ਅੱਜ ਵੀ ਯਾਦ ਨੇ ਉਹ ਪਲ ਜਦੋਂ ਝੁਰੜੀਆਂ ਭਰੇ ਕੂਲ਼ੇ ਮਖਮਲੀ ਕੰਬਦੇ ਹੱਥ ਨਾਲ਼ ਬੇਬੇ ਨੇ ਮੇਰੀ ਕਲਾਈ ਟੋਹੀ ਜਿਸ ਵਿੱਚ ਉਸ ਦੇ ਹੀ ਦਿੱਤੇ ਸੋਨੇ ਦੇ ਕੰਗਣਾਂ ਦੀ ਜੋੜੀ ਪਾਈ ਹੋਈ ਸੀ। ਬੇਬੇ ਬੇਸੁਰਤੀ ਵਿੱਚ ਥਥਲਾ ਕੇ ਬੋਲੀ ਸੀ,” ਆ ਗਈ ਡੱਡੇ ਤੂੰ?” ਜਿਵੇਂ ਉਹ ਮੇਰੀ ਉਡੀਕ ਵਿਚ ਸਾਹਾਂ ਦੇ ਡੋਰ ਲਮਕਾਈ ਬੈਠੀ ਹੋਵੇ। ਸਾਹਾਂ ਦਾ ਛੇਕੜਲਾ ਮਣਕਾ ਫਿਰ ਰਿਹਾ ਸੀ। ਟੁੱਟਦੇ ਤਾਰੇ ਦਾ ਆਖ਼ਰੀ ਝਲਕਾਰਾ ਸੀ। ਡਾਕਟਰਾਂ ਨੇ ਜਵਾਬ ਦੇ ਕੇ ਘਰ ਮੋੜ ਦਿੱਤਾ ਸੀ। ਪੋਹ ਦੀ ਠੰਡੀ ਠਾਰ ਅੱਧੀ ਰਾਤ ਨੂੰ ਉਹ ਫ਼ਕੀਰ ਅਤੇ ਪੈਗੰਬਰੀ ਰੂਹ ਸਾਹਾਂ ਦਾ ਪੰਧ ਮੁਕਾਅ ਧੁਰ ਦਰਗਾਹ ਨੂੰ ਚਾਲੇ ਪਾ ਗਈ ਸੀ। ਦੁੱਖਾਂ ਦੀ ਪਿੰਜੀ ਰੂਹ ਸੁੱਖ ਦੀ ਨੀਂਦ ਸੌਂ ਗਈ ਸੀ। ਅਕਸਰ ਘੁੱਗੀ ਦੀ ਬਾਤ ਪਾਉਂਦੀ ਬੇਬੇ ਤੁਰ ਗਿਆਂ ਦਾ ਰੁਦਨ ਕਰਦੀ, ਹਉਕੇ ਲੈਂਦੀ ਮੇਰੇ ਚੇਤਿਆਂ ਵਿਚ ਹਮੇਸ਼ਾ ਲਈ ਵਸੀ ਹੋਈ ਹੈ। ਜੈਤੋ ਸਿੱਧੂ ਪ੍ਰਵਾਰ ਵਿੱਚ ਜੰਮੀ ਬੇਬੇ ਅਮੀਰ ਘਰ ਦੀ ਧੀ ਸੀ। ਬਚਪਨ ਵਿਚ ਆਪਦੇ ਪਿਉ ਦਾ ਜ਼ਮੀਨ ਪਿੱਛੇ ਸ਼ਰੀਕਾਂ ਦੁਆਰਾ ਕੀਤਾ ਕਤਲ ਜਰਿਆ ਅਤੇ ਨਾਨਕਿਆਂ ਦੇ ਦਰ ਤੇ ਬੈਠ ਕੇ ਭਰਾ ਨੂੰ ਜਵਾਨ ਹੋਣ ਤੱਕ ਉਡੀਕਿਆ। ਉਹੀ ਸ਼ਰੀਕਾਂ ਨੂੰ ਮੁਆਫ਼ ਕਰਕੇ ਫੇਰ ਜੈਤੋ ਆਣ ਵਸੇ ਪਰ ਸੱਪ ਵਿੱਚੋਂ ਜ਼ਹਿਰ ਕਿੱਥੋਂ ਜਾਂਦਾ? ਓਹੀ ਸ਼ਰੀਕਾਂ ਨੇ ਭਰਾ ਨੂੰ ਵੀ ਮਾਰ ਮੁਕਾਇਆ। ਉਸ ਦਾ ਤੁਰ ਜਾਣਾ ਓਸ ਦੀ ਰੂਹ ਨੂੰ ਕੰਢਿਆਂ ਤੇ ਸੁੱਕਣੀ ਪਾ ਗਿਆ ਸੀ। ਇੰਨੇ ਜ਼ੁਲਮ ਸਹਿ ਕੇ ਵੀ ਬੇਬੇ ਪਤਾ ਨਹੀਂ ਕਿਵੇਂ ਸ਼ਾਂਤ ਸੁਭਾਅ ਦੀ ਸੀ? ਸ਼ਾਇਦ ਉਸ ਸਿਖ਼ਰ ਦੇ ਦੁੱਖ ਦੀ ਪੀੜ ਸਮਝਣ ਲਈ ਮੈਂ ਉਹਦੇ ਘਰ ਜੰਮੀਂ ਤਾਂ ਜੋ ਹਿਜ਼ਰਾਂ ਭਰੀ ਜ਼ਿੰਦਗੀ ਦੀ ਦਾਸਤਾਨ ਸਮਝ ਸਕਾਂ। ਤਿੱਖੜ ਦੁਪਹਿਰਿਆਂ ਵਰਗੀ ਜ਼ਿੰਦਗੀ ਦੇ ਨਾਲ ਕੁੱਝ ਕਦਮ ਚੱਲ ਸਕਾਂ। ਹੌਕਿਆਂ ਦੀ ਬੇਬੱਸੀ ਅਤੇ ਤੜਫ਼ ਦੀ ਰਮਜ਼ ਤੋਂ ਬਚਪਨ ਵਿਚ ਹੀ ਜਾਣੂ ਹੋ ਜਾਵਾਂ ਕਿਓਂਕਿ ਮੇਰੇ ਹਿੱਸੇ ਵੀ ਵਿਯੋਗ ਅਤੇ ਹੌਕਿਆਂ ਨੇ ਹੀ ਆਉਣਾ ਸੀ। ਹਰ ਰੋਜ਼ ਦੀ ਤਰ੍ਹਾਂ ਮੈਂ ਅੱਜ ਸਵੇਰੇ ਆਪਦੇ ਕੁੱਤੇ ਇੰਡੀ ਨੂੰ ਬਾਹਰ ਘੁਮਾਉਣ ਲੈ ਕੇ ਨਿਕਲ਼ੀ ਤਾਂ ਘਰ ਦੇ ਮੂਹਰੇ ਸੰਘਣੇ ਹਰੇ-ਭਰੇ ਦਰਖ਼ਤ ਤੇ ਇੱਕ ਘੁੱਗੀ ਘੁੱਗੂ ਘੂ ਦਾ ਰਾਗ ਅਲਾਪ ਰਹੀ ਸੁਣੀ। ਅਤੀਤ ਦੇ ਮੋਰ ਨੇ ਝੱਟ ਪੈਲ ਪਾਉਣੀ ਸ਼ੁਰੂ ਕਰ ਦਿੱਤੀ। ਚੇਤਿਆਂ ਦੀ ਮਿੱਟੀ ਵਰੋਲ਼ਾ ਬਣ ਕੇ ਉੱਡਣ ਲੱਗੀ। ਪਤਾ ਨਹੀਂ ਮੇਰੇ ਮੂੰਹੋਂ ਆਪ-ਮੁਹਾਰੇ ਹੀ ਨਿਕਲਿਆ, “ਬੇਬੇ ਤੂੰ ਮੇਰੇ ਪਿੱਛੇ ਏਥੇ ਵੀ ਆ ਗਈ?” “ਹਾਂ ਡੱਡੇ, ਤੇਰਾ ਰੁਦਨ, ਤੇਰੀ ਪੀੜ ਮੈਨੂੰ ਕਿਸੇ ਜਹਾਨ ਨਹੀਂ ਵਸਣ ਦਿੰਦੀ।” “ਪਰ ਮੇਰਾ ਕੀ ਜ਼ੋਰ ਚਲਦਾ ਬੇਬੇ? ਮੈਂ ਤਾਂ ਜਾਨੋਂ ਪਿਆਰੇ ਨੂੰ ਨਾ ਰੋਕ ਸਕੀ।” ਮੈਂ ਇਕੱਲੀ ਹੀ ਬੋਲੀ। “ਜ਼ਿੰਦਗੀ ਰੂਹ ਦੀ ਅਮਾਨਤ ਹੈ ਧੀਏ, ਜਿਸਮ ਇਸ ਦੀ ਕੁੱਲੀ। ਰਿਸ਼ਤਿਆਂ ਦਾ ਕਰਜ਼ ਹਰ ਹਾਲ ਮੋੜਨਾ ਪੈਂਦਾ ਹੈ। ਦੇਖਦੀ ਨਾ ਹੁੰਦੀ ਸੀ ਤੂੰ ਕਿ ਮੈਂ ਇਕੱਲੀ-ਕਹਿਰੀ ਜਾਨ ਸੀ, ਤੁਸੀਂ ਢਾਈ ਕੁ ਟੋਟਰੂ ਹੀ ਮੇਰਾ ਕੁੱਲ ਜਹਾਨ ਸੀ। ਮੇਰੇ ਹਿੱਸੇ ਦੀ ਛੋਟੀ ਜਿਹੀ ਦੁਨੀਆਂ ਪਾ ਕੇ ਵੀ ਮੈਂ ਹਰ ਘੜੀ ਰੱਬ ਦੇ ਲੱਖ ਸ਼ੁਕਰਾਨੇ ਕਰਦੀ ਨੇ ਜ਼ਿੰਦਗੀ ਕੱਢੀ ਸੀ। ਤੂੰ ਵੀ ਸ਼ੁਕਰਾਨਾ ਕਰਿਆ ਕਰ ਮੇਰੀ ਡੱਡੇ।” “ਮੇਰੇ ਤੋਂ ਕਰ ਨਹੀਂ ਹੁੰਦਾ ਬੇਬੇ, ਮੈਂ ਕੀ ਕਰਾਂ? ਜੋ ਅੱਖਾਂ ਤੱਕਣਾ ਚਾਹੁੰਦੀਆਂ, ਉਹ ਦਿਸਦਾ ਨਹੀਂ। ਮੇਰੇ ਕਲਾਵੇ ਵਿਚ ਆਉਂਦਾ ਨਹੀਂ! ਉਸ ਦਾ ਦੂਰ ਜਾਣਾ ਮੇਰੇ ਤੋਂ ਝੱਲ ਨਹੀਂ ਹੁੰਦਾ।” “ਕੋਈ ਦੂਰ ਨਹੀਂ ਹੁੰਦਾ ਕਮਲੀਏ। ਮੈਨੂੰ 25 ਵਰੵੇ ਹੋ ਗਏ ਗਈ ਨੂੰ, ਤੂੰ ਤਾਂ ਝੱਲੀਏ ਮੈਨੂੰ ਨਹੀਂ ਪਲ ਭਰ ਲਈ ਵਿਸਾਰਦੀ। ਆਪਦੀ ਆਂਦਰ ਨੂੰ ਕਿੱਥੋਂ ਦੂਰ ਹੋਣ ਦਿੰਦੀ ਹੋਵੇਂਗੀ। ਜੁੜਤ ਜਿਸਮਾਂ ਦੀ ਨਹੀਂ, ਰੂਹ ਦੀ ਸਕੀਰੀ ਹੁੰਦੀ ਹੈ।” “ਰੂਹ ਨੂੰ ਕਿਵੇਂ ਸਮਝਾਵਾਂ ਬੇਬੇ, ਹਾੜਾ ਉਹ ਵੀ ਵੱਲ ਦੱਸ ਜਾਂਦੀ?” “ਸਾਲਮ ਤੁਰਨਾ ਪੈਂਦਾ, ਆਪਾ ਸਾਂਭ।” ਅਵਾਜ਼ ਕੰਨੀਂ ਪਈ ਅਤੇ ਘੁੱਗੀ ਖੁੱਲ੍ਹੇ ਅੰਬਰ ਵੱਲ ਫੁਰਰ ਕਰ ਕੇ ਉਡਾਣ ਭਰ ਗਈ। ਮੈਂ ਇਰਦ-ਗਿਰਦ ਦੇਖਿਆ ਤਾਂ ਮੇਰੀ ਇੰਡੀ ਕਦੋਂ ਦੀ ਜੰਗਲ ਪਾਣੀ ਕਰ ਕੇ ਅੰਦਰ ਜਾ ਚੁੱਕੀ ਸੀ। ਹਵਾ ਦੇ ਠੰਡੇ ਬੁੱਲੇ ਨਾਲ ਝੂਮਦੇ ਰੁੱਖ ਤੇ ਬੈਠੀ ਬੇਬੇ ਵਰਗੀ ਘੁੱਗੀ ਨਾਲ ਮੇਰਾ ਸੰਵਾਦ ਹੀ ਜਾਰੀ ਸੀ… |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਹਰਕੀਰਤ ਕੌਰ ਚਹਿਲ:
ਮੈਂ ਪਿੰਡ ਖੇੜਾ ਜਿਲ੍ਹਾ ਲੁਧਿਆਣਾ ਦੀ ਜੰਮਪਲ਼ ਹਾਂ। ਮੇਰੇ ਪਿਤਾ ਸ਼ ਸ਼ੇਰ ਸਿੰਘ ਇਲੈਕਟ੍ਰੀਕਲ ਇੰਜੀਨੀਅਰ ਅਤੇ ਮਾਤਾ ਸਰਦਾਰਨੀ ਹਰਪ੍ਰੀਤ ਕੌਰ ਇੱਕ ਘਰੇਲੂ ਔਰਤ ਹਨ। ਤਿੰਨ ਭੈਣ ਭਰਾਵਾਂ ਵਿੱਚੋਂ ਮੈਂ ਵੱਡੀ ਅਤੇ ਛੋਟੇ ਦੋਵੇਂ ਆਸਟਰੇਲੀਆ ਵਿੱਚ ਡਾਕਟਰ ਹਨ।
ਹਾਈ ਸਕੂਲੀ ਸਿੱਖਿਆ ਲੁਧਿਆਣੇ ਦੇ ਖਾਲਸਾ ਗਰਲਜ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਤੋਂ ਹੋਸਟਲ ਰਹਿ ਕੇ ਪ੍ਰਾਪਤ ਕੀਤੀ। ਸਾਢੇ ਤੇਰਾਂ ਸਾਲ ਦੀ ਛੋਟੀ ਉਮਰ ਵਿੱਚ ਮੈਟ੍ਰਿਕ ਕਰਕੇ 1983 ਵਿੱਚ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਵਿਖੇ ਬੀ.ਐਸ.ਸੀ. ਦੀ ਡਿਗਰੀ ਕਰਨ ਲੱਗ ਪਈ। ਕਾਲਜ ਆਫ ਐਗਰੀਕਲਚਰ ਤੋਂ ਮੈਂ ਬੀ.ਐਡ. ਕੀਤੀ। ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਮੈਂ ਸਾਹਿਤਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਵਿੱਚ ਕਾਫ਼ੀ ਸਰਗਰਮ ਸੀ। ਪੰਜਾਬ ਦਾ ਸੁਪ੍ਰਸਿੱਧ ਲੋਕ ਨਾਚ ਗਿੱਧੇ ਦੀ ਤਿੰਨ ਸਾਲ ਕਪਤਾਨ ਹੋਣ ਦੇ ਨਾਲ ਨਾਲ ਬੈਸਟ ਡਾਂਸਰ ਵੀ ਬਣੀ। ਖੇਡਾਂ ਪ੍ਰਤੀ ਰੁਝਾਨ ਹੋਣ ਕਾਰਨ ਮੈਂ ਪੀ.ਏ. ਯੂ. ਦੀ ਹਾਕੀ ਦੀ ਟੀਮ ਵਿੱਚ ਲੈਫਟ ਹਾਫ਼ ਪੁਜ਼ੀਸ਼ਨ ਤੇ ਖੇਡਦਿਆਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਤੱਕ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਬੀ.ਐਡ. ਦੀ ਪੜ੍ਹਾਈ ਖਤਮ ਹੁੰਦਿਆਂ ਹੀ ਮੇਰਾ ਵਿਆਹ ਡਾ. ਕੁਲਦੀਪ ਸਿੰਘ ਚਹਿਲ ਨਾਲ ਹੋ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਮੈਂ ਦੂਰ-ਸੰਚਾਰ ਵਿਭਾਗ ਰਾਂਹੀ ਐਮ. ਏ. ਪੰਜਾਬੀ ਸ਼ੁਰੂ ਕਰ ਦਿੱਤੀ ਜਿਸ ਦਾ ਭਾਗ ਪਹਿਲਾ ਤਾਂ ਮੁਕੰਮਲ ਹੋ ਗਿਆ ਸੀ ਪ੍ਰੰਤੂ ਪਰਿਵਾਰਕ ਜ਼ੁੰਮੇਵਾਰੀਆਂ ਕਾਰਨ ਡਿਗਰੀ ਪੂਰੀ ਨਾ ਕਰ ਸਕੀ। 1993 ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਬਤੌਰ ਅਧਿਆਪਕ ਪੜ੍ਹਾਉਣਾ ਸ਼ੁਰੂ ਕੀਤਾ ਜੋ ਕਿ ਮੇਰਾ ਜਨੂੰਨ ਸੀ। ਫੇਰ ਪਟਿਆਲ਼ੇ ਦੀ ਬਦਲੀ ਹੋਣ ਕਾਰਨ ਸੰਨ 2000 ਵਿੱਚ ਬੁੱਢਾ ਦਲ ਪਬਲਿਕ ਸਕੂਲ ਜੁਆਇਨ ਕੀਤਾ। ਮੇਰੇ ਕੰਮ ਅਤੇ ਹਿੰਮਤੀ ਵਤੀਰੇ ਕਾਰਨ ਮੈਨੇਜਮੈਂਟ ਨੇ ਮੈਨੂੰ ਜੂਨੀਅਰ ਵਿੰਗ ਦੀ ਪ੍ਰਿੰਸੀਪਲ ਬਣਾ ਦਿੱਤਾ ਜੋ ਕਿ ਪੰਜ ਸਾਲ ਮੈਂ ਪੂਰੀ ਸ਼ਿੱਦਤ ਨਾਲ ਨਿਭਾਇਆ।
2005 ਵਿੱਚ ਸਕਿਲਡ ਕੈਟਾਗਰੀ/ ਪੁਆਇੰਟ ਸਿਸਟਮ ਤੇ ਕਨੇਡਾ ਦੀ ਪੀ.ਆਰ. ਆ ਗਈ। ਅਗਸਤ ਮਹੀਨੇ ਬ੍ਰਿਟਿਸ਼ ਕੋਲੰਬੀਆ ਦੀ ਖ਼ੂਬਸੂਰਤ ਧਰਤੀ ਤੇ ਆਣ ਕੇ ਪੱਬ ਧਰੇ। ਸਾਲ ਕੁ ਦੀ ਜੱਦੋ-ਜਹਿਦ ਬਾਦ ਮੈਨੂੰ ਕਨੇਡੀਅਨ ਅਧਿਆਪਕ ਦਾ ਲਾਇਸੰਸ ਮਿਲ ਗਿਆ 2006-2012 ਤੱਕ ਮੈਂ ਰਿਚਮੰਡ ਦੇ ਸਕੂਲ ਵਿੱਚ ਅਧਿਆਪਕ ਰਹੀ।
2012 ਵਿੱਚ ਮੈਂ ਚਿਆਮ ਵਿਊ ਵੈਟਰਨਰੀ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲ਼ ਲਿਆ ਜੋ ਕਿ ਪਰਿਵਾਰਕ ਕਾਰੋਬਾਰ ਸੀ। ਆਪਦਾ ਜਨੂੰਨ ਛੱਡ ਚੁਨੌਤੀ ਭਰਿਆ ਕੰਮ ਸਵੀਕਾਰਨਾ ਔਖਾ ਸੀ ਪਰ ਮੈਂ ਫੈਸਲਾ ਲੈਣ ਵਿੱਚ ਜ਼ਰਾ ਗੁਰੇਜ਼ ਨਾ ਕੀਤਾ। ਅੱਜ-ਕੱਲ੍ਹ ਖ਼ੂਬਸੂਰਤ ਵਾਦੀ “ਚਿਲੀਵੈਕ” ਵਿੱਚ ਮੇਰਾ ਦੌਲਤਖ਼ਾਨਾ ਹੈ।
ਰੂਹ ਰਾਜ਼ੀ ਕਰਨ ਦਾ ਸਬੱਬ ਸ਼ਬਦੀ ਸਾਂਝ ਰਹੀ ਜੋ ਕਿ ਪਰਵਾਸ ਦੇ ਨਾਲ ਹੀ ਮੇਰੀਆਂ ਬਰੂਹਾਂ ਤੇ ਆਣ ਖਲੋਤੀ ਸੀ। ਛੋਟੀਆਂ ਨਜ਼ਮਾਂ ਕਦੋਂ ਜੁਆਨ ਹੋ ਕੇ ਕਹਾਣੀਆਂ ਬਣਨ ਲੱਗੀਆਂ ਪਤਾ ਹੀ ਨਹੀਂ ਲੱਗਿਆ।
ਕਹਾਣੀ ਸੰਗ੍ਰਹਿ:
2016 ਕਹਾਣੀ ਸੰਗ੍ਰਹਿ “ ਪਰੀਆਂ ਸੰਗ ਪਰਵਾਜ਼” ਛਪ ਕੇ ਆਇਆ ਤਾਂ ਸਾਹਿਤ ਜਗਤ ਵਿੱਚ ਖ਼ੂਬ ਪ੍ਰਵਾਨ ਹੋਇਆ।
2024 ਕਹਾਣੀ ਸੰਗ੍ਰਹਿ “ਫੇਰ ਮਿਲਾਂਗੇ”
ਨਾਵਲ:
2017 ਵਿੱਚ ਮੇਰੀ ਲੰਬੀ ਕਹਾਣੀ “ਤੇਰੇ ਬਾਝੋਂ” ਨਾਵਲ ਦਾ ਰੂਪ ਧਾਰਨ ਕਰ ਗਈ ਤੇ ਛਪ ਗਈ।
2018 ਵਿੱਚ ਵੱਡ-ਅਕਾਰੀ ਨਾਵਲ “ਥੋਹਰਾਂ ਦੇ ਫੁੱਲ” ਆਇਆ
2019 ਵਿੱਚ ਤੀਜਾ ਨਾਵਲ “ਆਦਮ-ਗ੍ਰਹਿਣ” ਲਿਖਿਆ ਜਿਸਦਾ ਹੁਣ ਤੱਕ ਚਾਰ ਭਾਸ਼ਾਵਾਂ ਵਿੱਚ ਤਰਜਮਾ ਹੋ ਚੁੱਕਿਆ ਹੈ।
“ਤੀਜੀ ਮਖ਼ਲੂਕ” ਸ਼ਾਹਮੁਖੀ ਵਿੱਚ ਪਾਕਿਸਤਾਨ ਛਪਿਆ
Eclipded Humanity ਅੰਗਰੇਜ਼ੀ
ਅਤੇ ਆਦਮ-ਗ੍ਰਹਿਣ (ਹਿੰਦੀ) ਇੰਡੀਆ ਨੈੱਟ ਪਬਲੀਕੇਸ਼ਨ ਦਿੱਲੀ।
2020 ਵਿੱਚ ਸਵੈ-ਜੀਵਨੀ ਅੰਸ਼ “ਇੰਜ ਪ੍ਰਦੇਸਣ ਹੋਈ”
2021 ਵਿੱਚ ਲਾਹੌਰ ਸਫ਼ਰਨਾਮਾ “ਲੱਠੇ ਲੋਕ ਲਾਹੌਰ ਦੇ”,
2022 ਵਿੱਚ ਨਾਵਲ ਚੰਨਣ ਰੁੱਖ,
2023 ਸਫ਼ਰਨਾਮਾ “ਰਾਵੀ ਦੇਸ ਹੋਇਆ ਪ੍ਰਦੇਸ” ਆਇਆ।
ਵੰਡ ਤੇ ਅਧਾਰਿਤ ਨਾਵਲ “ਚਿਰਾਗ਼ਾਂ ਵਾਲੀ ਰਾਤ” ਅਤੇ ਕਹਾਣੀ ਸੰਗ੍ਰਹਿ “ਫੇਰ ਮਿਲਾਂਗੇ” ਵੀ ਆ ਗਿਆ ਹੈ।
ਕਹਾਣੀ “ਅਧੂਰੇ ਖਤ” ਤੇ ਆਧਾਰਿਤ ਟੈਲੀ ਫ਼ਿਲਮ ਵੀ ਬਣੀ।
ਮੇਰੀਆਂ ਰਚਨਾਵਾਂ ਨੂੰ ਪੰਜਾਬ ਦੀਆਂ ਵੱਖ ਵੱਖ ਸਾਹਿਤਕ ਸਭਾਵਾਂ ਜਿੰਨਾ ਵਿੱਚ ਲੁਧਿਆਣਾ, ਪਟਿਆਲ਼ਾ, ਕੋਟਕਪੁਰਾ, ਮੋਗਾ, ਮਾਨਸਾ ਦੇ ਸਾਹਿਤਕ ਮੰਚਾਂ ਨੇ ਪਛਾਣਿਆ ਅਤੇ ਸਨਮਾਨਿਤ ਕੀਤਾ। ਮੇਰੀ ਕਹਾਣੀ “ਭੜਾਸ” ਨੂੰ ਮਾਨ ਯਾਦਗਾਰੀ ਸਮਾਰੋਹ ਵਿੱਚ ਸਰਵੋਤਮ ਕਹਾਣੀਆਂ ਵਿੱਚ ਚੁਣ ਕੇ ਕੈਨੇਡਾ ਵਿੱਚ ਸਨਮਾਨ ਦਿੱਤਾ ਗਿਆ।
ਕਹਾਣੀ “ਅਧੂਰੇ ਖਤ” ਤੇ ਆਧਾਰਿਤ ਟੈਲੀ ਫ਼ਿਲਮ ਵੀ ਬਣੀ।
ਅੈਵਾਰਡ:
1 ਢਾਹਾਂ ਅੰਤਰ-ਰਾਸ਼ਟਰੀ ਅਵਾਰਡ 2020
2. ਡਾ ਆਤਮ ਹਮਰਾਹੀ ਅਵਾਰਡ 2022
3. ਦਿਲ ਦਰਿਆ ਸੰਸਥਾ ਵੱਲੋ ‘ਆਦਮ ਗ੍ਰਹਿਣ’ ਨਾਵਲ ਨੂੰ ਸਰਵੋਤਮ ਨਾਵਲ 2021
4. ਸ. ਭਾਗ ਸਿੰਘ ਅਤੇ ਸੁਰਜੀਤ ਕੌਰ ਮੈਮੋਰੀਅਲ ਐਵਾਰਡ
5. ਵਾਰਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ 2023 ਲਾਹੌਰ ਵਿੱਚ ਮਿਲਿਆ।