1 July 2024

ਗਿਆਨ ਸਿੰਘ ਦਰਦੀ ਦੇ ਗ਼ਜ਼ਲ ਸੰਗ੍ਰਹਿ ਵਿੱਚ ‘ਸੰਵੇਦਨਾ’ ਦਾ ਸੰਕਲਪ — ਪਿਆਰਾ ਸਿੰਘ ਕੁੱਦੋਵਾਲ

 

ਸੰਵੇਦਨਾ ਸਪਤਰਿਸ਼ੀ ਪ੍ਰਕਾਸ਼ਨ ਵੱਲੋਂ ਛਾਪਿਆ 128 ਸਫ਼ਿਆਂ ਦਾ ਗ਼ਜ਼ਲ ਸੰਗ੍ਰਹਿ ਹੈ, ਜਿਸ ਵਿੱਚ ਤਿੰਨ ਸਫ਼ੇ ਉਸਤਾਦ ਗ਼ਜ਼ਲਗੋ ਗੁਰਦਿਆਲ ਰੌਸ਼ਨ ਨੇ, 7 ਸਫ਼ੇ ਗ਼ਜ਼ਲ ਲਿਖਣ ਵਿਚ ਮਾਹਿਰ ਡਾ. ਗੁਰਚਰਨ ਕੌਰ ਕੋਚਰ ਨੇ, ਅੰਤਕਾ ਵਿਚ ਇਕ ਸਫ਼ਾ ਸਤਿਕਾਰਤ ਵਿਦਵਾਨ ਜਸਪਾਲ ਦੇਸੂਵੀ ਨੇ ਅਤੇ ਦੋ ਸਫ਼ੇ ਲੇਖਕ ਨੇ ਆਪਣੇ ਵੱਲੋਂ ਲਿਖੇ ਹਨ। ਇਹ ਪੁਸਤਕ ਸ਼ਾਇਰ ਨੇ ਆਪਣੇ ਪਿਤਾ ਸਰਦਾਰ ਉਜਾਗਰ ਸਿੰਘ ਬਾਹਰਾ ਨੂੰ ਸਮਰਪਿਤ ਕੀਤੀ ਹੈ। ਇਸ ਵਿੱਚ 103 ਗ਼ਜ਼ਲਾਂ ਹਨ।

ਕਿਤਾਬ ਦੇ ਨਾਮ ‘ਸੰਵੇਦਨਾ’ ਬਾਰੇ ਗੱਲ ਕਰਨੀ ਹੋਵੇ ਤਾਂ ਸੰਵੇਦਨਾ ਦਾ ਅਰਥ ਹੈ ਵਿਚਾਰ, ਭਾਵਨਾ, ਸੈਂਟੀਮੈਂਟ, ਅਹਿਸਾਸ, ਝੁਕਾਅ ਭਾਵ ਦੂਜੇ ਵੱਲ ਜ਼ਿਆਦਾ ਦਿਲਚਸਪੀ ਦਿਖਾਉਣ ਦਾ ਭਾਵ, ਭਾਵਨਾ, ਖਿਆਲ ਅਤੇ ਕਾਰਜ ਦਾ ਸਹਿਜ ਰੂਪ। ਪਰਕਾਸ਼ ਸਿੰਘ ਜੰਮੂ ਅਨੁਸਾਰ ਕਿਸੇ ਸਮਾਜ ਜਾਂ ਵਰਗ ਸਮੂਹ ਵਿੱਚ ਸਭਿਆਚਾਰਿਕ ਅਤੇ ਸਰੀਰਕ ਲੋੜਾਂ ਦੁਆਰਾ ਨਿਸ਼ਚਿਤ ਧਾਰਨਾਵਾਂ, ਮਨੋਵਿਗਿਆਨਿਕ ਤੌਰ ਉੱਤੇ ਜਜ਼ਬਾਤੀ ਪੱਖਪਾਤ, ਸਭਿਆਚਾਰ ਦੁਆਰਾ ਰੂਪਮਾਨ ਭਾਵਨਾਵਾਂ, ਜਿਵੇਂ ਗੁੱਸੇ ਦੀ ਭਾਵਨਾ, ਇਸੇ ਤਰਾਂ ਸਮਾਜਿਕ ਸਮੂਹਾਂ ਵਿੱਚ ਵਿਅਕਤੀਆਂ ਵਿਚਕਾਰ ਅੰਤਰ ਕਾਰਜ ਦੁਆਰਾ ਪੈਦਾ ਕੀਤੀਆਂ ਗਈਆਂ ਭਾਵਨਾਵਾਂ ਜਿਵੇਂ (ਕਿਸੇ ਪ੍ਰਧਾਨ ਜਾਂ ਚੇਅਰਮੈਨ ਪ੍ਰਤੀ) ਤਾਬਿਆਦਾਰੀ ਦੀ ਭਾਵਨਾ, (ਪਰ ਮੈਂਬਰਾਂ ਲਈ ‘ਬਸ ਹੈਲੋ ਜੀ’) ਪਰਉਪਕਾਰਵਾਦ, ਵਚਨ ਬੱਧਤਾ ਦੀਆਂ ਸਾਂਝੀਆਂ ਭਾਵਨਾਵਾਂ ਜੋ ਸਾਂਝੇ ਪਰ-ਮਾਪਾਂ ਨੂੰ ਲਾਗੂ ਕਰਦੀਆਂ ਹਨ। ਵਿਅਕਤੀ ਜਿਸ ਵਰਗ ਸਮੂਹ, ਸਮਾਜ, ਇਲਾਕੇ, ਦੇਸ਼, ਭਾਸ਼ਾ ਅਤੇ ਸਭਿਆਚਾਰ ਵਿੱਚ ਵਿਕਾਸ ਕਰਦਾ ਹੈ, ਉਸਦੀ ਸੰਵੇਦਨਾ ਵੀ ਉਸ ਤਰਾਂ ਦੀ ਹੀ ਹੋਵੇਗੀ ਭਾਵ ਕਿ ਉਹ ਕਿਸੇ ਦੂਸਰੇ ਵਰਗ ਸਮੂਹ, ਸਮਾਜ, ਇਲਾਕੇ, ਦੇਸ਼, ਭਾਸ਼ਾ ਅਤੇ ਸਭਿਆਚਾਰ ਵਿਚ ਪਨਪਣ ਵਾਲੇ ਵਿਅਕਤੀ ਨਾਲੋਂ ਵੱਖਰੀ ਹੋ ਸਕਦੀ ਹੈ ਜਾਂ ਉਸਦੀ ਪਹੁੰਚ ਉਸ ਪ੍ਰਤੀ ਅਲੱਗ ਹੋ ਸਕਦੀ ਹੈ। ਦਰਦੀ ਦਾ ਇਕ ਸ਼ਿਅਰ ਹੈ:

ਕਦੇ ਤੂੰ ਸੋਚਿਆ ਕਰ , ਦੂਜਿਆਂ ਦੇ ਮਾਮਲੇ ਬਾਰੇ।
ਉਨ੍ਹਾਂ ਰਿਸ਼ਤਿਆਂ ਅੰਦਰ, ਪਏ ਹੋਏ ਫਾਸਲੇ ਬਾਰੇ।
ਜਦੋਂ ਹੈ ਸੋਚ ਸਾਡੀ ਇਕ ਅਤੇ ਮੰਜ਼ਿਲ ਅਸਾਡੀ ਇਕ
ਤੁਸੀਂ ਗੱਲ ਕਰ ਰਹੇ ਹੋ, ਵੱਖਰੇ ਕਿਉਂ ਕਾਫਲੇ ਬਾਰੇ।

ਪ੍ਰੋ. ਸੁਹਿੰਦਰ ਬੀਰ, ‘ਪੰਜਾਬੀ ਕਵਿਤਾ’ ਵਿੱਚ ਪ੍ਰਾਕਿਰਤਕ ਸੰਵੇਦਨਾ ( ਪੰਜਾਬੀ ਟ੍ਰਿਬਿੳਨ ਮਈ 2023) ਵਿਚ ਲਿਖਦਾ ਹੈ ਕਿ ਆਮ ਸ਼ਬਦਾਂ ਵਿੱਚ ਇਹ ਕਿਹਾ ਜਾਂਦਾ ਹੈ ਕਿ ਮਨੁੱਖ ਇੱਕ ਸੰਵੇਦਨਸ਼ੀਲ ਪ੍ਰਾਣੀ ਹੈ। ਉਹ ਸਾਹ ਲੈਂਦਾ ਹੈ ਅਤੇ ਆਪਣੇ ਜੀਵਨ ਵਿੱਚ ਵਿਚਰਦਿਆਂ ਆਪਣੇ ਹਾਵਾਂ ਭਾਵਾਂ ਦਾ ਆਦਾਨ-ਪ੍ਰਦਾਨ ਕਰਦਾ ਹੈ; ਵੇਖਦਾ, ਸੁਣਦਾ ਅਤੇ ਬੋਲਦਾ ਹੈ। ਦੁੱਖ-ਸੁੱਖ ਵਿੱਚ ਗ੍ਰਸਤ ਹੁੰਦਾ ਹੈ, ਖ਼ੁਸ਼ੀ ਗ਼ਮੀ ਦੇ ਮੌਕੇ ਵਿੱਚ ਸ਼ਰੀਕ ਹੋਣਾ ਮਨੁੱਖ ਦਾ ਲਾਜ਼ਮੀ ਗੁਣ ਹੈ, ਜੋ ਅਜਿਹੇ ਮੌਕਿਆਂ ਤੋਂ ਵੰਚਿਤ ਰਹਿੰਦਾ ਹੈ ਉਹ ਮਨੁੱਖ ਨਹੀਂ, ਉਸ ਵਿੱਚ ਜ਼ਰੂਰ ਕਿਸੇ ਨਾ ਕਿਸੇ ਰੂਪ ਵਿੱਚ ਮਾਨਵੀ ਤੱਤ ਦੀ ਕਮੀ ਵੇਖੀ ਜਾ ਸਕਦੀ ਹੈ। ਮਨੁੱਖ ਕਲਾਤਮਿਕ ਸੰਵੇਦਨਾ ਦਾ ਮਾਲਕ ਹੈ ਜਿਸ ਰਾਹੀਂ ਉਹ ਆਪਣੇ ਆਲੇ-ਦੁਆਲੇ ਦੇ ਜੀਵਨ ਅਨੁਭਵ ਨੂੰ ਪ੍ਰਤਿਭਾ ਦੀ ਛਾਪ ਰਾਹੀਂ ਪ੍ਰਗਟ ਕਰਨ ਦੀ ਸਮਰੱਥਾ ਰੱਖਦਾ ਹੈ। ਦਰਦੀ ਦਾ ਇਹ ਮਿਸਰਾ ਇਸ ਦੀ ਮਿਸਾਲ ਲਈ ਲਿਆ ਜਾ ਸਕਦਾ ਹੈ। ਇਸ ਵਿੱਚ ਉਸਦਾ ਆਲਾ ਦੁਆਲਾ, ਧਰਮ, ਸੰਸਕਾਰ ਅਤੇ ਅਕੀਦਾ ਪ੍ਰਗਟ ਹੁੰਦਾ ਹੈ।

ਮੇਰੇ ਇਸ ਸੀਸ ਨੂੰ ਭਾਵੇਂ ਹਜ਼ਾਰਾਂ ਵਾਰ ਕੱਟ ਦੇਵੇ,
ਮੇਰੇ ਈਮਾਨ ਨੂੰ ਕੋਈ ਕਰ ਕਤਲ ਸਕਦਾ ਨਹੀਂ ਯਾਰੋ। -55

ਦਰਦੀ ਨੇ ਇਸ ਸੰਗ੍ਰਹਿ ਦੇ ਹਰ ਪੰਨੇ ‘ਚ, ਗ਼ਜ਼ਲ ਦੇ ਹੇਠਾਂ ਕਰਕੇ, ਉਸ ਲਿਖੀ ਗਈ ਗ਼ਜ਼ਲ ਦਾ ਅਰਕਾਨ ਅਤੇ ਬਹਿਰ ਦੋਵੇਂ ਦਰਜ਼ ਕੀਤੇ ਹਨ। ਜਿਵੇਂ:

ਅਰਕਾਨ: ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ ਮੁਫ਼ਾਈਲੁਨ

ਬਹਿਰ: ਹਜ਼ਜ ਮੁਸੱਮਨ ਸਾਲਿਮ

ਜਦੋਂ ਸੰਵੇਦਨਾ ਦਏ ਥਾਪੜਾ, ਮੈਂ ਲਿਖਣ ਬਹਿ ਜਾਵਾਂ।
ਮੇਰੇ ਅਰਮਾਨ ਮੇਰੇ ਖ਼ਾਬ, ਗਲ਼ ਵਿਚ ਪਾਉਣ ਆ ਬਾਵਾਂ। – 25

ਇੰਝ ਕਰਕੇ ਗਿਆਨ ਸਿੰਘ ਦਰਦੀ ਨੇ ਸਬੂਤ ਦਿੱਤਾ ਹੈ ਕਿ ਗ਼ਜ਼ਲ ਲਿਖਣ ਵਿੱਚ ਉਹਨਾਂ ਨੇ ਮੁਹਾਰਤ ਹਾਸਲ ਕਰ ਲਈ ਹੈ। ਹੁਣ ਉਸਤਾਦ ਗ਼ਜ਼ਲਗੋ ਹੀ ਤਕਨੀਕੀ ਪੱਖ ਤੋਂ ਉਹਨਾਂ ਦੀ ਅਲੋਚਨਾ ਕਰ ਸਕਣਗੇ। ਆਮ ਪਾਠਕ ਇਹਨਾਂ ਤੇ ਸਵਾਲ ਨਹੀਂ ਉਠਾ ਸਕੇਗਾ।

ਦਰਦੀ ਨੇ ਪੰਨਾ 24 ਤੇ ਆਪਣੇ ਗ਼ਜ਼ਲ ਸੰਗ੍ਰਹਿ ‘ਸੰਵੇਦਨਾ’ ਨੂੰ ਪਾਠਕਾਂ ਦੇ ਹਵਾਲੇ ਕਰਦੇ ਲਿਖਿਆ ਹੈ, “ਮੈਂ ਸਫਲਤਾ ਦੀ ਉਚਾਈ ਤੇ ਪਹੁੰਚਣ ਵਿੱਚ ਕਿਥੋਂ ਤਕ ਸਫਲ ਰਿਹਾ ਹਾਂ ਇਸਦਾ ਫੈਸਲਾ ਗ਼ਜ਼ਲ ਦੀ ਵਿਧਾ ਵਿਚ ਪ੍ਰਣਾਏ ਹੋਏ ਸ਼ਾਇਰਾਂ ਦੀ ਕਚਹਿਰੀ ਲਈ ਰਾਖਵਾਂ ਰੱਖਦਾ ਹਾਂ।”

ਵਿਧਾ ਦੇ ਨਾਲ ਮਲ ਮਲ ਕੇ ਹਰ ਇਕ ਸ਼ਿਅਰ ਨਿਖਾਰਾਂ ਮੈਂ
ਗ਼ਜ਼ਲ ਫਿਰ ਆਪਣੀ ਆਵਾਜ਼ ਤੇ ਸੁਰਤਾਲ ਵਿੱਚ ਗਾਵਾਂ। -25

ਦਰਦੀ ਨੇ ਆਪਣੀਆਂ ਗ਼ਜ਼ਲਾਂ ਵਿੱਚ ਥਾਂ ਪੁਰ ਥਾਂ ਟਿੱਪਣੀਆਂ ਕੀਤੀਆਂ ਹਨ ਕਿ ਮਿਹਨਤ ਕਰਨ ਅਤੇ ਅਰੂਜ਼ ਸਿੱਖਣ ਤੋਂ ਬਿਨਾਂ ਗ਼ਜ਼ਲ ਲਿਖਣਾ ਸੰਭਵ ਨਹੀਂ:

ਗ਼ਜ਼ਲਾਂ ਲਿਖਣ ਲਈ ਸਿਖ ਅਰੂਜ਼,
ਇਸਦਾ ਹੋਰ ਕੋਈ ਨਹੀਂ ਮੰਤਰ । 79

ਦਰਦੀ ਇਹ ਵੀ ਦਾਅਵਾ ਕਰਦਾ ਹੈ ਕਿ ਗ਼ਜ਼ਲ ਲਿਖਣੀ ਸਿੱਖਣੀ ਹੈ ਤਾਂ ਮੇਰੀਆਂ ਗ਼ਜ਼ਲਾਂ ਪੜ੍ਹੋ:

ਜੇ ਤੂੰ ਪਿੰਗਲ ਸਿੱਖਣਾ ਤਾਂ ਪੜ੍ਹ ਲਈ ਗ਼ਜ਼ਲਾਂ ਮੇਰੀਆਂ।
ਸਿਰ ਉਠਾ ਕੇ ਚਲਣਾ ਤਾਂ ਪੜ੍ਹ ਲਈ ਗ਼ਜ਼ਲਾਂ ਮੇਰੀਆਂ । 127

ਗ਼ਜ਼ਲ ਵਿੱਚ ਰਿਵਾਜਨ ਹੀ ਅਕਸਰ ਚੋਟੀ ਦੇ ਗ਼ਜ਼ਲਗੋ ਆਪਣੇ ਸ਼ਿਅਰਾਂ ਰਾਹੀਂ ਆਪਣੇ ਸਮਕਾਲੀ ਜਾਂ ਦੂਜੇ ਗ਼ਜ਼ਲਗੋਆਂ ਬਾਰੇ ਸ਼ਾਇਰਾਨਾ ਟਿੱਪਣੀਆਂ ਕਰਦੇ ਰਹਿੰਦੇ ਹਨ। ਦਰਦੀ ਨੇ ਵੀ ਆਪਣੇ ਸਮਕਾਲੀ ਅਤੇ ਮੁਕਾਬਲੇ ਦੇ ਸ਼ਾਇਰਾਂ ਬਾਰੇ ਸ਼ਿਅਰ ਲਿਖਣ ਦੀ ਇਹ ਪਰੰਪਰਾ ਬਾਖੂਬ ਨਿਭਾਈ ਹੈ। ਉਹਨਾਂ ਨੇ ਪੰਨਾ 79 ਤੇ ਜਸਪਾਲ ਸਿੰਘ ਦੇਸੂਵੀ, ਜਿਸਨੂੰ ਉਹ ਮਹਿਬੂਬ ਗ਼ਜ਼ਲਗੋ ਦੱਸਦੇ ਹਨ, ਬਾਰੇ ਇਕ ਸ਼ਿਅਰ ਇਉਂ ਦਰਜ਼ ਕੀਤਾ ਹੈ:

ਰਬ ਦੇ ਲੜ ਲਗ ਦੇਸੂਵੀ, ਦਰਦੀ ਦੁਖ ਸਭ ਹੋਣ ਉਡੰਤਰ ।

ਜਸਪਾਲ ਦੇਸੂਵੀ ਨੇ ਵੀ ਇਸ ਕਿਤਾਬ ਦੀ ਅੰਤਿਕਾ ‘ਕਿਵੁ ਵਰਨੀ ਕਿਵੁ ਜਾਣਾ’ ਵਿੱਚ ਉਹਨਾਂ ਨੂੰ ‘ਉਸਤਾਦ ਗ਼ਜ਼ਲਗੋ ਗਿਆਨ ਸਿੰਘ ਦਰਦੀ” ਦਾ ਦਰਜਾ ਦਿੱਤਾ ਹੈ ਅਤੇ ਉਹਨਾਂ ਬਾਰੇ ਕੁਝ ਇਉਂ ਲਿਖਿਆ ਹੈ;

ਕਿਵੇਂ ਆਖਾਂ ਜੋ ਮੇਰੇ ਦਿਲ ‘ਚ, ਮੁਰਸ਼ਦ ਯਾਰ ਦਾ ਰੁਤਬਾ ।
ਮੇਰਾ ਤਾਂ ਬਸ ਉਹਦੇ ਦਰ ਤੇ, ਹੈ ਖ਼ਿਦਮਤਗਾਰ ਦਾ ਰਿਸ਼ਤਾ। – 128

ਦਰਦੀ ਨੇ ਹੋਰ ਕਵੀਆਂ ਤੇ ਲੇਖਕਾਂ ਨੂੰ ਨਸੀਹਤ ਵੀ ਦਿੱਤੀ ਹੈ ਕਿ ਜੇਕਰ ਤੁਹਾਡੀ ਗ਼ਜ਼ਲ, ਗੀਤ ਜਾਂ ਕਵਿਤਾ ਨੂੰ ਦਾਦ ਨਹੀਂ ਮਿਲਦੀ ਤਾਂ ਔਖੇ ਹੋਣ ਦੀ ਲੋੜ ਨਹੀਂ ਬਲਕਿ ਸਮਝ ਲੈਣਾ ਚਾਹੀਦਾ ਕਿ ਲਿਖਣ ਕਲਾ ਵਿੱਚ ਕੋਈ ਕਮੀ ਰਹਿ ਗਈ ਹੋਵੇਗੀ। ਹੋਰਾਂ ਨਾਲ ਗੁੱਸੇ ਹੋਣ ਦੀ ਥਾਂ, ਆਪਣੀ ਰਚਨਾਤਮਕ ਸ਼ਕਤੀ ਵਿੱਚ ਵਾਧਾ ਕਰਨਾ ਚਾਹੀਦਾ ਹੈ:

ਸਮਝੀਂ ਤੇਰੀ ਰਚਨਾ ਦੇ ਵਿਚ, ਕੋਈ ਨਾ ਕੋਈ ਘਾਟ ਰਹੀ
ਜੇਕਰ ਵਾਹ ਵਾਹ ਹੋਈ ਨਹੀਉਂ, ਜੇਕਰ ਵੱਜੀ ਤਾੜੀ ਨਹੀਂ। 90

ਇਹਨਾਂ ਨੇ ਕੁਝ ਐਸੇ ਲੇਖਕਾਂ ਤੇ ਬੁਲਾਰਿਆਂ ਉੱਤੇ ਵੀ ਵਿਅੰਗਾਤਮਕ ਟਿੱਪਣੀ ਕੀਤੀ ਹੈ ਜੋ ਹਰ ਸਭਾ ਵਿੱਚ ਆਪਣੀ ਹੀ ਤੂਤੀ ਵਜਾਉਣਾ ਚਾਹੁੰਦੇ ਹਨ। ਦਰਦੀ ਕਹਿੰਦੇ ਹਨ ਐਸੇ ਲੇਖਕ ਮੇਰੇ ਮਿੱਤਰ ਨਹੀਂ ਹੋ ਸਕਦੇ: 

ਲੇਖਕ ਤੇ ਬੁਲਾਰੇ ਜੋ ਹਰ ਵਾਰ ਹਰ ਸਭਾ ‘ਚ,
ਜਾ ਕੇ ਖਿਲਾਰਦੇ ਸਦਾ ਝੱਲ, ਤੂੰ ਮਿਰੇ ਨਾ ਆਖ। –29

ਦਰਦੀ ਨੇ ਆਪਣੀ ਸੰਵੇਦਨਾ, ਆਪਣੀਆਂ ਗ਼ਜ਼ਲਾਂ ਵਿਚ ਵਿਅਗਤੀਗਤ ਤੇ ਸਮਾਜਿਕ ਜਜ਼ਬਾਤ ਨਾਲ ਓਤ ਪਰੋਤ ਕਰਕੇ ਪੇਸ਼ ਕੀਤੀ ਹੈ। ਉਸ ਵਿੱਚ ਕਿੰਨੇ ਸਫਲ ਹੋਏ ਹਨ ਇਹ ਉਹ ਵੀ ਜਾਣਦੇ ਹਨ। ਪੰਨਾ 25 ਤੇ ਇਕ ਸ਼ਿਅਰ ਹੈ:

ਮੈਂ ਗ਼ਜ਼ਲਾਂ ਨਾਲ ਰਿਸ਼ਤੇਦਾਰੀਆਂ ਗੰਢੀਆ ਯਾਰੋ,
ਇਹਨਾਂ ਵਿੱਚ ਮੇਰੀਆਂ ਭੈਣਾਂ ਤੇ ਕੁੱਝ ਮੇਰੀਆਂ ਮਾਵਾਂ।

ਇਹਨਾਂ ਨੇ ਕੁੱਝ ਸ਼ਿਅਰ ਮਹਿਬੂਬ ਬਾਰੇ ਵੀ ਲਿਖੇ ਹਨ। ਗ਼ਜ਼ਲ ਦਾ ਮੁਢਲਾ ਰੂਪ ਨਾਜ਼ੁਕ ਖਿਆਲੀ, ਜੋਬਨ, ਸੁੰਦਰਤਾ, ਜਾਮ ਸੁਰਾਹੀ ਪਿਆਲਾ, ਨਾਚ, ਪਿਆਰ, ਮੁਹੱਬਤ ਭਰੇ ਅਸਰਾਰ ਕਹਿਣਾ ਰਿਹਾ ਹੈ। ਉਹ ਰੂਪ ਵੀ ਛਾਇਆ ਹੈ: 

ਮੇਰੀ ਮਹਿਬੂਬ ਮੈਨੂੰ ਵੀ, ਕਦੇ ਤਾਂ ਛੋਹ ਜਰਾ ਲੈਂਦੀ,
ਸਿਤਾਰਾ ਬਣ ਕੇ ਉਹਦੀ ਚੁਨਰੀ ਦਾ, ਜੇ ਠਹਿਰਿਆ ਹੁੰਦਾ।

ਚੁਪ ਚੁਪੀਤੇ ਆਉਣਾ ਚੰਗਾ ਲਗਦਾ ਹੈ।
ਆ ਕੇ ਫਿਰ ਸ਼ਰਮਾਉਣਾ ਚੰਗਾ ਲਗਦਾ ਹੈ।

ਬੜੀ ਬੇਚੈਨ ਕਰ ਦਿੰਦਾ ਉਹ ਮੇਰੇ ਪਿਆਰ ਦੀ ਦੁਨੀਆਂ 
ਨਜ਼ਰ ਤੀਰ ਕੱਸ ਕੱਸ ਕੇ, ਉਹ ਮੇਰੀ ਜਾਨ ਕੱਢ ਲੈਂਦਾ।

ਮੇਰਾ ਮਹਿਬੂਬ ਮੇਰੀ ਜਾਨ ਮੇਰੀ ਜ਼ਿੰਦਗੀ ਦਰਦੀ ,
ਮੈਂ ਉਸਤੋਂ ਦੂਰ ਰਹਿ ਕੇ ਲਿਖ, ਗ਼ਜ਼ਲ ਸਕਦਾ ਨਹੀਂ ਯਾਰੋ। 55

ਬੜਾ ਰੁਮਾਂਟਿਕ ਦ੍ਰਿਸ਼ ਖਿੱਚਿਆ ਹੈ:

ਸਾਵਣ ਦੀ ਇਸ ਰੁੱਤ ਵਿਚ ਤੇਰੀਆਂ ਜ਼ੁਲਫ਼ਾਂ ‘ਚੀਂ,
ਮੈਨੂੰ ਹੱਥ ਸਰਕਾਉਣਾ, ਚੰਗਾ ਲਗਦਾ ਹੈ।

ਸ਼ਰਾਰਤ ਭਰੇ ਸ਼ਿਅਰ ਵੀ ਲਿਖੇ ਹਨ:

ਪਿਆਰ ਮੁਹੱਬਤ ਅੰਦਰ ਕਦੇ ਕਦੇ ਸਭ ਨੂੰ
ਦਰਦੀ ਯਾਰ ਚਿੜਾਉਣਾ ਚੰਗਾ ਲਗਦਾ ਹੈ ।

ਔਰਤ ਦੀ ਆਜ਼ਾਦੀ ਅਤੇ ਨਿਡਰਤਾ ਬਾਰੇ ਗੱਲ ਕੀਤੀ ਹੈ। ਅਸੀਂ ਕਿਸਾਨ ਮੋਰਚੇ ਦੌਰਾਨ ਵੀ ਔਰਤਾਂ ਦੇ ਹੌਂਸਲੇ ਵੇਖੇ ਹਨ:

ਆਪਣੇ ਸਿਰ ਹੁਣ ਇਹਨਾਂ ਨੇ ਹਨ ਤਲੀ ‘ਤੇ ਰੱਖ ਲਏ,
ਹਾਕਮਾਂ ਦੇ ਜ਼ੁਲ਼ਮ ਤੋਂ ਅਜ ਡਰਦੀਆਂ ਕਦ ਨੇ ਭਲਾ ।

ਕਿਸਾਨ ਮੋਰਚੇ ਤੇ ਆਪਣੀ ਹਾਜ਼ਰੀ ਇਸ ਤਰਾਂ ਦਰਜ਼ ਕਰਵਾਈ ਹੈ:

ਅੱਜ ਮੋਰਚਾ ਕਿਸਾਨੀ ਹੋਇਆ ਬੁਲੰਦ ਵੇਖਾਂ।
ਜਦੇ ਇਨ੍ਹਾਂ ਨੂੰ ਕਰਦੇ ਸੂਰਜ ਤੇ ਚੰਦ ਵੇਖਾਂ। 124

ਤੁਸੀਂ ਡਟ ਕੇ ਲਗਾਉ ਨਾਹਰੇ ਖਿਲਾਫ਼ ਹਕੂਮਤ ਦੇ,
ਸਹਾਰਾਂਗੇ ਨਹੀਂ ਹੁਣ ਜ਼ੁਲਮ ਦਾ ਕੋਈ ਦਬਦਬਾ ਯਾਰੋ। 39

ਗਿਆਨ ਸਿੰਘ ਦਰਦੀ ਨੇ ਬੇਸ਼ੱਕ ਤਕਨੀਕ ਪੱਖੋਂ ਮੁਹਾਰਤ ਹਾਸਲ ਕਰਨ ਦੇ ਸਬੂਤ ਪੇਸ਼ ਕੀਤੇ ਹਨ ਪਰ ਕੁਝ ਥਾਂਵਾਂ ਤੇ ਸ਼ਬਦਾਂ ਅਤੇ ਭਾਸ਼ਾ ਦੀ ਵਰਤੋਂ, ਵਿਚਾਰ ਅਤੇ ਵਿਸ਼ਾ ਸਮੱਗਰੀ ਦੇ ਨਿਭਾਅ ਬਾਰੇ ਬਹੁਤ ਸਾਰੇ ਸਵਾਲ ਉਠ ਸਕਦੇ ਹਨ। ਵਿਧੀ ਵਿਧਾਨ ਅਨੁਸਾਰ ਕਿਹਾ ਜਾਂਦਾ ਹੈ ਕਿ ਗ਼ਜ਼ਲ ਲਿਖਣ ਵੇਲੇ ਸ਼ਬਦ ਚੋਣ, ਭਾਸ਼ਾ ਦੀ ਵਰਤੋਂ, ਗੋਂਦ ਐਨੀ ਸੁਚੱਜੀ ਅਤੇ ਸੰਪੂਰਨ ਹੋਣੀ ਚਾਹੀਦੀ ਹੈ ਕਿ ਕਿਸੇ ਵੀ ਸ਼ਬਦ ਦੀ ਘਾਟ ਵਾਧ ਮਹਿਸੂਸ ਨਾ ਹੋਵੇ ਅਤੇ ਕੋਈ ਵੀ ਸ਼ਬਦ ਦੂਸਰੇ ਹੋਰ ਕਿਸੇ ਸ਼ਬਦ ਨਾਲ ਬਦਲਿਆ ਨਾ ਜਾ ਸਕਦਾ ਹੋਵੇ, ਮੁਹਾਵਰੇ ਵਰਤਣ ਦਾ ਢੰਗ ਵੀ ਯੋਗ ਹੋਵੇ, ਜਿਸ ਨਾਲ ਢੁੱਕਵੇਂ ਅਰਥ ਨਿਕਲਣ। ਕੁਝ ਇਕ ਥਾਂਵਾਂ ਤੇ ਇਹਨਾਂ ਗੱਲਾਂ ਦੀ ਅਣਗਹਿਲੀ ਹੋਈ ਲਗਦੀ ਹੈ। ਕਈ ਥਾਂਵਾਂ ਤੇ ਰਾਜਨੀਤਕ ਚੋਟ ਕਰਨ ਲਈ ਵੱਡੇ, ਭਾਰੀ ਭਰਕਮ ਸ਼ਬਦ ਵਰਤੇ ਗਏ ਹਨ ਜੋ ਗ਼ਜ਼ਲ ਦੀ ਵਿਧਾ ਅਨੁਸਾਰ ਅਨੁਕੂਲ ਅਤੇ ਸਹੀ ਲਗਦੇ ਹੋਏ ਵੀ ਕਾਵਿਕ ਨਹੀਂ ਲਗਦੇ। ਸ਼ਬਦ ਚੋਣ ਦੌਰਾਨ ਸੰਵੇਦਨਾ ਵੀ ਕਿਤੇ ਕਿਤੇ ਖਿਸਕਦੀ ਨਜ਼ਰ ਆਉਂਦੀ ਹੈ:

ਦੂਜਿਆਂ ਦੇ ਜੇ ਦੁਲੱਤੇ ਮਾਰਨੇ ਤੂੰ ਮੱਖਣਾਂ। -78
ਉਹਨਾਂ ਨੇ ਵੀ ਤੇਰਾ ਇਕ ਇਕ, ਝਾੜ ਕੇ ਪਰ ਸੁੱਟਣਾ।

ਉਸਦੀ ਨਾਲ ਕਿਸੇ ਨਾ ਨਿਭਦੀ, ਜਿਹੜਾ ਕੋਈ ਇਨਸਾਨ ਪਤੰਦਰ । – 79

ਇਹਨਾਂ ਨੇ “ਇਨਸਾਨ” ਸ਼ਬਦ ਦੀ ਵਰਤੋਂ ਚੰਗੇ ਤੇ ਬੁਰੇ ਇਨਸਾਨ ਦੇ ਰੂਪ ਵਿੱਚ ਕੀਤੀ ਹੈ। ਇਹ ਵੀ ਬੜੀ ਪੁਰਾਣੀ ਪ੍ਰੰਪਰਾ ਹੈ।

ਸਾਰੀ ਦੁਨੀਆਂ ਗਾਹ ਆਇਆ, ਮਿਲਿਆ ਨਾ ਇਨਸਾਨ ਮੈਨੂੰ
ਮਿਲ ਗਿਆ ਇਨਸਾਨ ਦੇ ਪਰ, ਪਿਆਰ ਚੋਂ ਭਗਵਾਨ ਮੈਨੂੰ ।

ਇਥੇ ਮੈਨੂੰ ਉਸਤਾਦ ਸ਼ਾਇਰ ਦਾਗ਼ ਸਾਹਿਬ ਦਾ ਸ਼ਿਅਰ ਯਾਦ ਆ ਗਿਆ:

ਖ਼ੁਦਾ ਤੋ ਮਿਲਤਾ ਹੈ, ਇਨਸਾਨ ਹੀ ਨਹੀਂ ਮਿਲਤਾ
ਯੇਹ ਚੀਜ਼ ਵੋ ਹੈ ਜੋ ਦੇਖੀ ਕਹੀਂ ਕਹੀਂ ਮੈਂ ਨੇ। -67 ਪੰਜਾਬੀ ਗ਼ਜ਼ਲ

ਗਿਆਨ ਸਿੰਘ ਦਰਦੀ ਨੇ ਬਹੁਤ ਸਾਰੇ ਵਿਸ਼ਿਆਂ ਤੇ ਗੱਲ ਕੀਤੀ ਹੈ ਜਿਵੇਂ ਦੇਸ ਤੋਂ ਆ ਰਹੇ ਵਿਦਿਆਰਥੀਆਂ ਬਾਰੇ, ਔਰਤਾਂ ਬੱਚੀਆਂ ਤੇ ਮਾਵਾਂ ਬਾਰੇ, ਕਮਜ਼ੋਰ ਗਰੀਬਾਂ ਤੇ ਜੁਲਮ ਨਾ ਕਰਨ ਬਾਰੇ, ਨੇਕ ਕਮਾਈ ਕਰਨ, ਰੱਬ ਨੂੰ ਮੰਨਣ, ਸਭ ਧਰਮਾਂ ਅਤੇ ਲੋਕਾਂ ਨੂੰ ਬਰਾਬਰ ਮੰਨਣ ਦਾ ਸੁਨੇਹਾ ਦਿੱਤਾ ਹੈ। ਕਈ ਵਾਰ ਬਹੁਤ ਸਖ਼ਤ ਸ਼ਬਦ ਵੀ ਵਰਤੇ ਹਨ। ਇਸ ਦੇ ਬਾਵਜੂਦ ਵੀ ਉਸਦੇ ਅੰਦਰ ਪਿਆਰ ਮੌਜੂਦ ਹੈ। ਜਦੋਂ ਮਹਿਬੂਬ ਦੀ ਗੱਲ ਕਰਦਾ ਹੈ ਤਾਂ ਉਸਦਾ ਹਿਰਦਾ ਜਰਾ ਕੋਮਲ ਹੋ ਜਾਂਦਾ ਹੈ ਪਰ ਜ਼ਾਲਮਾਂ ਦੁਸ਼ਟਾਂ ਹੰਕਾਰੀਆਂ ਅਤੇ ਹੈਂਕੜ ਬਾਜਾਂ ਨੂੰ ਆੜੇ ਹੱਥੀਂ ਲੈਂਦਾ ਹੈ। ਹੱਥਲਾ ਚੌਥਾ ਗ਼ਜ਼ਲ ਸੰਗ੍ਰਹਿ ਉਹਨਾਂ ਦੀ ਛੇਵੀਂ ਕਾਵਿ ਪੁਸਤਕ ਹੈ। ਮੈਂ ਉਹਨਾਂ ਨੂੰ ਅੱਜ ਦੇ ਇਸ ਸ਼ੁਭ ਮਹੂਰਤ ਅਤੇ ਕਿਤਾਬ ਰਿਲੀਜ਼ ਸਮਾਰੋਹ ਵਿੱਚ ਮੁਬਾਰਕ ਬਾਦ ਪੇਸ਼ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਪਾਠਕ ਹੁੰਗਾਰਾ ਭਰਨਗੇ। ਪਹਿਲੀ ਗ਼ਜ਼ਲ ਦਾ ਮਕਤਾ ਪੇਸ਼ ਕਰਕੇ ਮੈਂ ਆਪਣੇ ਵਿਚਾਰਾਂ ਨੂੰ ਵਿਰਾਮ ਦਿੰਦਾ ਹਾਂ।

ਇਹ ਗ਼ਜ਼ਲਾਂ ਰੂਹ ਦੀ ਖੁਰਾਕ ਮੇਰੀ, ਮਨ ਦਾ ਮੇਰਾ ਸਕੂਨ।
ਇਹਨਾਂ ਦਾ ਸਦਕਾ ਦਰਦੀ ਮੈਂ ਰਵੀ ਵਾਂਗ ਰੁਸ਼ਨਾਵਾਂ ।

ਮੇਰੀ ਦੁਆ ਹੈ ਕਿ ਉਹ ਸਾਹਿਤ ਜਗਤ ਵਿਚ ਆਪਣੀਆਂ ਗ਼ਜ਼ਲਾਂ ਕਰਕੇ ਸੂਰਜ ਵਾਂਗ ਚਮਕਣ।
***
ਪਰਚਾਕਾਰ :- ਪਿਆਰਾ ਸਿੰਘ ਕੁੱਦੋਵਾਲ
pskudowal@yahoo.com
03/29/2024

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1349
***

ਪਿਆਰਾ ਸਿੰਘ ਕੁੱਦੋਵਾਲ

View all posts by ਪਿਆਰਾ ਸਿੰਘ ਕੁੱਦੋਵਾਲ →