19 June 2026

ਡਾ. ਰਘਬੀਰ ਸਿੰਘ ਸਿਰਜਣਾ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਨਾਲ਼ ਸਨਮਾਨਿਤ — ਸਤਨਾਮ ਢਾਅ

ਕੈਲਗਰੀ ਅਰਪਨ ਲਿਖਾਰੀ ਸਭਾ, ਕੈਲਗਰੀ ਦਾ ਪੰਦਰ੍ਹਵਾਂ ਸਾਲਾਨਾ ‘ਇਕਬਾਲ ਅਰਪਨ ਯਾਦਗਾਰੀ ਪੁਰਸਕਾਰ’ ਸਮਾਗਮ 13 ਜੂਨ ਨੂੰ ਟੈਂਪਲ ਕਮਿਊਨਿਟੀ ਹਾਲ ਵਿਖੇ ਆਯੋਜਿਤ ਕੀਤਾ ਗਿਆ। ਇਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਡਾ. ਰਘਬੀਰ ਸਿੰਘ ਸਿਰਜਣਾ, ਜਨਾਬ ਮੁਨੱਵਰ ਅਹਿਮਦ ਅਤੇ ਕੁਲਦੀਪ ਕੌਰ ਘਟੌੜਾ ਨੇ ਕੀਤੀ। ਅਨੇਕਾਂ ਵੱਡੇ ਸਮਾਗਮਾਂ ਦੇ ਐੱਮ.ਸੀ. ਦੀ ਭੂਮਿਕਾ ਨਿਭਾਉਦੇ ਰਹੇ ਜਸਵੰਤ ਰਾਏ ਸ਼ਰਮਾ ਨੇ ਸਰੀ ਤੋਂ ਆਏ ਮਹਿਮਾਨਾਂ, ਡਾ. ਰਘਬੀਰ ਸਿੰਘ ਸਿਰਜਣਾ, ਸੁਖਵੰਤ ਹੁੰਦਲ, ਹਰਪ੍ਰੀਤ ਸੇਖਾ, ਮੀਡੀਆ ਕਰਮੀਆਂ ਅਤੇ ਸਮੂਹ ਸਾਹਿਤ-ਪ੍ਰੇਮੀਆਂ ਦਾ ਦਿਲਚਸਪ ਕਾਵਿ-ਟੋਟਕਿਆਂ ਰਾਹੀਂ ਭੂਮਿਕਾ ਬੰਨ੍ਹ ਕੇ ਸਵਾਗਤ ਕੀਤਾ। ਅਗਲੀ ਕਾਰਵਾਈ ਸਕੱਤਰ ਦਰਸ਼ਨ ਬਰਾੜ ਨੇ ਅਤੇ ਬਲਜਿੰਦਰ ਕੌਰ ਮਾਂਗਟ ਨੇ ਚਲਾਈ। ਸਭ ਤੋਂ ਪਹਿਲਾਂ ਹਰਮਿੰਦਰਪਾਲ ਸਿੰਘ ਨੇ ਸ਼ਬਦ-ਗਾਇਨ ਕੀਤਾ ਉਪਰੰਤ ਸਭਾ ਦੇ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਸਭਾ ਦੇ ਪਿਛੋਕੜ, ਕਾਰਜ ਖੇਤਰ, ਉਦੇਸ਼ਾਂ ਅਤੇ ਪ੍ਰਾਪਤੀਆਂ ਬਾਰੇ ਸੰਖੇਪ ਰਿਪੋਰਟ ਪੇਸ਼ ਕੀਤੀ।

ਜਗਦੇਵ ਸਿੱਧੂ ਨੇ ਸਨਮਾਨਿਤ ਕੀਤੇ ਜਾਣ ਵਾਲ਼ੇ ਮੁੱਖ ਮਹਿਮਾਨ, ਡਾ. ਰਘਬੀਰ ਸਿੰਘ ਸਿਰਜਣਾ ਬਾਰੇ ਬੋਲਦਿਆਂ ਉਨ੍ਹਾਂ ਦੇ ਜੀਵਨ, ਯੋਗਤਾਵਾਂ, ਕਾਰਜ ਖੇਤਰਾਂ, ਅਹੁਦਿਆਂ, ਜ਼ਿੰਮੇਵਾਰੀਆਂ ਅਤੇ ਪ੍ਰਾਪਤੀਆਂ ਉਪਰ ਪੰਛੀ-ਝਾਤ ਪੁਆਈ। ਉਸ ਨੇ ਕਿਹਾ ਕਿ ਡਾ. ਰਘਬੀਰ ਸਿੰਘ ਉੱਘੇ ਪੱਤਰਕਾਰ, ਕਈ ਪੁਸਤਕਾਂ ਦੇ ਲੇਖਕ, ਅਨੁਵਾਦਕ, ਸੰਪਾਦਕ, ਚਿੰਤਕ, ਆਲੋਚਕ ਤੋਂ ਇਲਾਵਾ ਪੰਜ ਦਰਜਨ ਖੋਜ-ਪੱਤਰਾਂ, ਅਨੇਕਾਂ ਕਿਤਾਬਾਂ ਦੇ ਮੁੱਖ ਬੰਦ ਅਤੇ ਕੋਈ 150 ਪੁਸਤਕਾਂ ਦੀਆਂ ਸਮੀਖਿਆਵਾਂ ਲਿਖਣ ਵਾਲ਼ੇ ਸਾਹਿਤ-ਸੂਰਮੇ ਹਨ। ਉਨ੍ਹਾਂ ਨੂੰ ਮਿਲੇ ਪੁਰਸਕਾਰਾਂ ਤੇ ਸਨਮਾਨਾਂ ਦੀ ਸੂਚੀ ਬਹੁਤ ਲੰਮੀ ਹੈ। ਉਨ੍ਹਾਂ ਨੇ 1965 ਵਿਚ ਚਾਲੂ ਕੀਤੇ ਤ੍ਰੈਮਾਸਕ ਰਸਾਲੇ ‘ਸਿਰਜਣਾ’ ਦੁਆਰਾ ਪੰਜਾਬੀ ਵਿਚ ਅਨੇਕਾਂ ਲੇਖਕ ਪੈਦਾ ਕੀਤੇ, ਅਨੇਕਾਂ ਲੇਖਕਾਂ ਨੂੰ ਥਿੜਕਣ ਤੋਂ ਬਚਾਇਆ। ਉਸ ਨੇ ਡਾਕਟਰ ਸਾਹਿਬ ਦੁਆਰਾ ਅਧਿਆਪਨ, ਖੋਜ, ਸਾਹਿਤ ਰਚਨਾ ਅਤੇ ਪੱਤਰਕਾਰੀ ਦੇ ਖੇਤਰਾਂ ਵਿਚ ਪਾਏ ਵਡਮੁੱਲੇ ਯੋਗਦਾਨ ਸਦਕਾ ਉਨ੍ਹਾਂ ਨੂੰ ਸਾਹਿਤ ਦੇ ਮਹਾਰਥੀ ਕਿਹਾ।

ਡਾ. ਰਘਬੀਰ ਸਿੰਘ ਨੇ ਪੁਰਸਕਾਰ ਸਵੀਕਾਰ ਕਰਦਿਆਂ ਸਭਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਇਕਬਾਲ ਅਰਪਨ, ਸਭਾ ਦੇ ਬਾਨੀਆਂ ਕੇਸਰ ਸਿੰਘ ਨੀਰ, ਇਕਬਾਲ ਖਾਨ ਅਤੇ ਸਤਨਾਮ ਢਾਅ ਨਾਲ਼ ਲੰਬੇ ਸਮੇਂ ਤੋਂ ਰਹੀ ਗੂੜ੍ਹੀ ਸਾਂਝ ਨੂੰ ਵੀ ਸਾਂਝਾ ਕੀਤਾ। ਉਨ੍ਹਾਂ ਨੇ ਕਿਹਾ ਕਿ ਅਜਿਹੀਆਂ ਸਭਾਵਾਂ ਪੰਜਾਬੀ ਬੋਲੀ, ਅਤੇ ਸਾਹਿਤਕ ਸਿਰਜਣਾ ਨੂੰ ਪ੍ਰਫੁੱਲਤ ਕਰਨ ਵਿਚ ਚੰਗਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਨੇ ਆਪਣੇ ਨਾਲ਼ ਆਏ ਨਾਮਵਰ ਸਾਹਿਤਕਾਰਾਂ ਡਾ. ਸਾਧੂ ਸਿੰਘ ਬਿਨਿੰਗ , ਸੁਖਵੰਤ ਹੁੰਦਲ ਅਤੇ ਕਹਾਣੀਕਾਰ ਹਰਪ੍ਰੀਤ ਸੇਖਾ ਹੋਰਾਂ ਦੇ ਸਾਹਿਤਕ ਖੇਤਰ ਵਿਚ ਪਾਏ ਯੋਗਦਾਨ ਬਾਰੇ ਸਾਂਝ ਪਾਈ। ਸੁਖਵੰਤ ਹੁੰਦਲ ਬਾਰੇ ਉਨ੍ਹਾਂ ਦੱਸਿਆ ਕਿ ਸਿਰਜਣਾ ਦੇ ਪੁਰਾਣੇ ਅੰਕ ਆਨ-ਲਾਈਨ ਪਾ ਕੇ ਬਹੁਤ ਹੀ ਮਹੱਤਵ ਪੂਰਨ ਕੰਮ ਕੀਤਾ ਹੈ। ਹੋਰ ਵੀ ਸਾਹਿਤਕ ਕਿਰਤਾਂ ਨੂੰ ਡਿਜਟਲ ਕਰਕੇ ਬਹੁਤ ਵੱਡਾ ਯੋਗਦਾਨ ਪਾ ਰਿਹਾ ਹੈ।ਉਨ੍ਹਾਂ ਆਖਿਆ ਕਿ ਡਾ. ਸਾਧੂ ਬਿਨਿੰਗ ਅਤੇ ਸੁਖਵੰਤ ਹੁੰਦਲ ਨੇ ਬਹੁਤ ਸਾਰੇ ਮਹੱਤਵਪੂਰਨ ਸਾਹਿਤਕ ਕੰਮ ਸਾਂਝੇ ਤੌਰ ਤੇ ਕੀਤੇ ਹਨ। ਕਹਾਣੀਕਾਰ ਹਰਪ੍ਰੀਤ ਕਹਾਣੀ-ਕਲਾ  ਵਿਚ ਸਥਾਪਤ ਲੇਖਕ ਹੈ।

ਸਤਨਾਮ ਢਾਅ ਨੇ ਡਾ. ਰਘਬੀਰ ਸਿੰਘ ਦੀਆਂ ਉਪਲਭਦੀਆਂ ਦਾ ਸੰਖੇਪ ਬਿਉਰਾ ਦਿੰਦਿਆਂ ਅਤੇ ਉਨ੍ਹਾਂ ਦੁਆਰਾ ਸਰਕਾਰੀ ਦਮਨਕਾਰੀ ਨੀਤੀਆਂ ਅਤੇ ਮੁਸ਼ਕਲ ਹਾਲਤਾਂ ਵਿਚ ਵੀ ਨਿਰਪੱਖ ਪੱਤਰਕਾਰੀ ਉਪਰ ਨਿਡਰਤਾ ਨਾਲ਼ ਪਹਿਰਾ ਦੇਣ ਦੀ ਜੁਰੱਅਤ ਨੂੰ ਸਲਾਹਿਆ। ਉਨ੍ਹਾਂ ਨੇ ‘ਸਿਰਜਣਾ’ ਪਰਚੇ ਦੀ ਪੰਜਾਬੀ ਸਾਹਿਤ ਵਿਚ ਮਹੱਤਤਾ ਦਾ ਜਿਕਰ ਕਰਦਿਆਂ ਆਖਿਆ ਕਿ ਨਿਰਪੱਖ ਅਤੇ ਇਮਾਨਦਾਰੀ ਨਾਲ ਮੁਲਾਂਕਣ ਕਰਕੇ ਸਾਹਿਤ ਕਿਰਤਾਂ ਨੂੰ ਪਾਠਕਾਂ ਤਕ ਪਹੁੰਚਾਣ ਵਿਚ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਜਿਕਰ ਕੀਤਾ ਕਿ ਮੇਰੀਆਂ ਕੀਤੀਆਂ ਸਾਰੀਆਂ ਮੁਲਾਕਾਤਾਂ ਸਿਰਜਣਾ ਵਿਚ ਛਪਦੀਆਂ ਰਹੀਆਂ ਹਨ। ਮੈਨੂੰ ਇਨ੍ਹਾਂ ਵੱਲੋਂ ਮਿਲ਼ੇ ਉਤਸ਼ਾਹ ਕਰਕੇ ਹੀ ਮੈਂ ਨਾਮਵਰ ਅਤੇ ਵਿਲੱਖਣ ਪ੍ਰਾਪਤੀਆਂ ਵਾਲ਼ੀਆਂ ਸ਼ਖ਼ਸੀਅਤਾਂ ਨਾਲ ਮੁਲਾਕਾਤਾਂ ਦੀਆਂ ਕਿਤਾਬਾਂ ਪਾਠਕਾਂ ਦੀ ਝੋਲ਼ੀ ਪਾ ਸਕਿਆਂ ਹਾਂ।

ਉੱਘੇ ਲੇਖਕ ਸਾਧੂ ਬਿਨਿੰਗ ਨੇ ਬੀ.ਸੀ.ਵਿਚ ਪੰਜਾਬੀ ਨੂੰ ਦੂਜੀ ਭਾਸ਼ਾ ਵਜੋਂ ਪੜ੍ਹਾਏ ਜਾਣ ਦੀ ਮਾਨਤਾ ਬਾਰੇ ਦੱਸਿਆ। ਪੰਜਾਬੀ ਦੇ ਪਰਸਾਰ ਲਈ ਹੋਰ ਯਤਨ ਕਰਨ ਦੀ ਲੋੜ ਜਤਾਈ।ਉਨ੍ਹਾਂ ਨੇ ਪੰਜਾਬੀ ਮਾਪਿਆਂ ਦੀ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ਼ ਨਾ ਜੋੜਨ ਦੀ ਅਣਗਹਿਲੀ ਬਾਰੇ ਵੀ ਸੁਚੇਤ ਕੀਤਾ। ਡਾ. ਬਿਨਿੰਗ ਦਾ ਕਹਿਣਾ ਸੀ ਕਿ ਸਰਕਾਰਾਂ ਤਾਂ ਤੁਹਾਡੀ ਬੋਲੀ ਨੂੰ ਸਕੂਲਾਂ ਵਿਚ ਪੜ੍ਹਾਉਣ ਲਈ ਮਾਨਤਾ ਦਿੰਦੀਆਂ ਹਨ ਪਰ ਅੱਜ ਪੰਜਾਬੀ ਮਾਪੇ ਆਪਣੀ ਮਾਂ ਬੋਲੀ ਦੀ ਮਹਾਨਤਾ ਨੂੰ ਅੱਖੋਂ-ਪ੍ਰੋਖੇ ਕਰਦੇ ਹਨ ਤਾਂ ਦੋਸ਼ ਸਰਕਾਰਾਂ ਨੂੰ ਨਹੀਂ, ਸਾਨੂੰ ਪੰਜਾਬੀਆਂ ਨੂੰ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਕੈਨੇਡੀਅਨ ਸਰਕਾਰ ਕੋਲ਼ੋਂ ਪੰਜਾਬੀ ਨੂੰ ਤੀਸਰੀ ਬੋਲੀ ਵਜੋਂ ਮਾਨਤਾ ਦੁਆਉਣ ਲਈ ਆਪਣੇ ਫ਼ਰਜ਼ਾਂ ਨੂੰ ਪਛਾਣੋ।ਪ੍ਰਾਈਮ ਏਸ਼ੀਆ ਟੀ.ਵੀ. ਪ੍ਰੋਗਰਾਮ ਦੇ ਪਰਮਵੀਰ ਬਾਠ ਨੇ ਕਿਹਾ ਕਿ ਸਾਨੂੰ ਆਪਣੇ ਰੁਝੇਵਿਆਂ ਅਤੇ ਸਰੋਕਾਰਾਂ ਵਿੱਚੋਂ ਰਤਾ ਬਾਹਰ ਆ ਕੇ ਆਪਣੀ ਬੋਲੀ ਅਤੇ ਆਪਣੇ ਸਭਿਆਚਾਰ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਐਡਮਿਂਟਨ ਤੋਂ ਜਸਬੀਰ ਦਿਉਲ਼ ਨੇ ਵੀ ਸਮਾਗਮ ਵਿਚ ਹਾਜ਼ਰੀ ਲਗਵਾਈ।

ਰਚਨਾਵਾਂ ਦੇ ਦੌਰ ਵਿਚ ਲਹਿੰਦੇ ਪੰਜਾਬ ਤੋਂ ਜਨਾਬ ਮੁਨੱਵਰ ਅਹਿਮਦ, ਜਰਨੈਲ ਤੱਗੜ, ਸੋਹਣ ਸਿੰਘ ਭੁੱਚੋ, ਚਰਨਦੀਪ ਕੌਰ ਅਤੇ ਸਤਿੰਦਰ ਕੌਰ ਨੇ ਕਵਿਤਾਵਾਂ ਸੁਣਾਈਆਂ, ਸੁਰਿੰਦਰ ਗੀਤ ਨੇ ਆਪਣੀ ਗ਼ਜ਼ਲ ਤਰੱਨਮ ਵਿਚ ਪੇਸ਼ ਕੀਤੀ, ਸੁਖਮੰਦਰ ਗਿੱਲ, ਡਾ. ਜੋਗਾ ਸਿੰਘ ਸਹੋਤਾ, ਡਾ. ਮਨਮੋਹਨ ਬਾਠ ਅਤੇ ਭੂਪਿੰਦਰ ਸਿੰਘ ਭਾਗੋਮਾਜਰਾ ਨੇ ਗੀਤਾਂ ਦੀ ਛਹਿਬਰ ਲਾਈ। ਕਵੀਸ਼ਰੀ ਪਰੰਮਪਰਾ ਨੂੰ ਜੀਵਤ ਰੱਖਣ ਲਈ ਯਤਨਸ਼ੀਲ ਜਸਵੰਤ ਸਿੰਘ ਸੇਖੋਂ, ਸਰੂਪ ਸਿੰਘ ਮੰਡੇਰ ਅਤੇ ਸੁਖਵਿੰਦਰ ਤੂਰ ਨੇ ਕਵੀਸ਼ਰੀ ਗਾ ਕੇ ਅਖਾੜੇ ਦਾ ਮਾਹੌਲ ਸਿਰਜਿਆ। ਹਸਾਉਣ ਦਾ ਕੰਮ ਤਾਂ ਤਰਲੋਕ ਚੁੱਘ ਨੇ ਕਰਨਾ ਹੀ ਸੀ।ਅਗਲੀ ਪੀੜੀ ਪੰਜਾਬੀ ਮਾਂ ਬੋਲੀ ਨਾਲ ਜੁੜਨ ਦਾ ਸਬੂਤ ਦਿੰਦਿਆਂ ਬੱਚਿਆਂ ਨੇ ਖ਼ਾਸ ਦਿਲਚਸਪੀ ਦਿਖਾਈ। ਬੱਚਿਆਂ ਦੀਆਂ ਪੇਸ਼ਕਾਰੀਆਂ ਵਿਚ ਸੋਨਮ, ਜਸਮੀਨ, ਮਾਹੀ, ਪ੍ਰਭਨੂਰ ਸਿੰਘ, ਇਸ਼ਟਪ੍ਰੀਤ ਸਿੰਘ, ਸੰਜਮਪ੍ਰੀਤ ਸਿੰਘ ਅਤੇ ਅਮਰੀਨ ਕੌਰ ਨੇ ਕਵਿਤਾ ਪਾਠ ਅਤੇ ਕੋਰੀਉਗ੍ਰਾਫ਼ੀ ਦੇ ਹੁਨਰ ਨਾਲ਼ ਦਰਸ਼ਕਾਂ ‘ਤੇ ਚੰਗਾ ਅਸਰ ਛੱਡਿਆ।

ਅਖੀਰ ਵਿਚ ਇਸ ਯਾਦਗਾਰੀ ਸਮਾਗਮ ਦੀ ਸਫਲਤਾ ਲਈ ਆਏ ਸਾਹਿਤ ਪ੍ਰੇਮੀਆਂ, ਆਪਣੇ ਟੀਮ ਮੈਂਬਰਾਂ, ਪੰਜਾਬੀ ਮੀਡੀਆ, ਅਤੇ ਸਪੌਸਰਾਂ ਦਾ ਜਸਵੰਤ ਸਿੰਘ ਸੇਖੋਂ ਨੇ ਸਭ ਦਾ ਤਹਿ-ਦਿਲੋਂ ਧੰਨਵਾਦ ਕੀਤਾ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1859
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →