|
ਕਹਾਣੀ ਸੰਗ੍ਰਹਿ ‘ਨਿਰਮੋਹੇ’ ਕਹਾਣੀ ‘ਨਿਰਮੋਹੇ’ ਦੇ ਨਾਮ ‘ਤੇ ਰੱਖਿਆ ਗਿਆ ਹੈ। ਇਹ ਕਹਾਣੀ ਵਿੱਚ ਦੱਸਿਆ ਗਿਆ ਹੈ ਕਿ ਚੰਗਾ ਭਰਾ ਭਰਜਾਈ ਹੋਣ ਤਾਂ ਕੁੜੀਆਂ ਨੂੰ ਮਾਵਾਂ ਤੋਂ ਬਾਅਦ ਵੀ ਮਾਪਿਆਂ ਦਾ ਘਰ ਸਵਰਗ ਲੱਗਦਾ ਹੈ। ਇਸ ਕਹਾਣੀ ਸੰਗ੍ਰਹਿ ਵਿੱਚ 79 ਮਿੰਨੀ ਕਹਾਣੀਆਂ ਹਨ, ਜਿਹੜੀਆਂ ਸਮਾਜਿਕ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਦੀਆਂ ਹਨ। ਕਹਾਣੀਕਾਰ ਅਧਿਆਪਕ ਹੋਣ ਕਰਕੇ ਸਰਕਾਰੀ ਵਿਦਿਅਕ ਅਦਾਰਿਆਂ ਵਿੱਚਲੀਆਂ ਤਰੁਟੀਆਂ ਬਾਰੇ ਲਗਪਗ ਹਰ ਕਹਾਣੀ ਵਿੱਚ ਦਰਸਾਉਂਦਾ ਹੈ। ਇਹ ਸਾਰੀਆਂ ਕਹਾਣੀਆਂ ਕਹਾਣੀਕਾਰ ਦੇ ਨਿੱਜੀ ਤਜ਼ਰਬੇ ‘ਤੇ ਅਧਾਰਤ ਲੱਗਦੀਆਂ ਹਨ। ਲਗਪਗ ਸਾਰੀਆਂ ਕਹਾਣੀਆਂ ਆਦਰਸ਼ਕ ਪਾਤਰਾਂ ਵਾਲੀਆਂ ਹਨ, ਜਿਹੜੇ ਸਮਾਜਿਕ ਬੁਰਾਈਆਂ ਨੂੰ ਖ਼ਤਮ ਕਰਨ ਲਈ ਪ੍ਰੇਰਿਤ ਕਰਦੇ ਹਨ। ਉਸ ਦੀਆਂ ਕਹਾਣੀਆਂ ਪਾਠਕਾਂ ਨੂੰ ਸਮਾਜਿਕ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਨ ਲਈ ਉਤਸ਼ਾਹਤ ਕਰਦੀਆਂ ਹਨ। ਮਹਿੰਦਰ ਸਿੰਘ ਮਾਨ ਕਵੀ ਹੋਣ ਕਰਕੇ ਉਸਦੀ ਵਾਰਤਕ ਵੀ ਕਾਵਿਮਈ ਹੈ। ਉਸਦੀਆਂ ਕਹਾਣੀਆਂ ਦੇ ਵਿਸ਼ੇ ਸਮਾਜਿਕ ਸਰੋਕਾਰਾਂ ਨਾਲ ਸੰਬੰਧ ਰੱਖਦੇ ਹਨ। ਉਸਦੀਆਂ ਕਹਾਣੀਆਂ ਦੇ ਵਿਸ਼ੇ ਸਮਾਜਿਕ ਬੁਰਾਈਆਂ, ਜਿਨ੍ਹਾਂ ਵਿੱਚ ਵਾਤਾਵਰਨ, ਵਹਿਮ-ਭਰਮ, ਦਾਜ, ਨਸ਼ੇ, ਜ਼ਾਤ-ਪਾਤ ਅਤੇ ਲੋਭ-ਲਾਲਚ ਤੋਂ ਦੂਰ ਰਹਿਣ ਦੀ ਤਾਕੀਦ ਕਰਦੇ ਹਨ। ਮਿੰਨੀ ਕਹਾਣੀ ਦੀ ਖਾਸੀਅਤ ਹੁੰਦੀ ਹੈ ਕਿ ਉਹ ਸੰਕੇਤਕ ਹੁੰਦੀ ਹੈ। ਉਸ ਵਿੱਚ ਆਪਣੀ ਗੱਲ ਕਹਿਣ ਲਈ ਲੰਬਾ ਚੌੜਾ ਲਿਖਣਾ ਨਹੀਂ ਪੈਂਦਾ। ਮਿੰਨੀ ਕਹਾਣੀ ਪਾਠਕ ਨੂੰ ਕਹਾਣੀ ਪੜ੍ਹਕੇ ਉਸਦਾ ਭਾਵ ਅਰਥ ਖੁਦ ਸਮਝਣ ਦੀ ਤਾਕੀਦ ਕਰਦੀ ਹੁੰਦੀ ਹੈ। ਬਿਲਕੁਲ ਇਸੇ ਤਰ੍ਹਾਂ ਮਹਿੰਦਰ ਸਿੰਘ ਮਾਨ ਦੀਆਂ ਮਿੰਨੀ ਕਹਾਣੀਆਂ ਪਾਠਕ ਨੂੰ ਕਹਾਣੀ ਦਾ ਅਰਥ ਸਮਝਣ ਲਈ ਉਸਤੇ ਛੱਡ ਦਿੰਦੀ ਹੈ। ਜਿਵੇਂ ‘ਪੰਜ ਲਾਚੀਆਂ’, ‘ਗੁਣ ਸੂਤਰ’, ‘ਭਵਿਖਬਾਣੀ’ ਅਤੇ ‘ਮਹਾਰਾਜ ਨੇ ਇਸਨੂੰ ਠੀਕ ਕਰਤਾ’ ਮਿੰਨੀ ਕਹਾਣੀਆਂ ਪਖੰਡੀ ਲੋਕਾਂ ਵੱਲੋਂ ਆਮ ਜਨਤਾ ਨੂੰ ਵਹਿਮ-ਭਰਮ ਵਿੱਚ ਪਾਉਣ ਤੋਂ ਗੁਰੇਜ਼ ਕਰਨ ਦਾ ਇਸ਼ਾਰਾ ਕਰਦੀਆਂ ਹਨ। ਬਿਲਕੁਲ ਇਸੇ ਤਰ੍ਹਾਂ ‘ਸਿਆਣੀਆਂ ਕੁੜੀਆਂ ਦੀ ਨਿਸ਼ਾਨੀ’ ਅਤੇ ‘ਘਰ ਦੀ ਇੱਜ਼ਤ’ ਕਹਾਣੀਆਂ ਦਾਜ਼ ਦੀ ਲਾਹਣਤ ਤੋਂ ਖਹਿੜਾ ਛੁਡਾਉਣ ਦੀ ਤਾਕੀਦ ਕਰਦੀਆਂ ਹਨ। ‘ਆਖ਼ਰੀ ਇੱਛਾ’, ‘ਨਹਿਰ ਤਾਂ ਸੁੱਕੀ ਪਈ ਆ’, ‘ਠੀਕ ਆ ਡੈਡੀ ਜੀ’ ਅਤੇ ‘ਪਲਾਸਟਿਕ ਦਾ ਮੱਘ’ ਕਹਾਣੀਆਂ ਵਹਿਮਾ-ਭਰਮਾ ਵਿੱਚ ਪਏ ਲੋਕ ਨਹਿਰਾਂ ਦੇ ਪਾਣੀ ਨੂੰ ਗੰਧਲਾ ਕਰਦੇ ਹਨ, ਇਸ ਲਈ ਇਹ ਕਹਾਣੀ ਅਜਿਹੇ ਪਖੰਡਾਂ ਤੋਂ ਬਚਣ ਦੀ ਤਾਕੀਦ ਕਰਦੀ ਹੋਈ ਲੋਕਾਈ ਨੂੰ ਸਿੱਧੇ ਰਸਤੇ ਪਾਉਂਦੀ ਹੈ। ‘ਫਿਕਰਾਂ ਦੀ ਪੰਡ’ ਅਤੇ ‘ਬੰਦਾ ਹੀ ਬੰਦੇ ਦਾ ਦਾਰੂ ਐ’ ਕਹਾਣੀਆਂ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ। ‘ਗੁਰਦੁਆਰਾ’ ਅਤੇ ‘ਪਲਾਟ’ ਕਹਾਣੀਆਂ ਲੋਕਾਂ ਵੱਲੋਂ ਜ਼ਾਤ ਬਰਾਦਰੀ ਦੇ ਨਾਮ ‘ਤੇ ਗੁਰਦੁਆਰੇ ਨਾ ਬਣਾਉਣ ਬਾਰੇ ਸਿਖਿਆ ਦਿੰਦੀ ਹੈ ਕਿ ਇੱਕ ਪਾਸੇ ਲੋਕ ਗੁਰੂ ਘਰ ਜਾਂਦੇ ਹਨ, ਪ੍ਰੰਤੂ ਦੂਜੇ ਪਾਸੇ ਜ਼ਾਤਾਂ ‘ਤੇ ਅਧਾਰਤ ਗੁਰਦੁਆਰੇ ਬਣਾਉਂਦੇ ਹਨ। ‘ਜ਼ਲੀਲ’, ‘ਪੇਟੀ ਵਾਲੀ ਵਧੀਆ ਚਾਹ ਪੱਤੀ’, ‘ਕੰਮ ਕਰਨ ਵਾਲੇ ਬੰਦੇ’ ਅਤੇ ‘ਸੇਬ ਵੇਚਣ ਵਾਲਾ’ ਸਿਰਲੇਖ ਵਾਲੀਆਂ ਕਹਾਣੀਆਂ ਮਾਲਕ ਅਤੇ ਕਰਿੰਦੇ ਦੇ ਵਿਵਹਾਰ ਦਾ ਪ੍ਰਗਟਾਵਾ ਕਰਦੀਆਂ ਹੋਈਆਂ ਕੰਮ ਹੀ ਧਰਮ ਤੇ ਦੁਕਾਨਦਾਰੀ ਦੀਆਂ ਚਲਾਕੀਆਂ ਬਾਰੇ ਜਾਣਕਾਰੀ ਦਿੰਦੀਆਂ ਹਨ। ‘ਦਰਦ ਦੀ ਦਵਾ’ ਲੜਕੀਆਂ ਦੇ ਵਿਆਹ ਸਹੀ ਸਮੇਂ ‘ਤੇ ਕਰਨ ਦੀ ਸਿਖਿਆ ਦਿੰਦੀ ਹੈ। ‘ਸਵੇਰ ਦਾ ਭੁੱਲਿਆ’ ਕਹਾਣੀ ਸਫਲ ਪਰਿਵਾਰਿਕ ਜ਼ਿੰਦਗੀ ਬਸਰ ਕਰਨ ਲਈ ਤੀਜੇ ਦੇ ਦਖ਼ਲ ਨੂੰ ਰੋਕਣ ਦੀ ਸਿਖਿਆ ਦਿੰਦੀ ਹੈ। ‘ਵਕਤ ਦੀ ਚਪੇੜ’ ਕੋਈ ਵੀ ਫ਼ੈਸਲਾ ਜ਼ਜ਼ਬਾਤ ਵਿੱਚ ਆ ਕੇ ਕਰਨ ਦੀ ਥਾਂ ਸੋਚ ਸਮਝਕੇ ਕਰਨ ਦੀ ਪ੍ਰੇਰਨਾ ਦਿੰਦੀ ਹੈ। ‘ਅੱਕਿਆ ਬੰਦਾ’, ‘ਦੋ ਧੀਆਂ’, ‘ਮਸਰਾਂ ਦੀ ਦਾਲ’, ‘ਸ਼ਰਾਬ ਬੁਰੀ ਚੀਜ਼ ਆ’, ‘ਇਤਰਾਜ਼’, ‘ਬੋਲ’, ‘ਦੁੱਧ ਦਾ ਸੜਿਆ’, ‘ਠੀਕ ਪਾਸਾ’, ‘ਨਸ਼ੇ ਕਰਨ ਵਾਲੇ’ ਅਤੇ ‘ਰੰਗਾਂ ‘ਚ ਕੀ ਪਿਆ’ ਕਹਾਣੀਆਂ ਸ਼ਰਾਬ ਅਤੇ ਹੋਰ ਨਸ਼ਿਆਂ ਦੇ ਨੁਕਸਾਨ ਦੀ ਬਾਤ ਪਾਉਂਦੀਆਂ ਹਨ, ਪ੍ਰੰਤੂ ਨਾਲ ਹੀ ਨਮੂਨਾ ਬਣਨ ਦੀ ਪ੍ਰੇਰਨਾ ਦਿੰਦੀਆਂ ਹਨ। ‘ਭੁੱਖ’ ਮਾਪਿਆਂ ਦਾ ਸਤਿਕਾਰ ਕਰਨ ਦੀ ਨਸੀਹਤ ਦਿੰਦੀ ਹੈ। ‘ਮੁਫ਼ਤ ਦੇ ਪੈਸੇ’ ਸਰਕਾਰੀ ਸਹੂਲਤਾਂ ਦੇ ਨਜ਼ਾਇਜ਼ ਲਾਭ ਲੈਣ ਦਾ ਪਰਦਾ ਫਾਸ਼ ਕਰਦੀ ਹੈ। ‘ਅਕਲ ਦੀ ਦਵਾਈ’ ਚੰਗੀ ਸਲਾਹ ਮੰਨਣ ਦੀ ਤਾਕੀਦ ਕਰਦੀ ਹੈ। ‘ਫ਼ੈਸਲਾ’ ਏਕੇ ਵਿੱਚ ਬਰਕਤ ਦਾ ਪ੍ਰਗਟਾਵਾ ਕਰਦੀ ਹੈ। ‘ਨੁਕਸਾਨ’ ਵਿੱਚ ਦਫ਼ਤਰਾਂ ਵਿੱਚ ਆ ਕੇ ਕੰਮ ਨਾ ਕਰਨ ‘ਤੇ ਚੋਟ ਮਾਰਦੀ ਹੈ। ਲੜਕਿਆਂ ਨੂੰ ਲੜਕੀਆਂ ਤੋਂ ਵਧੇਰੇ ਮਹੱਤਤਾ ਦੇਣ ਸੰਬੰਧੀ ‘ਮੈਂ ਤਾਂ ਮੁੰਡਾ ਆਂ’, ‘ਭਾਰ’, ‘ਘੱਟ ਪੜਿ੍ਹਆ ਲਿਖਿਆ ਮੁੰਡਾ’, ‘ਵਿਚਾਰੇ’, ‘ਅੱਖਾਂ ਤੋਂ ਪਰੇ’, ‘ਨਿਰਮੋਹੇ’, ‘ਰਾਖੀ’, ‘ਚੱਜ ਦੀ ਖ਼ਬਰ’, ‘ਰੱਖੜੀ’ ਅਤੇ ‘ਮਹੱਲੇ ਦਾ ਗੰਦ’ ਕਹਾਣੀਆਂ ਹਨ। ਕਹਾਣੀਕਾਰ ਨੇ ਇਨ੍ਹਾਂ ਕਹਾਣੀਆਂ ਵਿੱਚ ਲੜਕੀਆਂ ਨੂੰ ਲੜਕਿਆਂ ਤੋਂ ਕਿਸੇ ਕਿਸਮ ਘੱਟ ਨਹੀਂ ਸਮਝਣ ਦੀ ਸਪੋਰਟ ਆਪਣੇ ਪਾਤਰਾਂ ਰਾਹੀਂ ਕੀਤੀ ਹੈ। ਇਕੱਲੀਆਂ ਔਰਤਾਂ ਵਿਚਾਰੀਆਂ ਤੇ ਨੁਕਸਾਨ ਕਰਨ ਵਾਲੀਆਂ ਨਹੀਂ, ਸਗੋਂ ਦਲੇਰੀ ਦਾ ਪ੍ਰਤੀਕ ਹੁੰਦੀਆਂ ਹਨ। ਇਸੇ ਤਰ੍ਹਾਂ ‘ਅਸਹਿਨਸ਼ੀਲਤਾ’ ਕਹਾਣੀ ਵਿੱਚ ਦੋ ਭੈਣਾ ਦੇ ਰਲਕੇ ਰਹਿਣ ਨਾਲ ਸ਼ਹਿਨਸ਼ੀਲਤਾ ਦੀ ਨਮੂਨਾ ਬਣਦੀਆਂ ਹਨ। ‘ਚਿੰਤਾ’ ਕਹਾਣੀ ਮੁਸੀਬਤ ਦਾ ਮੁਕਾਬਲਾ ਇੱਕਮੁੱਠਤਾ ਨਾਲ ਕਰਨ ਦੀ ਪ੍ਰੇਰਨਾ ਦਿੰਦੀ ਹੈ। ‘ਚਾਰ ਇੱਟਾਂ’ ਰਾਮ ਚੰਦ ਦੇ ਪਾਤਰ ਰਾਹੀਂ ਲੋਕ ਸੇਵਾ ਦੀ ਪ੍ਰਵਿਰਤੀ ਵਿਖਾਈ ਗਈ ਹੈ। ‘ਲਿਫਾਫਾ’ ਪਰਵਾਸੀ ਬੱਚਿਆਂ ਤੋਂ ਮਾਪੇ ਸਿਰਫ ਪੈਸਿਆਂ ਦਾ ਲਾਲਚ ਹੀ ਕਰਦੇ ਹਨ। ‘ਵਾਰੀ’: ਅਨੁਸ਼ਾਸ਼ਨ ਦੀ ਸਿਖਿਆ, ‘ਵਧੀਆ ਸਿਹਤ ਦਾ ਰਾਜ’: ਤਲੀਆਂ ਚੀਜ਼ਾਂ ਨਾ ਖਾਣ, ‘ਪਤੰਗ’: ਚਾਈਨਾ ਡੋਰ ਦੀ ਵਰਤੋਂ, ‘ਘਾਟ’: ਚੰਗੇ ਸੰਸਕਾਰ ਅਤੇ ‘ਆਦਮੀ ਦਾ ਸੁਭਾਅ’: ਸੁਚਾਰੂ ਪ੍ਰਵਿਰਤੀ ਦਾ ਪ੍ਰਤੀਕ ਹਨ। ‘ਵਿਆਹ ਦਾ ਕਾਰਡ’ ਅਮੀਰਾਂ ਦੇ ਗ਼ਰੀਬਾਂ ਨਾਲ ਵਰਤਾਓ ਠੀਕ ਨਹੀਂ ਹੁੰਦੇ, ‘ਅਣਗਹਿਲੀ’: ਗ਼ਲਤੀ ਦਾ ਅਹਿਸਾਸ, ਜ਼ਿੰਮੇਵਾਰੀ ਦਾ ਪ੍ਰਤੀਕ, ‘ਡਰ’: ਅਧਿਆਪਕ ਚੈਕਿੰਗ ਦੇ ਡਰ ਕਰਕੇ ਹੀ ਸਫ਼ਾਈ ਰੱਖਦੇ ਤੇ ਪੜ੍ਹਾਈ ਕਰਵਾਉਂਦੇ ਹਨ, ਪ੍ਰੰਤੂ ਜ਼ਿਮੇਵਾਰੀ ਨਹੀਂ ਸਮਝਦੇ, ‘ਪੰਜਵਾਂ ਟਾਇਰ’: ਕੰਮ ਕਰਨ ਵਾਲਿਆਂ ਨੂੰ ਹੀ ਕੰਮ ਦਿੱਤਾ ਜਾਂਦਾ ਹੈ, ਨਿਖੱਟੂਆਂ ਦੀ ਮੌਜ, ‘ਵਿਹਲੀਆਂ ਮੈਡਮਾਂ’ ਅਤੇ ‘ਹਿੰਮਤ’ ਕਮਚੋਰਾਂ ਦਾ ਪਰਦਾ ਫਾਸ਼ ਕਰਦੀਆਂ ਹਨ। ‘ਕਰਵਾ ਚੌਥ’: ਵਿਓਪਾਰ ਨਹੀਂ ਪਿਆਰ ਦਾ ਪ੍ਰਤੀਕ ਹੋਣਾ ਚਾਹੀਦਾ। ‘ਘਰ ਦੀ ਰਾਖੀ’ ਕਹਾਣੀ ਪ੍ਰੇਰਨਾਦਾਇਕ ਹੈ, ਪ੍ਰੰਤੂ ਕੈਮਰੇ ਚੋਰ ਨਹੀਂ ਰੋਕ ਸਕਦੇ, ਚੋਰੀ ਹੋਣ ਤੋਂ ਬਾਅਦ ਪਛਾਣ ਦੱਸ ਸਕਦੇ ਹਨ, ਬਾਰੇ ਜਾਣਕਾਰੀ ਦਿੰਦੀ ਹੈ। ‘ਦਾਜ ਦੀ ਅਹਿਮੀਅਤ’ ਕਹਾਣੀ ਦਾਜ ਦੇਣ ਨੂੰ ਉਤਸ਼ਾਹਤ ਕਰਦੀ ਹੈ, ਜੋ ਠੀਕ ਨਹੀਂ। ‘ਗਹਿਣੇ’ ਅਤੇ ‘ਸਹੀ ਫ਼ੈਸਲਾ’ ਕਹਾਣੀਆਂ ਸਹੀ ਸੰਦੇਸ਼ ਦਿੰਦੀਆਂ ਹਨ। ‘ਮੌਤ ਚੰਗੀ ਆ’ ਕਹਾਣੀ ਲੰਬੀ ਬਿਮਾਰੀ ਦੀ ਜਹਿਮਤ ਪਰਿਵਾਰ ਅਤੇ ਬਿਮਾਰ ਲਈ ਅਸਹਿਣਯੋਗ ਬਣ ਜਾਂਦੀ ਹੈ। ਇਹ ਕਹਾਣੀ ਇਹੋ ਦੱਸਦੀ ਹੈ ਲਟਕਦੇ ਰਹਿਣ ਨਾਲੋਂ ਤਾਂ ਮੌਤ ਹੀ ਚੰਗੀ ਹੁੰਦੀ ਹੈ। ‘ਸੋਨੇ ਦੇ ਆਂਡੇ ਦੇਣ ਵਾਲੀ ਮੁਰਗੀ’ ਕਹਾਣੀ ਇਨਸਾਨ ਦੀ ਘਟੀਆ ਸੋਚ ਦਾ ਪ੍ਰਗਟਾਵਾ ਕਰਦੀ ਹੈ। ‘ਅੰਤਮ ਅਰਦਾਸ’ ਕਹਾਣੀ ਫਾਲਤੂ ਵਿਖਾਵੇ ਦੇ ਖ਼ਰਚਿਆਂ ਤੋਂ ਬਚਣ ਦੀ ਤਾਕਦ ਕਰਦੀ ਹੈ। ‘ਅਧਿਆਪਕਾਂ ਦੀ ਘਾਟ’ ਕਹਾਣੀ ਇਹ ਦਰਸਾਉਂਦੀ ਹੈ ਕਿ ਅਧਿਆਪਕ ਸਕੂਲਾਂ ਵਿੱਚ ਆਪਣੀ ਜ਼ਿੰਮੇਵਾਰੀ ਸੰਜੀਦਗੀ ਨਾਲ ਨਿਭਾਉਂਦੇ ਨਹੀਂ ਹਨ। ‘ਸਿਰਫ ਸੌ ਰੁਪਿਆ’ ਕਹਾਣੀ ਵਿਆਹਾਂ ਸ਼ਾਦੀਆਂ ਵਿੱਚ ਸ਼ਗਨ ਦੀ ਸਾਦਗੀ ਰੱਖਣ ਦੀ ਨਸੀਹਤ ਦਿੰਦੀ ਹੈ। ‘ਵੋਟਾਂ’ ਕਹਾਣੀ ਘਰਾਂ ਵਿੱਚ ਵੋਟਾਂ ਸਮੇਂ ਝਗੜੇ ਪਵਾਉਣ ਦਾ ਕੰਮ ਕਰਦੀਆਂ ਹਨ। ‘ਬੱਸ ਕੰਡਕਟਰ’ ਕੰਡਕਟਰਾਂ ਵੱਲੋਂ ਸਵਾਰੀਆਂ ਨਾਲ ਧੋਖੇ ਕਰਨ ਦੀ ਜਾਣਕਾਰੀ ਦਿੰਦੀ ਹੈ। 95 ਪੰਨਿਆਂ, 200 ਰੁਪਏ ਕੀਮਤ ਵਾਲਾ ਇਹ ਕਾਵਿ-ਸੰਗ੍ਰਹਿ ਨਵਰੰਗ ਪਬਲੀਕੇਸ਼ਨਜ਼ ਪਿੰਡ ਚੱਕ ਅੰਮ੍ਰਿਤਸਰੀਆ ਪਾਤੜਾਂ ਰੋਡ ਸਮਾਣਾ ਜਿਲ੍ਹਾ ਪਟਿਆਲਾ ਨੇ ਪ੍ਰਕਾਸ਼ਤ ਕੀਤਾ ਹੈ। ਸੰਪਰਕ: ਮਹਿੰਦਰ ਸਿੰਘ ਮਾਨ : 9915803554 |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਮਹਿੰਦਰ ਸਿੰਘ ਮਾਨ ਮੁੱਢਲੇ ਤੌਰ ‘ਤੇ ਕਵੀ ਹੈ। ਉਸਦੇ ਹੁਣ ਤੱਕ ਸੱਤ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚ ਛੇ ਕਾਵਿ-ਸੰਗ੍ਰਹਿ, ‘ਚੜ੍ਹਿਆ ਸੂਰਜ’, ‘ਫੁੱਲ ਅਤੇ ਖ਼ਾਰ’, ‘ਸੂਰਜ ਦੀਆਂ ਕਿਰਨਾਂ’, ‘ਖ਼ਜ਼ਾਨਾ’, ‘ਸੂਰਜ ਹਾਲੇ ਡੁੱਬਿਆ ਨਹੀਂ’, ‘ਜ਼ਿੰਦਗੀ ਦੀ ਪੂੰਜੀ’ ਅਤੇ ਇੱਕ ਗ਼ਜ਼ਲ-ਸੰਗ੍ਰਹਿ ‘ਮਘਦਾ ਸੂਰਜ’ ਸ਼ਾਮਲ ਹਨ। ਪੜਚੋਲ ਅਧੀਨ ‘ਨਿਰਮੋਹੇ’ ਉਸਦਾ ਪਹਿਲਾ ਮਿੰਨੀ ਕਹਾਣੀ-ਸੰਗ੍ਰਹਿ ਹੈ।