|
ਫ਼ਿਕਰ ਤੌਂਸਵੀ ਦਾ ਅਸਲ ਨਾਂ ਰਾਮ ਲਾਲ ਭਾਟੀਆ ਸੀ। ਉਹਦਾ ਜਨਮ ਅਣਵੰਡੇ ਪੰਜਾਬ ਵਿੱਚ 7 ਅਕਤੂਬਰ 1918 ਨੂੰ ਤੌਂਸਾ ਸ਼ਰੀਫ਼, ਜ਼ਿਲ੍ਹਾ ਡੇਰਾ ਗਾਜ਼ੀ ਖਾਂ (ਮੌਜੂਦਾ ਪਾਕਿਸਤਾਨ) ਵਿੱਚ ਪਿਤਾ ਧਨਪਤ ਰਾਏ ਦੇ ਘਰ ਹੋਇਆ, ਜੋ ਬਲੋਚ-ਆਦਿਵਾਸੀ ਖੇਤਰ ਵਿੱਚ ਇੱਕ ਦੁਕਾਨਦਾਰ ਸਨ। ਉਨ੍ਹਾਂ ਦਾ ਪਿੰਡ ਮੰਗਰੋਥਾ ਸੀ, ਜੋ ਤੌਂਸਾ ਤੋਂ ਕਰੀਬ ਚਾਰ ਕਿ.ਮੀ. ਦੂਰ ਸੀ। ਫ਼ਿਕਰ ਨੇ ਤੌਂਸਾ ਤੋਂ ਹਾਇਰ ਸੈਕੰਡਰੀ ਤੱਕ ਦੀ ਪੜ੍ਹਾਈ ਕੀਤੀ ਤੇ ਉੱਚ ਵਿੱਦਿਆ ਲਾਹੌਰ ਤੋਂ ਹਾਸਲ ਕੀਤੀ। ਪਿਤਾ ਦਾ ਛੇਤੀ ਦਿਹਾਂਤ ਹੋ ਜਾਣ ਕਰਕੇ ਉਹਦੇ ਸਿਰ ਤੇ ਘਰੇਲੂ ਜ਼ਿੰਮੇਵਾਰੀਆਂ ਆ ਗਈਆਂ। 18 ਸਾਲ ਦੀ ਉਮਰ ਵਿੱਚ ਹਫ਼ਤਾਵਾਰੀ ‘ਕਿਸਾਨ’ ਦਾ ਲੇਖਨ, ਰੰਗਾਈ-ਛਪਾਈ, ਸਾਈਨਬੋਰਡ ਤੇ ਇਸ਼ਤਿਹਾਰ ਪੇਂਟ ਕਰਨਾ, ਵਾਲਾਂ ਦਾ ਤੇਲ ਵੇਚਣ ਵਰਗੇ ਕੰਮ ਵੀ ਉਹਨੂੰ ਕਰਨੇ ਪਏ। 1928 ਵਿੱਚ ਫ਼ਿਕਰ ਨੇ ਪੰਜਾਬ ਬੁੱਕ ਡਿਪੂ ਲਾਹੌਰ ਵਿੱਚ ਕਲਰਕ ਵਜੋਂ ਕੰਮ ਸ਼ੁਰੂ ਕੀਤਾ ਤੇ ਏਥੇ ਹੀ ਉਹ ਪ੍ਰਸਿੱਧ ਸ਼ਾਇਰ ਅਹਿਮਦ ਨਸੀਮ ਕਾਸਮੀ ਦੇ ਸੰਪਾਦਨ ਹੇਠ ਛਪਣ ਵਾਲੇ ਮਾਸਿਕ ‘ਅਦਬੀ ਲਤੀਫ਼’ ਵਿੱਚ ਉਪ ਸੰਪਾਦਕ ਲੱਗ ਗਿਆ। ਇਨ੍ਹਾਂ ਹੀ ਦਿਨਾਂ ਵਿੱਚ ਫ਼ਿਕਰ ਨੇ ਮੁਮਤਾਜ਼ ਮੁਫ਼ਤੀ ਨਾਲ ਮਿਲ ਕੇ ‘ਸਵੇਰਾ’ ਕੱਢਿਆ। ਪਰ ਭਾਰਤ-ਪਾਕਿ ਵੰਡ ਨੇ ਸਾਰੇ ਸੁਪਨੇ ਤੋੜ ਦਿੱਤੇ। ਫ਼ਿਕਰ ਦੀ ਸ਼ਾਦੀ 1944 ਵਿੱਚ ਸ਼੍ਰੀਮਤੀ ਕੈਲਾਸ਼ਵਤੀ ਨਾਲ ਹੋਈ। ਉਸਦੇ ਘਰ ਤਿੰਨ ਬੱਚਿਆਂ ਨੇ ਜਨਮ ਲਿਆ – ਰਾਣੀ, ਫੂਲ ਕੁਮਾਰ ਤੇ ਸੁਮਨ। 1947 ਦੀ ਵੰਡ ਪਿੱਛੋਂ ਉਹ ਜਲੰਧਰ ਆ ਗਿਆ ਤੇ ਏਥੋਂ ਛਪਣ ਵਾਲੇ ਉਰਦੂ ਦੈਨਿਕ ‘ਮਿਲਾਪ’ ਵਿੱਚ ਉਪ ਸੰਪਾਦਕ ਤੇ ਕਾਲਮ ਨਵੀਸ ਵਜੋਂ ਨੌਕਰੀ ਕਰਨ ਲੱਗਿਆ। ਇਸ ਅਖ਼ਬਾਰ ਵਿੱਚ ਉਹਦਾ ਕਾਲਮ ‘ਪਿਆਜ਼ ਕੇ ਛਿਲਕੇ’ ਕਰੀਬ 27 ਸਾਲ ਨਿਰੰਤਰ ਛਪਦਾ ਰਿਹਾ। ਇਸ ਅਖ਼ਬਾਰ ਤੋਂ ਇਲਾਵਾ ਉਹ ‘ਛਦਮ’ ਨਾਂ ਹੇਠ ਦਿੱਲੀ ਤੋਂ ਛਪਦੇ ‘ਬੀਸਵੀਂ ਸਦੀ’ ਵਿੱਚ ‘ਤੀਰੇ-ਨਸ਼ਤਰ’ ਕਾਲਮ ਵੀ ਲਿਖਦਾ ਸੀ। ਫ਼ਿਕਰ ਨੂੰ ਵੰਡ ਦੀ ਪੀੜ ਨੇ ਬਹੁਤ ਦੁਖੀ ਕੀਤਾ। ਉਹਦਾ ਪਿਆਰਾ ਸ਼ਹਿਰ ਲਾਹੌਰ ਸੀ, ਜੋ ਉਹਦੀ ਆਤਮਾ ਨਾਲ ਜੁੜਿਆ ਹੋਇਆ ਸੀ। ਲਾਹੌਰ ਰਹਿਣ ਤੱਕ ਉਹ ਪ੍ਰਗਤੀਸ਼ੀਲ ਲਹਿਰ ਨਾਲ ਜੁੜਿਆ ਰਿਹਾ। ਫ਼ਸਾਦਾਂ ਵੇਲੇ ਵੀ ਉਹ ਨਿਡਰ ਹੋ ਕੇ ਲਾਹੌਰ ਦੇ ‘ਮਕਤਬਾ ਉਰਦੂ’ ਦੇ ਦਫ਼ਤਰ ਵਿੱਚ ਬੈਠਾ ਰਹਿੰਦਾ ਸੀ। ਭਾਰਤ ਆ ਕੇ ਉਹ ਭਾਰਤੀ ਕਮਿਊਨਿਸਟ ਪਾਰਟੀ ਨਾਲ ਜੁੜ ਗਿਆ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਪਾਰਟੀ ਦਾ ਹੋਲ ਟਾਈਮਰ ਸੀ। ਪਾਰਟੀ ਦੇ ਰੋਜ਼ਾਨਾ ‘ਨਵਾਂ ਜ਼ਮਾਨਾ’ ਵਿੱਚ ਉਹਨੇ ‘ਅੱਜ ਦੀ ਖ਼ਬਰ’ ਸਿਰਲੇਖ ਹੇਠ ਕਾਲਮ ਸ਼ੁਰੂ ਕੀਤਾ। ਉਹਨੇ ਸਾਹਿਤ ਰਚਨਾ ਸ਼ਾਇਰੀ ਤੋਂ ਸ਼ੁਰੂ ਕੀਤੀ -‘ਤਨਹਾਈ’ ਤੇ ‘ਮਹਾਗਿਆਨੀ’ ਉਹਦੀਆਂ ਪ੍ਰਸਿੱਧ ਨਜ਼ਮਾਂ ਹਨ। ਪਰ ਸ਼ਾਇਰੀ ਵਿੱਚ ਉਹ ਵਧੇਰੇ ਨਾ ਟਿਕਿਆ ਤੇ ਹਾਸ-ਵਿਅੰਗ ਦੇ ਖੇਤਰ ਵਿੱਚ ਆ ਗਿਆ। 1948 ਵਿੱਚ ਉਹਦਾ ਇੱਕ ਦਿਲ ਦਹਿਲਾ ਦੇਣ ਵਾਲਾ ਨਾਵਲ ‘ਛਠਾ ਦਰਿਆ’ ਛਪਿਆ, ਜਿਸ ਵਿੱਚ ਡਾਇਰੀ-ਵਿਧੀ ਰਾਹੀਂ ਵੰਡ ਅਤੇ ਫ਼ਸਾਦਾਂ ਦੀ ਲਹੂ-ਭਿੱਜੀ ਦਾਸਤਾਨ ਪੇਸ਼ ਕੀਤੀ ਗਈ ਹੈ। ਵੰਡ ਦੇ ਵਿਸ਼ੇ ਤੇ ਇਹ ਕਲਾਸਿਕ ਨਾਵਲ ਹੈ। ਇਸ ਦਾ ਅੰਗਰੇਜ਼ੀ ਅਨੁਵਾਦ ਡਾ. ਮਾਜ਼ ਬਿਨ ਬਿਲਾਲ ਨੇ ‘ਦ ਸਿਕਸਥ ਰਿਵਰ: ਏ ਜਰਨਲ ਫ਼ਰਾਮ ਦ ਪਾਰਟੀਸ਼ਨ ਆਫ਼ ਇੰਡੀਆ’ ਨਾਂ ਹੇਠ ਕੀਤਾ, ਜੋ 2019 ਵਿੱਚ ਛਪਿਆ। ਕਾਲਮ-ਨਵੀਸੀ ਦੇ ਨਾਲ ਨਾਲ ਉਹਨੇ ਰੇਡੀਓ, ਟੀਵੀ, ਅਖ਼ਬਾਰਾਂ, ਪੱਤ੍ਰਿਕਾਵਾਂ ਲਈ ਵੀ ਫ਼ੀਚਰ, ਡਰਾਮੇ ਤੇ ਮਜ਼ਾਹੀਆ ਮਜ਼ਮੂਨ ਲਿਖੇ। ਉਹ ਦੂਜਿਆਂ ਤੇ ਹੱਸਣ ਦੀ ਥਾਂ ਖੁਦ ਤੇ ਤਨਜ਼ ਕਰਦਾ ਸੀ। ਉਹਦੇ ਤਨਜ਼ ਬਾਰੇ ਕਈ ਕਾਲਮ ਕਿਤਾਬੀ ਰੂਪ ਵਿੱਚ ਵੀ ਛਪ ਚੁੱਕੇ ਹਨ। ਸਾਤਵਾਂ ਸ਼ਾਸਤਰ, ਪਿਆਜ਼ ਕੇ ਛਿਲਕੇ, ਚੌਪਟ ਰਾਜਾ, ਬਦਨਾਮ ਕਿਤਾਬ, ਫ਼ਿਕਰਨਾਮਾ, ਫ਼ਿਕਰੀਆਤ, ਬਾਤ ਮੇਂ ਘਾਤ, ਛਿਲਕੇ ਹੀ ਛਿਲਕੇ, ਫ਼ਿਕਰਵਾਣੀ, ਆਧਾ ਆਦਮੀ, ਆਖਰੀ ਕਿਤਾਬ, ਘਰ ਮੇਂ ਚੋਰ, ਮੇਰੀ ਬੀਵੀ, ਵਾਰੰਟ-ਏ-ਗ੍ਰਿਫ਼ਤਾਰੀ, ਮਾਡਰਨ ਅਲਾਦੀਨ, ਪ੍ਰੋਫ਼ੈਸਰ ਬੁੱਧੂ, ਤੀਰ-ਏ-ਨੀਮਕਸ਼ ਆਦਿ ਉਹਦੇ ਚਰਚਿਤ ਵਿਅੰਗ-ਸੰਗ੍ਰਹਿ ਹਨ। ਅਦਬ ਦੇ ਖੇਤਰ ਵਿੱਚ ਲਾਸਾਨੀ ਯੋਗਦਾਨ ਨੂੰ ਵੇਖਦਿਆਂ ਉਹਨੂੰ ਕਈ ਪੁਰਸਕਾਰ ਤੇ ਸਨਮਾਨ ਪ੍ਰਾਪਤ ਹੋਏ। ਇਸ ਲੜੀ ਵਿੱਚ 1969 ਵਿੱਚ ‘ਸੋਵੀਅਤ ਲੈਂਡ ਨਹਿਰੂ ਪੁਰਸਕਾਰ’, 1973 ਵਿੱਚ ਚੌਪਟ ਰਾਜਾ, 1977 ਵਿੱਚ ਫ਼ਿਕਰਨਾਮਾ, 1980 ਵਿੱਚ ਆਖਰੀ ਕਿਤਾਬ ਤੇ ਉੱਤਰਪ੍ਰਦੇਸ਼ ਅਕਾਦਮੀ ਵੱਲੋਂ ਸਨਮਾਨ, 1983 ਵਿੱਚ ‘ਮੀਰ ਅਕਾਦਮੀ ਅਵਾਰਡ’, 1985 ਵਿੱਚ ਫ਼ਿਕਰਵਾਣੀ ਤੇ ‘ਪੱਛਮੀ ਬੰਗਾਲ ਉਰਦੂ ਅਕਾਦਮੀ ਅਵਾਰਡ’ ਅਤੇ 1987 ਵਿੱਚ ‘ਭਾਸ਼ਾ ਵਿਭਾਗ ਪੰਜਾਬ ਪੁਰਸਕਾਰ’ ਜ਼ਿਕਰਯੋਗ ਹਨ। 1980 ਦੇ ਦਹਾਕੇ ਵਿੱਚ ਦੂਰਦਰਸ਼ਨ ਤੇ ਇੱਕ ਲੜੀਵਾਰ ‘ਫ਼ਿਕਰ ਨੇ ਕਹਾ’ ਜਾਰੀ ਹੋਇਆ, ਜਿਸ ਵਿੱਚ ਟਿਕੂ ਤਲਸਨੀਆ ਨੇ ਭੂਮਿਕਾ ਨਿਭਾਈ। ਕੁਛ ਸਵਾਲ ਕੁਛ ਜਵਾਬ, ਮੇਰੀ ਸ਼ਾਦੀ ਕੀ ਪੱਚੀਸਵੀਂ ਸਾਲਗਿਰਹ, ਲੁਗਾਤ-ਏ-ਫ਼ਿਕਰੀ, ਔਰ ਸਾਈਂ ਬਾਬਾ ਨੇ ਕਹਾ, ਖ਼ਤ ਲਿਖੇਂਗੇ, ਗੁਮਸ਼ੁਦਾ ਕੀ ਤਲਾਸ਼, ਬੀਵੀ ਕੇ ਹਿਜਰ ਮੇਂ, ਦਿੱਲੀ ਜੋ ਏਕ ਸ਼ਹਿਰ ਹੈ, ਮੀਰ ਬੀਮਾਰ ਹੂਏ, ਮਹੱਲਾ ਸੁਧਾਰ ਕਮੇਟੀ, ਮਾਡਰਨ ਹਿਤੋਪਦੇਸ਼, ਮੈਂ ਮਾਲਕ ਮਕਾਨ ਬਨਾ ਜਿਹੀਆਂ ਦਿਲਚਸਪ ਰਚਨਾਵਾਂ ਦਾ ਲੇਖਕ ਆਖਰਕਾਰ 12 ਸਤੰਬਰ 1987 ਨੂੰ ਦਿੱਲੀ ਵਿਖੇ 68 ਸਾਲ ਦੀ ਉਮਰ ਵਿੱਚ ਹਮੇਸ਼ਾ ਲਈ ਰੁਖ਼ਸਤ ਹੋ ਗਿਆ। ‘ਕੁਛ ਸਵਾਲ ਕੁਛ ਜਵਾਬ’ ਪੁਸਤਕ ਵਿੱਚੋਂ ਕੁਝ ਸੁਆਲ-ਜੁਆਬ ਪਾਠਕਾਂ ਦੀ ਦਿਲਚਸਪੀ ਹਿਤ ਪੇਸ਼ ਹਨ : ? ਆਸ਼ਕਾਂ ਅਤੇ ਬੁੱਢਿਆਂ ਨੂੰ ਨੀਂਦ ਕਿਉਂ ਨਹੀਂ ਆਉਂਦੀ? ? ਉਹ ਕਿਹੜੀ ਅੱਖ ਹੈ ਜੋ ਰੋਂਦੀ ਨਹੀਂ ਪਰ ਹੰਝੂ ਵਹਾਉਂਦੀ ਹੈ? ? ਫੁੱਲ ਕਦੋਂ ਪੱਥਰ ਬਣ ਜਾਂਦੇ ਹਨ? ? ਜਦੋਂ ਲੀਡਰ ਸਟੇਜ ਤੇ ਤਕਰੀਰ ਕਰ ਰਿਹਾ ਹੁੰਦਾ ਹੈ ਤਾਂ ਉਹ ਕੀ ਸੋਚਦਾ ਹੈ? ? ਸਾਲ਼ੀ ਅੱਧੀ ਘਰਵਾਲ਼ੀ ਹੁੰਦੀ ਹੈ ਤਾਂ ਸਾਲ਼ਾ? ਇੱਕ ਰੌਚਕ ਕਿੱਸੇ ਨਾਲ ਇਹ ਲਿਖਤ ਸਮਾਪਤ ਕਰਦਾ ਹਾਂ : ਫ਼ਿਕਰ ਨੇ ਇੱਕ ਵਾਰ ਆਪਣੇ ਅਸਲ ਨਾਂ ਰਾਮ ਲਾਲ ਭਾਟੀਆ ਦੇ ਨਾਂ ਹੇਠ ਕੁਝ ਰਚਨਾਵਾਂ ਆਪਣੇ ਸਮੇਂ ਦੀ ਪ੍ਰਸਿੱਧ ਪੱਤ੍ਰਿਕਾ ‘ਸ਼ਮਾ’ ਲਈ ਭੇਜੀਆਂ, ਪਰ ਸਾਰੀਆਂ ਰਚਨਾਵਾਂ ਵਾਪਸ ਆ ਗਈਆਂ। ਫਿਰ ਉਹੀ ਲਿਖਤਾਂ ਥੋੜ੍ਹੀ-ਬਹੁਤ ਤਬਦੀਲੀ ਨਾਲ ਫ਼ਿਕਰ ਤੌਂਸਵੀ ਨਾਂ ਹੇਠ ਭੇਜੀਆਂ ਤਾਂ ਉਹੀ ਰਚਨਾਵਾਂ ਨਾ ਸਿਰਫ਼ ਛਪੀਆਂ ਹੀ, ਸਗੋਂ ਚੰਗਾ-ਖਾਸਾ ਮਿਹਨਤਾਨਾ ਵੀ ਮਿਲਿਆ ਅਤੇ ਭਵਿੱਖ ਵਿੱਚ ਵੀ ਪੱਤ੍ਰਿਕਾ ਲਈ ਲਿਖਦੇ ਰਹਿਣ ਦਾ ਸੱਦਾ ਮਿਲਿਆ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015

by
ਫ਼ਿਕਰ ਤੌਂਸਵੀ ਨੂੰ ਹੁਣ ਸਿਰਫ ਪੁਰਾਣੇ ਲੋਕ ਹੀ ਜਾਣਦੇ ਹੋਣਗੇ। ਇਸ ਆਦਮੀ ਨੇ ਲੱਗਭੱਗ ਅੱਧੀ ਸਦੀ ਤੱਕ ਆਪਣੇ ਪਾਠਕਾਂ ਦੇ ਚਿਹਰਿਆਂ ਤੇ ਮੁਸਕਰਾਹਟਾਂ ਬਿਖੇਰੀਆਂ, ਉਨ੍ਹਾਂ ਦਾ ਤਣਾਅ ਦੂਰ ਕੀਤਾ। ਉਹ ਇੱਕ ਅਜਿਹਾ ਲੇਖਕ ਸੀ, ਜੀਹਦੇ ਹਾਸ-ਵਿਅੰਗ ਲੇਖਾਂ ਕਰਕੇ ਅਖ਼ਬਾਰ ਵਿਕਦੇ ਸਨ। ਹੁਣ ਅਜਿਹੇ ਸੈਲੀਬ੍ਰਿਟੀ ਲੇਖਕ ਬਹੁਤ ਦੁਰਲੱਭ ਹਨ, ਜਿਨ੍ਹਾਂ ਦੇ ਲੇਖਾਂ ਦੇ ਆਧਾਰ ਤੇ ਅਖ਼ਬਾਰਾਂ ਜਾਂ ਪੱਤ੍ਰਿਕਾਵਾਂ ਵਿਕਦੀਆਂ ਹੋਣ। ਇਸ ਲੇਖਕ ਦਾ ਇੱਕ ਕਾਲਮ ‘ਪਿਆਜ਼ ਕੇ ਛਿਲਕੇ’ ਜਿਸ ਦਿਨ ਅਖ਼ਬਾਰ ਵਿੱਚ ਨਾ ਛਪਦਾ, ਪਾਠਕ ਅਖ਼ਬਾਰ ਨਾ ਖਰੀਦਦੇ। ਉਹ ਪਾਠਕ ਅਕਸਰ ਸੰਪਾਦਕ ਨੂੰ ਚਿੱਠੀਆਂ ਲਿਖਦੇ ਕਿ ਜਿਸ ਦਿਨ ਇਹ ਕਾਲਮ ਨਾ ਛਪਣਾ ਹੋਵੇ, ਉਸਦੀ ਸੂਚਨਾ ਇੱਕ ਦਿਨ ਪਹਿਲਾਂ ਦੇ ਦਿਆ ਕਰੋ, ਤਾਂ ਕਿ ਸਾਡਾ ਮੂਡ ਖਰਾਬ ਨਾ ਹੋਵੇ। ਸੰਪਾਦਕ ਨੇ ਇੱਕ-ਅੱਧ ਵਾਰ ਅਜਿਹਾ ਕੀਤਾ ਵੀ। ਫ਼ਿਕਰ ਇੱਕ ਵਾਰ ਤਿੰਨ ਦਿਨ ਦੀ ਛੁੱਟੀ ਤੇ ਸੀ। ਅਖ਼ਬਾਰ ਨੇ ਇਸ ਸੰਬੰਧੀ ਸੂਚਨਾ ਛਾਪ ਦਿੱਤੀ ਕਿ ਅਗਲੇ ਤਿੰਨ ਦਿਨ ਫ਼ਿਕਰ ਸਾਹਬ ਦਾ ਕਾਲਮ ਨਹੀਂ ਛਪੇਗਾ। ਇਨ੍ਹਾਂ ਤਿੰਨ ਦਿਨਾਂ ਵਿੱਚ ਅਖ਼ਬਾਰ ਦੀ ਵਿਕਰੀ ਤੇ ਕਾਫੀ ਬੁਰਾ ਅਸਰ ਪਿਆ। ਜੋ ਲੋਕ ‘ਪਿਆਜ਼ ਕੇ ਛਿਲਕੇ’ ਲਈ ਅਖ਼ਬਾਰ ਖ਼ਰੀਦਦੇ ਸਨ, ਉਨ੍ਹਾਂ ਨੇ ਤਿੰਨ ਦਿਨ ਅਖਬਾਰ ਨਹੀਂ ਖਰੀਦਿਆ। ਖਬਰਾਂ ਲਈ ਉਹ ਮੰਗ ਕੇ ਅਖ਼ਬਾਰ ਪੜ੍ਹ ਲੈਂਦੇ ਪਰ ‘ਪਿਆਜ਼ ਕੇ ਛਿਲਕੇ’ ਤੋਂ ਬਿਨਾਂ ਅਖ਼ਬਾਰ ਤੇ ਉਹ ਇੱਕ ਵੀ ਪੈਸਾ ਖਰਚਣ ਨੂੰ ਤਿਆਰ ਨਹੀਂ ਸਨ।