21 January 2025

ਅੱਠ ਕਵਿਤਾਵਾਂ — ਰੂਪ ਲਾਲ ਰੂਪ

1. ਮਰਨ ਵਰਤ, 2. ਬੋਲ-ਕਬੋਲ, 3. ਆਕੜਾਂ ਦਾ ਅਫ਼ਾਰਾ, 4. ਡਾਰ ਨੂੰ ਕਾਰ, 5. ਮੰਜੀ ਦੀ ਦੌਣ, 6 ਮਿੱਟੀ ਦੀ ਮੁੱਠ, 7. ਜਿੰਦੇ, ਅਤੇ 8. ਜਾਗ ਪਏ ਨੇ ਵਖਤਾਂ ਵਾਲੇ

1. ਮਰਨ ਵਰਤ

ਮਰਨ ਵਰਤ ‘ਤੇ ਬੈਠਾ ਏ ਅੰਨਦਾਤਾ,
ਨੌਬਤ ਬਣੇ ਨਾ ਮਰਨ ਮਾਰਨੇ ਦੀ।
ਲਾਂਬੂ ਲਾਈ ਭਾਵਾਂ ਨੂੰ ਜਾਣ ਨੇਤਾ,
ਗੱਲ ਤੁਰੇ ਨਾ ਤੱਪਦੇ ਠਾਰਨੇ ਦੀ।
ਪਿੱਛੋਂ ਗੋਡਿਆਂ ਪਰਨੇ ਹੋਣ ਨੇਤਾ,
ਗੱਲ ਕਰਨ ਜੋ ਦੁਨੀਆਂ ਚਾਰਨੇ ਦੀ।
‘ਰੂਪ’ ਸ਼ਾਇਰਾ ਇਤਿਹਾਸ ਪੰਜਾਬ ਦਾ ਏ,
ਰੁੱਤ ਡਿੱਠੀ ਨਾ ਬਾਜੀ ਹਾਰਨੇ ਦੀ।
***

2. ਬੋਲ-ਕਬੋਲ
ਸਾਰੀ ਉਮਰ ਨਾ ਤੈਨੂੰ ਸਮਝ ਆਉਣੀ,
ਤੇਰੇ ਅੰਦਰ ਜੋ ਬੈਠਾ ਬੋਲਦਾ ਏ।
ਚਾਲੀ ਗੰਜ ਕਾਰੂ ਕਿਸ ਲਈ ਜੋੜੇ,
ਤੇਰਾ ਤੇਰਾ ਕੋਈ ਕਿਉਂ ਤੋਲਦਾ ਏ।
ਬੇਗਮਪੁਰਾ ਦੀ ਤੰਗਲੀ ਕੋਈ ਫੜ ਕੇ,
ਅਜ਼ਾਬ ਜਗ ਦੇ ਕਾਹਨੂੰ ਰੋਲ੍ਹਦਾ ਏ।
‘ਰੂਪ’ ਸ਼ਾਇਰਾ ਇਹ ਦੁਨੀਆਂ ਬਹੁਤ ਚੰਗੀ,
ਝੇੜਾ ਇਕੋ ਹੀ ਬੋਲ-ਕਬੋਲ ਦਾ ਏ।
*
3. ਆਕੜਾਂ ਦਾ ਅਫ਼ਾਰਾ
ਕਾਹਦਾ ਮਾਣ ਕਰੇਂਦਾ ਏਂ ਬੰਦਿਆ ਤੂੰ,
ਬਣੇ ਧਨ ਦੌਲਤਾਂ ਦੇ ਨਾਲ ਭਾਰਾ।
ਦੋ ਰੋਟੀਆਂ ਤਾਂ ਉਹ ਵੀ ਖਾਂਵਦਾ ਏ,
ਨੀਲੀ ਛੱਤ ਦਾ ਜਿਸਦੇ ਸਿਰ ਢਾਰਾ।
ਬਾਂਹ ਕੱਢ ਕੇ ਮੌਤ ਜਦ ਹਾਕ ਮਾਰੇ,
ਧਨ ਦੌਲਤਾਂ ਦਾ ਚੱਲਦਾ ਨਹੀਂ ਚਾਰਾ।
‘ਰੂਪ’ ਸ਼ਾਇਰਾ ਤੈਂ ਸੜ ਸੁਆਹ ਹੋਣਾ ,
ਤੇਰਾ ਆਕੜਾਂ ਦਾ ਝੂਠ-ਮੂਠ ਅਫਾਰਾ ।
**
4. ਡਾਰ ਨੂੰ ਕਾਰ
ਭਿਣਕ ਪੈਂਦੀ ਨਿਮਾਣੇ ਦਿਲ ਨੂੰ ਨਾ,
ਕਦੋਂ ਹੁੰਦੀਆਂ ਅੱਖਾਂ ਚਾਰ ਬੇਲੀ।
ਚਾਲ ਬਦਲ ਜਾਂਦੀ ਚੰਨ ਤਾਰਿਆਂ ਦੀ,
ਬਦਲ ਜਾਂਦਾ ਸਾਰਾ ਸੰਸਾਰ ਬੇਲੀ।
ਹਰਫ਼ ਲਿਖੇ ਹਵਾਵਾਂ ਦੇ ਵਿਚ ਜਾਂਦੇ,
ਵੱਜੇ ਖੰਭਾਂ ਦੀ ਡਾਰ ਨੂੰ ਕਾਰ ਬੇਲੀ।
‘ਰੂਪ’ ਰਾਜੇ ਅਦਲੀ ਦਾ ਨਿਆਂ ਹੋਵੇ,
ਦੁਨੀਆਂਦਾਰ ਜਾਂਦੇ ਨੇ ਹਾਰ ਬੇਲੀ।
***
5. ਮੰਜੀ ਦੀ ਦੌਣ
ਮਨ ਮੋਂਹਦੇ ਸਦਾ ਨੇ ਬੋਲ ਮਿੱਠੇ,
ਯਮੁਲਾ ਜੱਟ ਦੇ ਸੁਰੀਲੇ ਗੌਣ ਵਾਂਗੂੰ।
ਦੂਣਾ ਜ਼ਲਵਾ ਹੁਸਨ ਬਖੇਰਦਾ ਏ,
ਡੁੱਸ ਹੋਵੇ ਮਿਰਗ ਦੀ ਧੌਣ ਵਾਂਗੂੰ।
ਜਤ-ਸਤ ਦਾ ਹੈ ਨਹੀਂ ਕੋਈ ਸਾਨੀ,
ਲੰਕਾਪਤੀ ਲੰਕੇਸ਼ਵਰ ਰੌਣ ਵਾਂਗੂੰ।
‘ਰੂਪ’ ਸ਼ਾਇਰਾ ਬਾਲ ਨੇ ਸੁਰ ਰਹਿੰਦੇ,
ਕੱਸ ਰੱਖੀਏ ਮੰਜੀ ਦੀ ਦੌਣ ਵਾਂਗੂੰ।
**
6. ਮਿੱਟੀ ਦੀ ਮੁੱਠ
ਸੁਹਣਾ ਲੱਖ ਜਹਾਨ ਹੈ ਦੇਖਣੇ ਨੂੰ,
ਹੈਗਾ ਅੰਦਰੋਂ ਰੋਲ-ਘਚੋਲ ਮੀਆਂ।
ਕੋਈ ਕਿਸੇ ਦੀ ਏਥੇ ਮਾਲਕੀ ਨਾ,
ਮੇਰੀ ਮੇਰੀ ਦੇ ਝੂਠੇ ਢੋਲ ਮੀਆਂ।
ਕਿਸੇ ਸੰਦੀ ਨਾ ਧੀ ਤੇ ਪੁੱਤ ਕੋਈ,
ਸਾਕ ਸਾਰੇ ਢੋਲ ਦਾ ਪੋਲ ਮੀਆਂ।
‘ਰੂਪ’ ਸ਼ਾਇਰਾ ਸਿਰਾ ਜੋ ਮਾਣ ਦਾ ਏ,
ਮੁੱਠ ਮਿੱਟੀ ਦੀ ਉਹੋ ਖੋਲ ਮੀਆਂ।
**

7. ਜਿੰਦੇ

ਰਹੇ ਖੂਹ ਤੇ ਨਾ ਬੂਟੇ ਨਿੰਬੂਆਂ ਦੇ,
ਜਿੱਥੇ ਪੈਂਦੇ ਸੀ ਪੈਰ ਪਿਆਰਿਆਂ ਦੇ।
ਕੰਧਾਂ ਰੋਵਣ ਗਲੀਆਂ ਗਲ ਲੱਗ ਕੇ,
ਜਿੰਦੇ ਲਟਕਦੇ ਦੇਖ ਮੁਨਾਰਿਆਂ ਦੇ।
ਯਾਰ ਵੱਸ ਗਏ ਪਾਰ ਸਮੁੰਦਰਾਂ ਤੋਂ,
ਚੇਤੇ ਭੁੱਲ ਗਏ ਸਵਾਤਾਂ ਢਾਰਿਆਂ ਦੇ।
‘ਰੂਪ ‘ ਸ਼ਾਇਰਾ ਮੁਬੈਲ ‘ਤੇ ਹੋਣ ਗੱਲਾਂ,
ਪੰਧ ਓਦਰੇ ਚੰਨ ਤੇ ਤਾਰਿਆਂ ਦੇ।
***

8. ਜਾਗ ਪਏ ਨੇ ਵਖਤਾਂ ਵਾਲੇ

ਸੋਚੀਂ ਪੈ ਗਏ ਤਖਤਾਂ ਵਾਲੇ,
ਜਾਗ ਪਏ ਨੇ ਵਖਤਾਂ ਵਾਲੇ,
ਤੁਰਿਆ ਆਉਂਦਾ ਰੱਥ
ਦੇਖ ਕੇ ਕਾਸ਼ੀ ਵਾਲੇ ਦਾ ।
ਆਰ ਪਾਰ ਦਾ ਯੁੱਧ ਹੋਊ
ਨਾ ਵਿਚ ਵਿਚਾਲੇ ਦਾ ।

ਹੁਣ ਨਾ ਜੰਮਣੇ ਖੂਹ ਦੇ ਡੱਡੂ ।
ਨਾ ਦੋਨੋਂ ਹੱਥ ਹੋਣਗੇ ਲੱਡੂ ।
ਮਨ ਮਰਜ਼ੀ ਦੇ ਹਾਕਮ ਤਾਈਂ,
ਹੁਣ ਪਬਲਿਕ ਪਟਕਾ ਕੇ ਛੱਡੂ ।
ਭਿੰਨ-ਭੇਦ ਨਾ ਚੱਲਣਾ ਕੋਈ,
ਗੋਰੇ ਕਾਲੇ ਦਾ ।
ਆਰ ਪਾਰ ਦਾ ਯੁੱਧ ਹੋਊ,
ਨਾ ਵਿਚ ਵਿਚਾਲੇ ਦਾ ।

ਲੰਮੇ ਲੰਮੇ ਵਾਅਦੇ ਕਰ ਕੇ ।
ਹਾਕਮ ਭੁੱਲਦੇ ਇਕ ਇਕ ਕਰ ਕੇ ।
ਟੈਕਸਾਂ ਵਾਲੇ ਬੋਝ ਦੇ ਤਾਈਂ,
ਲੋਕਾਂ ਨੇ ਨਾ ਬਹਿਣਾ ਜਰ ਕੇ ।
ਮਧੁਪ ਮਖੀਰਾ ਮੋੜ ਦੇਊਗਾ,
ਮੂੰਹ ਪਰਨਾਲੇ ਦਾ ।
ਆਰ ਪਾਰ ਦਾ ਯੁੱਧ ਹੋਊ,
ਨਾ ਵਿਚ ਵਿਚਾਲੇ ਦਾ ।

ਦੋਮ ਸੇਮ ਦੀ ਦਰਜਾਬੰਦੀ ।
ਨਾ ਚੱਲਣੀ ਹੁਣ ਨੀਅਤ ਮੰਦੀ ।
ਮਨ ਦੇ ਕਪਟੀ ਹਾਕਮ ਤਾਈਂ,
ਰਤਾ ਵੀ ਮਿਲਣੀ ਨਾ ਬਖਸ਼ੰਦੀ।
ਕੱਢ ਦਿੱਤਾ ਏ ਚੰਡ ਗੁਰਾਂ,
ਰੰਬੀ ਦੇ ਫਾਲ੍ਹੇ ਦਾ ।
ਆਰ ਪਾਰ ਦਾ ਯੁੱਧ ਹੋਊ,
ਨਾ ਵਿਚ ਵਿਚਾਲੇ ਦਾ ।

ਸਭਨਾ ਤਾਈਂ ਅੰਨ ਚਾਹੀਦਾ ।
ਹਰ ਸ਼ਹਿਰੀ ਪ੍ਰਸੰਨ ਚਾਹੀਦਾ ।
ਵਿੱਦਿਆ ਦੀਪ ਜਗਾਵੇ ਸਭ ਦਾ,
ਵਿੱਦਿਆ ਨਹੀਂ ਡੰਨ ਚਾਹੀਦਾ ।
‘ਰੂਪ ‘ ਬੀਤ ਗਿਆ ਵੇਲਾ ਮਾੜਾ,
ਘਾਲ੍ਹੇ ਮਾਲ੍ਹੇ ਦਾ ।
ਆਰ ਪਾਰ ਦਾ ਯੁੱਧ ਹੋਊ,
ਨਾ ਵਿਚ ਵਿਚਾਲੇ ਦਾ ।
***
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
ਜਿਲ੍ਹਾ ਜਲੰਧਰ (ਪੰਜਾਬ )

94652-25722

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1434
***

+94652-29722 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →