22 November 2026

ਦੇਸੀ ਡਰੀਮਜ਼… ਸਮਾਜ, ਮਨੁੱਖਤਾ ਅਤੇ ਸਮੇਂ ਦੇ ਸੱਚ ਨੂੰ ਬਿਆਨ ਕਰਦੀ ਸਿਰਜਣਾ ! —ਡਾ. ਕੁਲਵਿੰਦਰ ਸਿੰਘ ਬਾਠ

ਅਤੀਤ, ਵਰਤਮਾਨ ਤੇ ਭਵਿੱਖ ਦੀ ਤ੍ਰੈਵੇਣੀ ਸਮੇਂ ਦਾ ਸੱਚ ਹੈ। ਜੀਵਣਾ ਤਾਂ ਭਾਵੇਂ ਅਸੀਂ ਵਰਤਮਾਨ ਵਿੱਚ ਹੀ ਹੁੰਦਾ ਹੈ, ਪਰ ਫਿਰ ਵੀ ਸਮੇਂ ਦੀ ਹਰੇਕ ਧਾਰਾ ਅਤੇ ਧਾਰਾਵਾਂ ਦੇ ਸੁਮੇਲ ਵਿੱਚੋਂ ਕੁਝ ਨਾ ਕੁਝ ਸਾਰਥਕ ਸਿੱਖਿਆ ਜਾ ਸਕਦਾ ਹੈ, ਜੋ ਮਨੁੱਖ ਦੇ ਜੀਵਨ ਅਤੇ ਸਮਾਜ ਲਈ ਲਾਹੇਵੰਦ ਹੁੰਦਾ ਹੈ। ਵਰਤਮਾਨ ਦੀ ਸਮਝ ਅਤੇ ਅਤੀਤ ਦੇ ਤਜਰਬੇ ਬਿਹਤਰ ਤੇ ਸੁਹਾਵਣੇ ਭਵਿੱਖ ਦੇ ਨਿਰਮਾਣ ਦੀ ਨੀਂਹ ਬਣਦੇ ਨੇ। ਪੰਜਾਬੀ ਸਾਹਿਤ ਦੇ ਉੱਭਰਦੇ ਕਹਾਣੀਕਾਰ ‘ਸੁਖਪਾਲ ਸਿੰਘ ਥਿੰਦ’ ਦਾ ਦੂਸਰਾ ਕਹਾਣੀ ਸੰਗ੍ਰਹਿ “ਦੇਸੀ ਡਰੀਮਜ਼” ਸਮਾਜਿਕ ਤੇ ਸੱਭਿਆਚਾਰਕ ਸਰੋਕਾਰਾਂ ਦੀ ਤਾਰ ਛੇੜਦਾ ਹੋਇਆ ਕੁਛ ਇੰਜ ਹੀ ਕਹਿ ਰਿਹਾ ਹੈ।
‘ਦੇਸੀ ਡਰੀਮਜ਼’ ਪੁਸਤਕ ਦੇ ਡਰੀਮਜ਼ ਵਿੱਚ ਗੁੰਮ ਹੋ ਜਾਵਣ ਤੋਂ ਪਹਿਲਾਂ ਮੈਂ ਇਸ ਗੱਲ ਦਾ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਸੁਖਪਾਲ ਥਿੰਦ ਦੀ ਪਹਿਲੀ ਚਰਚਿਤ ਕਹਾਣੀ ਪੁਸਤਕ ‘ਫੁੱਲਾਂ ਦੀ ਫ਼ਸਲ’ ਦੀ ਮਕਬੂਲੀਅਤ ਨੇ ਹੀ ਉਸ ਨੂੰ ਕਹਾਣੀਕਾਰ ਦੇ ਤੌਰ ਤੇ ਸਥਾਪਿਤ ਕਰ ਦਿੱਤਾ ਸੀ। ਉਸ ਦੇ ਪੈਰ ਪੱਕੇ ਕਰ ਦਿੱਤੇ ਸਨ। ਰੰਗ-ਬਿਰੰਗੇ ‘ਫੁੱਲਾਂ ਦੀ ਫ਼ਸਲ’ ਵਿੱਚੋਂ ਦੀ ਅਗਾਂਹ ਲੰਘਦਾ ਹੋਇਆ ਸੁਖਪਾਲ ਹੁਣ ‘ਦੇਸੀ ਡਰੀਮਜ਼’ ਦੇ ਜਰੀਏ ਆਪਣੇ ਮਨ ਦੇ ਖ਼ਾਬੋ-ਖ਼ਿਆਲਾਂ ਨੂੰ ਪਾਠਕਾਂ ਦੇ ਰੂਬਰੂ ਕਰ ਰਿਹਾ ਹੈ…
‘ਦੇਸੀ ਡਰੀਮਜ਼’ ਪੁਸਤਕ ਦਾ ਮਨ ਨੂੰ ਟੁੰਬਦਾ ਮੁੱਖ ਪੰਨਾ ਸੁਹਿਰਦ ਪਾਠਕ ਨੂੰ ਆਪਣੇ ਅੰਦਰ ਆਉਣ ਅਤੇ ਕਹਾਣੀਆਂ ਦੇ ਪਾਤਰਾਂ ਸੰਗ ਘੁਲ਼ ਮਿਲ਼ ਜਾਵਣ ਦਾ ਸੱਦਾ ਦਿੰਦਾ ਹੈ। ਪਾਤਰਾਂ ਦੇ ਜੀਵਨ ਦੇ ਤਾਣਿਆਂ-ਬਾਣਿਆਂ ਅਤੇ ਵਿਭਿੰਨ ਰੰਗਾਂ-ਰਸਾਂ ਨੂੰ ਜਾਨਣ ਅਤੇ ਮਾਣਨ ਲਈ ਉਤਸ਼ਾਹਿਤ ਵੀ ਕਰਦਾ ਹੈ। ‘ਅੱਧੀ-ਪੰਜਾਬੀ ਤੇ ਅੱਧੀ-ਅੰਗਰੇਜ਼ੀ’ ਦੇ ਨਾਂਅ ਵਾਲੇ ਕਹਾਣੀ ਸੰਗ੍ਰਹਿ ਦਾ ਨਾਮ ਸਿਰਫ਼ ਸੰਕੇਤ ਮਾਤਰ ਨਹੀਂ ਹੈ। ਏਸ ਸੋਚੇ-ਸਮਝੇ ਨਾਮਕਰਨ ਪਿੱਛੇ ਵੀ ਸੁਖਪਾਲ ਸਿੰਘ ਥਿੰਦ ਦਾ ਵਿਲੱਖਣ ਨਜ਼ਰੀਆ ਹੈ, ਜੋ ਪੁਸਤਕ ਨੂੰ ਪੜ੍ਹਦਿਆਂ ਅਤੇ ਜਾਣਦਿਆਂ ਪਾਠਕ ਖ਼ੁਦ ਜਾਣ ਸਕਣਗੇ।
ਸੁਖਪਾਲ ਸਿੰਘ ਥਿੰਦ ਦੀਆਂ ਸਾਹਿਤਕ ਪੈੜਾਂ…
ਨਿਰਸੰਦੇਹ ਹੀ ਪਾਠਕ ਸੁਖਪਾਲ ਸਿੰਘ ਥਿੰਦ ਬਾਰੇ ਜਾਣਦੇ ਹੋਣਗੇ, ਪਰ ਫਿਰ ਵੀ, ‘ਦੇਸੀ-ਡਰੀਮਜ਼’ ਦੀ ਕਹਾਣੀ ਨੂੰ ਅੱਗੇ ਤੋਰਨ ਤੋਂ ਪਹਿਲਾਂ ਸੰਖੇਪ ਵਿੱਚ ਉਸ ਦੇ ਸਾਹਿਤਕ ਪੈਂਡਿਆਂ ਦੀ ਸਾਂਝ ਪਾਠਕਾਂ ਨਾਲ ਪਾਉਣੀ ਬਣਦੀ ਹੈ।
ਪੰਜਾਬੀ ਸਾਹਿਤ ਜਗਤ ਵਿੱਚ ਮੱਠੀ, ਪਰ ‘ਮੜ੍ਹਕ ਵਾਲੀ’ ਚਾਲੇ ਚੱਲਣ ਵਾਲੇ ਸੁਖਪਾਲ ਸਿੰਘ ਥਿੰਦ ਦਾ ਸਾਹਿਤਕ ਸਫ਼ਰ ਦਹਾਕਿਆਂ ਪਹਿਲਾਂ ਆਰੰਭ ਹੋ ਗਿਆ ਸੀ। ਕਹਾਣੀ ਸਿਰਜਣਾ ਤੋਂ ਇਲਾਵਾ ਉਸ ਨੇ ਆਲੋਚਨਾ ਅਤੇ ਪੁਸਤਕ ਸੰਪਾਦਨ ਦੇ ਕਾਂਟੇ ਵੀ ਬੜੀ ਖ਼ੂਬਸੂਰਤੀ ਨਾਲ ਬਦਲੇ। 1 ਸੰਪਾਦਨ, 2 ਕਹਾਣੀ ਸੰਗ੍ਰਹਿ, 3 ਸਫ਼ਰਨਾਮੇ ਅਤੇ 3 ਆਲੋਚਨਾਤਮਕ ਪੁਸਤਕਾਂ ਉਸ ਦੀਆਂ ਮਹੱਤਵਪੂਰਨ ਸਾਹਿਤਕ ਪੈੜਾਂ ਦੀ ਗਵਾਹੀ ਭਰਦੀਆਂ ਹਨ। ਸਾਹਿਤਕ ਸਫ਼ਰ ਦੌਰਾਨ ਮਿਲੇ ਹੋਰ ਮਾਣ-ਸਨਮਾਨਾਂ ਤੋਂ ਇਲਾਵਾ 2026 ਦੇ ‘ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਪੁਰਸਕਾਰ’ ਦੇ ਪਲ ਉਸ ਲਈ ਗੌਰਵਮਈ ਪਲ਼ ਬਣ ਗਏ।
ਸੁਖਪਾਲ ਥਿੰਦ ਸਿਰਫ਼ ਕਹਾਣੀ ਲਿਖਣ ਲਈ ਹੀ ਅੱਖਰ ਨਹੀਂ ਝਰੀਟਦਾ। ਕਹਾਣੀ ਪੁਸਤਕ ਦੇ ਸਫੇਦ ਪੰਨਿਆਂ ‘ਤੇ ਉਤਰਨ ਤੋਂ ਚਿਰ ਪਹਿਲਾਂ ਆਲੇ-ਦੁਆਲੇ, ਮਾਨਵਤਾ ਅਤੇ ਸਮਾਜਿਕ ਵਰਤਾਰਿਆਂ ਵਿੱਚ ਦੀ ਹੁੰਦੀ ਹੋਈ ਉਸ ਦੇ ਮਨ ਵਿੱਚ ਉਤਰਦੀ ਹੈ, ਪੁੰਗਰਦੀ ਹੈ ਅਤੇ ਰੰਗ-ਰਸ ਇਕੱਠੇ ਕਰਦੀ ਹੋਈ ਰਿੱਝਦੀ ਰਹਿੰਦੀ ਹੈ। ਯਕੀਨਨ ਇਸ ਕਾਰਨ ਕਰਕੇ ਪਾਠਕ ਨੂੰ ਸੁਖਪਾਲ ਦੀ ਕਹਾਣੀ ਆਪਣੀ ਹੀ ਲੱਗਦੀ ਹੈ। ਪਾਠਕ ਖ਼ੁਦ ਬ ਖ਼ੁਦ ਕਹਾਣੀ ਦੇ ਪਾਤਰਾਂ ਸੰਗ ਘੁਲ਼ ਮਿਲ਼ ਜਾਂਦਾ ਹੈ।
ਕਹਾਣੀ ਸਿਰਜਣ ਦੀ ਪ੍ਰਕਿਰਿਆ ਉਸ ਦੀ ਖ਼ੁਦ ਦੀ ਜ਼ੁਬਾਨੀ ਹੀ ਸੁਣ ਲੈਂਦੇ ਹਾਂ…
“ਕਹਾਣੀ ਕਦੇ ਵੀ ਮੇਰੇ ਕੋਲ ਅਚਨਚੇਤੇ, ਛੋਹਲੇ ਕਦਮੀਂ ਨਹੀਂ ਆਉਂਦੀ। ਸਮਾਜ ਵਿੱਚ ਵਿਚਰਦਿਆਂ, ਆਪਣੇ ਜੀਵਨ ਹਾਲਾਤਾਂ ਨਾਲ ਜੂਝਦਿਆਂ ਇਹ ਕਿਣਕਾ-ਕਿਣਕਾ, ਟੋਟਾ-ਟੋਟਾ ਮੇਰੇ ਅੰਦਰ ਸ਼ਾਮਲ ਹੁੰਦੀ ਰਹਿੰਦੀ ਹੈ। ਇੱਕ ਦਿਨ ਉਹ ਢੁਕਵਾਂ ਮੌਕਾ ਆ ਜਾਂਦਾ ਹੈ ਜਦੋਂ ਕਹਾਣੀ ਬਣਨ ਦਾ ਬੀਜ ਪੁੰਗਰਨਾ ਸ਼ੁਰੂ ਹੋ ਜਾਂਦਾ ਹੈ…। ਉਹ ਪੜਾਅ ਆ ਜਾਂਦਾ ਹੈ ਜਦੋਂ ਮੈਨੂੰ ਜਾਪਦਾ ਹੈ, ‘ਗੱਲ ਬਣ ਗਈ ਹੈ’। ਮੇਰੀ ਸਾਰੀ ਬੇਚੈਨੀ ਅਤੇ ਪੀੜ, ਅੰਤਰੀਵੀ ਖੁਸ਼ੀ ਅਤੇ ਆਨੰਦ ਵਿੱਚ ਬਦਲ ਜਾਂਦੀ ਹੈ। ਹੁਣ ਇਸ ਕਹਾਣੀ ਨੂੰ ਪਾਠਕਾਂ ਤੱਕ ਪਹੁੰਚਾਉਣ ਦੀ ਇੱਛਾ ਹੁੰਦੀ ਹੈ।”
ਸੁਖਪਾਲ ਸਿੰਘ ਥਿੰਦ ਨਾਲ ਮੇਰੀ ਸਾਂਝ ਮੇਰੇ ਪੰਜਾਬੀ ਸਾਹਿਤ ਦੇ ਪਾਠਕ ਹੋਣ ਦੇ ਨਾਤੇ ਤਾਂ ਹੈ ਹੀ, ਪਰ ਇਸ ਤੋਂ ਅਗਾਂਹ ਉਸ ਨਾਲ ਬਿਤਾਇਆ ਜਵਾਨੀ ਵੇਲੇ ਦਾ ਕੁਝ ਵਕਤ ਓਸ ਸਾਂਝ ਨੂੰ ਹੋਰ ਗੂੜ੍ਹਾ ਕਰ ਜਾਂਦਾ ਹੈ। ਲਾਇਲਪੁਰ ਖ਼ਾਲਸਾ ਕਾਲਜ, ਜਲੰਧਰ ਵਿੱਚ ਬਾਇਓਲੌਜੀ ਵਿਭਾਗ ਦੇ ਵਿਦਿਆਰਥੀ ਹੁੰਦਿਆਂ ਅਸਾਂ ਕੁਝ ਯਾਦਗਾਰੀ ਸਮਾਂ ਇਕੱਠਿਆਂ ਬਿਤਾਇਆ। ਭਾਵੇਂ ਵਿਗਿਆਨ ਵਿੱਚ ਵੀ ਸੁਖਪਾਲ ਥਿੰਦ ਚੰਗਿਆਂ ਤੋਂ ਚੰਗਾ ਸੀ,… ਪਰ ਫੇਰ ਵੀ ਉਸ ਨੇ ਆਪਣੀ ਰੂਹ ਦੀ ਤ੍ਰਿਪਤੀ ਲਈ ‘ਖੁਸ਼ਕ ਜਿਹੀ’ ਸਾਇੰਸ ਦੀ ਪੜ੍ਹਾਈ ਤੋਂ ਮਾਂ-ਬੋਲੀ ਪੰਜਾਬੀ ਦੀ ਪੜ੍ਹਾਈ ਵੱਲ ਦਾ ਰਸਤਾ ਬਦਲ ਲਿਆ। ਪੰਜਾਬੀ ਵਿਸ਼ੇ ਵਿਚ ਉੱਚ ਵਿਦਿਆ ਦੀਆਂ ਮੱਲਾਂ ਮਾਰਦਿਆਂ, ਅਧਿਆਪਨ ਅਤੇ ਸਾਹਿਤ ਸਿਰਜਣਾ ਵਿੱਚ ਨਵੀਆਂ ਪੈੜਾਂ ਪਾਉਂਦਾ ਸੁਖਪਾਲ ਥਿੰਦ ਅਗਾਂਹ ਤੋਂ ਅਗਾਂਹ ਤੁਰਦਾ ਗਿਆ।
ਪਿਛਲ ਝਾਤ ਮਾਰਦਿਆਂ ਮੈਨੂੰ ਲੱਗਦਾ ਹੈ ਕਿ ਯਕੀਨਨ ਹੀ ਉਸ ਦੇ ਧੁਰ ਅੰਦਰ ਪੰਜਾਬੀ ਮਾਂ-ਬੋਲੀ ਦੇ ਮੋਹ ਅਤੇ ਸਾਹਿਤ ਸਿਰਜਣਾ ਦਾ ਬੀਜ ਦੱਬਿਆ ਪਿਆ ਸੀ, ਜੋ ਢੁਕਵੇਂ ਸਮੇਂ ਅਤੇ ਅਨੁਕੂਲ ਵਾਤਾਵਰਣ ਮਿਲਦਿਆਂ ਪੁੰਗਰ ਉਠਿਆ। ਕਦੇ ਕਦਾਈਂ ਮੈਨੂੰ ਇੰਜ ਵੀ ਮਹਿਸੂਸ ਹੁੰਦਾ ਹੈ ਕਿ ਸਾਇੰਸ ਦੀ ਗੁੜ੍ਹਤੀ ਕਾਰਨ ਉਸ ਦੀ ਯਥਾਰਥਵਾਦੀ ਸਿਰਜਣਾ ਵਿੱਚੋਂ ਕਲਪਨਾਵਾਂ ਜਾਂ ਭਾਵਨਾਵਾਂ ਦੀ ਬਜਾਏ ਡੂੰਘੀ ਖੋਜ, ਵਿਸ਼ਲੇਸ਼ਣਾਤਮਕ ਤੇ ਤੁਲਨਾਤਮਕ ਤੱਤਾਂ ਅਤੇ ਠੋਸ ਹਕੀਕਤ ਦੀ ਸਮੱਗਰੀ ਦੀ ਝਲਕ ਪੈਂਦੀ ਹੈ।
ਦੇਸੀ ਡਰੀਮਜ਼ –ਸਮਾਜ, ਮਨੁੱਖਤਾ ਅਤੇ ਸਮੇਂ ਦੇ ਸੱਚ ਨੂੰ ਬਿਆਨ ਕਰਦੀ ਸਿਰਜਣਾ…
ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਿਤ ਏਸ ਪੁਸਤਕ ਨੂੰ ਸੁਖਪਾਲ ਥਿੰਦ ਨੇ ਆਪਣੇ ਘਰ ਪਰਿਵਾਰ ਦੀ ਅਗਲੀ ਪੀੜ੍ਹੀ ਅਰਥਾਤ ‘ਜੈੱਨ ਜ਼ੀ’ ਸ਼ੁਭਸੀਰਤ ਸਿੰਘ ਥਿੰਦ ਦੁਆਰਾ ਲਏ ਗਏ ਸੁਪਨੇ ਅਤੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਕੈਨੇਡਾ ਦੀ ਓਪਰੀ ਅਤੇ ਅਣਜਾਣ ਧਰਤੀ ਉੱਪਰ ਕੀਤੇ ਕਰੜੇ ਸੰਘਰਸ਼ ਨੂੰ ਸਮਰਪਤ ਕੀਤਾ ਹੈ! ਉਸ ਦਾ ਇਹ ਸਮਰਪਣ ਮੇਰੇ ਮਨ ਨੂੰ ਬੜਾ ਚੰਗਾ ਲੱਗਾ, ਕਿਉਂਕਿ, ਹਰੇਕ ਪੀੜ੍ਹੀ ਨੂੰ ਹੀ ਕਿਸੀ ਓਪਰੀ ਧਰਤੀ ਅਤੇ ਓਪਰੇ ਲੋਕਾਂ ਵਿੱਚ ਪੈਰ ਜਮਾਉਣ ਲਈ ਤਕੜਾ ਸੰਘਰਸ਼ ਕਰਨਾ ਪੈਂਦਾ ਹੈ। ਪੁਸਤਕ ਨੂੰ ਪੜ੍ਹਦਿਆਂ ਕਿਤੇ-ਕਿਤੇ ਅਤੇ ਕਦੇ-ਕਦੇ ਇਹ ਵੀ ਲੱਗਾ ਕਿ ਸੁਖਪਾਲ ਥਿੰਦ ਮੇਰੇ ਖ਼ੁਦ ਦੇ ਪਰਵਾਸੀ ਜੀਵਨ ਦੇ ਸੰਘਰਸ਼ ਦੀ ਬਾਤ ਪਾਉਂਦਾ ਹੋਵੇ!
172 ਪੰਨਿਆਂ ਵਿੱਚ ਫੈਲੇ ਸੁਖਪਾਲ ਸਿੰਘ ਥਿੰਦ ਦੇ 5 ‘ਦੇਸੀ ਡਰੀਮਜ਼’ ਅੰਦਰਲੇ ਸਧਾਰਨ ਪਾਤਰ ਪਾਠਕ ਨੂੰ ਓਪਰੇ ਨਹੀਂ, ਬਲਕਿ, ਜਾਣੇ-ਪਛਾਣੇ ਅਤੇ ਆਲੇ-ਦੁਆਲੇ ਵਿਚਰਦੇ ਮਹਿਸੂਸ ਹੁੰਦੇ ਨੇ। ਸਰਲ, ਪਰ ਪ੍ਰਭਾਵਸ਼ਾਲੀ ਸ਼ੈਲੀ ਵਿੱਚ ਲਿਖੀ ਇਸ ਪੁਸਤਕ ਨੂੰ ਪੜ੍ਹਦਿਆਂ ਪਾਠਕ ਖ਼ੁਦ ਇਨ੍ਹਾਂ ਡਰੀਮਜ਼ ਵਿਚਲੇ ਸਮਾਜਿਕ ਤਾਣਿਆਂ-ਬਾਣਿਆਂ ਅਤੇ ਪਾਤਰਾਂ ਦੀਆਂ ਤੰਦਾਂ ਦੇ ਸੰਗ ਬੁਣਿਆ ਚੱਲਿਆ ਜਾਂਦਾ ਹੈ। ਕਹਾਣੀਆਂ ਦੇ ਪਾਤਰਾਂ ਦੀਆਂ ਤੰਗੀਆਂ-ਤੁਰਸ਼ੀਆਂ, ਚੁਣੌਤੀਆਂ-ਸੰਘਰਸ਼, ਹਾਸੇ-ਮਜ਼ਾਕ, ਦੁੱਖ-ਤਕਲੀਫ਼ਾਂ, ਲੜਾਈਆਂ-ਝਗੜੇ, ਖੁਸ਼ੀਆਂ-ਗ਼ਮੀਆਂ, ਹਾਰਾਂ-ਜਿੱਤਾਂ, ਸਹਿਮਤੀਆਂ-ਅਸਹਿਮਤੀਆਂ ਪਾਠਕ ਦੀ ਰੂਹ ਦੇ ਧੁਰ ਅੰਦਰ ਤੀਕਰ ਅੱਪੜਦੇ ਹਨ। ‘ਦੇਸੀ ਡਰੀਮਜ਼’ ਵਿੱਚ ਸ਼ਾਮਲ ਸੇਧ ਭਰਪੂਰ ਕਹਾਣੀਆਂ ਪਾਠਕ ਦੇ ਮਨ ਉੱਪਰ ਚਿਰਜੀਵੀ ਪ੍ਰਭਾਵ ਪਾਉਂਦੀਆਂ ਜਾਪਦੀਆਂ ਹਨ।
ਸੁਖਪਾਲ ਥਿੰਦ ਨੇ ‘ਦੇਸੀ ਡਰੀਮਜ਼’ ਦੀ ਸ਼ੁਰੂਆਤ ਹੀ ਇੱਕ ਬਾਕਮਾਲ ਕਹਾਣੀ “ਜੈੱਨ ਜ਼ੀ” ਨਾਲ ਕੀਤੀ ਹੈ, ਜਿਸ ਵਿੱਚ ਉਸ ਨੇ ਤਿੰਨ ਪੀੜ੍ਹੀਆਂ ਦੇ ਜੀਵਨ ਦੇ ਵਿਭਿੰਨ ਰੰਗਾਂ-ਰੂਪਾਂ ਨੂੰ ਖ਼ੂਬਸੂਰਤੀ ਨਾਲ ਪਾਠਕਾਂ ਦੇ ਰੂਬਰੂ ਕੀਤਾ ਹੈ। ਅਤੀਤ, ਵਰਤਮਾਨ ਅਤੇ ਭਵਿੱਖ ਦੀ ਸੋਚ ਦੇ ਵਖਰੇਵਿਆਂ ਦੇ ਬਾਵਜੂਦ ਵੀ ਮਨੁੱਖ ਨੂੰ ਆਪਣੇ ਹਿੱਸੇ ਦੇ ਅਣਸੁਖਾਵੇਂ ਹਾਲਾਤਾਂ, ਚੁਣੌਤੀਆਂ, ਨਾਬਰਾਬਰੀਆਂ ਅਤੇ ਬੇਇਨਸਾਫ਼ੀਆਂ ਦੇ ਖਿਲਾਫ਼ ਜੰਗਾਂ ਲੜਨੀਆਂ ਪੈਂਦੀਆਂ ਹਨ। ਵਾਰ-ਵਾਰ ਅਤੇ ਹਰ ਵਾਰ ਰੰਗ ਬਦਲ ਕੇ ਆਉਂਦੀਆਂ ਚੁਣੌਤੀਆਂ ਅਤੇ ਤੂਫ਼ਾਨਾਂ ਵਿੱਚ ਆਮ ਇਨਸਾਨ ਜੂਝਦਾ ਤੇ ਸੰਘਰਸ਼ ਕਰਦਾ ਹੈ। ਮਨੁੱਖੀ ਮੂਲ ਅਧਿਕਾਰਾਂ ਨੂੰ ਪਾਉਣ ਜਾਂ ਬਚਾਉਣ ਲਈ ਹਰ ਕਦਮ ਯੁੱਧ ਕਰਦਾ ਹੈ। ਸ਼ਾਸਕ, ਸ਼ਾਸਨ ਤੇ ਪ੍ਰਸ਼ਾਸਨ ਦੁਆਰਾ ਚੰਗੇ ਭਲੇ ਇਨਸਾਨਾਂ ਨੂੰ ਕੀੜੇ-ਮਕੌੜੇ ਤੇ ਪਰਜੀਵੀ ਸਮਝਿਆ ਜਾਂਦਾ ਹੈ। ਤਖ਼ਤ ਦੇ ਸਿਰਫ਼ ਚੇਹਰੇ ਹੀ ਬਦਲਦੇ ਨੇ, ਪਰ ਮਾਨਵਤਾ ਦਾ ਘਾਣ ਚਲਦਾ ਰਹਿੰਦਾ ਹੈ। ਪੁਲਿਸ ਪ੍ਰਸ਼ਾਸਨ ਦਾ ਅਣਮਨੁੱਖੀ ਵਤੀਰਾ ਤੇ ਕਹਿਰ ਵੀ ਪੁਰਾਣੇ ਸਮਿਆਂ ਤੋਂ ਚੱਲਦਾ ਆਉਂਦਾ ਹੈ।
ਆਪਣੇ ਹੱਕਾਂ ਅਤੇ ਹੋਂਦ ਦੀ ਖ਼ਾਤਰ ਵਿੰਨ੍ਹੇ ਸੰਘਰਸ਼ ਅਤੇ ਅੰਦੋਲਨ ਮਨੁੱਖ ਦੀ ਦੁਖਦੀ ਰਗ ਦਾ ਸਿਰਨਾਵਾਂ ਹਨ। ਤਿੰਨ ਪੀੜ੍ਹੀਆਂ, ਅਰਥਾਤ ਪੌਣੀ ਸਦੀ ਦੇ ਕੰਬਖ਼ਤ ਵਕਤ ਦੌਰਾਨ ਉੱਠੀਆਂ ਲੋਕ ਹਿਤੈਸ਼ੀ ਲਹਿਰਾਂ ਤੇ ਅੰਦੋਲਨਾਂ ਦੌਰਾਨ ਕਹਾਣੀ ਦੀ ਮੁੱਖ ਪਾਤਰ ਮਿਹਰ, ਉਸ ਦਾ ਬਾਪ ਬਲਦੇਵ ਸਿੰਘ ਅਤੇ ਦਾਦਾ ਚੰਨਣ ਸਿੰਘ ਆਪਣੀ ਸੋਚ, ਸਮਝ ਅਤੇ ਤਾਕਤ ਅਨੁਸਾਰ ਯੋਗਦਾਨ ਪਾਉਂਦੇ ਹਨ। ਤਿੰਨ ਪੀੜ੍ਹੀਆਂ ਦੀ ਸੋਚ ਵਿੱਚ ਅੰਤਰ ਕਾਰਨ ਭਾਵੇਂ ਉਨ੍ਹਾਂ ਦੀ ਆਪਸ ਵਿੱਚ ਨੋਕ-ਝੋਕ ਹੁੰਦੀ ਰਹਿੰਦੀ ਹੈ, ਬਹਿਸ ਤੇ ਘੈਂਸ-ਘੈਂਸ ਲੜਾਈ ਤੀਕਰ ਵੀ ਪਹੁੰਚ ਜਾਂਦੀ, ਪਰ ਫਿਰ ਵੀ ਪਹਿਲੀਆਂ ਦੋ ਪੀੜ੍ਹੀਆਂ ਆਪਣੀ ਤੀਸਰੀ ‘ਜੈੱਨ ਜ਼ੀ’ ਪੀੜ੍ਹੀ ਦੀ ਨਵੀਂ ਸੋਚ, ਤਾਕਤ, ਕੰਮ-ਕਾਜ ਅਤੇ ਪ੍ਰਾਪਤੀ ਤੋਂ ਪ੍ਰਭਾਵਿਤ ਹੁੰਦੀ ਜਾਪਦੀ ਹੈ।
“ਦੇਸੀ ਡਰੀਮਜ਼” ਕਹਾਣੀ ਜਿੱਥੇ ਪਰਵਾਸੀ ਜੀਵਨ ਦੀ ਤ੍ਰਾਸਦੀ ਨੂੰ ਪਾਠਕਾਂ ਨਾਲ ਸਾਂਝਿਆਂ ਕਰਦੀ ਹੈ, ਉੱਥੇ ਹੀ ਮਨੁੱਖ ਨੂੰ ਆਪਣੀਆਂ ਜੜ੍ਹਾਂ ਨਾਲ਼ ਜੋੜਦਿਆਂ, ਇੱਜ਼ਤ, ਪਿਆਰ ਅਤੇ ਬਿਹਤਰ ਜੀਵਨ ਦੀ ਤਾਂਘ ਅਤੇ ਅਗਾਂਹ ਵਧਣ ਦੀ ਚੇਤਨਾ ਦਾ ਸੁਨੇਹਾ ਦਿੰਦੀ ਹੈ। ਸੁਪਨੇ, ਚੰਗੇਰਾ ਭਵਿੱਖ, ਪਰਵਾਸ, ਸੰਘਰਸ਼ ਤੇ ਪਛਤਾਵਾ ਸ਼ਬਦਾਂ ਦਾ ਆਪਸ ਵਿੱਚ ਬੜਾ ਪੁਰਾਣਾ ਅਤੇ ਗੂੜ੍ਹਾ ਸੰਬੰਧ ਹੈ। ਮਨੁੱਖ ਨੂੰ ਖ਼ਾਬ ਲੈਣੇ ਚਾਹੀਦੇ ਹਨ ਤੇ ਸਾਕਾਰ ਵੀ ਕਰਨੇ ਚਾਹੀਦੇ ਹਨ। ਖ਼ਾਬਾਂ ਵਿਹੂਣੀ ਜ਼ਿੰਦਗੀ ਅਧੂਰੀ ਹੁੰਦੀ ਹੈ। ਬੇਰੁਜ਼ਗਾਰੀ, ਬੇਕਦਰੀ, ਆਰਥਿਕ ਵਿਵਸਥਾ ਜਾਂ ਬਿਹਤਰ ਭਵਿੱਖ ਦੀ ਤਾਂਘ ਜਿਹੇ ਜਾਣੇ-ਪਛਾਣੇ ਕਾਰਨਾਂ ਵਿੱਚ ਬਦਲਦੇ ਵਕਤਾਂ ਦੌਰਾਨ ਬਦਲਦੇ ਹਾਲਾਤ, ਵਖ਼ਤ ਅਤੇ ਡਰਾਉਣੇ ਦੈਂਤ ਪਰਵਾਸ ਦੇ ਹੜ੍ਹ ਨੂੰ ਹਲਾਸ਼ੇਰੀ ਦਿੰਦੇ ਰਹਿੰਦੇ ਹਨ।
ਇਹ ਕਹਾਣੀ ਅਰਮਾਨ, ਉਸ ਦੀ ਪਤਨੀ ਨਵਜੋਤ, ਬੇਟੀ ਪਰੀ ਅਤੇ ਮਾਂ ਬਾਪ ਦੀ ਜ਼ਿੰਦਗੀ ਦੁਆਲੇ ਘੁੰਮਦੀ ਹੋਈ ਪਰਵਾਸ ਦੀ ਤ੍ਰਾਸਦੀ ਅਤੇ ਮਜਬੂਰੀ ਦੇ ਕਾਰਨਾਂ ਨੂੰ ਵੀ ਉਭਾਰਦੀ ਹੈ। ਕਹਾਣੀ ਪਾਤਰਾਂ ਦੇ ਦੇਸ਼-ਵਿਦੇਸ਼ ਵਿੱਚ ਬੀਤਦੇ ਜੀਵਨ, ਆਪਣਿਆਂ ਤੋਂ ਵਿਛੋੜੇ ਦਾ ਦਰਦ ਅਤੇ ਪਛਚਾਤਾਪ ਦੀ ਬਾਤ ਪਾਉਂਦੀ ਹੈ। ਪੀੜ੍ਹੀ ਦਰ ਪੀੜ੍ਹੀ ਦੀ ਸੋਚਣੀ ਵਿੱਚ ਆਏ ਬਦਲਾਓ ਨੂੰ ਵੀ ਖ਼ੂਬਸੂਰਤੀ ਨਾਲ ਪੇਸ਼ ਕਰਦੀ ਹੈ। ਉਦਾਹਰਣ ਦੇ ਤੌਰ ‘ਤੇ ਵਿਦੇਸ਼ ਵਿੱਚ ਜਵਾਨ ਹੋਈ ਅਗਲੀ ਪੀੜ੍ਹੀ ਵਾਲੀ ਪਰੀ ਦੀ ਸੋਚ ਅਤੇ ਆਪਣੇ ਮਾਂ-ਬਾਪ ਪ੍ਰਤੀ ਵਿਵਹਾਰ। ਪਰਵਾਸ ਦੀ ਦੂਹਰੀ ਜ਼ਿੰਦਗੀ ਜਿਉਂਦੇ ਪਰਵਾਸੀਆਂ ਅਤੇ ਪੰਜਾਬ ਦੇ ਤੇਜ਼ੀ ਨਾਲ ਬਦਲਦੇ ਮਾਹੌਲ ਵਿੱਚ ਪਿੱਛੇ ਰਹਿ ਗਏ ਸਕੇ ਸੰਬੰਧੀਆਂ ਦੇ ਸੰਘਰਸ਼ਮਈ ਜੀਵਨ ਦੇ ਦੱਖ-ਸੁੱਖ ਫਰੋਲਦੀ ਸ਼ਾਹਕਾਰ ਰਚਨਾ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ‘’ਦੇਸੀ ਡਰੀਮਜ਼” ਜਿਹੀਆਂ ਪੁਸਤਕਾਂ ਸਫ਼ੇਦ ਵਰਕਿਆਂ ‘ਤੇ ਉੱਕਰੇ ਕਾਲੇ ਅੱਖਰ ਨਹੀਂ ਹੁੰਦੀਆਂ ! ‘ਦੇਸੀ ਡਰੀਮਜ਼’ ਵਿੱਚ ਸੁਖਪਾਲ ਸਿੰਘ ਥਿੰਦ ਨੇ ਆਪਣੇ ਮਨ ਦੇ ਅਹਿਸਾਸਾਂ, ਦਿਲ ਦੇ ਜਜ਼ਬਾਤਾਂ ਅਤੇ ਬਦਲ ਰਹੇ ਸਮਾਜ ਦੀ ਅਸਲੀਅਤ ਨੂੰ ਖ਼ੂਬਸੂਰਤੀ ਨਾਲ ਸ਼ਬਦੀ ਜਾਮਾ ਪਹਿਨਾਇਆ ਹੈ।
ਦੋਸਤੋ, ਪਰਵਾਸ ਕੋਈ ਨਵੀਂ ਪ੍ਰਕਿਰਿਆ ਨਹੀਂ ਹੈ। ਪਰ ਫਿਰ ਵੀ, ਅਜੋਕੇ ਸਮੇਂ ਦੇ ਦੌਰਾਨ ਪੰਜਾਬ ਤੋਂ ਸੱਤ ਸਮੁੰਦਰ ਪਾਰ ਪ੍ਰਵਾਸ ਦਾ ਹੜ੍ਹ ਪਰਿਵਾਰਕ ਰਿਸ਼ਤਿਆਂ ਵਿੱਚ ਫ਼ਾਸਲਿਆਂ ਦੇ ਦਰਿਆ ਪੈਦਾ ਕਰ ਗਿਆ ਹੈ। ਆਪਣੀ ਜੰਮਣ ਭੋਇੰ, ਘਰ ਪਰਿਵਾਰ ਅਤੇ ਸਮਾਜ ਸੱਭਿਆਚਾਰ ਤੋਂ ਦੂਰੀ ਮਾਨਸਿਕ ਦਰਦ ਪੈਦਾ ਕਰਦੀ ਹੈ।
ਪਰਵਾਸ ਨਾਲ ਸਬੰਧਿਤ ਕਹਾਣੀ “ਸ਼ਹਿਰੀ” ਵਿੱਚ ਸੁਖਪਾਲ ਥਿੰਦ ਨੇ ਜਗਤਾਰ, ਰਾਜਵੰਤ, ਗਰਲੀਨ ਤੇ ਅੰਮ੍ਰਿਤ ਦੇ ਪਰਿਵਾਰ ਦੇ ਪੰਜਾਬ ਅਤੇ ਕੈਨੇਡਾ ਵਿਚਲੇ ਜੀਵਨ ਦੇ ਉਲਝਦੇ ਧਾਗੇ ਵਾਂਗ ਉਲਝਦੇ ਤਾਣੇ-ਬਾਣੇ ਨੂੰ ਕਲਾਤਮਿਕ ਤੇ ਸੁਹਜਮਈ ਤਰੀਕੇ ਨਾਲ ਪਾਠਕਾਂ ਦੇ ਸਾਹਵੇਂ ਕੀਤਾ ਹੈ। ਏਸ ਕਹਾਣੀ ਨੂੰ ਪੜ੍ਹਦਿਆਂ ਪਾਠਕ ਨੂੰ ਕੁਛ ਵੀ ਓਪਰਾ ਨਹੀਂ ਲੱਗਦਾ। ਉਹ ਕਹਾਣੀ ਦੇ ਪਾਤਰਾਂ ਨੂੰ ਜਾਣਦਾ-ਪਛਾਣਦਾ ਅਤੇ ਉਨ੍ਹਾਂ ਦੇ ਦੁੱਖ-ਸੁੱਖ ਨੂੰ ਮਹਿਸੂਸ ਕਰਦਾ ਹੈ। ਕਹਾਣੀ ਵਿੱਚੋਂ ਇੱਕ ਹੋਰ ਗੱਲ ਵੀ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਹ ਜ਼ਰੂਰੀ ਨਹੀਂ ਹੈ ਕਿ ਦੂਰੋਂ ਸਵਰਗ ਵਰਗੇ ਲੱਗਦੇ ਦੇਸ਼ਾਂ ਵਿੱਚ ਮਨੁੱਖ ਦਾ ਜੀਵਨ ਸੰਘਰਸ਼ਮਈ ਜਾਂ ਤਣਾਅਪੂਰਨ ਨਾ ਹੋਵੇ! ਮਜਬੂਰੀ ਵੱਸ ਅਤੇ ਇਕੱਲਤਾ ਦੇ ਮਾਰੇ ਮਾਂ-ਬਾਪ ਦਾ ਘਰ ਵਿੱਚ ਲਗਾਏ ਫੁੱਲ ਬੂਟਿਆਂ ਵਿੱਚੋਂ ਵਿਦੇਸ਼ ਤੁਰ ਗਏ ਫੁੱਲਾਂ ਵਰਗੇ ਬੱਚਿਆਂ ਨੂੰ ਭਾਲਦਿਆਂ ਜੀਵਨ ਬਤੀਤ ਕਰਨਾ ਪਾਠਕ ਦੀ ਰੂਹ ਨੂੰ ਧੂਹ ਪਾਉਂਦਾ ਹੈ!
“ਕੁਛ ਨਵਾਂ ਹੋ ਜਾਏ !” ਇੱਕ ਖ਼ੂਬਸੂਰਤ ਕਹਾਣੀ ਹੈ ਜਿਸ ਵਿੱਚ ਸੁਖਪਾਲ ਸਿੰਘ ਥਿੰਦ ਨੇ ਪਿਆਰ ਮੁਹੱਬਤ ਅਤੇ ਉਸ ਤੋਂ ਬਾਅਦ ਦੇ ਜੀਵਨ ਦੇ ਸੰਘਰਸ਼ ਦੀ ਗੱਲ ਛੇੜੀ ਹੈ। ਪਲ ਪਲ ਬੀਤਦੀ ਜ਼ਿੰਦਗੀ ਵਿੱਚ ਜਵਾਨੀ ਦੇ ਹੁਸੀਨ ਅਤੇ ਅਨਮੋਲ ਪਲਾਂ ਦੌਰਾਨ ਦੋ ਧੜਕਦੇ ਦਿਲ ਜੁੜ ਜਾਂਦੇ ਹਨ, ਰਿਸ਼ਤੇ ਬਣ ਜਾਂਦੇ ਹਨ ਅਤੇ ਜ਼ਿੰਦਗੀ ਲੀਹ ‘ਤੇ ਤੁਰ ਪੈਂਦੀ ਹੈ। ਪਰ ਸੱਚ ਇਹ ਵੀ ਹੈ ਕਿ ਝੂਠ, ਫ਼ਰੇਬ, ਸ਼ੱਕ ਅਤੇ ਬੇਭਰੋਸਗੀ ਰਿਸ਼ਤਿਆਂ ਦੀ ਨੀਂਹ ਨੂੰ ਅੰਦਰੋ-ਅੰਦਰ ਖੋ਼ਖਲਾ ਕਰ ਦਿੰਦੇ ਹਨ। ਅਜਿਹੇ ਰਿਸ਼ਤੇ ਆਖ਼ਿਰ ਮਾਨਸਿਕ ਬੋਝ ਬਣ ਜਾਂਦੇ ਨੇ ਜਿਨ੍ਹਾਂ ਵਿੱਚੋਂ ਪਿਆਰ ਅਤੇ ਅਪਣੱਤ ਖੰਭ ਲਾ ਕੇ ਉੱਡ ਜਾਂਦੀ ਹੈ। ‘ਕੁਛ ਨਵਾਂ ਹੋ ਜਾਏ’ ਕਹਾਣੀ ਦੀ ਪਾਤਰ ‘ਜੈਸਮੀਨ’ ਦੇ ਮਨ, ਖ਼ਿਆਲ ਅਤੇ ਜ਼ਿੰਦਗੀ ਦੇ ਤਾਣੇ-ਬਾਣੇ ਦੀ ਸੁਲਝਦੀ-ਉਲਝਦੀ ਤਾਣੀ ਨੂੰ ਸਮਰਪਿਤ ਹੈ, ਜਿਸ ਵਿੱਚ ਉਹ ਜੁੜਦੇ-ਟੁੱਟਦੇ ਰਿਸ਼ਤਿਆਂ ਵਿੱਚ ਕੁਛ ਨਵਾਂ ਕਰਨ ਅਤੇ ਨਵਾਂ ਹੋਣ ਦੀ ਆਸ ਤੇ ਉਮੀਦ ਰੱਖਦੀ ਹੈ…
ਅਸੀਂ ਸਭ ਜਾਣਦੇ ਹਾਂ ਕਿ ਖੇਤ, ਖੇਤੀ ਅਤੇ ਫ਼ਸਲਾਂ ਕਿਸਾਨ ਦੀ ਜਿੰਦ-ਜਾਨ ਹੁੰਦੀਆਂ ਨੇ। ਪੁਸਤਕ ਦੀ ਆਖ਼ਰੀ ਕਹਾਣੀ “ਫ਼ਸਲਾਂ ਦੇ ਫੈ਼ਸਲੇ” ਕਿਸਾਨ, ਖੇਤ, ਫ਼ਸਲਾਂ ਦਾ ਮੁੱਲ, ਸਮੇਂ ਦੀਆਂ ਸਰਕਾਰਾਂ ਦੀ ਕਾਰਪੋਰੇਟ ਘਰਾਣਿਆਂ ਨਾਲ ਮਿਲੀਭੁਗਤ, ਧੱਕੇਸ਼ਾਹੀਆਂ, ਕਾਲੇ ਕਾਨੂੰਨਾਂ ਅਤੇ ਇਤਿਹਾਸਕ ਕਿਸਾਨ ਅੰਦੋਲਨ ਨਾਲ ਸੰਬੰਧਿਤ ਹੈ। ਕਿਸਾਨ ਹੱਡ ਭੰਨਵੀਂ ਮਿਹਨਤ ਕਰਦਾ ਹੈ, ਪਰ ਉਸ ਨੂੰ ਮਿਹਨਤ ਦਾ ਵਾਜਬ ਮੁੱਲ ਨਹੀਂ ਮਿਲਦਾ। ਖੇਤੀਬਾੜੀ ਕਦੇ ਵੀ ਲਾਹੇ ਵਾਲਾ ਕਿੱਤਾ ਨਹੀਂ ਰਹੀ। ਕਿਸਾਨ ਅੰਦੋਲਨ ਕਰਦੇ ਰਹਿੰਦੇ ਹਨ ਪਰ ਸਮੇਂ ਦੀਆਂ ਤਾਨਾਸ਼ਾਹੀ ਸਰਕਾਰਾਂ ਕਦੇ ਵੀ ਕਿਸਾਨ ਜਾਂ ਮਜ਼ਦੂਰ ਦੇ ਪੱਖ ਵਿੱਚ ਨਹੀਂ ਭੁਗਤਦੀਆਂ। ਦੂਰ ਦੀਆਂ ਗੋਟੀਆਂ ਸੁੱਟ ਸੁੱਟ ਕੇ ਆਪਣੀਆਂ ਸਿਆਸੀ ਚਾਲਾਂ ਚੱਲਦੀਆਂ ਰਹਿੰਦੀਆਂ ਹਨ। ਦੇਸ਼ ਦੀ ਜਵਾਨ ਪੀੜ੍ਹੀ ਵਿੱਚ ਘੋਰ ਨਿਰਾਸ਼ਾ ਹੈ ਅਤੇ ਹਰ ਕੋਈ ਚੰਗੇ ਭਵਿੱਖ ਵਾਸਤੇ ਹੱਥ ਪੈਰ ਮਾਰਦਾ ਹੈ। ਹਾਲਾਤ ਇੰਜ ਬਣੇ ਹੋਏ ਹਨ ਕਿ ਵਰਤਮਾਨ ਵਾਲੀ ਪੀੜ੍ਹੀ ਅਗਲੀ ਪੀੜ੍ਹੀ ਦੇ ਭਵਿੱਖ ਵਾਸਤੇ ਆਪਣੀ ਪਹਿਲੀ ਪੀੜ੍ਹੀ ਦੀ ਜਾਨ ਤੋਂ ਵੀ ਪਿਆਰੀ ਖੇਤੀਬਾੜੀ ਵਾਲੀ ਜ਼ਮੀਨ ਦੀ ਬਲੀ ਦੇ ਰਹੀ ਹੈ। ਬੱਚਿਆਂ ਦੀ ਪੜ੍ਹਾਈ ਦੇ ਅਸਮਾਨ ਛੂੰਹਦੇ ਖ਼ਰਚੇ ਜਾਂ ਡੋਨੇਸ਼ਨਾਂ ਹੋਵਣ ਜਾਂ ਫਿਰ ਉਨ੍ਹਾਂ ਦੇ ਚੰਗੇਰੇ ਭਵਿੱਖ ਲਈ ਵਿਦੇਸ਼ ਭੇਜਣ ਦੇ ਖ਼ਰਚੇ ਦੀ ਪੰਡ। ਇਸ ਕਹਾਣੀ ਵਿੱਚ ਤੁਫ਼ਾਨਾਂ ਦਾ ਰੰਗ ਬਦਲ-ਬਦਲ ਕੇ ਆਉਣਾ ਅਤੇ ਪੰਜਾਬੀਆਂ ਦੇ ਬਹਾਦਰ ਤੇ ਹਿੰਮਤੀ ਸੁਭਾਅ ਮੁਤਾਬਿਕ ਤੁਫ਼ਾਨਾਂ ਨੂੰ ਮਾਤ ਪਾ ਦੇਣ ਨੂੰ ਸੁਖਪਾਲ ਥਿੰਦ ਨੇ ਬਾਖੂਬੀ ਕਲਮਬੱਧ ਕੀਤਾ ਹੈ।
ਦੋਸਤੋ, ਭਾਵੇਂ ਕਿ ਪਰਵਾਸ ਦਾ ਰੁਝਾਨ, ਕਿਸਾਨ ਅੰਦੋਲਨ, ਵਿਦਿਆਰਥੀ ਅੰਦੋਲਨ ਜਾਂ ਫਿਰ ਨਵੀਂ ਪੀੜ੍ਹੀ ਦੀ ਔਰਤ ਦੇ ਨਵੇਂ ਸੁਪਨੇ, ਖਾਹਿਸ਼ਾਂ ਅਤੇ ਤਨਾਵਾਂ ਦੇ ਰੰਗ ਰੂਪ ਜਾਂ ਵਿਸ਼ੇ ਅਜੋਕੇ ਸਮੇਂ ਦੇ ਜਾਗਰੂਕ ਪਾਠਕਾਂ ਨੂੰ ਓਪਰੀ ਨਜ਼ਰੇ ਨਵੇਂ-ਨਵੇਲੇ ਨਾ ਜਾਪਣ, ਪਰ ਫਿਰ ਵੀ ਸੁਖਪਾਲ ਥਿੰਦ ਦੇ ‘ਲਲਾਰੀ’ ਮਨ ਨੇ ਜੀਵਨ ਦੇ ਵਿਭਿੰਨ ਰੰਗਾਂ ਨੂੰ ਮਿਲਾ ਇੱਕ ਵਿਲੱਖਣ ਰੰਗ ਰੂਪ ਦਿੱਤਾ ਹੈ ਜੋ ਪਾਠਕ ਦੇ ਮਨ ਨੂੰ ਭਾਉਂਦਾ ਹੈ। ਇਹ ਓਸ ਦੀ ਤੀਸਰੀ ਕਲਾਤਮਿਕ ਅੱਖ ਦੇ ਨਜ਼ਰੀਏ ਦਾ ਕਮਾਲ ਹੈ ਜੋ ਰੌਸ਼ਨੀ, ਪਰਛਾਵੇਂ ਅਤੇ ਰੰਗਾਂ ਦੇ ਮੇਲ ਵਿੱਚ ਵੀ ਖ਼ਾਸ ਸੁੰਦਰਤਾ ਲੱਭ ਲੈਂਦਾ ਹੈ!
ਕਵਿਤਾ, ਗ਼ਜ਼ਲ, ਗੀਤ, ਵਾਰਤਕ, ਕਹਾਣੀ, ਨਾਵਲ, ਸਫ਼ਰਨਾਮਾ ਜਾਂ ਫਿਰ ਕਿਸੇ ਵੀ ਰੂਪ ਵਿੱਚ ਸਿਰਜੀ ਹੋਈ ਸਾਹਿਤਕ ਰਚਨਾ ਜਦੋਂ ਪੜ੍ਹਨ ਵਾਲੇ ਨਾਲ ਸੰਵਾਦ ਰਚਾਉਂਦੀ ਹੈ, ਗੱਲ-ਬਾਤ ਕਰਦੀ ਹੈ, ਉਂਗਲ ਫੜ ਕੇ ਆਪਣੇ ਨਾਲ ਤੋਰਦੀ ਹੈ ਅਤੇ ਉਸ ਦੀ ‘ਰੂਹ ਨੂੰ ਧੂਹ’ ਪਾਉਂਦੀ ਹੈ ਤਾਂ ਉਹ ਇੱਕ ਖ਼ੂਬਸੂਰਤ ਅਤੇ ਪੜ੍ਹਨਯੋਗ ਸਾਹਿਤਕ ਰਚਨਾ ਬਣ ਜਾਂਦੀ ਹੈ। ਚੰਗੇਰੀਆਂ ਪੈੜਾਂ ਵੀ ਪਾ ਜਾਂਦੀ ਹੈ। ਸਰਲ, ਪਰ ਪ੍ਰਭਾਵਸ਼ਾਲੀ ਸ਼ੈਲੀ ਵਾਲੀ ਪੁਸਤਕ ‘ਦੇਸੀ ਡਰੀਮਜ਼’ ਵੀ ਇੱਕ ਅਜਿਹੀ ਸਿਰਜਣਾ ਹੈ। ਪੰਜਾਬੀ ਸਾਹਿਤ ਪ੍ਰੇਮੀਆਂ ਵਾਸਤੇ ਲਿਖੀ ਇਹ ਪੁਸਤਕ ਉਨ੍ਹਾਂ ਨੂੰ ਜ਼ਰੂਰ ਪੜ੍ਹਨੀ ਚਾਹੀਦੀ ਹੈ।
ਹੁਣ ਤੱਕ ਦੇ ਸਾਹਿਤਕ ਸਫ਼ਰ ਤੋਂ ਜਾਪਦਾ ਹੈ ਕਿ ਸੁਖਪਾਲ ਸਿੰਘ ਥਿੰਦ ਲੰਮੇ ਪੈਂਡਿਆਂ ਦਾ ਪਾਂਧੀ ਹੈ। ਕਹਾਣੀ ਦੀ ਖ਼ੂਬਸੂਰਤ ਜਰਨੈਲੀ ਸੜਕ ‘ਤੇ ਉਹ ਪੱਕੇ ਪੈਰੀਂ ਅਤੇ ਪੂਰੀ ਤਾਕਤ ਨਾਲ ਦੌੜ ਰਿਹਾ ਹੈ…। ਮੇਰੇ ਵਲੋਂ ਸੁਖਪਾਲ ਸਿੰਘ ਥਿੰਦ ਨੂੰ ਬਹੁਤ ਮੁਬਾਰਕਾਂ। ਉਸ ਦੇ ਅਗਲੇ ਅਤੇ ਅਗਲੇਰੇ ਸਾਹਿਤਕ ਸਫ਼ਰ ਲਈ ਸ਼ੁਭ ਕਾਮਨਾਵਾਂ ਵੀ!
ਜ਼ਿੰਦਗੀ ਜ਼ਿੰਦਾਬਾਦ।
***
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1988
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →