ਇਹ ਇੱਕ ਅਜਿਹਾ ਤੋਹਫ਼ਾ ਹੈ, ਜਿਹੜਾ ਇਨਸਾਨੀ ਮਾਨਸਿਕਤਾ ਦੀ ਰੂਹ ਦੀ ਖੁਰਾਕ ਬਣੇਗਾ। ਇਸ ਪੁਸਤਕ ਵਿੱਚ ਨਵੇਂ, ਪੁਰਾਣੇ ਅਤੇ ਸਥਾਪਤ ਕਹਾਣੀਕਾਰਾਂ, ਵਾਰਤਕਕਾਰਾਂ ਅਤੇ ਕਵੀਆਂ ਦੀਆਂ ਰਚਨਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਪਾਠਕ ਸਾਹਿਤ ਦੇ ਇਨ੍ਹਾਂ ਤਿੰਨਾ ਰੂਪਾਂ ਦਾ ਆਨੰਦ ਮਾਣ ਸਕਣ। ਇਹ ਪੁਸਤਕ ਮੌਲਿਕਤਾ ਅਤੇ ਸੰਪਾਦਕੀ ਦਾ ਸੁਮੇਲ ਹੈ ਕਿਉਂਕਿ ਰਵਿੰਦਰ ਸਿੰਘ ਸੋਢੀ ਨੇ ਇਸ ਪੁਸਤਕ ਵਿੱਚ ਸ਼ਾਮਲ 20 ਕਹਾਣੀਕਾਰਾਂ, ਵਾਰਤਕਕਾਰਾਂ ਅਤੇ ਕਵੀਆਂ ਦੇ ਸਾਹਿਤਕ, ਸਮਾਜਿਕ ਅਤੇ ਸਭਿਆਚਾਰਕ ਯੋਗਦਾਨ ਨੂੰ ਸੰਖੇਪ ਸ਼ਬਦਾਂ ਵਿੱਚ ਬਿਹਤਰੀਨ ਢੰਗ ਨਾਲ ਲਿਖਿਆ ਹੈ। ਉਨ੍ਹਾਂ ਪੁਸਤਕ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਹੈ। ਪਹਿਲੇ ਕਹਾਣੀ ਭਾਗ ਵਿੱਚ 7 ਸਾਹਿਤਕਾਰਾਂ, ਦੂਜੇ ਵਾਰਤਕ ਭਾਗ ਵਿੱਚ 5 ਵਾਰਤਕਕਾਰਾਂ ਅਤੇ ਤੀਜੇ ਕਵਿਤਾ ਭਾਗ ਵਿੱਚ 8 ਕਵੀਆਂ ਦੀਆਂ ਰਚਨਾਵਾਂ ਸ਼ਾਮਲ ਕੀਤੀਆਂ ਗਈਆਂ ਹਨ। ਰਵਿੰਦਰ ਸਿੰਘ ਸੋਢੀ ਬਹੁਪੱਖੀ ਸਾਹਿਤਕਾਰ ਹੈ। ਨਾਟਕਕਾਰ, ਰੀਵਿਊਕਾਰ, ਕਵੀ, ਕਾਲਮ ਨਵੀਸ ਅਤੇ ਆਲੋਚਕ ਹੋਣ ਕਰਕੇ ਉਨ੍ਹਾਂ ਇਸ ਪੁਸਤਕ ਵਿੱਚ ਸਾਹਿਤ ਦੇ ਕਿਸੇ ਇਕ ਰੂਪ ਨੂੰ ਹੀ ਸ਼ਾਮਲ ਨਹੀਂ ਕੀਤਾ ਸਗੋਂ ਤਿੰਨ ਰੰਗਾਂ ਨੂੰ ਪ੍ਰਸਤਤ ਕੀਤਾ ਹੈ। ਉਹ ਆਲੋਚਕ ਹੋਣ ਕਰਕੇ ਪਾਠਕਾਂ ਦੀ ਸਾਹਿਤਕ ਰੁਚੀ ਭਲੀ ਭਾਂਤ ਸਮਝਦੇ ਹਨ। ਪੁਸਤਕ ਵਿੱਚ ਬਿਹਤਰੀਨ ਕਹਾਣੀਕਾਰਾਂ ਦੀਆਂ ਕਹਾਣੀਆਂ, ਵਾਰਤਕਕਾਰਾਂ ਦੇ ਲੇਖ ਅਤੇ ਕਵੀਆਂ ਦੀਆਂ ਕਵਿਤਾਵਾਂ ਦੀਆਂ ਵੰਣਗੀਆਂ ਦੇ ਰੰਗ ਸ਼ਾਮਲ ਕਰਕੇ ਇਕ ਮੰਚ ਤੇ ਪਾਠਕਾਂ ਨੂੰ ਪੜ੍ਹਨ ਲਈ ਦਿੱਤੇ ਹਨ। (ੳ) ਕਹਾਣੀ ਭਾਗ ਵਿੱਚ ਐਸ. ਸਾਕੀ ਦੀਆਂ ਤਿੰਨ ਕਹਾਣੀਆਂ: ‘ਹਮ ਚਾਕਰ ਗੋਬਿੰਦ ਕੇ’, ‘ਦੋ ਬਲਦੇ ਸਿਵੇ’ ਅਤੇ ‘ਸ਼ੇਰਾ’। ਹਮ ਚਾਕਰ ਗੋਬਿੰਦ ਕੇ ਬਹੁਤ ਹੀ ਕਮਾਲ ਦੀ ਕਹਾਣੀ ਦੀ ਚੋਣ ਕੀਤੀ ਹੈ, ਜਿਹੜੀ ਰੋਮਾਂਟਿਕ ਕਹਾਣੀਆਂ ਨਾਲੋਂ ਵੀ ਵਧੇਰੇ ਰੌਚਕ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ‘ਤੇ ਪਹਿਰਾ ਦੇ ਕੇ ਵਧੀਆ ਸੰਦੇਸ਼ ਦੇ ਰਹੀ ਹੈ। ਦੋ ਬਲਦੇ ਸਿਵੇ ਊਚ ਨੀਚ, ਜਾਤ ਪਾਤ , ਅਮੀਰ ਗਰੀਬ ਦੇ ਪਾੜੇ ਦਾ ਬਾਖੂਬੀ ਵਿਵਰਣ ਹੈ। ਤੀਜੀ ਕਹਾਣੀ ਸ਼ੇਰਾ ਸਿੰਬਾਲਿਕ ਹੈ, ਜਿਸ ਵਿੱਚ ਮੁਰਗੇ ਮੁਰਗੀਆਂ ਦੇ ਪਾਤਰਾਂ ਰਾਹੀਂ ਇਨਸਾਨੀ ਫਿਤਰਤ ਬਾਰੇ ਦੱਸਿਆ ਗਿਆ ਹੈ। ਅਵਤਾਰ ਐਸ. ਸੰਘਾ ਦੀਆਂ ‘ਬੱਚੇ ਤਾਂ ਓਦਰੇ ਪਏ ਨੇ’ ਵਿੱਚ ਲਾਕਡਾਊਨ ਦੇ ਨੁਕਸਾਨ ਅਤੇ ਪੰਜਾਬੀਆਂ ਵੱਲੋਂ ਤਰਕੀਬ ਬਣਾਕੇ ਆਨੰਦ ਮਾਨਣ ਬਾਰੇ ਦੱਸਿਆ ਹੈ। ਪਰਵਾਸ ਵਿੱਚ ਬਜ਼ੁਰਗਾਂ ਦੀ ਦੁਰਦਸ਼ਾ ਬਾਰੇ ਜਾਣਕਾਰੀ ਦਿੱਤੀ ਹੈ। ‘ਚਾਬੀਆਂ ਅਤੇ ਰੈਂਬੋਂ’ ਕਹਾਣੀਆਂ ਵਿੱਚ ਪਰਵਾਸ ਦੀ ਜ਼ਿੰਦਗੀ ਦੀ ਜਦੋਜਹਿਦ ਅਤੇ ਪੰਜਾਬ ਨਾਲੋਂ ਟੁੱਟਣ ਦਾ ਸੰਤਾਪ ਪ੍ਰਗਟ ਹੁੰਦਾ ਹੈ। ਰੈਂਬੋ ਵਿੱਚ ਇਨਸਾਨਾ ਨਾਲੋਂ ਜਾਨਵਰਾਂ ਦੀ ਜ਼ਿਆਦਾ ਮਹੱਤਤਾ ਵਿਖਾਈ ਗਈ ਹੈ।
(ਅ) ਵਾਰਤਕ ਭਾਗ ਵਿੱਚ ਰਿਸ਼ੀ ਗੁਲਾਟੀ ਦਾ ਮਨੋਵਿਗਿਆਨਕ ਲੇਖ ‘ਆਕਰਸ਼ਣ ਦੇ ਸਿਧਾਂਤ ਦਾ ਇਨਸਾਨੀ ਜ਼ਿੰਦਗੀ ਵਿੱਚ ਮਹੱਤਵ’ ਵਿਸ਼ੇ ‘ਤੇ ਬਹੁਤ ਵਧੀਆ ਜਾਣਕਾਰੀ ਵਾਲਾ ਲੇਖ ਹੈ। ਜ਼ਿੰਦਗੀ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਨਿਸ਼ਾਨਾ ਮਿਥ ਕੇ, ਸਵੈ ਭਰੋਸਾ, ਹਿੰਮਤ, ਉਸਾਰੂ ਸੋਚ, ਭਰਮ ਭੁਲੇਖੇ ਤੇ ਰੁਕਾਵਟਾਂ ਦੂਰ ਕਰਨ, ਵਾਰ ਵਾਰ ਕੋਸ਼ਿਸ਼ ਕਰਨ, ਵਿਚਾਰਾਂ ਤੇ ਕਾਬੂ ਪਾਉਣ ਅਤੇ ਹੋਏ ਨੁਕਸਾਨ ਨੂੰ ਭੁੱਲ ਜਾਣ ਦੀ ਪ੍ਰੇਰਨਾ ਦਿੱਤੀ ਗਈ ਹੈ। ਡਾ. ਦਵਿੰਦਰ ਸਿੰਘ ਜੀਤਲਾ ਦਾ ‘ਮੇਰਾ ਸਾਹਿਤਕ ਰੁਝਾਨ ਤੇ ਸਫਰ-ਹੁਣ ਤੱਕ’ ਲੇਖ ਪਰਵਾਸ ਦੀ ਜ਼ਿੰਦਗੀ ਵਿੱਚ ਉਨ੍ਹਾਂ ਦੇ ਸਾਹਿਤਕ ਸਫਰ ਦਾ ਉਲੇਖ ਹੈ। ਇਹ ਲੇਖ ਕੋਈ ਬਹੁਤੀ ਸੇਧ ਨਹੀਂ ਦਿੰਦਾ। ਗੁਰਸ਼ਮਿੰਦਰ ਸਿੰਘ ਉਰਫ ਮਿੰਟੂ ਬਰਾੜ ਦੇ ਦੋ ਲੇਖ ‘ਆਸਟ੍ਰੇਲੀਆ ‘ਚ ਭਾਰਤੀ ਵਿਦਿਆਰਥੀਆਂ ਉੱਤੇ ਹੋਏ ਹਮਲਿਆਂ ਪਿਛਲਾ ਸੱਚ’ ਸਿਰਲੇਖ ਵਾਲੇ ਲੇਖ ਵਿੱਚ ਦੱਸਿਆ ਗਿਅਾ ਹੈ ਕਿ ਕੁਝ ਕੁ ਸਾਡੇ ਲੋਕ ਆਸਟਰੇਲੀਆ ਵਿੱਚ ਗਲਤ ਹਰਕਤਾਂ ਕਰਕੇ ਸਾਰੇ ਲੋਕਾਂ ਨੂੰ ਬਦਨਾਮ ਕਰ ਰਹੇ ਹਨ। ਨਸਲੀ ਵਿਤਕਰੇ ਆਮ ਜਿਹੀ ਗੱਲ ਹੋ ਗਈ ਹੈ। ‘ਦੇਸਾਂ ਵਰਗਾ ਦੇਸ ਹੁੰਦਾ, ਅਸੀਂ ਕਿਉਂ ਜਾਂਦੇ ਪ੍ਰਦੇਸ਼?’ ਲੇਖ ਵਿੱਚ ਭਾਰਤ ਦੀ ਭਰਿਸ਼ਟ ਪ੍ਰਣਾਲੀ ਦਾ ਵਿਵਰਣ ਦੇ ਕੇ ਝੰਜੋੜਕੇ ਰੱਖ ਦਿੱਤਾ। ਦੋਵੇਂ ਲੇਖਾਂ ਵਿੱਚ ਦੇਸ-ਪਰਵਾਸ ਦੀ ਜ਼ਿੰਦਗੀ ਦੇ ਕੌੜੇ ਸੱਚ ਦੱਸੇ ਗਏ ਹਨ। ਪਾਪਾਟੋਏਟੋਏ ਵਾਲਾ ਪਰਮਿੰਦਰ ਸਿੰਘ ਦੇ ਚਾਰ ਲੇਖ ਹਨ। ‘ਲੈ ਗਈ ਚੰਦਰੀ ਕੈਨੇਡਾ, ਸਾਰੇ ਛਾਂਟ ਕੇ ਮੁੰਡੇ’ ਲੇਖ ਵਿੱਚ ਪਰਵਾਸ ਦੇ ਜੀਵਨ ਦੇ ਕੌੜੇ ਸੱਚ ਦੱਸੇ ਗਏ ਹਨ, ਜਦੋਂ ਘੱਟ ਪੜ੍ਹੇ ਲਿਖੇ ਪਰਵਾਸ ਵਿੱਚ ਸੈਟਲ ਲੜਕੇ ਪ੍ਰੋਫੈਸ਼ਨਲ ਲੜਕੀਆਂ ਵਿਅਹ ਕੇ ਲੈ ਜਾਂਦੇ ਹਨ ਅਤੇ ਪਰਵਾਸ ਦੀਆਂ ਦੁਸ਼ਾਵਰੀਆਂ ਨਾਲ ਉਹ ਨਿਪਟਦੀਆਂ ਜਵਾਨੀ ਗਾਲ ਲੈਂਦੀਆਂ ਹਨ। ‘ਲੋਕੀ ਆਖਦੇ ਤੂੰ ਚਲਾ ਗਇਓਂ ਪਰੀਆਂ ਦੇ ਦੇਸ਼’ ਲੇਖ ਵਿੱਚ ਪਰਵਾਸ ਵਿੱਚ ਬਜ਼ੁਰਗਾਂ ਦਾ ਨਵੇਂ ਵਾਤਾਵਰਨ ਵਿੱਚ ਜਾ ਕੇ ਅਡਜਸਟ ਨਾ ਕਰਨਾ ਅਤੇ ਏਥੋਂ ਦੇ ਕਾਨੂੰਨ ਅਤੇ ਪਰੰਪਰਾਵਾਂ ਬਜ਼ੁਰਗਾਂ ਲਈ ਗਲ਼ੇ ਦੀ ਹੱਡੀ ਬਣਦੀਆਂ ਹਨ। ਉਨ੍ਹਾਂ ਨੂੰ ਆਪਣੀ ਵਿਰਾਸਤ ਦਾ ਹੇਰਵਾ ਵੱਢ ਵੱਢ ਖਾਂਦਾ ਹੈ। ‘ਉਮਰਾਂ ਦੀ ਜੇ ਸ਼ਾਮ ਹੋ ਗਈ, ਤਾਂ ਕੀ ਹੋਇਆ ਜਿੰਦੇ’ ਲੇਖ ਵਿੱਚ ਕੈਨੇਡਾ ਵਿਖੇ ਬਜ਼ੁਰਗਾਂ ਦੀਆਂ ਢਾਣੀਆਂ ਵਿੱਚ ਹੁੰਦੀ ਵਿਚਾਰ ਚਰਚਾ ਦਾ ਜ਼ਿਕਰ ਹੈ। ਕਈ ਬਜ਼ੁਰਗ ਦੁਖੀ ਅਤੇ ਕਈ ਪੈਨਸ਼ਨਾ ਲੱਗਣ ਕਰਕੇ ਖੁਸ਼ ਹਨ। ‘ਆਸ, ਵਿਸ਼ਵਾਸ਼ ਅਤੇ ਅਰਦਾਸ ਤੱਕ, ਸੀਮਤ ਹੋਣ ਲੱਗੇ ਲੋਕ’ ਲੇਖ ਵਿੱਚ ਸਿਆਸੀ ਦਲ ਬਦਲੀਆਂ, ਮਹਿੰਗਾਈ, ਸ਼ਹਿਰ ਵਸਣੇ, ਅਫਸਰਸ਼ਾਹੀ ਦੀ ਕਾਰਗੁਜ਼ਾਰੀ, ਗ਼ਰੀਬਾਂ ਦੀ ਦੁਰਦਸ਼ਾ ਅਤੇ ਵਿਰਾਸਤੀ ਵਸਤਾਂ ਦੇ ਖ਼ਤਮ ਹੋਣ ਦੀ ਤ੍ਰਾਸਦੀ ਹੈ ਅਤੇ ਹਰਕੀਰਤ ਸਿੰਘ ਸੰਧਰ ਦੇ ਚਾਰ ਖੋਜ ਭਰਪੂਰ ਲੇਖ ਹਨ। ‘ਕਲਕੱਤੇ ਤੋਂ ਆਸਟ੍ਰੇਲੀਆ ਆਇਆ ਸਮੁੰਦਰੀ ਬੇੜਾ’ ਸਮੁੰਦਰੀ ਯਾਤਰਾ ਦੀਆਂ ਔਕੜਾਂ ਦਾ ਵਿਵਰਣ ਦਿੰਦਾ ਹੈ। ‘ਆਸਟ੍ਰੇਲੀਆ ਵਿੱਚ ਭਾਰਤੀ’ ਲੇਖ ਪੰਜਾਬੀਆਂ ਦਾ ਆਸਟ੍ਰੇਲੀਆ ਵਿੱਚ ਆਉਣ ਦਾ ਸਫਰ ਅਤੇ ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਲੇਖਾ ਜੋਖਾ ਕਰਦਾ ਹੈ, ਕਿਵੇਂ ਉਹ ਭਾਸ਼ਾ ਦੀ ਸਮੱਸਿਆ ਹੋਣ ਦੇ ਬਾਵਜੂਦ ਮਿਹਨਤ ਕਰਕੇ ਸਥਾਪਤ ਹੋਏ ਹਨ। ‘ਆਸਟ੍ਰੇਲੀਆ ਵਿੱਚ ਭਾਰਤੀ ਭਾਸ਼ਾਵਾਂ’ ਵਾਲੇ ਲੇਖ ਵਿੱਚ ਉਨ੍ਹਾਂ ਨੇ ਹਿੰਦੀ ਅਤੇ ਪੰਜਾਬੀ ਭਾਸ਼ਾਵਾਂ ਦਾ ਪਹਿਲੀਆਂ ਆਸਟ੍ਰੇਲੀਆ ਦੀਆਂ ਦਸ ਭਾਸ਼ਾਵਾਂ ਵਿੱਚ ਸ਼ਾਮਲ ਹੋਣ ਬਾਰੇ ਦੱਸਿਆ ਹੈ। ‘ਭਾਰਤ ਆਸਟ੍ਰੇਲੀਆ ਸੰਬੰਧ-4 ਹਜ਼ਾਰ ਸਾਲ ਪੁਰਾਣਾ’ ਲੇਖ ਵਿੱਚ ਦੋਹਾਂ ਦੇਸ਼ਾਂ ਦੇ ਸਦਭਾਵਨਾ ਨਾਲ ਰਹਿਣ ਦੇ ਸੰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਏਸੇ ਤਰ੍ਹਾਂ (ੲ) ਕਵਿਤਾ ਭਾਗ ਵਿੱਚ ਜੋਗਿੰਦਰ ਸਿੰਘ ਥਿੰਦ ਦਾ ਇਕ ਗੀਤ ਪੰਜਾਬੀ ਮੁਟਿਆਰਾਂ ਦੀਆਂ ਭਾਵਨਾਵਾਂ, ਪ੍ਰਦੇਸ ਗਏ ਸਾਥੀਆਂ ਦੇ ਦਰਦ ਦੀ ਹੂਕ ਅਤੇ ਚਾਰ ਰੋਮਾਂਟਿਕ ਗ਼ਜ਼ਲਾਂ ਹਨ। ਕੰਵਲ ਸਿੱਧੂ ਦੀਆਂ ਚਾਰ ਕਵਿਤਾਵਾਂ ਵਿੱਚੋਂ ਦੋ ਰੋਮਾਂਟਿਕ ਅਤੇ ਦੋ ਵਿਛੋੜੇ ਦਾ ਦਰਦ ਪ੍ਰਗਟਾਉਂਦੀਆਂ ਹਨ। ਹਰਜਿੰਦਰ ਸਿੰਘ ਗੁਲਪੁਰ ਦੀਆਂ ਪੰਜ ਕਵਿਤਾਵਾਂ ਵਿੱਚੋਂ ‘ਅੰਗੂਰੀ’ ਧਾਰਮਿਕ, ‘ਕੁਕਨੂਸ’ ਭਰੂਣ ਹੱਤਿਆਵਾਂ, ‘ਗਰਮ ਖ਼ੂਨ’ ਧੋਖੇ ਫਰੇਬ, ‘ਦੇਖ ਹੁੰਦੇ’ ਆਪਸੀ ਖੁੰਦਕਾਂ ਅਤੇ ‘ਪਾਣੀ’ ਭਰਿਸ਼ਟਾਚਾਰ ਬਾਰੇ ਹਨ। ਰੂਪ ਦਵਿੰਦਰ ਕੌਰ ਨਾਹਿਲ ਦੀਆਂ ਪੰਜ ਕਵਿਤਾਵਾਂ ਵਿੱਚੋਂ ਪਹਿਲੀ ‘ਮੇਰੀ ਸ਼ਹਿਣਸ਼ੀਲਤਾ ਦੇ ਅੰਬਰੀਂ ਘੇਰੇ’ ਇਸਤਰੀ ਦੀ ਤਾਕਤ, ‘ਪਿਆਸ ਨਾਲ ਵਿਆਕੁਲ’ ਮਰਦ ਦੇ ਪਿਆਰ ਡਰਪੋਕਪੁਣੇ, ‘ਅੱਜ’ ਸਿੰਬਾਲਿਕ ਹੈ, ਜਿਹੜੀ ਇਸਤਰੀ ਦੀ ਭਾਵਨਾ ਦਾ ਪ੍ਰਤੀਕ ਬਣਦੀ, ‘ਅਗਨੀ ਪ੍ਰੀਖਿਆ ਔਰਤ ਦੀ ਸਮਰੱਥਾ ਅਤੇ ‘ਸਮੁੰਦਰ ਤੇ ਮੈਂ’ ਮਰਦ ਔਰਤ ਦੇ ਸੰਬੰਧਾਂ ਦੀ ਪ੍ਰਤੀਕ ਹੈ। ਦਰਸ਼ਨ ਸਿੰਘ ਸਿੱਧੂ ਸਟੇਜੀ ਕਵੀ ਦੀਆਂ ਚਾਰ ਕਵਿਤਾਵਾਂ ਵਿਦੇਸ਼ਾਂ ਵਿੱਚ ਰੁਲ ਰਹੇ ਪੰਜਾਬੀਆਂ, ਦਿਲੀ ਦੀ ਸਰਹੱਦ ਤੇ ਕਿਸਾਨਾਂ, ਭਰਿਸ਼ਟਾਚਾਰ ਅਤੇ ਦੋਸਤਾਂ ਦੀ ਭੈੜੀ ਪ੍ਰਵਿਰਤੀ ਨਾਲ ਸੰਬੰਧਤ ਕਵਿਤਾਵਾਂ ਹਨ। ਤਖ਼ਤਿੰਦਰ ਸਿੰਘ ਸੰਧੂ ਦੀਆਂ ਚਾਰ ਕਵਿਤਾਵਾਂ ਕਿਸਾਨੀ ਸੰਘਰਸ਼, ਪ੍ਰਵਾਸੀਆਂ ਦੀ ਜੋਖ਼ਮ ਭਰੀ ਜ਼ਿੰਦਗੀ ਅਤੇ ਰੁਮਾਂਟਿਕ ਕਵਿਤਾਵਾਂ ਹਨ। ਕਵਿਤਰੀ ਰਮਿੰਦਰ ਰਮੀ ਦੀਆਂ ਚਾਰ ਕਵਿਤਾਵਾਂ ਮਨੁੱਖੀ ਰਿਸ਼ਤਿਆਂ, ਸੰਸਕਾਰਾਂ ਦੀਆਂ ਪਾਬੰਦੀਆਂ ਅਤੇ ਰੁਮਾਂਸਵਾਦ ਨਾਲ ਲਬਰੇਜ ਹਨ। ਅਖ਼ੀਰ ਵਿੱਚ ਇਸ ਪੁਸਤਕ ਦੇ ਸੰਪਾਦਕ ਰਵਿੰਦਰ ਸਿੰਘ ਸੋਢੀ ਦੀਆਂ ਦੋ ਕਵਿਤਾਵਾਂ, ਦੋ ਗੀਤ ਅਤੇ ਦੋ ਗ਼ਜ਼ਲਾਂ ਸ਼ਾਮਲ ਹਨ, ਜਿਨ੍ਹਾਂ ਵਿੱਚ ਕਵੀ ਨੇ ਵਾਤਾਵਰਨ ਦੀ ਤਬਦੀਲੀ, ਧਾਰਮਿਕ ਆਸਥਾ, ਗਰੀਬੀ ਅਤੇ ਭਰੂਣ ਹੱਤਿਆਵਾਂ ਦੀ ਤ੍ਰਾਸਦੀ ਦੇ ਗੀਤ ਗਾਏ ਹਨ। |