ਕੁਝ ਭੁੱਲਣ ਦੀ ਆਦਤ ਪਾ ਸੱਜਣਾ ਜ਼ਖ਼ਮਾਂ ਨੂੰ ਕੁਰੇਦਦਿਆਂ, ਜ਼ਿੰਦਗੀ ਵਿਚ ਉਤਾਰ ਚੜਾਅ ਅਤੇ ਚੰਗੇ ਮਾੜੇ ਦਿਨ ਤਾਂ ਆਉਂਦੇ ਹੀ ਰਹਿੰਦੇ ਹਨ। ਮਾੜੇ ਦਿਨਾਂ ਨੂੰ ਯਾਦ ਕਰ ਕੇ ਹਰ ਸਮੇਂ ਕਿਸਮਤ ਨੂੰ ਰੋਂਦੇ ਹੀ ਨਹੀਂ ਰਹਿਣਾ ਚਾਹੀਦਾ। ਜੇ ਤੁਹਾਡੇ ਚੰਗੇ ਦਿਨ ਨਹੀਂ ਰਹੇ ਤਾਂ ਮਾੜੇ ਦਿਨ ਵੀ ਸਦਾ ਨਹੀਂ ਰਹਿਣ ਵਾਲੇ। ਹੋ ਸਕਦਾ ਹੈ ਤੁਹਾਡੀ ਕਿਸਮਤ ਵਿਚ ਲਿਖਿਆ ਹੋਵੇ ਕਿ ਮਿਹਨਤ ਅਤੇ ਹੌਸਲੇ ਨਾਲ ਹੀ ਚੰਗੇ ਦਿਨ ਆਉਣਗੇ। ਪੰਜਾਬ ਦਾ ਉੱਡਣਾ ਸਿੱਖ ‘ਮਿਲਖਾ ਸਿੰਘ’ ਆਪਣੀ ਜੀਵਨੀ ਵਿਚ ਇਕ ਥਾਂ ਲਿਖਦਾ ਹੈ ਕਿ ਜੋ ਬੰਦਾ ਦੌੜ ਵਿਚ ਸਭ ਤੋਂ ਅੱਗੇ ਹੁੰਦਾ ਹੈ ਉਸ ਦਾ ਧਿਆਨ ਬਾਰ ਬਾਰ ਆਪਣੇ ਪਿੱਛੇ ਜਾਂਦਾ ਹੈ। ਉਸ ਨੂੰ ਇਸ ਦਾ ਨੁਕਸਾਨ ਇਹ ਹੁੰਦਾ ਹੈ ਕਿ ਉਸ ਦੀ ਰਫ਼ਤਾਰ ਕੁਝ ਮੱਧਮ ਪੈ ਜਾਂਦੀ ਹੈ। ਇਸੇ ਲਈ ਕਹਿੰਦੇ ਹਨ ਕਿ ਜਿਸ ਨੇ ਅੱਗੇ ਵਧਣਾ ਹੁੰਦਾ ਹੈ ਉਹ ਪਿੱਛੇ ਨਹੀਂ ਦੇਖਦਾ ਕਿਉਂਕਿ ਜੋ ਪਿੱਛੇ ਦੇਖਦਾ ਹੈ ਉਹ ਅੱਗੇ ਨਹੀਂ ਵਧ ਸਕਦਾ। ਜੇ ਕਿਸੇ ਨੇ ਤੁਹਾਡਾ ਹੱਕ ਮਾਰਿਆ ਹੈ ਜਾਂ ਤੁਹਾਡੇ ਨਾਲ ਕੋਈ ਬੇਈਮਾਨੀ ਕੀਤੀ ਹੈ ਜਾਂ ਤੁਹਾਨੂੰ ਬਿਨਾ ਕਸੂਰ ਦੇ ਤੰਗ ਕੀਤਾ ਹੈ ਤਾਂ ਤੁਹਾਡੇ ਮਨ ਵਿਚ ਉਸ ਉਸ ਖ਼ਿਲਾਫ਼ ਗੁੱਸਾ ਪੈਦਾ ਹੋਵੇਗਾ। ਤੁਸੀ ਹਰ ਸਮੇਂ ਉਸ ਤੋਂ ਬਦਲਾ ਲੈਣ ਦੀ ਤਾਕ ਵਿਚ ਰਹੋਗੇ। ਇਸ ਦਾ ਤੁਹਾਡੇ ਦਿਲੋ ਦਿਮਾਗ਼ ਤੇ ਭਾਰ ਰਹੇਗਾ। ਜੇ ਤੁਸੀਂ ਵੱਡਾ ਦਿਲ ਕਰ ਕੇ ਇਸ ਗੱਲ ਨੂੰ ਭੱੁਲ ਜਾਵੋਗੇ ਤਾਂ ਇਹ ਭਾਰ ਉਤਰ ਜਾਵੇਗਾ ਅਤੇ ਤੁਸੀਂ ਇਕ ਦਮ ਹਲਕੇ ਫੁੱਲ ਹੋ ਜਾਵੋਗੇ। ਤੁਸੀਂ ਆਪਣੀ ਅਗਲੀ ਜ਼ਿੰਦਗੀ ਸੋਹਣੀ ਤਰ੍ਹਾਂ ਸ਼ੁਰੂ ਕਰ ਸਕੋਗੇ। ਕੌੜੀਆਂ ਕੁਸੈਲੀਆਂ ਯਾਦਾਂ ਦਾ ਮਨ ’ਤੇ ਬਹੁਤ ਜ਼ਿਆਦਾ ਭਾਰ ਹੁੰਦਾ ਹੈ। ਇਸ ਭਾਰ ਨੂੰ ਜ਼ਿਆਦਾ ਦੇਰ ਚੁੱਕੀ ਰੱਖਣ ਦਾ ਕੋਈ ਲਾਭ ਨਹੀਂ। ਇਹ ਯਾਦਾਂ ਤੁਹਨੂੰ ਪਿੱਛੇ ਖਿੱਚਦੀਆਂ ਹਨ ਅਤੇ ਤੁਹਾਡੀ ਉਨਤੀ ਰੋਕਦੀਆਂ ਹਨ। ਇਨ੍ਹਾਂ ਯਾਦਾਂ ਨੂੰ ਭੁਲਾ ਕੇ ਅੱਗੇ ਵਧੋ। ਇਸ ਨਾਲ ਤੁਹਾਡੀ ਤਰੱਕੀ ਦੀ ਰਫ਼ਤਾਰ ਵਧੇਗੀ। ਇਸ ਭਾਰ ਨੂੰ ਇਕ ਮਨੋਵਿਗਿਆਨਿਕ ਨੇ ਇਸ ਪ੍ਰਕਾਰ ਸਮਝਾਇਆ ਹੈ। ਉਸ ਨੇ ਇਕ ਗਿਲਾਸ ਮੇਜ਼ ਤੇ ਰੱਖਿਆ ਅਤੇ ਵਿਦਿਆਰਥੀਆਂ ਨੂੰ ਪੱੁਛਿਆ ਕਿ ਇਸ ਦਾ ਕਿੰਨਾ ਕੁ ਭਾਰ ਹੈ? ਸਭ ਨੇ ਉੱਤਰ ਦਿੱਤਾ ਕੋਈ ਖਾਸ ਨਹੀਂ। ਫਿਰ ਉਸ ਨੇ ਇਕ ਵਿਦਿਆਰਥੀ ਨੂੰ ਆਪਣੇ ਕੋਲ ਬੁਲਾਇਆ ਅਤੇ ਕਿਹਾ ਇਸ ਗਲਾਸ ਨੂੰ ਫੜੋ ਅਤੇ ਬਾਂਹ ਨੂੰ ਸਿੱਧਾ ਰੱਖੋ। ਕੁਝ ਦੇਰ ਬਾਅਦ ਵਿਦਿਆਰਥੀ ਥੱਕ ਗਿਆ ਅਤੇ ਉਸ ਦੇ ਚਿਹਰੇ ਤੇ ਪੀੜਾ ਦੇ ਚਿੰਨ੍ਹ ਦਿਸਣ ਲੱਗੇ। ਮਨੋਵਿਗਿਆਨੀ ਨੇ ਕਿਹਾ-ਥੋੜ੍ਹੀ ਦੇਰ ਹੋਰ ਫੜੀ ਰੱਖੋ। ਕੁਝ ਹੋਰ ਦੇਰ ਬਾਅਦ ਵਿਦਿਆਰਥੀ ਨੇ ਕਿਹਾ ਮੇਰੀ ਬਾਂਹ ਬਹੁਤ ਦਰਦ ਕਰ ਰਹੀ ਹੈ। ਮੈਂ ਇਸ ਗਿਲਾਸ ਨੂੰ ਹੋਰ ਨਹੀਂ ਚੁੱਕ ਸਕਦਾ। ਮਨੋਵਿਗਿਆਨੀ ਨੇ ਕਿਹਾ ਕਿ ਜੇ ਤੁਸੀਂ ਇਕ ਹਲਕੇ ਜਿਹੇ ਗਿਲਾਸ ਨੂੰ ਕੁਝ ਦੇਰ ਨਹੀਂ ਚੁੱਕ ਸਕਦੇ ਤਾਂ ਫਿਰ ਦੁੱਖਾਂ ਦੇ ਭਾਰ ਨੂੰ ਕਿਉਂ ਏਨੀ ਦੇਰ ਤੋਂ ਚੁੱਕੀ ਫਿਰਦੇ ਹੋ। ਇਸ ਨੁੰ ਲਾਹ ਕੇ ਪਰੇ ਸੁੱਟ ਦਿਓ ਅਤੇ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰੋ। ਤੁਹਾਡੇ ’ਤੇ ਦੁੱਖਾਂ ਦਾ ਜਿੰਨਾ ਭਾਰ ਘੱਟ ਹੋਵੇਗਾ ਓਨਾ ਹੀ ਤੁਹਾਡੀ ਜ਼ਿੰਦਗੀ ਦਾ ਅਗਲਾ ਸਫ਼ਰ ਆਸਾਨ ਹੋਵੇਗਾ। ਜੇ ਤੁਹਾਨੂੰ ਬੀਤੇ ਸਮੇਂ ਵਿਚ ਬਹੁਤ ਮਿਹਨਤ ਕਰਨੀ ਪਈ ਜਾਂ ਬਹੁਤ ਦੁੱਖ ਸਹਿਣੇ ਪਏ ਜਾਂ ਤੁਹਾਡੇ ’ਤੇ ਬਹੁਤ ਜ਼ੁਲਮ ਹੋਏ ਅਤੇ ਤੁਹਾਡਾ ਭਾਰੀ ਨੁਕਸਾਨ ਹੋ ਗਿਆ। ਇਨ੍ਹਾਂ ਯਾਦਾਂ ਭੁੱਲਣ ਵਿਚ ਹੀ ਭਲਾ ਹੈ ਇੱਥੇ ਭੁੱਲਣਾ ਵੀ ਤੁਹਾਡੇ ਲਈ ਵਰਦਾਨ ਸਿੱਧ ਹੋ ਸਕਦਾ ਹੈ। ਇਨਾਂ ਦੁੱਖਦਾਈ ਯਾਦਾਂ ਦਾ ਪ੍ਰਛਾਵਾਂ ਆਪਣੇ ਅੱਜ ਤੇ ਨਾ ਪੈਣ ਦਿਓ। ਬੀਤੇ ਸਮੇਂ ਨੂੰ ਤੁਸੀਂ ਬਦਲ ਨਹੀਂ ਸਕਦੇ। ਇਸ ਲਈ ਇਨ੍ਹਾਂ ਯਾਦਾਂ ਨੂੰ ਬਾਰ ਬਾਰ ਯਾਦ ਕਰ ਕੇ ਦੁਖੀ ਨਾ ਹੋਵੋ। ਕੋਈ ਬੰਦਾ ਸਰਵ ਗੁਣ ਸੰਪਨ ਨਹੀਂ ਹੁੰਦਾ। ਗ਼ਲਤੀ ਕਿਸੇ ਤੋਂ ਵੀ ਹੋ ਸਕਦੀ ਹੈ ਇਸ ਲਈ ਦੂਜੇ ਦੀਆਂ ਗਲਤੀਆਂ ਨੂੰ ਅਣਡਿੱਠਾ ਕਰਨ ਦੀ ਆਦਤ ਪਾਓ। ਹਰ ਸਮੇਂ ਆਪਣੀਆਂ ਅਸਫ਼ਲਤਾਵਾਂ ਅਤੇ ਦੁੱਖਾਂ ਦੇ ਰੋਣੇ ਰੋਣ ਨਾਲ ਨਸੀਬ ਨਹੀਂ ਬਦਲਦੇ। ਕਦੀ ਇਹ ਨਾ ਸਮਝੋ ਕਿ ਬਿਨਾ ਮਿਹਨਤ ਕੀਤਿਆਂ ਤੁਹਡੀ ਕਿਸਮਤ ਬਦਲ ਜਾਵੇਗੀ। ਕਿਸਮਤ ਕਰਮ ਨਾਲ ਹੀ ਬਦਲੀ ਜਾ ਸਕਦੀ ਹੈ। ਚੰਗੇ ਦਿਨ ਆਪੇ ਨਹੀਂ ਆਉਂਦੇ। ਚੰਗੇ ਦਿਨ ਮਿਹਨਤ ਨਾਲ ਲਿਆਉਣੇ ਪੈਂਦੇ ਹਨ। ਯਾਦ ਰੱਖੋ ਸੂਰਜ ਨਿਕਲਣ ਨਾਲ ਦਿਨ ਨਹੀਂ ਚੜ੍ਹਦਾ। ਦਿਨ ਚੜ੍ਹਦਾ ਹੈ ਨੀਂਦ ਖੁੱਲ੍ਹਣ ਨਾਲ। ਇਸ ਲਈ ਜਾਗੋ ਅਤੇ ਜ਼ਿੰਦਗੀ ਦਾ ਸਫ਼ਰ ਨਵੇਂ ਜੋਸ਼ ਅਤੇ ਹੋਸ਼ ਨਾਲ ਸ਼ੁਰੂ ਕਰੋ। ਦੁੱਖਾਂ ਨੂੰ ਛੱਡੋ ਅਤੇ ਆਪਣੇ ਸੁੱਖਾਂ ਅਤੇ ਕਾਮਯਾਬੀ ਲਈ ਯਤਨ ਕਰੋ। ਫਿਰ ਦੇਖੋ ਤੁਹਾਡੀ ਜ਼ਿੰਦਗੀ ਕਿੰਨੀ ਸਫ਼ਲ ਅਤੇ ਸ਼ਾਤੀ ਪੂਰਨ ਹੋ ਜਾਵੇਗੀ। ਮਾੜੀਆਂ ਘਟਨਾਵਾਂ ਨੂੰ ਬਹੁਤ ਸਮੇਂ ਤੱਕ ਯਾਦ ਕਰਦੇ ਰਹਿਣ ਨਾਲ ਬੰਦਾ ਤਣਾਅ ਵਿਚ ਆ ਜਾਂਦਾ ਹੈ। ਇਸ ਨਾਲ ਸਾਰੀ ਜ਼ਿੰਦਗੀ ਵਿਚ ਇਕ ਤਰ੍ਹਾਂ ਦਾ ਜ਼ਹਿਰ ਜਿਹਾ ਘੁਲਿਆ ਰਹਿੰਦਾ ਹੈ। ਦੁਖੀ ਬੰਦੇ ਨਾਲ ਕੋਈ ਹਮਦਰਦੀ ਤਾਂ ਕਰ ਸਕਦਾ ਹੈ ਪਰ ਉਸ ਨੂੰ ਪਿਆਰ ਨਹੀਂ ਕਰ ਸਕਦਾ। ਦੁਖੀ ਬੰਦਾ ਦੂਜੇ ’ਤੇ ਵੀ ਬੋਝ ਹੀ ਬਣ ਜਾਂਦਾ ਹੈ। ਜਦ ਬੱਚਾ ਬੋਝ ਬਣ ਜਾਏ ਤਾਂ ਮਾਂ ਵੀ ਥੱਲੇ ਉਤਾਰ ਦਿੰਦੀ ਹੈ। ਇਸ ਲਈ ਮਾੜੀਆਂ ਯਾਦਾਂ ਨੂੰ ਜ਼ਿਆਦਾ ਦੇਰ ਆਪਣੇ ਨੇੜੇ ਨਾ ਫਟਕਣ ਦਿਓ। ਬੀਤੇ ਸਮੇਂ ਨੂੰ ਭੁੱਲ ਕੇ, ਅੱਜ ਜੋ ਕੁਝ ਤੁਹਾਡੇ ਕੋਲ ਹੈ ਉਸ ਨਾਲ ਸੰਤੁਸ਼ਟ ਰਹੋ। ਸਮਝੋ ਕਿ ਤੁਹਾਡਾ ਪਿਛਲਾ ਜਨਮ ਖਤਮ ਹੋ ਗਿਆ ਅਤੇ ਹੁਣ ਪੁਨਰ ਜਨਮ ਹੋਇਆ ਹੈ। ਆਪਣੇ ਮੌਜੂਦਾ ਸਾਧਨਾ ਅਤੇ ਸ਼ਕਤੀ ਨਾਲ ਖ਼ੁਸ਼ੀ ਖ਼ੁਸ਼ੀ ਨਵਾਂ ਜਨਮ ਸ਼ੁਰੂ ਕਰੋ ਅਤੇ ਆਪਣੀ ਸਫ਼ਲਤਾ ਅਤੇ ਸੁੱਖਾਂ ਦੀ ਨੀਂਹ ਰੱਖੋ। ਸਾਡਾ ਜੀਵਨ ਇਕ ਮਸ਼ੀਨ ਦੀ ਤਰ੍ਹਾਂ ਹੈ ਜੋ ਸਾਡੇ ਚੰਗੇ ਵਿਚਾਰਾਂ ਦੇ ਸਹਾਰੇ ਚੱਲਦਾ ਹੈ। ਸਾਡੇ ਪੁਰਾਣੇ ਦੁੱਖਾਂ ਅਤੇ ਕੌੜੇ ਕੁਸੈਲੇ ਵਿਚਾਰ ਗੰਦੇ ਤੇਲ ਦੀ ਤਰ੍ਹਾਂ ਹਨ ਜੋ ਸਾਰੀ ਮਸ਼ੀਨਰੀ ਨੂੰ ਹੀ ਖਰਾਬ ਕਰ ਕੇ ਰੱਖ ਦਿੰਦੇ ਹਨ। ਅੱਗੇ ਤੋਂ ਇਹ ਮਸ਼ੀਨਰੀ ਨਕਾਰਾ ਹੋ ਕੇ ਰਹਿ ਜਾਂਦੀ ਹੈ। ਸਾਡੀ ਮਿਹਨਤ ਅਤੇ ਉਸਾਰੂ ਵਿਚਾਰ ਸਾਡੀ ਜ਼ਿੰਦਗੀ ਨੂੰ ਸੋਹਣੀ ਤਰ੍ਹਾਂ ਅਤੇ ਕਾਮਯਾਬੀ ਨਾਲ ਚਲਾਉਣ ਲਈ ਸਹਾਈ ਹੁੰਦੇ ਹਨ। ਸਾਡੀ ਉਮੀਦ ਇਕ ਰੋਸ਼ਨੀ ਦੀ ਤਰ੍ਹਾਂ ਹੈ ਜੋ ਹਨੇਰੇ ਵਿਚ ਸਾਡੀ ਗੱਡੀ ਨੂੰ ਮੰਜ਼ਿਲ ਦਾ ਰਸਤਾ ਦਿਖਾਉਂਦੀ ਹੈ ਅਤੇ ਅਸੀਂ ਸੌਖਿਆਂ ਹੀ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੇ ਹਾਂ। ਬਦਲਾਅ ਕੁਦਰਤ ਦਾ ਨਿਯਮ ਹੈ। ਜੋ ਬੰਦਾ ਬਦਲਦਾ ਨਹੀਂ ਉਹ ਉਨਤੀ ਨਹੀਂ ਕਰ ਸਕਦਾ। ਇਸ ਲਈ ਆਪਣੇ ਆਪ ਨੂੰ ਬਦਲੋ। ਹਰ ਨਵੀਂ ਸ਼ੁਰੂਆਤ ਮਨੁੱਖ ਨੂੰ ਥੋੜ੍ਹਾ ਡਰਾਉਂਦੀ ਹੈ ਪਰ ਸਫ਼ਲਤਾ ਮੁਸ਼ਕਲਾਂ ਤੋਂ ਬਾਅਦ ਹੀ ਮਿਲਦੀ ਹੈ। ਜ਼ਿੰਦਗੀ ਵਿਚ ਮਾੜੀਆਂ ਘਟਨਾਵਾਂ ਨੂੰ ਭੁੱਲਣ ਦੀ ਆਦਤ ਪਾਓ। ਜ਼ਿੰਦਗੀ ਦੁੱਖਾਂ ਨੂੰ ਯਾਦ ਕਰ ਕੇ ਨਹੀਂ ਸਗੋਂ ਹੌਸਲੇ ਨਾਲ ਹੀ ਕੱਟੀ ਜਾਂਦੀ ਹੈ। ਕਈ ਵਾਰੀ ਬੰਦਾ ਆਪਣੇ ਦੁੱਖਾਂ ਨੂੰ ਬਹੁਤ ਵੱਡਾ ਸਮਝ ਲੈਂਦਾ ਹੈ ਅਤੇ ਆਪਣੇ ਆਪ ਨੂੰ ਸਭ ਤੋੋਂ ਹੀ ਦੁਖੀ ਸਮਝਦਾ ਹੈ। ਜੇ ਤੁਹਾਨੂੰ ਵੀ ਆਪਣਾ ਦੁੱਖ ਸਭ ਤੋਂ ਵੱਡਾ ਲੱਗੇ ਤਾਂ ਹਫ਼ਤੇ ਵਿਚ ਕਿਸੇ ਹਸਪਤਾਲ ਜਾਂ ਪਿੰਘਲਵਾੜੇ ਜਾਂ ਬ੍ਰਿਧ ਆਸ਼ਰਮ ਜਾਂ ਅਨਾਥ ਆਸ਼ਰਮ ਜਾਂ ਫਿਰ ਸ਼ਮਸ਼ਾਨ ਘਾਟ ਦਾ ਚੱਕਰ ਜ਼ਰੂਰ ਲਾ ਲਿਆ ਕਰੋ। ਤੁਹਾਨੂੰ ਆਪੇ ਆਪਣੇ ਦੁੱਖ ਛੋਟੇ ਲੱਗਣ ਲੱਗ ਪੈਣਗੇ। ਫਿਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਸੀਂ ਲੱਖਾਂ ਲੋਕਾਂ ਤੋਂ ਬਿਹਤਰ ਜ਼ਿੰਦਗੀ ਗੁਜ਼ਾਰ ਰਹੇ ਹੋ ਅਤੇ ਤੁਹਾਨੂੰ ਆਪਣੇ ਦੁੱਖਾਂ ਨੂੰ ਭੁੱਲਣਾ ਆਸਾਨ ਹੋ ਜਾਵੇਗਾ। ਤੁਸੀਂ ਖ਼ੁਸ਼ੀਆਂ ਅਤੇ ਖੇੜਿਆਂ ਦੀ ਜ਼ਿੰਦਗੀ ਸ਼ੁਰੂ ਕਰ ਸਕੋਗੇ। **** |
* ‘ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |