15 September 2025

ਹਰ ਸ਼ਖਸ ਵੇਲੇ ਹਰ ਪਲ ਅਨੰਤ ਸਫਰ ਤੇ ਹੁੰਦਾ ਹੈ — ਸੰਜੀਵ ਝਾਂਜੀ, ਜਗਰਾਉਂ

ਇਹ ਦੁਨੀਆ ਬੜੀ ਅਜੀਬ ਹੈ, ਉਲਟ ਹੈ। ਇਥੇ ਅਮੀਰ ਦਾ ਨਾਮ ਗਰੀਬ ਦਾਸ ਅਤੇ ਗਰੀਬ ਬੰਦੇ ਦਾ ਨਾਂ ਅਮੀਰ ਸਿੰਘ ਰੱਖਿਆ ਜਾਂਦਾ ਹੈ। ਰੇਲ ਗੱਡੀ ਜਿਹੜੀ ਸਫਰ ਦੇ ਵਿੱਚ ਰਹਿੰਦੀ ਹੈ, ਭਾਵ ਚੱਲਦੀ (ਗਤੀਮਾਨ) ਰਹਿੰਦੀ ਹੈ, ਉਸ ਨੂੰ ਗੱਡੀ ਕਹਿੰਦੇ ਹਨ ਭਾਵ ਜਿਹੜੀ ਇਕ ਥਾਂ ਤੇ ਗੱਡੀ ਹੋਵੇ ਅਤੇ ਆਟਾ ਪੀਹਣ ਵਾਲੀ ਮਸ਼ੀਨ ਜਿਸ ਨੂੰ ਚੱਕੀ ਕਹਿਦੇ ਹਾਂ, ਉਹ ਇੱਕ ਥਾਂ ਤੇ ਗੱਡੀ ਹੁੰਦੀ ਹੈ। ਪਰ ਨਾਮ ਚੱਕੀ ਹੈ ਭਾਵ ਅਸੀਂ ਉਸਨੂੰ ਚੱਕੀ ਫਿਰਦੇ ਹਾਂ। ਇੱਕ ਥਾਂ ਤੋਂ ਦੂਜੀ ਥਾਂ।

ਪਰ ਚਾਹੇ ਕੋਈ ਚੀਜ਼ ਗੱਡੀ ਹੋਈ ਹੈ ਭਾਵ ਇੱਕ ਥਾਂ ਤੇ ਸਥਿਰ ਹੋਵੇ `ਤੇ ਭਾਵੇਂ ਉਹ ਲਗਾਤਾਰ ਸਫਰ ਦੇ ਵਿੱਚ ਹੋਵੇ ਹਰ ਚੀਜ਼ ਗਤੀਮਾਨ ਹੈ, ਚੱਲ ਰਹੀ ਹੈ। ਵਿਗਿਆਨ ਅਨੁਸਾਰ ਇਸ ਧਰਤੀ ਤੇ ਹੀ ਨਹੀਂ, ਪੂਰੇ ਬ੍ਰਹਿਮੰਡ ਵਿੱਚ ਕੋਈ ਵੀ ਚੀਜ਼ ਸਥਿਰ ਨਹੀਂ ਹੈ। ਧਰੁਵ (ਧੂਰ) ਤਾਰਾ ਵੀ ਨਹੀਂ। ਕਹਾਵਤ ਵੀ ਹੈ ਚਲਦੀ ਦਾ ਨਾਮ ਹੀ ਜ਼ਿੰਦਗੀ ਹੈ।

ਅਸੀਂ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਕਈ ਕੰਮਾਂ ਵਿੱਚ ਲਿਪਤ ਹੁੰਦੇ ਹਾਂ ਅਤੇ ਲਗਾਤਾਰ ਸਫਰ ਕਰਦੇ ਰਹਿੰਦੇ ਹਾਂ, ਇੱਕ ਥਾਂ ਤੋਂ ਦੂਜੀ ਥਾਂ। ਪਰ ਕੁਝ ਲੋਕ ਅਜਿਹੇ ਵੀ ਹੁੰਦੇ ਹਨ ਜਿਹੜੇ ਆਰਾਮ ਫਰਮਾਉਂਦੇ ਹਨ। ਪਰ ਵਿਗਿਆਨ ਕਹਿੰਦਾ ਹੈ ਕਿ ਅਰਾਮ ਫਰਮਾਉਣ ਵਾਲਾ ਸ਼ਖਸ ਵੀ ਹਰ ਵੇਲੇ ਗਤੀਮਾਨ ਰਹਿੰਦਾ ਹੈ। ਉਹ ਵੀ ਕੋਈ ਘੱਟ ਸਪੀਡ `ਤੇ ਨਹੀਂ ਬਹੁਤ ਜਿਆਦਾ ਸਪੀਡ `ਤੇ। ਸਾਡੀ ਧਰਤੀ ਲਗਾਤਾਰ ਗਤੀਮਾਨ ਹੈ। ਇਹ ਆਪਣੀ ਧੁਰੀ ਦੇ ਦੁਆਲੇ ਲਗਭਗ 1ਹਜਾਰ ਮੀਲ ਪ੍ਰਤੀ ਘੰਟੇ ਭਾਵ 16 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਘੁੰਮਦੀ ਹੈ। ਦੂਜੀ ਹੈਰਾਨੀ ਦੀ ਗੱਲ ਇਹ ਹੈ ਕਿ ਸਾਡੀ ਧਰਤੀ ਸੂਰਜ ਦੇ ਦੁਆਲੇ 67 ਹਜਾਰ ਮੀਲ ਪ੍ਰਤੀ ਘੰਟੇ ਭਾਵ ਇਕ ਲੱਖ 7 ਹਜਾਰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਲਗਾਤਾਰ ਗਤੀਮਾਨ ਰਹਿੰਦੀ ਹੈ, ਬਿਨਾਂ ਰੁਕੇ ਬਿਨਾਂ ਥੱਕੇ।

ਇਸ ਦਾ ਮਤਲਬ ਹੈ ਕਿ ਹਰ ਸ਼ਖਸ ਹਰ ਵੇਲੇ ਹਰ ਸਮੇਂ ਇੰਨੀ ਜਿਆਦਾ ਸਪੀਡ ਦੇ ਨਾਲ ਲਗਾਤਾਰ ਦੋ ਤਰੀਕਿਆਂ ਨਾਲ ਗਤੀਮਾਨ ਰਹਿੰਦਾ ਹੈ ਕਿਉਂਕਿ ਚਲਦੀ ਦਾ ਨਾਮ ਹੀ ਗੱਡੀ ਹੈ ਪਰ ਮਰੇ ਹੋਏ ਸ਼ਰੀਰ ਵੀ ਇਸ ਸਪੀਡ ਨਾਲ ਇਸ ਧਰਤੀ ਦੇ ਅਨੁਸਾਰ ਇਹ ਗਤੀ ਨੂੰ ਹਾਸਲ ਕਰਦੇ ਹਨ।

ਹੋਰ ਹੈਰਾਨੀ ਦੀ ਗੱਲ ਸੁਣੋ ਇਨਸਾਨ ਸਿਰਫ ਦੋ ਤਰੀਕਿਆਂ ਨਾਲ ਹੀ ਗਤੀ ਨਹੀਂ ਕਰਦਾ। ਇਕ ਤੀਜੇ ਕਿਸਮ ਦੀ ਵੀ ਗਤੀ ਹੁੰਦੀ ਹੈ। ਸਾਡਾ ਸੂਰਜ, ਜਿਸ ਦੇ ਦੁਆਲੇ ਸਾਡੀ ਧਰਤੀ ਮਾਂ ਘੁੰਮਦੀ ਹੈ, ਉਹ ਵੀ ਲਗਾਤਾਰ ਸਾਡੀ ਗਲੈਕਸੀ ਮਿਲਕੀ ਵੇ ਦੇ ਕੇਂਦਰ ਦੇ ਦੁਆਲੇ ਚੱਕਰ ਕੱਢਦਾ ਹੈ, ਸਾਰੇ ਗ੍ਰਹਿਆਂ-ਉਪਗ੍ਰਹਿਆਂ ਨੂੰ ਨਾਲ ਲੈ ਕੇ। ਉਸ ਦੀ ਸਪੀਡ ਵੀ ਮਾੜੀ-ਮੋਟੀ ਨਹੀਂ, ਸਗੋਂ ਬਹੁਤ ਜਿਆਦਾ ਹੁੰਦੀ ਹੈ। ਲਗਭਗ 220 ਕਿਲੋਮੀਟਰ ਪ੍ਰਤੀ ਸੈਕਿੰਡ। ਅੰਦਾਜ਼ੇ ਮੁਤਾਬਕ 8 ਲੱਖ 28 ਹਜਾਰ ਕਿਲੋਮੀਟਰ ਪ੍ਰਤੀ ਘੰਟਾ।

ਇਹ ਸਥਿਤੀ ਲਗਭਗ ਉਹੋ ਜਿਹੀ ਹੀ ਹੈ, ਜਿਹੜੀ ਰੋਸ਼ਨੀ ਦੇ ਮੇਲੇ ਤੇ ਆਏ ਇੱਕ ਖਾਸ ਕਿਸਮ ਦੇ ਝੂਟੇ ਦੀ ਹੁੰਦੀ ਹੈ। ਮੈਨੂੰ ਯਾਦ ਹੈ ਕਿ ਕਾਲਜ ਦੇ ਦਿਨਾਂ ਵਿੱਚ ਮੈਂ ਇੱਕ ਅਜਿਹੇ ਝੂਲਣੇ `ਤੇ ਝੂਠੇ ਲਏ ਸਨ। ਟੇਢੀ ਕਿਸਮ ਦਾ ਇਹ ਝੂਟਾ ਬੜਾ ਅਜੀਬ ਜਿਹਾ ਸੀ। ਇਹਦੇ ਵਿੱਚ ਚਾਰ-ਚਾਰ ਕੁਰਸੀਆਂ ਦੇ ਚਾਰ ਸੈਟ ਲੱਗੇ ਹੋਏ ਸਨ ਤੇ` ਇਹ ਚਾਰ-ਚਾਰ ਕੁਰਸੀਆਂ ਆਪਣੀ ਧੁਰੀ ਦੇ ਦੁਆਲੇ ਘੁੰਮਦੀਆਂ ਸਨ। ਹੈਰਾਨੀ ਦੀ ਗੱਲ ਇਹ ਸੀ ਕਿ `ਕੱਲੀ-`ਕੱਲੀ ਕੁਰਸੀ ਵੀ ਆਪਣੀ ਧੁਰੀ ਦੇ ਦੁਆਲੇ ਘੁੰਮਦੀ ਸੀ ਅਤੇ ਇਹ ਚਾਰੇ-ਚਾਰੇ ਕੁਰਸੀਆਂ ਦੇ ਸੈਟ ਭਾਵ 16 ਦੀਆਂ 16 ਕੁਰਸੀਆਂ ਉਸ ਪੂਰੇ ਝੂਲਣੇ ਦੇ ਧੁਰੇ ਦੁਆਲੇ ਘੁੰਮਦੀਆਂ ਸਨ। ਮੈਂ ਆਪਣੇ ਤਿੰਨ ਦੋਸਤਾਂ ਦੇ ਨਾਲ ਇਹਨਾਂ ਵਿੱਚ ਬਹਿ ਗਿਆ। ਸਾਨੂੰ ਚਾਰ ਕੁਰਸੀਆਂ ਦਾ ਇੱਕ ਸੈਟ ਦੇ ਦਿੱਤਾ ਗਿਆ। ਬਾਕੀ ਲੋਕ ਬਾਕੀ ਸੈਟਾਂ ਤੇ ਬੈਠ ਗਏ। ਜਦੋਂ ਇਹ ਝੂਟਾ ਚੱਲਿਆ ਤਾਂ ਮੇਰੀ ਕੁਰਸੀ ਮੇਰੇ ਦੁਆਲੇ ਘੁੰਮਣ ਲੱਗ ਗਈ। ਇਹ ਘੁੰਮਦੇ ਘੁੰਮਦੇ ਸਾਡੇ ਦੋਸਤਾਂ ਵਾਲੀਆਂ ਚਾਰ ਕੁਰਸੀਆਂ ਦੇ ਸੈਟ ਦੇ ਕੇਂਦਰ ਦੇ ਦੁਆਲੇ  ਘੁੰਮ ਰਹੀ ਸੀ। ਪਰ ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਸਾਡਾ ਪੂਰਾ ਸੈਟ ਉਸ ਝੂਲਣੇ ਦੇ ਧੁਰੇ ਦੇ ਦੁਆਲੇ ਘੁੰਮ ਰਿਹਾ ਸੀ। ਭਾਵ ਅਸੀਂ ਤਿੰਨ ਤਰ੍ਹਾਂ ਦੀ ਗਤੀ ਕਰ ਰਹੇ ਸੀ ਹਾਲਾਂਕਿ ਇਹ ਸਥਿਤੀ ਬਹੁਤ ਡਰਾਉਣੀ ਜਾਪਦੀ ਸੀ ਪਰ ਰੋਮਾਂਚਕ ਵੀ ਸੀ।

ਪਰ ਅਸੀਂ ਤੁਰਦੇ ਫਿਰਦੇ ਤਿੰਨ ਤਰ੍ਹਾਂ ਦੀ ਨਹੀਂ ਬਲਕਿ ਕਈ ਤਰ੍ਹਾਂ ਦੀ, ਘੱਟੋ ਘੱਟ ਚਾਰ ਕਿਸਮ ਦੀ ਗਤੀ ਤਾਂ ਕਰਦੇ ਹੀ ਹਾਂ। ਜਿਨਾਂ ਵਿੱਚੋਂ ਸਾਨੂੰ ਸਿਰਫ਼ ਇੱਕ ਕਿਸਮ ਦੀ ਗਤੀ ਹੀ ਪਤਾ ਹੁੰਦੀ ਹੈ। ਜਿਹੜੀ ਅਸੀਂ ਸੜਕ `ਤੇ ਤੁਰਦੇ, ਸਕੂਟਰ ਵਗੈਰਾ ਚਲਾਉਂਦੇ ਹੋਏ ਹੀ ਮਹਿਸੂਸ ਕਰਦੇ ਹਾਂ। ਜਿਸ ਨੂੰ ਆਮ ਤੌਰ ਤੇ ਸਰਲ ਰੇਖੀ ਗਤੀ ਕਿਹਾ ਜਾਂਦਾ ਹੈ। ਪਰ ਇਸ ਦੇ ਨਾਲ ਅਸੀਂ ਧਰਤੀ ਦੀ ਧੁਰੀ ਦੇ ਦੁਆਲੇ ਵੀ ਘੁੰਮ ਰਹੇ ਹੁੰਦੇ ਹਾਂ, ਜਿਹੜੀ ਕਿ ਚੱਕਰਾਕਾਰ ਗਤੀ ਹੈ। ਧਰਤੀ ਸੂਰਜ ਦੇ ਦੁਆਲੇ ਘੁੰਮ ਰਹੀ ਹੈ। ਅਸੀਂ ਵੀ ਨਾਲ ਘੁੰਮ ਰਹੇ ਹਾਂ, ਕਿਉਂਕਿ ਅਸੀਂ ਵੀ ਤਾਂ ਧਰਤੀ ਤੇ ਹੀ ਹਾਂ। ਇਹ ਵੀ ਚੱਕਰਾਕਾਰ (ਅੰਡਾਕਾਰ) ਗਤੀ ਹੈ। ਸਾਡਾ ਸੂਰਜ ਸਾਡੀ ਧਰਤੀ, ਸਾਡੇ ਚੰਦਰਮਾ ਦੇ ਨਾਲ ਆਪਣੀ ਮਿਲਕੀ ਵੇ ਗਲੈਕਸੀ ਦੇ ਕੇਂਦਰ ਦੁਆਲੇ ਘੁੰਮ ਰਿਹਾ ਹੈ। ਉਹ ਵੀ ਇੱਕ ਅੰਡਾਕਾਰ ਗਤੀ ਹੈ। ਸਾਡੀ ਮਿਲਕੀ ਵੇ ਗਲੈਕਸੀ ਇੱਕ ਬਹੁਤ ਹੀ ਵੱਡੇ ਅਨੰਤ ਬ੍ਰਹਿਮੰਡ (ਪੁਲਾੜ) ਦਾ ਹਿੱਸਾ ਹੈ। ਬ੍ਰਹਿਮੰਡ (ਪੁਲਾੜ) ਲਗਾਤਾਰ ਫੈਲ ਰਿਹਾ ਹੈ। ਭਾਵ ਉਹ ਗਤੀ ਵੀ ਹੋ ਰਹੀ ਹੈ।

ਸਾਰੀ ਗੱਲ ਦਾ ਮਤਲਬ ਇਹ ਹੈ ਕਿ ਚਾਹੇ ਇਸ ਨੂੰ ਵਿਗਿਆਨ ਕਹਿ ਲਈਏ, ਚਾਹੇ ਕੁਦਰਤ ਕਹਿ ਲਈਏ, ਚਾਹੇ ਪਰਮਾਤਮਾ ਦੀ ਬਣਾਈ ਦੁਨੀਆ `ਤੇ ਚਾਹੇ ਉਸ ਦੀ ਰਜ਼ਾ ਕਹਿ ਲਈਏ, ਅਨੰਤ ਹੈ, ਵਿਸ਼ਾਲ ਹੈ, ਅਪਰੰਪਾਰ ਹੈ। ਭਾਵ ਸਾਨੂੰ ਇਸ ਦੇ ਪਾਰ ਦਾ ਪਤਾ ਨਹੀਂ ਹੈ। ਕਿਉਂਕਿ ਜਿੰਨਾ ਵੀ ਬ੍ਰਹਿਮੰਡ ਅਸੀਂ ਹੁਣ ਤੱਕ ਲੱਭਿਆ ਹੈ, ਕਹਿਣ ਵਾਲੇ ਵਿਗਿਆਨੀ ਤਾਂ ਕਹਿੰਦੇ ਹਨ ਕਿ ਸ਼ਾਇਦ ਇਹ ਸੰਪੂਰਨ ਬ੍ਰਹਿਮੰਡ (ਪੁਲਾੜ) ਦਾ ਇੱਕ ਪ੍ਰਤੀਸ਼ਤ ਤੂੰ ਵੀ ਘੱਟ ਹੈ। ਕਈ ਵਿਗਿਆਨੀ ਤਾਂ ਇਹ ਵੀ ਮੰਨਦੇ ਹਨ ਕੀ ਬ੍ਰਹਿਮੰਡ (ਪੁਲਾੜ) ਇੱਕ ਨਹੀਂ ਅਨੇਕਾਂ ਹਨ। ਸੋਚ ਸਮਝ `ਤੇ ਦਿਮਾਗ ਆਪਣਾ ਆਪਣਾ ਹੈ। ਪਰ ਵਿਗਿਆਨ ਅਨੁਸਾਰ ਇਹ ਪੱਕਾ ਹੈ ਕਿ ਅਸੀਂ ਹਰ ਵੇਲੇ ਹਰ ਪਲ ਅਨੰਤ ਸਫਰ ਤੇ ਹੁੰਦੇ ਹਾਂ।
***
ਸੰਜੀਵ ਝਾਂਜੀ, ਜਗਰਾਉਂ
ਮੋਬਾਈਲ 80049 1000008

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1582
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →