ਉਹ ਖੋਜ ਅਤੇ ਸਾਹਿਤ ਵਿੱਚ ਕਾਰਜ ਵਾਲਾ ਅਣਥੱਕ ਯੋਧਾ ਹੋ ਨਿੱਬੜੇ। ਕਵੀ ਦੇ ਤੌਰ ਤੇ ਉਹ ਮਨੁੱਖਤਾਵਾਦੀ ਸਨ ਅਤੇ ਆਪਣੀ ਆਤਮਾ ਵਿੱਚ ਆਮ ਲੁਕਾਈ ਲਈ ਅਥਾਹ ਪਿਆਰ ਰਖਣ ਵਾਲ਼ਾ ਸ਼ਾਇਰ ਸਾਬਤ ਹੋਏ। ਮੂਲ ਰੂਪ ਵਿਚ ਉਹ ਬਿਰਹੋਂ ਦੇ ਸ਼ਾਇਰ ਹਨ ਪਰ ਆਪਣੇ ਇਸ ਦੁੱਖ ਨੂੰ ਸਮੇਟ ਕੇ ਉਹਨਾਂ ਨੇ ਉਸਾਰੂ ਸਾਹਿਤ ਲਈ ਬਹੁਤ ਮਿਹਨਤ ਨਾਲ਼ ਕਾਰਜ ਕੀਤੇ ਹਨ, ਉਹ ਕਿਹਾ ਕਰਦੇ ਸਨ ਕਿ ਅਸਲ ਸਾਹਿਤ ਦਾ ਮੁੱਲ ਤਾਂ ਸੌ ਸਾਲ ਬਾਅਦ ਪੈਂਦਾ ਹੈ। ਚਲੰਤ ਲਿਖਣ ਵਾਲੇ ਕੁਝ ਵਕਤ ਲੋਕ-ਮਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ ਪਰ ਲੰਮੀ ਛਾਪ ਨਹੀ ਛਡ ਸਕਦੇ। ਆਉਣ ਵਾਲੀਆਂ ਪੀੜੀਆਂ ਆਪਣੇ ਆਪ ਨਿਤਾਰਾ ਕਰ ਲੈਂਦੀਆ ਹਨ। ਉਦੋਂ ਉਹ ਕਾਕਾ ਆਤਮਾ ਸਿੰਘ ਪੰਛੀ ਦੇ ਨਾਮ ਉੱਤੇ ਲਿਖਦੇ ਸਨ, ਪੰਜਵੀਂ ਕਲਾਸ ਵਿੱਚ ਪੜ੍ਹਦਿਆਂ ਉਨਾਂ ਨੇ ਗੁਰੂ ਨਾਨਕ ਦੇਵ ਜੀ ਬਾਰੇ ਪਹਿਲੀ ਵਾਰ ਕਵਿਤਾ ਲਿੱਖ ਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਸੀ। ਉਹ ਆਪਣੇ ਹਾਣ ਦੇ ਬਚਿਆਂ ਵਿੱਚ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਅਤੇ ਛੋਹਲੇ ਸਨ। ਉਹ ਇੰਜੀਨੀਅਰ ਬਣਨਾ ਚਾਹੁੰਦ ਸਨ ਅਤੇ ਮਕਸਦ ਦੀ ਪੂਰਤੀ ਲਈ ਉਹ ਯੂ ਪੀ ਵਿਖੇ ਸਥਿਤ ਅਲੀਗੜ੍ਹ ਯੂਨੀਵਰਿਸਟੀ ਪੜ੍ਹਾਈ ਕਰਨ ਲਈ ਗਏ। ਬਦਿਕਸਮਤੀ ਨਾਲ਼ ਉਨਾਂ ਦਿਨਾਂ ਵਿੱਚ ਉਨ੍ਹਾਂ ਦੇ ਪਿਤਾ ਮਿਸਤਰੀ ਸ. ਉਜਾਗਰ ਸਿੰਘ ਸੈਂਹਬੀ ਜੋ ਮੋਗੇ ਵਿੱਚ ਟਰਕ ਬਾਡੀ ਬਿਲਡਰਾਂ ਦੇ ਮੋਢੀ ਅਤੇ ਬਾਅਦ ਵਿੱਚ ਉਸਤਾਦ ਬਣੇ। ਸਾਡੇ ਦਾਦਾ ਜੀ, ਤਿੰਨ ਭਰਾਵਾਂ ਵਿੱਚੋਂ ਸਭ ਤੋਂ ਵੱਡੇ ਸ. ਉਜਾਗਰ ਸਿੰਘ ਦੀ ਸਜੀ ਬਾਂਹ ਟੁੱਟ ਜਾਣ ਕਾਰਣ ਪਰਿਵਾਰ ਉੱਪਰ ਆਰਿਥਕ ਮੰਦੀ ਦਾ ਪਹਾੜ ਟੁੱਟ ਪਿਆ ਸੀ। ਸਮੇਂ ਸਿਰ ਫ਼ੀਸ ਜੋਗੇ ਪੈਸੇ ਨਾ ਪੁੱਜਣ ਕਾਰਣ ਡਾ. ਆਤਮ ਹਮਰਾਹੀ ਜੀ ਨੂੰ ਇੰਜੀਨੀਅਰਿੰਗ ਦੀ ਪੜ੍ਹਾਈ ਛਡ ਕੇ ਅਲੀਗੜ੍ਹ ਯੂਨੀਵਰਿਸਟੀ ਤੋਂ ਵਾਪਸ ਮੁੜਨਾ ਪਿਆ ਸੀ, ਹਾਲਾਂਕਿ ਜੱਦੀ ਜ਼ਮੀਨ ਵਿੱਚ ਉਗਾਏ ਜਾਂਦੀ ਫ਼ਸਲ ਵਿੱਚੋਂ ਕਮਾਈ ਆਉਂਦੀ ਸੀ ਪਰ ਸ਼ਰੀਕੇਬਾਜ਼ੀ ਕਾਰਣ ਉਨਾਂ ਨੇ ਇਸ ਗੱਲ ਦਾ ਨਤੀਜਾ ਭੁਗਿਤਆ। ਕੁਝ ਦੇਰ ਦਿੱਲੀ ਕਿਸ ਡਰਾਈਕਲੀਨਰ ਦੀ ਦੁਕਾਨ ਉੱਤੇ ਕੰਮ ਕੀਤਾ ਅਤੇ ਫ਼ੇਰ ਪੰਜਾਬ ਵਾਪਸ ਆ ਗਏ। ਉਹ ਅਕਸਰ ਆਖਿਆ ਕਰਦੇ, ”ਮੈਂ ਅਨਟਰੇਂਡ ਅਧਿਆਪਕ ਲਗਣ ਤੋਂ ਬਾਅਦ ਜੇ. ਬੀ ਟੀ ਤੋਂ ਪੀ. ਐੱਚ. ਡੀ ਤੱਕ ਦੀ ਸਾਰੀ ਪੜ੍ਹਾਈ ਪ੍ਰਾਈਵੇਟ ਕਰ ਕੇ ਇਥੋਂ ਤੱਕ ਪੁਜਿਆ ਹਾਂ”। ਅਸਲ ਵਿੱਚ ਖੜੋਤ ਉਨਾਂ ਦੀ ਹੋਂਦ ਦਾ ਹਿੱਸਾ ਹੀ ਨਹੀਂ ਸੀ। ਉਨ੍ਹਾਂ ਦੇ ਕੰਮਾਂ ਦੀ ਗਿਣਤੀ ਕਰਨੀ ਸੌਖੀ ਨਹੀਂ। ਡਾ. ਆਤਮ ਹਮਰਾਹੀ ਜੀ ਦਾ ਜਨਮ 9 ਫ਼ਰਵਰੀ 1936 ਨੂੰ ਉਨ੍ਹਾਂ ਦੇ ਨਾਨਕੇ ਪਿੰਡ ਰਟੌਲ ਬੇਟ ਤਿਹਸੀਲ ਜ਼ੀਰਾ ਵਿਖੇ ਹੋਇਆ। ਜੱਦੀ ਪਿੰਡ ਪੱਤੀ ਦੁੰਨੇ ਕੀ ਦੇ ਵਸਨੀਕ ਡਾ. ਆਤਮ ਹਮਰਾਹੀ ਦੀ ਮਾਤਾ ਦਾ ਨਾਮ ਸ਼੍ਰੀਮਤੀ ਰਾਮ ਕੌਰ ਉਰਫ਼ ਰੱਖੋ ਸੀ। ਉਹ ਬਾਹੜਾ ਗੋਤ ਦੀ ਧੀ ਅਤੇ ਜ਼ੀਰੇ ਦੇ ਸੱਗੂ ਕਾਰੀਗਰਾਂ ਦੀ ਦੋਹਤੀ ਸੀ। ਜ਼ੀਰੇ ਦੇ ਜੈਨੀਆਂ ਦੀਆਂ ਬੇਮਿਸਾਲ ਕਾਰੀਗਰੀ ਵਾਲੀਆਂ ਅਜ ਵੀ ਮੌਜੂਦ ਹਨ। ਸ, ਸ਼ਿਲਪ ਦਾ ਇਹ ਹੁਨਰ ਉਹਨਾਂ ਨਾਨੀ ਦੇ ਬਾਪ ਤੋਂ ਪਾਇਆ ਜੋ ਸਾਹਿਤ ਸੇਵਾ ਦ ਕੰਮ ਆਇਆ। ਆਪਣੇ ਤਾਇਆ ਜੀ ਸ. ਕਰਤਾਰ ਸਿੰਘ ਬਾਰੇ ਆਪਣੀ ਲੰਮੀ ਕਵਿਤਾ “ਅਟਣਾਂ ਦੀ ਗਾਥਾ” ਵਿੱਚ ਉਹ ਲਿਖਦੇ ਹਨ, “ਮੈਂ ਤਾਂ ਕਰਤਾਰ ਲੌਹਾਰ ਦਾ ਭਤੀਜਾ ਹਾਂ ਡਾ. ਆਤਮ ਹਮਰਾਹੀ ਇਕ ਸੰਸਥਾ ਸਨ, ਇਕ ਵਿਦਿਆਲਾ ਸਨ, ਜਿਹੜੇ ਕੰਮ-ਕਾਜ ਉਸ ਸਮੇਂ ਯੂਨੀਵਰਿਸਟੀਆਂ ਵਿੱਚ ਬੈਠੇ ਲੋਕ ਨਹੀਂ ਕਰ ਸਕਦੇ ਸਨ, ਉਹ ਰੁਕੇ ਹੋਏ ਡਾ. ਆਤਮ ਲਿਆਕਤ ਦੇ ਦਮ ਤੇ ਕਰਦੇ ਸਨ, ਥੱਕੇ ਹਾਰੇ ਲੋਕ ਉਹਨਾਂ ਦੀ ਸ਼ਰਨ ਆਉਂਦੇ ਸਨ …। ਡਾ. ਆਤਮ ਹਮਰਾਹੀ ਅੰਦਰ ਸ਼ੁੱਧ ਅਤੇ ਸੱਚੀ ਆਤਮਾ ਸੀ, ਨਿਰਾ ਕੁੰਦਨ ਪਰ ਉਹ ਆਸਾਧਾਰਣ ਬੁੱਧੀ ਦੇ ਮਾਲਕ ਸਨ, ਅੰਦਰੋ ਰੱਬ ਨਾਲ਼ ਜੁੜ ਹੋਏ ਸਨ, ਬਾਹਰ ਨੂੰ ਨਾ ਦੇਖੋ, ਦੇਖੋ ਕਿ ਕਿਸੇ ਬੰਦੇ ਦੇ ਅੰਦਰ ਕੀ ਹੈ….? ਬਾਹਰੋਂ ਤਾਂ ਬੰਦੇ ਨੇ ਬੇਦਰੇਗ਼ ਜ਼ਮਾਨੇ ਨਾਲ਼ ਭਿੜਨਾ ਹੁੰਦੈ….! ਡਾ. ਆਤਮ ਹਮਰਾਹੀ ਨੇ 35 ਤੋਂ ਵੱਧ ਹੀ ਕਿਤਾਬਾਂ ਲਿਖੀਆ ਹਨ। ਐੱਮ .ਏ. ਵਿੱਚ ਉਨ੍ਹਾਂ ਨੇ “ਸਾਧੂ ਦਇਆ ਸਿੰਘ ਆਰਿਫ “ਜੀ ਬਾਰੇ ਖੋਜ ਕਾਰਜ ਕੀਤਾ। ਪੀ. ਐੱਚ ਡੀ ਵਿੱਚ “ਜ਼ਿਲ੍ਹਾ ਫ਼ਿਰੋਜ਼ਪੁਰ ਦੀ ਪੰਜਾਬੀ ਭਾਸ਼ਾ ਅਤੇ ਦੇਣ“ ਦੇ ਵਿਸ਼ੇ ਉੱਤੇ ਸਾਢੇ ਤਿੰਨ ਸੌ ਸਾਹਿਤਕਾਰਾਂ ਤੇ ਖੋਜ ਦਾ ਕੰਮ ਕੀਤਾ, ਜਿਨ੍ਹਾਂ ਵਿੱਚ ਬਾਬੂ ਰਜਬਅਲੀ ਜੀ ਬਾਰੇ ਉਨ੍ਹਾਂ ਦਾ ਵੱਡਮੁੱਲਾ ਕਾਰਜ ਹੈ। ਕਵਿਤਾ, ਗ਼ਜ਼ਲ ਅਤੇ ਕਾਵਿ-ਚਿੱਤਰਾਂ ਵਿੱਚ ਪਹਿਲਕਦਮੀਂ ਕਰਨ ਵਾਲ਼ੇ ਮੇਰ ਪਿਤਾ ਬਹੁਤ ਦਰਿਆ ਦਿਲ ਸਨ, ਬਾਰੀਕ ਬੁੱਧ ਦੇ ਮਾਲਕ ਸਨ। ਆਪਣੇ ਸਮਕਾਲੀ ਸਾਹਿਤਕਾਰਾਂ ਬਾਰੇ “ਬਾਵਨੀ“ ਲਿਖ ਕੇ ਉਹ “ਬਾਵਨੀਕਾਰ” ਵਜੋਂ ਮਸ਼ਹੂਰ ਹੋਏ। ਪੇਸ਼ੇ ਵਜੋਂ ਉਹ ਅਧਿਆਪਕ ਅਤੇ ਪ੍ਰਾਧਿਆਪਕ ਰਹੇ। ਆਖ਼ਰੀ ਅਠਾਰਾਂ ਸਾਲ ਉਨਾਂ ਨੇ ਸਤੀਸ਼ ਧਵਨ ਗੌਰਮਿੰਟ ਕਾਲਜ ਲੁਧਿਆਣਾ ਵਿਖੇ ਪੰਜਾਬੀ ਦੇ ਪ੍ਰਫ਼ੈਸਰ ਵਜੋਂ ਸੇਵਾ ਨਿਭਾਈ ਅਤੇ ਬਹੁਤ ਸਾਰੇ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਦੀ ਯੋਗ ਰਹਿਨੁਮਾਈ ਕੀਤੀ। ਸਾਡੇ ਪ੍ਰਧਾਨ ਡਾ. ਸਰਬਜੀਤ ਸਿੰਘ, ਡਾ. ਗੁਰਇਕਬਾਲ ਸਿੰਘ, ਡਾ. ਪਰਮਜੀਤ ਕੌਰ ਪਾਸੀ, ਡਾ. ਇਕਬਾਲ ਕੌਰ ਅਤੇ ਮੇਰੇ ਸਮੇਤ ਹੋਰ ਬਹੁਤ ਸਾਰੇ ਵਿਦਿਆਰਥੀ ਉਨ੍ਹਾਂ ਦੀ ਸ਼ਖਸੀਅਤ ਦੇ ਨੇੜੇ ਰਹੇ। ਵੀਰ ਜਨਮੇਜਾ ਜੌਹਲ ਨਾਲ਼ ਉਨ੍ਹਾਂ ਦਾ ਲੰਮਾ ਸਾਥ ਰਿਹਾ।
ਉਹਨਾਂ ਦਾ ਅਖ਼ੀਰਲਾ ਅਤੇ ਮੁੱਲਵਾਨ ਕਾਰਜ “ਸ਼ਾਹਨਾਮਾ ਪੰਜਾਬ” ਹੈ , ਜਿਸ ਵਿੱਚ ਉਨਾਂ ਨੇ ਪੰਜ ਹਜ਼ਾਰ ਪੁਰਾਣੇ ਪੰਜਾਬ ਦੀ ਗਾਥਾ ਛੋਹੀ ਸੀ। ਜ਼ਿਕਰਯੋਗ ਗੱਲ ਇਹ ਹੈ ਕਿ ਇਹ ਕੰਮ ਉਨ੍ਹਾਂ ਉਮਰ ਦੇ ਉਸ ਆਖ਼ਰੀ ਪੜਾਅ ਉੱਤੇ ਕੀਤਾ ਜਦ ਉਨ੍ਹਾਂ ਦੀਆਂ ਦੋਵੇਂ ਲੱਤਾਂ ਸ਼ੂਗਰ ਕਾਰਣ ਕਟੀਆਂ ਜਾ ਚੁੱਕੀਆਂ ਸਨ। ਮੈਂ ਕਿਸੇ ਨੂੰ ਉਸ ਔਖੀ ਘੜੀ ਬਾਰੇ ਦੋਸ਼ ਨਹੀਂ ਦੇਣਾ ਚਾਹੁੰਦੀ ਬਸ ਇਹ ਬੇਨਤੀ ਕਰਦੀ ਹਾਂ ਕਿ ਕੀ ਏਨੀ ਮਿਹਨਤ ਕਰਕੇ ਬੁਲੰਦੀ ਨਾਲ਼ ਜਿਉਣ ਵਾਲ਼ੇ ਅਜਿਹੇ ਜਿਉੜੇ ਲਈ ਕੁਝ ਸਾਰਿਥਕ ਕੀਤਾ ਜਾ ਸਕਦਾ ਹੈ…? ਉਹਨਾਂ ਦੇ ਆਖ਼ਰੀ ਵਰ੍ਹਿਆਂ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਸੰਭਾਲ਼ ਹੀ ਸੀ ਕਿ ਉਹ ਏਨੇ ਕਸ਼ਟ ਵਿੱਚ ਵੀ ਸੱਤ ਸਾਲ ਵਧੀਆ ਜਿਉਂ ਗਏ ਅਤੇ ਜਾਂਦੇ ਜਾਂਦੇ ਵੀ ਸਾਹਿਤ ਨੂੰ “ਰਹਿਮਤ“ ਨਾਂ ਦੀ ਪੁਸਤਕ ਨਾਲ਼ ਕੁਝ ਸਬਕ ਸਿਖਾ ਕੇ ਗਏ ਹਨ। ਉਸ ਰਹਿਮਤ ਲਈ ਅਪਾਰ ਸ਼ੁਕਰਾਨੇ। ਡਾ. ਆਤਮ ਹਮਰਾਹੀ ਕੇਵਲ ਮੇਰੇ ਪਿਤਾ ਹੀ ਨਹੀਂ ਮੇਰੇ ਗੁਰੂ ਵੀ ਸਨ, ਮੈਂ ਵੀ ਗੌਰਮਿੰਟ ਕਾਲਜ ਲੁਧਿਆਣਾ ਤੋਂ ਪੋਸਟ ਗ੍ਰੈਜੂਏਟ ਹਾਂ ਅਤੇ ਇਹ ਵੀ ਮੰਨਦੀ ਹਾਂ ਕਿ ਜਿਹੜੀ ਸਚੀ ਸਿੱਖਿਆ ਮੇਰੇ ਬਾਪ ਨੇ ਸਮੇਂ-ਸਮੇਂ ਮੈਨੂੰ ਦਿੱਤੀ ਉਸ ਕਰਕੇ ਮੈਂ ਆਪਣੀ ਸਾਹਿਤਕ ਯਾਤਰਾ ਕਰ ਪਾਈ ਹਾਂ। “ਡਾ. ਆਤਮ ਹਮਰਾਹੀ ਯਾਦਗਾਰੀ ਪੁਰਸਕਾਰ “ਦੇਣ ਦੀ ਜ਼ਿੰਮੇਵਾਰੀ ਮੇਰੇ ਕਰਮਾਂ ਦਾ ਹਿੱਸਾ ਅਤੇ ਮੇਰੀ ਸਾਹਿਤਕ ਜ਼ਿੰਮੇਵਾਰੀ ਹੈ। ਮੈਂ ਯਥਾਸੰਭਵ ਇਸ ਨੂੰ ਆਪਣੇ ਸਾਥੀਆਂ ਅਤੇ ਪਰਿਵਾਰ ਸਹਿਤ ਨਿਭਾਹੁਣ ਦੀ ਕੋਸ਼ਿਸ਼ ਵਿੱਚ ਹਾਂ। ਮੂਲ ਰੂਪ ਵਿੱਚ ਅਜ਼ੀਮ ਮਨੁੱਖਤਾ ਦੇ ਗੌਰਵ ਦੀ ਗਾਥਾ ਗਾਉਣ ਵਾਲੇ ਪਜਾਬੀ ਮਾਂ ਬੋਲੀ ਦੇ ਸੱਚੇ ਸਪੂਤ ਡਾ. ਆਤਮ ਹਮਰਾਹੀ 28 ਜੁਲਾਈ 2005 ਨੂੰ ਇਸ ਫ਼ਾਨੀ ਸੰਸਾਰ ਨੂੰ ਛੱਡ ਕੇ, ਇਕ ਭਰਪੂਰ ਅਤੇ ਸਾਰਥਿਕ ਜੀਵਨ ਜਿਉਂ ਕੇ ਚਲ ਗਏ। “ਚਿੰਤਨਸ਼ੀਲ ਸਾਹਿਤਧਾਰਾ ਸੰਸਥਾ” ਪਿਛਲੇ ਚਾਰ ਕੁ ਸਾਲਾਂ ਤੋਂ ਉਹਨਾਂ ਦੀ ਯਾਦ ਵਿੱਚ ਕੁਝ ਹਿਸਾ ਪਾ ਰਹੀ ਹੈ। ਬਸ! ….…! |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |