13 June 2024

ਤਿੰਨ ਕਵਿਤਾਵਾਂ: ਹਾਕਮ ਦੇ ਰੰਗ/ਮਜ਼ਬੂਰੀ/ਹੰਝੂ—- ਰੂਪ ਲਾਲ ਰੂਪ

1. ਹਾਕਮ ਦੇ ਰੰਗ

ਨਵੇਂ ਨਵੇਂ ਹਾਕਮ ਦੇ ਰੰਗ।
ਦੇਖ ਦੇਖ ਕੇ ਦੁਨੀਆਂ ਦੰਗ।
‘ਮਨ ਕੀ ਬਾਤ ‘ ਇਵੇਂ ਸੁਣਾਵੇ,
ਨਾਮਦੇਵ ਦੇ  ਜਿਵੇਂ ਅਭੰਗ।

ਪਿੱਠ ਥਾਪੜੇ ਗੋਦੀ ਮੀਡੀਆ,
ਉਹੀਓ ਲੋਹਾ, ਉਹੀਓ ਜੰਗ।

ਕਰੋਨਾ ਨਾਲ ਮਰਦੇ ਲੋਕੀਂ,
ਹਸਪਤਾਲੀਂ ਭੁੱਜਦੀ ਭੰਗ।

ਲਾ ਇਲਾਜ ਮਰਦੇ ਨੇ ਰੋਗੀ,
ਮਹਾਮਾਰੀ ਚਲਾਉਂਦੀ ਡੰਗ।

ਖਾਲੀ ਹੱਥੀਂ ਕਰਨ ਡਿਊਟੀ,
ਵੈਦ ਹਕੀਮ ਸਭ ਅਪੰਗ।

ਇਕ ਬੰਨੇ ਸੀ ਕੁੰਭ ਦਾ ਮੇਲਾ,
ਦੂਜੇ ਬੰਨੇ ਬੰਗਾਲ ਦੀ ਜੰਗ।

ਰੈਲੀਆਂ ‘ਤੇ ਠਾਹ ਚੱਲੀ ਰੈਲੀ,
ਸ਼ਾਹੀ ਜੋਰ ਉਡਾਈ ਪਤੰਗ।

ਮਹਾਮਾਰੀ ਦੇ ਦੌਰ ਦੇ ਵਿੱਚੋਂ,
ਗੱਦੀ ਲੱਭਦਾ ਰਿਹਾ ਮਲੰਗ।

ਗਲੀਓ ਗਲੀ ਪਈ ਦੁਹਾਈ,
ਹੁਣ ਕਰੋਨਾ ਫਿਰੇ ਨਿਸ਼ੰਗ।

ਫਿਰਕੂ ਅੱਗ ਚੁਫੇਰੇ ਲੱਗੀ,
ਭਾਈਚਾਰਾ ਕੀਤਾ ਬਦਰੰਗ।

ਉੱਤੋਂ ਧਾਰ ਕੇ ਭੇਖ ਭਗਵਾਂ,
ਅੰਦਰੋਂ ਪਿਆ ਚਲਾਵੇ ਡੰਗ।

ਘਰ ਬਦਰ ਕਿਸਾਨ ਕੀਤੇ,
ਸੁਝਿਆ ਹਾਲੇ ਕੋਈ ਨਾ ਢੰਗ।

ਕਿਰਤੀ ਕਰਜੇ ਹੇਠਾਂ ਦੱਬੇ,
ਜਗੀਰਦਾਰੀ ਹੋਈ ਦਬੰਗ।

ਪੜ੍ਹੇ ਲਿਖੇ ਤਲਣ ਪਕੌੜੇ,
ਰੋਜ਼ਗਾਰ ਦੇ ਨਵੇਂ ਹੀ ਢੰਗ।

ਗੋਗੜਾਂ ਹੋ ਗਈਆਂ ਮੋਟੀਆਂ,
ਸੁੱਕ ਮਜੂਰ ਹੋਏ ਕਰੰਗ।

ਸਹੇ ਦੀਆਂ ਤਿੰਨ ਟੰਗਾਂ ਦੱਸੇ,
ਹੁੰਦੀ ਨਹੀਂ ਆਖੇ ਚੌਥੀ ਟੰਗ।

ਮਰਨ ਮਜੂਰ ਭੁੱਖੇ-ਭਾਣੇ,
ਪੇਟ ਨੇ ਭਰਦੇ ਲੰਙੇ ਡੰਗ।

ਚਾਣਚਕ ਟੁੱਟਣੀ ਹੈ ਡੋਰੀ,
ਸਦਾ ਨਾ ਉੱਚੀ ਉਡੇ ਪਤੰਗ।
ਸਦਾ ਨਾ ਬਾਗੀਂ ਮੋਰ ਕੂਕਦਾ,
ਸਦਾ ਸੁਆਸਾਂ ਦਾ ਨਹੀਂ ਸੰਗ।

ਸ਼ਾਹ ਸਿਕੰਦਰ ਜੇਹੇ ਰਾਜੇ,
ਤੁਰ ਗਏ ਕਟਵਾ ਕੇ ਫੰਗ।

ਸੈਆਂ ਵਾਰੀ ਗਰਕਿਆ ਕੋਟਾ,
ਸੈਆਂ ਵਾਰੀ ਉਜੜਿਆ ਝੰਗ।

ਅੱਲਾ, ਈਸਾ ਨਾ ਨਾਨਕ ਭਾਵੇ,
ਇਕ ਹੀ ਰਾਮ ਲਗਾਵੇ ਅੰਗ।

ਤਖਤ ਬੈਠਾ ਦੁੱਧੀਂ ਨਹਾਵੇ,
ਜਹਿਰ ਉਗਲੇ ਬਣ ਭੁਜੰਗ।

ਸੁਲਝੀ ਨਾ ਪੁਲਵਾਮਾ ਗੁੱਥੀ,
ਬਾਲਾਕੋਟ ਦੀ ਨਕਲੀ ਜੰਗ।

ਚੀਨ ਘੁਸਿਆ ਅੰਦਰ ਸਾਡੇ,
ਆਖੇ ਕੋਈ ਨਾ ਸਕਦਾ ਖੰਘ।

ਕਿਧਰੇ ਗੰਗਾ ਪੁੱਤ ਸਦਾਵੇ,
ਨਕਲੀ ਕਿਤੇ ਟੈਗੋਰੀ ਰੰਗ।

ਬਰੂਪੀਏ ਦਾ ਭੇਤ ਨਾ ਲੱਗੇ,
ਦੇਸ਼ ਹੋ ਗਿਆ ਨੰਗ-ਮੁਨੰਗ।

ਧੂੜ ਫੱਕਦਾ ਦੁੱਖੀ ਹੋ ਗਿਆ,
ਸਰਦਾਰ ਦਿੱਤਾ ਉੱਚਾ ਟੰਗ।

ਜੀ ਡੀ ਪੀ ਨੂੰ ਲਕਵਾ ਹੋਇਆ,
ਉੱਨਤੀ ਨੂੰ ਹੋਇਆ ਅਧਰੰਗ।

ਦਿਲ ਵਿਚ ਛੱਲਾਂ ਪਈ ਮਾਰੇ,
ਨਵਾਂ ਜੋਸ਼ ਤੇ ਨਵੀਂ ਤਰੰਗ

‘ਰੂਪ ‘ ਸ਼ਾਇਰ ਦੇਖੇ ਸੁਪਨੇ,
ਭਰੇ ਉਡਾਣ ਨਵੀਂ ਉਮੰਗ।

*

2. ਮਜ਼ਬੂਰੀ
*

ਤੇਰੀ ਮਜ਼ਬੂਰੀ ਨੇ ਹੈ ਮਾਰਿਆ ਮੈਨੂੰ।
ਚੰਗਾ ਪਿਆਰ ਤੇਰੇ ਨੇ ਤਾਰਿਆ ਮੈਨੂੰ।

ਅਸੀਂ ਨਾ ਹੋਏ ਕਿਸੇ ਦੇ ਤੇਰੇ ਕਰ ਕੇ,
ਸਾਰੇ ਆਖਦੇ ਲੋਕ ਹੰਕਾਰਿਆ ਮੈਨੂੰ।

ਤੇਰਾ ਪੰਨਾ ਪੰਨਾ ਪੜ੍ਹ ਲਿਆ ਮੈਂ ਸਾਰਾ,
ਪੰਨਾ ਇਕ ਨਾ ਪੜ੍ਹ ਵਿਚਾਰਿਆ ਮੈਨੂੰ।

ਕਦਮ ਮਿਲਾ ਨਾ ਤੁਰਿਆ ਗਿਆ ਤੈਥੋਂ,
ਆਖੇਂ ਰਕੀਬਾਂ ਦੇ ਕੋਲ ਹਾਰਿਆ ਮੈਨੂੰ।

ਨੈਣਾਂ ਦੇ ਸਾਗਰ ਸਬੂਤਾ ਡੋਬ ਦਿੱਤਾ,
ਕੂਜਾ ਮਿਸ਼ਰੀ ਵਾਕਿਣ ਖਾਰਿਆ ਮੈਨੂੰ।

ਪੋਟਿਆਂ ਉੱਤੇ ਨਚਾਇਆ ਜਗ ਸਾਰਾ।
ਇਕ ਤੂੰ ਐਸਾ,ਜਿਸ ਹੈ ਚਾਰਿਆ ਮੈਨੂੰ।

‘ਰੂਪ’ ਪਿਆਰ ਲੇਖੇ ਜਿੰਦ ਲਗਾ ਦਿੱਤੀ,
ਸਣੇ ਜਿੰਦ ਬਿਰਹਾ ਤੋਂ ਵਾਰਿਆ ਮੈਨੂੰ।

*

3. ਹੰਝੂ
*

ਨੈਣਾਂ ‘ਚੋਂ ਡਿੱਗਿਆ ਖਾਰਾ ਹੰਝੂ।
ਬਿਰਹਾ  ਦਾ  ਵਣਜਾਰਾ ਹੰਝੂ।

ਮੈਂ ਵਿੱਚੋਂ ਪਈ ਮੈਂ ਨਾ ਲੱਭਦੀ,
ਜਿਸਮ ਸਾਰੇ ਦਾ ਸਾਰਾ ਹੰਝੂ।

ਜਗ ਹਸਾਈ ਸੱਜਣਾਂ ਕੀਤੀ,
ਪਾ ਗਿਆ ਬੜਾ ਖਲਾਰਾ ਹੰਝੂ।

ਦਿਲ ਦੀ ਗੱਲ ਕਰਾਂਗੇ ਦੋਵੇਂ,
ਲੱਭਦਾ ਰਿਹਾ ਕਿਨਾਰਾ ਹੰਝੂ।

ਤੂੰ ਆਣ ਝਨਾਂ ਦੇ ਕੰਢੇ ਦੇਖੀਂ,
ਬਹਿ ਗਿਆ ਪਾ ਕੇ ਢਾਰਾ ਹੰਝੂ।

ਭੁੰਜੇ ਡਿੱਗਦਾ ਹੋਂਦ ਗਵਾਵੇ,
ਮਾਰਦਾ ਨਾ ਚਮਕਾਰਾ ਹੰਝੂ।

ਦਿਲ ਦੀ ਗਾਥਾ ਆਖ ਗਿਆ ਏ,
ਅੰਦਰਲਾ  ਝਲਕਾਰਾ  ਹੰਝੂ।

ਬੰਨ੍ਹਾ ਦਿਲ ਦਾ ਤੋੜ ਗਿਆ ਏ,
ਨੈਣੀਂ ਕਰ  ਕੇ ਉਤਾਰਾ  ਹੰਝੂ।

ਸੱਜਣ ਜੇ ਕਹਿਣੇਕਾਰ ਹੁੰਦੇ,
ਬਹਿ ਜਾਂਦੇ ਪਾ ਚੁਬਾਰਾ ਹੰਝੂ।

ਕੀ ਹੋਇਆ ਜੇ ਸੱਜਣ ਰੁੱਸੇ,
‘ਰੂਪ ‘ ਨੂੰ ਦੇਣ ਸਹਾਰਾ ਹੰਝੂ।

***
187
***
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+91 94652-25722 

About the author

✍️ਰੂਪ ਲਾਲ ਰੂਪ
+94652-29722 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →