ਹਾਜ਼ਰ ਹੈ ‘ਖੁਸ਼ੀ ਮੁਹੰਮਦ ਚੱਠਾ’ ਦਾ ਕਲਾਮ
1. ਤਾਲਿਬਾਨ
ਨਾ ਹੀ ਇਹ ਮੁਸਲਮਾਨ ਹੈ, ਨਾ ਹੀ ਕੋਈ ਇਨਸਾਨ ਹੈ
ਇਹ ਕੈਸਾ ਤਾਲਿਬਾਨ ਹੈ, ਇਹ ਕੈਸਾ ਤਾਲਿਬਾਨ ਹੈ
ਜੋ ਔਰਤਾਂ ਤੇ ਬੱਚਿਆਂ ‘ਤੇ ਕਰ ਰਿਹਾ ਜ਼ੁਲਮ ਬੜਾ
ਦੁਨੀਆਂ ‘ਚ ਵੱਡਾ ਏਸ ਤੋਂ , ਨਾ ਹੋਰ ਕੋਈ ਹੈਵਾਨ ਹੈ
ਸਭ ਦੇਸ਼ ਵਾਸੀ ਦੇਸ਼ ਨੂੰ ਛੱਡ ਕੇ ਨੇ ਓਥੋਂ ਜਾ ਰਹੇ
ਰੋਂਦੇ ਕੁਰਲਾਉਂਦੇ ਕਹਿ ਰਹੇ ਜੇ ਜਾਨ ਤਾਂ ਜਹਾਨ ਹੈ
ਕਰਦੇ ਤਸ਼ੱਦਦ ਦੇਖ ਕੇ, ਅੱਲਾਹ ਵੀ ਖ਼ੌਫ਼ ਖਾ ਰਿਹਾ
ਇਸਦੇ ਜ਼ੁਲਮ ਦੀ ਅੱਗ ਵਿੱਚ, ਜਲ ਰਿਹਾ ਅਫ਼ਗਾਨ ਹੈ
ਕਰਦਾ ਖਿਲਾਫ਼ਤ ਏਸ ਦੀ ਜੋ ਵੀ ਨਾ ਜਿਉਂਦਾ ਛੱਡਦੇ
ਕਰਦੇ ਕਲਮ ਸ਼ਰੇਆਮ ਸਿਰ, ਕੈਸਾ ਪਾਗਲ ਸ਼ੈਤਾਨ ਹੈ
ਦੁਨੀਆਂ ‘ਚ ਪੂਰੀ ਕੌਮ ਨੂੰ ਹੈ ਕਰ ਰਿਹਾ ਬਦਨਾਮ ਇਹ
ਕੈਸੀ ਸ਼ਰੀਅਤ ਹੈ ਇਹੇ, ਕਹਿੰਦਾ ਨਹੀਂ ਕੁਰਾਨ ਹੈ
ਕਰਕੇ ਇਹ ਕਤਲੇਆਮ ਤੇ ਚਾਹ ਰੱਖਦੇ ਜੰਨਤ ਹੂਰ ਦੀ
ਫੁੱਲ ਚਾਹੁੰਦਾ ਕੰਡੇ ਬੀਜ ਕੇ, ਕਿੰਨਾ ਮੂਰਖ ਨਾਦਾਨ ਹੈ
ਅੱਤਵਾਦੀ ਨੇ ਅੱਤਵਾਦੀ ਨੇ ਅੱਤਵਾਦੀ ਇਹ ਇਨਸਾਨ ਨਹੀਂ
ਦਹਿਸ਼ਤ ਫੈਲਾਉਣਾ ਹੀ ਇਨ੍ਹਾਂ ਦਾ ਧਰਮ ਤੇ ਇਮਾਨ ਹੈ
ਇਨਸਾਨੀਅਤ ਦੇ ਦੁਸ਼ਮਣ ਤੇ ਦਹਿਸ਼ਤ ਦੀ ਦੁਕਾਨ ਇਹ
ਇਹ ਸੱਚ ‘ਖੁਸ਼ੀ ਮੁਹੰਮਦਾ’ ਇਸਦੀ ਇਹੀ ਪਹਿਚਾਨ ਹੈ
ਨਾ ਹੀ ਇਹ ਮੁਸਲਮਾਨ ਹੈ, ਨਾ ਹੀ ਕੋਈ ਇਨਸਾਨ ਹੈ
ਇਹ ਕੈਸਾ ਤਾਲਿਬਾਨ ਹੈ, ਇਹ ਕੈਸਾ ਤਾਲਿਬਾਨ ਹੈ
*
2. ਅੰਧਵਿਸ਼ਵਾਸੀ ਦੀ ਭੇਂਟ ਚੜ੍ਹੇ ਇੱਕ ਰੁੱਖ ਦਾ ਦਰਦ
ਦੱਸ ਕੀ ਕੀ ਪੀੜ ਬਿਆਨਾਂ ਮੁੱਖ ਤੇ ਛਾਈ ਉਦਾਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…
ਮੈਂ ਹਰਿਆ ਭਰਿਆ ਵਿੱਚ ਹਵਾ ਦੇ ਝੂਲਦਾ ਫਿਰਦਾ ਸੀ
ਪੰਛੀ ਆ ਬਹਿੰਦੇ ਖੁਸ਼ ਹੁੰਦਾ, ਮੇਰਾ ਹਾਸਾ ਕਿਰਦਾ ਸੀ
ਮੇਰੀ ਕਰਤੀ ਜੂਨ ਖਰਾਬ ਵਿੱਚੋਂ ਲੱਖ ਜੂਨ ਚੁਰਾਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…
ਮੈਂ ਥੌਨੂੰ ਹੀ ਸਾਹ ਵੰਡਦਾ ਸੀ, ਤੁਸੀਂ ਮੇਰਾ ਹੀ ਸਾਹ ਘੁੱਟਿਆ
ਮੇਰੇ ਗਲ਼ ਵਿਚ ਧਾਗੇ ਚੁੰਨੀਆਂ ਬੰਨ੍ਹ, ਗਲ਼ ਮੇਰਾ ਘੁੱਟ ਸੁੱੱਟਿਆ
ਮੈਂ ਤਪਸ਼ ਮਿਟਾਉਂਦਾ ਸੀ ਆਉਂਦੇ ਜਾਂਦੇ ਪਰਵਾਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…
ਮੈਂ ਰਿਹਾ ਤਰਸਦਾ ਪਾਣੀ ਨੂੰ, ਤੁਸੀਂ ਤੇਲ ਜੜ੍ਹੀਂ ਪਾਇਆ
ਮੈਂ ਸੁੱਕਦਾ ਸੁੱਕਦਾ ਸੁੱਕ ਗਿਆ ਥੋਨੂੰ ਦਰਦ ਨਹੀਂ ਆਇਆ
ਜਿੰਦ ਤੜਪ ਤੜਪ ਕੇ ਨਿੱਕਲੀ ਮੇਰੀ ਰੂਹ ਪਿਆਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…
ਮੈਨੂੰ ਧਾਗੇ ਚੁੰਨੀਆਂ ਬੰਨ੍ਹਣ ਨਾਲ ਨਹੀਂ ਬੇੜਾ ਪਾਰ ਹੋਣਾ
ਬਿਨ ਮਿਹਨਤ ਕੀਤਿਆਂ ਨਹੀਂਓਂ ਆਪਣਾ ਆਪ ਸੰਵਾਰ ਹੋਣਾ
ਇੱਕ ਜੋਤ ਜਗਾਓ ਮਨ ਵਿਚ ਆਪਣੇ ਤੇ ਵਿਸ਼ਵਾਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…
ਓਏ ! ਅੰਧਵਿਸ਼ਵਾਸੀ ਲੋਕੋ, ਕੁੱਝ ਤਾਂ ਸੋਚ ਵਿਚਾਰ ਕਰੋ
ਇਨ੍ਹਾਂ ਵਹਿਮਾਂ ਭਰਮਾਂ ਨੂੰ ਛੱਡ ਕੇ ਕੁਦਰਤ ਨੂੰ ਪਿਆਰ ਕਰੋ
