|
ਰੀਵਿਊ ਅਧੀਨ ਪੁਸਤਕ (ਸਮਕਾਲੀ ਪੰਜਾਬੀ ਕਵਿਤਾ : ਸੀਮਾ ਅਤੇ ਸੰਭਾਵਨਾਵਾਂ, ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ, ਪੰਨੇ 360, ਮੁੱਲ 200/- ਰੁਪਏ) ਵਿੱਚ ਸੁਖਿੰਦਰ ਸਮੇਤ 31 ਲੇਖਕਾਂ ਦੇ 33 ਲੇਖ ਹਨ। ਦੋ ਲੇਖਕਾਂ ਨੇ ਦੋ-ਦੋ ਲੇਖ ਲਿਖੇ ਹਨ। ਇਹ ਪੁਸਤਕ ਮੁੱਖ ਤੌਰ ਤੇ ਸਮਕਾਲੀ ਪੰਜਾਬੀ ਕਵਿਤਾ ਦੇ ਸਰੋਕਾਰਾਂ ਨਾਲ ਵਾਬਸਤਾ ਹੈ, ਪਰ 12 ਲੇਖ ਸੁਖਿੰਦਰ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਗਿਰਗਟਾਂ ਦਾ ਮੌਸਮ’ ਨਾਲ ਸਿੱਧੇ ਤੌਰ ਤੇ ਸੰਬੰਧਿਤ ਹਨ। ਸਾਰੇ ਲੇਖਕਾਂ ਨੂੰ ਸੰਪਾਦਕ ਨੇ ੳ, ਅ, ੲ ਦੇ ਕ੍ਰਮ ਮੁਤਾਬਕ ਵਿਉਂਤਬੱਧ ਕੀਤਾ ਹੈ, ਜਿਸ ਕਰਕੇ ਦੋਵੇਂ ਤਰ੍ਹਾਂ ਦੇ ਲੇਖ ਸੰਮਿਲਤ ਹੋ ਗਏ ਹਨ। ਮੇਰੀ ਜਾਚੇ ਕਿਤਾਬ ਦੇ ਦੋ ਭਾਗ ਬਣਾ ਲੈਣੇ ਚਾਹੀਦੇ ਸਨ, ਪਹਿਲੇ ਵਿੱਚ ਸਮਕਾਲੀ ਕਵਿਤਾ ਬਾਰੇ ਤਬਸਰਾ ਸ਼ਾਮਲ ਕੀਤਾ ਜਾਂਦਾ ਤੇ ਦੂਜੇ ਵਿੱਚ ‘ਗਿਰਗਟਾਂ ਦਾ ਮੌਸਮ’ ਬਾਰੇ ਚਰਚਾ ਛੇੜੀ ਜਾਂਦੀ। ਬਹਿਰਹਾਲ… ਸੰਪਾਦਕ ਦੀ ਇਹ ਵਿਉਂਤਬੰਦੀ ਉਹਦੀ ਨਿੱਜੀ ਹੈ। ਪੁਸਤਕ ਵਿਚਲੇ ਸਾਰੇ ਹੀ ਲੇਖਕਾਂ ਨੇ ਨਿੱਠ ਕੇ ਸੰਬੰਧਿਤ ਵਿਸ਼ੇ ਬਾਰੇ ਵਿਚਾਰ ਪ੍ਰਗਟ ਕੀਤੇ ਹਨ। ਅਰਵਿੰਦਰ ਕੌਰ ਕਾਕੜਾ ਨੇ ‘ਸਮਕਾਲੀ ਪੰਜਾਬੀ ਨਾਰੀ ਕਾਵਿ ਦੀ ਦਸ਼ਾ ਤੇ ਦਿਸ਼ਾ’ ਨੂੰ ਪਰਖਦਿਆਂ ਮਰਦ-ਔਰਤ ਦੇ ਰਿਸ਼ਤਿਆਂ, ਮਰਦ/ਪਿੱਤਰਸੱਤਾ ਨੂੰ ਵੰਗਾਰ, ਨਾਰੀ ਦੀ ਹੋਂਦ ਦੇ ਸੁਆਲ ਦੀ ਨਿਸ਼ਾਨਦੇਹੀ ਕੀਤੀ ਹੈ। ਸੁਰਜੀਤ ਕੌਰ ਨੇ ‘ਸਮਕਾਲੀ ਕੈਨੇਡੀਅਨ ਪੰਜਾਬੀ ਕਵਿਤਾ ਦੇ ਥੀਮਕ ਪਾਸਾਰ’ ਨੂੰ ‘ਕੈਨੇਡਾ ਦੀ ਪੰਜਾਬੀ ਕਵਿਤਾ’ (ਸੰਪਾ.ਸੁਖਵੰਤ ਹੁੰਦਲ), ‘ਲਵੈਂਡਰ’ (ਸੰਪਾ. ਸੁਰਜੀਤ ਟੋਰਾਂਟੋ) ਆਦਿ ਕਿਤਾਬਾਂ ਰਾਹੀਂ ਸਮਝਣ-ਸਮਝਾਉਣ ਦਾ ਯਤਨ ਕੀਤਾ ਹੈ। ਡਾ. ਸੰਦੀਪ ਕੌਰ ਨੇ ‘ਸਮਕਾਲੀ ਪੰਜਾਬੀ ਕਵਿਤਾ ਦਾ ਭਾਸ਼ਾਈ ਪੈਰਾਡਾਈਮ’ ਵਿੱਚ ਕਾਵਿ-ਸ਼ੈਲੀ ਵਿੱਚ ਕੀਤੇ ਤਜਰਬਿਆਂ ਨੂੰ ਗੰਭੀਰ ਅਧਿਐਨ ਦਾ ਵਿਸ਼ਾ ਬਣਾਇਆ ਹੈ। ਡਾ.ਸਿਮਰਨਜੀਤ ਸਿੰਘ ਨੇ ‘ਸਮਕਾਲੀ ਕਵਿਤਾ ਵਿੱਚ ਯਥਾਰਥ ਤੇ ਸੰਚਾਰ’ ਦੇ ਅੰਤਰਗਤ ਮੁੱਖ ਤੌਰ ਤੇ ਵਾਹਿਦ, ਕਰਨਜੀਤ ਕੋਮਲ ਅਤੇ ਰਣਧੀਰ ਲਿਖਤ ਕਾਵਿ-ਪੁਸਤਕਾਂ ਕ੍ਰਮਵਾਰ ‘ਵਰਤਮਾਨ ਤੇ ਪਿਆ ਪੇਪਰਵੇਟ’, ‘ਬਰਕਤ’ ਅਤੇ ‘ਖ਼ਤ ਜੋ ਲਿਖਣੋਂ ਰਹਿ ਗਏ’ ਨੂੰ ਆਧਾਰ ਬਣਾ ਕੇ ਡੂੰਘਾ ਮੁਲਾਂਕਣ ਕੀਤਾ ਹੈ। ਸਤਪਾਲ ਭੀਖੀ ਨੇ ‘ਸਮਕਾਲੀ ਪੰਜਾਬੀ ਕਵਿਤਾ ਦੀ ਅੰਤਰਧੁਨੀ’ ਵਿੱਚ ਇਸ ਕਵਿਤਾ ਨੂੰ ਨਿਵੇਕਲੀ ਸੁਰ ਰਾਹੀਂ ਸਮਕਾਲੀ ਸਰੋਕਾਰਾਂ ਦਾ ਟਾਕਰਾ ਕਰਨ ਦੇ ਸਮਰੱਥ ਦੱਸਿਆ ਹੈ। ਸੰਪਾਦਕ ਸੁਖਿੰਦਰ ਨੇ ‘ਸਮਕਾਲੀ ਕਵਿਤਾ ਦੀ ਲੋਕ ਮਸਲਿਆਂ ਤੋਂ ਦੂਰੀ’ ਵਿੱਚ ਸਪਸ਼ਟ ਕੀਤਾ ਹੈ ਕਿ ਬਹੁਤੇ ਕਵੀ ਕਵਿਤਾ ਦੇ ਰੂਪਾਂ ਨੂੰ ਹੀ ਮਹੱਤਵ ਦਿੰਦੇ ਹਨ ਤੇ ਤੱਤ ਕਿਧਰੇ ਛੁਪਿਆ ਰਹਿੰਦਾ ਹੈ। ਡਾ. ਹਰਜੋਤ ਕੌਰ ਖੈਹਿਰਾ ਦੇ ਲੇਖ ‘ਸਮਕਾਲੀ ਪੰਜਾਬੀ ਕਵਿਤਾ : ਪਰਖ ਤੇ ਮੁਲਾਂਕਣ’ ਵਿੱਚ ਕੁਝ ਨੁਕਤੇ ਉਠਾਏ ਗਏ ਹਨ ਅਤੇ ਕਿਸੇ ਕਵੀ ਦੀ ਰਚਨਾ ਨੂੰ ਆਧਾਰ ਨਹੀਂ ਬਣਾਇਆ। ਡਾ. ਜਸਪਾਲਜੀਤ ਨੇ ‘ਨਾਰੀ ਕਾਵਿ ਇਤਿਹਾਸ/ਮਿਥਿਹਾਸ ਅਤੇ ਸਭਿਆਚਾਰਕ ਸੰਰਚਨਾ ਦਾ ਵਿਖੰਡਨ’ ਰਾਹੀਂ ਨਾਮਵਰ/ਚਰਚਿਤ ਕਵਿੱਤਰੀਆਂ ਦੀਆਂ ਕਵਿਤਾਵਾਂ ਦੀ ਪੁਣਛਾਣ ਜ਼ਰੂਰ ਕੀਤੀ ਹੈ, ਪਰ ਨਵੇਂ/ਯੁਵਾ ਚਿਹਰੇ ਗ਼ੈਰ-ਹਾਜ਼ਰ ਹਨ। ਜਗਦੀਸ਼ ਰਾਣਾ ਨੇ ਸਮਕਾਲੀ ਕਵਿਤਾ ਨੂੰ ਕਿਰਤੀਆਂ-ਮਜ਼ਦੂਰਾਂ ਤੇ ਹਾਕਮ ਨੂੰ ਚੁਣੌਤੀ ਦੇਣ ਵਾਲੀ ਕਵਿਤਾ ਨੂੰ ਇਹਦਾ ਹਾਸਲ ਮੰਨਿਆ ਹੈ। ਡਾ. ਦਵਿੰਦਰ ਖੁਸ਼ ਧਾਲੀਵਾਲ ਨੇ ‘ਸਮਕਾਲੀ ਕਵਿਤਾ ਦੀ ਵੱਖਰੀ ਪਛਾਣ ਤੇ ਚੁਣੌਤੀਆਂ’ ਵਿੱਚ ਵਿਭਿੰਨਤਾ, ਸਮਾਜਕ ਸਰੋਕਾਰਾਂ ਤੇ ਨਵੀਆਂ ਸਾਹਿਤਕ ਸ਼ੈਲੀਆਂ ਦੀ ਗੱਲ ਕੀਤੀ ਹੈ। ਦਲਜਿੰਦਰ ਰਹਿਲ ਦੇ ਲੇਖ ‘ਯੂਰਪੀ ਪੰਜਾਬੀ ਕਵਿਤਾ’ ਵਿੱਚ ਪਰਵਾਸ, ਭੂਹੇਰਵਾ, ਪਿਛੋਕੜ, ਪਰਖਦਿਆਂ ਅਤੇ ਵਤਨੀ ਪਰਿਸਥਿਤੀਆਂ ਦੀ ਗੱਲ ਕਰਦਿਆਂ ਵਧੇਰੇ ਕਰਕੇ ਉਨ੍ਹਾਂ ਦੇ ਯੋਗਦਾਨ ਨੂੰ ਉਭਾਰਿਆ ਗਿਆ ਹੈ। ਡਾ. ਦਰਸ਼ਨ ਸਿੰਘ ਆਸ਼ਟ ਨੇ ਆਪਣੇ ਵਿਸਤ੍ਰਿਤ ਲੇਖ ‘ਸਮਕਾਲੀ ਬਾਲ ਕਵਿਤਾ ਦੇ ਵਿਸ਼ੇ’ ਵਿੱਚ ਬੜੀ ਬਰੀਕੀ ਨਾਲ ਬਾਲ-ਕਵਿਤਾਵਾਂ ਵਿੱਚ ਪ੍ਰਸਤੁਤ ਪ੍ਰਵਿਰਤੀਆਂ ਨੂੰ ਉਭਾਰਿਆ ਹੈ। ਡਾ. ਪਵਨ ਸ਼ਰਮਾ ਨੇ ‘ਸਮਕਾਲੀ ਕਵਿਤਾ ਦੀ ਦਸ਼ਾ ਤੇ ਦਿਸ਼ਾ’ ਨੂੰ ਪਰਖਦਿਆਂ ਭਾਸ਼ਾ ਦੀ ਸੀਮਾ, ਕੰਪਿਊਟਰ ਤੇ ਇੰਟਰਨੈੱਟ, ਦੇਹਵਾਦੀ ਪ੍ਰਗਟਾਅ, ਆਤਮ ਮੁਕਤੀ, ਖੰਡਿਤ ਇਨਕਲਾਬ, ਉਪਭੋਗਤਾਵਾਦੀ ਸਮਾਜ, ਕਦਰਾਂ ਕੀਮਤਾਂ ਦੀ ਅਨਿਸ਼ਚਤਤਾ, ਅਸਤਿਤਵ, ਪਰਵਾਸ, ਦਲਿਤ ਵਰਗ, ਧਾਰਮਿਕ ਕੱਟੜਤਾ, ਸੱਤਾ ਦਾ ਵਿਰੋਧ ਜਿਹੇ ਮੁੱਦਿਆਂ ਨੂੰ ਉਭਾਰ ਕੇ ਰੇਖਾਂਕਿਤ ਕੀਤਾ ਹੈ। ‘ਸਮਕਾਲੀ ਕਵਿਤਾ ਵਿੱਚ ਨਾਰੀ ਮਾਨਸਿਕਤਾ’ ਨੂੰ ਪਰਿਭਾਸ਼ਿਤ ਕਰਦਿਆਂ ਪੁਸ਼ਪਿੰਦਰ ਵਿਰਕ ਨੇ ਮਨਜੀਤਪਾਲ ਕੌਰ, ਪਾਲ ਕੌਰ, ਵਨੀਤਾ, ਸੁਖਵਿੰਦਰ ਅੰਮ੍ਰਿਤ, ਭੁਪਿੰਦਰ ਪ੍ਰੀਤ, ਸ਼ਸ਼ੀ ਸਮੁੰਦਰਾ, ਮਨਜੀਤ ਟਿਵਾਣਾ, ਸ਼ਰਨ ਮੱਕੜ, ਨਿਰੂਪਮਾ ਦੱਤ ਜਿਹੀਆਂ ਸਥਾਪਤ ਤੇ ਵਿਖਿਆਤ ਕਵਿੱਤਰੀਆਂ ਦੇ ਕਲਾਮ ਰਾਹੀਂ ਨਿੱਜੀ ਪੀੜ ਤੋਂ ਜ਼ਿੰਦਗੀ ਤੇ ਸਮਾਜ ਦੇ ਵਿਭਿੰਨ ਪਾਸਾਰਾਂ ਨੂੰ ਆਧਾਰ ਬਣਾਇਆ ਹੈ। ਪਿਆਰਾ ਸਿੰਘ ਕੁੱਦੋਵਾਲ ਨੇ ‘ਸਮਕਾਲੀ ਕੈਨੇਡੀਅਨ ਪੰਜਾਬੀ ਕਵਿਤਾ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ’ ਵਿੱਚ ਇਹ ਸਿੱਟਾ ਕੱਢਿਆ ਹੈ ਕਿ ਕੈਨੇਡੀਅਨ ਪੰਜਾਬੀ ਕਵਿਤਾ ਹੁਣ ਸੀਮਾਵਾਂ ਵਿੱਚ ਬੱਝੀ ਹੋਈ ਨਹੀਂ ਹੈ ਤੇ ਭੂਹੇਰਵੇ ਨੂੰ ਪਿੱਛੇ ਛੱਡ ਕੇ ਬਹੁਤ ਅੱਗੇ ਲੰਘ ਗਈ ਹੈ। ਇਹ ਹੁਣ ਪੰਜਾਬੀ ਮੁੱਖਧਾਰਾ ਕਵਿਤਾ ਦੇ ਨਾਲ ਚੱਲਣ ਦੇ ਸਮਰੱਥ ਹੈ। ਬਲਵਿੰਦਰ ਸਿੰਘ ਚਾਹਲ ਦੇ ਲੇਖ ‘ਬਰਤਾਨਵੀ ਕਵਿਤਾ : ਦਸ਼ਾ ਤੇ ਦਿਸ਼ਾ’ ਵਿੱਚ ਇਸਨੂੰ ਚੰਗੇ ਤੇ ਸੁਖਾਵੇਂ ਮਾਹੌਲ ਵਿੱਚ ਗੁਜ਼ਰਦੀ ਹੋਈ ਵਿਖਾਇਆ ਗਿਆ ਹੈ ਤੇ ਸਪਸ਼ਟ ਕੀਤਾ ਹੈ ਕਿ ਇਹਦਾ ਖੇਤਰ ਵਿਸ਼ਾਲ ਤੇ ਉੱਚ ਪੱਧਰ ਦਾ ਹੋ ਚੁੱਕਾ ਹੈ।
ਉਪਰੋਕਤ ਤੋਂ ਬਿਨਾਂ ਬਾਕੀ ਦੇ ਲੇਖਾਂ ਵਿੱਚ ਸੁਖਿੰਦਰ ਦੀ ਕਾਵਿ-ਕਿਤਾਬ ‘ਗਿਰਗਟਾਂ ਦਾ ਮੌਸਮ’ ਨੂੰ ਆਧਾਰ ਬਣਾ ਕੇ ਸਮੀਖਿਆ ਕੀਤੀ ਗਈ ਹੈ। ਇਨ੍ਹਾਂ ਵਿੱਚ ਵੀ ਡਾ ਹਰਭਜਨ ਸਿੰਘ ਭਾਟੀਆ ਦੀ ਇੱਕ ਸੰਖਿਪਤ ਟਿੱਪਣੀ ਨੂੰ ਸ਼ਾਮਲ ਕੀਤਾ ਗਿਆ ਹੈ। ਸੁਖਿੰਦਰ ਨੇ ਪੁਸਤਕ ਦੀ ਭੂਮਿਕਾ ਵਿੱਚ ਤਿੰਨ ਤਰ੍ਹਾਂ ਦੇ ਲੇਖਕਾਂ ਦਾ ਜ਼ਿਕਰ ਕੀਤਾ ਹੈ : ਪਹਿਲੇ, ਜੋ ਆਲੋਚਨਾਤਮਕ ਨਿਬੰਧ ਲਿਖਣਾ ਸਿੱਖ ਰਹੇ ਹਨ, ਦੂਜੇ, ਜਿਨ੍ਹਾਂ ਨੂੰ ਕੁਝ ਸਾਲਾਂ ਦਾ ਅਜਿਹੇ ਨਿਬੰਧ ਲਿਖਣ ਦਾ ਤਜਰਬਾ ਹੈ ਤੇ ਤੀਜੇ ਉਹ, ਜਿਨ੍ਹਾਂ ਨੂੰ ਅਨੇਕਾਂ ਦਹਾਕਿਆਂ ਦਾ ਤਜਰਬਾ ਹੈ। ਉਹਨੇ ਇਹ ਵੀ ਕਿਹਾ ਹੈ ਕਿ ਕਈ ਲੇਖਕ ਅਜਿਹੇ ਵੀ ਹਨ ਜਿਨ੍ਹਾਂ ਨੂੰ ‘ਸਮਕਾਲੀ ਪੰਜਾਬੀ ਕਵਿਤਾ’ ਸ਼ਬਦ ਦੇ ਅਰਥ ਹੀ ਪਤਾ ਨਹੀਂ (ਪੰਨਾ 13-14)। ਤਾਂ ਵੀ ਇਸ ਵਿਸ਼ੇ ਤੇ ਇੰਨੀ ਸੰਜੀਦਾ/ਗੰਭੀਰ ਪੁਸਤਕ ਦੀ ਸੰਪਾਦਨਾ ਲਈ ਸੁਖਿੰਦਰ ਦੀ ਮਿਹਨਤ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਹਰ ਲੇਖ ਨਾਲ ਲੇਖਕ ਦੀ ਤਸਵੀਰ ਦਿੱਤੀ ਗਈ ਹੈ ਤੇ ਅੰਤ ਵਿੱਚ ਲੇਖਕਾਂ ਦੇ ਈਮੇਲ ਪਤੇ ਸ਼ਾਮਲ ਹਨ। ਸਮਕਾਲੀ ਪੰਜਾਬੀ ਕਵਿਤਾ ਦੇ ਮੁਹਾਂਦਰੇ, ਨੈਣ-ਨਕਸ਼, ਤੇਵਰ ਤੇ ਪਾਸਾਰਾਂ ਨੂੰ ਜਾਣਨ, ਸਮਝਣ ਅਤੇ ਪਰਖਣ ਹਿਤ ਇਹ ਪੁਸਤਕ ਢੁਕਵੀਂ ਸਾਮੱਗਰੀ ਮੁਹੱਈਆ ਕਰਵਾਉਂਦੀ ਹੈ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਇਨਕਲੇਵ,
ਪਟਿਆਲਾ-147002
ਪੰਜਾਬ, ਭਾਰਤ
ਫੋਨ:+91 9417692015

by
ਸੁਖਿੰਦਰ ਇੱਕ ਪਰਵਾਸੀ ਪੰਜਾਬੀ ਲੇਖਕ ਹੈ, ਜੋ 1972 ਤੋਂ ਹੁਣ ਤੱਕ ਨਿਰੰਤਰ ਸਾਹਿਤ ਦੇ ਖੇਤਰ ਵਿੱਚ ਕ੍ਰਿਆਸ਼ੀਲ ਹੈ। ਮੁੱਖ ਤੌਰ ਤੇ ਉਹ ਇੱਕ ਕਵੀ ਹੈ, ਪਰ ਉਹਨੇ ਕਵਿਤਾ ਤੋਂ ਇਲਾਵਾ ਸਾਹਿਤ ਦੇ ਹੋਰ ਰੂਪਾਂ ਵਿੱਚ ਵੀ ਜ਼ਿਕਰਯੋਗ ਕਾਰਜ ਕੀਤਾ ਹੈ। ਉਹਨੇ ਵਿਗਿਆਨ (3), ਕਵਿਤਾ (25), ਆਲੋਚਨਾ (4), ਵਾਰਤਕ (5), ਸੰਪਾਦਨਾ (8), ਨਾਵਲ (3), ਬਾਲ ਸਾਹਿਤ (1) ਤੋਂ ਇਲਾਵਾ ਅੰਗਰੇਜ਼ੀ ਵਿੱਚ ਵੀ ਦੋ ਕਿਤਾਬਾਂ ਦੀ ਰਚਨਾ ਕੀਤੀ ਹੈ। ਇਉਂ ਉਹ ਹੁਣ ਤੱਕ ਅੱਧਾ ਸੈਂਕੜੇ ਪੁਸਤਕਾਂ ਦਾ ਸਿਰਜਕ ਹੈ। ਉਹਨੇ 3 ਕਾਵਿ-ਕਿਤਾਬਾਂ ਦਾ ਸੁਯੋਗ ਸੰਪਾਦਨ ਕੀਤਾ ਹੈ। 1974 ਤੋਂ ਸ਼ੁਰੂ ਹੋਈ ਉਹਦੀ ਕਾਵਿ-ਯਾਤਰਾ ਨੇ ਵਿਲੱਖਣ ਤਜਰਬੇ ਕੀਤੇ ਹਨ। 2006 ਤੋਂ ਉਹਦੀ ਕਵਿਤਾ ਵਿੱਚ ਇੱਕ ਖਾਸ ਮੋੜ ਆਇਆ, ਜਦੋਂ ਉਹਨੇ ਸਮਾਜ, ਧਰਮ, ਰਾਜਨੀਤੀ ਤੇ ਗਲੋਬਲੀ ਪ੍ਰਸੰਗ ਵਿੱਚ ਆਈਆਂ ਗਿਰਾਵਟਾਂ ਨੂੰ ਆੜੇ ਹੱਥੀਂ ਲਿਆ।
ਡਾ. ਮੇਹਰ ਮਾਣਕ ਨੇ ‘ਸਾਹਿਤਕ ਅਦਾਰਿਆਂ ਦੀ ਦਸ਼ਾ ਤੇ ਦਿਸ਼ਾ’ ਦੇ ਪ੍ਰਸੰਗ ਵਿੱਚ ਸਮਕਾਲੀ ਪੰਜਾਬੀ ਕਵਿਤਾ ਦਾ ਅਵਲੋਕਨ ਕੀਤਾ ਹੈ। ਉਹਨੇ ਨਾਰੀ ਮਨ, ਬਾਲ ਕਾਵਿ, ਦਲਿਤ ਚੇਤਨਾ, ਪਰਵਾਸ, ਗਲੋਬਲ ਵਰਤਾਰੇ ਨੂੰ ਡੂੰਘੀ ਨਜ਼ਰ ਨਾਲ ਪਰਖਣ ਦੀ ਕੋਸ਼ਿਸ਼ ਕੀਤੀ ਹੈ। ਡਾ. ਮੋਹਨ ਬੇਗੋਵਾਲ ਨੇ ‘ਵਿਸ਼ਵੀਕਰਨ ਦੇ ਬਦਲਦੇ ਦ੍ਰਿਸ਼ਟੀਕੋਣ ਵਿੱਚ ਸਮਕਾਲੀ ਪੰਜਾਬੀ ਕਵਿਤਾ’ ਦਾ ਅਧਿਐਨ ਕਰਦਿਆਂ ਇਸ ਵਿੱਚ ਵਿਚਾਰ ਅਤੇ ਬੌਧਿਕਤਾ ਦੇ ਭਾਰੂ ਹੋਣ ਦੀ ਗੱਲ ਜ਼ੋਰ-ਸ਼ੋਰ ਨਾਲ ਕਹੀ ਹੈ। ਡਾ.