ਪੰਜਾਬ ਵਿੱਚ ਬੜੇ ਚਿਰ ਤੋਂ ਘੁਸਰ ਮੁਸਰ ਹੁੰਦੀ ਪਈ ਸੀ ਕਿ ਪ੍ਰਵਾਸੀਆਂ ਨੇ ਸਾਡੇ ਪੰਜਾਬੀਆਂ ਦੇ ਹੱਥੋਂ ਸਾਰੇ ਕੰਮ ਖੋਹ ਲਏ ਹਨ। ਲੋਕ ਇਹਨਾਂ ਨੂੰ ਖੇਤੀਬਾੜੀ ਵਿੱਚ ਕੰਮ ਤੇ ਲਾਉਣ ਲਈ ਲੈ ਕੇ ਆਏ ਸਨ। ਇਹਨਾਂ ਦਾ ਟਿਕਾਣਾ ਜਿਮੀਦਾਰਾਂ ਦੀਆਂ ਬਾਹਰ ਮੋਟਰਾਂ ਉਤੇ ਹੁੰਦਾ ਸੀ। ਇਹਨਾਂ ਦਾ ਇੱਕ ਮੋਹਤਬਰ ਬੰਦਾ ਹੁੰਦਾ ਸੀ ਜਿਹੜਾ ਆਪਣੇ ਆਪ ਨੂੰ ਨੰਬਰਦਾਰ ਅਖਵਾਉਂਦਾ ਸੀ। ਉਸ ਨੇ ਹੀ ਜਿਮੀਦਾਰਾਂ ਨਾਲ ਗਲਬਾਤ ਕਰਨੀ। ਉਸੇ ਨੇ ਹੀ ਪਿੰਡ ਜਾਂ ਸ਼ਹਿਰ ਰਾਸ਼ਨ ਲੈਣ ਲਈ ਜਾਣਾ। ਬਾਕੀਆਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਸੀ। ਉਹਨਾਂ ਨੂੰ ਜਿੱਥੇ ਕੰਮ ਤੇ ਲਾਉਣਾ ਉੱਥੇ ਹੀ ਉਹਨਾਂ ਨੇ ਕੰਮ ਕਰੀ ਜਾਣਾ। ਹੌਲੀ ਹੌਲੀ ਕਰਕੇ ਉਹਨਾਂ ਪ੍ਰਵਾਸੀਆਂ ਦੇ ਟੋਲਿਆ ਵਿੱਚੋਂ ਇੱਕ ਦੋ ਲੋਕ ਇੱਥੇ ਰਹਿ ਜਾਂਦੇ ਜਿਹੜੇ ਜਿਮੀਦਾਰਾਂ ਦੇ ਸਲਾਨਾ ਕੰਮ ਵਾਸਤੇ ਕੰਮ ਆਉਂਦੇ। ਇਹ ਸਿਲਸਿਲਾ ਕਈ ਸਾਲ ਚਲਦਾ ਰਿਹਾ। ਫਿਰ ਹਰ ਸਾਲ ਛਿਮਾਹੀ ਕਣਕ ਤੇ ਝੋਨੇ ਦੀ ਫ਼ਸਲ ਸਾਂਭਣ ਵਾਸਤੇ ਆਉਣ ਲੱਗ ਪਏ। ਜਿਹੜੇ ਟੋਲੀਆਂ ਵਿੱਚੋਂ ਪਹਿਲਾਂ ਪਹਿਲਾਂ ਇੱਕ ਦੋ ਪਰਵਾਸੀ ਰਹਿੰਦੇ ਸੀ। ਫਿਰ ਉਹ ਪੰਜ ਸੱਤ, ਦਸ ਬਾਰਾਂ ਰਹਿਣ ਲੱਗ ਪਏ। ਇੰਝ ਕਰਦੇ ਕਰਦੇ ਉਹਨਾਂ ਦੀ ਤਾਦਾਦ ਪੰਜਾਬ ਵਿੱਚ ਵਧਣੀ ਸ਼ੁਰੂ ਹੋ ਗਈ। ਪਰਵਾਸੀ ਸਸਤੇ ਵਿੱਚ ਕੰਮ ਕਰਦੇ ਸੀ ਪੰਜਾਬੀਆਂ ਦੇ ਮੁਕਾਬਲੇ। ਫਿਰ ਪ੍ਰਵਾਸੀਆਂ ਨੇ ਪਿੰਡਾਂ ਵਿੱਚ ਦਾਖਲਾ ਲੈ ਲਿਆ। ਘਰ ਦੇ ਨਿੱਕੇ ਮੋਟੇ ਕੰਮ ਵਾਸਤੇ ਲੋਕ ਇਹਨਾਂ ਨੂੰ ਰੱਖਣ ਲਗ ਪਏ। ਪਾਣੀ ਲਿਆ ਰਾਮੂੰ ਚਾਹ ਲਿਆ ਰਾਮੂੰ, ਰਾਮੂੰ ਦੇ ਨਾਂ ਨਾਲ ਭੱਜੇ ਆਉਣਾ। ਇਥੋਂ ਤੱਕ ਕਿ ਇਹਨਾਂ ਦਾ ਨਾਂ ਵੀ ਕਿਸੇ ਨੂੰ ਨਹੀਂ ਪਤਾ ਹੁੰਦਾ ਸੀ। ਬੱਸ ਇੱਕੋ ਹੀ ਸਾਰਿਆਂ ਦਾ ਨਾਂ ਰਾਮੂੰ ਹੋਣਾ। ਇਹਨਾਂ ਨੇ ਵੀ ਆਪਣਾ ਅਸਲੀ ਨਾਂ ਕਦੇ ਨਹੀਂ ਦੱਸਿਆ ਸੀ। ਇਹਨਾਂ ਪ੍ਰਵਾਸੀਆਂ ਨੇ ਮਿਹਨਤ ਸਦਕਾ ਉਸਾਰੀ ਦੇ ਮਿਸਤਰੀਆਂ ਦਾ ਕੰਮ ਵੀ ਸਿੱਖ ਲਿਆ। ਕਿਸੇ ਨੇ ਪੱਥਰ ਲਾਉਣ ਦਾ, ਕਿਸੇ ਨੇ ਬਿਜਲੀ ਫਿਟਿੰਗ ਦਾ ਅਤੇ ਕਿਸੇ ਟੂਟੀਆਂ ਲਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜੋ ਕੰਮ ਇੱਕ ਘਰ ਬਣਾਉਣ ਵਾਸਤੇ ਹੋਣੇ ਚਾਹੀਦੇ ਸਨ। ਬੂਹੇ ਬਾਰੀਆਂ ਲਾਉਣੀਆਂ ਹੋਣ ਜਾਂ ਫਿਰ ਵਾਲ ਪੁੱਟੀ, ਸੀਲਿੰਗ ਡਾਊਨ ਕਰਾਉਣੀ ਹੋਵੇ। ਇਸ ਤੋਂ ਇਲਾਵਾ ਘਰਾਂ ਨੂੰ ਰੰਗ ਰੋਗਨ ਕਰਨਾ ਹੋਵੇ ਇਹ ਸਾਰੇ ਕੰਮ ਪ੍ਰਵਾਸੀਆਂ ਨੇ ਕਰਨੇ ਸ਼ੁਰੂ ਕਰ ਦਿੱਤੇ। ਇੰਝ ਕਰਦੇ ਕਰਦੇ ਇਹ ਹੋਟਲਾਂ ਵਿੱਚ ਵੀ ਵੜ ਗਏ। ਇਹ ਹਲਵਾਈ ਬਣ ਗਏ, ਰੇਹੜੀਆਂ ਲਾਉਣ ਲੱਗ ਪਏ। ਲੋਕਾਂ ਨੂੰ ਇਹਨਾਂ ਨੇ ਇੰਨਾ ਕੁ ਮੋਹ ਲਿਆ ਕੇ ਹਰ ਇੱਕ ਬੰਦਾ ਬੁੜ੍ਹੀ ਇਹਨਾਂ ਦੀਆਂ ਹੀ ਰੇਹੜੀਆਂ ਤੋਂ ਫਾਸਟ ਫੂਡ ਖਾਣ ਲੱਗ ਪਏ। ਲੋਕ ਸਾਰੇ ਹੀ ਕੰਮ ਪ੍ਰਵਾਸੀਆਂ ਤੋਂ ਕਰਵਾਉਣ ਨੂੰ ਪਹਿਲ ਦੇਣ ਲੱਗ ਪਏ। ਇਹਨਾਂ ਤੇ ਯਕੀਨ ਵੀ ਕਰਨ ਲੱਗ ਪਏ| ਜਦੋਂ ਵੀ ਕਿਸੇ ਪਰਿਵਾਰ ਨੇ ਬਾਹਰਲੇ ਦੇਸ਼ ਜਾਣਾ ਹੋਵੇ ਉਹ ਕਿਸੇ ਪੰਜਾਬੀ ਨੂੰ ਦੇਖ ਰੇਖ ਵਾਸਤੇ ਨਹੀਂ ਰੱਖਦੇ ਹਨ। ਸਗੋਂ ਸਾਰਾ ਘਰ ਪ੍ਰਵਾਸੀਆਂ ਦੇ ਹਵਾਲੇ ਛੱਡ ਕੇ ਚਲੇ ਜਾਂਦੇ ਹਨ। ਖੇਤਾਂ ਵਿੱਚ ਟਰੈਕਟਰ ਵੀ ਹੁਣ ਪਰਵਾਸੀ ਹੀ ਲੈ ਕੇ ਜਾਂਦੇ ਹਨ। ਮੰਡੀਆਂ ਵਿੱਚ ਜੇ ਕਿੱਧਰੇ ਇੱਕ ਦੋ ਦਿਨ ਰਹਿਣਾ ਪੈ ਜਾਵੇ, ਉੱਥੇ ਪਰਵਾਸੀ ਹੀ ਰਹਿੰਦੇ ਹਨ। ਸਕੂਲਾਂ ਦੇ ਗੇਟਾਂ ਤੋਂ ਲੈ ਕੇ ਸਕੂਲਾਂ ਦੀ ਸਾਫ-ਸਫ਼ਾਈ ਵਾਸਤੇ ਪਰਵਾਸੀ ਹੀ ਦਿੱਸਦੇ ਹਨ। ਅਗਰ ਗੱਲ ਅੱਜ ਦੀ ਕਰੀਏ ਤਾਂ ਬਾਜ਼ਾਰ ਵਿੱਚ ਪੰਜਾਬੀ ਘੱਟ ਤੇ ਪਰਵਾਸੀ ਜਿਆਦਾ ਨਜ਼ਰ ਆਉਣਗੇ। ਹੱਦ ਉਸ ਸਮੇ ਹੋ ਗਈ ਜਦੋਂ ਇਹਨਾਂ ਪ੍ਰਵਾਸੀਆਂ ਨੇ ਹੱਥਾਂ ਵਿੱਚ ਮਹਿੰਦੀ ਵਾਲੀ ਕੋਣ ਫੜ ਲਈ। ਸਾਡੀਆਂ ਧੀਆਂ ਭੈਣਾਂ ਦੀਆਂ ਬਾਹਾਂ ਫੜ ਕੇ ਮਹਿੰਦੀ ਲਾਉਣ ਲੱਗ ਪਏ। ਫੇਸ਼ੀਅਲ ਤੇ ਪਤਾ ਨਹੀਂ ਹੋਰ ਕੀ ਕੁਝ ਮੂੰਹ ਉਤੇ ਲਾਉਣ ਲੱਗ ਪਏ ਹਨ, ਕੁੜੀਆਂ ਨੂੰ ਸੁੰਦਰ ਸਜਾਉਣ ਵਾਸਤੇ। ਬਹੁਤ ਕੁੱਝ ਵੇਖ ਰਹੇ ਹਾਂ ਪਰ ਸੱਚ ਪੁੱਛੋਂ ਤਾਂ ਕਲਮ ਲਿੱਖਣ ਤੋਂ ਇੰਨਕਾਰ ਕਰ ਰਹੀ ਹੈ। ਦਿਲ ਉਛਲਣ ਲੱਗ ਪਿਆ ਹੈ। ਉਸ ਵਕਤ ਮੇਰਾ ਰੋਣ ਹੀ ਨਿਕਲ ਗਿਆ ਜਦੋਂ ਹੁਸ਼ਿਆਰਪੁਰ ਦੇ ਵਿੱਚ ਇੱਕ ਪੰਜ ਸਾਲ ਦੇ ਮਾਸੂਮ ਨੂੰ ਬੇਰਹਿਮੀ ਨਾਲ ਕਤਲ ਕਰਕੇ ਮਾਰ ਸੁੱਟਿਆ ਪਰਵਾਸੀ ਨੇ। ਉਸ ਮਾਸੂਮ ਦਾ ਕੀ ਕਸੂਰ ਸੀ? ਉਹਨਾਂ ਦੇ ਘਰਦਿਆਂ ਦਾ ਜੋ ਹਾਲ ਹੋ ਰਿਹਾ ਹੈ ਉਹ ਮੈਂ ਕਲਮ ਰਾਹੀਂ ਬਿਆਨ ਵੀ ਨਹੀਂ ਕਰ ਸਕਦਾ। ਤੁਸੀਂ ਸਾਰਿਆਂ ਨੇ ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਅਤੇ ਟੀਵੀ ਚੈਨਲਾਂ ਤੇ ਵੇਖ ਲਿਆ ਹੋਵੇਗਾ। ਇਹ ਕੋਈ ਘਟਨਾ ਇੱਕ ਹੁਸ਼ਿਆਰਪੁਰ ਵਿੱਚ ਹੀ ਨਹੀਂ ਹੋਈ, ਸਗੋਂ ਹਜ਼ਾਰਾਂ ਇਹੋ ਜਿਹੀਆਂ ਵਾਰਦਾਤਾਂ ਪਹਿਲਾਂ ਵੀ ਪੰਜਾਬ ਵਿੱਚ ਵਾਪਰ ਚੁੱਕੀਆਂ ਹਨ। ਅਸੀਂ ਲੋਕ ਬਹੁਤ ਭੁਲੱਕੜ ਹਾਂ ਬੜੀ ਜਲਦੀ ਭੁੱਲ ਜਾਂਦੇ ਹਾਂ। ਹੁਣ ਕੁੱਝ ਕੁ ਪਿੰਡਾਂ ਦੀਆਂ ਪੰਚਾਇਤਾਂ ਨੇ ਪ੍ਰਵਾਸੀਆਂ ਨੂੰ ਬਾਹਰ ਦਾ ਰਾਹ ਵਿਖਾਉਣ ਵਾਸਤੇ ਮਤੇ ਪਾਏ ਹਨ। ਹੁਣ ਉਸ ਉਤੇ ਸਿਆਸਤ ਹੋਣ ਲੱਗ ਪਈ ਹੈ। ਵੈਸੇ ਤਾਂ ਅਸੀਂ ਇਹ ਆਮ ਹੀ ਸੁਣਿਆ ਹੈ ਕਿ ਆਪਣੇ ਘਰ ਅੱਗ ਲੱਗੀ ਹੋਵੇ ਤਾਂ ਅੱਗ ਹੁੰਦੀ ਹੈ ਜੇ ਕਿਸੇ ਦੇ ਘਰ ਅੱਗ ਲੱਗੀ ਹੋਵੇ ਤਾਂ ਉਸ ਨੂੰ ਬਸੰਤਰ ਆਖਿਆ ਜਾਂਦਾ ਹੈ। ਹੋਰ ਬਹੁਤਾ ਕੁੱਝ ਕਹਿਣਾ ਅਤੇ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੁੰਦਾ। ਆਪਾਂ ਸਾਰੇ ਹੀ ਪਰਿਵਾਰਾਂ ਵਾਲੇ ਹਾਂ, ਧੀਆਂ ਪੁੱਤਰਾਂ ਵਾਲੇ ਹਾਂ, ਰੱਬ ਨਾ ਕਰੇ ਜੇ ਇਹੋ ਜਿਹਾ ਭਾਣਾ ਸਾਡੇ ਕਿਸੇ ਨਾਲ ਵਾਪਰ ਜਾਵੇ, ਫਿਰ ਕੀ ਅਸੀਂ ਸਿਆਸਤ ਕਰਾਂਗੇ ਜਾਂ ਫਿਰ ਉਹਨਾਂ ਪੰਚਾਇਤਾਂ ਦੇ ਪੱਖ ਵਿੱਚ ਗੱਲ ਕਰਾਂਗੇ ਜਿਹਨਾਂ ਨੇ ਪ੍ਰਵਾਸੀਆਂ ਨੂੰ ਪਿੰਡਾਂ ਤੋਂ ਬਾਹਰ ਮੋਟਰਾਂ ਉਤੇ ਰਹਿਣ ਲਈ ਮਤੇ ਪਾਏ ਹਨ। ਬੇਸ਼ਕ ਗਲਤੀ ਇੱਕ ਦੀ ਹੈ ਸਜ਼ਾ ਸਾਰਿਆਂ ਨੂੰ ਨਹੀਂ ਮਿਲਣੀ ਚਾਹੀਦੀ। ਪਰ ਪੁਲਿਸ ‘ਵੈਰੀਫਿਕੇਸ਼ਨ’ ਕਰਵਾਉਣੀ ਤਾਂ ਕੋਈ ਗੁਨਾਹ ਨਹੀਂ। ਵੋਟਾਂ ਦੀ ਸਿਆਸਤ ਨੇ ਅੱਜ ਪੰਜਾਬ ਨੂੰ ਕਿੱਥੇ ਲਿਆ ਕੇ ਖੜਾ ਕਰ ਦਿੱਤਾ ਹੈ। ਇੱਕ ਤਾਂ ਸਾਡੇ ਪੰਜਾਬੀਆਂ ਨੂੰ ਹੱਥੀਂ ਕੰਮ ਕਰਨ ਤੋਂ ਰੋਕ ਦਿੱਤਾ। ਦੂਜਾ ਆਲਸੀ ਤੇ ਨਸ਼ਈ ਬਣਾ ਕੇ ਰੱਖ ਦਿੱਤਾ ਹੈ। ਹੁਣ ਇੱਕ ਗੱਲ ਜ਼ਰੂਰ ਹੈ ਅਗਰ ਪ੍ਰਵਾਸੀਆਂ ਨੂੰ ਇੱਥੇ ਨਹੀਂ ਰੱਖਣਾ ਫਿਰ ਕੰਮ ਆਪ ਕਰਨ ਲਈ ਤਿਆਰ ਹੋ ਜਾਣਾ ਪਵੇਗਾ। ਕੰਮ ਕਦੇ ਕੋਈ ਵੱਡਾ ਛੋਟਾ ਨਹੀਂ ਹੁੰਦੀ ਸਾਡੀ ਸੋਚ ਵੱਡੀ ਛੋਟੀ ਹੁੰਦੀ ਹੈ। ਹੋ ਸਕਦਾ ਹੈ ਕਿ ਇੱਕ ਪੰਜਾਬੀਆਂ ਲਈ ਹਲੂਣਾ ਹੋਵੇ। ਇਸ ਕਰਕੇ ਹੁਣ ਇਹੋ ਹੀ ਕਹਿਣਾ ਪਵੇਗਾ ਕਿ ਪ੍ਰਵਾਸੀਆਂ ਨੇ ਪੰਜਾਬੀਆਂ ਦੇ ਕਾਰੋਬਾਰਾਂ ਵਿੱਚ ਹੱਥ ਵੀ ਵਟਾਇਆ ਏ ਤੇ ਦੂਜੇ ਪਾਸੇ ਹੱਥ ਗੱਲ਼ ਨੂੰ ਵੀ ਪਾਇਆ ਏ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501