਤੂੰ ਛੜਾ ਏਂ, ਜਵਾਨ ਏਂ, ਸ਼ਾਦੀ ਦੇ ਕਾਬਲ ਏਂ। ਭੋਲਿਆ ਸਮਝਿਆ ਕਰ ਗੱਲ ਨੂੰ। ਰਸਾਲਦਾਰ ਤੈਥੋਂ ਮੋਟਰਸਾਈਕਲ ਲੈਣ ਨਹੀਂ ਆਇਆ ਸੀ ਉਹ ਇਹ ਦੇਖਣ ਆਇਆ ਸੀ ਕਿ ਤੂੰ ਵੀ ਘਰ ਹੈ ਜਾਂ ਨਹੀਂ। ਉਹਨਾਂ ਦੇ ਹੋਰ ਬਥੇਰੇ ਮੋਟਰਸਾਈਕਲਾਂ ਵਾਲੇ ਮੁਹੱਬਤੀ ਨੇ।”

ਮੈਨੂੰ ਬਾਪ ਦੇ ਇਸ ਕਿਆਫੇ ਤੇ ਹਾਸਾ ਵੀ ਆਇਆ ਸੀ ਤੇ ਹੈਰਾਨੀ ਵੀ ਹੋਈ ਸੀ। ਬਾਅਦ ਵਿੱਚ ਬਾਪ ਨੂੰ ਪਤਾ ਲੱਗ ਗਿਆ ਸੀ ਕਿ ਅਸਲ ਹੀਰੋ ਕੌਣ ਸੀ।

ਹੁਣ ਸਰੀ ਪਹੁੰਚ ਕੇ ਮੇਰੇ ਫੋਨ ਨੇ ਕੁਲਦੀਪ ਅਤੇ ਪਾਲਾਂ ਦੇ ਦਿਮਾਗ ਦੇ 40-42 ਸਾਲ ਪੁਰਾਣੇ ਕਵਾੜ ਖੋਲ ਦਿੱਤੇ। ਦੋਹਾਂ ਤੇ ਖੁਸ਼ੀ ਦਾ ਆਲਮ ਛਾ ਗਿਆ। ਮੈਂ ਆਪਣੇ ਪੁਰਾਣੇ ਵਿਦਿਆਰਥੀ ਗੁਰੀ ਪਾਸ ਠਹਿਰਿਆ ਹੋਇਆ ਸਾਂ। ਉਹ ਵੀ ਕੁਲਦੀਪ ਹੋਰਾਂ ਨੂੰ ਜਾਣਦੇ ਹੀ ਸਨ। ਉਹਨਾਂ ਨੇ ਹੀ ਮੈਨੂੰ ਕੁਲਦੀਪ ਹੋਰਾਂ ਦਾ ਫੋਨ ਨੰਬਰ ਮਿਲਾ ਕੇ ਦਿੱਤਾ ਸੀ। ਕੁਲਦੀਪ ਨੇ ਮੈਨੂੰ, ਮੇਰੀ ਘਰਵਾਲੀ ਨੂੰ, ਗੁਰੀ ਨੂੰ ਅਤੇ ਉਸਦੀ ਘਰਵਾਲੀ ਨੂੰ ਸਾਰਿਆਂ ਨੂੰ ਡਾਊਨ ਟਾਊਨ ਇੱਕ ਰੈਸਟੋਰੈਂਟ ਤੇ ਪਹੁੰਚਣ ਦੀ ਤਾਕੀਦ ਕਰ ਦਿੱਤੀ। ਇਸ ਰੈਸਟੋਰੈਂਟ ਤੇ ਸਪੈਸ਼ਲ ਡਿਨਰ ਦਾ ਪ੍ਰਬੰਧ ਕੀਤਾ ਗਿਆ ਸੀ। ਜਸ਼ਨ ਤਕਰੀਬਨ 42 ਸਾਲ ਬਾਅਦ ਹੋ ਰਿਹਾ ਸੀ। ਪਿਛਲੀ ਜ਼ਿੰਦਗੀ ਦੀਆਂ ਯਾਦਾਂ ਤਾਜ਼ਾ ਹੋ ਰਹੀਆਂ ਸਨ। ਕੁਲਦੀਪ ਤੇ ਪਾਲਾਂ ਦੇ ਦੋਨੋਂ ਬੱਚੇ ਯੂਨੀਵਰਸਿਟੀ ਦੀਆਂ ਡਿਗਰੀਆਂ ਕਰ ਚੁੱਕੇ ਸਨ। ਨੌਕਰੀਆਂ ਤੇ ਲੱਗ ਚੁੱਕੇ ਸਨ। ਲੜਕੀ ਵਿਆਹ ਹੋ ਗਈ ਸੀ ਤੇ ਲੜਕਾ ਅਜੇ ਵਿਆਹ ਹੋਣ ਵਾਲਾ ਸੀ।

“ਸਰ ਜੀ, ਹੁਣ ਤੁਸੀਂ ਆਏ ਕਿੱਥੋਂ ਹੋ? ਪੰਜਾਬ ਵਿੱਚੋਂ ਤਾਂ ਰਿਟਾਇਰ ਹੋ ਚੁੱਕੇ ਹੋਵੋਗੇ? ਪਰਿਵਾਰ ਦਾ ਕੀ ਹਾਲ ਏ? ਬੱਚੇ ਕੀ ਕਰਦੇ ਹਨ? ਕੀ ਮੈਡਮ ਵੀ ਨੌਕਰੀ ਕਰਦੇ ਸੀ? ਅਸੀਂ 40-42 ਸਾਲ ਤੁਹਾਡੇ ਨਾਲ ਰਾਬਤਾ ਹੀ ਕਾਇਮ ਨਹੀਂ ਕਰ ਸਕੇ। ਨਾਲੇ ਅਸੀਂ ਸੋਚਦੇ ਹੁੰਦੇ ਸੀ ਕਿ ਤੁਸੀਂ ਵੱਡੇ ਹੋ ਅਸੀਂ ਛੋਟੇ ਹਾਂ। ਤੁਸੀਂ ਪ੍ਰੋਫੈਸਰ ਹੋ ਤੇ ਅਸੀਂ ਇੱਧਰ ਮਜ਼ਦੂਰ ਹਾਂ। ਨਾ ਹੀ ਕਿਸੇ ਹੋਰ ਗਰਾਈਂ ਨੇ ਸਾਨੂੰ ਤੁਹਾਡੇ ਬਾਰੇ ਕਦੀ ਯਾਦ ਕਰਵਾਇਆ ਸੀ। ਸਿਹਤ ਤਾਂ ਤੁਹਾਡੀ ਅਜੇ ਵੀ ਸੋਹਣੀ ਏ”, ਕੁਲਦੀਪ ਸਾਡੇ ਨਾਲ ਬੋਲਦਾ ਗਿਆ। ਪਾਲਾਂ ਬਹਿਰਿਆਂ ਨੂੰ ਤਰਾਂ ਤਰਾਂ ਦੇ ਆਰਡਰ ਕਰ ਰਹੀ ਸੀ।

“ਕੁਲਦੀਪ ਅਸੀਂ ਪੰਜਾਬ ਚੋਂ ਨਹੀਂ ਆ ਰਹੇ। ਅਸੀਂ ਸਿਡਨੀ ਰਹਿੰਦੇ ਹਾਂ। ਪੰਜਾਬ ਤੋਂ 25 ਕੁ ਸਾਲ ਪੜ੍ਹਾ ਕੇ ਮੈਂ ਪਰਿਵਾਰ ਸਮੇਤ ਸਿਡਨੀ ਚਲਾ ਗਿਆ ਸੀ। ਉਦੋਂ ਲੜਕੀ ਦੀ ਉੱਚ ਸਿੱਖਿਆ ਦਾ ਸਮਾਂ ਸੀ। ਮੈਂ ਕਾਫੀ ਲੇਟ ਅਰਜੀ ਭੇਜੀ। ਫਿਰ ਵੀ ਮੇਰਾ ਪਰਿਵਾਰ ਸਮੇਤ ਉੱਧਰ ਜਾਣ ਦਾ ਕੰਮ ਬਣ ਗਿਆ ਸੀ। ਮੇਰੀ ਅੰਗਰੇਜੀ ਵਿੱਚ ਕੁਝ ਪ੍ਰਕਾਸ਼ਿਤ ਸਮਗਰੀ ਵੀ ਸੀ। ਖਾਸ ਕਰਕੇ ਚੰਡੀਗੜ੍ਹ ਤੋਂ ਟ੍ਰਿਬਿਊਨ ਵਿੱਚ ਤੇ ਹੈਦਰਾਬਾਦ ਤੋਂ ਵਿਪੁਲਾ ਵਿੱਚ। ਇਹ ਅੱਸੀਵਿਆਂ ਦੀ ਗੱਲ ਏ। ਦਿੱਲੀ ਅੰਬੈਸੀ ਨੇ ਮੇਰਾ ਕੇਸ ਆਨ ਸ਼ੋਰ ਵੀਜ਼ਾ ਪ੍ਰੋਸੈਸਿੰਗ ਦਫਤਰ ਐਡੀਲੇਡ (On Shore Visa Processing Office Adelaide) ਭੇਜ ਦਿੱਤਾ ਸੀ। ਉਥੋਂ ਇਹ ਇੱਕ ਸਾਲ ਵਿੱਚ ਹੀ ਨੇਪਰੇ ਚੜ੍ਹ ਗਿਆ ਸੀ। ਸਿਡਨੀ ਜਾ ਕੇ ਮੈਂ ਹੋਰ ਪੜ੍ਹਾਈ ਵੀ ਕੀਤੀ ਸੀ। ਜਿਸਦੇ ਆਧਾਰ ਤੇ ਉੱਥੇ ਮੈਂ ਕੁਝ ਸਾਲ ਪੜ੍ਹਾਇਆ ਵੀ ਸੀ।”

“ਸੱਚੀ?”

“ਹਾਂ, ਮੈਂ ਛੇ ਸਾਲ ਪੜ੍ਹਾਇਆ। ਹਾਈ ਸਕੂਲਾਂ ਵਿੱਚ ਅੰਗਰੇਜ਼ੀ ਤੇ ਇਤਿਹਾਸ।”

“ਸਰ, ਇਹ ਦੇਸ਼ ਤਾਂ ਭਾਰਤ ਜਿਹੇ ਨਾ ਅੰਗਰੇਜ਼ੀ ਬੋਲਣ ਵਾਲੇ ਦੇਸ਼ਾਂ ਦੀ ਪੜ੍ਹਾਈ ਨੂੰ ਨੌਕਰੀ ਲਈ ਚੁਣਦੇ ਹੀ ਨਹੀਂ। ਹਾਂ, ਉਸ ਪੜ੍ਹਾਈ ਦੇ ਅਧਾਰ ਤੇ ਅੱਗੇ ਉੱਚ ਪੜ੍ਹਾਈ ਕਰਨ ਲਈ ਕੋਰਸਾਂ ਵਿੱਚ ਦਾਖਲਾ ਜਰੂਰ ਦੇ ਦਿੰਦੇ ਹਨ। ਇਹਦਾ ਮਤਲਬ ਇਹ ਕਿ ਤੁਸੀਂ ਵੀ ਸਿਡਨੀ ਜਾ ਕੇ ਅੱਗੇ ਕੋਈ ਕੋਰਸ ਕੀਤਾ ਹੋਊ।”

“ਮੈਂ ਸੈਕੰਡਰੀ ਲੈਵਲ ਤੱਕ ਪੜ੍ਹਾਉਣ ਲਈ ਗ੍ਰੈਜੂਏਟ ਡਿਪਲੋਮਾ ਇਨ ਐਜੂਕੇਸ਼ਨ ਕੀਤਾ ਸੀ। ਉਥੇ ਦੋ ਪ੍ਰਕਾਰ ਦੇ ਸਕੂਲ ਹਨ। ਇੱਕ ਸਰਕਾਰੀ ਜਿਹੜੇ ਸੱਤਵੀਂ ਤੋਂ ਬਾਰਵੀਂ ਜਮਾਤ ਤੱਕ ਹਨ। ਇਹਨਾਂ ਨੂੰ ਸਕੂਲ ਕਿਹਾ ਜਾਂਦਾ ਏ। ਦੂਜੇ ਵੀ ਸੱਤਵੀਂ ਤੋਂ ਬਾਰਵੀਂ ਤੱਕ ਹੀ ਹਨ। ਪ੍ਰਾਈਵੇਟ ਹਨ। ਇਹਨਾਂ ਨੇ ਆਪਣੇ ਨਾਮ ਨਾਲ ਕਾਲਜ ਲਗਾਇਆ ਹੋਇਆ ਏ। ਅਧਿਆਪਕ ਸਭ ਦੇ ਇੱਕੋ ਜਿਹੇ ਯੋਗ ਹਨ। ਤਨਖਾਹਾਂ ਵੀ ਇੱਕੋ ਜਿਹੀਆਂ ਹਨ। ਮੈਂ ਛੇ ਸਾਲ ਸਿਡਨੀ ਵਿੱਚ ਵੀ ਅੰਗਰੇਜ਼ੀ ਤੇ ਇਤਿਹਾਸ ਇਹਨਾਂ ਸੰਸਥਾਵਾਂ ਵਿੱਚ ਪੜ੍ਹਾਏ।”

“ਅੰਗਰੇਜ਼ੀ, ਉਹ ਵੀ ਗੋਰਿਆਂ ਨੂੰ?” ਕੁਲਦੀਪ ਸੋਚ ਕੇ ਹੈਰਾਨ ਹੋ ਰਿਹਾ ਸੀ।

“ਉਏ ਕੁਲਦੀਪ, ਗੋਰੇ ਬੱਚੇ ਤਾਂ ਆਪਣੀ ਮਾਤਰੀ ਭਾਸ਼ਾ ਵਿੱਚ ਗਲਤੀਆਂ ਹੀ ਬਹੁਤ ਕਰਦੇ ਨੇ। ਉਹ ਵਿਆਕਰਣ ਨੂੰ ਇਵੇਂ ਲੈਂਦੇ ਹਨ ਜਿਵੇਂ ਸਾਡੇ ਬੱਚੇ ਪੰਜਾਬ ਵਿੱਚ ਪੰਜਾਬੀ ਦੀ ਵਿਆਕਰਣ ਨੂੰ ਲੈਂਦੇ ਹਨ। ਅਗਰ ਭਾਰਤੀ ਆਪਣਾ ਲਹਿਜਾ ਮਾੜਾ ਜਿਹਾ ਠੀਕ ਕਰ ਲੈਣ, ਉਹਨਾਂ ਜਿੰਨਾ ਵਧੀਆ ਤਾਂ ਗੋਰੇ ਵੀ ਨਹੀਂ ਪੜ੍ਹਾ ਸਕਦੇ। ਥੋੜ੍ਹੀ ਜਿਹੀ ਗੱਲ ਸਿਰਫ ਲਹਿਜੇ, ਚੀਜ਼ਾਂ ਦੇ ਸਥਾਨਕ ਪ੍ਰਗਟਾਵਿਆਂ (Slangs) ਤੇ ਸਥਾਨਕ ਬੋਲੀ ਦੇ ਚੰਦ ਸ਼ਬਦਾਂ (dialects) ਦੀ ਹੁੰਦੀ ਏ। ਜਮਾਤ ਦਾ ਸਾਹਮਣਾ ਕਰਨ ਦਾ ਡਰ ਤਾਂ ਸਾਡਾ ਖਤਮ ਹੀ ਹੋ ਚੁੱਕਾ ਹੁੰਦਾ ਏ। ਜਿਹੜਾ ਬੰਦਾ ਪੰਜਾਬ ‘ਚ ਕਾਲਜਾਂ ਵਿੱਚ 25 ਸਾਲ ਠੁੱਕ ਨਾਲ ਪੜ੍ਹਾ ਗਿਆ ਉਹਦੇ ਲਈ ਗੋਰਿਆਂ ਦੇ ਦੇਸ਼ ਵਿੱਚ ਅੱਠਵੀਂ ਦਸਵੀਂ ਨੂੰ ਪੜ੍ਹਾਉਣਾ ਕੀ ਔਖਾ ਏ? ਹਾਂ, ਇੱਕ ਹੋਰ ਮਸਲਾ ਜਰੂਰ ਬਣਦਾ ਹੁੰਦਾ ਏ।”

“ਉਹ ਕੀ?”

“ਵਿਕਸਿਤ ਦੇਸ਼ਾਂ ਵਿੱਚ ਕਲਾਸ ਰੂਮ ਟੈਕਨੋਲੌਜੀ ਜਰੂਰ ਥੋੜ੍ਹੀ ਉੱਚੇ ਦਰਜੇ ਦੀ ਹੁੰਦੀ ਏ। ਬੰਦੇ ਨੂੰ ਓਵਰਹੈਡ ਪ੍ਰਾਜੈਕਟਰ ਚਲਾਉਣਾ ਆਉਣਾ ਚਾਹੀਦਾ ਏ। ਅਧਿਆਪਕ ਨੂੰ ਵੀਡੀਓ ਬਣਾਉਣੀ ਤੇ ਵਰਤਣੀ ਆਉਣੀ ਚਾਹੀਦੀ ਏ। ਅਧਿਆਪਕ ਨੂੰ ਕੁਝ ਕੰਪਿਊਟਰ ਦਾ ਗਿਆਨ ਵੀ ਹੋਣਾ ਚਾਹੀਦਾ ਏ। ਇਹ ਸਭ ਕੁਝ ਮੈਂ ਜਾ ਕੇ ਸਿੱਖ ਲਿਆ ਸੀ। ਡਿਪਲੋਮਾ ਕਰਦੇ ਵੀ ਇਸ ਦੀ ਕੁਝ ਮੁਹਾਰਤ ਹੋ ਗਈ ਸੀ। ਹੁਣ ਆਰਾਮ ਨਾਲ ਪੈਨਸ਼ਨ ਲੈਂਦੇ ਹਾਂ।”

“ਭਾਜੀ ਪੈਨਸ਼ਨ ਤਾਂ ਤੁਹਾਨੂੰ ਪੰਜਾਬ ਦੀ ਵੀ ਮਿਲਦੀ ਹੋਊ?”

“ਕੁਲਦੀਪ, ਪੰਜਾਬ ਦੇ ਪ੍ਰਾਈਵੇਟ ਕਾਲਜਾਂ ਵਿੱਚ ਪੈਨਸ਼ਨ ਸਕੀਮ ਨਹੀਂ ਏ। ਇਹ ਸਿਰਫ ਸਰਕਾਰੀ ਕਾਲਜਾਂ ਵਿੱਚ ਹੀ ਏ। ਘਰਵਾਲੀ ਨੂੰ ਸਕੂਲ ਦੀ ਜਰੂਰ ਮਿਲਦੀ ਏ। ਮੈਨੂੰ ਫੰਡ ਇਕੱਠਾ ਹੀ ਮਿਲ ਗਿਆ ਸੀ।”

ਮੈਂ, ਕੁਲਦੀਪ ਤੇ ਗੁਰੀ ਨੇ ਦੋ ਦੋ ਡਰਿੰਕਾਂ ਲਈਆਂ। ਪਾਲਾਂ ਤੇ ਗੁਰੀ ਦੇ ਘਰਵਾਲੀ ਪ੍ਰੀਤ ਸਾਡੇ ਡਿਨਰ ਨੂੰ ਵਧੀਆ ਤੋਂ ਵਧੀਆ ਬਣਾਉਣ ਵਿੱਚ ਧਿਆਨ ਦੇ ਰਹੀਆਂ ਸਨ। ਮੈਥੋਂ ਉਹਨਾ ਨੂੰ ਕਹਿ ਹੋ ਗਿਆ, “ਭੈਣ ਜੀ, ਤੁਸੀਂ ਵੀ ਆ ਜਾਓ। ਤੁਸੀਂ ਤਾਂ ਅੱਜ ਸਾਡੀ ਆਓ ਭਗਤ ਕਰਨ ਲਈ ਬੜੀ ਮਿਹਨਤ ਕੀਤੀ ਏ। ਅਸੀਂ ਤੁਹਾਡਾ ਧੰਨਵਾਦ ਕਿਵੇਂ ਕਰੀਏ? ਤੁਸੀਂ ਬੱਚਿਆਂ ਬਾਰੇ ਦੱਸੋ ਕੀ ਕਰਦੇ ਨੇ।”

“ਇਹਨਾਂ ਨੂੰ ਪੁੱਛੋ। ਇਹ ਤੁਹਾਨੂੰ ਜ਼ਿਆਦਾ ਚੰਗੀ ਤਰ੍ਹਾਂ ਦੱਸ ਦੇਣਗੇ। ਇਹਨਾਂ ਨੂੰ ਹੀ ਪੁੱਛੋ”, ਪਾਲਾਂ ਬੋਲੀ। ਪਾਲਾਂ ਨੇ ਇਹ ਸ਼ਬਦ ਸ਼ੁਰੂ ਵਿੱਚ ਵੀ ਬੋਲੇ ਸਨ ਜਦ ਉਸਨੇ ਮੇਰਾ ਫੋਨ ਕੁਲਦੀਪ ਨੂੰ ਦਿੱਤਾ ਸੀ। ‘ਇਹਨਾਂ ਨੂੰ ਪੁੱਛੋ’, ‘ਇਹਨਾਂ ਨੂੰ ਪੁੱਛੋ’– ਇਹ ਸ਼ਬਦ ਮੇਰੇ ਦਿਲੋ ਦਿਮਾਗ ਵਿੱਚ ਛਾਏ ਪਏ ਸਨ। ਇਹਨਾਂ ਸ਼ਬਦਾਂ ਨੇ ਮੈਨੂੰ 42 ਸਾਲ ਪਹਿਲਾਂ ਦਾ ਮੇਰਾ ਬੁਲੱਟ ਮੋਟਰਸਾਈਕਲ ਯਾਦ ਕਰਵਾ ਦਿੱਤਾ। ਪਾਲਾਂ ਦੇ ਦਿਮਾਗ ’ਤੇ ਉਹ ਮੋਟਰਸਾਈਕਲ ਵੀ ਤੇ ਮੈਂ ਮੋਟਰਸਾਈਕਲ ਵਾਲਾ ਵੀ ਹਾਵੀ ਸਾਂ ਜਿਨ੍ਹਾਂ ਨੇ ਉਸਦੇ ਬਾਪ ਨੂੰ, ਉਸਨੂੰ, ਤੇ ਕੁਲਦੀਪ ਨੂੰ ਲੱਭਣ ਵਿੱਚ ਮਦਦ ਕੀਤੀ ਸੀ।

ਫਿਰ ਅਸੀਂ ਨਸ਼ੇ ਦੀ ਮਾੜੀ ਮਾੜੀ ਲੋਰ ਵਿੱਚ ਆ ਕੇ ਹੋਰ ਗੱਲਾਂ ਵਿੱਚ ਰੁੱਝ ਗਏ। ਮੈਨੂੰ ਇਸ ਜੋੜੇ ਦਾ ਆਪਸ ਵਿੱਚ ਮੇਲ ਕਰਵਾਉਣ ਹਿੱਤ ਮਦਦ ਕਰਨ ਲਈ 42 ਸਾਲ ਬਾਅਦ ਵਿਦੇਸ਼ ਵਿੱਚ ਆ ਕੇ ਮਿਲਣ ਵਾਲੀ ਇਹ ਅਚਨਚੇਤ ਪਾਰਟੀ ਸੀ। ਡਿਨਰ ਕਰਨ ਤੋਂ ਬਾਅਦ ਪਾਲਾਂ ਕਾਰ ਡਰਾਈਵ ਕਰਕੇ ਸਾਨੂੰ ਸਾਡੀ ਰਿਹਾਇਸ਼ ਤੇ (ਗੁਰੀ ਹੋਰਾਂ ਦੇ ਘਰ) ਛੱਡ ਕੇ ਕੁਲਦੀਪ ਨਾਲ ਆਪਣੇ ਘਰ ਚਲੀ ਗਈ। ਵੈਸੇ ਉਹਨਾਂ ਨੇ ਸਾਨੂੰ ਕੁੱਝ ਦਿਨ ਆਪਣੇ ਪਾਸ ਰੱਖਣ ਦਾ ਇਸ਼ਾਰਾ ਵੀ ਕੀਤਾ। ਇਸ ਇਸ਼ਾਰੇ ਦੇ ਜਵਾਬ ਵਿੱਚ ਮੇਰੀ ਜਨਾਨੀ ਨੇ ਉਹਨਾਂ ਨੂੰ ਕਿਹਾ, “ਇਹ ਫੈਸਲਾ ਮੇਰੇ ਹੱਥ ਵੱਸ ਨਹੀਂ। ਇਹ ਇਹਨਾਂ ਨੂੰ ਪੁੱਛੋ।”

ਮੈਂ ਕਿਹਾ, “ਮੈਂ ਸੋਚ ਕੇ ਸੋਫੀ ਹਾਲਤ ਵਿੱਚ ਦੱਸਾਂਗਾ।”

***
ਅਵਤਾਰ ਐਸ. ਸੰਘਾ
(ਸਿਡਨੀ ਆਸਟਰੇਲੀਆ)
ਫੋਨ ਨੰਬਰ:- +61 437 641 033

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1476
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →