ਧੋਬੀ ਦੇ ਕੁੱਤੇ
-ਸ਼ਿਵਚਰਨ ਜੱਗੀ ਕੁੱਸਾ- |
ਬਿੱਕਰ ਸਿੰਘ ਦੇ ਘਰ ਗਹਿਮਾਂ-ਗਹਿਮੀ ਸੀ। ਉਸ ਦੇ ਯਾਰ-ਮਿੱਤਰ ਦੂਰੋਂ-ਦੂਰੋਂ ‘ਖਬਰ’ ਲੈਣ ਲਈ ਆਏ ਸਨ। ਬੀਬੀਆਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਗਪਲ-ਗਪਲ ਖਾ ਰਹੀਆਂ ਸਨ। ਬਿੱਕਰ ਸਿੰਘ ਡਰਾਇੰਗ-ਰੂਮ ਵਿਚ ਬੈਠਾ ਜੁੰਡੀ ਦਿਆਂ ਯਾਰਾਂ ਨਾਲ ਵਿਸਕੀ ਪੀ ਰਿਹਾ ਸੀ। ਪਤਾ ਨਹੀਂ ਉਸ ਨੂੰ ਕਿਹੜੀ ਗੱਲ ਦੀ ਖੁਸ਼ੀ ਸੀ?
-“ਡੈਡੀ ਮੈਂ ਤਾਂ ਸਾਲੇ ਮੁਸਲੇ ਦੀ ਲੱਤ ਵੱਢਣੀਂ ਐਂ-ਚਾਹੇ ਕੁਛ ਹੋਜੇ!” ਬਿੱਕਰ ਦਾ ਵੱਡਾ ਮੁੰਡਾ ਨ੍ਹੇਰੀ ਸ਼ਰਾਬੀ ਹੋ ਗਿਆ ਸੀ। -“ਭਲਿਆ ਮਾਣਸਾ-ਲੱਤ ਵੱਢਣੀਂ ਐਥੇ ਸੌਖੀ ਐ? ਹੈਂ! ਇਹ ਇੰਡੀਆ ਨਹੀਂ-ਅਗਲੇ ਚੱਕ ਕੇ ਅੰਦਰ ਦੇ ਦੇਣਗੇ-ਕਿਸੇ ਨੇ ਦੱਸ ਪੁੱਛ ਕਰਨੀ ਐਂ? ਹੈ ਨਾ ਕਮਲਾ! ਲੱਤ ਵੱਢਣੀਂ ਐਂ ਡੈਡੀ!” ਬਿੱਕਰ ਨੇ ਮੁਰਗੇ ਦੀ ਟੰਗ ਮਰੋੜਦਿਆਂ, ਆਪਣੇ ਮੁੰਡੇ ਨੂੰ ਤਾੜ ਕੇ ਸਾਂਗ ਜਿਹੀ ਲਾਈ। -“ਡੈਡੀ! ਆਪਣੀ ਇੱਜ਼ਤ ਰੋਲਤੀ ਮੁਸਲੇ ਨੇ-ਮੇਰੇ ਤਾਂ ਚੜ੍ਹੀ ਜਾਂਦੇ ਐ ਵਟਣੇ-ਮੈਂ ਸੁੱਲੇ ਦੀ ਟੰਗ ਵੱਢ ਕੇ ਪਰਾਂਹ ਮਾਰਨੀ ਐਂ-ਮੈਨੂੰ ਨ੍ਹੀ ਪਤਾ!” ਮੁੰਡਾ ‘ਉਤੋਂ’ ਦੀ ਹੋਇਆ ਝੂਟੇ ਖਾ ਰਿਹਾ ਸੀ। ਪਤਾ ਨਹੀਂ ਗੁੱਸੇ ਵਿਚ ਜਾਂ ਫਿਰ ਸ਼ਰਾਬ ਦੇ ਨਸ਼ੇ ਵਿਚ ਆਖ ਰਿਹਾ ਸੀ। -“ਹੈ ਯਧ ਕਮਲਾ? ਜੋ ਹੋ ਗਿਆ, ਸੋ ਹੋ ਗਿਆ-ਹੁਣ ਟੰਗ ਵੱਢ ਕੇ ਮਿਲੂ ਕੀ? ਹੈਂ! ਮਰਨਾ-ਮਾਰਨਾ ਮੂਰਖ ਜੱਟਾਂ ਦਾ ਕੰਮ ਐਂ-ਆਪਣਾ ਨਹੀਂ!” -“ਡੈਡੀ, ਆਪਾਂ ਨੂੰ ਲੋਕ ਸਾਲੇ ਸੱਕ ਲਾਹੂ ਜਾਤ ਈ ਆਖਣਗੇ।” -“ਆਖੀ ਜਾਣ! ਲੋਕਾਂ ਦਾ ਕੀ ਐ? ਲੋਕ ਤਾਂ ਕੁੱਤੇ ਐ-ਤੂੰ ਕਿਸੇ ਨੂੰ ਮਾਰ ਕੇ ਫਾਂਸੀ ਚੜ੍ਹਜਾ-ਸ਼ਾਬਾਸ਼ੇ ਇੰਨ੍ਹਾਂ ਨੇ ਫੇਰ ਵੀ ਨ੍ਹੀ ਦੇਣੀਂ-ਫਿੱ੍ਹਟ ਲਾਹਣਤ ਈ ਦੇਣਗੇ।” -“ਥੋਡੇ ‘ਚ ਕਣ-ਕੰਡਾ ਈ ਨ੍ਹੀ ਨਾ ਫੇਰ?” ਨ੍ਹੇਰੀ ਭੂਸਰ ਗਿਆ ਸੀ। ਬਿੱਕਰ ਦੇ ਦੋਸਤਾਂ ਨੇ ਉਸ ਨੂੰ ਸ਼ਾਂਤ ਕੀਤਾ। -“ਚੱਲ ਜਾਣਦੇ ਸ਼ੇਰਾ! ਕੱਲ੍ਹ ਨੂੰ ਗੱਲ ਕਰਾਂਗੇ-ਐਮੇ ਨ੍ਹੀ ਕਮਲ ਮਾਰੀਦਾ ਹੁੰਦਾ-ਚੱਲ ਪੈ—!” ਜੋਗਿੰਦਰ ਉਸ ਨੂੰ ਇੱਕ ਤਰ੍ਹਾਂ ਨਾਲ ਫੜ ਕੇ ਬੈੱਡ-ਰੂਮ ਵਿਚ ਸੁੱਟ ਆਇਆ। -“ਕਿੱਡੀ ਸਿੱਧਰੀ ਔਲਾਦ ਐ-ਵੰਝ ‘ਤੇ ਚਾੜ੍ਹਨੇ ਲਏ ਐਂ!” ਬਿੱਕਰ ਨੇ ਲੰਡਾ ਪੈੱਗ ਅੰਦਰ ਸੁੱਟਦਿਆਂ ਕਿਹਾ। -“ਗੱਲ ਕਿਹੜਾ ਬਿੱਕਰਾ ਛੋਟੀ ਐ? ਅਕਸਰ ਫਿਰ ਵੀ ਸਕੀ ਭੈਣ ਐਂ-ਮੁੰਡੇ ਦਾ ਗਰਮ ਖ਼ੂਨ ਐਂ-ਪੰਘਰੂ ਨਾ ਤਾਂ ਹੋਰ ਕੀ ਕਰੂ?” ਜੋਗਿੰਦਰ ਨੂੰ ਨ੍ਹੇਰੀ ‘ਤੇ ਘੱਟ ਅਤੇ ਬਿੱਕਰ ‘ਤੇ ਵੱਧ ਗੁੱਸਾ ਆ ਰਿਹਾ ਸੀ। ਜਿਹੜਾ ਪਹਾੜ੍ਹ ਜਿੱਡੀ ਗੱਲ ਨੂੰ ‘ਲੱਲੋ-ਪੱਤੋ’ ਹੀ ਸਮਝਦਾ ਸੀ। -“ਲੜਕੀ ਨੇ ਵੀ ਸਹੁਰੀ ਨੇ ਕਮਲ ਈ ਮਾਰਿਆ-ਸੁੱਲੇ ਦੇ ਜਾ ਕੇ ਬਹਿ ਗਈ-ਉਹ ਜਾਣੇਂ ਕਿਸੇ ਦੇਸੀ ਭਾਈਬੰਦ ਦੇ ਚਲੀ ਜਾਂਦੀ-ਚਾਰ ਲਾਮਾਂ ਦੇ ਕੇ ਪਰ੍ਹਾਂ ਕਰਦੇ-ਪਰ ਮੁਸਲੇ ਨਾਲ ਤਾਂ ਨਿਕਾਹ ਕਰਨੋਂ ਰਹੇ?” ਧੂਤ ਬੋਲਿਆ। ਉਹ ਕਦੋਂ ਦਾ ਕੋਹੜ ਕਿਰਲੇ ਜਿੱਡੀ ਮੁੱਛ ਨੂੰ ਰੱਸੀ ਵਾਂਗ ਵੱਟ ਦੇ ਰਿਹਾ ਸੀ। -“ਬਾਧੂ ਕੋਹੜੀ ਵੀ ਨੇ ਤੋਏ ਤੋਏ ਕਰਵਾਈ!” -“ਦੱਸੋ ਫਿਰ ਮੈਂ ਕਿਹੜੇ ਖੂਹ ‘ਚ ਡਿੱਗਾਂ—?” ਬਿੱਕਰ ਕੁਰਲਾਇਆ। -“ਤੈਨੂੰ ਖੂਹ ‘ਚ ਡਿੱਗਣ ਨੂੰ ਕੌਣ ਕਹਿੰਦੈ? ਪਰ ਤੂੰ ਨਿਰਾ ਪੁਰਾ ਪੈਸੇ ਮਗਰ ਈ ਨਾ ਪੈ-ਔਲਾਦ ਬੰਨੀਂ ਵੀ ਖਿਆਲ ਕਰ!” ਸੁੱਚੇ ਸੂਰਮੇਂ ਨੇ ਬਿੱਕਰ ਨੂੰ ਸਿੱਧੀ ਸੁਣਾਈ ਕੀਤੀ। -“ਮੈਂ ਕਾਹਨੂੰ ਪੈਸੇ ਮਗਰ ਪਿਐਂ ਯਾਰ-ਤੁਸੀਂ ਤਾਂ ਬੱਸ—!” ਬਿੱਕਰ ਸਿੱਧੀ ਸੁਣ ਕੇ ਕੰਬ ਗਿਆ। ਉਸ ਨੂੰ ਕੋਈ ਟਿਕਾਣੇ ਦਾ ਉੱਤਰ ਨਾ ਸੁੱਝਿਆ। -“ਚੱਲੀਏ ਫੇਰ ਸ਼ਿੰਗਾਰਿਆ? ਸਵੇਰੇ ਕੰਮ ‘ਤੇ ਵੀ ਜਾਣੈਂ।” ਰੰਧਾਵੇ ਨੇ ਕਿਹਾ। ਦਾਰੂ ਦੇ ਨਸ਼ੇ ਨਾਲ ਉਹ ‘ਬਾਬੂ’ ਬਣਿਆਂ ਬੈਠਾ ਸੀ। -“ਚੱਲ ਪਾ ਫੇਰ ਚੱਲੀਏ।” ਸ਼ਿੰਗਾਰੇ ਨੇ ਬੋਤਲ ਰੰਧਾਵੇ ਦੀ ਬੁੱਕਲ ਵਿਚ ਜੁਆਕ ਵਾਂਗ ਰੱਖ ਦਿੱਤੀ। -“ਹੋਰ ਕੋਈ ਸਾਡੇ ਲੈਕ ਸੇਵਾ ਹੋਵੇ ਤਾਂ ਦੱਸੀਂ!” ਤੇ ਫਿਰ ਰੰਧਾਵਾ ਰਸੋਈ ਕੋਲ ਹੋ ਕੇ ਬਿੱਕਰ ਦੇ ਘਰਵਾਲੀ ਹਰਦੇਵ ਕੌਰ ਨੂੰ ਆਖਣ ਲੱਗਾ, “ਚੰਗਾ ਭਰਜਾਈ! ਅਸੀਂ ਚੱਲਦੇ ਐਂ ਫੇਰ-ਅਗਲੇ ਹਫ਼ਤੇ ਦੇਖਾਂਗੇ।” -“ਵੇ ਰੋਟੀ ਖਾ ਕੇ ਜਾਂਦੇ ਰਿਹੋ-ਕੀ ਐਡੀ ਛੇਤੀ ਨ੍ਹੇਰੀ ਆਈ ਐ ਥੋਨੂੰ?” -“ਰੋਟੀ ਖਾਣ ਜੋਗੇ ਤਾਂ ਭਰਜਾਈ ਅਜੇ ਹੋਣੈਂ।” ਰੰਧਾਵਾ ਤੋਤਲਾ ਬੋਲਿਆ, “ਅਜੇ ਖੁਰਕ ਜੀ ਹੋਣ ਨ੍ਹੀ ਲੱਗੀ।” -“ਵੇ ਕਦੋਂ ਦਾ ਤਾਂ ਡੱਫ਼ੀ ਜਾਨੈਂ ਡੋਕਲਾ!” -“ਜਿੰਨਾਂ ਚਿਰ ਭਰਜਾਈ ਇਹੇ ਦਾਲ ਦੀ ਕੌਲੀ ਉਪਰ ਨ੍ਹੀ ਡੋਲ੍ਹਦਾ-ਇਹ ਰੋਟੀ ਖਾਣ ਜੋਕਰਾ ਨ੍ਹੀ ਹੁੰਦਾ।” ਹੱਸਦੇ ਸ਼ਿੰਗਾਰੇ ਦਾ ਨਾਲ ਹੀ ਢਿੱਡ ਹਿਲਦਾ ਸੀ। ਨਜ਼ਰ ਵਾਲੀ ਐਨਕ ਵਿਚੋਂ ਉਸ ਦੀਆਂ ਲਾਲ ਅੱਖਾਂ ਬੈਟਰੀ ਵਾਂਗ ਜਗ ਰਹੀਆਂ ਸਨ। -“ਵੇ ਗੱਡੀ ਹੌਲੀ ਚਲਾਇਓ—-!” ਉਪਰੋਂ ਹਰਦੇਵ ਕੌਰ ਦੀ ਅਵਾਜ਼ ਆਈ। ਉਹ ਇੱਕ ਦੂਜੇ ਵਿਚ ਵੱਜਦੇ ਹੇਠਾਂ ਉਤਰ ਆਏ। -“ਇਹਨਾਂ ਨੂੰ ਕੁੱਤੀਆਂ ਜਾਤਾਂ ਐਮੇਂ ਨ੍ਹੀ ਕਹਿੰਦੇ।” ਰੰਧਾਵਾ ਕਾਰ ਦੀ ਸੀਟ ‘ਤੇ ਬੈਠ, ਬੈੱਲਟ ਲਾਉਂਦਾ ਹੋਇਆ ਬੋਲਿਆ। -“ਮੋੜ ਕੇ ਲਿਆਂਦੀ ਨਿਕਲੀ ਵੀ ਕੁੜੀ ਐ-ਪਾਲਟੀਆਂ ਇਉਂ ਕਰੀ ਜਾਂਦੇ ਐ ਜਿਵੇਂ—-!” ਕਾਰ ਤੋਰਦਿਆਂ ਸ਼ਿੰਗਾਰੇ ਮਾਨ ਦਾ ਹਾਸਾ ਛੁੱਟ ਪਿਆ। -“ਯਾਰ, ਮੇਰੇ ਤਾਂ ਹੋਰ ਸੁਣਨ ‘ਚ ਆਇਐ।” ਰੰਧਾਵੇ ਨੇ ਮੂੰਹ ਮਾਨ ਦੇ ਮੂੰਹ ਕੋਲ ਕਰ ਲਿਆ। -“ਬਈ ਮੁਸਲੇ ਨੇ ਕੁੜੀ ਦੀਆਂ ਫ਼ੋਟੂਆਂ ਵੀ ਲਾਹੀਐਂ?” -“ਤੂੰ ਫੋਟੋਆਂ ਦੀ ਗੱਲ ਕਰਦੈਂ-ਉਹਨੇ ਤਾਂ ਕੁੜੀ ਦੀ ਮੂਵੀ ਵੀ ਬਣਾਈ ਐ!” -“ਹੈਤ ਥੋਡੀ ਮਾਂ ਦੀ—-! ਫੇਰ ਮਰੇ ਵੇ ਈ ਐ ਨਾ? ਚੱਪਣੀਆਂ ਦੇਣ ਭੰਨ ਸਾਲੇ ਦੀਆਂ-ਮੂਵੀ ਤੇ ਫੋਟੂਆਂ ਤਾਂ ਮੁੜਵਾਉਣ-ਅਗਲਾ ਪਤਾ ਨ੍ਹੀ ਕੀਹਨੂੰ ਕੀਹਨੂੰ ਦਿਖਾਊ? ਜਾਂ ਦੱਸਣ ਪੁਲਸ ਨੂੰ।” -“ਪੁਲਸ ਐਥੇ ਕੀ ਕਰੂ? ਇੱਥੇ ਇੰਡੀਆ ਆਲੀ ਪੁਲਸ ਥੋੜ੍ਹੋ ਐ?” ਗੱਲਾਂ ਕਰਦਿਆਂ-ਕਰਦਿਆਂ ਉਹਨਾਂ ਨੇ ਕਾਰ ਆਪਣੇ ਮਕਾਨ ਅੱਗੇ ਆ ਲਾਈ। ——ਅਸਲ ਵਿਚ ਬਿੱਕਰ ਸਿੰਘ ਕਾਮਾ, ਮਿਹਨਤੀ ਹੋਣ ਦੇ ਨਾਲ-ਨਾਲ ਪੈਸੇ ਦਾ ਪੁੱਤ ਸੀ। ਅਤੀਅੰਤ ਸੂਮ! ਦੋ ਜੁਆਨ ਮੁੰਡੇ ਅਤੇ ਦੋ ਹੀ ਜੁਆਨ ਕੁੜੀਆਂ। ਬਿੱਕਰ, ਬਿੱਕਰ ਦੇ ਘਰਵਾਲੀ ਹਰਦੇਵ ਕੌਰ ਅਤੇ ਸਾਰੇ ਮੁੰਡੇ-ਕੁੜੀਆਂ ਕਿੱਤਿਆਂ ‘ਤੇ ਲੱਗੇ ਹੋਏ ਸਨ। ਚੰਗਾ-ਚੋਖਾ ਪੈਸਾ ਘਰੇ ਆਉਂਦਾ ਸੀ। ਬਿੱਕਰ ਨੇ ਆਪਣਾ ਇੱਕ ਚੰਗਾ ਵੱਡਾ ਮਕਾਨ ਖਰੀਦ ਲਿਆ। ਆਪਣੀ ਰਹਾਇਸ਼ ਜੋਗਾ ਰੱਖ ਕੇ ਬਾਕੀ ਕਮਰੇ ਇੰਡੀਅਨ ਅਤੇ ਪਾਕਿਸਤਾਨੀ ਮੁੰਡਿਆਂ ਨੂੰ ਕਿਰਾਏ ‘ਤੇ ਦੇ ਦਿੱਤੇ। ਆਮਦਨ ਹੋਰ ਵੀ ਵਧ ਗਈ। ਬੱਸ! ਹੁਣ ਬਿੱਕਰ ਅੱਠ ਘੰਟੇ ਹੀ ਡਿਊਟੀ ਕਰਦਾ ਅਤੇ ਰਾਤ ਨੂੰ ਦਾਰੂ ਪੀ ਕੇ ਸੌਂ ਛੱਡਦਾ। ਛੁੱਟੀ ਵਾਲੇ ਦਿਨ ਤਾਂ ਉਹ ਸਵੇਰੇ ਹੀ ਸ਼ੁਰੂ ਹੋ ਜਾਂਦਾ ਸੀ। ਮੁੰਡੇ, ਕੁੜੀਆਂ, ਹਰਦੇਵ ਕੌਰ ਕਦੋਂ ਕੰਮ ‘ਤੇ ਜਾਂਦੀ ਅਤੇ ਕਦੋਂ ਆਉਂਦੀ? ਉਹ ਬਹੁਤਾ ਖਿਆਲ ਨਾ ਕਰਦਾ! ਅਖੀਰ ਬਿੱਕਰ ਦੇ ਘਰਵਾਲੀ ਹਰਦੇਵ ਕੌਰ ਨੇ ਵੱਡੀ ਕੁੜੀ ਦੇ ਵਿਆਹ ਬਾਰੇ ਜੋਰ ਪਾਇਆ, ਪਰ ਬਿੱਕਰ ਨੇ ਕੰਨ-ਮੁੱਢ ਮਾਰ ਛੱਡਿਆ। -“ਅਜੇ ਵਿਆਹ ਦੀ ਕੋਈ ਉਮਰ ਐ? ਕੱਲ੍ਹ ਦੀ ਤਾਂ ਜੁਆਕੜੀ ਐ!” ਉਹ ਸੋਨੇ ਦਾ ਅੰਡਾ ਦੇਣ ਵਾਲੀ ਧੀ ਨੂੰ ਛੇਤੀ ਕੀਤੇ ਖੁੱਡੇ ਵਿਚੋਂ ਕੱਢਣ ਲਈ ਤਿਆਰ ਨਹੀਂ ਸੀ। ਪਰ ਮਾਂ ਨੇ ਧੀ ਦੀਆਂ ‘ਕਰਤੂਤਾਂ’ ਇੱਕ ਤੁਰਕੀ ਮੁੰਡੇ ਨਾਲ ਅੱਖੀਂ ਦੇਖ ਲਈਆਂ ਸਨ। ਉਹ ਠਠੰਬਰੀ ਹੋਈ ਕੁੜੀ ਦੇ ਕਮਰੇ ‘ਚੋਂ ਅੱਖਾਂ ਮੁੰਦ ਕੇ ਵਾਪਿਸ ਆ ਗਈ ਸੀ। ਅੱਖੀਂ ਦੇਖਿਆ ‘ਸੀਨ’ ਉਸ ਨੂੰ ਵਾਰ-ਵਾਰ ਕੰਬਣੀ ਚਾੜ੍ਹਦਾ ਸੀ। ਘੱਟ ਮਾਂ ਵੀ ਨਹੀਂ ਸੀ। ਗਲ ਥਾਣੀਂ ਪਜਾਮਾ ਉਹ ਲਾਹੁੰਦੀ ਸੀ। ਕਿੱਕਰ ਤੋਂ ਕਾਟੋ ਲਾਹੰੁਣ ਦੀ ਸ਼ੌਕੀਨ ਹਰਦੇਵ ਕੌਰ, ਬਿੱਕਰ ਤੋਂ ਪੂਰੀ ਦਸ ਸਾਲ ਛੋਟੀ ਸੀ! ਅਕਸਰ ਬੰਦੇ-ਬੁੜ੍ਹੀ ਨੇ ਆਪਣੀ ਭੁੱਖ ਪੂਰੀ ਕਰਨ ਲਈ ਕਿਤੇ ਨਾ ਕਿਤੇ ਤਾਂ ਡਿੱਗਣਾ ਹੀ ਹੋਇਆ? ਮਾਂ ਖ਼ੁਦ ਭਾਂਤ-ਭਾਂਤ ਦੇ ਯਾਰ ਹੰਢਾਉਂਦੀ ਸੀ! ਮਾਂ ਖੂਹ ਵਿਚ ਅਤੇ ਕੁੜੀ ਖਾਤੇ ਵਿਚ ਡਿੱਗ ਰਹੀ ਸੀ। ਆਖਰ ਜਦ ਤੁਰਕੀ ਮੁੰਡੇ ਦਾ ਇਹ ਨਿੱਤ ਦਾ ਹੀ ਕੰਮ ਹੋ ਗਿਆ ਤਾਂ ਹਰਦੇਵ ਕੌਰ ਦੇ ਭਾਅ ਦੀ ਬਣ ਗਈ। -“ਇਹ ਤਾਂ ਜੁਆਕ ਬਣਾ ਕੇ ਪਾਸੇ ਹੋਊ-ਅਸੀਂ ਕੀਹਦੀ ਮਾਂ ਨੂੰ ਮਾਸੀ ਕਹਾਂਗੇ?” ਉਹ ਅੰਦਰੋ-ਅੰਦਰੀ ਖੁਰਦੀ ਰਹਿੰਦੀ। -“ਕੰਜਰਾ! ਦਾਰੂ ‘ਚ ਡੁੱਬਿਆ ਰਹਿੰਨੈਂ-ਕੁੜੀ ਉੱਜੜਨ ਰਸਤੇ ਪੈਗੀ!” ਇੱਕ ਦਿਨ ਹਰਦੇਵ ਕੌਰ ਨੇ ਪੱਟ ਪਿੱਟੇ। -“ਉਹਦੀ ਮਾਂ ਦੀ—-!” ਸ਼ਰਾਬ ਨਾਲ ਰੱਜਿਆ ਬਿੱਕਰ ਸਿੰਘ ਕਰੋਧ ਨਾਲ ਸੜ ਉਠਿਆ। -“ਤੂੰ ਕੁੱਤੀਏ! ਮੈਨੂੰ ਪਹਿਲਾਂ ਕਿਉਂ ਨਾ ਦੱਸਿਆ?” ਉਸ ਨੇ ਡਾਂਗ ਲੈ ਕੇ ਹਰਦੇਵ ਕੌਰ ਨਿੱਸਲ ਕਰ ਦਿੱਤੀ। -“ਕੰਜਰ ਚੌਰਿਆ! ਮੈਂ ਤਾਂ ਨਿੱਤ ਤੇਰੇ ਮੂੰਹ ਅੱਗੇ ਹੱਥ ਦਿੰਦੀ ਰਹੀ-ਹੁਣ ਨਾ ਕੰਜਰਪੁਣਾਂ ਕਰਕੇ ਲੋਕਾਂ ਨੂੰ ਤਮਾਸ਼ਾ ਦਿਖਾ-ਝੱਗਾ ਚੱਕਿਆਂ ਆਬਦਾ ਈ ਢਿੱਡ ਨੰਗਾ ਹੁੰਦੈ-ਕਰਨ ਆਲਾ ਕੰਮ ਕਰ ਮੌਤ ਪੈਣਿਆਂ!” ਕੁੱਟ ਖਾ ਕੇ ਵੀ ਹਰਦੇਵ ਕੌਰ ਧੀਮੀਂ ਅਵਾਜ਼ ਵਿਚ ਗੱਲ ਕਰ ਰਹੀ ਸੀ। -“ਤੂੰ ਅਜੇ ਤੱਕ ਯਾਰਾਂ ਦੀਆਂ ਬੁੱਕਲਾਂ ਨਿੱਘੀਆਂ ਕਰਦੀ ਐਂ-ਤੇਰੀਆਂ ਧੀਆਂ ਕਿਹੜਾ ਘੱਟ ਕਰਨਗੀਆਂ?” ਉਸ ਨੇ ਇੱਕ ਕਰੜੀ ਝੁੱਟੀ ਹੋਰ ਲਾ ਕੇ ਹਰਦੇਵ ਕੌਰ ਦੀ ਤਹਿ ਲਾ ਦਿੱਤੀ। -“ਤੂੰ ਤਾਂ ਨਮਰਦਾ, ਸ਼ਰਾਬ ਚੋਂ ਅੱਖ ਨ੍ਹੀ ਖੋਲ੍ਹਦਾ-ਮੈਂ ਤਾਂ ਕਿਤੇ ਮੱਚਣਾ ਈ ਐਂ!” ਦੁਹੱਥੜ ਮਾਰ ਕੇ ਹਰਦੇਵ ਕੌਰ ਨੇ ਸਿੱਧੀ, ਸੱਚੀ ਸੁਣਾਈ ਤਾਂ ਬਿੱਕਰ ਠਰ ਗਿਆ। ਕਸੂਰ ਉਸ ਦਾ ਆਪਣਾ ਸੀ। ਸੱਚੀ ਗੱਲ ਇੱਟ ਵਾਂਗ ਕਪਾਲ ਵਿਚ ਪਈ ਸੀ। ਖ਼ੈਰ! ਇੱਕ ਤੂਫ਼ਾਨ ਆਇਆ ਸੀ, ਜੋ ਕਮਰੇ ਅੰਦਰ ਹੀ ਖ਼ੌਰੂ ਪਾ ਕੇ ਸ਼ਾਂਤ ਹੋ ਗਿਆ ਸੀ। ਬਿੱਕਰ ਨੇ ਪੈੱਗ ਲਾ ਕੇ ਸਾਰੇ ਘਰ ਵਿਚ ਭਲਵਾਨੀ ਗੇੜਾ ਦਿੱਤਾ। ਪਰ ਵੱਡੀ ਕੁੜੀ ਉਸ ਨੂੰ ਕਿਤੇ ਨਜ਼ਰ ਨਾ ਆਈ। ਉਹ ਡਰਾਇੰਗ-ਰੂਮ ਵਿਚ ਸੋਫ਼ੇ ‘ਤੇ ਬੈਠਾ ਨਹੀਂ, ਇੱਕ ਤਰ੍ਹਾਂ ਨਾਲ ਡਿੱਗ ਹੀ ਪਿਆ। ਵੱਡਾ ਮੁੰਡਾ ਨ੍ਹੇਰੀ ਅੰਦਰ ਆਇਆ। ਬਿੱਕਰ ਨੇ ਮੁੰਡੇ ਨੂੰ ਬੜੀ ਗਹੁ ਨਾਲ ਤੱਕਿਆ। ਮੁੰਡੇ ਦੇ ਮੋਢਿਆਂ ਤੱਕ ਵਾਲ ਰੱਖੇ ਹੋਏ ਸਨ ਅਤੇ ਕੰਨਾਂ ਵਿਚ ਮੁਰਕੀਆਂ ਪਾਈਆਂ ਹੋਈਆਂ ਸਨ। -“ਆਹ ਕੀ ਨਚਾਰਾਂ ਮਾਂਗੂੰ ਕੰਨਾਂ ‘ਚ ਕੋਕਰੂ ਜਿਹੇ ਪਾਈ ਫਿਰਦੈਂ ਉਏ ਹਰਾਮਦਿਆ! ਸ਼ਰਮ ਨ੍ਹੀ ਆਉਂਦੀ?” ਬਿੱਕਰ ਨੇ ਕੁੜੀ ਵਾਲਾ ਗੁੱਸਾ ਮੁੰਡੇ ‘ਤੇ ਕੱਢਣਾ ਚਾਹਿਆ। ਪਰ ਮੁੰਡਾ ਅੱਗਿਓਂ ‘ਅਲੀ-ਅਲੀ’ ਕਰ ਕੇ ਮਗਰ ਪੈ ਗਿਆ। -“ਇਹ ਮੇਰੀ ਪ੍ਰਾਬਲਮ ਐ-ਮੈਂ ਜੋ ਚਾਹੂੰ, ਕਰੂੰ! ਰਾਈਟ? ਸਾਥੋਂ ਥੋਡੇ ਮਾਂਗੂੰ ਪੱਗੂ ਨਹੀਂ ਬੰਨ੍ਹੇ ਜਾਂਦੇ! ਜੇ ਮੇਰੀ ਕਿਸੇ ਗੱਲ ‘ਚ ਇੰਟਰਫ਼ੀਅਰ ਕੀਤਾ-ਮੈਂ ਪੁਲਸ ਨੂੰ ਫ਼ੋਨ ਕਰ ਦਿਊਂ!” -“ਬਹੁੜ੍ਹੀ ਉਏ! ਸਾਰਾ ਟੱਬਰ ਗਲ ਨੂੰ ਆਉਂਦੈ।” ਬਿੱਕਰ ਦੀ ਹਾਲਤ ਆਟੇ ਦੇ ਦੀਵੇ ਵਰਗੀ ਹੋ ਗਈ ਸੀ। ਉਹ ਤਪਿਆ ਹੋਇਆ ‘ਬੁੜ-ਬੁੜ’ ਕਰਦਾ ਬਾਹਰ ਨਿਕਲ ਗਿਆ। ਬਿੱਕਰ ਆਪਣਾ ਕਸੂਰ ਮੰਨਣ ਲਈ ਤਿਆਰ ਨਹੀਂ ਸੀ, ਜਿਸਨੇ ਸ਼ਰਾਬ ਅਤੇ ਪੈਸੇ ਨੂੰ ਮੁੱਖ ਰੱਖ ਕੇ ਆਪਣੇ ਘਰ ਅੰਦਰ ਝਾਤੀ ਨਹੀਂ ਮਾਰੀ ਸੀ। ਅਖੀਰ ਬਿੱਕਰ ਨੇ ਇੱਕ ਮੁੰਡਾ ਦੇਖ ਕੇ ਕੁੜੀ ਦਾ ਵਿਆਹ ਪੱਕਾ ਕਰ ਦਿੱਤਾ। ਸਾਰੀ ਤਿਆਰੀ ਮੁਕੰਮਲ ਹੋ ਗਈ। ਕਾਰਡ ਵੰਡ ਦਿੱਤੇ ਗਏ। ਪਰ ਵਿਆਹ ਤੋਂ ਇੱਕ ਹਫ਼ਤਾ ਪਹਿਲਾਂ ਮੁੰਡੇ ਵਾਲਿਆਂ ਨੇ ਜਵਾਬ ਦੇ ਦਿੱਤਾ। ਕਿਸੇ ਆਪਣੇ ਹੀ ਭਾਈਬੰਦ ਨੇ ਮੁੰਡੇ ਵਾਲਿਆਂ ਦੇ ਕੰਨ ਵਿਚ ਫ਼ੂਕ ਜਾ ਮਾਰੀ, “ਕੁੜੀ ਖਰਾਬ ਐ!” ਬਿੱਕਰ ਅਤੇ ਹਰਦੇਵ ਕੌਰ ਨੂੰ ਹੱਥਾਂ ਪੈਰਾਂ ਦੀ ਪੈ ਗਈ, ਕਿਉਂਕਿ ਦਿਨ ਪੱਕਾ ਕੀਤਾ ਹੋਇਆ ਸੀ, ਕਾਰਡ ਵੰਡੇ ਹੋਏ ਸਨ। ਬਿੱਕਰ ਨੇ ਮੁੰਡੇ ਦੇ ਪਿਉ ਦੇ ਪੈਰੀਂ ਪੱਗ ਜਾ ਧਰੀ। ਪਰ ਮੁੰਡੇ ਦੇ ਬਾਪ ਨੇ ਇੱਕੋ ਵਿਚ ਹੀ ਨਬੇੜ ਦਿੱਤੀ। -“ਬਿੱਕਰ ਸਿਆਂ! ਪੱਗ ਚੱਕ ਕੇ ਸਿਰ ‘ਤੇ ਧਰਲਾ-ਮੈਥੋਂ ਨ੍ਹੀ ਦੁਨੀਆਂ ਦੀ ਜੂਠ ਨੂੰਹ ਬਣਾਈ ਜਾਣੀ।” -“ਨਾਲੇ ਲੋਕ ਸਾਡੇ ਮੂੰਹ ਨਾਲ ਕੀ ਕਰਨਗੇ? ਲੋਕ ਸਾਡੇ ਮੂੰਹ ‘ਚ ਛਿੱਤਰ ਨਾ ਦੇਣਗੇ? ਤੂੰ ਤਾਂ ਗਿੱਠ ਲੀਰ ਸਾਡੇ ਪੈਰਾਂ ਤੇ ਆ ਸਿੱਟੀ-ਜਿਮੇਂ ਪਟਿਆਲੇ ਆਲੇ ਰਾਜੇ ਦਾ ਤਾਜ ਹੁੰਦੈ।” ਮੁੰਡੇ ਦੀ ਮਾਂ ਨੇ ਲੰਬੀ ਬਾਂਹ ਕਰਕੇ ਕਿਹਾ ਤਾਂ ਬਿੱਕਰ ਮਿੱਟੀ ਹੋ ਗਿਆ। -“ਸਰਦਾਰਾ! ਮੇਰੀ ਇੱਜ਼ਤ ਦਾ ਸੁਆਲ ਐ।” ਬਿੱਕਰ ਨੇ ਆਖਰੀ ਤਰਲਾ ਭਰਿਆ, “ਮਾਰ ਚਾਹੇ ਰੱਖ!” -“ਤੇਰੀ ਇੱਜਤ ਕਾਹਦੀ ਰਹਿਗੀ? ਤੁਰਕ ਨੇ ਉਹਨੂੰ ਕਿਹੜੇ ਪਾਸਿਓਂ ਕੁਆਰੀ ਛੱਡਿਆ ਹੋਊ? ਜਿਹੜਾ ਨਿੱਤ ਕੁੜੀ ਨਾਲ ਰਾਤਾਂ ਕੱਟਦੈ।” -“ਥੋਡੀ ਖਾਤਰ ਅਸੀਂ ਆਬਦੀ ਖੇਹ ਕਰ ਲਈਏ?” ਬੁੜ੍ਹੀ ਜ਼ਿਆਦਾ ਤੱਤੀ ਸੀ, “ਥੋਡੀ ਇੱਜਤ ਦੇ ਤਾਂ ਲੋਕੀਂ ਗੁਣ ਗਾਉਂਦੇ ਨ੍ਹੀ ਥੱਕਦੇ-ਮਾਂ ਧੀ ਨੇ ਥਾਂ-ਥਾਂ ਖਸਮ ਕੀਤੇ ਵੇ ਐ।” ਬੁੜ੍ਹੀ ਫ਼ੱਟ ‘ਤੇ ਅੱਕ ਚੋਅ ਰਹੀ ਸੀ। -“ਲੋਕ ਤਾਂ ਕੁੜਮਣੀਏਂ, ਚਾਰ ਦਿਨ ਭੌਂਕ ਕੇ ਚੁੱਪ ਹੋ ਜਾਣਗੇ।” ਬਿੱਕਰ ਜਿਵੇਂ ਖੂਹ ਵਿਚੋਂ ਬੋਲਿਆ ਸੀ, “ਪਿੱਛੋਂ ਸਾਰਾ ਕੁਛ ਸਾਅਵਾਂ ਹੋ ਜਾਂਦੈ।” -“ਬਿੱਕਰਾ, ਤੂੰ ਈ ਐਂ ਜਿਹੜਾ ਸੁਣ ਕੇ ਚੁੱਪ ਹੋ ਜਾਨੈਂ-ਸਾਥੋਂ ਕਿਸੇ ਦੀ ਜਾਹ ਜਾਂਦੀ ਹੋਜੂ-ਬਾਧੂ ਨਰੜੀ ਦੇ ਮਰਜਾਂਗੇ-ਜਾਹ, ਜਾਹ ਮੇਰਾ ਵੀਰ ਕੋਈ ਹੋਰ ਟਿਕਾਣਾ ਕਰ-ਝੋਟੇ ਆਲਿਆਂ ਦੇ ਘਰੋਂ ਲੱਸੀ ਨਾ ਮੰਗ।” ਮੁੰਡੇ ਦੇ ਪਿਉ ਨੇ ਬਿੱਕਰ ਨੂੰ ਬਾਂਹੋਂ ਫੜ ਬਾਹਰ ਕੱਢ ਦਿੱਤਾ। ਉਹ ਠਿੱਬੇ ਜਿਹੇ ਘੜ੍ਹੀਸਦਾ ਪਰਤ ਆਇਆ। ਗੱਲ ਬਿੱਕਰ ਜਿੰਨੀ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ, ਉਤਨੀ ਹੀ ਬੁੱਕ ਵਿਚੋਂ ਪਾਣੀਂ ਵਾਂਗ ਡੁੱਲ੍ਹਦੀ ਜਾਂਦੀ ਸੀ। ਸ਼ਾਮ ਨੂੰ ਬਿੱਕਰ ਡਰਾਇੰਗ-ਰੂਮ ਵਿਚ ਬੈਠਾ ਪੀ ਰਿਹਾ ਸੀ। ਸੋਚਾਂ ਦੀ ਘੋੜ-ਦੌੜ ਨੇ ਉਸ ਨੂੰ ਦਧਨ ਕਰ ਰੱਖਿਆ ਸੀ। ਅਚਾਨਕ ਦੁਕਾਨਦਾਰ ਧਾਲੀਵਾਲ ਦਾਲਾਂ-ਮਸਾਲੇ ਦੇਣ ਆ ਗਿਆ। ਬਿੱਕਰ ਦਾ ਉਤਰਿਆ ਹੋਇਆ ਮੂੰਹ ਦੇਖ ਕੇ ਉਸ ਨੇ ਪੁੱਛਿਆ, “ਕਿਮੇਂ ਬਾਬਿਓ ਢਿੱਲੇ ਜਿਹੇ ਬੈਠੇ ਐਂ?” ਤਾਂ ਬਿੱਕਰ ਨੇ ਉਸ ਨਾਲ ਚੰਗੀ ਬੁੱਕਲ ਖੁੱਲ੍ਹੀ ਹੋਣ ਕਾਰਨ ਸਾਰੀ ਗੱਲ ਸਾਹਮਣੇ ਰੱਖ ਦਿੱਤੀ। ਧਾਲੀਵਾਲ ਸੋਚੀਂ ਪੈ ਗਿਆ। -“ਕੁੜੀ ਕੋਲੇ ਸਿਟੀਜ਼ਨਸ਼ਿੱਪ ਕਿਹੜੀ ਐ?” -“ਆਸਟਰੀਅਨ ਐਂ।” -“ਕੋਈ ਲੋੜਵੰਦ ਮੁੰਡਾ ਦੇਖ ਕੇ ਭੁਆਟਣੀਆਂ ਦੇ ਦਿਓ-ਪੱਕੇ ਹੋਣ ਦੇ ਲਾਲਚ ਨੂੰ ਵੀਹ ਅੱਗੇ ਲੱਗ ਤੁਰਨਗੇ।” -“ਤੇਰੀ ਨਿਗਾਹ ‘ਚ ਹੈ ਕੋਈ? ਮੇਰੇ ਤਾਂ ਔਸਾਣ ਈ ਮਾਰੇ ਪਏ ਐ।” ਬਿੱਕਰ ਨੇ ਪੈੱਗ ਸੂਤਦਿਆਂ ਕਿਹਾ। -“ਦੇਖ ਲਵਾਂਗੇ।” -“ਦੇਖ ਲਵਾਂਗੇ ਨ੍ਹੀ! ਵਿਆਹ ਦੇ ਦਿਨ ‘ਚ ਸਾਰੇ ਈ ਪੰਜ ਦਿਨ ਐਂ-ਕੁਛ ਕਰ-ਚਾਹੇ ਕੋਈ ਲੂਲ੍ਹਾ-ਲੰਗੜ੍ਹਾ ਈ ਦੇਖਲਾ।” -“ਮੈਂ ਸਵੇਰੇ ਤੈਨੂੰ ਫ਼ੋਨ ਕਰੂੰ।” ਧਾਲੀਵਾਲ ਤੁਰ ਗਿਆ। ਅਗਲੇ ਦਿਨ ਧਾਲੀਵਾਲ ਦਾ ਫ਼ੋਨ ਆ ਗਿਆ। ਮੁੰਡਾ ਉਸ ਨੇ ਦੇਖ ਲਿਆ ਸੀ। ਪੱਕ ਕਰ ਲਿਆ ਸੀ। ਬਿੱਕਰ ਨੇ ਖੁਸ਼ੀ ਵਿਚ ਛਾਲ ਮਾਰੀ। ਅਸਲ ਵਿਚ ਮੁੰਡਾ ਧਾਲੀਵਾਲ ਦੇ ਦੂਰ-ਨੇੜਿਓਂ ਰਿਸ਼ਤੇ ਵਿਚੋਂ ਹੀ ਸੀ। ਗੱਲ ਫ਼ੈਲੀ ਹੋਣ ਕਰਕੇ ਮੁੰਡੇ ਨੇ ਤੋਕੜ ਮੱਝ ਵਾਂਗ ਲੱਤ ਤਾਂ ਚੁੱਕੀ, ਪਰ ਧਾਲੀਵਾਲ ਦੇ ਸਮਝਾਊ ਬੋਲਾਂ ਨਾਲ ਲੱਤ ਫਿਰ ਲਾ ਲਈ। “ਸਾਲਿਆ, ਵਿਆਹ ਕਰਵਾ ਕੇ ਸੈੱਟ ਹੋਣ ਦੀ ਕਰ-ਖਾਂਦੀ ਕਮਾਉਂਦੀ ਕੁੜੀ ਤੈਨੂੰ ਕਿਤੋਂ ਮਿਲਣੀ ਐਂ? ਸੈੱਟ ਹੋ ਕੇ ਜਦੋਂ ਮਰਜੀ ਐ ਛੱਡਦੀਂ-ਕੋਈ ਬਾਨ੍ਹ ਐਂ? ਨਾਲੇ ਚਾਰ ਦਿਨ ਰਜਾਈ ਤੱਤੀ ਰਹੂ!” ਖ਼ੈਰ! ਧਾਲੀਵਾਲ ਵਿਚੋਲਾ ਬਣਿਆਂ, ਸ਼ਾਦੀ ਹੋ ਗਈ। ਸ਼ਾਦੀ ਵੀ ਕਾਹਦੀ ਹੋਈ? ‘ਜੈ-ਮਾਲਾ’ ਪਾ ਕੇ ਰਵਾਇਤ ਜਿਹੀ ਪੂਰੀ ਕਰ ਦਿੱਤੀ ਅਤੇ ਕਾਗਜ਼ਾਂ ਵਿਚ ਵਿਆਹ ਰਜਿਸਟਰ ਕਰਵਾ ਦਿੱਤਾ, ਕੁੜੀ ਤੋਰ ਦਿੱਤੀ ਗਈ। ਅਜੇ ਵਿਆਹ ਨੂੰ ਕੁਝ ਦਿਨ ਹੀ ਬੀਤੇ ਸਨ ਕਿ ਬਿੱਕਰ ਦੀ ਜ਼ਿੰਦਗੀ ਦੇ ਰਾਹ ਵਿਚ ਇੱਕ ਹੋਰ ਭਾਰਾ ਪੱਥਰ ਆ ਡਿੱਗਿਆ। ਛੋਟੀ ਕੁੜੀ ਰਣਧੀਰ ਕਿਸੇ ਕਿਰਾਏਦਾਰ ਪਾਕਿਸਤਾਨੀ ਮੁੰਡੇ ਨਾਲ ਤੁਰ ਗਈ। ਲੋਕਾਂ ਗੱਲ ਹੋਰ ਚੁੱਕ ਲਈ, “ਸਾਲਾ ਸਾਰਾ ਆਵਾ ਈ ਊਤਿਐ?” ਪਰ ਬਿੱਕਰ ਧੁਰੋਂ ਹਿੱਲ ਗਿਆ। ਦਾਰੂ ‘ਚ ਧੁੱਤ ਹੋ ਕੇ ਉਸ ਨੇ ਹਰਦੇਵ ਕੌਰ ‘ਝੰਬ’ ਦਿੱਤੀ। ਪਰ ਹਰਦੇਵ ਕੌਰ ਦਾ ਇਸ ਵਿਚ ਕਸੂਰ ਕੋਈ ਨਹੀਂ ਸੀ। ਉਹ ਚੁੱਪ-ਚਾਪ ਕੁੱਟ ਸਹਿ ਗਈ ਸੀ। ਕਦੇ-ਕਦੇ ਕਮਰੇ ਅੰਦਰ ਹੀ ਹਨ੍ਹੇਰ-ਗਰਦ ਉਠਦੀ ਅਤੇ ਕੁਝ ਪਲ ਝੁੱਲ ਕੇ ਅੰਦਰੇ ਅੰਦਰ ਹੀ ਸ਼ਾਂਤ ਹੋ ਜਾਂਦੀ। ਇੱਕ ਹਫ਼ਤਾ ਤਾਂ ਗੱਲ ਗੁਪਤ ਹੀ ਰੱਖੀ ਗਈ। ਪਰ ਜਦੋਂ ਕੁੜੀ ਸ਼ਹਿਰ ਵਿਚ ਉਸ ਪਾਕਿਸਤਾਨੀ ਮੁੰਡੇ ਦੀਆਂ ਬਾਂਹਾਂ ਵਿਚ ਬਾਂਹਾਂ ਪਾ ਕੇ ਸ਼ਰੇਆਮ ਘੁੰਮਣ ਲੱਗ ਪਈ ਤਾਂ ਧੂੰਆਂ ਰੋਲ ਹੋ ਗਿਆ। ਬਿੱਕਰ ਨੇ ਕਈ ਮੂੰਹ-ਮੱਥੇ ਲੱਗਦੇ ਦੇਸੀ ਬੰਦੇ ਇਕੱਠੇ ਕਰਕੇ, ਜਾ ਕੇ ਉਸ ਪਾਕਿਸਤਾਨੀ ਮੁੰਡੇ ਕਾਦਰ ਹੁਸੈਨ ਨਾਲ ਗੱਲ ਕੀਤੀ ਤਾਂ ਉਸ ਨੇ ਬੜੇ ਹੀ ਸਲੀਕੇ ਨਾਲ ਉੱਤਰ ਦਿੱਤਾ। -“ਅੱਲਾ ਤਾਲਾ ਦੀ ਕਸਮ ਈ, ਚਾਚਾ-ਮੈਂ ਇਸ ਨੂੰ ਉੱਕਾ ਨਹੀਂ ਜੇ ਲੈ ਕੇ ਆਇਆ-ਸਗੋਂ ਇਹ ਖੁਦ ਈ ਪਈ ਆਈ ਏ-ਪੁੱਛ ਲਵੋ ਜੇ ਕਸਮ ਦੇ ਕੇ-ਅਗਰ ਜਾਂਦੀ ਏ ਤੇ ਇੰਛਾ-ਅੱਲਾ ਲੈ ਜਾਵੋ-ਮਜ਼ਹਬ ਦੀ ਕਸਮ ਕਸਮ ਏ, ਮੈਂ ਇਸ ਦੇ ਪਿੱਛੇ ਨਹੀਂ ਪਿਆ ਆਵਾਂਗਾ।” ਸਾਰੇ ਹੀ ਨਿਮਾਣੇ ਜਿਹੇ ਹੋ ਕੇ ਕੁੜੀ ਰਣਧੀਰ ਦੀਆਂ ਮਿੰਨਤਾਂ ਕਰਨ ਲੱਗ ਪਏ। ਪਰ ਕੁੜੀ ਨੇ ਭੌਣ ਤੋਂ ਹੀ ਲਾਹ ਦਿੱਤੀ। -“ਮੈਂ ਨਹੀਂ ਜਾਣਾ, ਜੋਰ ਲਾਲੋ-ਬਾਹਲੀ ਚੀਂ ਫ਼ੀਂ ਕਰੋਗੇ, ਪੁਲੀਸ ਨੂੰ ਫ਼ੋਨ ਕਰਦੂੰ-ਮੈਂ ਬਾਲਗ਼ ਹੋ ਗਈ ਆਂ!” ਠਠੰਬਰੇ ਜਿਹੇ ਸਾਰੇ ਵਾਪਿਸ ਆ ਗਏ। ਹਰਦੇਵ ਕੌਰ ਨੇ ਦੋ-ਚਾਰ ਸਿਆਣੀਆਂ ਬੁੜ੍ਹੀਆਂ ਇਕੱਠੀਆਂ ਕੀਤੀਆਂ ਅਤੇ ਕਾਦਰ ਹੁਸੈਨ ਦੇ ਕਮਰੇ ਵਿਚ ਜਾ ਅਲਖ ਜਗਾਈ। -“ਡੋਬਾ ਪੈਜੇ, ਕੀ ਬੂ-ਬੂ ਕਰਵਾਈ ਐ ਕੁੜ੍ਹੇ? ਮਾਂ ਪਿਉ ਦੀ ਇੱਜਤ ਵੱਲੀਂ ਤਾਂ ਦੇਂਹਦੀ ਤੂੰ!” ਗਿਆਨਣ ਤਾਈ ਨੇ ਰਣਧੀਰ ਨੂੰ ਸੰਬੋਧਨ ਹੁੰਦਿਆਂ ਕਿਹਾ। -“ਕਿਹੜੇ ਮਾਂ ਪਿਉ, ਤਾਈ? ਜਿਹੜੀ ਮਾਂ ਦਿਨ ਦਿਹਾੜ੍ਹੇ ਯਾਰ ਹੰਢਾਉਂਦੀ ਐ ਤੇ ਪਿਉ ਦਾਰੂ ‘ਚ ਗੁੱਟ ਰਹਿੰਦੈ?” ਕੁੜੀ ਇੱਟ ‘ਚ ਪੱਥਰ ਹੋ ਕੇ ਵੱਜੀ ਤਾਂ ਸਾਰਿਆਂ ਦੇ ਮੂੰਹ ਠਾਕੇ ਗਏ। -“ਮੈਂ ਕੀ ਖੂਹ ਪੱਟਤਾ?” ਹਰਦੇਵ ਕੌਰ ਕੁਰਲਾਈ। -“ਹੋਰ ਕੀ ਘੱਟ ਕਰਦੀ ਐਂ?” ਕੁੜੀ ਅੱਗੋਂ ਪਈ। ਗਿਆਨਣ ਤਾਈ ਨੇ ਹਰਦੇਵ ਕੌਰ ਨੂੰ ਤਾੜਿਆ। -“ਬੋਲੀਂ ਨਾ! ਮੈਂ ਬੂਥਾ ਭੰਨਦੂੰ-ਲੱਗਪੀ ਕੁੱਤੇ ਮਾਂਗੂੰ ਟਊਂ-ਟਊਂ ਕਰਨ!” ਫਿਰ ਕੁੜੀ ਵੱਲ ਨੂੰ ਹੋ ਕੇ ਆਖਣ ਲੱਗੀ, “ਚੱਲ ਕੋਈ ਨਾ ਧੀਰ ਪੁੱਤ! ਤੂੰ ਸਿਆਣੀ ਐਂ ਕੁੜ੍ਹੇ-ਇਹੇ ਅਨਪੜ੍ਹ ਗਵਾਰ ਤੇ ਤੂੰ ਪੜ੍ਹੀ ਲਿਖੀ-ਤੇਰੇ ਨਾਲ ਰਲਗੇ ਇਹੇ? ਤੂੰ ਪੁੱਤ ਹੋਸ਼ ਕਰ-ਫੇਰ ਵੀ ਤੇਰੇ ਮਾਂ ਪਿਉ ਐ-ਚਾਹੇ ਕਿੰਨੇ ਵੀ ਬੁਰੇ ਹੋਣ-ਮਾਂ ਬਾਪ, ਮਾਂ ਬਾਪ ਈ ਰਹਿੰਦੇ ਹੁੰਦੇ ਐ ਧੀਏ ਰਾਣੀਏਂ!” ਕੁੜੀ ਠੰਢੀ ਹੋ ਗਈ। ਉਹਨਾਂ ਦੇ ਬੈਠੀਆਂ ਤੋਂ ਕਾਦਰ ਹੁਸੈਨ ਵੀ ਆ ਗਿਆ। ਉਸ ਨੇ ਆਉਣਸਾਰ “ਅੱਸਲਾਮਾ-ਲੇਕੁਮ” ਕਿਹਾ ਤਾਂ ਬੁੜ੍ਹੀਆਂ ਨੇ ਸਕੂਲੀ ਬੱਚਿਆਂ ਵਾਂਗ ਇਕੱਠਿਆਂ ਹੀ “ਬਾਲੇਕੁਮ-ਸਲਾਮ” ਦਾ ਉੱਤਰ ਮੋੜਿਆ। -“ਵੇ ਕਾਦਰਾ! ਤੂੰ ਚੰਗੀ ਕੀਤੀ ਭਾਈ? ਤੂੰ ਵੀ ਸੁੱਖ ਨਾਲ ਧੀਆਂ ਭੈਣਾਂ ਆਲੈਂ-ਆਹ ਕੀ ਕਮਲ ਮਾਰਿਆ ਤੂੰ?” ਤਾਈ ਬੋਲੀ। -“ਤਾਈ ਜਾਨ! ਮੈਨੂੰ ਅੱਲਾਹ ਦੀ ਕਸਮ-ਮੈਂ ਅੱਗੇ ਵੀ ਅਰਜ਼ ਕਰ ਚੁੱਕਾ ਵਾਂ ਕਿ ਮੈਂ ਇਹਨੂੰ ਛਿੱਕ ਕੇ ਨਹੀਂ ਜੇ ਲੈ ਕੇ ਆਇਆ-ਰੱਬ ਅੱਗੇ ਜਾਨ ਦੇਣੀਂ ਜੇ-ਇਹ ਖੁਦ ਪਈ ਆਈ ਏ-ਜੇ ਜਾਂਦੀ ਏ ਤਾਂ ਇੰਛਾ-ਆਲਾ ਬੜੀ ਖੁਸ਼ੀ ਨਾਲ ਲੈ ਜਾਵੋ-ਮੈਨੂੰ ਕੋਈ ਇਤਰਾਜ਼ ਨਹੀਂ ਜੇ।” ਕਹਿ ਕੇ ਕਾਦਰ ਬਰੀ ਹੋ ਗਿਆ। -“ਲੈ ਧੀਰ ਪੁੱਤ! ਹੁਣ ਤਾਂ ਕਾਦਰ ਨੇ ਵੀ ਆਖਤਾ।” -“ਇਤਨਾ ਹੱਠ ਨਹੀਂ ਜੇ ਕਰੀਦਾ, ਭੈਣਾਂ!” ਸ਼ਮੀਮ ਨੇ ਆਖਿਆ, “ਜੋ ਹੋ ਗਿਆ-ਮਿੱਟੀ ਪਏ ਪਾਓ!” -“ਤੈਨੂੰ ਘਰੇ ਕੋਈ ਕੁਛ ਨਹੀਂ ਆਖਦਾ।” -“ਆਖੂ ਕਿਵੇਂ? ਪੁਲੀਸ ਕਾਹਦੇ ਲਈ ਐ?” ਕੁੜੀ ਭਬਕੀ। -“ਚੱਲ ਪੁੱਤ! ਹਿੰਡ ਨ੍ਹੀ ਕਰੀਦੀ।” -“ਚੱਲ ਤਾਂ ਤਾਈ ਜੀ ਮੈਂ ਵੜੂੰ-ਪਰ ਇਹ ਆਬਦਾ ਨਿੱਤ ਦਾ ਕੰਜਰਖਾਨਾ ਬੰਦ ਕਰਨ।” -“ਕਾਹਦਾ ਕੰਜਰਾਨਾ, ਧੀਰ ਪੁੱਤ?” -“ਲੜਾਈ ਝਗੜਾ-ਘਰੇ ਮੇਰਾ ਦਮ ਘੁੱਟਦੈ।” -“ਨਹੀਂ ਕਰਦੇ ਝਗੜਾ ਮਾਂ ਮੇਰੀਏ! ਹੁਣ ਤਾਂ ਤੁਰਪਾ!” ਹਰਦੇਵ ਕੌਰ ਨੇ ਹੱਥ ਜੋੜ ਕੇ ਦੁਹਾਈ ਦਿੱਤੀ। -“ਤੂੰ ਕਿਉਂ ਬੱਕ-ਬੱਕ ਕਰੀ ਜਾਨੀਂ ਐਂ ਗੱਦਾਂ ਯੱਧੀਏ, ਹੈਂ?” ਤਾਈ, ਹਰਦੇਵ ਕੌਰ ਨੂੰ ਕੁਦਾੜ ਕੇ ਪਈ। ਫਿਰ ਰਣਧੀਰ ਵੱਲ ਨੂੰ ਰੁੱਖ ਕਰ ਲਿਆ। -“ਮੈਂ ਜਿਉਂ ਬੈਠੀ ਐਂ-ਚੱਲ ਤਾਂ ਸਹੀ ਧੀਏ! ਮਜ਼ਾਲ ਐ ਜੇ ਸਾਹ ਵੀ ਕੱਢ ਜਾਣ ਤਾਂ!” ਰਣਧੀਰ ਅਟੈਚੀ ਵਿਚ ਕੱਪੜੇ ਪਾਉਣ ਲੱਗ ਪਈ। ਅਸਲ ਵਿਚ ਰਣਧੀਰ ਵੀ ਕਾਦਰ ਤੋਂ ਤੰਗ ਆ ਚੁੱਕੀ ਸੀ। ਕਿਉਂਕਿ ਸਾਰਾ ਰੋਟੀ-ਪਾਣੀ, ਚੱਕਣ-ਧਰਨ ਦਾ ਉਸੇ ਨੂੰ ਹੀ ਕਰਨਾ ਪੈਂਦਾ ਸੀ। ਘਰੇ ਤਾਂ ਕਦੇ ਉਸ ਨੇ ਮਾਂ ਦੇ ਸਿਰ ‘ਤੇ ਡੱਕਾ ਦੂਹਰਾ ਨਹੀਂ ਕੀਤਾ ਸੀ। ਪਹਿਲਾਂ ਪਹਿਲਾਂ ਤਾਂ ਉਸ ਨੂੰ ਕਾਦਰ ਨਾਲ ਰਹਿਣ ਦਾ ਬੜਾ ਹੀ ਚਾਅ ਸੀ। ਉਹ ਬਣ-ਠਣ ਕੇ ਉਸ ਨਾਲ ਤੁਰਦੀ ਫਿਰਦੀ। ਅਸ਼ਲੀਲ ਹਰਕਤਾਂ ਕਰਕੇ ਨਗਨ ਹਾਲਤ ਵਿਚ ਫ਼ੋਟੋ ਖਿਚਵਾਉਂਦੀ, ਮੂਵੀ ਬਣਵਾਉਂਦੀ। ਪਰ ਹੁਣ ਤਾਂ ਉਸ ਦੇ ਨੱਕ ਵਿਚ ਦਮ ਆ ਚੁੱਕਾ ਸੀ। ਸਾਰੀ ਸਫ਼ਾ-ਸਫ਼ਾਈ ਤੋਂ ਬਾਅਦ ਰੋਟੀ-ਪਾਣੀ ਬਣਾਉਣਾ ਅਤੇ ਫਿਰ ਸ਼ਾਮ ਨੂੰ ਕਾਦਰ ਆ ਕੇ, ਦਾਰੂ ਪੀ ਕੇ ਕੁੜੀ ਨੂੰ ਸਾਰੀ-ਸਾਰੀ ਰਾਤ ‘ਹਲਾਲ’ ਕਰਦਾ ਰਹਿੰਦਾ। ਕਾਦਰ, ਰਣਧੀਰ ਤੋਂ ਪੂਰੇ ਸਤਾਰਾਂ ਵਰ੍ਹੇ ਵੱਡਾ ਸੀ। ਇੱਕ ਨਿੱਗਰ ਕਿਸਮ ਦਾ ਬਣਿਆ-ਤਣਿਆ ਮਾਨੁੱਖ! ਰਣਧੀਰ ਨੇ ਕਈ ਵਾਰ ਘਰ ਪਰਤਣ ਦੀ ਸੋਚੀ, “ਪਰ ਕਿਹੜੇ ਮੂੰਹ ਨਾਲ?” ਸੋਚ ਕੇ ਉਹ ਕਤਲਗਾਹ ਵਿਚ ਹੀ ‘ਹਲਾਲ’ ਹੁੰਦੀ ਰਹੀ। ਰਣਧੀਰ ਨੇ ਕੱਪੜੇ ਅਟੈਚੀ ਵਿਚ ਪਾ ਲਏ। -“ਚੱਲ ਭਾਈ ਕਾਦਰਾ-ਸਾਨੂੰ ਘਰੇ ਛੱਡ ਕੇ ਆ!” ਤਾਈ ਦੇ ਕਹਿਣ ‘ਤੇ ਕਾਦਰ ਕਾਰ ਦੀਆਂ ਚਾਬੀਆਂ ਲੈ ਕੇ ਅੱਗੇ ਲੱਗ ਤੁਰਿਆ। ਜਦ ਉਹ ਘਰੇ ਪਹੁੰਚੀਆਂ ਤਾਂ ਬਿੱਕਰ ਦਾਰੂ ਨਾਲ ਟੁੰਨ ਹੋਇਆ, ‘ਧੋਬੀ ਦੇ ਕੁੱਤੇ’ ਵਾਂਗ ਸੈਟੀ ‘ਤੇ ਕੰਨ ਜਿਹੇ ਸੁੱਟੀ ਪਿਆ, ਘੁਰਾੜ੍ਹੇ ਮਾਰ ਰਿਹਾ ਸੀ। |
***
ਟਿੱਪਣੀ : ਇਹ ਰਚਨਾ ‘‘ਲਿਖਾਰੀ’ ਵੈਬਸਾਈਟ ਦੀਆਂ ਪੁਰਾਣੀਆਂ ਫਾਈਲਾਂ ਤੋਂ ਚੁੱਕ ਕੇ ਲੋੜੀਂਦੀ ਤਬਦੀਲੀ ਕਰਨ ਉਪਰੰਤ ’ਲਿਖਾਰੀ.ਨੈੱਟ ‘ਤੇ ਲਗਾਉਣ ਦੀ ਖੁਸ਼ੀ ਲੈ ਰਹੇ ਹਾਂ।—ਲਿਖਾਰੀ (ਪਹਿਲੀ ਵਾਰ ਛਪਿਆ 25 ਅਪਰੈਲ 2006) *** |