ਯੋਗਰਾਜ ਦੇ ਲੇਖ ‘ਨਵ-ਕਵਿਤਾ ਦੀ ਪੜ੍ਹਤ’ ਵਿੱਚ ਸਮਕਾਲੀ ਪੰਜਾਬੀ ਕਵਿਤਾ ਨੂੰ ਬਹੁਤ ਪੈਨੀ ਦ੍ਰਿਸ਼ਟੀ ਤੋਂ ਵਾਚਿਆ ਗਿਆ ਹੈ। ਆਪਣੇ ਲੰਮੇ ਲੇਖ ਵਿੱਚ ਉਹਨੇ 1990 ਤੋਂ ਪਿੱਛੋਂ ਦੀ ਪੰਜਾਬੀ ਕਵਿਤਾ ਵਿੱਚ ਹਰ ਸਥਾਪਤ/ਯੁਵਾ ਕਵੀ ਦੇ ਕਲਾਮ ਨੂੰ ਵਿਚਾਰਧਾਰਕ, ਇਤਿਹਾਸਕ, ਕਾਵਿ-ਸ਼ਾਸਤਰੀ ਤੇ ਸੁਹਜ-ਸ਼ਾਸਤਰੀ ਪਰਿਪੇਖ ਤੋਂ ਡੂੰਘਾ ਮੁਤਾਲਿਆ ਕੀਤਾ ਹੈ। ਰਵਿੰਦਰ ਸਿੰਘ ਸੋਢੀ ਨੇ ‘ਸਮਕਾਲੀ ਪੰਜਾਬੀ ਕਵਿਤਾ ਦੇ ਨਕਾਰਾਤਮਕ ਪਹਿਲੂ’ ਵਿੱਚ ਕਈ ਪੱਖਾਂ ਦੀ ਨਿਸ਼ਾਨਦੇਹੀ ਕੀਤੀ ਹੈ, ਜਿਸ ਵਿੱਚ ਰਾਤੋ-ਰਾਤ ਵੱਡੇ ਕਵੀਆਂ ਦੀ ਸੂਚੀ ਵਿੱਚ ਆਪਣਾ ਨਾਂ ਵੇਖਣ ਦੀ ਲਾਲਸਾ, ਕਵੀਆਂ ਦਾ ਸਵੈ-ਪ੍ਰਗਟਾਵਾ ਅਤੇ ਪਾਠਕਾਂ ਤੋਂ ਦੂਰੀ, ਆਨਲਾਈਨ ਪੱਤਰ-ਪੱਤ੍ਰਿਕਾਵਾਂ ਦਾ ਡਿੱਗਦਾ ਮਿਆਰ, ਪ੍ਰਕਾਸ਼ਕਾਂ ਵੱਲੋਂ ਪੈਸੇ ਲੈ ਕੇ ਤਿਆਰ ਕੀਤੇ ਘਟੀਆ ਮਿਆਰ ਵਾਲੇ ਕਾਵਿ-ਸੰਗ੍ਰਹਿਆਂ ਦਾ ਲੇਖਾ-ਜੋਖਾ ਹੈ। ਡਾ. ਲਖਵਿੰਦਰ ਸਿੰਘ ਜੌਹਲ ਦਾ ਲੇਖ ‘ਉੱਤਰ-ਪ੍ਰਗਤੀਵਾਦੀ ਪਰਿਪੇਖ ਵਿੱਚ ਸਮਕਾਲੀ ਪੰਜਾਬੀ ਕਵਿਤਾ’ ਦਾ ਨਿਕਟ ਅਵਲੋਕਨ ਕਰਦਾ ਹੈ, ਜਿਸ ਵਿੱਚ ਉਹਨੇ ਇਤਿਹਾਸ, ਸਭਿਆਚਾਰ ਅਤੇ ਸਮਾਜ ਦੇ ਦਵੰਦ, ਗਿਆਨ, ਸਾਹਿਤ, ਰਾਜਨੀਤੀ ਅਤੇ ਸੱਤਾ ਦੇ ਸੰਕਲਪਾਂ ਬਾਰੇ ਚਰਚਾ ਕਰਦਿਆਂ ਕਵੀ-ਦਰਬਾਰਾਂ, ਗੋਸ਼ਟੀਆਂ, ਸੈਮੀਨਾਰਾਂ, ਸਾਹਿਤ ਮੇਲਿਆਂ ਵਿੱਚ ਹੁੰਦੀ ਬਨਾਉਟੀ ਪ੍ਰਸ਼ੰਸਾ ਨੂੰ ਦਰਕਿਨਾਰ ਕਰਨ ਦਾ ਮੁੱਦਾ ਚੁੱਕਿਆ ਹੈ।