ਨੋਟ: ਪੰਜਾਬੀ ਸਾਹਿਤ ਨੂੰ ਸਮਰਪਿਤ, ਵਿਗਿਆਨੀ, ਲੇਖਕ-ਕਵੀ ਅਤੇ ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ ਡਾ. ਗੁਰਦੇਵ ਸਿੰਘ ਘਣਗਸ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹੈ। 2005 ਵਿੱਚ ਆਪਣੀ ਪਹਿਲੀ ਕਾਵਿ-ਪੁਸਤਕ ‘ਸੱਠਾਂ ਤੋਂ ਬਾਅਦ’ ਦੀ ਪ੍ਰਕਾਸ਼ਨਾ ਮਗਰੋਂ ਉਸਨੇ ਫਿਰ ਪਿਛਾਂਹ ਮੁੜ ਕੇ ਨਹੀਂ ਦੇਖਿਆ। ‘ਸੱਠਾਂ ਤੋਂ ਬਾਅਦ’ ਉਸਨੇ, ਪੰਜਾਬੀ ਸਾਹਿਤਕ ਜਗਤ ਦੀ ਝੋਲੀ ਵਿੱਚ ਅਗ੍ਹਾਂ ਦਰਜ ਹੋਰ ਕਾਵਿ-ਸੰਗ੍ਰਹਿ/ਪੁਸਤਕਾਂ ਪਾਈਅਾਂ: ਤੁਰਦੇ ਭੁਰਦੇ ਜੁੜਦੇ ਰਿਸ਼ਤੇ(2006), ਕੁਝ ਆਰ ਦੀਅਾਂ ਕੁਝ ਪਾਰ ਦੀਅਾਂ (2008), ਧੁੱਖਦੇ ਅਹਿਸਾਸ( 2009), ਸੱਤਰ ਦੇ ਲਾਗ (2012) ਅਤੇ ਇਕ ਮੋੜ ਵਿਚਲਾ ਪੈਂਡਾ (2019)। ਡਾ. ਘਣਗਸ ਦੀਅਾਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਈਅਾਂ ਜਿਵੇਂ ਕਿ 1. In Search of Pathways—The Making and Breaking of A Scientist in the Modern World —(Memoir 2015) and 2. Journey Through aTurning Point—My Life During And After Leukemia —(Memoir-2019).
‘ਇਕ ਮੋੜ ਵਿਚਲਾ ਪੈਂਡਾ’ ਇਸ ਅੰਗਰੇਜ਼ੀ ਪੁਸਤਕ ‘Journey Through A Turning Point—My Life After Leukemia ਦਾ ਹੀ ਪੰਜਾਬੀ ਰੂਪ ਹੈ। ਇਹ ਸਵੈ-ਜੀਵਨੀ ਪੜ੍ਹਨ ਨਾਲ ਹੀ ਸੰਬੰਧ ਰੱਖਦੀ ਹੈ ਜਿਸ ਰਾਹੀਂ ਪਤਾ ਲੱਗਦਾ ਹੈ ਕਿ ਇਸ ਸਿਰੜ ਦੇ ਪੱਕੇ ਕਵੀ/ਲੇਖਕ ਨੇ ਕਿੰਨ੍ਹਾਂ ਗੰਭੀਰ ਹਾਲਤਾਂ ਵਿੱਚੋਂ ਲੰਘਦਿਆ ਆਪਣੇ ਜੀਵਨ ਦੇ ਇਸ ‘ਸਮੇਂ’ ਦਾ ਦਲੇਰੀ ਨਾਲ ਨਾ ਕੇਵਲ ਮੁਕਾਬਲਾ ਹੀ ਕੀਤਾ ਸਗੋਂ ਲੋੜੀਂਦੀ ਜਿੱਤ ਵੀ ਪਰਾਪਤ ਕੀਤੀ ਅਤੇ ਜੀਵਨ ਨੂੰ ਨਵੀਅਾਂ ਸੇਧਾਂ ਦੇ ਕੇ ਹਲਕੇ-ਫੁਲਕੇ ਰੁਝੇਵਿਅਾਂ ਨਾਲ ਸੁਖਾਵਾਂ ਬਣਾਇਆ। ਇਸ ਪ੍ਰੇਰਨਾ-ਸਰੋਤ ਪੁਸਤਕ ਦੇ ਪਠਨ ਨੇ ਨਿਰਸੰਦੇਹ ਮੈਂਨੂੰ ਝੰਝੋੜਿਆ, ਸੋਚ ਨੂੰ ਟੁੰਬਿਆ, ਢੇਰੀ ਢਾਉਣ ਤੋਂ ਵਰਜਿਆ ਅਤੇ ਬਲ ਬਖਸ਼ਿਆ। ਇਹ ਸਵੈ-ਜੀਵਨੀ ਪੜ੍ਹਨ ਯੋਗ, ਸੋਚ ਨੂੰ ਡਾਵਾਂ-ਡੋਲ ਹੋਣ ਤੋਂ ਬਚਾਉਣ ਵਾਲੀ ਅਤੇ ਪ੍ਰੇਰਨਾਦਾਇਕ ਹੋਣ ਕਾਰਨ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਿਸ਼ਤਾਂ ਵਿੱਚ ਹਾਜ਼ਰ ਕੀਤੀ ਜਾ ਰਹੀ ਹੈ।—-ਲਿਖਾਰੀ
ਅਧਿਆਇ 5ਸਾਡੇ ਬੱਚੇਊਟ ਪਟਾਂਗ ਦੀ ਧਰਤੀ ਤੇ ਤੁਹਾਡਾ ਸਵਾਗਤ ਹੈ ਜੀ, ਬਾਦਸ਼ਾਹੋ। ਮੇਰੀ ਘਰਵਾਲੀ ਬੱਚਿਆਂ ਦੀਆਂ ਗੱਲਾਂ- ਤਾਰੀਫਾਂ ਭਰ ਭਰ ਕਰਦੀ, ਕਦੇ ਨਾ ਥੱਕਦੀ। ਕਦੇ ਕਦੇ ਮੈਂ ਥੋੜਾ ਵਿਰੋਧ ਕਰਦਾ। ਖੈਰ, ਮੈਂ ਉਹਦੇ ਵਾਂਗ ਨਹੀਂ ਸੀ ਕਰ ਸਕਦਾ। ਇਸ ਪੱਖੋਂ ਮੇਰੀ ਤਾਂ ਫਿਤਰਤ ਹੀ ਹੋਰ ਹੈ, ਚੁਪ-ਚੁਪੀਤਾ ਤੇ ਅੰਤਰਮੁਖੀ, ਜੋ ਗ਼ੈਰਾਂ ਨਾਲ ਦੁੱਖ-ਸੁੱਖ ਸਾਂਝੇ ਕਰਨ ਤੋਂ ਝਿਜਕਦਾ ਹੈ। ਮੈਂ ਹਮੇਸ਼ਾਂ ਏਦਾਂ ਨਹੀਂ ਸੀ ਹੁੰਦਾ। ਮੇਰੀ ਮਾਂ ਕਹਿੰਦੀ ਹੁੰਦੀ ਸੀ ਕਿ, ‘‘ਬੱਚਾ ਹੁੰਦਾ, ਮੈਂ ਬਾਹਲਾ ਬੋਲਦਾਂ ਹੁੰਦਾ ਸੀ।’’ ਸ਼ਾਇਦ ਉਹਨੇ ਮੂੰਹ-ਪਾੜ ਬੱਚੇ ਨਾ ਦੇਖੇ ਹੋਣ। ਪਰ ਵੱਡੇ ਹੁੰਦਿਆਂ ਮੈਨੂੰ ਮਹਿਸੂਸ ਹੋਣ ਲੱਗ ਪਿਆ ਸੀ ਕਿ ਜਿਤਨਾ ਜਿਆਦਾ ਮੈਂ ਬੋਲਦਾ, ਉਤਨੀਆਂ ਗਲਤੀਆਂ ਮੈਂ ਕਰ ਜਾਂਦਾ। ਮੈਂ ਗਲਤੀਆਂ ਕਰਨਾ ਨਹੀਂ ਸੀ ਚਾਹੁੰਦਾ, ਜੇ ਵਸ ਦੀ ਗੱਲ ਹੋਵੇ। ਆਪਣੀਆਂ ਯਾਦਾਂ ਬਾਰੇ ਲਿਖਦੇ ਸਮੇਂ ਮੈਨੂੰ ਅਨੁਭਵ ਹੋਇਆ ਕਿ ਯਾਦਾਂ ਬਾਰੇ ਲਿਖਣਾ ਸਾਇੰਸ ਦੀ ਲਿਖਾਈ ਨਾਲ ਮੇਚ ਨਹੀਂ ਖਾਂਦਾ। ਯਾਦਾਂ ‘ਚ ਉਹੀ ਕੁਝ ਲਿਖੀਦਾ ਹੈ ਜੋ ਯਾਦ ਹੋਵੇ, ਬਹੁਤ ਗੱਲਾਂ ਦੀ ਯਾਦ ਭੁੱਲ ਵੀ ਸਕਦੀ ਹੈ, ਅਧੂਰੀ ਵੀ ਹੋ ਸਕਦੀ ਹੈ। ਸਾਇੰਸ ਦੀ ਲਿਖਾਈ ਵਿਚ ਮਸੂਮ ਜਹੀ ਗਲਤੀ ਵੱਡਾ ਪੁਆੜਾ ਪਾ ਸਕਦੀ ਹੈ ਅਤੇ ਤੁਹਾਨੂੰ ‘‘ਮੁਕੱਦਮਾ ਸ਼ਹਿਰ’’, “Sue City” ਦੇ ਦਰਸ਼ਨ ਕਰਾ ਸਕਦੀ ਹੈ। ‘‘ਮੁਕੱਦਮਾ ਸ਼ਹਿਰ’’ ਭੁੱਖੇ ਵਕੀਲਾਂ ਨਾਲ ਭਰੇ ਪਏ ਹਨ ਜੋ ਤਿਣਕਾ ਡਿਗਣ ਤੇ ਪੇਸ਼ ਪੈ ਜਾਂਦੇ ਹਨ। ਮੈਂ ਕੋਈ ਮਲੀਨ ਅਮੀਰ, filthy rich, ਨਹੀਂ, ਭਾਵੇਂ ਬਹੁਤਾ ਗਰੀਬ ਵੀ ਨਹੀਂ। ਬਹੁਤੇ ਗਰੀਬਾਂ ਤੇ ਕੋਈ ਮੁਕੱਦਮਾ ਨਹੀਂ ਕਰਦਾ। ਲੋਕ ਮੱਧ ਵਰਗ ਦੇ ਮੂਰਖਾਂ ਨੂੰ ਉਲਝਾ ਲੈਂਦੇ ਹਨ। ਰਿਟਾਇਰ ਹੋਣ ਤੋਂ ਪਹਿਲਾਂ ਮੈਂ ਵੀ ਮੱਧ ਵਰਗ ਵਿਚ ਭਟਕ ਰਿਹਾ ਸਾਂ। ਇਕ ਚੰਗਾ ਲੇਖਕ ਗੁੰਝਲਦਾਰ ਕਹਾਣੀਆਂ ਨੂੰ ਤਰਤੀਬ ਵਿਚ ਢਾਲਕੇ ਸਾਦੀਆਂ ਤੇ ਦਿਲਚਸਪ ਲਿਖਤਾਂ ਬਣਾ ਦਿੰਦਾ ਹੈ। ਉਦਾਹਰਣ ਵਜੋਂ, ਜੈਨਤ ਵਾਲਜ਼ ਦੀ ਅੰਗਰੇਜ਼ੀ ਵਿਚ ਲਿਖੀ ਯਾਦਦਾਸ਼ਤ, ਕੱਚ ਦਾ ਮਹਿਲ (Glass Castle, a memoir by Jeannette Walls) ਪੜ੍ਹਦਿਆਂ ਮੈਨੂੰ ਮਹਿਸੂਸ ਹੋਇਆ ਕਿ ਮੈਂ ਬੱਚਿਆਂ ਬਾਰੇ ਝਿਜਕਣ ਦੀ ਸਥਿਤੀ ਵਿਚ ਲਿਖਦਾ ਹਾਂ। ਇਸ ਨਾਲ ਪੜ੍ਹਨ ਵਾਲੇ ਨੂੰ ਸ਼ਾਇਦ ਏਦਾਂ ਲਗਦਾ ਹੋਵੇ ਕਿ ਲੋੜੀਂਦੀ ਜਾਣਕਾਰੀ ਨਹੀਂ ਮਿਲੀ। ਪਰ, ਮੈਂ ਆਪਣੇ ਵਿਚਾਰਾਂ ਅਨੁਸਾਰ ਲਿਖਦਾ ਹਾਂ। ਮੰਨਿਆ ਕਿ ਮੈਂ ਸੰਖੇਪਤਾ ਪਸੰਦ ਕਰਦਾ ਹਾਂ। ਇਸਦੇ ਕਾਰਨ ਸ਼ਾਇਦ ਗੁੰਝਲਦਾਰ ਹੋਣ। ਮੇਰਾ ਵਿਰਸਾ, ਮੇਰੀ ਵਿਗਿਆਨਕ ਪਿੱਠ-ਭੂਮੀ, ਅਤੇ ਦੁਨੀਆ ਦੇ ਵੱਖ ਵੱਖ ਵਿਰਸੇ ਦੇ ਲੋਕਾਂ ਵਿਚਦੀ ਵਿਚਰਨਾ। ਕੁਝ ਵੀ ਹੋਵੇ, ਮੇਰੇ ਪਾਸ ਦੋਸਤਾਂ, ਰਿਸ਼ਤੇਦਾਰਾਂ ਦੀਆਂ ਕਹਾਣੀਆਂ ਤਾਂ ਬਹੁਤ ਹਨ। ਸਾਡੇ ਬੱਚੇ, ਅਮਰੀਕਾ ਵਿਚ ਜੰਮੇ ਅਤੇ ਪਲ੍ਹੇ ਹਨ। ਸੁਰਿੰਦਰ ਅਤੇ ਮੇਰੇ, ਪੰਜਾਬ ਵਸਦੇ ਪਰਿਵਾਰਾਂ ਨਾਲ ਤਾਲਮੇਲ ਕੁਦਰਤੀ ਘੱਟ ਰਿਹਾ ਹੈ। ਅਸੀਂ ਇੰਡੀਆ ਜਾਂਦੇ ਤਾਂ ਰਹੇ, ਪਰ ਸਿਰਫ ਕੁਝ ਹਫਤਿਆਂ ਲਈ। ਇਸ ਲਈ ਬੱਚਿਆਂ ਅਤੇ ਵਡੇਰਿਆਂ ਵਿਚ ਬੋਲਣ ਦਾ ਪਾੜਾ ਪੂਰਾ ਨਾ ਹੋ ਸਕਿਆ। ਇਸ ਨਾਲ ਮਾਂ-ਬਾਪ ਉਦਾਸ ਦਿਸਦੇ ਰਹੇ। ਪਰ, ਬੱਚਿਆਂ ਨੂੰ ਕੋਈ ਫਰਕ ਨਹੀਂ ਸੀ ਲਗਦਾ ਕਿਉਂਕਿ ਉਹਨਾਂ ਨੂੰ ਤਾਂ ਧਿਆਨ ਜਿਆਦਾ ਮਿਲ ਜਾਂਦਾ ਸੀ। ਸਾਡੇ ਤਿੰਨੋ ਬੱਚੇ ਚੰਗੇ ਪੜ੍ਹੇ-ਲਿਖੇ, ਵਿਹਾਰ ਦੀ ਗੱਲ ਕਰਨ ਵਾਲੇ, ਆਪੋ ਆਪਣੇ ਪੈਰਾਂ ਤੇ ਖੜ੍ਹੇ ਹਨ। ਇਸ ਪੱਖੋਂ ਸਾਨੂੰ ਕੋਈ ਚਿੰਤਾ ਨਹੀਂ। ਉਹ ਖੇਡਾਂ ਵਿਚ ਵੀ ਹਿੱਸਾ ਲੈਂਦੇ ਰਹੇ ਹਨ, ਅਤੇ- ਲੋਕ-ਭਲਾਈ ਦੇ ਕੰਮਾਂ ਵਿਚ ਹਿੱਸਾ ਪਾਉਂਦੇ ਰਹੇ ਹਨ। ਜਦ ਉਹ ਸਾਡੇ ਨਾਲ ਰਹਿੰਦੇ ਸਨ, ਮੈਂ ਅਕਸਰ ਉਹਨਾਂ ਦੇ ਜੇਬ-ਖਰਚਿਆਂ ਤੇ ਕਿੰਤੂ-ਪ੍ਰੰਤੂ ਕਰਦਾ ਰਹਿੰਦਾ, ਪਰ ਸੁਰਿੰਦਰ ਨਹੀਂ ਕਿਉਂਕਿ ਉਹ ਤਾਂ ਆਖਰ ਮਾਂ ਸੀ। ਬੇਟਾ ਇਮਰੋਜ਼ ਉਮਰ ਵਿਚ ਵੱਡਾ ਹੈ। ਉਹਨੂੰ ਪੰਜਾਬ ਦੇ ਮੇਲਿਆਂ ਵਿਚ ਬੋਤਿਆਂ ਅਤੇ ਬਲਦਾਂ ਦੀਆਂ ਦੌੜਾਂ ਅਜੇ ਵੀ ਯਾਦ ਨੇ। ਹਾਈ ਸਕੂਲ ਅਤੇ ਕਾਲਜ ਦੀ ਪੜ੍ਹਾਈ ਸਮੇਂ ਉਹ ਇੰਡੀਆ ਨਹੀਂ ਜਾ ਸਕਿਆ, ਪੜ੍ਹਾਈ ਵਿਚ ਪਿੱਛੇ ਰਹਿ ਜਾਣ ਦੇ ਡਰ ਤੋਂ। ਕੁਝ ਸਾਡੀ ਮਜ਼ਬੂਰੀ ਵੀ ਸੀ, ਕੰਮਾਂ ਵਿਚੋਂ ਸਮਾਂ ਕੱਢਣਾਂ ਇਤਨਾ ਸੌਖਾ ਨਹੀਂ ਸੀ। ਕੱਲੇ ਨੂੰ ਪੰਜਾਬ ਭੇਜਣ ਦਾ ਸਾਡਾ ਹੀਆਂ ਨਾ ਪਿਆ। ਬੱਚੇ ਤਾਂ ਕੋਲ ਰਹਿੰਦਿਆਂ ਵੀ ਕਾਬੂ ਕਰਨੇ ਔਖੇ ਹੁੰਦੇ ਹਨ। ਸਾਡੀ ਗ਼ੈਰ-ਹਾਜ਼ਰੀ ਵਿਚ ਪੰਜਾਬੀ ਪਰਿਵਾਰਾਂ ਵੱਲੋਂ ਬਿਗਾੜੇ ਜਾਣ ਦਾ ਡਰ ਸੀ। ਇਮਰੋਜ਼ ਨੇ ਇਥਕਾ ਹਾਈ ਸਕੂਲ ਤੋਂ ਪੜ੍ਹਕੇ, ਪੈਨ ਸਟੇਟ ਯੂਨੀਵਰਸਿਟੀ ਤੋਂ ਜੀਵ-ਵਿਗਿਆਨ ਦੀ ਬੀ.ਐਸ.ਸੀ. ਕੀਤੀ, ਅਤੇ ਨੌਕਰੀ ਲੱਭ ਲਈ। ਜਦ ਮੈਂ ਇਹ ਕਿਤਾਬ ਲਿਖਣੀ ਸ਼ੁਰੂ ਕੀਤੀ, ਉਹ ਆਪਦੀ ਪਤਨੀ ਮਨਜੀਤ ਅਤੇ ਦੋ ਬੱਚਿਆਂ ਸਮੇਤ ਸਾਥੋਂ ਦੋ ਘੰਟੇ ਦੀ ਦੂਰੀ ਤੇ ਰਹਿੰਦਾ ਸੀ। ਅਸੀਂ ਉਹਨਾਂ ਨੂੰ ਕਈ ਹਫਤਿਆਂ ਬਾਅਦ ਮਿਲਦੇ। ਦਾਦੀ ਦਾਦਾ ਹੁੰਦਿਆਂ ਸਾਨੂੰ ਉਹਦਾ ਵਿਹਾਰ ਬੇ-ਰੁਖਾ ਲਗਦਾ। ਪਰ ਜਦ ਵੀ ਜੀਅ ਕਰਦਾ ਕਿ ਉਹਨੂੰ ਦੱਸਿਆ ਜਾਵੇ, ਮੈਨੂੰ ਆਪਣੇ ਮਾਂ-ਬਾਪ ਯਾਦ ਆ ਜਾਂਦੇ ਜਿਨ੍ਹਾਂ ਨੂੰ ਅਸਾਂ ਕੁਝ ਵਿਸਾਰ ਛੱਡਿਆ ਸੀ। ਜਦ ਸਾਡੇ ਮਾਂ-ਬਾਪ ਆਪਣੇ ਪੋਤੇ-ਦੋਹਤਿਆਂ ਨੂੰ ਮਿਲਣ ਲਈ ਸਨੇਹੇ ਘੱਲਦੇ, ਪਰ, ਸਾਡਾ ਵੀ ਕੰਮ ‘ਚ ਕੂੰਡਾ ਹੋਇਆ ਪਿਆ ਸੀ। ਬੇਟੇ ਤੋਂ ਛੋਟੀਆਂ ਸਾਡੇ ਦੋ ਧੀਆਂ ਹਨ, ਪਰਮ ਅਤੇ ਰੂਪ। ਪਰਮ ਪਹਿਲੀ ਅਤੇ ਰੂਪ ਦਾ ਜਨਮ ਪਰਮ ਤੋਂ ਗਿਆਰਾਂ ਮਿੰਟ ਪਿਛੋਂ ਹੋਇਆ। ਮੈਂਨੂੰ ਇੰਡੀਆ ਵਿਚ ਘਰਾਂ ਦੀਆਂ ਕੰਧਾਂ ਤੇ ਚਿਪਕਾਇਆ ਪੁਰਾਣਾ ਇਸ਼ਤਿਹਾਰ ਯਾਦ ਹੈ, ‘‘ਅਸੀਂ ਦੋ, ਸਾਡੇ ਦੋ।” ਰੂਪ ਨੇ ਇਸ ਨਾਅਰੇ ਨੂੰ ਵੰਗਾਰ ਕੇ ਜਨਮ ਲਿਆ। ਸਾਨੂੰ ਬੇਟੀਆਂ ਦੀ ਵੀ ਉਨੀ ਖੁਸ਼ੀ ਹੈ, ਜਿੰਨੀ ਬੇਟੇ ਦੀ। ਜਨਮ ਵੇਲੇ ਥੋੜਾ ਝਟਕਾ ਜਰੂਰ ਲੱਗਿਆ ਸੀ, ਕਿ ਤਿੰਨ ਬੱਚਿਆਂ ਦੀ ਸੰਭਾਲ ਦੁੱਭਰ ਨਾ ਹੋ ਜਾਵੇ। ਰੂਪ ਨੇ ਕਾਲਜ ਵਿਚ ਅੰਗਰੇਜ਼ੀ ਅਤੇ ਮਨੋ-ਵਿਗਿਆਨ ਤੇ ਜੋਰ ਦਿੱਤਾ। ਕੁਝ ਚਿਰ ਕੰਮ ਕਰਕੇ, ਰੂਪ ਨੇ ਵੀ ਐਮ.ਬੀ.ਏ. ਦੀ ਉੱਚ ਡਿਗਰੀ ‘ਕਾਰਨੈਲ ਯੂਨੀਵਰਸਿਟੀ’ ਤੋਂ ਹਾਸਲ ਕਰ ਲਈ, ਜਿੱਥੇ ਸੁਰਿੰਦਰ ਅਜੇ ਵੀ ਮੁਲਾਜ਼ਮ ਸੀ। ਯੂਨੀਵਰਸਿਟੀ ਦਾ ਮੁਲਾਜ਼ਮ ਹੋਣ ਕਰਕੇ, ਰੂਪ ਦਾ ਖਰਚਾ ਕੁਝ ਘੱਟ ਸੀ। ਸੁਰਿੰਦਰ ਅਜੇ ਵੀ ਇਸ ਗੱਲ ਦਾ ਫਖ੍ਹਰ ਕਰਦੀ ਹੈ ਕਿ ਉਹ ਆਪਣੇ ਇਕ ਬੱਚੇ ਨੂੰ ‘ਕਾਰਨਲ’ ਜੈਸੇ ਉਚ ਕੋਟੀ ਦੇ ਮਹਾਂਵਿਦਿਆਲੇ ਵਿਚ ਭੇਜ ਸਕੀ। ਦੋਨੋ ਬੇਟੀਆਂ ਆਪਣੇ ਕੰਮਾਂ ਦੀਆਂ ਮਾਹਰ ਹਨ। ਕਾਲਜ ਤੋਂ ਬਾਅਦ ਬੇਟੀਆਂ ਵੀ ਇੰਡੀਆ ਜਾ ਆਈਆਂ ਹਨ। ਸਾਡੀ ਸੋਚ ਦੇ ਉਲਟ, ਉਨ੍ਹਾਂ ਨੂੰ ਇੰਡੀਆ ਬਹੁਤ ਪਸੰਦ ਹੈ। ਪਰਮ ਸਾਡੇ ਨਾਲ 2014 ਵਿਚ ਵੀ ਗਈ, ਤੇ ਅਸੀਂ ਮੇਰੀ ਭੈਣ ਦੇ ਪਰਿਵਾਰ ਵਿਚ ਠਹਿਰੇ। ਪਰਮ ਬਹੁਤ ਛੇਤੀ ਉਥੇ ਰਚ-ਮਿਚ ਗਈ। ਹਰਬੰਸ ਭੈਣ 29 ਜੂਨ, 2005 ਵਿਚ, ਹੇਮਕੁੰਟ ਦੀ ਯਾਤਰਾ ਸਮੇਂ ਦੁਨੀਆ ਛੱਡ ਗਈ ਸੀ। ਇਕ ਵਾਰ ਹਰਬੰਸ ਭੈਣ ਨੇ ਅਮਰੀਕਾ ਸਾਡੇ ਘਰ ਕਈ ਹਫਤੇ ਬਿਤਾਏ। ਉਹ ਇਥਕਾ ਦੀਆਂ ਸੜਕਾਂ ਤੇ ਘੁੰਮ ਕੇ ਖੁਸ਼ ਰਹਿੰਦੀ ਭਾਵੇਂ ਸੜਕਾਂ ਦੇ ਨਾਂ ਪੜ੍ਹਨ ਜੋਗੀ ਨਹੀਂ ਸੀ। ਇਕ ਵਾਰ ਰਸਤਾ ਭੁੱਲ ਗਈ। ਅਸੀਂ ਸਾਰਾ ਦਿਨ ਲੱਭਦੇ ਰਹੇ, ਉਹ ਘੁੰਮਦੀ ਰਹੀ। ਜਦ ਅਸੀਂ ਮਿਲੇ ਮੇਰੀ ‘‘ਸਪੀਕ-ਨੋ-ਇੰਗਲਿਸ਼’’ ਭੈਣ ਮੁਸਕਰਾ ਰਹੀ ਸੀ। ਮੇਰਾ ਜੀਅ ਕੀਤਾ ਕਿ ਫਟਾ-ਫਟ ਜਾਵਾਂ ਤੇ ਉਹਦੇ ਲਈ ਕਿਤੋਂ ਟੀ-ਸ਼ਰਟ ਲੈਕੇ ਆਵਾਂ ਜਿਸਤੇ “I Speak No English” ਲਿਖਿਆ ਹੋਵੇ। ਦੁਕਾਨਾਂ ਬੰਦ ਹੋਣ ਦਾ ਸਮਾਂ ਸੀ। ਅਧਿਆਇ 6 ਪਹਿਲਾਂ ਮੈਂ ਭੱਦੀ ਨਰਸ ਬਾਰੇ ਲਿਖਣਾ ਚਾਹੁਨਾਂ। ਉਹ ਸਾਲਾਂ ਬੱਧੀ ਮੇਰੇ ਖਿਆਲਾਂ ਵਿਚ ਜੜੀ ਹੋਈ ਵਸਤੂ ਵਾਂਗ ਲਟਕਦੀ ਰਹੀ। ਬਾਕੀ ਨਰਸਾਂ ਨੇ ਮੇਰੇ ਨਾਲ ਨਰਸਾਂ ਵਾਲਾ ਵਿਹਾਰ ਕੀਤਾ, ਜ਼ੁਮੇਬਾਰੀ ਅਤੇ ਚਿੰਤਾ ਨਾਲ। ਇਥਕਾ, (ਨੀਯੂ ਯਾਰਕ), ਜਿੱਥੇ ਸੁਰਿੰਦਰ ਕੰਮ ਕਰਦੀ ਸੀ, ਨਵੰਬਰ 1999 ਦੇ ਦਿਨਾਂ ਵਿਚ ਅਤੀ ਠੰਢ ਹੋਣ ਕਰਕੇ ਸੜਕਾਂ ਤੇ ਬਰਫ ਜੰਮੀ ਹੋਈ ਸੀ। ਮੈਂ ਉਨ੍ਹੀਂ ਦਿਨੀਂ ਇਥਾਕਾ ਤੋਂ 200 ਮੀਲ ਪੈਨ ਸਟੇਟ ਯੂਨੀਵਰਸਿਟੀ (Penn State University in State College, Pennsylvania) ਗਿਆ ਹੋਇਆ ਸੀ। ਉਥੋਂ ਦੀ ਇਕ ਨਰਸ ਨੇ ਸ਼ਨਾਖਤ ਕਰਕੇ ਮੈਨੂੰ ਮੇਰੀ ਲਹੂ ਦੀ ਕੈਂਸਰ ਬਾਰੇ ਖ਼ਬਰਦਾਰ ਕੀਤਾ, ਪੁਸ਼ਟੀ ਕਰਵਾਈ ਤੇ ਸਿੱਧੇ ਰਾਹ ਪਾਕੇ ਸੁਰਿੰਦਰ ਦੀ ਕਾਰ ਵਿਚ ਇਥਕਾ ਭੇਜ ਦਿੱਤਾ। ਸਾਡੀ ਪਰਿਵਾਰਕ ਡਾਕਟਰ ਰੂਥ ਕਰੀਪੇ (Dr. Ruth Crepet) ਦੀ ਸਲਾਹ ਨਾਲ ਅਸੀਂ ਕੈਂਸਰ ਦੇ ਮਾਹਰ ਡਾਕਟਰ ਚਾਰਲਸ ਗਾਰਬੋ ਨੂੰ ਮਿਲੇ। ‘‘ਮੈਂ ਇਹਨੂੰ ਰਾਤ ਲਈ ਏਥੇ ਰੱਖਾਂਗਾ, ਪਰ ਇਹਦੀ ਹਾਲਤ ਖਤਰਨਾਕ ਹੈ,’’ ਡਾਕਟਰ ਕਹਿੰਦਾ। ਉਹ ਆਪਣੇ ਕੋਲ ਉਹੀ ਮਰੀਜ਼ ਰਖਦਾ ਸੀ ਜੋ ਕਿਸੇ ਕਾਰਨ ਦੂਰ ਨਾ ਜਾ ਸਕਦੇ। ਅਸੀਂ ਉਹਦਾ ਹੁਕਮ ਸਵੀਕਾਰ ਕਰਕੇ ਰੌਚੇਸਟਰ ਸ਼ਹਿਰ ਦੇ ਹਸਪਤਾਲ ਦਾਖਲ ਹੋਣ ਦਾ ਇਰਾਦਾ ਬਣਾ ਲਿਆ। ਇਥਕਾ ਦੀਆਂ ਸੜਕਾਂ ਤੇ ਬਰਫ ਚਿਪਟੀ ਪਈ ਸੀ। ਮੈਂਨੂੰ ਮੈਡੀਕਲ ਐਂਬੂਲੈਂਸ ਵਿਚ ਲੱਦਕੇ ਰੌਚੈਸਟਰ ਵੱਲ ਤੋਰ ਦਿੱਤਾ ਗਿਆ। ਮੇਰੀ ਵੈਨ ਵਿਚ ਦੋ ਨੌਜਵਾਨ ਸਨ ਜੋ ਮੇਰਾ ਬੁਖਾਰ ਤੇ ਨਬਜਾਂ ਦੇਖਦੇ ਰਹੇ। ਸੁਰਿੰਦਰ ਆਪਣੀ ਰਫਤਾਰ ਨਾਲ ਕਾਰ ਚਲਾਉਂਦੀ ਪਿੱਛੇ ਲੱਗ ਪਈ। ਜਦ ਕਿ ਇਥਕਾ ਤੋਂ ਰੌਚੈਸਟਰ ਪਹੁੰਚਦਿਆਂ ਪਤਾ ਵੀ ਨਾ ਲੱਗਾ, ਅਗਲੇ ਹਸਪਤਾਲ ਵਿਚ ਦਾਖਲਾ ਮੇਰੇ ਲਈ ਹਊਆ ਬਣਕੇ ਰਹਿ ਗਿਆ। ਪਹਿਲਾਂ ਦਾਖਲੇ ਨੂੰ ਚਿਰ ਲੱਗ ਗਿਆ, ਫੇਰ ਮੰਜੇ ਦੀ ਉਡੀਕ ਵਿਚ ਦੇਰ ਹੋ ਗਈ। ਉਧਰ ਮੇਰੀ ਪੀੜ ਵਧਦੀ ਜਾ ਰਹੀ ਸੀ। ਕਦੇ ਕਦੇ ਮੇਰੀਆਂ ਭੁੱਬਾਂ ਨਿਕਲ ਜਾਂਦੀਆਂ। ‘‘ਸ਼ਟ ਅੱਪ,’’ ਇਕ ਜਵਾਨ ਨਰਸ ਜਦ ਵੀ ਮੇਰੇ ਕੋਲ ਆਉਂਦੀ, ਝਿੜਕ ਜਾਂਦੀ। ‘‘ਕਿਰਪਾ ਕਰਕੇ ਮੈਂਨੂੰ ਕੋਈ ਦਰਦ ਦੀ ਦਵਾਈ ਦਿਓ।’’ ‘‘ਮੈਂ ਪੁਲਸ ਸੱਦਕੇ ਤੈਨੂੰ ਪਾਗਲ-ਖਾਨੇ ਭੇਜ ਦੇਊਂ, ਜੇ ਤੂੰ ਚੁੱਪ ਨਾ ਕੀਤਾ।’’ ਇਕ ਚੰਗੀ ਨਰਸ ਦੀ ਉਦਾਹਰਨ ਵੀ ਮੈਂ ਲੱਭ ਲਈ ਹੈ। ਜਾਂ ਜਿਸਨੇ ਮੈਂਨੂੰ ਲੱਭ ਲਿਆ। ‘‘ਮਿਸਟਰ ਘਣਗਸ, ਤੇਰੇ ਕੋਲ ਬਹੁਤਾ ਸਮਾਂ ਨਹੀਂ ਜੇ ਤੇਰਾ ਛੇਤੀ ਇਲਾਜ ਨਾ ਹੋਇਆ,’’ ਉਹ ਕਹਿੰਦੀ। ਪਹਿਲਾਂ ਮੇਰੇ ਪੈਰ ਉਖੜ ਗਏ, ਜਦ ਹੋਸ਼ ਆਈ ਤਾਂ ਮਹਿਸੂਸ ਹੋਇਆ ਨਰਸ ਠੀਕ ਕਹੀੰਦੀ ਸੀ। ਅਫਸੋਸ ਹੈ ਕਿ ਉਸ ਬਿਚਾਰੀ ਦਾ ਨਾਮ ਮੈਨੂੰ ਯਾਦ ਨਹੀਂ। ਉਹ ਮੈਨੂੰ ਕਹਿੰਦੀ ਰਹੀ, ‘‘ਜੋ ਜਿੱਥੇ ਪਿਆ, ਪਿਆ ਰਹਿਣਦੇ। ਹਸਪਤਾਲ ’ਚ ਦਾਖਲ ਹੋਜਾ।’’ ਇਸ ਪੱਖੋਂ ਉਹਨੇ ਮੇਰੀ ਜਾਨ ਬਚਾ ਦਿੱਤੀ। ਆਸ ਹੈ ਇਸ ਯਾਦਦਾਸ਼ਤ ਨੂੰ ਸਮਾਪਤ ਕਰਨ ਤੋਂ ਪਹਿਲਾਂ ਕਿਸੇ ਦਿਨ ਮੈਂ ‘ਸਟੇਟ ਕਾਲਜ ਪੈਨਸਲਵਾਨੀਆ’ ਜਾਕੇ ਉਸ ਨਰਸ ਦੀ ਪੜਤਾਲ ਕਰਾਂ। ਬਹੁਤ ਨਰਸਾਂ ਜਿਨ੍ਹਾਂ ਨਾਲ ਮੇਰਾ ਵਾਹ ਪੈਂਦਾ ਰਿਹਾ ਹੈ, ਕੰਮ ‘ਚ ਨਿਪੁੰਨ ਅਤੇ ਨੇਕ-ਦਿਲ ਨਿਕਲੀਆਂ। ਹਾਂ, ਕਦੇ ਕਦਾਈਂਂ ਕੋਈ ਨਵੀਂ ਨਰਸ ਜਾਂ ਬੰਦਾ-ਨਰਸ ਖੂਨ ਪਰਖ ਲਈ ਮੇਰੀ ਨਾੜ ਨਾ ਲੱਭ ਸਕਦਾ। ਇਕ ਵਾਰ ਤਾਂ ਇਕ ਨਰਸ ਨੇ ਬਾਹਾਂ ਵਿਚ ਸੂਈਆਂ ਖਭੋ ਖਭੋ ਕੇ ਮੇਰੇ ਖੂਨ ਨਾਲ ਫਰਸ਼ ਰੰਗ ਦਿੱਤਾ। ਉਹਨੂੰ ਮੇਰੇ ਤੇ ਤਰਸ ਆਵੇ, ਮੈਂਨੂੰ ਉਹਦੇ ਤੇ। ਮੇਰੀਆਂ ਨਾੜਾਂ ਉਸ ਦਿਨ ਲੁਕੀਆਂ ਹੋਈਆਂ ਸਨ। ਮੇਰਾ ਸਰੀਰ ਹੋਰ ਲਹੂ ਦੀ ਭਾਲ ਵਿਚ ਸੀ। ਅਧਿਆਇ 7 ਸੰਨ 1967 ਤੋਂ ਮਗਰੋਂ, ਜਦ ਮੈਂ ਪਹਿਲੀ ਵਾਰ ਕੇਸ ਕਟਾਏ, ਮੈਂ ਰੋਜ਼ਾਨਾ ਪਗੜੀ ਪਹਿਨਣੀ ਛੱਡ ਦਿੱਤੀ। ਦਾੜ੍ਹੀ ਸਦਾ ਅਧਕਟੀ ਹੁੰਦੀ – ਉਸਤਰਾ ਮੈਂ ਉਮਰ ਭਰ ਨਹੀਂ ਵਰਤਿਆ। ਸਿਰਾਕਯੂਜ (Syracuse) ਦੇ ਜਿਆਦਾ ਲੋਕ, ਜਿੱਥੇ ਮੈਂ ਪੀਐਚ.ਡੀ. ਦੀ ਪੜ੍ਹਾਈ ਕਰਦਾ ਸੀ, ਮੈਨੂੰ ਪਗੜੀ ਤੋਂ ਬਿਨਾ ਦੇਖਦੇ ਅਤੇ ਕੋਈ ਕਿੰਤੂ ਪ੍ਰੰਤੂ ਨਹੀਂ ਸਨ ਕਰਦੇ। ਕੁੜੀਆਂ ਮੇਰੇ ਸੰਘਣੇ ਵਾਲਾਂ ਦੀ ਤਾਰੀਫ ਕਰਦੀਆਂ ਰਹਿੰਦੀਆਂ। ਕਦੇ ਕਦਾਈਂਂ ਕੋਈ ਸਿਰ ‘ਚ ਹੱਥ ਫੇਰ ਜਾਂਦੀ। ਜੇ ਕਿਸੇ ਇੰਡੀਅਨ ਫੰਕਸ਼ਨ ਜਾਂ ਗੁਰਦਵਾਰੇ ਜਾਣ ਦਾ ਸਬੱਬ ਬਣਦਾ, ਮੈਂ ਹਮੇਸ਼ਾਂ ਪੱਗ ਨਾਲ ਜਾਂਦਾ। ਉਦੋਂ ਅਮਰੀਕਾ ਵਿਚ ਗੁਰਦਵਾਰੇ ਦੂਰ ਦੂਰ ਹੁੰਦੇ ਸਨ। ਸੰਨ 1971 ਵਿਚ, ਪੀਐਚ.ਡੀ. ਪਾਸ ਕਰਕੇ, ਪੰਜ ਸਾਲ ਬਾਅਦ, ਮੈਂ ਇੰਡੀਆ ਗਿਆ। ਪਹਿਲਾਂ ਮੇਰੇ ਮਾਂ-ਬਾਪ ਮੈਨੂੰ ਪਛਾਣ ਨਾ ਸਕੇ, ਭਾਵੇਂ ਮੇਰੇ ਸਿਰ ਤੇ ਪੱਗ ਬੰਨ੍ਹੀ ਹੋਈ ਸੀ, ਅਤੇ ਦਾੜ੍ਹੀ ਵੀ ਵਧਾਈ ਹੋਈ ਸੀ। ਪਹਿਲੇ ਝਟਕੇ ਤੋਂ ਬਾਅਦ ਮੇਰੀ ਨਵੀਂ ਸ਼ਕਲ ਦੇ ਸਭ ਜਾਣੂ ਹੋ ਗਏ। ਛੋਟੀ ਦਾਹੜੀ, ਘੋਨ-ਮੋਨ ਹੋਣ ਨਾਲੋਂ ਤਾਂ ਚੰਗੀ ਸਾਬਤ ਹੋਈ। ਸੰਨ 2000 ਦੇ ਪਹਿਲੇ ਕੀਮੋ ਤੋਂ ਬਾਅਦ ਮੇਰੇ ਦਾਹੜੀ-ਸਿਰ ਦੇ ਵਾਲ ਨਾ ਮਾਤਰ ਹੀ ਝੜੇ। ਜਦ 2001 ਵਿਚ ਸਖਤ ਇਲਾਜ ਕੀਤੇ ਗਏ ਤਾਂ ਨਤੀਜਾ ਉਲਟ ਨਿਕਲਿਆ। ਜਿਸਮ ਦੇ ਸਾਰੇ ਵਾਲ ਝੜ ਗਏ। ਕੀਮੋ, ਰੇਡੀਏਸ਼ਨ, ਅਤੇ ਸਟੈਮ ਸੈਲ ਵਰਤਣ ਨਾਲ ਕੈਂਸਰ ਦਾ ਇਕ ਵੀ ਸੈਲ ਬਾਕੀ ਨਾ ਬਚਿਆ, ਪਰ ਬਾਕੀ ਚੰਗੇ ਸੈਲਾਂ ਦਾ ਵੀ ਬਹੁਤ ਨੁਕਸਾਨ ਹੋਇਆ। ਜਿਵੇਂ ਇਕ ਅੱਤਵਾਦੀ ਨੂੰ ਮਾਰਦੀ ਹੋਈ ਪੁਲਸ ਹਜਾਰਾਂ ਲੋਕਾਂ ਦਾ ਨੁਕਸਾਨ ਕਰ ਜਾਵੇ। ਕੁਦਰਤ ਦੇ ਖੇਲ੍ਹ। ਕੀਮੋ, ਕੈਂਸਰ ਦੇ ਛੇਤੀ ਵਧਣ ਵਾਲੇ ਸੈਲਾਂ ਨੂੰ ਰੋਕਣ ਲਈ ਵਰਤੀ ਜਾਂਦੀ ਹੈ। ਕਿਉਂਕਿ ਵਾਲ ਵੀ ਛੇਤੀ ਵਧਦੇ ਰਹਿੰਦੇ ਹਨ, ਕੀਮੋ ਦਾ ਅਸਰ ਵਾਲਾਂ ਤੇ ਭਾਰੀ ਪੈਂਦਾ ਹੈ। ਦੂਜੀ ਕੀਮੋ ਪਿਛੋਂ ਮੇਰਾ ਸਰੀਰ ਬਹੁਤ ਕਮਜ਼ੋਰ ਹੋ ਗਿਆ। ਕਾਫੀ ਸਮਾਂ ਲਹੂ ਦੇ ਚੰਗੇ ਸੈਲ ਵੀ ਕਿਨਾਰੇ ਤੇ ਪਹੁੰਚੇ ਰਹੇ। ਵਾਲ ਅਲੋਪ ਹੋ ਗਏ। ਪਿੱਤੇ ਦੀ ਪਥਰੀ ਕਢਦਿਆਂ ਇਕ ਡਾਕਟਰ ਤੋਂ ਓਪਰੇਸ਼ਨ ਗਲਤ ਹੋ ਗਿਆ। ਡਾਕਟਰ ਦੀ ਗਲਤੀ ਨਾਲ ਮੇਰਾ ਹੋਰ ਵੀ ਕੂੰਡਾ ਹੋ ਗਿਆ। ਸ਼ੀਸ਼ੇ ਵਿਚ ਆਪਣੇ ਆਪ ਨੂੰ ਮੈਂ ਇਤਨਾ ਵੱਖਰਾ ਲਗਦਾ, ਕਿ ਆਪਣੇ ਆਪ ਤੋਂ ਲੁਕਣ ਲਈ ਟੋਪੀ ਦਾ ਸਹਾਰਾ ਲੈਣਾ ਪੈਂਦਾ। ਟੋਪੀ ਰੱਖਣ ਨਾਲ ਭੀ ਮੇਰਾ ਸੰਤਾਪ ਘੱਟ ਨਾ ਹੋਇਆ। ਮੈਂ ਸਦਮੇ ਅਤੇ ਨਿਰਾਸ਼ਤਾ ਵਿਚ ਲਟਕਦਾ ਰਿਹਾ। ਮੈਂ ਉਨ੍ਹਾਂ ਥਾਵਾਂ ਨੂੰ ਢੂੰਡਣ ਲੱਗ ਪਿਆ ਜਿਨ੍ਹਾਂ ਤੇ, ਸਾਇੰਸ ਮਗਰ ਲੱਗਿਆਂ, ਜਾਣਾ ਅਸੰਭਵ ਹੁੰਦਾ ਸੀ। ਇਕ ਜਗਾ ਦਾ ਨਾਮ ਸੀ, ‘‘ਜੀਵਨ-ਭਰ ਸਿਖਲਾਈ ਸੰਸਥਾ, Life Long Learning center in Ithacal.’’ ਇਸ ਜਗ੍ਹਾਹ ਲੋਕ ਕਵਿਤਾ ਵੀ ਸਿਖਦੇ ਪੜ੍ਹਦੇ। ਹਾਇਕੂ ਦਾ ਨਵਾਂ ਦੌਰ ਵੀ ਚੱਲ ਚੁੱਕਾ ਸੀ। ਸੇਵਾ ਨਿਵਿਰਤ ਲੋਕਾਂ ਲਈ ਇਹ ਰੱਬ ਦੀ ਦੇਣ ਸੀ ਜਿਸਦਾ ਪ੍ਰਬੰਧ ਵੀ ਸੁਚੱਜੇ ਵਲੰਟਰੀਆਂ ਦੇ ਹੱਥਾਂ ਵਿਚ ਚਹਿਲਦਾ ਸੀ। ਮੈਂ ਵੀ ਇਥੇ ਜਾਣ ਲੱਗ ਪਿਆ। ਮੇਰੀ ਦਿਲਚਸਪੀ ਕਾਨੂਨੀ ਵਿੱਦਿਆ ਵਿਚ ਵੀ ਬਣੀ ਹੋਈ ਸੀ। ਕੁਝ 20 ਕੁ ਸਾਲ ਪਹਿਲਾਂ 1980 ਦੇ ਲਾਗੇ ਮੈਂ ਕਾਰੋਬਾਰੀ ਅਤੇ ਜ਼ਮੀਨੀ ਕਾਨੂੰਨ ਦੀ ਪੜ੍ਹਾਈ ਕੀਤੀ ਸੀ। ਇਕ ਵਾਰ ਮੈਂ ਲੋਕਾਂ ਦੀ ਸੰਗਤ ਵਿਚ ਕਾਨੂਨੀ ਬਹਿਸ ਸੁਣਨ ਲਈ ਇਕ ਜੱਜ ਦੀ ਕਚਹਿਰੀ ਵਿਚ ਜਾਣਾ ਚਾਹਿਆ। ‘‘ਤੂੰ ਟੋਪੀ ਪਹਿਨਕੇ ਅਦਾਲਤ ਵਿਚ ਨਹੀਂ ਬੈਠ ਸਕਦਾ,’’ ਜੱਜ ਦੇ ਅਰਦਲੀਏ ਕਲਰਕ ਦਾ ਕੰਮ ਕਰਦੀ ਜ਼ਨਾਨੀ ਮੈਨੂੰ ਪਾਸੇ ਕਰਕੇ ਕਹਿਣ ਲੱਗੀ। ਮੈਂ ਬਥੇਰੀ ਬਹਿਸ ਕੀਤੀ, ਪਰ ਕਲਰਕ ਨੇ ਮੈਨੂੰ ਚੱਲ ਰਹੀ ਕਾਨੂੰਨੀ ਬਹਿਸ ਵਿਚ ਬੈਠਣ ਨਾ ਦਿੱਤਾ। ਮੇਰਾ ਜੀਅ ਤਾਂ ਕਰਦਾ ਸੀ ਕਿ ਇਸ ਗੱਲ ਦਾ ਕਾਨੂੰਨੀ ਢੰਗ ਨਾਲ ਨਿਰਨਾ ਕੀਤਾ ਜਾਵੇ, ਪਰ ਨਾ ਮੇਰੇ ਵਿਚ ਜਿਸਮਾਨੀ ਤਾਕਤ ਸੀ, ਅਤੇ ਨਾ ਹੀ ਮੁਕੱਦਮਾ ਲੜਣ ਦੇ ਸਾਧਨ। ਮੈਂ ਪਹਿਲਾਂ ਵੀ ਮੁਕੱਦਮਿਆਂ ਵਿਚਦੀ ਲੰਘ ਚੁੱਕਾ ਸਾਂ। ਮੈਂ ਆਪਣੇ ਆਪ ਨੂੰ ਕਿਹਾ ਕਿ ਮਨਾ ਤੇਰਾ ਕੰਮ ਸਾਰੀ ਦੁਨੀਆ ਨੂੰ ਨਜਿੱਠਣਾ ਨਹੀਂ। ਮੁਕੱਦਮੇ ਨਾਲ ਮੇਰੇ ਘਰੋਗੀ ਜੀਵਨ ਤੇ ਹੋਰ ਭਾਰ ਪੈ ਜਾਣਾ ਸੀ। ਇਸ ਘਟਨਾ ਤੋਂ ਬਾਅਦ ਮੈਂ ਘਰ ਬਾਹਰ ਪਗੜੀ ਰੱਖਣੀ ਸ਼ੁਰੂ ਕਰ ਦਿੱਤੀ, ਅਤੇ ਮੁੜਕੇ ਪਿੱਛੇ ਨਹੀਂ ਦੇਖਿਆ। ਬਾਕੀ ਲੋਕ ਕੁਝ ਕਹਿੰਦੇ ਰਹਿਣ, ਕਰਦੇ ਰਹਿਣ। ਨਵਾਂ ਜੀਵਨ ਸ਼ੁਰੂ ਹੋ ਗਿਆ ਸੀ। ਪਗੜੀ ਮੇਰੇ ਬਚਪਨ, ਜੁਆਨੀ ਵਿਚ ਮੇਰੇ ਸਾਹਾਂ ਵਾਂਗ ਨਾਲ ਰਹੀ। ਪਿੰਡ ਦੇ ਗੁਆਂਢ ਵਿਚ ਜੇ ਮੇਰਾ ਜਾਂ ਹੋਰ ਕਿਸੇ ਦਾ ਸਿਰ ਨਾ ਢਕਿਆ ਹੁੰਦਾ ਤਾਂ ਭੂਆ ਭੰਤੀ ਪਿੱਛੇ ਪੈ ਜਾਂਦੀ। ‘‘ਜਾਹ ਸਿਰ ਢਕ ਕੇ ਆ ਘਰੋਂ, ਕੁੜੀਆਂ ਨੇ ਵੀ ਆਉਣਾ ਜਾਣਾ।’’ ਕੁੜੀਆਂ ਦੇ ਨੰਗੇ ਸਿਰ ਭੂਆ ਲਈ ਹੋਰ ਸਖ਼ਤੀ ਦਾ ਕਾਰਨ ਬਣਦੇ। ਲੋਕਾਂ ਦੇ ਦਿਲਾਂ ਵਿਚ ਸਿਰ ਤੇ ਸਜਾਈ ਪੱਗ ਲਈ ਘਸੇ-ਪਿਟੇ ਖਿਆਲ ਬੀਜੇ ਪਏ ਹਨ। ਭਾਵੇਂ ਕਈ ਵਾਰ ਮਨ ਬੜਾ ਦੁਖੀ ਹੁੰਦਾ ਹੈ, ਪਰ ਇਹ ਲੋਕਾਂ ਦੀ ਮਨੋਸਥਿਤੀ ਸਮਝਣ ਦਾ ਅਵਸਰ ਵੀ ਬਣਦਾ ਹੈ ਜਿਵੇਂ ਉਹ ਦੂਜਿਆਂ ਨਾਲ ਵਰਤਦੇ ਹੋਣ। ਅਮਰੀਕਾ ਅਤੇ ਯੂਰਪ ਦੀਆਂ ਗਲੀਆਂ ਸੜਕਾਂ ‘ਤੇ ਪਗੜੀ ਵਾਲੇ ਹਿੰਸਾ ਦੇ ਸ਼ਿਕਾਰ ਬਣਦੇ ਰਹਿੰਦੇ ਹਨ। ਕਦੇ ਕਦੇ ਸਿੱਖਾਂ ਨੂੰ ਮੁਸਲਮਾਨ ਸਮਝਕੇ ਹਮਲਾ ਹੁੰਦਾ ਹੈ। ਮੈਨੂੰ ਬਹੁਤ ਦੁਖ ਹੁੰਦਾ ਹੈ ਜਦੋਂ ਹਰ ਮੁਸਲਮਾਨ ਵੀਰ ਨੂੰ ਅੱਤਵਾਦੀ ਜਾਣਿਆ ਜਾਂਦਾ ਹੈ। ਦੁਜੇ ਧਰਮ ਦੇ ਲੋਕਾਂ ਵਾਂਗ, ਚੰਗੇ ਮੁਸਲਮਾਨਾਂ ਵਿਚ ਕੁਝ ਬੁਰੇ ਵੀ ਹਨ। ਤਅਸੱਵੀ ਲੋਕ ਇਸ ਸੱਚ ਨੂੰ ਨਹੀਂ ਪਹਿਚਾਣਦੇ। ਖ਼ੈਰ … ਇਹ ਬਹਿਸ ਕਿਸੇ ਹੋਰ ਸਮੇਂ ਲਈ ਹੈ। ਅਧਿਆਇ 8 ਮਾਤਾ ਜੀ 12 ਜਨਵਰੀ, 2000 ਨੂੰ ਸਾਹ ਛੱਡ ਗਏ। ਉਸ ਸਮੇਂ ਮੈਂ ਕੈਂਸਰ ਤੋਂ ਤਾਂ ਬਚ ਗਿਆ ਸੀ, ਪਰ ਮੇਰਾ ਸਰੀਰ ਬਹੁਤ ਕਮਜ਼ੋਰ ਹੋ ਗਿਆ ਸੀ। ਮੇਰੇ ਕੀਮੋ ਅਜੇ ਵੀ ਚੱਲ ਰਹੇ ਸਨ। ਜਦੋਂ ਇਲਾਜ ਖਤਮ ਹੋਏ ਤਾਂ ਅਕਤੂਬਰ ਵਿਚ ਸੁਰਿੰਦਰ ਅਤੇ ਮੈਂ, ਇਕ ਮਹੀਨੇ ਲਈ ਇੰਡੀਆ ਗਏ। ਉਦਾਸੀ ਦੌਰ ਵਿਚ ਕਈ ਬਾਰ ਮੇਰਾ ਬਾਪ ਆਪਣੀ ਮੌਤ ਦੀ ਗੱਲ ਛੇੜ ਬਹਿੰਦਾ। ਇਕ ਬਾਰ ਉਹਨੇ ਮੈਨੂੰ ਹਦਾਇਤ ਕੀਤੀ ਕਿ ਉਸਦੀ ਮੌਤ ਤੋਂ ਬਾਅਦ ਮੈਂ ਫਿਰ ਅਮਰੀਕਾ ਤੋਂ ਲੌਟ ਕੇ ਘਰ ਜ਼ਮੀਨ ਦੀ ਵੰਡ-ਵੰਡਾਈ ਕਰਾਕੇ ਜਾਵਾਂ। ਮੇਰੇ ਵਾਰ ਵਾਰ ਕਹਿਣ ਤੇ, ਵਸੀਅਤ ਉਹਨੇ ਪਹਿਲਾਂ ਹੀ ਬਣਾ ਰੱਖੀ ਸੀ। ਸਾਰੇ ਕਾਗਜ ਪੱਤਰ ਉਹ ਇਕ ਸੰਦੂਕੜੀ ਵਿਚ ਸੁੱਟੀ ਜਾਂਦਾ ਰਿਹਾ ਸੀ। ਜਦੋਂ ਅਸੀਂ ਇੰਡੀਆ ਤੋਂ ਅਮਰੀਕਾ ਵਾਪਿਸ ਪਹੁੰਚੇ, ਕੁਝ ਦਿਨ ਬਾਅਦ ਮੇਰਾ ਬਾਪ ਨਹਾਉਣ ਲੱਗਿਆ ਤਿਲਕ ਗਿਆ। ਇਹ ਉਹਦੇ ਆਖਰੀ ਪਲ ਸਨ। ਬਾਪ ਦੀ ਮੌਤ ਤੋਂ ਦੋ ਮਹੀਨੇ ਬਾਅਦ, ਫਰਵਰੀ 2001 ਵਿਚ ਮੈਂ ਇਕੱਲਾ ਇੰਡੀਆ ਗਿਆ। ਮੇਰੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਸੀ, ਪਰ ਮੇਰੇ ਜ਼ੁੰਮੇ ਜਰੂਰੀ ਕੰਮ ਕਰਨ ਵਾਲੇ ਸਨ। ਕੰਮ ਖਤਮ ਹੋਏ ਤੇ ਮੇਰੀ ਛਾਤੀ ਵਿਚ ਦਰਦ ਹੋਣ ਲੱਗ ਗਿਆ। ਪੂਰਾ ਦਿਨ ਮੈਂ ਦਿਆਨੰਦ ਹਸਪਤਾਲ (Dayanand Medical College Hospital, Ludhiana) ਵਿਚ ਗੁਜ਼ਾਰੇ। ਦਰਦ ਆਪੇ ਬੰਦ ਹੋ ਗਿਆ, ਪਰ ਹਸਪਤਾਲ ਵਾਲੇ ਮੈਨੂੰ ਛੱਡਣ ਦੀ ਗੱਲ ਨਾ ਕਰਨ। ਇਹ ਗਾਲ ਬਲੈਡਰ ਦੀ ਪਥਰੀ ਹੋ ਸਕਦੀ ਸੀ, ਪਰ ਦਿਲ ਦਾ ਦੌਰਾ ਨਹੀਂ ਸੀ। ਮੈਂ ਡਾਕਟਰਾਂ ਮੂਹਰੇ ਹੱਥ ਜੋੜੇ ਤੇ ਆਪਣੀਆਂ ਮਜਬੂਰੀਆਂ ਦੱਸੀਆਂ। ਮੈਨੂੰ ਬਹੁਤਾ ਡਰ ਇਸ ਗੱਲ ਦਾ ਸੀ ਕਿ ਜੇ ਅਮਰੀਕਾ ਵਿਚ ਗੱਲ ਸੁਰਿੰਦਰ ਤੱਕ ਪਹੁੰਚ ਗਈ, ਉਹਨੇ ਸਭ ਕੁਝ ਵਿੱਚੇ ਛੱਡਕੇ ਇੰਡੀਆ ਦੇ ਦਫ਼ਤਰਾਂ ਵਿਚ ਫਸ ਜਾਣਾ। ਆਖਰ ਮੈ ਮੁਖੀ ਡਾਕਟਰ ਨੂੰ ਮਨਾ ਲਿਆ, ਪਾਸਪੋਰਟ ਚੱਕਿਆ, ਤੇ ਸਿੱਧਾ ਆਪਣੇ ਘਰ ਅਮਰੀਕਾ ਨੂੰ ਤੁਰ ਪਿਆ। ਰਸਤੇ ਵਿਚ ਮੈਂਨੂੰ ਹਲਕਾ ਬੁਖਾਰ ਹੋ ਗਿਆ। ਇਹ ਮਾਰਚ ਦਾ ਮਹੀਨਾ ਸੀ। ਜਦ ਟੈਸਟ ਕਰਵਾਏ ਤਾਂ ਪਤਾ ਚੱਲਿਆ ਕਿ ਕੈਂਸਰ ਜੋਰ ਸ਼ੋਰ ਨਾਲ ਮੁੜ ਆਈ ਸੀ। ਦਿਨੋ ਦਿਨ ਬੁਖਾਰ, ਥਕੇਵਾਂ, ਕਾਂਬੇ ਵਧ ਰਹੇ ਸਨ। ਕੈਂਸਰ ਦਾ ਮੁੜਨਾ ਮੇਰੇ ਲਈ, ਪਰਿਵਾਰ ਲਈ, ਅਤੇ ਸਾਕ-ਸਬੰਧੀਆਂ ਲਈ ਭਾਰੀ ਸਦਮੇ ਵਾਲੀ ਖਬਰ ਸੀ। ਹਸਪਤਾਲ ਤੋਂ ਜਦ ਮੈਂ ਘਰ ਪਹੁੰਚਿਆ ਮੇਰੀ ਹਾਲਤ ਕੀੜੀ ਦੀ ਰਫਤਾਰ ਵਾਂਗ ਚੰਗੀ ਹੋਣ ਲੱਗ ਪਈ। 10 ਸਤੰਬਰ, 2001 ਤੱਕ ਮੈਂ ਹੋਰ ਕੁਝ ਨਹੀਂ ਸੀ ਕਰ ਸਕਦਾ ਪਰ ਆਪਣੇ-ਆਪ ਗੁਸਲਖਾਨੇ ਜਾਣ ਜੋਗਾ ਹੋ ਗਿਆ। ਮੈਂ ਘਰੋਂ ਬਾਹਰ ਨਹੀਂ ਸੀ ਜਾ ਸਕਦਾ। ਸੁਰਿੰਦਰ ਦਾ ਹੁਕਮ ਸੀ ਕਿ ਜਿੰਨਾ ਚਿਰ ਉਹ ਘਰ ਨਹੀਂ ਮੁੜਦੀ, ਮੈਂ ਬਿਸਤਰਾ ਨਾ ਛੱਡਾਂ। ਸਤੰਬਰ 10 ਨੂੰ ਸਾਰਾ ਦਿਨ, ਮੇਰਾ ਸਰੀਰ ਦੁਖਦਾ ਰਿਹਾ। ਰਾਤ ਨੂੰ ਵੀ ਮੈਂ ਅਧਸੁੱਤਾ ਚੀਕਾਂ ਮਾਰਦਾ ਰਿਹਾ। ‘‘ਕਿਸੇ ਨੇ ਕੰਮ ਤੇ ਵੀ ਜਾਣਾ,’’ ਸੁਰਿੰਦਰ ਉਠ ਉਠ ਲਾਗਦੇ ਕਮਰੇ ਵਿਚੋਂ ਹਾਕਾਂ ਮਾਰਦੀ ਰਹੀ। ਉਹ ਕੰਮ ਤੇ ਬਾਕੀਆਂ ਨਾਲੋਂ ਪਹਿਲਾਂ ਪਹੁੰਚ ਜਾਂਦੀ। ਇਹਦੇ ਨਾਲ ਉਹ ਘਰ ਗੇੜਾ ਮਾਰ ਜਾਂਦੀ, ਅਤੇ ਦਵਾਈਆਂ, ਭੋਜਨ,ਅਤੇ ਟੀਕਿਆਂ ਵਿਚ ਮੇਰੀ ਮੱਦਦ ਕਰ ਜਾਂਦੀ। ਪਹਿਲਾਂ ਪਹਿਲਾਂ ਤਾਂ ਨਰਸਾਂ ਵੀ ਘਰ ਆਉਂਦੀਆਂ ਰਹੀਆਂ। ਸੁਰਿੰਦਰ ਨੇ ਨਰਸਾਂ ਤੋਂ ਸਿੱਖ ਕੇ, ਹੌਲੀ ਹੌਲੀ ਸਭ ਕੁਝ ਸੰਭਾਲ ਲਿਆ। ਸੰਨ 2001, ਸਤੰਬਰ 11, ਦੇ ਤੜਕੇ ਜਿਸਮਾਨੀ ਪੀੜਾਂ ਤੋਂ ਬਾਅਦ ਮੈਂ ਘੂਕ ਸੁੱਤਾ ਪਿਆ ਸੀ। ਸੁਰਿੰਦਰ ਕੰਮ ਤੇ ਗਈ ਹੋਈ ਸੀ ਜਦ ਬੇਟੀ ਪਰਮ ਨੇ ‘ਨੀਯੂ ਯਾਰਕ’ ਸ਼ਹਿਰ ਤੋਂ ਫੋਨ ਕਰਕੇ ਮੈਨੂੰ ਜਗਾ ਦਿੱਤਾ। ਸਵੇਰ ਦੇ ਮਸਾਂ 9 ਵੱਜੇ ਹੋਣਗੇ। ਮੈਂਨੂੰ ਯਾਦ ਹੈ ਕਿ ਉਹ ਡੁਸਕੇ ਮਾਰ ਮਾਰ ਰੋ ਰਹੀ ਸੀ। ਮੇਰੇ ਪੁੱਛਣ ਤੇ ਪਤਾ ਲੱਗਿਆ ਕਿ ਸ਼ਹਿਰ ਵਿਚ ਕੋਈ ਹਾਦਸਾ ਹੋ ਗਿਆ ਸੀ, ਪਰ, ਪਰਮ ਨੂੰ ਤਾਂ ਝਟਕੇ ਹੀ ਲੱਗੇ ਸਨ, ਕੋਈ ਸੱਟ ਫੇਟ ਨਹੀਂ ਸੀ ਲੱਗੀ। ਮੈਂ ਟੀ.ਵੀ ਨਹੀਂ ਸੀ ਦੇਖੀ। ਮੈਂਨੂੰ ਸਮਝ ਨਾ ਆਈ ਕਿ ਆਫਤ ਏਡੀ ਵੱਡੀ ਕੀ ਸੀ। ਮੈਂ ਸੋਚਿਆ ਕਿਸੇ ਸੜਕ ਤੇ ਗੋਲੀ ਚੱਲੀ ਹੋਵੇਗੀ ਜਾਂ ਕਾਰਾਂ ਭਿੜ ਗਈਆਂ ਹੋਣਗੀਆਂ। ਮੈਂ ਪਰਮ ਨੂੰ ਕਿਹਾ, ‘‘ਇਹ ਨੀਊ ਯਾਰਕ ਹੈ, ਇੱਥੇ ਇਹੋ ਜਿਹੇ ਕੰਮ ਹੁੰਦੇ ਹੀ ਰਹਿੰਦੇ ਨੇ। ਹਰ ਰੋਜ਼ ਕੋਈ ਗੋਲੀ ਦਾ ਸ਼ਿਕਾਰ ਹੋ ਜਾਂਦਾ ਹੈ।’’ ‘‘ਡੈਡੀ, ਥੋਨੂੰ ਨੀ ਸਮਝ ਆਈ ਕੀ ਹੋ ਗਿਆ।’’ ‘‘ਪਰਮ, ਮੈਂ ਸਮਝ ਕੇ ਕੀ ਕਰਨਾ, ਮੈਂ ਤਾਂ ਸਹਾਰੇ ਬਿਨਾਂ ਬਾਥਰੂਮ ਵੀ ਨਹੀਂ ਜਾ ਸਕਦਾ।’’ ਮੇਰੀ ਨੀਂਦ ਵੀ ਪੂਰੀ ਨਹੀਂ ਸੀ ਹੋਈ। ਪਰਮ ਦੀ ਗੱਲ ਸਮਝੇ ਬਿਨਾ, ਅਪਣੇ ਰੋਣੇ ਰੋ ਕੇ ਮੈਂ ਫੋਨ ਲਟਕਾ ਦਿੱਤਾ ਤੇ ਪਰਮ ਨੂੰ ਕੋਸਣ ਲੱਗ ਪਿਆ ਕਿ ਉਹਨੇ ਨੀਊ ਯਾਰਕ ਵਰਗੇ ਸ਼ਹਿਰ ਵਿਚ ਨੌਕਰੀ ਕਿਉਂ ਲੱਭੀ। ਮੈਂ ਏਸ ਕਰਕੇ ਵੀ ਸਤਿਆ ਹੋਇਆ ਸਾਂ ਕਿ ਉਹਨੇ ਮਹਿੰਗੀ ‘ਜੈਟਾ’ ਕਾਰ ਖਰੀਦਣ ਸਮੇਂ ਹੋਰ ਵਾਧੂ ਨਿੱਕ-ਸੁੱਕ ਪਵਾ ਲਿਆ ਸੀ। ਕਾਲਜ ਦੀ ਪੜ੍ਹਾਈ ਬਾਅਦ ਇਹ ਪਰਮ ਦੀ ਪਹਿਲੀ ਕਾਰ ਸੀ, ਜਦ ਕਿ ਪੜ੍ਹਾਈ ਵੇਲੇ ਦਾ ਕਰਜਾ ਵੀ ਕਾਫੀ ਰਹਿੰਦਾ ਸੀ। ਮੇਰੀ ਸੋਚ ਅਨੁਸਾਰ ਇਹ ਫਜ਼ੂਲ ਖਰਚੀ ਵਾਲਾ ਖਤਰਨਾਕ ਕੰਮ ਸੀ। ਅਸੀਂ ਦੋਨੋਂ, ਸੁਰਿੰਦਰ ਅਤੇ ਮੈਂ, ਅਜੇ ਪੁਰਾਣੀ ‘ਟੋਇਓਟਾ-ਕਰੋਲਾ’ ਨਾਲ ਕੰਮ ਚਲਾ ਰਹੇ ਸਾਂ। ਪਰਮ ਦੇ ਫੋਨ ਤੋਂ ਬਾਅਦ ਮੈਂ ਕਈ ਘੰਟੇ ਨਿਰਵਿਘਨ ਸੁੱਤਾ ਰਿਹਾ। ਸੁਰਿੰਦਰ ਨੇ ਕੰਮ ਤੋਂ ਆਕੇ ਮੈਂਨੂੰ ਨੀਊ ਯਾਰਕ ਬਾਰੇ ਵਿਸਥਾਰ ਨਾਲ ਦੱਸ ਦਿੱਤਾ। ਮੈਂ ਟੀ.ਵੀ. ਤੇ ਦੋ ਉੱਚੀਆਂ ਇਮਾਰਤਾਂ ‘ਚੋਂ ਨਿਕਲਦੀਆਂ ਲਾਟਾਂ ਦੇਖੀਆਂ। ਇਕ ਦੋ ਦਿਨ ਪਹਿਲਾਂ ਟੀ.ਵੀ. ਮੇਰੇ ਲਈ ਬੇਸਮੈਂਟ ਤੋਂ ਉਤਲੇ ਕਮਰੇ ਵਿਚ ਲਿਆਂਦੀ ਗਈ ਸੀ, ਕਿਉਂਕਿ ਅਜੇ ਮੈਂ ਥੱਲੇ-ਉੱਤੇ ਜਾਣ ਜੋਗਾ ਨਹੀਂ ਸੀ ਹੋਇਆ। *** |