ਅਜੀਤ ਸਿੰਘ ਅਤੇ ਅੰਮ੍ਰਿਤਾ ਦੇ ਵਿਆਹ ਤੋਂ 12 ਸਾਲ ਬਾਅਦ, ਕਈ ਸੁੱਖਣਾ ਸੁੱਖਣ ਤੇ ਉਨ੍ਹਾਂ ਦੇ ਘਰ ਇਕ ਪੁੱਤਰ ਪੈਦਾ ਹੋਇਆ। ਜਨਮ ਤੋਂ ਹੀ ਇਹ ਬੱਚਾ ਬਹੁਤ ਕਮਜ਼ੋਰ ਸੀ। ਉਸ ਦੀ ਸ਼ਕਲ ਵੀ ਕੋਈ ਆਕਰਸ਼ਕ ਨਹੀਂ ਸੀ। ਡਾਕਟਰ ਨੇ ਕਹਿ ਦਿੱਤਾ ਕਿ ਇਹ ਬੱਚਾ ਬਹੁਤ ਕਮਜ਼ੋਰ ਹੈ ਇਸ ਲਈ ਇਹ ਲੰਮਾ ਸਮਾਂ ਨਹੀਂ ਜੀ ਸਕੇਗਾ। ਮਾਂ ਪਿਉ ਨੂੰ ਇਸ ਬੱਚੇ ਦੀ ਪਾਲਣਾ ਵਿਚ ਬਹੁਤ ਧਿਆਨ ਰੱਖਣਾ ਪਵੇਗਾ। ਜਿਹੜਾ ਵੀ ਉਨ੍ਹਾਂ ਦੇ ਘਰ ਵਧਾਈ ਦੇਣ ਆਉਂਦਾ ਉਹ ਬੱਚੇ ਨੂੰ ਦੇਖ ਕੇ ਮੂੰਹ ਫੇਰ ਲੈਂਦਾ ਅਤੇ ਬਾਹਰ ਜਾ ਕੇ ਦੂਜਿਆਂ ਨੂੰ ਦੱਸਦਾ ਕਿ ਕੀ ਬਾਰਾਂ ਸਾਲ ਬਾਅਦ ਬੱਚਾ ਜੰਮਿਆ ਉਹ ਵੀ ਮਰੇ ਹੋਏ ਚੂਹੇ ਜਿਹਾ। ਬੱਚਾ ਚਾਹੇ ਜਿਹੋ ਜਿਹਾ ਵੀ ਸੀ ਪਰ ਮਾਂ ਪਿਉ ਲਈ ਤਾਂ ਸੁੱਖਾਂ ਲੱਧਾ ਪੁੱਤਰ ਹੀ ਸੀ। ਮਾਂ ਨੂੰ ਤਾਂ ਦੁਨੀਆਂ ਵਿਚ ਸਭ ਤੋਂ ਸੋਹਣਾ ਬੱਚਾ ਲੱਗਦਾ ਸੀ। ਇਸ ਲਈ ਮਾਂ ਨੇ ਉਸ ਦਾ ਨਾਮ ਗੁਲਾਬ ਸਿੰਘ ਰੱਖਿਆ।‘ਜਿਸ ਕੋ ਰੱਖੇ ਸਾਂਈਆਂ, ਮਾਰ ਸਕੇ ਨਾ ਕੋਇ।’ ਮਾਂ ਪਿਉ ਦੀ ਸੁੱਚਜੀ ਪਰਵਰਿਸ਼ ਕਾਰਨ ਬੱਚਾ ਵੱਡਾ ਹੋਣ ਲੱਗਾ। ਸਰੀਰ ਉਸ ਦਾ ਹਾਲੀ ਵੀ ਕਮਜ਼ੋਰ ਹੀ ਸੀ।ਪੰਜ ਸਾਲ ਦੀ ਉਮਰ ਵਿਚ ਉਸ ਨੂੰ ਸਕੂਲੇ ਪੜ੍ਹਨੇ ਪਾਇਆ ਗਿਆ। ਉਸ ਦੇ ਸਾਥੀ ਉਸ ਦੇ ਨਿਰਬਲ ਸਰੀਰ ਨੂੰ ਦੇਖ ਕੇ ਉਸ ਦਾ ਮਜਾਕ ਉਡਾਉਂਦੇ ਅਤੇ ਉਸ ਨੂੰ ਲਿੱਸਾ ਕਹਿ ਕੇ ਬੁਲਾਉਂਦੇ। ਗੁਲਾਬ ਦਾ ਲਿੱਸਾ ਨਾਮ ਸਾਰੇ ਸਕੂਲ ਵਿਚ ਪੱਕ ਗਿਆ। ਹੁਣ ਉਸ ਦੀ ਪਹਿਚਾਣ ਲਿੱਸਾ ਕਰ ਕੇ ਹੀ ਸੀ। ਗੁਲਾਬ ਨੂੰ ਇਸ ਦਾ ਬਹੁਤ ਦੁੱਖ ਲੱਗਦਾ ਪਰ ਉਹ ਕੁਝ ਕਰ ਨਹੀਂ ਸੀ ਸਕਦਾ। ਉਹ ਖੁੂਨ ਦੇ ਘੁੱਟ ਪੀ ਕੇ ਰਹਿ ਜਾਂਦਾ। ਉਸ ਦਾ ਦਿਲ ਕਰਦਾ ਕਿ ਜਿਹੜਾ ਉਸ ਨੂੰ ਲਿੱਸਾ ਕਹਿ ਕੇ ਬੁਲਾਵੇ, ਉਹ ਉਸ ਨੂੰ ਜ਼ਮੀਨ ਤੇ ਪਟਕ ਕੇ ਮਾਰੇ ਅਤੇ ਪੈਰਾਂ ਹੇਠ ਚੰਗੀ ਤਰ੍ਹਾਂ ਲਿਤਾੜੇ ਤਾਂ ਕੇ ਕਿਸੇ ਹੋਰ ਦਾ ਉਸ ਨੂੰ ਅੱਗੇ ਤੋਂ ਲਿੱਸਾ ਲਹਿ ਕੇ ਪੁਕਾਰਨ ਦਾ ਹੌਸਲਾ ਹੀ ਨਾ ਪਵੇ।
ਹੁਣ ਉਸ ਨੇ ਰੋਜਾਨਾ ਸੈਰ ਅਤੇ ਵਰਜਿਸ਼ ਕਰਨ ਦੀ ਵੀ ਆਦਤ ਪਾ ਲਈ ਜਿਸ ਨਾਲ ਉਸ ਦਾ ਸਰੀਰ ਸੁਡੋਲ ਹੋਣ ਲੱਗਾ। ਉਹ ਪੜ੍ਹਾਈ ਵਿਚਵੀ ਬਹੁਤ ਹੁਸ਼ਿਆਰ ਹੋ ਗਿਆ। ਇਕ ਇਕ ਕਰ ਕੇ ਉਹ ਨੌਵੀ ਜਮਾਤ ਵਿਚ ਪਹੁੰਚ ਗਿਆ। ਇਕ ਦਿਨ ਉਨ੍ਹਾਂ ਦੇ ਪੀ ਟੀ ਮਾਸਟਰ ਨੇ ਘੋਸ਼ਨਾ ਕੀਤੀ ਕਿ ਸਕੂਲ ਦੇ ਬੱਚਿਆਂ ਦੀ ਇਕ ਟੀਮ ਬਣਾਉਣੀ ਹੈ ਜੋ ਜ਼ਿਲਾ ਪੱਧਰ ਤੇ ਅਥਲੀਟਾਂ ਦੀਆਂ ਦੌੜਾਂ ਵਿਚ ਭਾਗ ਲਵੇਗੀ। ਗੁਲਾਬ ਸਿੰਘ ਨੇ ਵੀ ਬੇਨਤੀ ਕੀਤੀ ਕਿ ਉਸ ਦਾ ਨਾਮ ਵੀ ਦਰਜ਼ ਕੀਤਾ ਜਾਏ। ਸਾਰੇ ਲੜਕੇ ਇਹ ਸੁਣ ਕੇ ਹੱਸਣ ਲੱਗੇ। ਪੀ ਟੀ. ਮਾਸਟਰ ਵੀ ਮੁਸਕਰਾਇਆ ਪਰ ਉਸ ਨੇ ਗੁਲਾਬ ਦਾ ਨਾਮ ਦਰਜ਼ ਕਰ ਲਿਆ।ਗੁਲਬ ਸਾਥੀ ਮੁੰਡਿਆਂ ਦੇ ਬੋਲਾਂ ਤੋਂ ਬਹੁਤ ਨਿਰਾਸ਼ ਹੋਇਆ। ਜਦ ਉਸ ਦੀ ਮਾਂ ਨੇ ਉਦਾਸ ਹੋਣ ਦਾ ਕਾਰਨ ਪੁੱਛਿਆ ਤਾਂ ਉਸ ਦਾ ਰੋਣਾ ਹੀ ਨਿਕਲ ਗਿਆ। ਗੁਲਾਬ ਨੇ ਮਾਂ ਨੂੰ ਕਿਹਾ ਕਿ “ਮੁੰਡੇ ਕਹਿੰਦੇ ਹਨ ਕਿ ਤੂੰ ਦੌੜ ਨਹੀਂ ਸਕਦਾ।”
ਮਾਂ ਨੇ ਉਸ ਦੀ ਪਿੱਠ ਪਲੋਸਦੇ ਹੋਏ ਕਿਹਾ “ਹਾਥੀ ਚਲਦੇ ਹਨ, ਕੁੱਤੇ ਭੌਂਕਦੇ ਹਨ,ਭੌਂਕਣ ਦਿਓ। ਤੂੰ ਇਨ੍ਹਾਂ ਦੀਆਂ ਗੱਲਾਂ ਦੀ ਪਰਵਾਹ ਨਾ ਕਰ। ਆਪਣਾ ਇਰਾਦਾ ਪੱਕਾ ਰੱਖ ਅਤੇ ਸਵੇਰੇ ਸ਼ਾਮ ਦੌੜਨ ਦਾ ਅਭਿਆਸ ਕਰਿਆ ਕਰ, ਫਿਰ ਦੇਖੀਂ ਤੂੰ ਸਭ ਤੋਂ ਅੱਗੇ ਨਿਕਲ ਜਾਵੇਂਗਾ। ਮੈਂ ਜਾਣਦੀ ਹਾਂ ਕਿ ਮੇਰਾ ਪੁੱਤਰ ਦੌੜੇਗਾ ਹੀ ਨਹੀਂ ਸਗੋਂ ਉੱਡੇਗਾ ਵੀ।”
ਮਾਂ ਦੇ ਇਨ੍ਹਾਂ ਸ਼ਬਦਾਂ ਨਾਲ ਗੁਲਾਬ ਨੂੰ ਬਹੁਤ ਹੌਸਲਾ ਮਿਲਿਆ। ਹੁਣ ਉਹ ਸਵੇਰੇ ਸ਼ਾਮ ਹੋਰ ਵੀ ਲਗਨ ਨਾਲ ਦੌੜਣ ਲੱਗਾ। ਨਤੀਜਾ ਇਹ ਨਿਕਲਿਆ ਕਿ ਉਹ ਜਿਲਾ ਪੱਧਰ ਦੀਆਂ ਦੋੜਾਂ ਵਿਚ ਦੂਜਾ ਨੰਬਰ ਤੇ ਆਇਆ। ਸਾਰਿਆਂ ਨੇ ਜ਼ੋਰਦਾਰ ਤਾੜੀਆਂ ਨਾਲ ਉਸ ਦਾ ਸੁਆਗਤ ਕੀਤਾ। ਗੁਲਾਬ ਦਾ ਹੌਸਲਾ ਵਧਿਆ। ਇਸ ਤੋਂ ਬਾਅਦ ਸਟੇਟ ਪੱਧਰ ਦੀਆਂ ਦੌੜਾਂ ਵਿਚ ੳੇੁਹ ਸਭ ਤੋਂ ਹੀ ਬਾਜ਼ੀ ਮਾਰ ਗਿਆ ਉਹ ਪਹਿਲੇ ਨੰਬਰ ਤੇ ਆਇਆ।ਉਸ ਦੀ ਸਭ ਪਾਸਿਉਂ ਬਹੁਤ ਪ੍ਰਸੰਸਾ ਹੋਈ ਹੁਣ ਦੂਜੇ ਲੜਕੇ ਉਸ ਨਾਲ ਖਾਰ ਖਾਣ ਲੱਗ ਪਏ।ਉਸ ਦੇ ਸਕੂਲ ਵਿਚ ਇਕ ਲੜਕਾ ਸ਼ੇਰ ਸਿੰਘ ਨਾਮ ਦਾ ਸੀ। ਸਾਰੇ ਉਸ ਨੂੰ ਸ਼ੇਰਾ ਕਹਿ ਕੇ ਬੁਲਾਉਂਦੇ ਸਨ। ਉਹ ਵੀ ਚੰਗਾ ਦੌੜਾਕ ਸੀ ਉਹ ਇਕ ਵਿਧਾਇਕ ਦਾ ਲੜਕਾ ਸੀ ਉਸ ਨੂੰ ਆਪਣੇ ਪਿਤਾ ਦੇ ਪੈਸੇ ਤੇ ਅਹੁਦੇ ਦਾ ਬਹੁਤ ਘਮੰਢ ਸੀ। ਉਸ ਨੂੰ ਗੁਲਾਬ ਦਾ ਦੌੜਾਂ ਵਿਚ ਪਹਿਲੇ ਨੰਬਰ ਤੇ ਆਉਣਾ ਜਰਾ ਨਾ ਭਾਇਆ। ਉਹ ਗੁਲਾਬ ਨੂੰ ਸਰੀਰਕ ਤੌਰ ਤੇ ਕੁਝ ਨੁਕਸਾਨ ਪਹੁੰਚਉਣ ਦੀ ਤਾਕ ਵਿਚ ਰਹਿੰਦਾ ਤਾਂ ਕਿ ਗੁਲਾਬ ਅੱਗੇ ਤੋਂ ਦੌੜਾਂ ਵਿਚ ਭਾਗ ਨਾ ਲੈ ਸਕੇ। ਸ਼ੇਰੇ ਨੂੰ ਇਹ ਮੌਕਾ ਜਲਦੀ ਹੀ ਮਿਲ ਗਿਆ। ਇਕ ਦਿਨ ਸ਼ਾਮ ਨੂੰ ਗੁਲਾਬ ਪੈਦਲ ਹੀ ਸਬਜੀ ਖਰੀਦਣ ਜਾ ਰਿਹਾ ਸੀ ਕਿ ਸਾਹਮਣੇ ਪਾਸਿੳਂ ਸ਼ੇਰਾ ਕਾਰ ਤੇ ਆ ਰਿਹਾ ਸੀ। ਉਸ ਨੇ ਤੇਜ਼ੀ ਨਾਲ ਕਾਰ ਗੁਲਾਬ ਵਿਚ ਠੋਕ ਦਿੱਤੀ। ਕਾਰ ਦਾ ਪਿਛਲਾ ਪਹੀਆ ਗੁਲਾਬ ਦੀ ਸੱਜੀ ਲੱਤ ਉੱਤੋਂ ਦੀ ਲੰਘ ਗਿਆ। ਉਹ ਮੂੰਹ ਭਾਰ ਜਮੀਨ ਤੇ ਜਾ ਡਿੱਗਾ। ਉਸ ਦੀ ਲੱਤ ਵਿਚੋਂ ਬਹੁਤ ਖੁਨ ਨਿਕਲ ਰਿਹਾ ਸੀ। ਸ਼ੇਰਾ ਕਾਰਾ ਕਰ ਕੇ ਆਪਣੀ ਕਾਰ ਭਜਾ ਕੇ ਲੈ ਗਿਆ।ਕਿਸੇ ਭਲੇ ਬੰਦੇ ਨੇ ਗੁਲਾਬ ਨੂੰ ਹਸਪਤਾਲ ਐਮਰਜੈਂਸੀ ਵਿਚ ਦਾਖਲ ਕਰਵਾਇਆ। ਗੁਲਾਬ ਦੀ ਸੱਜੀ ਲੱਤ ਦੀਆਂ ਸਾਰੀਆਂ ਹੱਡੀਆਂ ਚੂਰ ਚੂਰ ਹੋ ਗਈਆਂ ਸਨ ਇਸ ਲਈ ਦੀ ਸੱਜੀ ਲੱਤ ਗੋਡੇ ਤੋਂ ਉੱਪਰੋਂ ਕੱਟਣੀ ਪਈ।
ਦੋ ਮਹੀਨੇ ਹਸਪਤਾਲ ਦਾਖਲ ਰਹਿਣ ਤੋਂ ਬਾਅਦ ਗੁਲਾਬ ਦੁਖੀ ਮਨ ਨਾਲ ਘਰ ਪਰਤਿਆ।ਲੱਤ ਦੇ ਨਾਲ ਹੀ ਉਸਦੀ ਜ਼ਿੰਦਗੀ ਦੇ ਸਾਰੇ ਸੁਪਨੇ ਵੀ ਟੁੱਟ ਗਏ ਸਨ। ਉਸ ਦੀ ਦੁਨੀਆਂ ਹਨੇਰੀ ਹੋ ਗਈ ਸੀ ਪਰ ਉਸ ਦੇ ਮਾਂ ਪਿਉ ਨੇ ਦਿਲ ਨਾ ਛੱਡਿਆ। ਉਸ ਦੇ ਪਿਤਾ ਅਜੀਤ ਸਿੰਘ ਨੇ ਕਿਹਾ,“ਬੇਟਾ ਹੌਸਲਾ ਨਹੀਂ ਛੱਡੀਦਾ। ਰੱਬ ਦਾ ਸ਼ੁਕਰ ਹੈ ਕਿ ਤੇਰੀ ਜਾਨ ਬਚ ਗਈ।ਤੂੰ ਉਨ੍ਹਾਂ ਲੋਕਾਂ ਵੱਲ ਦੇਖ ਜਿੰਨ੍ਹਾਂ ਦੀਆਂ ਦੋਵੇਂ ਲੱਤਾਂ ਹੀ ਨਹੀਂ ਹਨ। ਉਹ ਹਰ ਸਮੇਂ ਰੋਂਦੇ ਹੀ ਨਹੀਂ ਰਹਿੰਦੇ। ਉਹ ਵੀ ਤਾਂ ਜ਼ਿੰਦਗੀ ਜਿਉਂਦੇ ਹੀ ਹਨ। ਇਸ ਲਈ ਸਦਾ ਵਾਹਿਗੁਰੂ ਦੀ ਰਜ਼ਾ ਵਿਚ ਰਹਿਣਾ ਚਾਹੀਦਾ ਹੈ।”
ਅਜੀਤ ਸਿੰਘ ਨੇ ਸਟੀਲ ਦੀ ਇਕ ਨਕਲੀ ਲੱਤ ਬਣਵਾ ਦਿੱਤੀ ਸੀ ਜਿਸ ਵਿਚ ਕਈ ਤਰ੍ਹਾਂ ਦੀ ਅਡਜਸਟਮੈਂਟਾਂ ਸਨ। ਇਸ ਨੂੰ ਪੱਟ ਤੇ ਆਸਾਨੀ ਨਾਲ ਫਿੱਟ ਕੀਤਾ ਜਾ ਸਕਦਾ ਸੀ। ਇਹ ਗੋਡੇ ਤੋਂ ਵੀ ਪੂਰੀ ਤਰ੍ਹਾਂ ਮੁੜਦੀ ਸੀ ਅਤੇ ਇਸ ਉੱਪਰ ਪੈਂਟ ਪਾਕੇ ਬੂਟ ਵੀ ਪਾਏ ਜਾ ਸਕਦੇ ਸਨ। ਕਿਸੇ ਦੂਸਰੇ ਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਲੱਤ ਨਕਲੀ ਹੈ। ਗੁਲਾਬ ਨੂੰ ਇਸ ਨਕਲੀ ਲੱਤ ਨਾਲ ਬੜੀ ਸਹੂਲਤ ਹੋ ਗਈ । ਉਸ ਦੀ ਉਦਾਸੀ ਕਾਫੀ ਘੱਟ ਗਈ। ਉਸ ਦਾ ਹੌਸਲਾ ਵਧਿਆ। ਉਸ ਨੇ ਫਿਰ ਤੋਂ ਸਕੂਲ ਜਾਣਾ ਸ਼ੁਰੂ ਕਰ ਦਿੱਤਾ। ਉਸ ਅੰਦਰ ਦੌੜਣ ਦਾ ਸ਼ੋਕ ਫਿਰ ਤਿਲਮਿਲਾਉਣ ਲੱਗਾ।ਉਸ ਨੂੰ ਲੱਗਾ ਕਿ ਉਹ ਆਮ ਆਦਮੀ ਦੀ ਤਰ੍ਹਾਂ ਦੌੜ ਸਕਦਾ ਹੈ। ਉਸ ਨੇ ਫਿਰ ਪੀ.ਟੀ. ਮਾਸਟਰ ਨੂੰ ਦੌੜਾਂ ਵਿਚ ਆਪਣਾ ਨਾਮ ਦਰਜ਼ ਕਰਨ ਲਈ ਕਿਹਾ।
ਪੀ. ਟੀ. ਆਈ ਨੇ ਉਸ ਨੂੰ ਕਿਹਾ ਕਿ “ਤੇਰੀ ਇਕ ਲੱਤ ਨਹੀਂ ਹੈ। ਤੂੰ ਇਕ ਲੱਤ ਦੇ ਸਹਾਰੇ ਕਿਵੇਂ ਦੌੜੇਂਗਾ? ਐਂਵੇਂ ਡਿੱਗ ਪਵੇਂਗਾ ਤੇ ਸਾਨੂੰ ਵਖਤ ਪਾਵੇਂਗਾ।”
ਪਰ ਗੁਲਾਬ ਨੇ ਜ਼ਿਦ ਕੀਤੀ ਕਿ ਉਹ ਨਕਲੀ ਲੱਤ ਨਾਲ ਹੀ ਦੌੜੇਗਾ। ਉਸ ਨੇ ਲਿਖ ਕੇ ਦੇ ਦਿੱਤਾ ਕਿ ਉਹ ਇਸ ਤਰ੍ਹਾਂ ਹੀ ਦੌੜੇਗਾ। ਜੇ ਦੌੜਣ ਦੌਰਾਨ ਉਸ ਨੂੰ ਕੋਈ ਸੱਟ ਲੱਗ ਗਈ ਤਾਂ ਇਸ ਦਾ ਜ਼ਿਮੇਵਾਰ ਉਹ ਖ਼ੁਦ ਹੋਵੇਗਾ। ਜਦ ਜਿਲਾ ਪੱਧਰ ਦੀਆਂ ਦੌੜਾਂ ਹੋਈਆਂ ਤਾਂ ਉਹ ਬਹੁਤ ਸੋਹਣਾ ਦੌੜਿਆ ਅਤੇ ਤੀਜੇ ਨੰਬਰ ਤੇ ਰਿਹਾ। ਇਸ ਤੋਂ ਬਾਅਦ ਸਟੇਟ ਲੈਵਲ ਅਤੇ ਫਿਰ ਨੈਸ਼ਨਲ ਲੈਵਲ ਦੀਆਂ ਦੌੜਾਂ ਵਿਚ ਵੀ ਉਸ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ। ਅਖ਼ਬਾਰਾਂ ਵਿਚ ਉਸ ਦੀ ਫੋਟੋ ਛਪੀ ਅਤੇ ਉਸ ਦੀ ਬਹੁਤ ਪ੍ਰਸੰਸਾ ਹੋਈ। ਇਸ ਨਾਲ ਗੁਲਾਬ ਦਾ ਬਹੁਤ ਹੌਸਲਾ ਵਧਿਆ। ਹੁਣ ਉਹ ਹੋਰ ਵੀ ਉੱਚੀ ਉਡਾਰੀ ਮਾਰਨ ਦੀ ਸੋਚ ਰਿਹਾ ਸੀ। ਦੋ ਸਾਲਾਂ ਬਾਅਦ ਪੈਰਾ ਓਲੰਪਿਕ ਦੀਆਂ ਦੌੜਾਂ 2022 ਨੂੰ ਚੀਨ ਦੇ ਬੀਜਿੰਗ ਸ਼ਹਿਰ ਵਿਚ ਹੋਣੀਆਂ ਸਨ ਤੇ ਉਹ ਚਾਹੁੰਦਾ ਸੀ ਕਿ ਉਹ ਉਨ੍ਹਾਂ ਵਿਚ ਭਾਗ ਲਏ। ਉਸ ਨੇ ਨਵੇਂ ਸਿਰੇ ਤੋਂ ਸਿਰੜ ਨਾਲ ਦੌੜਣ ਦਾ ਅਭਿਆਸ ਸ਼ੁਰੂ ਕਰ ਦਿਤਾ। ਉਹ ਭਾਰਤ ਵਲੋਂ ਪੈਰਾ ਓਲੰਪਿਕ ਵਿਚ ਭਾਗ ਲੈਣ ਲਈ ਚੁਣਿਆ ਗਿਆ। ਮੁਕਾਬਲਾ ਅੰਤਰਰਾਸ਼ਟਰੀ ਤੋਰ ਤੇ ਬਹੁਤ ਸਖਤ ਸੀ ਪਰ ਗੁਲਾਬ ਨੇ ਆਪਣਾ ਆਤਮਵਿਸ਼ਵਸ ਕਾਇਮ ਰੱਖਿਆ ਅਤੇ ਜਾਨ ਲਗਾ ਕੇ ਦੌੜਿਆ ਅਤੇ ਪਹਿਲੇ ਨੰਬਰ ਤੇ ਆ ਕੇ ਗੋਲਡ ਮੈਡਲ ਜਿੱਤਿਆ।ਸਾਰੇ ਦੇਸ਼ ਵਿਚ ਉਸ ਦੀ ਵਾਹ ਵਾਹ ਹੋਈ। ਸਾਰੇ ਅਖ਼ਬਾਰ ਉਸ ਦੀ ਫੋਟੋ ਅਤੇ ਪ੍ਰਸੰਸਾ ਨਾਲ ਭਰੇ ਪਏ ਸਨ।
ਜਦ ਉਹ ਹਵਾਈ ਜਹਾਜ ਵਿਚ ਦਿੱਲੀ ਦੇ ਹਵਾਈ ਅੱਡੇ ਤੇ ਪਹੁੰਚਿਆ ਤਾਂ ਦੇਖਿਆ ਕਿ ਉੱਥੇ ਲੋਕਾਂ ਦਾ ਇਕ ਹਜੂਮ ਉਸ ਦਾ ਨਾਮ ਲੈ ਕੇ ਜ਼ਿੰਦਾਬਾਦ ਦੇ ਨਾਹਰੇ ਲਾ ਰਿਹਾ ਸੀ। ਲੋਕ ਅੱਡੀਆਂ ਚੁੱਕ ਚੁੱਕ ਕੇ ਉਸ ਟਹਿਕਦੇ ਫੁੱਲ ਨੂੰ ਦੇਖਣ ਦੀ ਕੋਸ਼ਿਸ਼ ਕਰ ਰਹੇ ਸਨ। ਦੂਜੇ ਪਾਸੇ ਮਿਲਟਰੀ ਦਾ ਬੈਂਡ “ਦੇ ਸ਼ਿਵਾ ਵਰ ਮੋਹਿ ਇਹੈਂ” ਦੀ ਧੁਨ ਵਜਾ ਰਿਹਾ ਸੀ। ਦੇਸ਼ ਦੇ ਪ੍ਰਧਾਨ ਮੰਤਰੀ ਉਸ ਦੇ ਪਿਤਾ ਨਾਲ ਆਪ ਉਸ ਦੇ ਸੁਆਗਤ ਲਈ ਆਏ ਸਨ। ਗੁਲਾਬ ਨੇ ਪਹਿਲਾਂ ਅਪਣੇ ਪਿਤਾ ਦੇ ਪੈਰੀਂ ਹੱਥ ਲਾਏ ਤੇ ਕਿਹਾ “ਪਿਤਾ ਜੀ ਮੈਂ ਅੱਜ ਜੋ ਵੀ ਹਾਂ ਉਹ ਤੁਹਾਡੇ ਅਸ਼ੀਰਵਾਦ ਕਰ ਕੇ ਹੀ ਹਾਂ।” ਨਾਲ ਹੀ ਪ੍ਰਧਾਨ ਮੰਤਰੀ ਨੇ ਉਸ ਨੂੰ ਦੋਹਾਂ ਹੱਥਾਂ ਨਾਲ ਫੜ ਕੇ ਆਪਣੀ ਛਾਤੀ ਨਾਲ ਲਾ ਲਿਆ ਅਤੇ ਉਸ ਨੂੰ ਇਕ ਕਰੌੜ ਰੁਪਏ ਦਾ ਇਨਾਮ ਦੇਣ ਦਾ ਏਲਾਨ ਕੀਤਾ। ਇਸ ਤੋਂ ਬਾਅਦ ਕਈ ਸੰਸਥਾਵਾਂ ਨੇ ਅਤੇ ਪੰਜਾਬ ਸਰਕਾਰ ਨੇ ਵੀ ਉਸ ਦਾ ਬੜੀ ਗਰਮਜੋਸ਼ੀ ਨਾਲ ਸੁਆਗਤ ਕੀਤਾ। ਪੰਜਾਬ ਸਰਕਾਰ ਨੇ ਉਸ ਲਈ ਦੋ ਕਰੌੜ ਰੁਪਏ ਦਾ ਇਨਾਮ ਦੇਣ ਦਾ ਏਲਾਨ ਕੀਤਾ। ਜਦ ਉਹ ਵਿਹਲਾ ਹੋ ਕੇ ਆਪਣੇ ਘਰ ਪੁੱਜਾ ਤਾਂ ਆਪਣਾ ਗੋਲਡ ਮੈਡਲ ਅਤੇ ਸਾਰੇ ਤਗਮੇ ਅਤੇ ਸਨਮਾਨ ਪੱਤਰ ਮਾਂ ਦੇ ਪੈਰਾਂ ਵਿਚ ਰੱਖ ਕਿ ਕਿਹਾ, “ਮਾਂ ਤੂੰ ਠੀਕ ਹੀ ਕਹਿੰਦੀ ਸੀ ਕਿ ਮੇਰਾ ਪੁੱਤਰ ਦੌੜੇਗਾ ਹੀ ਨਹੀਂ ਸਗੋਂ ਉੱਡੇਗਾ ਵੀ।”
ਦੋਹਾਂ ਮਾਂ ਪੁੱਤਰਾਂ ਦੀਆਂ ਅੱਖਾਂ ਵਿਚ ਖ਼ੁਸ਼ੀ ਦੇ ਹੰਝੂੂ ਸਨ।
*** ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-94631-89432
|
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਅਜੀਤ ਸਿੰਘ ਅਤੇ ਅੰਮ੍ਰਿਤਾ ਦੇ ਵਿਆਹ ਤੋਂ 12 ਸਾਲ ਬਾਅਦ, ਕਈ ਸੁੱਖਣਾ ਸੁੱਖਣ ਤੇ ਉਨ੍ਹਾਂ ਦੇ ਘਰ ਇਕ ਪੁੱਤਰ ਪੈਦਾ ਹੋਇਆ। ਜਨਮ ਤੋਂ ਹੀ ਇਹ ਬੱਚਾ ਬਹੁਤ ਕਮਜ਼ੋਰ ਸੀ। ਉਸ ਦੀ ਸ਼ਕਲ ਵੀ ਕੋਈ ਆਕਰਸ਼ਕ ਨਹੀਂ ਸੀ। ਡਾਕਟਰ ਨੇ ਕਹਿ ਦਿੱਤਾ ਕਿ ਇਹ ਬੱਚਾ ਬਹੁਤ ਕਮਜ਼ੋਰ ਹੈ ਇਸ ਲਈ ਇਹ ਲੰਮਾ ਸਮਾਂ ਨਹੀਂ ਜੀ ਸਕੇਗਾ। ਮਾਂ ਪਿਉ ਨੂੰ ਇਸ ਬੱਚੇ ਦੀ ਪਾਲਣਾ ਵਿਚ ਬਹੁਤ ਧਿਆਨ ਰੱਖਣਾ ਪਵੇਗਾ। ਜਿਹੜਾ ਵੀ ਉਨ੍ਹਾਂ ਦੇ ਘਰ ਵਧਾਈ ਦੇਣ ਆਉਂਦਾ ਉਹ ਬੱਚੇ ਨੂੰ ਦੇਖ ਕੇ ਮੂੰਹ ਫੇਰ ਲੈਂਦਾ ਅਤੇ ਬਾਹਰ ਜਾ ਕੇ ਦੂਜਿਆਂ ਨੂੰ ਦੱਸਦਾ ਕਿ ਕੀ ਬਾਰਾਂ ਸਾਲ ਬਾਅਦ ਬੱਚਾ ਜੰਮਿਆ ਉਹ ਵੀ ਮਰੇ ਹੋਏ ਚੂਹੇ ਜਿਹਾ। ਬੱਚਾ ਚਾਹੇ ਜਿਹੋ ਜਿਹਾ ਵੀ ਸੀ ਪਰ ਮਾਂ ਪਿਉ ਲਈ ਤਾਂ ਸੁੱਖਾਂ ਲੱਧਾ ਪੁੱਤਰ ਹੀ ਸੀ। ਮਾਂ ਨੂੰ ਤਾਂ ਦੁਨੀਆਂ ਵਿਚ ਸਭ ਤੋਂ ਸੋਹਣਾ ਬੱਚਾ ਲੱਗਦਾ ਸੀ। ਇਸ ਲਈ ਮਾਂ ਨੇ ਉਸ ਦਾ ਨਾਮ ਗੁਲਾਬ ਸਿੰਘ ਰੱਖਿਆ।
ਮਾਂ ਦੇ ਇਨ੍ਹਾਂ ਸ਼ਬਦਾਂ ਨਾਲ ਗੁਲਾਬ ਨੂੰ ਬਹੁਤ ਹੌਸਲਾ ਮਿਲਿਆ। ਹੁਣ ਉਹ ਸਵੇਰੇ ਸ਼ਾਮ ਹੋਰ ਵੀ ਲਗਨ ਨਾਲ ਦੌੜਣ ਲੱਗਾ। ਨਤੀਜਾ ਇਹ ਨਿਕਲਿਆ ਕਿ ਉਹ ਜਿਲਾ ਪੱਧਰ ਦੀਆਂ ਦੋੜਾਂ ਵਿਚ ਦੂਜਾ ਨੰਬਰ ਤੇ ਆਇਆ। ਸਾਰਿਆਂ ਨੇ ਜ਼ੋਰਦਾਰ ਤਾੜੀਆਂ ਨਾਲ ਉਸ ਦਾ ਸੁਆਗਤ ਕੀਤਾ। ਗੁਲਾਬ ਦਾ ਹੌਸਲਾ ਵਧਿਆ। ਇਸ ਤੋਂ ਬਾਅਦ ਸਟੇਟ ਪੱਧਰ ਦੀਆਂ ਦੌੜਾਂ ਵਿਚ ੳੇੁਹ ਸਭ ਤੋਂ ਹੀ ਬਾਜ਼ੀ ਮਾਰ ਗਿਆ ਉਹ ਪਹਿਲੇ ਨੰਬਰ ਤੇ ਆਇਆ।ਉਸ ਦੀ ਸਭ ਪਾਸਿਉਂ ਬਹੁਤ ਪ੍ਰਸੰਸਾ ਹੋਈ ਹੁਣ ਦੂਜੇ ਲੜਕੇ ਉਸ ਨਾਲ ਖਾਰ ਖਾਣ ਲੱਗ ਪਏ।ਉਸ ਦੇ ਸਕੂਲ ਵਿਚ ਇਕ ਲੜਕਾ ਸ਼ੇਰ ਸਿੰਘ ਨਾਮ ਦਾ ਸੀ। ਸਾਰੇ ਉਸ ਨੂੰ ਸ਼ੇਰਾ ਕਹਿ ਕੇ ਬੁਲਾਉਂਦੇ ਸਨ। ਉਹ ਵੀ ਚੰਗਾ ਦੌੜਾਕ ਸੀ ਉਹ ਇਕ ਵਿਧਾਇਕ ਦਾ ਲੜਕਾ ਸੀ ਉਸ ਨੂੰ ਆਪਣੇ ਪਿਤਾ ਦੇ ਪੈਸੇ ਤੇ ਅਹੁਦੇ ਦਾ ਬਹੁਤ ਘਮੰਢ ਸੀ। ਉਸ ਨੂੰ ਗੁਲਾਬ ਦਾ ਦੌੜਾਂ ਵਿਚ ਪਹਿਲੇ ਨੰਬਰ ਤੇ ਆਉਣਾ ਜਰਾ ਨਾ ਭਾਇਆ। ਉਹ ਗੁਲਾਬ ਨੂੰ ਸਰੀਰਕ ਤੌਰ ਤੇ ਕੁਝ ਨੁਕਸਾਨ ਪਹੁੰਚਉਣ ਦੀ ਤਾਕ ਵਿਚ ਰਹਿੰਦਾ ਤਾਂ ਕਿ ਗੁਲਾਬ ਅੱਗੇ ਤੋਂ ਦੌੜਾਂ ਵਿਚ ਭਾਗ ਨਾ ਲੈ ਸਕੇ।