ਸਾਲ 1975 ਤੱਕ ਪਿੰਡ ਵਿਚ ਬਿਜਲੀ ਨਹੀਂ ਸੀ ਤਾਂ ਇਨ੍ਹਾਂ ਦੋਨਾਂ ਬੋਹੜਾਂ ਤੇ ਪਿੱਪਲ ਹੇਠ ਮੰਜੇ ਡਾਹ ਕੇ ਲੋਕ ਤਪਦੀਆਂ ਦੁਪਹਿਰਾਂ ਵਿਚ ਸੀਨਾ ਠਾਰਦੇ ਰਹੇ ਹਨ। ਸਾਲ 1980 ਕੁ ਤਕ ਲਹਿੰਦੀ ਬਾਹੀ ਦੀ ਬੋਹੜ ਅਤੇ ਚੜ੍ਹਦੇ ਪਾਸੇ ਦੇ ਪਿੱਪਲ ‘ਤੇ ਹਰੇਕ ਸਾਲ ਸਾਵਣ ਮਹੀਨੇ ਪੀਂਘਾਂ ਪੈਂਦੀਆਂ ਰਹੀਆਂ ਹਨ। ਤਾਇਆ ਸੰਤ ਸਲਵਾੜ ਵੱਢ ਕੇ ਕੁੜੀਆਂ ਨੂੰ ਤਿੱਲੜੀ ਪੀਂਘ ਗੁੰਦ ਕੇ ਦਿਆ ਕਰਦਾ ਸੀ।ਇਸ ਕੰਮ ਵਿਚ ਉਸਦੀ ਮਦਦ ਮੁਣਸ਼ੀ,ਗਰੀਬੂ, ਨਸੀਬੂ, ਅਮੀਆਂ ਆਦਿ ਕਰ ਦਿਆ ਕਰਦੇ ਸਨ।ਤੀਆਂ ਦਾ ਉਦੋਂ ਕੋਈ ਨਾਮ ਨਿਸ਼ਾਨ ਨਹੀਂ ਸੀ।ਤੀਆਂ ਇਕ ਮਾਲਵੇ ਦਾ ਤਿਉਹਾਰ ਹੈ ਜੋ ਅਸਲ ਵਿਚ ਔਰਤ ਦੀ ਗੁਲਾਮੀ/ਨਿਲਾਮੀ ਦਾ ਸੂਚਕ ਹੈ। ਸਾਥੋਂ ਵੱਡੀਆਂ ਭੈਣਾਂ ਦੁਪਹਿਰ ਨੂੰ ਵੱਡੇ ਚਾਅ ਨਾਲ ਪੀਂਘਾਂ ਝੂਟਦੀਆਂ ਤੇ ਪੱਬ ਪੱਤਿਆਂ ਨੂੰ ਲਾ ਦਿੰਦੀਆਂ। ਬੜਾ ਰੰਗ ਬੱਝਦਾ ਸੀ ਜਦੋਂ ਦੋ ਦੋ ਜਣੀਆਂ ਜ਼ੋਰੀਂ ਪੀਂਘ ਚੜ੍ਹਾਉਂਦੀਆਂ। ਸਾਦ ਮੁਰਾਦੇ ਲੀੜਿਆਂ ਵਿਚ ਉਹ ਬੜਾ ਫੱਬਦੀਆਂ। ਸੱਜ ਧੱਜ ਜਾਂ ਦਿਖਾਵਾ ਤਾਂ ਉਨ੍ਹਾਂ ਦੇ ਨੇੜਿਉਂ ਨਹੀ ਸੀ ਲੰਘਿਆ। ਮੈਂ,ਛੱਬੋ, ਬਿਹਾਰੀ, ਨਿੰਬਾ, ਹੱਸੂ, ਘੱਪੀ, ਦਾਰੀ, ਗਿਆਨ ਆਦਿ ਵੀ 12 ਤੋਂ 15 ਕੁ ਸਾਲ ਦੇ ਹੁੰਦੇ ਸਾਂ ਤੇ ਜਦ ਭੈਣਾਂ ਨੇ ਪੀਂਘ ਝੂਟ ਕੇ ਥੱਕ ਜਾਣਾ ਤਦ ਅਸੀਂ ਪੀਂਘ ਮੱਲ ਲੈਣੀ। ਪੱਤਿਆਂ ਨੂੰ ਪੈਰ ਲਾਉਣ ਤੋਂ ਅਸੀਂ ਵੀ ਪਿਛਾਂਹ ਨਾ ਮੁੜਦੇ। ਹਾਸਾ ਠੱਠਾ ਪੂਰਾ ਹੁੰਦਾ। ਵੱਡੇ ਬਜ਼ੁਰਗ ਬੱਚਿਆਂ ਨੂੰ ਖੇਡਦੇ ਦੇਖ ਦੇਖ ਹੁੱਬਦੇ ਤੇ ਨਾਲ ਨਾਲ ਹੁੱਕੇ ਦਾ ਸੂਟਾ ਲਾਈ ਜਾਂਦੇ। ਪਤਾ ਹੀ ਨਾ ਲੱਗਣਾ ਦੁਪਹਿਰ ਕਦੋਂ ਬੀਤ ਜਾਣੀ ਤੇ ਪਸ਼ੂ ਚਾਰਨ ਦਾ ਵੇਲਾ ਹੋ ਜਾਣਾ। ਮਾਈਆਂ ਪੱਠਾ- ਦੱਥਾ, ਬਜ਼ੁਰਗਾਂ ਤਾਣਾ ਤਣਨ ਤੇ ਭੈਣਾਂ ਰੋਟੀ ਟੁੱਕ ਨੂੰ ਜੁੱਟ ਜਾਣਾ।ਜ਼ਿੰਦਗੀ ਵਿਚ ਬੜਾ ਹੀ ਠਹਿਰਾ ਸੀ। ਕਿਸੇ ਤਰ੍ਹਾਂ ਦੀ ਦੌੜ ਭੱਜ ਦਾ ਕੋਈ ਨਾਂ ਥੇਹ ਨਹੀਂ ਸੀ. ਸਮਾਂ ਬਦਲਿਆ ਤੇ ਥਾਵਾਂ ‘ਤੇ ਕਬਜ਼ੇ ਹੋਣ ਲੱਗੇ। ਪੰਚਾਇਤਾਂ ਵੀ ਮੂਕ ਦਰਸ਼ਕ ਬਣੀਆਂ ਰਹੀਆਂ। ਸਭ ਤੋਂ ਪਹਿਲਾਂ ਚੜ੍ਹਦੇ ਪਾਸੇ ਵਾਲੀ ਬੋਹੜ ਦੀ ਪੋਟਾ ਪੋਟਾ ਕਰ ਕੇ ਬਲੀ ਲਈ ਗਈ। ਫਿਰ ਉਸ ਦੇ ਹਮਸਾਏ ਪਿੱਪਲ ਦੀ ਵਾਰੀ ਆ ਗਈ। ਨਾ ਵਾਤਾਵਰਣ ਤੇ ਨਾ ਪਿੰਡ ਦੀ ਸ਼ਾਨ ਦਾ ਕਿਸੇ ਨੂੰ ਖਿਆਲ ਆਇਆ। ਸਦੀਆਂ ਪੁਰਾਣਾ ਵਿਸ਼ਾਲ ਪਿੱਪਲ ਵੀ, ਜਿਸ ਨੇ ਸਾਡੇ ਲਈ ਮਣਾਂ ਮੂੰਹੀਂ ਆਕਸੀਜਨ ਪੈਦਾ ਕੀਤੀ, ਇਕ ਇਕ ਡਾਲ਼ਾ ਵੱਢ ਕੇ ਸ਼ਹੀਦ ਕਰ ਦਿੱਤਾ ਗਿਆ। ਬੋਹੜ ਅਤੇ ਪਿੱਪਲ ਨੂੰ ਘਣਛਾਵੇਂ ਬਣਨ ਲਈ ਸਦੀਆਂ ਲੱਗਦੀਆਂ ਹਨ। ਇਹ ਜੀਆਂ ਦੀ ਪ੍ਰਵਰਿਸ਼ ਕਰਦੇ ਹਨ। ਪਿੰਡ ਦੀ ਸ਼ੋਭਾ ਵਧਾਉਂਦੇ ਹਨ। ਆਓ ਨਵੀਆਂ ਬੋਹੜਾਂ ਤੇ ਪਿੱਪਲਾਂ ਨੂੰ ਅਪਨਾਈਏ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਕੁਝ ਚੰਗਾ ਛੱਡ ਕੇ ਜਾਈਏ।
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)
ਪੁਸਤਕਾਂ:
ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ
ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722