ਕਹੇ “ਖੁਸ਼ੀ ਦੂਹੜਿਆਂ ਵਾਲਾ” ਹੈ ਗੱਲ ਨਹੀਂ ਇਹ ਹਾਸੀ ਦੀ
ਮੈਂ ਭੇਂਟ ਚੜ੍ਹ ਗਿਆ ਲੋਕੋ ਥੋਡੀ ਅੰਧਵਿਸ਼ਵਾਸੀ ਦੀ…
*
3. ਗੱਲਾਂ ਸੱਚੀਆਂ
ਝੂਠਾ ਕਦੇ ਟਿਕਦਾ ਨਹੀਂ ਆਪਣੇ ਬਿਆਨ ‘ਤੇ
ਸੱਚਾ ਰਹਿੰਦਾ ਕਾਇਮ ਸਦਾ ਆਪਣੇ ਈਮਾਨ ‘ਤੇ
ਆਖੀ ਇਹ ਸਿਆਣਿਆਂ ਦੀ ਸੱਚੀ ਸੋਲ਼ਾਂ ਆਨੇ ਆਂ
ਡੁੱਲ੍ਹ ਜਾਵੇ ਦਾਲ ਜੇ ਬੇਸ਼ਰਮਾਂ ਦੀ ਭੁੰਜੇ, ਕਹਿੰਦੇ
ਅਸੀਂ ਤਾਂ ਜੀ ਦਾਲ ਭੁੰਜੇ ਡੋਲ੍ਹ ਡੋਲ੍ਹ ਖਾਨੇ ਆਂ…
ਧੀ ਸਦਾ ਬਾਬਲੇ ਦੀ ਪਗੜੀ ਦੀ ਲਾਜ ਹੁੰਦੀ
ਲੱਖ ਸਮਝਾਓ ਸਿਰ ਢੀਠਾਂ ਦੇ ਨਾ ਖਾਜ ਹੁੰਦੀ
ਕੰਮ ਤੋਂ ਟਲ਼ਣ ਦੇ ਓਹ ਲੱਭਦੇ ਬਹਾਨੇ ਆਂ
ਡੁੱਲ੍ਹ ਜਾਵੇ ਦਾਲ ਜੇ ਬੇਸ਼ਰਮਾਂ ਦੀ ਭੁੰਜੇ, ਕਹਿੰਦੇ
ਅਸੀਂ ਤਾਂ ਜੀ ਦਾਲ ਭੁੰਜੇ ਡੋਲ੍ਹ ਡੋਲ੍ਹ ਖਾਨੇ ਆਂ…
ਚੋਰਾਂ ਦੇ ਨਾ ਪੈਰ ਹੁੰਦੇ, ਸਿੰਙ ਨਹੀਂ ਸ਼ੁਦਾਈਆਂ ਦੇ
ਲਾਡਲੇ ਜਹੇ ਹੁੰਦੇ ਛੋਟੇ ਦਿਓਰ ਭਰਜਾਈਆਂ ਦੇ
ਬਾਅਦ ਵਿੱਚ ਭਾਵੇਂ ਸਹਿਣੇ ਪੈਂਦੇ ਮੇਹਣੇ ਤਾਅਨੇ ਆਂ
ਡੁੱਲ੍ਹ ਜਾਵੇ ਦਾਲ ਜੇ ਬੇਸ਼ਰਮਾਂ ਦੀ ਭੁੰਜੇ, ਕਹਿੰਦੇ
ਅਸੀਂ ਤਾਂ ਜੀ ਦਾਲ ਭੁੰਜੇ ਡੋਲ੍ਹ ਡੋਲ੍ਹ ਖਾਨੇ ਆਂ…
ਬਚਕੇ ਰਹੋ ਮਾੜੀ ਨੀਅਤ ਮਾੜੀ ਅੱਖ ਵਾਲੇ ਤੋਂ
“ਖੁਸ਼ੀ” ਜਿਹਾ ਲੱਭਣਾ ਨਹੀਂ, ਦੀਵਾ ਲੈ ਕੇ ਭਾਲ਼ੇ ਤੋਂ
ਲਿਖ ਲਿਖ ਗੱਲਾਂ ਸੱਚੀਆਂ ਸੁਣਾਈ ਜਾਨੇ ਆਂ
ਡੁੱਲ੍ਹ ਜਾਵੇ ਦਾਲ ਜੇ ਬੇਸ਼ਰਮਾਂ ਦੀ ਭੁੰਜੇ, ਕਹਿੰਦੇ
ਅਸੀਂ ਤਾਂ ਜੀ ਦਾਲ ਭੁੰਜੇ ਡੋਲ੍ਹ ਡੋਲ੍ਹ ਖਾਨੇ ਆਂ…
*
4. ਵਿੱਚ ਦਿਲਾਂ ਦੇ ਮੱਚਦੇ ਭਾਂਬੜ
ਵਿੱਚ ਦਿਲਾਂ ਦੇ ਮੱਚਦੇ ਭਾਂਬੜ, ਆਪਣਿਅਾਂ ਨੂੰ ਖੋਹਵਣ ਦੇ
ਗੱਲਾਂ ਬਾਤਾਂ ਨਾਲ ਕਦੇ ਉੁਹ, ਸੀਨੇ ਠੰਡੇ-ਠਾਰ ਨਹੀਂ ਹੁੰਦੇ
ਉੱਪਰੋਂ ਉੱਪਰੋਂ ਲੱਖ ਜਿਤਾਵਣ, ਯਾਰ ਯਾਰਾਂ ਦੇ ਪੱਕੇ ਹਾਂ
ਵਿੱਚ ਮੁਸੀਬਤ ਕੰਮ ਨਾ ਆਵਣ, ਉਹ ਕੋਈ ਸੱਚੇ ਯਾਰ ਨਹੀਂ ਹੁੰਦੇ
ਬਿਨਾਂ ਹੌਸਲੇ ਤੇ ਹਥਿਆਰਾਂ, ਕੋਈ ਜੰਗ ਨਹੀਂ ਜਿੱਤੀ ਜਾਂਦੀ
ਵਿੱਚ ਮੈਦਾਨੇ-ਜੰਗ ਨਾ ਚੱਲਣ, ਉਹ ਚੰਗੇ ਹਥਿਆਰ ਨਹੀਂ ਹੁੰਦੇ
ਦੇਸ਼ ਕੌਮ ਲਈ ਹਰਦਮ ਜਿਹੜੇ, ਜਾਨ ਤਲੀ ਤੇ ਧਰਕੇ ਚੱਲਦੇ
ਐਸਾ ਜਜ਼ਬਾ ਰੱਖਣ ਵਾਲੇ, ਸੱਜਣੋ ਲੋਕ ਗ਼ਦਾਰ ਨਹੀਂ ਹੁੰਦੇ
ਵਾਰ ਵਾਰ ਦੁਹਰਾ ਕੇ ਗਲਤੀ, ਮੁਆਫ਼ੀ ਮੰਗਣੀ ਨਹੀਂ ਹੈ ਚੰਗੀ
ਕੁੱਝ ਗੁਨਾਹ ਐਸੇ ਵੀ ਹੁੰਦੇ, ਮੁਆਫ਼ ਜਿਹੜੇ ਹਰ ਵਾਰ ਨਹੀਂ ਹੁੰਦੇ
ਗੱਲਾਂ ਲੱਖ ਕਰੋੜ ਦੀਅਾਂ ਪਰ, ਮਰਨਾ ਇੱਕ ਇੱਕ ਪੈਸੇ ਤੇ
ਜੇਬ ਹਮੇਸ਼ਾਂ ਘੁੱਟ ਕੇ ਰੱਖਣ, ਉਹ ਦਿਲ ਦੇ ਦਿਲਦਾਰ ਨਹੀਂ ਹੁੰਦੇ
ਦਿਲ ਦੀਅਾਂ ਰਮਜ਼ਾਂ ਦਿਲ ਹੀ ਜਾਣੇ, ਅੱਖ ਦੀ ਸ਼ਰਮ ਵੀ ਅੱਖ ਪਛਾਣੇ
ਸੱਚੇ ਸੁੱਚੇ ਇਸ਼ਕ ਦਿਲਾਂ ਦੇ, ਐ ਦਿਲ ਸਰੇ ਬਾਜ਼ਾਰ ਨਹੀਂ ਹੁੰਦੇ
ਇੱਕ ਦਾ ਹੋ ਜਾ, ਇੱਕ ਦਾ ਬਣ ਜਾ, ਇੱਕ ਦੇ ਲੜ ਤੂੰ ਲੱਗ ਜਾ ਬੰਦਿਆ
ਪੈਰ ਜੋ ਦੋਹਾਂ ਬੇੜੀਅਾਂ ਦੇ ਵਿੱਚ, ਧਰਦੇ ਉਹ ਕਦੇ ਪਾਰ ਨਹੀਂ ਹੁੰਦੇ
ਦੂਸਰਿਅਾਂ ਨੂੰ ਦੁੱਖ ਪਹੁੰਚਾ ਕੇ, ਅੰਦਰੋ-ਅੰਦਰੀ ਖੁਸ਼ ਹੋ ਬਹਿਣਾ
‘ਦੂਹੜਿਅਾਂ ਵਾਲਿਅਾਂ’ ਬਚਕੇ ਰਹੀਏ, ਇਹੋ ਜਿਹੇ ਗ਼ਮਖ਼ਾਰ ਨਹੀਂ ਹੁੰਦੇ
***
295
*** |