8 December 2024

ਨਾਟਕਕਾਰ ਸਰਬਜੀਤ ਸਿੰਘ ਔਲਖ ਨਾਲ ਇਕ ਮੁਲਾਕਾਤ—ਗੁਰਦੇਵ ਸਿੰਘ ਘਣਗਸ

ਪ੍ਰੋਫੈਸਰ ਸਰਬਜੀਤ ਸਿੰਘ ਔਲਖ ਪੰਜਾਬੀ ਦੇ ਇੱਕ ਸਿਰਕੱਢ ਨਾਟਕਕਾਰ ਹਨ। ਐਸ ਡੀ ਕਾਲਜ ਬਰਨਾਲਾ ਵਿਚ ਪੰਜਾਬੀ ਪੜ੍ਹਾਉਂਦੇ ਹਨ। ਫਰਵਰੀ 2007 ਵਿਚ ਮੈਂ ਪੰਜਾਬ ਗਿਆ ਹੋਇਆ ਸੀ। ਪਤਾ ਲੱਗਣ ਤੇ ਮੈਂ ਜਲੰਧਰ ਦੇ ਗਦਰੀ ਬਾਬਾ ਯਾਦਗਾਰੀ ਹਾਲ ਵਿੱਚ ਹੋ ਰਹੀ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਦੇਖਣ ਚਲਾ ਗਿਆ । ਉਸ ਵਿਚ ਇੱਕ ਰਾਤ ਨਾਟਕਾਂ ਲਈ ਰਾਖਵੀਂ ਸੀ । ਉਦੋਂ ਮੈਂ ਸਰਬਜੀਤ ਸਿੰਘ ਔਲਖ ਵੱਲੋਂ ਖੇਡਿਆ ਇਕ ਨਾਟਕ ਦੇਖਿਆ ਜੋ ਮੇਰੇ ਤੇ ਇਤਨਾ ਪਰਭਾਵ ਛੱਡ ਗਿਆ ਕਿ ਮੈਂ ਉਨ੍ਹਾਂ ਦੀ ਲਿਖੀ ਕਵਿਤਾ ਵੀ ਧਿਆਨ ਨਾਲ ਪੜ੍ਹਦਾ ਹਾਂ। ਪਿਛਲੇ ਮਹੀਨੇ ਉਹ ਆਪਣੇ ਇੱਕ ਨਵੇਂ ਨਾਟਕ (ਪੱਤਣਾਂ ਤੇ ਰੋਣ ਖੜ੍ਹੀਆਂ) ਦੀ ਪੇਸ਼ਗੀ ਲਈ ਅਮਰੀਕਾ ਆਕੇ ਵਾਪਸ ਪਰਤ ਗਏ ਹਨ। ਪੱਤਣਾਂ ਤੇ ਰੋਣ ਖੜ੍ਹੀਆਂ 8 ਜਨਵਰੀ 2011 ਨੂੰ ਕੈਲੇਫੋਰਨੀਆ ਦੇ ਸ਼ਹਿਰ ਹੇਵਰਡ ਦੇ ਛੈਬਟ ਕਾਲਜ ਵਿੱਚ ਸੁਰਿੰਦਰ ਸਿੰਘ ਧਨੋਆ ਅਤੇ ਉਨ੍ਹਾਂ ਦੇ ਸਾਥੀਆਂ ਵਲੋਂ ਪੇਸ਼ ਕੀਤਾ ਗਿਆ। ਨੱਕੋ-ਨੱਕ ਭਰਿਆ ਹਾਲ ਇਸ ਗੱਲ ਦੀ ਗਵਾਹੀ ਭਰਦਾ ਸੀ ਕਿ ਔਲਖ ਜੀ ਨਾਟਕ-ਕਲਾ ਵਿਚ ਆਪਣੀ ਠੁੱਕ ਬਣਾ ਚੁੱਕੇ ਹਨ। ਇੱਕ ਦਿਨ ਮੈਂ ਮਿਲਣ ਗਿਆ ਤਾਂ ਔਲਖ ਅਤੇ ਧਨੋਆ ਜੀ ਨਾਟਕ ਦੀ ਤਿਆਰੀ ਵਿਚ ਇਤਨੇ ਮਗਨ ਦਿਸਦੇ ਸਨ ਕਿ ਮੈਂ ਪੰਜ ਕੁ ਮਿੰਟਾਂ ਬਾਅਦ ਹੀ ਹੱਥ ਵਿਚ ਫੜੇ ਸਵਾਲ ਔਲਖ ਜੀ ਨੂੰ ਫੜਾਕੇ ਵਾਪਸੀ ਲਈ ਰਵਾਨਾ ਹੋ ਗਿਆ। ਇੰਡੀਆ ਨੂੰ ਵਾਪਸ ਜਾਣ ਸਮੇਂ ਉਹ ਆਪਣੇ ਜਵਾਬ ਮੈਂਨੂੰ ਘੱਲ ਗਏ ਜੋ ਮੈਂ ਪਾਠਕਾਂ ਨਾਲ ਸਾਂਝੇ ਕਰਨ ਵਿਚ ਖੁਸ਼ੀ ਮਹਿਸੂਸ ਕਰ ਰਿਹਾ ਹਾਂ ।
( ਗੁਰਦੇਵ ਸਿੰਘ ਘਣਗਸ )
* * *

ਨਾਟਕਕਾਰ ਸਰਬਜੀਤ ਸਿੰਘ ਔਲਖ ਨਾਲ ਇਕ ਮੁਲਾਕਾਤ—ਗੁਰਦੇਵ ਸਿੰਘ ਘਣਗਸ

? ਔਲਖ ਸਾਹਿਬ ਜੀ ਪਹਿਲਾਂ ਆਪਣੇ ਜਨਮ, ਜਨਮ ਅਸਥਾਨ ਬਾਰੇ ਕੁਝ ਦੱਸੋ। ਬਚਪਨ, ਮੁੱਢਲੀ ਵਿੱਦਿਆ ਅਤੇ ਪਰਿਵਾਰ ਬਾਰੇ ਦੱਸੋ। ਘਰ ਵਿਚ ਪਹਿਲਾ ਮਾਹੌਲ ਕਿਹੋ ਜਿਹਾ ਸੀ? ਤੁਹਾਡੇ ਪਰਿਵਾਰ ਦਾ ਵਤੀਰਾ ?
= ਘਣਗਸ ਸਾਹਿਬ ਮੇਰਾ ਜਨਮ ਪਿੰਡ ਠੀਕਰੀਵਾਲਾ ਵਿਖੇ 16 ਨਵੰਬਰ 1964 ਨੂੰ ਪਿਤਾ ਸ. ਭਰਪੂਰ ਸਿੰਘ ਦੇ ਘਰ ਮਾਤਾ ਸ੍ਰੀਮਤੀ ਸੁਰਜੀਤ ਕੌਰ ਦੇ ਕੁੱਖੋਂ ਹੋਇਆ। ਬਚਪਨ ਪਿੰਡ ਵਿੱਚ ਹੀ ਗੁਜ਼ਰਿਆ ਅਤੇ ਮੁੱਢਲੀ ਵਿਦਿਆ ਪਿੰਡ ਦੇ ਸਰਕਾਰੀ ਸਕੂਲ ਵਿੱਚੋਂ ਦਸਵੀਂ ਤੱਕ ਪ੍ਰਾਪਤ ਕੀਤੀ। ਸਕੂਲ ਦਾ ਨਾਂ ਪਰਜਾ ਮੰਡਲ ਦੇ ਪਹਿਲੇ ਸ਼ਹੀਦ ਸ. ਸੇਵਾ ਸਿੰਘ ਠੀਕਰੀਵਾਲਾ ਦੇ ਨਾਂ ਉੱਤੇ ਰੱਖਿਆ ਹੋਇਆ ਹੈ। ਮੇਰੇ ਪਰਿਵਾਰ ਵਿੱਚ ਮੇਰੀ ਪਤਨੀ ਅਮਰਜੀਤ ਕੌਰ ਤੋਂ ਇਲਾਵਾ ਬੇਟੀ ਹਰਪ੍ਰੀਤ ਕੌਰ, ਦੋ ਬੇਟੇ ਹਰਕਮਲਪ੍ਰੀਤ ਸਿੰਘ ਅਤੇ ਵਿਸ਼ਵਪ੍ਰੀਤ ਸਿੰਘ ਹਨ। ਅਸੀਂ ਦੋ ਭਰਾ ਅਤੇ ਦੋ ਭੈਣਾ ਹਨ। ਮੇਰੇ ਦਾਦਾ ਜੀ ਫੌਜ ਵਿੱਚੋਂ ਸੂਬੇਦਾਰ ਰਿਟਾਇਰ ਹੋਏ ਸਨ। ਉਹਨਾਂ ਨੇ ਸ. ਸੁਰਜੀਤ ਸਿੰਘ ਬਰਨਾਲਾ ਨਾਲ ਅਕਾਲੀ ਲਹਿਰ ਵਿੱਚ ਜੇਲਾਂ ਵੀ ਕੱਟੀਆਂ ਅਤੇ ਜੇਲ ਵਿੱਚ ਸ. ਬਰਨਾਲਾ ਸਾਹਿਬ ਨਾਲ ਨਾਟਕ ਖੇਡਦੇ ਰਹੇ ਸਨ। ਮੇਰੇ ਪਿਤਾ ਜੀ ਵੀ ਆਪਣੀ ਕਾਲਜ ਲਾਈਫ ਦੌਰਾਨ ਨਾਟਕ ਖੇਡਦੇ ਰਹੇ ਸਨ ਪਰੰਤੂ ਨਾਟਕ ਖੇਡਣ ਅਤੇ ਲਿਖਣ ਦਾ ਕਾਰਜ ਮੈਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਸਮੇਂ ਤੋਂ ਸ਼ੁਰੂ ਕਰਕੇ ਅੱਜ ਤੱਕ ਨਿਰੰਤਰ ਕਾਰਜਸ਼ੀਲ ਹਾਂ। ਨਾਟਕ ਲਿਖਣ, ਡਾਇਰੈਕਟ ਕਰਨ ਅਤੇ ਖੇਡਣ ਵਿੱਚ ਮੈਂਨੂੰ ਮੇਰੇ ਪਰਿਵਾਰ ਵੱਲੋਂ ਪੂਰਨ ਸਹਿਯੋਗ ਮਿਲਦਾ ਹੈ, ਹਰ ਸਮੇਂ ਮੇਰੀ ਮੱਦਦ ਲਈ ਮੇਰੇ ਮਾਤਾ ਪਿਤਾ, ਪਤਨੀ ਅਤੇ ਬੱਚੇ ਮੇਰਾ ਪੂਰਾ ਸਾਥ ਦਿੰਦੇ ਹਨ। ਪੂਰਾ ਪਰਿਵਾਰ ਨਾਟਕ ਲਈ ਸਮਰਪਿਤ ਹੈ।

? ਉੱਚ ਵਿੱਦਿਆ ਕਿੱਥੋਂ ਲਈ, ਕਿੱਥੋਂ ਪੜ੍ਹੇ ਅਤੇ ਉਸ ਤੋਂ ਬਾਅਦ ਕੀ ਕੀਤਾ?

= ਉਚ ਵਿਦਿਆ ਪ੍ਰਾਪਤ ਕਰਨ ਲਈ ਪਹਿਲਾਂ ਮੈਂ ‘ਬੇਰਿੰਗ ਯੂਨੀਅਨ ਕਰਿਸਚਨ ਕਾਲਜ, ਬਟਾਲਾ’ ਵਿੱਚ ਮੈਡੀਕਲ ਵਿੱਚ ਦਾਖਲਾ ਲਿਆ ਅਤੇ ਫਿਰ ਐਸ.ਡੀ.ਕਾਲਜ ਬਰਨਾਲਾ ਵਿੱਚ ਨਾਨ-ਮੈਡੀਕਲ ਵਿੱਚ ਦਾਖਲਾ ਲਿਆ। ਪਰ ਮੇਰੇ ਪੱਲੇ ਅਸਫਲਤਾ ਹੀ ਪਈ। ਉਸਤੋਂ ਬਾਅਦ ਮੈਂ ਦਸ ਸਾਲ ਖੇਤੀ ਕੀਤੀ। ਦਸ ਸਾਲਾਂ ਬਾਅਦ ਖੇਤੀ ਕਰਦੇ ਕਰਦੇ ਨੇ ਖੇਤ ਬੈਠ ਕੇ ਹੀ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਰਾਸਪੌਂਡੈਂਸ ਡਿਪਾਟਮੈਂਟ ਰਾਹੀਂ ਬੀ. ਏ., ਐਮ. ਏ. ਪੰਜਾਬੀ, ਐਮ.ਏ. ਸ਼ੋਸ਼ੋਆਲੋਜੀ, ਬੀ. ਐਡ., ਐਮ. ਐਡ.ਕੀਤੀ। ਕਾਲਜ ਲੈਕਚਰਾਰ ਵਾਸਤੇ ਯੂ. ਜੀ. ਸੀ. ਦਾ ਇੰਡੀਆ ਪੱਧਰ ਦਾ ਟੈਸਟ ਨੈਟ ਪਾਸ ਕੀਤਾ। ਅੱਜ ਕੱਲ੍ਹ ਮੈਂ ਐਸ. ਡੀ. ਕਾਲਜ ਬਰਨਾਲਾ ਵਿਖੇ ਪੰਜਾਬੀ ਵਿਭਾਗ ਵਿੱਚ ਐਸੋਸੀਏਟ ਪ੍ਰੋਫੈਸਰ ਦੀ ਡਿਊਟੀ ਨਿਭਾਅ ਰਿਹਾ ਹਾਂ।


? ਤੁਸੀਂ ਸਾਹਿਤ ਵੱਲ ਕਦ ਘੱਤੇ, ਲਿਖਣ ਦੀ ਚੇਟਕ ਕਦੋਂ ਲੱਗੀ?ਤੇ ਕਿਉਂ? ਕੀ ਤੁਸੀਂ ਲਗਾਤਾਰ ਲਿਖਦੇ ਰਹਿੰਦੇ ਹੋ?

= ਸਾਹਿਤ ਵੱਲ ਮੇਰਾ ਰੁਝਾਨ ਤਾਂ ਬਚਪਨ ਤੋਂ ਹੀ ਸੀ ।ਇਸੇ ਕਰਕੇ ਹੀ ਮੈਂ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰ ਸਕਿਆ ਹਾਂ। ਖੇਤੀ ਕਰਦੇ ਸਮੇਂ ਵੀ ਮੇਰੇ ਕੋਲ ਖੇਤ ਕਿਤਾਬਾਂ ਪਈਆਂ ਹੁੰਦੀਆਂ ਸਨ। ਮੈਂ ਸਭ ਤੋਂ ਪਹਿਲਾ ਨਾਟਕ ਨੌਵੀਂ ਕਲਾਸ ਵਿੱਚ ਪੜ੍ਹਦੇ ਨੇ ਲਿਖਿਆ ਜਿਸ ਦਾ ਨਾਂ ਸੀ -ਦੁਖੀ ਸੁਖੀ- ਪਰ ਉਹ ਸਟੇਜ ਉਤੇ ਨਾ ਖੇਡ ਸਕਿਆ। ਮੈਂ ਲਗਾਤਾਰ ਨਹੀਂ ਲਿਖਦਾ । ਸਿਰਫ ਉਦੋਂ ਹੀ ਲਿਖਦਾ ਹਾਂ ਜਦੋਂ ਕੋਈ ਵਿਚਾਰ ਜਾਂ ਪਲਾਟ ਮੇਰੇ ਅੰਦਰ ਖੌਰੂ ਪਾਉਣ ਲੱਗ ਜਾਂਦਾ ਹੈ। ਮੈਂ ਧੱਕੇ ਨਾਲ ਲਿਖਣ ਵਾਸਤੇ ਕਦੇ ਨਹੀਂ ਲਿਖਿਆ ।

? ਤੁਹਾਡਾ ਅਮਰੀਕਾ ਆਉਣ ਦਾ ਸਬੱਬ ਕਦੋਂ ਤੇ ਕਿਵੇਂ ਬਣਿਆ ?
= ਇਹ ਗੱਲ 16 ਫਰਵਰੀ 2007 ਦੀ ਹੈ ਜਦੋਂ ਜਲੰਧਰ ਦੇ ਗਦਰੀ ਬਾਬਾ ਯਾਦਗਾਰੀ ਹਾਲ ਵਿੱਚ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਹੋਈ ਸੀ। ਉਸ ਵਿਚ ਇੱਕ ਰਾਤ ਨਾਟਕਾਂ ਲਈ ਰਾਖਵੀਂ ਸੀ । ਪ੍ਰੋ. ਅਜਮੇਰ ਸਿੰਘ ਔਲਖ ਨੇ ਮੈਂਨੂੰ ਉਥੇ ਨਾਟਕ ਖੇਡਣ ਲਈ ਕਿਹਾ। ਮੈਂ ਆਪਣਾ ਲਿਖਿਆ ਤੇ ਡਾਇਰੈਕਟ ਕੀਤਾ ਨਾਟਕ ‘ਸਰਦਲ ਦੇ ਆਰ-ਪਾਰ’ ਉਥੇ ਖੇਡਿਆ । ਜਿਹੜਾ ਕਿ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ । ਦਰਸ਼ਕਾਂ ਵਿੱਚ ਅਮਰੀਕਾ ਤੋਂ ਆਏ ਬਹੁਤ ਹੀ ਸੂਝਵਾਨ ਅਤੇ ਪੰਜਾਬੀ ਸਾਹਿਤ ਦੇ ਰਸੀਏ ਸ. ਸੁਰਿੰਦਰ ਸਿੰਘ ਧਨੋਆ ਵੀ ਨਾਟਕ ਦੇਖ ਰਹੇ ਸਨ। ਉਹਨਾਂ ਨੂੰ ਮੇਰਾ ਨਾਟਕ ਬਹੁਤ ਪਸੰਦ ਆਇਆ । ਸ. ਸੁਰਿੰਦਰ ਸਿੰਘ ਧਨੋਆ ਮੇਰੀ ਟੀਮ ਤੇ ਮੇਰੀ ਪਤਨੀ ਨੂੰ ਮਿਲੇ। ਉਹਨਾਂ ਨੇ ਕਿਹਾ ਕਿ ਇਹ ਨਾਟਕ ਮੈਂ ਅਮਰੀਕਾ ਦੀ ਧਰਤੀ ‘ਤੇ ਖੇਡਣਾ ਚਾਹੁੰਦਾ ਹਾਂ। ਸਾਡੀ ਫੋਨ ਉਤੇ ਗੱਲ-ਬਾਤ ਹੁੰਦੀ ਰਹਿੰਦੀ ਸੀ। ਸ. ਧਨੋਆ ਸਾਹਿਬ ਨੇ ਮੇਰਾ ਨਾਟਕ 26 ਜੁਲਾਈ 2008 ਨੂੰ ਹੇਵਰਡ-ਸ਼ਹਿਰ ਦੇ -ਛੱਬੋ ਕਾਲਜ- ਵਿੱਚ ਖੇਡਿਆ ਤੇ ਮੈਂ ਪਹਿਲੀ ਵਾਰ ਧਨੋਆ ਸਾਹਿਬ ਨੂੰ ਕੈਲੀਫੋਰਨੀਆ ਆ ਕੇ ਹੀ ਮਿਲਿਆ ਜਦੋਂ ਮੇਰਾ ਨਾਟਕ ਖੇਡਿਆ ਗਿਆ ਸੀ। ਅਮਰੀਕਾ ਆਉਣ ਲਈ ਉਹਨਾਂ ਨੇ ਹੀ ਸਾਰੇ ਕਾਗਜ਼ ਪੱਤਰ ਤਿਆਰ ਕਰਕੇ ਮੈਂਨੂੰ ਬੁਲਾਇਆ ਸੀ ਹੁਣ ਦੂਸਰੀ ਵਾਰ 8 ਜਨਵਰੀ 2011 ਨੂੰ -ਛੱਬੋ ਕਾਲਜ- ਦੇ ਉਸੇ ਥੀਏਟਰ ਵਿੱਚ ਮੇਰਾ ਨਾਟਕ, ਪੱਤਣਾਂ ਤੇ ਰੋਣ ਖੜ੍ਹੀਆਂ -ਸੁਰਿੰਦਰ ਸਿੰਘ ਧਨੋਆ- ਦੀ ਨਿਰਦੇਸ਼ਨਾ ਹੇਠ ਖਿਡਿਆ ਜਾ ਰਿਹਾ ਹੈ । ਦੂਸਰੀ ਵਾਰ ਵੀ ਉਹਨਾਂ ਦੀ ਬਦੌਲਤ ਹੀ ਮੈਂ ਅਮਰੀਕਾ ਦੀ ਧਰਤੀ ਉਤੇ ਪੈਰ ਰੱਖਿਆ ਹੈ।

? ਕੋਈ ਬਰਨਾਲੇ ਦੀ ਦੰਦ ਕਥਾ?
 
= ਸਾਹਿਤ ਦਾ ਮੱਕਾ। ਪੰਜਾਬੀ ਦੇ ਨਾਮਵਰ ਲੇਖਕ ਬਰਨਾਲੇ ਦੀ ਧਰਤੀ ਤੇ ਪੈਦਾ ਹੋਏ। ਕੁਝ ਕੁ ਨਾਂ ਹਨ: ਸਵ ਰਾਮ ਸਰੂਪ ਅਣਖੀ, ਓਮ ਪ੍ਰਕਾਸ਼ ਗਾਸੋ, ਪ੍ਰੋ ਰਵਿੰਦਰ ਭੱਠਲ, ਮਿੱਤਰ ਸੈਨ ਮੀਤ, ਟੀ ਆਰ ਵਿਨੋਦ, ਸਵ ਪ੍ਰੋ ਪ੍ਰੀਤਮ ਸਿੰਘ ਰਾਹੀ, ਸੰਤ ਰਾਮ ਉਦਾਸੀ, ਦੇਵਿੰਦਰ ਸਥਿਆਰਥੀ, ਅਤੇ ਹੋਰ ਬਹੁਤ ਸਾਰੇ ਲੇਖਕ ਹਨ ਜਿਹੜੇ ਬਰਨਾਲੇ ਨਾਲ ਸਬੰਧਤ ਹਨ ।

? ਪੰਜਾਬ ਵਾਰੇ, ਅਮਰੀਕਾ ਬਾਰੇ?

= ਪੰਜਾਬ ਵਿਚ ਛੇਵਾਂ ਦਰਿਆ ਵੱਗਣ ਲੱਗ ਪਿਆ ਹੈ । ਨਵੀਂ ਪੀੜ੍ਹੀ ਨਸ਼ਿਆਂ ਵਿੱਚ ਰੁੜਦੀ ਜਾ ਰਹੀ ਹੈ । ਪੰਜਾਬੀ ਸੱਭਿਆਚਾਰ ਤੇ ਵਿਰਸੇ ਨੂੰ ਕੋਹ-ਕੋਹ ਕੇ ਮਾਰਿਆ ਜਾ ਰਿਹਾ ਹੈ । ਅਮਰੀਕਾ ਵਿੱਚ ਮੈਂਨੂੰ ਜਿਹੜੀ ਗੱਲ ਸਭ ਤੋਂ ਵਧੀਆ ਲੱਗੀ ਉਹ ਹੈ ਅਮਰੀਕਨ ਪੰਜਾਬੀਆਂ ਦਾ ਪੰਜਾਬੀ ਭਾਸ਼ਾ, ਸੱਭਿਆਚਾਰ ਅਤੇ ਵਿਰਸੇ ਪ੍ਰਤੀ ਮੋਹ ਅਤੇ ਉਸਦੀ ਸੰਭਾਲ ਦੇ ਯਤਨ ਹਨ।

? ਦਾਣਾ ਪਾਣੀ, ਮਨ ਭਾਉਂਦਾ ਖਾਣਾ?

= ਦਾਣਾ ਕਣਕ, ਮੱਕੀ ਤੇ ਬਾਜਰੇ ਦੀ ਰੋਟੀ ਅਤੇ ਪਾਣੀ ਫੋਕਾ ਵਿੱਚ ਇੱਕ ਅੱਧਾ ਵਿਸਕੀ ਦਾ ਪੈਗ । ਮਨ ਭਾਉਂਦਾ ਖਾਣਾ ਮੂੰਗੀ ਦੀ ਦਾਲ ਨਾਲ ਰੋਟੀ।

? ਤੁਸੀਂ ਕਿਹੜੇ ਕਿਹੜੇ ਮੁਲਕਾਂ ਵਿਚ ਗਏ ਹੋ? ਕਿੱਦਾਂ ਲਗਦਾ ਹੈ ਇਹ ਦੇਸ ਤੁਹਾਡੀਆਂ ਨਜ਼ਰਾਂ ਵਿਚ, ਚੰਗੇ ਮਾੜੇ ਅਨੁਭਵ।
= ਹੁਣ ਤੱਕ ਮੇਰਾ ਯੂ ਕੇ, ਯੂ ਐਸ ਏ, ਨੀਦਰਲੈਂਡ, ਬੈਲਜੀਅਮ, ਫਰਾਂਸ ਘੁੰਮਣ ਅਤੇ ਨਾਟਕ ਖੇਡਣ ਦਾ ਸਵੱਬ ਬਣਿਆ ਹੈ । ਅਮਰੀਕਾ ਬਹੁਤ ਖੁੱਲਮ-ਖੁੱਲਾ ਦੇਸ਼ ਹੈ । ਮੈਂ ਦੂਜੀ ਵਾਰ ਅਮਰੀਕਾ ਆਇਆ ਹਾਂ, ਮੈਂਨੂੰ ਇਥੋਂ ਦੇ ਪੰਜਾਬੀ ਭਰਾਵਾਂ ਵੱਲੋਂ ਜੋ ਪਿਆਰ ਅਤੇ ਸਤਿਕਾਰ ਮਿਲਿਆ ਹੈ ਉਹ ਮੈਂ ਜ਼ਿੰਦਗੀ ਵਿੱਚ ਕਦੇ ਵੀ ਭੁਲਾ ਨਹੀਂ ਸਕਦਾ । ਮੇਰੀਆਂ ਦੋਨਾਂ ਫੇਰੀਆਂ ਦੌਰਾਨ ਅਜੇ ਤੱਕ ਕਿਸੇ ਮਾੜੇ ਅਨੁਭਵ ਨਾਲ ਵਾਹ ਨਹੀਂ ਪਿਆ ।

? ਅਮਰੀਕਾ ਦੇ ਪੰਜਾਬੀ ਭਾਈਚਾਰੇ ਦਾ ਭਵਿੱਖ ? ਤੁਹਾਡੀ ਨਜ਼ਰੇ ਸਾਨੂੰ ਇਕ ਦੂਜੇ ਨਾਲ ਕਿੱਦਾਂ ਨਹੀਂ ਵਰਤਣਾ ਚਾਹੀਦਾ?
= ਪੰਜਾਬੀ ਭਾਈਚਾਰੇ ਦਾ ਭਵਿੱਖ ਉੱਜਲ ਹੈ। ਜਿੰਨੀ ਮਿਹਨਤ ਅਤੇ ਸਿਰੜ ਨਾਲ ਸਾਡੇ ਪੰਜਾਬੀ ਇਥੇ ਕੰਮ-ਕਾਰ ਕਰਕੇ ਆਪਣੇ ਆਪ ਨੂੰ ਪ੍ਰਫੁੱਲਤ ਕਰ ਰਹੇ ਹਨ ਉਸਨੂੰ ਵੇਖ ਕੇ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਅਮਰੀਕਾ ਦੇ ਅਰਥਚਾਰੇ ਦੀ ਡੋਰ ਪੰਜਾਬੀਆਂ ਦੇ ਹੱਥ ਫੜਾ ਦੇਵੇਗਾ । ਮੇਰੀ ਨਜ਼ਰ ਵਿੱਚ ਇਹ ਹੈ ਕਿ ਸਾਨੂੰ ਆਪਣੀ ਕਾਬਲੀਅਤ ਨੂੰ ਹੋਰ ਤੇ ਹੋਰ ਵਧਾਉਣ ਲਈ ਤਤਪਰ ਰਹਿਣਾ ਚਾਹੀਦਾ ਹੈ । ਲੱਤ ਖਿੱਚੋ-ਹੇਠਾਂ ਸੁੱਟੋ ਦੀ ਖੇਡ ਤੋਂ ਦੂਰ ਰਹਿਣਾ ਚਾਹੀਦਾ ਹੈ । ਇਹੋ ਹੀ ਤੁਹਾਡੀ ਸ਼ਖਸ਼ੀਅਤ ਦਾ ਸਾਕਾਰਤਮਿਕ ਪਹਿਲੂ ਹੈ ।

? ਤੁਸੀ ਹੁਣ ਤੱਕ ਕੀ ਕੁਝ ਲਿਖਿਆ ਹੈ? ਅੱਜਕਲ ਕੀ ਲਿਖ ਰਹੇ ਹੋ?

= ਘਣਗਸ ਸਾਹਿਬ ਜੀ ਹੁਣ ਤੱਕ ਮੈਂ ਸਾਹਿਤ ਦੀਆਂ ਕਾਫੀ ਵਿਧਾਵਾਂ ਉਪਰ ਆਪਣੀ ਕਲਮ ਅਜਮਾਈ ਕਰ ਚੁੱਕਿਆ ਹਾਂ ਜਿਵੇਂ ਕਵਿਤਾ, ਕਹਾਣੀ, ਵਿਅੰਗ, ਵਾਰਤਕ ਅਤੇ ਨਾਟਕ । ਪਰ ਮੈਂ ਆਪਣੇ ਆਪ ਨੂੰ ਸਭ ਤੋਂ ਵੱਧ ਨਾਟਕ ਵੱਲ ਕੇਂਦਰਤ ਕੀਤਾ ਹੈ। ਹੁਣ ਮੈਂ -ਪੱਤਣਾਂ ਤੇ ਰੋਣ ਖੜ੍ਹੀਆਂ- ਇਕ ਨਵਾਂ ਨਾਟਕ ਲਿਖਿਆ ਹੈ, ਇਸ ਤੋਂ ਬਾਅਦ ਮੈਂ ਇਕ ਹੋਰ ਬਹੁਤ ਹੀ ਸੰਵੇਦਨਸ਼ੀਲ ਨਾਟਕ ਲਿਖਣ ਵਿਚ ਮਸ਼ਰੂਫ ਹਾਂ।


? ਕੀ ਪੜ੍ਹਦੇ ਹੋ ਅੱਜਕਲ? ਕੋਈ ਮਨ ਪਸੰਦ ਕਿਤਾਬਾਂ ਦੇ ਨਾਂ?
=ਜੋ ਵੀ ਸਮਕਾਲੀ ਸਾਹਿਤ ਰਚਿਆ ਜਾ ਰਿਹਾ ਹੈ ਉਸਨੂੰ ਨਿਰੰਤਰ ਪੜ੍ਹਦਾ ਰਹਿੰਦਾ ਹਾਂ । ਪੰਜਾਬੀ ਦੇ ਦਸ ਬਾਰਾਂ ਦੇ ਕਰੀਬ ਸਾਹਿਤਕ ਮੈਗਜ਼ੀਨ ਮੈਂ ਲਗਵਾਏ ਹੋਏ ਹਨ ਜਿਹਨਾਂ ਨਾਲ ਮੇਰੀ ਸਾਹਿਤਕ ਸੂਝ ਵਿੱਚ ਵਾਧਾ ਹੁੰਦਾ ਹੈ । ਮਨਪਸੰਦ ਕਿਤਾਬਾਂ ਤਾਂ ਬਹੁਤ ਹਨ ਪਰ ਰਸੂਲ ਹਮਜਾਤੋਵ ਦੀ ਕਿਤਾਬ, ਮੇਰਾ ਦਾਗਿਸਤਾਨ-ਭਾਗ ਪਹਿਲਾ ਮੇਰੀ ਮਨਭਾਉਂਦੀ ਕਿਤਾਬ ਹੈ ।

? ਤੁਹਾਡਾ ਬਹੁਤ ਸਾਰੇ ਲਿਖਾਰੀਆਂ ਨਾਲ ਵਾਹ ਪਿਆ ਹੈ। ਮੇਰੇ ਤੋਂ ਬਗੈਰ ਇਹਨਾਂ ਲੋਕਾਂ ਨੂੰ ਕੀ ਬਿਮਾਰੀਆਂ ਹਨ?
= ਪੰਜਾਬੀ ਵਿੱਚ ਲਿਖਣ ਵਾਲੇ ਬਹੁਤ ਹੀ ਸੂਝਵਾਨ ਅਤੇ ਦੀਰਘ ਅਧਿਐਨ ਵਾਲੇ ਲੇਖਕ ਦੀ ਸੰਗਤ ਦਾ ਮੌਕਾ ਵੀ ਮਿਲਿਆ ਹੈ ਅਤੇ ਕੱਚਘੜ ਲੇਖਕਾਂ ਨਾਲ ਵੀ ਬੈਠਕ ਉਠਕ ਹੁੰਦੀ ਰਹਿੰਦੀ ਹੈ । ਮੈਂਨੂੰ ਆਪਣੇ ਬਾਰੇ ਨਹੀਂ ਪਤਾ ਕਿ ਮੈਂ ਕਿਸ ਤਰ੍ਹਾਂ ਦਾ ਲਿਖਦਾ ਹਾਂ ਪਰ ਇੱਕ ਗੱਲ ਜ਼ਰੂਰ ਹੈ ਕਿ ਕੁਝ ਕੁ ਲੇਖਕਾਂ ਨੂੰ ਰਾਜਨੀਤੀ ਦੀ ਬਿਮਾਰੀ ਤਪਦਿਕ ਵਾਂਗ ਲੱਗ ਚੁੱਕੀ ਹੈ ਜਿਹੜੀ ਕਿ ਸਾਹਿਤ ਦੀਆਂ ਜੜ੍ਹਾਂ ਨੂੰ ਖੋਖਲ਼ੀਆਂ ਕਰੀ ਜਾ ਰਹੀ ਹੈ। ਸਾਹਿਤ ਅਤੇ ਰਾਜਨੀਤੀ ਦਾ ਮੇਲ ਮੇਰੀ ਆਪਣੀ ਸੋਚ ਅਨੁਸਾਰ ਨਾਵਾਜਿਬ ਹੈ । ਸਾਹਿਤ ਵਿੱਚ ਰਾਜਨੀਤੀ ਉਹ ਵੀ ਇਨਾਮਾਂ ਸਨਮਾਨਾਂ ਲਈ ਗਾੜਾ ਰੁਝਾਣ ਹੈ । ਗੁੱਟ ਬੰਦੀਆਂ, ਜੁਗਾੜ ਇਹ ਸਭ ਕੁੱਝ ਠੀਕ ਨਹੀਂ ਹੈ । ਤੁਸੀਂ ਇਸ ਸਭ ਕੁਝ ਤੋਂ ਮੁਕਤ ਹੋ, ਮੈਂਨੂੰ ਖੁਸ਼ੀ ਹੈ ਤੁਹਾਡੇ ਇਸ ਤਰ੍ਹਾਂ ਦੇ ਕਿਰਦਾਰ ਉਤੇ । ਤੁਹਾਡੀ ਲਿਖਤ ਹੀ ਤੁਹਾਡੀ ਪਹਿਚਾਣ ਹੋਣੀ ਚਾਹੀਦੀ ਹੈ ।


? ਕੁਝ ਚੰਗੇ ਲਿਖਾਰੀਆਂ ਦੇ ਨਾਂ?
= ਮੇਰੇ ਲਈ ਸਾਰੇ ਹੀ ਚੰਗੇ ਹਨ । ਭਾਵੇਂ ਕੋਈ ਵਧੀਆ ਲਿਖਦਾ ਹੈ ਜਾਂ ਨਿਮਨ ਪੱਧਰ ਦਾ ਪਰ ਉਹ ਆਪਣੀ ਮਾਂ ਬੋਲੀ ਲਈ ਯਤਨ ਤਾਂ ਕਰ ਰਿਹਾ ਹੈ ਜਿੰਨਾ ਕੁ ਉਸ ਵਿੱਚ ਵਿਤ ਹੈ।

 ? ਕੋਈ ਲਤੀਫਾ?
= ਆਪਣੀ ਕਵਿਤਾ ਸੁਣਾ ਕੇ ਭੱਜੋ ਨਾ ; ਦੂਸਰੇ ਕਵੀ ਨੂੰ ਉਸਦੀ ਕਵਿਤਾ ਸੁਣਾਉਣ ਲਈ ਆਪਣੇ ਪਿੱਛੇ ਨਾ ਦੌੜਨਾ ਪਵੇ।

? ਔਲਖ ਸਾਹਿਬ ਜੀ, ਮੇਰੇ ਖਿਆਲ ਵਿਚ ਤੁਹਾਨੂੰ ਮਾਣ ਸਨਮਾਨ ਜਰੂਰ ਮਿਲਣਗੇ। ਜੇ ਕੋਈ ਮਿਲ ਚੁੱਕਾ ਹੈ ਤਾਂ ਜਰੂਰ ਸਾਂਝ ਪਾਵੋ। ਤੁਹਾਡੇ ਸਨਮਾਨਾਂ ਵਾਰੇ ਕੀ ਵਿਚਾਰ ਹਨ?
= ਤੁਹਾਡਾ ਮਾਨ ਸਨਮਾਨ ਤੁਹਾਡੇ ਪਾਠਕ ਅਤੇ ਦਰਸ਼ਕ ਹੁੰਦੇ ਹਨ । ਮੈਂ ਨਾਟਕ ਨਾਲ ਸਬੰਧਤ ਹਾਂ, ਮੇਰਾ ਸਨਮਾਨ ਤਾਂ ਉਦੋਂ ਹੀ ਹੋ ਜਾਂਦਾ ਹੈ ਜਦੋਂ ਦਰਸ਼ਕਾਂ ਵਿੱਚੋਂ ਕੋਈ ਇਕ ਵੀ ਸ਼ਾਬਾਸ਼ ਦੇਣ ਸਟੇਜ ਦੇ ਪਿੱਛੇ ਆ ਜਾਂਦਾ ਹੈ । ਰਸਮੀਂ ਤੌਰ ਉਤੇ ਸਨਮਾਨ ਤੁਹਾਨੂੰ ਉਤਸ਼ਾਹਿਤ ਤਾਂ ਕਰਦੇ ਹਨ ਪਰ ਜੇ ਉਹ ਤੁਹਾਡੀ ਕਾਬਲੀਅਤ ਦੇ ਅਨੁਸਾਰ ਮਿਲੇ ਹੋਣ । ਹੋ ਸਕਦਾ ਹੈ ਮੈਂ ਕਿਸੇ ਸਨਮਾਨ ਦੇ ਕਾਬਿਲ ਨਾਂ ਹੋਵਾਂ ਤੇ ਜੁਗਾੜ ਲਾ ਕੇ ਸਨਮਾਨ ਪ੍ਰਾਪਤ ਕਰ ਲਵਾਂ, ਉਹ ਸਨਮਾਨ ਵਿਖਾਵਾ ਹੋਵੇਗਾ ਪਰੰਤੂ ਅੰਦਰੋਂ ਖੋਖਲਾਪਣ।

? ਤੁਸੀਂ ਕਵਿਤਾ ਵੀ ਲਿਖਦੇ ਹੋ ਪਰ ਨਾਟਕ ਤੁਹਾਡੀ ਜਾਣ-ਪਛਾਣ ਵਾਲਾ ਖੇਤਰ ਹੈ, ਤੁਸੀਂ ਇਸ ਦੇ ਭਵਿੱਖ ਬਾਰੇ ਕੀ ਕੁਝ ਸਾਂਝਾ ਕਰਨ ਲਈ ਤਿਆਰ ਹੋ?
= ਮੈਂ ਆਪਣਾ ਸਾਹਿਤਕ ਸਫਰ ਕਵਿਤਾ ਤੋਂ ਹੀ ਸ਼ੁਰੂ ਕੀਤਾ ਸੀ । ਪਰ ਨਾਟਕ ਮੇਰੀ ਜ਼ਿੰਦਜਾਨ ਹੈ । ਹੁਣ ਤੱਕ ਮੈਂ ਸੈਂਕੜੇ ਨਾਟਕ ਖੇਡ ਚੁੱਕਿਆ ਹਾਂ । ਲਿਖੇ ਹਨ, ਨਿਰਦੇਸ਼ਨ ਦਿੱਤਾ ਹੈ, ਪਰ ਮੈਂਨੂੰ ਹਮੇਸ਼ਾਂ ਇਹੋ ਹੀ ਲੱਗਦਾ ਰਹਿੰਦਾ ਹੈ ਕਿ ਇਸਤੋਂ ਵਧੀਆ ਨਾਟਕ ਅਜੇ ਖੇਡਣਾ ਬਾਕੀ ਹੈ । ਨਾਟਕ ਦਾ ਭਵਿੱਖ ਉਜਵਲ ਹੈ, ਇਹ ਸਾਹਿਤ ਦੀ ਜ਼ਿੰਦਾ ਤੇ ਜਿਉਂਦੀ ਜਾਗਦੀ ਵਿਧਾ ਹੈ ਜਿਹੜੀ ਕਿ ਦਰਸ਼ਕਾਂ ਉਪਰ ਗਹਿਰਾ ਅਤੇ ਸਿੱਧਾ ਪ੍ਰਭਾਵ ਪਾਉਂਦੀ ਹੈ । ਘਰ ਫੂਕ ਤਮਾਸ਼ਾ ਵੇਖਣ ਦੇ ਬਾਵਜੂਦ ਵੀ ਨਾਟਕ ਅੱਗੇ ਹੋਰ ਅੱਗੇ ਜਾ ਰਿਹਾ ਹੈ, ਪੂਰੀ ਦੁਨੀਆਂ ਵਿੱਚ ਨਾਟਕ ਦਾ ਸਥਾਨ ਇੰਨਾਂ ਉਚਾ ਹੇ ਜਿਹੜਾ ਕਿ ਫਿਲਮਾਂ ਨਹੀਂ ਲੈ ਸਕੀਆਂ । ਜੇ ਪੰਜਾਬ ਦੇ ਵਿਚ ਨਾਟਕ ਪਿੰਡਾਂ, ਸ਼ਹਿਰਾਂ ਕਸਬਿਆਂ ਵਿਚ ਖੇਡੇ ਜਾ ਰਹੇ ਹਨ ਤਾਂ ਦੁਨੀਆਂ ਦੇ ਉਹਨਾਂ ਮੁਲਕਾਂ ਵਿੱਚ ਵੀ ਪੰਜਾਬੀ ਨਾਟਕ ਉਸੇ ਸ਼ਿੱਦਤ ਨਾਲ ਖੇਡੇ ਜਾ ਰਹੇ ਹਨ ਜਿਵੇਂ ਪੰਜਾਬ ਵਿਚ ।

 ? ਕਮਾਈ ਦੇ ਸਾਧਨ?
= ਕਾਲਜ ਵੱਲੋਂ ਮਿਲਦੀ ਤਨਖਾਹ ਤੇ ਜ਼ਮੀਨ ਦਾ ਠੇਕਾ ।

 ? ਜ਼ਿੰਦਗੀ ਦੀ ਸਭ ਤੋਂ ਵੱਡੀ ਮੁਸ਼ਕਲ ?

= ਨਾਟਕ ਖੇਡਣਾ, ਇਸਦੀ ਤਿਆਰੀ ਅਤੇ ਕਲਾਕਾਰਾਂ ਨੂੰ ਇਕੱਠਾ ਕਰਨਾ। ਬਾਕੀ ਸਾਰੀਆਂ ਮੁਸ਼ਕਿਲਾਂ ਇਸ ਤੋਂ ਨਿਗੂਣੀਆਂ ਹਨ। ਇਹ ਅਮਰੀਕਾ ਹੋਵੇ ਜਾਂ ਪੰਜਾਬ। ਜਿਹੜੇ ਨਾਟਕ ਕਰਦੇ ਨੇ ਉਹ ਇਸ ਮੁਸ਼ਕਿਲ ਨੂੰ ਭਲੀ ਭਾਂਤ ਜਾਣਦੇ ਹਨ।

? ਜ਼ਿੰਦਗੀ ਦੀ ਸਭ ਤੋਂ ਵੱਡੀ ਖ਼ੁਸ਼ੀ?
= ਨਾਟਕ ਦੀ ਪੇਸ਼ਕਾਰੀ ਵਧੀਆ ਹੋ ਜਾਵੇ।

? ਕੋਈ ਦਿਲੀ ਤਮੰਨਾ ਜੋ ਪੂਰੀ ਕਰਨਾ ਲੋਚਦੇ ਹੋਵੋ ?

= ਲੇਖਕਾਂ ਪ੍ਰਤੀ ਸਰਕਾਰ ਦਾ ਸਹਿਯੋਗ।

? ਕੋਈ ਸਵਾਲ ਜੋ ਮੈਂ ਪੁੱਛ ਨਾ ਸਕਿਆ ਹੋਵਾਂ ?ਜਾਂ ਕੋਈ ਗੱਲ ਜੋ ਤੁਸੀਂ ਖੁਦ ਦੱਸਣੀ ਚਾਹੁੰਦੇ ਹੋਵੋ।
= ਤੁਸੀਂ ਸਾਰੇ ਕੋਨੇ ਪੂਰੇ ਕਰ ਲਏ ਹਨ । ਪਰ ਇੱਕ ਛੋਟੀ ਜਿਹੀ ਗੱਲ ਕਿ ਲੇਖਕ ਇੱਕ ਆਮ ਇਨਸਾਨ ਨਹੀਂ ਹੁੰਦਾ । ਬਹੁਤ ਸੰਵੇਦਨਸ਼ੀਲ ਹੁੰਦਾ ਹੈ, ਲੱਖ ਗਲਤੀਆਂ ਕਰਨ ਦੇ ਬਾਵਜੂਦ ਵੀ ਸਮਾਜ ਦੀ ਬਿਹਤਰੀ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ।

? ਲਿਖਾਰੀਆਂ ਦੀ ਕਿਹੜੀ ਗੱਲ ਸਭ ਤੋਂ ਪਸੰਦ ਹੈ?
= ਮਸਤੀ – – – ਬੁੱਲੇ ਸ਼ਾਹ ਵਰਗੀ ਮਸਤ ਮਲੰਗੀ।


? ਲਿਖਾਰੀਆਂ ਦੀ ਕਿਹੜੀ ਗੱਲ ਸਭ ਤੋਂ ਨਾ-ਪਸੰਦ ਹੈ?
= ਜੁਗਾੜ-ਪੁਣਾ ਤੇ ਪਾਲਟਿਕਸ।

? ਅਮਰੀਕਾ ਦੇ ਲਿਖਾਰੀਆਂ, ਪਾਠਕਾਂ, ਸਰੋਤਿਆਂ ਲਈ ਕੋਈ ਸੁਨੇਹਾ ?

= ਆਪਣੀ ਮਾਂ ਧਰਤੀ ਤੋਂ ਦੂਰ ਬੈਠ ਕੇ ਵੀ ਜੇ ਤੁਸੀਂ ਮਾਂ ਬੋਲੀ ਦੀ ਸੇਵਾ ਕਰ ਰਹੇ ਹੋ ਤਾਂ ਮੇਰੇ ਵੱਲੋਂ ਮੁਬਾਰਕਾਂ – – – – ਪਰ ਜੇ ਕੇਵਲ ਇੱਕ ਲੇਖਕ ਬਨਣ ਲਈ ਲਿਖ ਰਹੇ ਹੋ ਤਾਂ ਮਾਯੂਸੀ- – – – । ਮੈਂ ਇਥੇ ਆ ਕੇ ਦੇਖਿਆ ਹੈ ਕਿ ਜਿੰਨਾ ਪਿਆਰ ਆਪਣੀ ਮਾਂ ਬੋਲੀ ਲਈ ਅਮਰੀਕਾ ਕੀਤਾ ਜਾ ਰਿਹਾ ਹੈ ਉਤਨਾ ਪੰਜਾਬ ਵਿੱਚ ਦੇਖਣ ਨੂੰ ਨਹੀਂ ਮਿਲਦਾ – – – – ਮੈਂਨੂੰ ਯਕੀਨ ਹੈ ਕਿ ਜਿਹੜੇ ਲੋਕ ਪੰਜਾਬੀ ਭਾਸ਼ਾ ਦੇ 50 ਸਾਲਾਂ ਬਾਅਦ ਮੁੱਕ ਜਾਣ ਦੀ ਗੱਲ ਕਰ ਰਹੇ ਹਨ ਇੱਕ ਦਿਨ ਮੇਰੇ ਪੰਜਾਬੀ ਅਮਰੀਕਣ ਵੀਰਾਂ ਨੇ ਉਹਨਾਂ ਦੀ ਜ਼ੁਬਾਨ ਨੂੰ ਜਿੰਦਰੇ ਲਾ ਦੇਣੇ ਹਨ । ਇੱਕ ਸੁਲੱਗ ਪੁੱਤ ਵੀ ਘਰ ਦਾ ਮੂੰਹ ਮੱਥਾ ਬਦਲ ਕੇ ਰੱਖ ਦਿੰਦਾ ਹੈ । ਅਮਰੀਕਾ ਦੀ ਧਰਤੀ ਉਤੇ ਤਾਂ ਪੰਜਾਬੀ ਮਾਂ ਦੇ ਅਨੇਕਾਂ ਸਪੂਤ ਉਸਦੀ ਰਖਵਾਲੀ ਲਈ ਆਪਣੀਆਂ ਤਲਵਾਰਾਂ-ਵਰਗੀਆਂ ਕਲਮਾਂ ਲਈ ਮੈਦਾਨ-ਏ-ਜੰਗ ਵਿਚ ਖੜ੍ਹੇ ਹਨ – – –  ?


***
247
***
ਗੁਰਦੇਵ ਸਿੰਘ ਘਣਗਸ
Gurdev S. Ghangas
101 Masham Ct
Roseville,
CA 95747
Phone: 916-740-3036
**
ਪ੍ਰੋ. ਸਰਬਜੀਤ ਸਿੰਘ ਔਲਖ
ਪਿੰਡ ਤੇ ਡਾਕਖਾਨਾ: ਠੀਕਰੀਵਾਲਾ
ਜ਼ਿਲ੍ਹਾ: ਬਰਨਾਲਾ
ਫੋਨ ਨੰ: 981 572 7094
**
* (ਦੂਜੀ ਵਾਰ 24 ਜੁਲਾਈ 2021)
* (ਪਹਿਲੀ ਵਾਰ 19 ਜਨਵਰੀ 2011)

ਡਾ. ਗੁਰਦੇਵ ਸਿੰਘ ਘਣਗਸ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦੇਵ ਸਿੰਘ ਘਣਗਸ

View all posts by ਡਾ. ਗੁਰਦੇਵ ਸਿੰਘ ਘਣਗਸ →